ਥੁਥੂਕੁੜੀ ਸ਼ਹਿਰ ਦੀਆਂ ਸੜਕਾਂ 'ਤੇ ਜਦੋਂ ਲੋਕਾਂ ਦੀ ਭੀੜ ਜਮ੍ਹਾ ਹੋਣ ਲੱਗੀ- ਜਿਵੇਂ ਕਿ ਉਨ੍ਹਾਂ ਨੇ ਤਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਵੀ ਕੀਤਾ- ਤਾਂ ਇੱਕ ਛੋਟਾ ਜਿਹਾ ਲੜਕਾ ਉਨ੍ਹਾਂ ਦੇ ਨਾਲ਼ ਸ਼ਾਮਲ ਹੋਣ ਲਈ ਭੱਜਿਆ ਆਇਆ। ਕੁਝ ਹੀ ਪਲਾਂ ਵਿੱਚ ਉਹ ਵੀ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣ ਗਿਆ ਅਤੇ ਇਨਕਲਾਬੀ ਨਾਅਰੇ ਲਾਉਣ ਲੱਗਿਆ। ''ਅੱਜ ਤੁਸੀਂ ਉਸ ਪਲ ਨੂੰ ਨਾ ਤਾਂ ਜਾਣ ਸਕਦੇ ਹੋ ਅਤੇ ਨਾ ਹੀ ਮਹਿਸੂਸ ਕਰ ਸਕਦੇ ਹੋ,'' ਉਹ ਸਾਨੂੰ ਕਹਿੰਦੇ ਹਨ। ''ਪਰ ਭਗਤ ਸਿੰਘ ਦੀ ਫ਼ਾਂਸੀ ਤਮਿਲਨਾਡੂ ਵਿੱਚ ਅਜ਼ਾਦੀ ਦੇ ਘੋਲ਼ ਲਈ ਇੱਕ ਭਾਵਨਾਤਮਕ ਮੋੜ ਸਾਬਤ ਹੋਈ। ਲੋਕਾੰ ਦੇ ਹੌਂਸਲੇ ਢੇਰੀ ਹੋ ਗਏ ਅਤੇ ਉਹ ਹੰਝੂ ਵਹਾ ਰਹੇ ਸਨ।
''ਮੈਂ ਸਿਰਫ਼ 9 ਸਾਲ ਦਾ ਸਾਂ,'' ਉਹ ਕਹਿੰਦੇ ਹਨ।
ਅੱਜ, ਉਹ 99ਵੇਂ ਸਾਲਾਂ (15 ਜੁਲਾਈ 2020) ਦੇ ਹੋ ਚੁੱਕੇ ਹਨ ਪਰ ਉਨ੍ਹਾਂ ਨੇ ਉਸ ਅੱਗ ਅਤੇ ਭਾਵਨਾ ਨੂੰ ਬਰਕਰਾਰ ਰੱਖਿਆ ਹੋਇਆ ਹੈ ਜਿਹਨੇ ਉਨ੍ਹਾਂ ਨੂੰ ਅਜ਼ਾਦੀ ਘੁਲਾਟੀਏ, ਭੂਮੀਗਤ ਇਨਕਲਾਬੀ, ਲੇਖਕ, ਬੁਲਾਰਾ ਅਤੇ ਇਨਕਲਾਬੀ ਬੁੱਧੀਜੀਵੀ ਬਣਾਇਆ। ਉਹ ਵਿਅਕਤੀ ਜੋ 14 ਅਗਸਤ 1947 ਨੂੰ ਅੰਗਰੇਜਾਂ ਦੀ ਜੇਲ੍ਹ ਤੋਂ ਬਾਹਰ ਨਿਕਲਿਆ। ''ਉਸ ਦਿਨ, ਜੱਜ ਕੇਂਦਰੀ ਜੇਲ੍ਹ ਵਿੱਚ ਆਏ ਅਤੇ ਸਾਨੂੰ ਰਿਹਾਅ ਕਰ ਦਿੱਤਾ। ਸਾਨੂੰ ਮਦੁਰਈ ਸਾਜ਼ਸ਼ ਕੇਸ ਤੋਂ ਬਰੀ ਕਰ ਦਿੱਤਾ ਗਿਆ ਸੀ। ਮੈਂ ਮੁਦਰਈ ਕੇਂਦਰੀ ਜੇਲ੍ਹ ਤੋਂ ਬਾਹਰ ਆਇਆ ਅਤੇ ਅਜ਼ਾਦੀ ਜੁਲੂਸ ਦੀ ਰੈਲੀ ਵਿੱਚ ਸ਼ਾਮਲ ਹੋ ਗਿਆ।''
ਆਪਣੀ ਉਮਰ ਦੇ 100ਵੇਂ ਸਾਲ ਵਿੱਚ ਦਾਖਲ ਹੋ ਚੁੱਕੇ, ਐੱਨ. ਸ਼ੰਕਰਾਇਆ ਬੌਧਿਕ ਰੂਪ ਨਾਲ਼ ਸਰਗਰਮ ਰਹਿੰਦੇ ਹਨ, ਅਜੇ ਵੀ ਭਾਸ਼ਣ ਅਤੇ ਗੋਸ਼ਠੀਆਂ ਕਰਦੇ ਹਨ ਅਤੇ 2018 ਦੇ ਅੰਤ ਵਿੱਚ ਉਨ੍ਹਾਂ ਨੇ ਤਮਿਲਨਾਡੂ ਦੇ ਪ੍ਰਗਤੀਸ਼ੀਲ ਲੇਖਕ ਅਤ ਕਲਾਕਾਰਾਂ ਦੀ ਸਭਾ ਨੂੰ ਸੰਬੋਧਤ ਕਰਨ ਲਈ ਚੇਨੱਈ ਉਪਨਗਰ ਦੇ ਕ੍ਰੋਮਪੇਟ ਸਥਿਤ ਆਪਣੇ ਘਰ ਤੋਂ ਚੱਲ ਕੇ ਮਦੁਰਈ ਤੱਕ ਦੀ ਯਾਤਰਾ ਕੀਤੀ ਸੀ ਜਿੱਥੇ ਅਸੀਂ ਉਨ੍ਹਾਂ ਦੀ ਇੰਟਰਵਿਊ ਲੈ ਰਹੇ ਸਾਂ। ਜੋ ਵਿਅਕਤੀ ਭਾਰਤ ਦੀ ਅਜ਼ਾਦੀ ਦੇ ਘੋਲ਼ ਵਿੱਚ ਸ਼ਾਮਲ ਹੋਣ ਕਾਰਨ ਆਪਣੀ ਗ੍ਰੈਜੁਏਸ਼ਨ ਹੀ ਪੂਰੀ ਨਹੀਂ ਕਰ ਪਾਇਆ ਉਹਨੇ ਕਈ ਰਾਜਨੀਤਕ ਕਹਾਣੀਆਂ, ਕਿਤਾਬਚੇ, ਪਰਚੇ ਅਤੇ ਰਸਾਲਿਆਂ ਲਈ ਲੇਖ ਵੀ ਲਿਖੇ।
