ਰਾਜਸਥਾਨ-ਹਰਿਆਣਾ ਸੀਮਾ 'ਤੇ ਮੌਜੂਦ ਹਰਫ਼ਤਿਹ ਸਿੰਘ ਜਿਹਨੇ ਹਰੇ ਰੰਗ ਦੀ ਮਗਰਮੱਛ ਨੁਮਾ ਟੋਪੀ ਅਤੇ ਉੱਨ ਦੀਆਂ ਮੋਟੀਆਂ ਜ਼ੁਰਾਬਾਂ ਪਾਈਆਂ ਹਨ, ਵੱਡੇ ਸਾਰੇ ਭਾਂਡੇ ਵਿੱਚੋਂ ਕੱਢ ਕੇ ਹਰੇ-ਹਰੇ ਮਟਰਾਂ ਨੂੰ ਛਿੱਲਣ ਵਿੱਚ ਆਪਣੇ ਪਿਤਾ ਦੀ ਮਦਦ ਕਰਦਾ ਹੈ। ਦਿੱਲੀ-ਜੈਪੁਰ ਹਾਈਵੇਅ 'ਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਸ਼ਾਹਜਹਾਂਪੁਰ ਵਿੱਚ ਇਹ 18 ਮਹੀਨਿਆਂ ਦਾ ਬੱਚਾ ਯਕੀਨਨ ਸਭ ਤੋਂ ਛੋਟੀ ਉਮਰ ਦਾ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਹੈ। ਕਿਸਾਨਾਂ ਦੇ ਧਰਨੇ ਵਿੱਚ ਹਰਫਤਿਹ ਮਟਰ ਛਿੱਲ ਛਿੱਲ ਕੇ ਆਪਣਾ ਯੋਗਦਾਨ ਦਿੰਦਾ ਹੈ। ਕੋਸ਼ਿਸ਼ ਚੰਗੀ ਹੈ। ਹੋ ਸਕਦਾ ਹੈ ਉਹ ਇਹ ਕੰਮ ਸਹੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ਼ ਨਾ ਕਰ ਸਕੇ, ਪਰ ਇਸ ਮੁਹਿੰਮ ਵਿੱਚ ਆਪਣੀ ਭੂਮਿਕਾ ਅਦਾ ਕਰਨ ਵਿੱਚ ਉਹਦੀ ਇੱਛਾ ਅਤੇ ਰੁਚੀ ਵਿੱਚ ਕੋਈ ਕਮੀ ਨਹੀਂ ਹੈ।
ਦਿੱਲੀ ਅਤੇ ਹਰਿਆਣਾ ਦੀਆਂ ਅਲੱਗ-ਅਲੱਗ ਸੀਮਾਵਾਂ 'ਤੇ ਵੱਖੋ-ਵੱਖ ਰਾਜਾਂ 'ਚੋਂ ਆਏ ਲੱਖਾਂ ਕਿਸਾਨਾਂ ਆਪਣੀ ਮੌਤ ਦੇ ਫ਼ੁਰਮਾਨ ਭਾਵ ਇਨ੍ਹਾਂ ਖੇਤੀ ਕਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ 'ਤੇ ਡਟੇ ਹੋਏ ਹਨ। 5 ਜੂਨ ਨੂੰ ਪਹਿਲਾਂ ਇਨ੍ਹਾਂ ਨੂੰ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ ਗਿਆ, ਫਿਰ ਇਹ ਕਨੂੰਨ 14 ਸਤੰਬਰ ਨੂੰ ਸੰਸਦ ਵਿੱਚ ਬਿੱਲਾਂ ਵਜੋਂ ਪੇਸ਼ ਕੀਤੇ ਗਏ ਸਨ ਅਤੇ ਉਸੇ ਮਹੀਨੇ ਦੀ 20 ਤਰੀਕ ਤੱਕ ਐਕਟ ਵਜੋਂ ਪਾਸ ਕੀਤੇ ਗਏ।