ਨਰਸਿੰਹਾਲੂ ਸ਼ੰਕਰਾਇਆ ਹਾਲਾਂਕਿ ਅਮੇਰਿਕਨ ਕਾਲਜ, ਮਦੁਰਈ ਤੋਂ ਇਤਿਹਾਸ ਵਿੱਚ ਉਸ ਬੀਏ ਦੀ ਡਿਗਰੀ ਨੂੰ ਹਾਸਲ ਕਰਨ ਦੇ ਇੰਨੇ ਨੇੜੇ ਅੱਪੜ ਗਏ ਸਨ ਪਰ 1941 ਵਿੱਚ ਆਪਣੀ ਅੰਤਮ ਪ੍ਰੀਖਿਆ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਗਾਇਬ ਹੋ ਗਏ। ''ਮੈਂ ਕਾਲਜ ਦੇ ਵਿਦਿਆਰਥੀ ਸੰਘ ਦਾ ਸੰਯੁਕਤ ਸਕੱਤਰ ਸਾਂ।'' ਅਤੇ ਇੱਕ ਤੇਜ਼ ਦਿਮਾਗ਼ ਵਾਲ਼ੇ ਵਿਦਿਆਰਥੀ ਜਿਨ੍ਹਾਂ ਨੇ ਪਰਿਸਰ ਵਿੱਚ ਇੱਕ ਕਵਿਤਾ ਸਮਾਜ ਦੀ ਸਥਾਪਨਾ ਕੀਤੀ ਅਤੇ ਫੁਟਬਾਲ ਵਿੱਚ ਕਾਲਜ ਦੀ ਨੁਮਾਇੰਦਗੀ ਕੀਤੀ। ਉਹ ਉਸ ਸਮੇਂ ਦੇ ਬ੍ਰਿਟਿਸ਼ ਰਾਜ ਵਿਰੋਧੀ ਅੰਦੋਲਨਾਂ ਵਿੱਚ ਬੜੇ ਸਰਗਰਮ ਸਨ। ''ਆਪਣੇ ਕਾਲਜ ਦੇ ਦਿਨੀਂ, ਮੈਂ ਖੱਬੇਪੱਖੀ ਵਿਚਾਰਧਾਰਾ ਵਾਲੇ ਕਈ ਲੋਕਾਂ ਦੇ ਨਾਲ਼ ਦੋਸਤੀ ਕੀਤੀ। ਮੈਂ ਸਮਝ ਗਿਆ ਸਾਂ ਕਿ ਭਾਰਤੀ ਅਜ਼ਾਦੀ ਦੇ ਬਗੈਰ ਸਮਾਜਿਕ ਸੁਧਾਰ ਪੂਰਾ ਨਹੀਂ ਹੋਵੇਗਾ।'' 17 ਸਾਲ ਦੀ ਉਮਰੇ, ਉਹ ਭਾਰਤੀ ਕਮਿਊਨਿਸਟ ਪਾਰਟੀ (ਜੋ ਉਸ ਸਮੇਂ ਪਾਬੰਦੀ ਹੇਠ ਅਤੇ ਭੂਮੀਗਤ ਸੀ) ਦੇ ਮੈਂਬਰ ਸਨ।
ਉਹ ਅਮੇਰਿਕਨ ਕਾਲਜ ਦੇ ਸਕਾਰਾਤਮਕ ਰਹਿਣ ਦੇ ਨਜ਼ਰੀਏ ਨੂੰ ਚੇਤੇ ਕਰਦੇ ਹਨ। ''ਨਿਰਦੇਸ਼ਕ ਅਤੇ ਕੁਝ ਅਧਿਆਪਕ ਅਮੇਰਿਕੀ ਸਨ, ਬਾਕੀ ਤਮਿਲ ਸਨ। ਉਨ੍ਹਾਂ ਤੋਂ ਨਿਰਪੱਖ ਰਹਿਣ ਦੀ ਉਮੀਦ ਕੀਤੀ ਜਾਂਦੀ ਸੀ, ਪਰ ਉਹ ਅੰਗਰੇਜ਼ਾਂ ਦੇ ਸਮਰਥਕ ਨਹੀਂ ਸਨ। ਉੱਥੇ ਵਿਦਿਆਰਥੀ ਸਰਗਰਮੀਆਂ ਦੀ ਆਗਿਆ ਸੀ...'' 1941 ਵਿੱਚ, ਅੰਗਰੇਜ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ, ਅੰਨਾਮਲਾਈ ਯੂਨੀਵਰਸਿਟੀ ਦੀ ਵਿਦਿਆਰਥਣ ਮੀਨਾਕਸ਼ੀ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਨ ਲਈ ਮਦੁਰਈ ਵਿੱਚ ਇੱਕ ਬੈਠਕ ਅਯੋਜਿਤ ਕੀਤੀ ਗਈ। ''ਅਤੇ ਅਸੀਂ ਇੱਕ ਪਰਚਾ ਜਾਰੀ ਕੀਤਾ। ਸਾਡੇ ਹੋਸਟਲ ਦੇ ਕਮਰਿਆਂ 'ਤੇ ਛਾਪਾ ਮਾਰਿਆ ਗਿਆ ਅਤੇ ਨਰਾਇਣਸਵਾਮੀ (ਮੇਰੇ ਮਿੱਤਰ) ਨੂੰ ਇੱਕ ਕਿਤਾਬ ਰੱਖਣ ਦੇ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਅਸੀਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਨ ਲਈ ਇੱਕ ਵਿਰੋਧ ਬੈਠਕ ਅਯੋਜਿਤ ਕੀਤੀ...
''ਉਸ ਤੋਂ ਬਾਅਦ ਅੰਗਰੇਜਾਂ ਨੇ 28 ਫਰਵਰੀ, 1941 ਨੂੰ ਮੈਨੂੰ ਗ੍ਰਿਫ਼ਤਾਰ ਕਰ ਲਿਆ। ਇਹ ਮੇਰੀ ਅਖਰੀਲੀ ਪ੍ਰੀਖਿਆ ਤੋਂ ਮਹਿਜ਼ 15 ਦਿਨ ਪਹਿਲਾਂ ਹੋਇਆ। ਮੈਂ ਕਦੇ ਵਾਪਸ ਨਾ ਆਇਆ, ਕਦੇ ਬੀਏ ਪੂਰੀ ਨਾ ਕਰ ਸਕਿਆ।'' ਆਪਣੀ ਗ੍ਰਿਫ਼ਤਾਰੀ ਦੇ ਪਲਾਂ ਦੇ ਦਹਾਕਿਆਂ ਬਾਅਦ ਉਹ ਦੱਸਦੇ ਹਨ,''ਮੈਨੂੰ ਭਾਰਤੀ ਅਜ਼ਾਦੀ ਦੇ ਲਈ ਜੇਲ੍ਹ ਜਾਣ, ਅਜ਼ਾਦੀ ਘੋਲ਼ ਦਾ ਹਿੱਸਾ ਬਣਨ 'ਤੇ ਮਾਣ ਸੀ। ਮੇਰੇ ਦਿਮਾਗ਼ ਵਿੱਚ ਬੱਸ ਇਹੀ ਇੱਕੋ ਵਿਚਾਰ ਸੀ।'' ਕੈਰੀਅਰ ਦੇ ਤਬਾਹ ਹੋਣ ਜਾਣ ਬਾਰੇ ਕੁਝ ਨਹੀਂ। ਇਹ ਉਸ ਸਮੇਂ ਦੇ ਤਬਦੀਲੀ ਪਸੰਦ ਨੌਜਵਾਨਾਂ ਦੇ ਪਸੰਦੀਦਾ ਨਾਅਰਿਆਂ ਵਿੱਚੋਂ ਇੱਕ ਸੀ: ''ਅਸੀਂ ਨੌਕਰੀ ਨਹੀਂ ਲੱਭ ਰਹੇ; ਅਸੀਂ ਅਜ਼ਾਦੀ ਲੱਭ ਰਹੇ ਹਾਂ।''
''ਮਦੁਰਈ ਜੇਲ੍ਹ ਵਿੱਚ 15 ਦਿਨ ਬਿਤਾਉਣ ਬਾਅਦ, ਮੈਨੂੰ ਵੈਲੌਰ ਜੇਲ੍ਹ ਭੇਜ ਦਿੱਤਾ ਗਿਆ। ਉਸ ਸਮੇਂ ਤਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ ਦੇ ਕਈ ਲੋਕਾਂ ਨੂੰ ਉੱਥੇ ਹਿਰਾਸਤ ਵਿੱਚ ਰੱਖਿਆ ਗਿਆ ਸੀ।
''ਕਾਮਰੇਡ ਏ.ਕੇ. ਗੋਪਾਲਨ (ਕੇਰਲ ਕਮਿਊਨਿਸਟ ਪਾਰਟੀ ਦੇ ਮਕਬੂਲ ਆਗੂ) ਨੂੰ ਤ੍ਰਿਚੀ ਵਿੱਚ ਇੱਕ ਪ੍ਰੋਗਰਾਮ ਅਯੋਜਿਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਪ੍ਰੋਗਰਾਮ ਦੌਰਾਨ ਕੇਰਲ ਦੇ ਕਾਮਰੇਡ ਇੰਬੀਚੀ ਬਾਵਾ, ਵੀ. ਸੁੱਬਿਆ, ਜੀਵਨੰਦਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਹ ਸਾਰੇ ਵੈਲੌਰ ਦੀ ਜੇਲ੍ਹ ਵਿੱਚ ਮੌਜੂਦ ਸਨ। ਮਦਰਾਸ ਸਰਕਾਰ ਸਾਨੂੰ ਦੋ ਸਮੂਹਾਂ ਵਿੱਚ ਵੰਡਣਾ ਚਾਹੁੰਦੀ ਸੀ, ਜਿਨ੍ਹਾਂ ਵਿੱਚੋਂ ਇੱਕ ਨੂੰ 'ਸੀ' ਪ੍ਰਕਾਰ ਦਾ ਰਾਸ਼ਨ ਮਿਲ਼ਦਾ, ਜੋ ਉਹ ਸਿਰਫ਼ ਅਪਰਾਧਕ ਦੋਸ਼ੀਆਂ ਨੂੰ ਦਿੰਦੇ ਸਨ। ਅਸੀਂ ਇਸ ਪ੍ਰਣਾਲੀ ਦੇ ਖਿਲਾਫ਼ 19 ਦਿਨਾਂ ਦੀ ਭੁੱਖ ਹੜਤਾਲ਼ ਕੀਤੀ। 10ਵੇਂ ਦਿਨ, ਉਨ੍ਹਾਂ ਨੇ ਸਾਨੂੰ ਦੋ ਸਮੂਹਾਂ ਵਿੱਚ ਵੰਡ ਦਿੱਤਾ। ਮੈਂ ਉਦੋਂ ਇੱਕ ਵਿਦਿਆਰਥੀ ਹੀ ਸਾਂ।''
ਜੇਲ੍ਹ ਦਾ ਇੰਸਪੈਕਟਰ ਜਨਰਲ ਕਾਫੀ ਹੈਰਾਨ ਹੋਇਆ ਜਦੋਂ ਸ਼ੰਕਰਾਇਆ ਦੇ ਬੰਦੀ ਘਰ ਵਿੱਚ ਪਹੁੰਚਣ 'ਤੇ ਉਹਨੇ ਦੇਖਿਆ ਕਿ ਉਹ ਮੈਕਸਿਮ ਗੋਰਕੀ ਦਾ ਨਾਵਲ, ਮਾਂ ਪੜ੍ਹ ਰਹੇ ਹਨ। '''ਦਸਵੇਂ ਦਿਨ ਜਦੋਂਕਿ ਤੂੰ ਭੁੱਖ ਹੜਤਾਲ਼ 'ਤੇ ਬੈਠਿਆਂ ਹੈਂ, ਤੂੰ ਸਾਹਿਤ ਪੜ੍ਹ ਰਿਹਾ ਹੈਂ-ਗੋਰਕੀ ਦੀ ਮਾਂ ?' ਉਹ ਪੁੱਛਦੇ ਹਨ,'' ਸ਼ੰਕਰਾਇਆ ਕਹਿੰਦੇ ਹਨ, ਉਸ ਘਟਨਾ ਨੂੰ ਚੇਤੇ ਕਰਕੇ ਉਨ੍ਹਾਂ ਦੀਆਂ ਅੱਖਾਂ ਲਿਸ਼ਕ ਉੱਠਦੀਆਂ ਹਨ।