25 ਦਸੰਬਰ ਨੂੰ ਜਦੋਂ ਮੈਂ ਹਰਫ਼ਤਿਹ ਨੂੰ ਮਿਲ਼ੀ, ਉਦੋਂ ਮਹਾਂਰਾਸ਼ਟਰ ਤੋਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਸ਼ਾਹਜਹਾਂਪੁਰ ਸਥਨ 'ਤੇ ਡਟੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਪ੍ਰਤੀ ਇਕਜੁੱਟਤਾ ਦੇ ਪ੍ਰਗਟਾਵੇ ਵਜੋਂ ਸ਼ਾਮਲ ਹੋਏ। ਇਨ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਵੱਖੋ-ਵੱਖ ਰਾਜਾਂ ਤੋਂ ਇਕੱਠੇ ਹੋਏ ਅਤੇ ਵੱਖ-ਵੱਖ ਪ੍ਰਦਰਸ਼ਨ ਸਥਲਾਂ 'ਤੇ ਡਟੇ ਆਪਣੇ ਸਾਥੀ ਕਿਸਾਨਾਂ ਦਾ ਸਾਥ ਦੇਣ ਵਾਸਤੇ ਨਾਸਿਕ ਤੋਂ ਦਿੱਲੀ ਦਾ 1200 ਕਿਲੋਮੀਟਰ ਦਾ ਸਫ਼ਰ ਟੈਂਪੂਆਂ, ਜੀਪਾਂ ਅਤੇ ਮਿਨੀ-ਵੈਨਾਂ 'ਤੇ ਤੈਅ ਕੀਤਾ।
ਮਹਾਂਰਾਸ਼ਟਰ ਤੋਂ ਆਏ ਕਿਸਾਨਾਂ ਦਾ ਨਿੱਘਾ ਸੁਆਗਤ ਕਰਨ ਵਾਲ਼ੇ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਹਰਫ਼ਤਿਹ ਦਾ ਸੀ- ਉਨ੍ਹਾਂ ਨੂੰ ਨਵੇਂ ਆਏ ਹਜ਼ਾਰਾਂ ਕਿਸਾਨਾਂ ਵਾਸਤੇ ਆਲੂ ਮਟਰ ਦੀ ਸਬਜ਼ੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। "ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਨ੍ਹਾਂ ਠੰਡ ਦੇ ਦਿਨਾਂ ਵਿੱਚ ਠੁਰ ਰਹੇ ਹਾਂ। ਜੇਕਰ ਅੱਜ ਅਸੀਂ (ਕਿਸਾਨ) ਪ੍ਰਦਰਸ਼ਨ ਨਹੀਂ ਕਰਦੇ, ਤਾਂ ਫ਼ਤਿਹ ਦਾ ਕੋਈ ਭਵਿੱਖ ਨਹੀਂ ਹੋਵੇਗਾ," ਬੱਚੇ ਦਾ 41 ਸਾਲਾ ਪਿਤਾ ਜਗਰੂਪ ਸਿੰਘ ਕਹਿੰਦਾ ਹੈ, ਜੋ ਹਰਿਆਣਾ ਦੇ ਕੁਰਕੂਸ਼ੇਤਰ ਜ਼ਿਲ੍ਹੇ ਵਿੱਚ ਪੈਂਦੇ ਛੱਜੂਪੁਰ ਪਿੰਡ ਤੋਂ ਹਨ।