ਉਸ ਸਮੇਂ ਕੁਝ ਹੋਰ ਮਸ਼ਹੂਰ ਹਸਤੀਆਂ ਨੂੰ ਵੀ ਗ੍ਰਿਫ਼ਤਾਰ ਕਰਕੇ ਇੱਕ ਅੱਡ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚ ''ਕਾਮਰਾਜਰ (ਕੇ. ਕਾਮਰਾਜ, ਮਦਰਾਸ ਰਾਜ, ਹੁਣ ਤਮਿਲਨਾਡੂ, ਦੇ ਮਰਹੂਮ ਮੁੱਖ ਮੰਤਰੀ-1954 ਤੋਂ 1963 ਤੱਕ), ਪੱਟਾਭੀ ਸੀਤਾਰਮਈਆ (ਅਜ਼ਾਦੀ ਤੋਂ ਫੌਰਨ ਬਾਅਦ ਕਾਂਗਰਸ ਦੇ ਪ੍ਰਧਾਨ), ਹੋਰ ਵੀ ਕਈ ਲੋਕ ਸ਼ਾਮਲ ਸਨ। ਹਾਲਾਂਕਿ, ਉਹ ਹੋਰ ਯਾਰਡ, ਹੋਰ ਜੇਲ੍ਹ ਵਿੱਚ ਸਨ। ਕਾਂਗਰਸੀਆਂ ਨੇ ਭੁੱਖ ਹੜਤਾਲ਼ ਵਿੱਚ ਹਿੱਸਾ ਨਹੀਂ ਲਿਆ। ਉਹ ਕਹਿੰਦੇ ਸਨ: 'ਅਸੀਂ ਮਹਾਤਮਾ ਗਾਂਧੀ ਦੀ ਸਲਾਹ ਨਾਲ਼ ਬੱਝੇ ਹਾਂ'। ਜੋ ਇਹ ਸੀ: 'ਜੇਲ੍ਹ ਵਿੱਚ ਕੋਈ ਹੰਗਾਮਾ ਨਾ ਕਰੇ'। ਹਾਲਾਂਕਿ, ਸਰਕਾਰ ਨੇ ਕੁਝ ਰਿਆਇਤਾਂ ਦਿੱਤੀਆਂ। ਅਸੀਂ 19ਵੇਂ ਦਿਨ ਆਪਣੀ ਭੁੱਖ ਹੜਤਾਲ਼ ਖ਼ਤਮ ਕਰ ਦਿੱਤੀ।''
ਮੁੱਦਿਆਂ 'ਤੇ ਆਪਣੇ ਮਜ਼ਬੂਤ ਮਤਭੇਦਾਂ ਦੇ ਬਾਵਜੂਦ, ਸ਼ੰਕਰਾਇਆ ਕਹਿੰਦੇ ਹਨ, ''ਕਾਮਰਾਜਰ ਕਮਿਊਨਿਸਟਾਂ ਦੇ ਬੜੇ ਚੰਗੇ ਦੋਸਤ ਸਨ। ਜੇਲ੍ਹ ਵਿੱਚ ਕਮਰਾ ਸਾਂਝਾ ਕਰਨ ਵਾਲ਼ੇ ਮਦੁਰਈ ਅਤੇ ਤਿਰੂਨੇਲਵੇਲੀ ਦੇ ਉਨ੍ਹਾਂ ਦੇ ਸਾਥੀ ਵੀ ਕਮਿਊਨਿਸਟ ਸਨ। ਮੈਂ ਕਾਮਰਾਜਰ ਦੇ ਬੜੇ ਨੇੜੇ ਹੋਇਆ ਕਰਦਾ ਸਾਂ। ਉਨ੍ਹਾਂ ਨੇ ਸਾਡੇ ਨਾਲ਼ ਹੋਰ ਰਹੇ ਮਾੜੇ ਸਲੂਕ ਵਿੱਚ ਇੱਕ ਤੋਂ ਵੱਧ ਵਾਰ ਦਖਲ ਦਿੱਤਾ ਅਤੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਾਹਰ ਹੈ, ਜੇਲ੍ਹ ਵਿੱਚ (ਕਾਂਗਰਸੀਆਂ ਅਤੇ ਕਮਿਊਨਿਸਟਾਂ ਵਿੱਚ) ਕਾਫੀ ਬਹਿਸ ਹੋਇਆ ਕਰਦੀ ਸੀ, ਖਾਸ ਕਰਕੇ ਜਦੋਂ ਜਰਮਨ-ਸੋਵੀਅਤ ਯੁੱਧ ਛਿੜਿਆ ਸੀ।
''ਕੁਝ ਦਿਨਾਂ ਬਾਅਦ, ਸਾਡੇ ਵਿੱਚੋਂ ਅੱਠ ਨੂੰ ਰਾਜ੍ਹਮੁੰਦਰੀ (ਹੁਣ ਆਂਧਰਾ ਪ੍ਰਦੇਸ਼ ਵਿੱਚ) ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਉੱਥੇ ਇੱਕ ਅਲੱਗ ਯਾਰਡ ਵਿੱਚ ਰੱਖਿਆ ਗਿਆ।''
''ਅਪ੍ਰੈਲ 1942 ਵਿੱਚ, ਸਰਕਾਰ ਨੇ ਮੇਰੇ ਇਲਾਵਾ ਸਾਰੇ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ। ਹੈਡ ਵਾਰਡਨ ਨੇ ਆ ਕੇ ਪੁੱਛਿਆ: 'ਸ਼ੰਕਰਾਇਆ ਕੌਣ ਹੈ?' ਅਤੇ ਫਿਰ ਸਾਨੂੰ ਸੂਚਿਤ ਕੀਤਾ ਗਿਆ ਕਿ ਸਾਰਿਆਂ ਨੂੰ ਛੱਡ ਦਿੱਤਾ ਗਿਆ ਹੈ- ਸਿਵਾਏ ਮੇਰੇ। ਇੱਕ ਮਹੀਨੇ ਤੱਕ, ਮੈਂ ਇਕਾਂਤ ਬੰਦੀ ਘਰ ਵਿੱਚ ਸਾਂ ਅਤੇ ਪੂਰੇ ਯਾਰਡ ਵਿੱਚ ਇਕੱਲਾ ਸਾਂ!''
ਉਨ੍ਹਾਂ ਅਤੇ ਹੋਰਨਾਂ 'ਤੇ ਕੀ ਦੋਸ਼ ਸਨ? ''ਕੋਈ ਰਸਮੀ ਦੋਸ਼ ਨਹੀਂ, ਸਿਰਫ਼ ਹਿਰਾਸਤ ਵਿੱਚ ਰੱਖਿਆ ਜਾਣਾ ਸੀ। ਹਰੇਕ ਛੇ ਮਹੀਨਿਆਂ ਵਿੱਚ ਉਹ ਲਿਖਤ ਨੋਟਿਸ ਭੇਜਦੇ, ਜਿਸ ਵਿੱਚ ਲਿਖਿਆ ਹੁੰਦਾ ਕਿ ਤੁਹਾਨੂੰ ਕਿਸ ਕਾਰਨ ਕਰਕੇ ਇੱਥੇ ਰੱਖਿਆ ਗਿਆ ਹੈ। ਕਾਰਨ ਹੁੰਦੇ ਸਨ: ਦੇਸ਼ਧ੍ਰੋਹ, ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਆਦਿ। ਅਸੀਂ ਇੱਕ ਕਮੇਟੀ ਨੂੰ ਇਸ ਬਾਰੇ ਆਪਣੀ ਪ੍ਰਤਿਕਿਰਿਆ ਪੇਸ਼ ਕਰਦੇ-ਅਤੇ ਉਹ ਕਮੇਟੀ ਉਹਨੂੰ ਅਪ੍ਰਵਾਨ ਕਰ ਦਿੰਦੀ।''
ਹੈਰਾਨੀ ਵਾਲ਼ੀ ਗੱਲ ਸੀ,''ਮੇਰੇ ਦੋਸਤ ਜੋ ਰਾਜ੍ਹਮੁੰਦਰੀ ਜੇਲ੍ਹ ਤੋਂ ਰਿਹਾਅ ਕੀਤੇ ਗਏ ਸਨ, ਉਹ ਕਾਮਰਾਜਰ ਤੋਂ ਰਾਜ੍ਹਮੁੰਦਰੀ ਸਟੇਸ਼ਨ 'ਤੇ ਮਿਲ਼ੇ- ਉਹ ਕਲਕੱਤਾ (ਕੋਲਕਾਤਾ) ਤੋਂ ਪਰਤ ਰਿਹਾ ਸੀ। ਜਦੋਂ ਉਹਨੂੰ ਪਤਾ ਚੱਲਿਆ ਕਿ ਮੈਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਉਹਨੇ ਮਦਰਾਸ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਕਿ ਮੈਨੂੰ ਵੈਲੌਰ ਜੇਲ੍ਹ ਤਬਦੀਲ ਕਰ ਦਿੱਤਾ ਜਾਵੇ। ਉਨ੍ਹਾਂ ਨੇ ਮੈਨੂੰ ਵੀ ਇੱਕ ਪੱਤਰ ਲਿਖਿਆ। ਮੈਨੂੰ ਇੱਕ ਮਹੀਨੇ ਬਾਅਦ ਵੈਲੌਰ ਜੇਲ੍ਹ ਭੇਜ ਦਿੱਤਾ ਗਿਆ-ਜਿੱਥੇ ਮੈਂ 200 ਹੋਰ ਸਹਿਯੋਗੀਆਂ ਦੇ ਨਾਲ਼ ਰਿਹਾ।''
ਕਈ ਜੇਲ੍ਹਾਂ ਦੀਆਂ ਆਪਣੀਆਂ ਯਾਤਰਾਵਾਂ ਦੌਰਾਨ ਇੱਕ ਜੇਲ੍ਹ ਵਿੱਚ ਸ਼ੰਕਰਾਇਆ ਦੀ ਮੁਲਾਕਾਤ ਭਾਰਤ ਦੇ ਭਵਿੱਖੀ ਰਾਸ਼ਟਰਪਤੀ, ਆਰ. ਵੈਂਕਟਰਮਨ ਨਾਲ਼ ਵੀ ਹੋਈ। ''ਉਹ ਜੇਲ੍ਹ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ਼ ਸਨ, 1943 ਵਿੱਚ ਉਹਦੇ ਮੈਂਬਰ ਸਨ। ਬਾਅਦ ਵਿੱਚ, ਸਪੱਸ਼ਟ ਹੈ, ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਖੈਰ, ਅਸੀਂ ਕਈ ਸਾਲਾਂ ਤੱਕ ਉਨ੍ਹਾਂ ਦੇ ਨਾਲ਼ ਕੰਮ ਕੀਤਾ।''
ਅਮੇਰਿਕਾਨ ਕਾਲਜ ਵਿੱਚ ਸ਼ੰਕਰਾਇਆ ਦੇ ਕਈ ਸਮਕਾਲੀਨ- ਅਤੇ ਵਿਦਿਆਰਥੀਆਂ ਦੇ ਵੱਡੇ ਅੰਦੋਲਨਾਂ ਵਿੱਚੋਂ ਕਈ- ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਹੱਤਵਪੂਰਨ ਵਿਅਕਤੀ ਬਣੇ। ਇੱਕ ਤਮਿਲਨਾਡੂ ਦੇ ਮੁੱਖ ਸਕੱਤਰ ਬਣੇ, ਦੂਸਰੇ ਜੱਜ, ਤੀਸਰੇ ਆਈਏਐੱਸ ਅਧਿਕਾਰੀ, ਜੋ ਦਹਾਕੇ ਪਹਿਲਾਂ ਇੱਕ ਮੁੱਖ ਮੰਤਰੀ ਦੇ ਸਕੱਤਰ ਸਨ। ਸ਼ੰਕਰਾਇਆ ਅਜ਼ਾਦੀ ਤੋਂ ਬਾਅਦ ਵੀ ਜੇਲ੍ਹਾਂ ਅਤੇ ਬੰਦੀ ਘਰਾਂ ਦੇ ਚੱਕਰ ਲਗਾਉਂਦੇ ਰਹੇ। 1947 ਤੋਂ ਪਹਿਲਾਂ ਉਨ੍ਹਾਂ ਨੇ ਜਿਨ੍ਹਾਂ ਜੇਲ੍ਹਾਂ ਨੂੰ ਅੰਦਰੋਂ ਦੇਖਿਆ ਉਨ੍ਹਾਂ ਵਿੱਚ- ਮਦੁਰਈ, ਵੈਲੌਰ, ਰਾਜ੍ਹਮੁੰਦਰੀ, ਕੰਨੂਰ, ਸਲੇਮ, ਤੰਜਾਵੁਰ ਸ਼ਾਮਲ ਸਨ...