ਜਗਰੂਪ, ਜਿਹਦੇ ਪਰਿਵਾਰ ਕੋਲ਼ ਛੱਜੂਪੁਰ ਵਿੱਚ ਪੰਜ ਏਕੜ ਜ਼ਮੀਨ ਹੈ, ਜਿੱਥੇ ਉਹ ਚੌਲ਼, ਕਣਕ ਅਤੇ ਆਲੂ ਉਗਾਉਂਦੇ ਹਨ, ਜਦੋਂ ਮੈਂ ਉਹਨੂੰ ਮਿਲ਼ੀ ਸਾਂ ਉਦੋਂ ਉਹ 28 ਦਿਨ ਪਹਿਲਾਂ ਤੋਂ ਪ੍ਰਦਰਸ਼ਨ ਦਾ ਹਿੱਸਾ ਰਿਹਾ ਸੀ। ਉਹ 20 ਦਿਨਾਂ ਵਾਸਤੇ ਹਰਿਆਣਾ ਦੇ ਸੋਨੀਪਤ ਪੈਂਦੇ ਸਿੰਘੂ ਬਾਰਡਰ 'ਤੇ ਰਿਹਾ ਅਤੇ ਬਾਅਦ ਵਿੱਚ ਰਾਜਸਥਾਨ-ਹਰਿਆਣਾ ਸੀਮਾ 'ਤੇ ਰਾਜਮਾਰਗ ਰੋਕਣ ਵਾਸਤੇ ਸ਼ਾਹਜਹਾਂਪੁਰ ਵਿੱਚ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਦੇ ਕੈਂਪ ਵਿੱਚ ਚਲਾ ਗਿਆ।
ਜਗਰੂਮ ਦੱਸਦਾ ਹੈ ਕਿ ਜਦੋਂ ਉਹ ਧਰਨੇ ਵਿੱਚ ਸ਼ਾਮਲ ਹੋਇਆ ਤਾਂ ਪਹਿਲੇ ਕੁਝ ਹਫ਼ਤੇ ਉਹਨੂੰ ਪਰਿਵਾਰ ਚੇਤੇ ਆਉਂਦਾ ਰਿਹਾ। 23 ਦਸੰਬਰ ਨੂੰ ਉਹਦੀ ਪਤਨੀ, ਜਿਹਦੀ ਉਮਰ 33 ਸਾਲ ਹੈ ਆਪਣੇ ਦੋ ਬੱਚਿਆਂ, ਏਕਮਜੋਤ ਉਮਰ 8 ਅਤੇ ਹਰਫ਼ਤਿਹ ਨੂੰ ਨਾਲ਼ ਲੈ ਕੇ ਧਰਨਾ-ਸਥਲ 'ਤੇ ਸਾਂਝੀਆਂ ਰਸੋਈਆਂ ਵਿੱਚ ਮਦਦ ਕਰਨ ਵਾਸਤੇ ਸ਼ਾਹਜਹਾਂਪੁਰ ਆਪਣੇ ਪਤੀ ਨੂੰ ਆਣ ਮਿਲ਼ੀ। "ਮੇਰੀ ਧੀ ਵੀ ਸੇਵਾ ਕਰਦੀ ਰਹੀ ਹੈ। ਉਹ ਹਰ ਲੋੜਵੰਦ ਨੂੰ ਚਾਹ ਵੰਡਦੀ ਰਹੀ। ਮੇਰੇ ਬੱਚੇ ਸਾਡੇ ਇੱਥੇ ਮੌਜੂਦ ਹੋਣ ਅਤੇ ਸੇਵਾ ਕਰਨ ਦੇ ਮਹੱਤਵ ਨੂੰ ਸਮਝਦੇ ਹਨ," ਜਗਰੂਪ ਹਰਫ਼ਤਿਹ ਨੂੰ ਮਟਰ ਛਿੱਲਣ ਸਮੇਂ ਹਦਾਇਤਾਂ ਦਿੰਦਿਆਂ ਦੱਸਦਾ ਹੈ।
ਬਿੱਲ ਜਿਨ੍ਹਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨਾਂ ਦੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਭਾਰਤੀ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਅਧਿਕਾਰਾਂ ਨੂੰ ਅਯੋਗ ਕਰਨ ਦੇ ਨਾਲ਼-ਨਾਲ਼ ਕਨੂੰਨਾਂ ਦੀ ਵੀ ਅਲੋਚਨਾ ਕੀਤੀ ਗਈ ਹੈ।
ਤਰਜਮਾ: ਕਮਲਜੀਤ ਕੌਰ