1948 ਵਿੱਚ ਕਮਿਊਨਿਸਟ ਪਾਰਟੀ 'ਤੇ ਲੱਗੀ ਪਾਬੰਦੀ ਦੇ ਬਾਅਦ, ਉਹ ਇੱਕ ਵਾਰ ਫਿਰ ਭੂਮੀਗਤ ਹੋ ਗਏ। ਉਨ੍ਹਾਂ ਨੂੰ 1950 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੱਕ ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ। 1962 ਵਿੱਚ, ਭਾਰਤ-ਚੀਨ ਯੁੱਧ ਵੇਲ਼ੇ, ਉਹ ਜੇਲ੍ਹ ਵਿੱਚ ਬੰਦ ਕਈ ਕਮਿਊਨਿਸਟਾਂ ਵਿੱਚੋਂ ਇੱਕ ਸਨ- ਜਦੋਂ ਉਨ੍ਹਾਂ ਨੂੰ 7 ਮਹੀਨੇ ਲਈ ਜੇਲ੍ਹ ਵਿੱਚ ਡੱਕਿਆ ਗਿਆ ਸੀ। 1965 ਵਿੱਚ ਕਮਿਊਨਿਸਟ ਅੰਦੋਲਨ 'ਤੇ ਇੱਕ ਹੋਰ ਛਾਪੇਮਾਰੀ ਦੌਰਾਨ, ਉਨ੍ਹਾਂ 17 ਮਹੀਨੇ ਹੋਰ ਜੇਲ੍ਹ ਵਿੱਚ ਕੱਟੇ।
ਅਜ਼ਾਦੀ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਉਨ੍ਹਾਂ ਦੇ ਪ੍ਰਤੀ ਕੁੜੱਤਣ ਦੀ ਘਾਟ ਵੀ ਜਿਕਰਯੋਗ ਸੀ। ਜਿੱਥੋਂ ਤੱਕ ਉਨ੍ਹਾਂ ਦਾ ਵਾਸਤਾ ਹੈ, ਉਹ ਰਾਜਨੀਤਕ ਲੜਾਈਆਂ ਸਨ, ਵਿਅਕਤੀਗਤ ਨਹੀਂ। ਅਤੇ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀਗਤ ਨਫੇ ਲਈ ਨਹੀਂ, ਸਗੋਂ ਧਰਤੀ ਲਈ ਸੀ ਜੋ ਅੱਜ ਵੀ ਜਾਰੀ ਹੈ।
ਉਨ੍ਹਾਂ ਲਈ ਅਜ਼ਾਦੀ ਦੇ ਘੋਲ਼ ਦੇ ਮੋੜਵੇਂ ਨੁਕਤੇ ਜਾਂ ਪ੍ਰੇਰਣਾਦਾਇਕ ਪਲ ਕੀ ਸਨ?
''ਜ਼ਾਹਰ ਹੈ, ਭਗਤ ਸਿੰਘ ਦੀ ਫ਼ਾਂਸੀ (23 ਮਾਰਚ 1931) ਜੋ ਬ੍ਰਿਟਿਸ਼ਾਂ ਨੇ ਦਿੱਤੀ। ਇੰਡੀਅਨ ਨੈਸ਼ਨਲ ਆਰਮੀ (ਆਈਏਐੱਨ) ਦੀ ਪਰਖ ਜੋ 1945 ਤੋਂ ਸ਼ੁਰੂ ਹੋਈ ਅਤੇ ਰਾਇਲ ਇੰਡੀਅਨ ਨੇਵੀ (ਆਰਆਈਐੱਨ) ਦਾ 1946 ਦਾ ਵਿਦਰੋਹ।'' ਇਹ ਉਨ੍ਹਾਂ ''ਮੁੱਖ ਘਟਨਾਵਾਂ ਵਿੱਚੋਂ ਸਨ ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜਵਾਦੀ ਦੇ ਖਿਲਾਫ਼ ਲੜਾਈ ਵਿੱਚ ਵਾਧਾ ਕੀਤਾ।''
ਇਨ੍ਹਾਂ ਦਹਾਕਿਆਂ ਦੌਰਾਨ, ਖੱਬੇਪੱਖੀ ਵਿਚਾਰਾਂ ਵਿੱਚ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਸ਼ਮੂਲੀਅਤ ਡੂੰਘੀ ਹੁੰਦੀ ਚਲੀ ਗਈ। ਉਹ ਸਦਾ ਲਈ ਪਾਰਟੀ ਦੇ ਕੁੱਲਵਕਤੀ ਮੈਂਬਰ ਬਣ ਗਏ।
''1944 ਵਿੱਚ ਮੈਨੂੰ ਤੰਜਾਵੁਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਮਦੁਰਈ ਜਿਲ੍ਹਾ ਕਮੇਟੀ ਦਾ ਸਕੱਤਰ ਚੁਣ ਲਿਆ ਗਿਆ ਅਤੇ ਮੇਰੀ ਚੋਣ, 22 ਸਾਲਾਂ ਲਈ ਪਾਰਟੀ ਦੀ ਸੂਬਾ ਕਮੇਟੀ ਦੇ ਸਕੱਤਰ ਦੇ ਰੂਪ ਵਿੱਚ ਕਰ ਦਿੱਤੀ ਗਈ।''
ਲਾਮਬੰਧੀ ਕਰਨ ਵਿੱਚ ਸ਼ੰਕਰਾਇਆ ਇੱਕ ਅਹਿਮ ਵਿਅਕਤੀ ਸਨ। 1940ਵਿਆਂ ਦੇ ਅੱਧ ਵਿੱਚ, ਮਦੁਰਈ ਖੱਬੇਪੱਖੀਆਂ ਦਾ ਇੱਕ ਵੱਡਾ ਕੇਂਦਰ ਸੀ। ''ਪੀਸੀ ਜੋਸ਼ੀ (ਸੀਪੀਆਈ ਦੇ ਸਕੱਤਰ) ਜਦੋਂ 1946 ਵਿੱਚ ਮਦੁਰਈ ਆਏ ਸਨ ਤਾਂ ਉਸ ਸਮੇਂ ਬੈਠਕ ਵਿੱਚ 1 ਲੱਖ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਸਾਡੀਆਂ ਕਈ ਸਭਾਵਾਂ ਵਿੱਚ ਭਾਰੀ ਭੀੜ ਜਮ੍ਹਾ ਹੋਣ ਲੱਗੀ ਸੀ।''
ਉਨ੍ਹਾਂ ਦੀ ਵੱਧਦੀ ਮਕਬੂਲੀਅਤ ਨੇ ਅੰਗਰੇਜਾਂ ਨੂੰ ਇਹਦਾ ਪਤਾ ਲਾਉਣ ਲਈ ਪ੍ਰੇਰਿਤ ਕੀਤਾ ਜਿਹਨੂੰ ਉਨ੍ਹਾਂ ਨੇ 'ਮਦੁਰਈ ਸਾਜ਼ਸ਼ ਕੇਸ' ਨਾਮ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਪੀ. ਰਾਮਮੂਰਤੀ (ਤਮਿਲਨਾਡੂ ਵਿੱਚ ਕਮਿਊਨਿਸਟ ਪਾਰਟੀ ਦੇ ਪ੍ਰਸਿੱਧ ਨੇਤਾ) ਨੂੰ ਪਹਿਲਾ ਅਰੋਪੀ, ਸ਼ੰਕਰਾਇਆ ਨੂੰ ਦੂਸਰਾ ਅਰੋਪੀ ਬਣਾਇਆ ਗਿਆ ਅਤੇ ਉਨ੍ਹਾਂ ਦੇ ਨਾਲ਼-ਨਾਲ਼ ਸੀਪੀਆਈ ਦੇ ਕਈ ਹੋਰ ਆਗੂਆਂ ਅਤੇ ਕਾਰਕੁੰਨਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਉਹ ਆਪਣੇ ਦਫ਼ਤਰ ਵਿੱਚ ਬਹਿ ਕੇ ਟ੍ਰੇਡ ਯੂਨੀਅਨ ਦੇ ਹੋਰਨਾਂ ਨੇਤਾਵਾਂ ਦੀ ਹੱਤਿਆ ਕਰਨ ਦੀ ਸਾਜ਼ਸ਼ ਰਚ ਰਹੇ ਸਨ। ਮੁੱਖ ਗਵਾਹ ਇੱਕ ਠੇਲਾ ਖਿੱਚਣ ਵਾਲ਼ਾ ਵਿਅਕਤੀ ਸੀ ਜਿਹਨੇ ਪੁਲਿਸ ਦੇ ਅਨੁਸਾਰ, ਉਨ੍ਹਾਂ ਦੀਆਂ ਗੱਲਾਂ ਸੁਣ ਲਈਆਂ ਅਤੇ ਆਪਣਾ ਫ਼ਰਜ਼ ਨਿਭਾਉਂਦਿਆਂ ਅਧਿਕਾਰੀਆਂ ਨੂੰ ਇਹਦੀ ਸੂਚਨਾ ਦਿੱਤੀ।
ਜਿਵੇਂ ਕਿ ਐੱਨ. ਰਾਮਕ੍ਰਿਸ਼ਨਨ (ਸ਼ੰਕਰਾਇਆ ਦੇ ਛੋਟੇ ਭਰਾ) ਨੇ ਆਪਣੀ 2008 ਵਿੱਚ ਪ੍ਰਕਾਸ਼ਤ ਜੀਵਨੀ, ਪੀ. ਰਾਮਮੂਰਤੀ-ਏ ਸੇਂਟੇਨਰੀ ਟ੍ਰਿਬਿਊਟ, ਵਿੱਚ ਲਿਖਿਆ ਹੈ: ''ਪੁੱਛਗਿੱਛ ਦੌਰਾਨ, ਰਾਮਮੂਰਤੀ (ਜਿਨ੍ਹਾਂ ਨੇ ਆਪਣੇ ਮੁਕੱਦਮੇ ਵਿੱਚ ਖੁਦ ਹੀ ਬਹਿਸ ਕੀਤੀ ਸੀ) ਨੇ ਸਾਬਤ ਕੀਤਾ ਕਿ ਮੁੱਖ ਗਵਾਹ ਇੱਕ ਧੋਖੇਬਾਜ਼ ਅਤੇ ਮਾਮੂਲੀ ਚੋਰ ਸੀ, ਜੋ ਵੱਖ-ਵੱਖ ਮਾਮਲਿਆਂ ਵਾਸਤੇ ਜੇਲ੍ਹ ਦੀ ਸਜਾ ਭੁਗਤ ਚੁੱਕਿਆ ਸੀ।'' ਇਸ ਮਾਮਲੇ ਦੀ ਸੁਣਵਾਈ ਕਰਨ ਵਾਲ਼ੇ ਵਿਸ਼ੇਸ਼ ਜੱਜ ''14 ਅਗਸਤ 1947 ਨੂੰ ਜੇਲ੍ਹ ਪਰਿਸਰ ਵਿੱਚ ਆਏ... ਇਸ ਕੇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਰਿਹਾਅ ਕਰ ਦਿੱਤਾ ਅਤੇ ਕਾਰਕੁੰਨਾਂ ਦੇ ਸਨਮਾਨਤ ਲੀਡਰਾਂ ਦੇ ਖਿਲਾਫ਼ ਇਸ ਕੇਸ ਨੂੰ ਸ਼ੁਰੂ ਕਰਨ ਲਈ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ।''
ਬੀਤੇ ਹਾਲ ਦੇ ਸਾਲਾਂ ਵਿੱਚ ਉਸ ਅਤੀਤ ਦੀ ਅਣਜਾਣ ਗੂੰਜ ਸੁਣਨ ਨੂੰ ਮਿਲ਼ੀ ਹੈ- ਹਾਲਾਂਕਿ ਸਾਡੇ ਸਮੇਂ ਵਿੱਚ ਇਹਦੀ ਸੰਭਾਵਨਾ ਨਹੀਂ ਹੈ ਕਿ ਅਸੀਂ ਵਿਸ਼ੇਸ਼ ਜੱਜ ਨੂੰ ਬੇਕਸੂਰਿਆਂ ਤੋਂ ਮੁਕਤ ਕਰਨ ਬਦਲੇ ਜੇਲ੍ਹ ਜਾਂਦੇ ਦੇਖੀਏ ਅਤੇ ਸਰਕਾਰ ਨੂੰ ਲਾਹਨਤਾਂ ਪਾਉਂਦੇ ਸੁਣੀਏ।
1948 ਵਿੱਚ ਸੀਪੀਆਈ 'ਤੇ ਪ੍ਰਤੀਬੰਧ ਲੱਗਣ ਤੋਂ ਬਾਅਦ, ਰਾਮਮੂਰਤੀ ਅਤੇ ਹੋਰਨਾਂ ਨੂੰ ਫਿਰ ਤੋਂ ਜੇਲ੍ਹ ਡੱਕ ਦਿੱਤਾ ਗਿਆ- ਇਸ ਵਾਰ ਅਜ਼ਾਦ ਭਾਰਤ ਦੀ ਜੇਲ੍ਹ ਵਿੱਚ। ਚੋਣਾਂ ਨੇੜੇ ਆ ਰਹੀਆਂ ਸਨ ਅਤੇ ਮਦਰਾਸ ਸੂਬੇ ਵਿੱਚ ਸੱਤ੍ਹਾਰੂੜ ਕਾਂਗਰਸ ਪਾਰਟੀ ਲਈ ਖੱਬੇਪੱਖੀਆਂ ਦੀ ਲੋਕਪ੍ਰਿਯਤਾ ਖਤਰਾ ਬਣੀ ਹੋਈ ਸੀ।
''ਤਾਂ ਰਾਮਮੂਰਤੀ ਨੇ ਹਿਰਾਸਤ ਵਿੱਚ ਰਹਿੰਦਿਆਂ ਕੇਂਦਰੀ ਜੇਲ੍ਹ ਦੇ ਨਿਗਰਾਨ ਦੇ ਸਾਹਮਣੇ ਆਪਣਾ ਨਾਮਾਕਣ ਦਾਖ਼ਲ ਕੀਤਾ। ਉਨ੍ਹਾਂ ਨੇ ਮਦਰਾਸ ਵਿਧਾਨਸਭਾ ਲਈ ਮਦੁਰਈ ਉੱਤਰ ਚੋਣ ਹਲਕੇ ਤੋਂ 1952 ਦੀ ਚੋਣ ਲੜੀ। ਮੈਂ ਉਨ੍ਹਾਂ ਦਾ ਪ੍ਰਚਾਰ ਟੋਲੀ ਦਾ ਇੰਚਾਰਜ ਸਾਂ। ਹੋਰ ਦੋ ਉਮੀਦਵਾਰ ਸਨ ਚਿੰਦਬਰਮ ਭਾਰਤੀ, ਇੱਕ ਤਜ਼ਰਬੇਕਾਰ ਕਾਂਗਰਸੀ ਅਤੇ ਜਸਟਿਸ ਪਾਰਟੀ ਤੋਂ ਪੀ.ਟੀ. ਰਾਜਨ। ਰਾਮਮੂਰਤੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ, ਜਦੋਂ ਨਤੀਜੇ ਐਲਾਨੇ ਗਏ ਤਾਂ ਉਹ ਜੇਲ੍ਹ ਵਿੱਚ ਹੀ ਸਨ। ਭਾਰਤੀ ਦੂਸਰੀ ਥਾਂ 'ਤੇ ਰਹੇ ਅਤੇ ਰਾਜਨ ਦੀ ਜ਼ਮਾਨਤ ਜ਼ਬਤ ਹੋ ਗਈ। ਜਿੱਤ ਦਾ ਜਸ਼ਨ ਮਨਾਉਣ ਲਈ ਜੋ ਮੀਟਿੰਗ ਸੱਦੀ ਗਈ ਉਸ ਵਿੱਚ 3 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।'' ਰਾਮਮੂਰਤੀ ਅਜਾਦੀ ਤੋਂ ਬਾਅਦ ਤਮਿਲਨਾਡੂ ਵਿਧਾਨਸਭਾ ਵਿੱਚ ਵਿਰੋਧੀ ਦਲ ਦੇ ਪਹਿਲੇ ਨੇਤਾ ਬਣੇ।
1964 ਵਿੱਚ ਜਦੋਂ ਕਮਿਊਨਿਸਟ ਪਾਰਟੀ ਦੀ ਵੰਡ ਹੋਈ ਤਾਂ ਸ਼ੰਕਰਾਇਆ ਨਵੀਂ ਗਠਤ ਹੋਈ ਸੀਪੀਆਈ-ਐੱਮ ਦੇ ਨਾਲ਼ ਚਲੇ ਗਏ। ''1964 ਵਿੱਚ ਸੀਪੀਆਈ ਰਾਸ਼ਟਰੀ ਪਰਿਸ਼ਦ ਤੋਂ ਬਾਹਰ ਨਿਕਲ਼ਣ ਵਾਲ਼ੇ 32 ਮੈਂਬਰਾਂ ਵਿੱਚੋਂ, ਮੈਂ ਖੁਦ ਅਤੇ ਵੀਐੱਸ ਅਚਯੁਤਾਨੰਦਰ ਹੀ ਅਜਿਹੇ ਦੋ ਮੈਂਬਰ ਹਨ, ਜੋ ਅੱਜ ਵੀ ਜੀਵਤ ਹਨ।'' ਸ਼ੰਕਰਾਇਆ ਕੁੱਲ ਭਾਰਤੀ ਕਿਸਾਨ ਸਭਾ ਦੇ ਮਹਾਂਸਕੱਤਰ ਅਤੇ ਬਾਅਦ ਵਿੱਚ ਪ੍ਰਧਾਨ ਬਣੇ ਜੋ ਕਿ ਭਾਰਤ ਵਿੱਚ ਕਿਸਾਨਾਂ ਦਾ ਅੱਜ ਵੀ ਸਭ ਤੋਂ ਵੱਡਾ ਸੰਗਠਨ ਹੈ, ਜਿਹਦੇ 15 ਮਿਲੀਅਨ ਮੈਂਬਰ ਹਨ। ਉਹ ਸੱਤ ਸਾਲਾਂ ਤੱਕ ਸੀਪੀਆਈ-ਐੱਮ ਤਮਿਲਨਾਡੂ ਦੇ ਰਾਜ ਸਕੱਤਰ ਰਹੇ, ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਪਾਰਟੀ ਦੀ ਕੇਂਦਰੀ ਕਮੇਟੀ ਵਿੱਚ ਵੀ ਕੰਮ ਕੀਤਾ।
ਉਨ੍ਹਾਂ ਨੂੰ ਇਸ ਗੱਲ 'ਤੇ ਫ਼ਖਰ ਹੈ ਕਿ ''ਤਮਿਲਨਾਡੂ ਵਿਧਾਨਸਭਾ ਵਿੱਚ ਤਮਿਲ ਤੋਂ ਜਾਣੂ ਕਰਾਉਣ ਵਾਲ਼ੇ ਉਹ ਪਹਿਲੇ ਵਿਅਕਤੀ ਸਨ। 1952 ਵਿੱਚ, ਵਿਧਾਨਸਭਾ ਵਿੱਚ ਤਮਿਲ ਵਿੱਚ ਬੋਲਣ ਦਾ ਕੋਈ ਪ੍ਰੋਵੀਜ਼ਨ ਨਹੀਂ ਸੀ, ਸਿਰਫ਼ ਅੰਗਰੇਜੀ ਹੀ ਭਾਸ਼ਾ ਸੀ, ਪਰ (ਸਾਡੇ ਵਿਧਾਇਕ) ਜੀਵਨੰਦਮ ਅਤੇ ਰਾਮਮੂਰਤੀ ਤਮਿਲ ਵਿੱਚ ਬੋਲਦੇ ਸਨ, ਹਾਲਾਂਕਿ ਇਹਦੇ ਲਈ ਪ੍ਰੋਵੀਜ਼ਨ ਸਿਰਫ਼ 6 ਜਾਂ 7 ਸਾਲ ਬਾਅਦ ਆਇਆ।''
ਮਜ਼ਦੂਰ ਵਰਗ ਅਤੇ ਕਿਸਾਨਾਂ ਲਈ ਸ਼ੰਕਰਾਇਆ ਦੀ ਪ੍ਰਤੀਬੱਧਤਾ ਘੱਟ ਨਾ ਹੋਈ। ਉਨ੍ਹਾਂ ਦਾ ਮੰਨਣਾ ਹੈ ਕਿ ਕਮਿਊਨਿਸਟ ਹੀ ''ਚੋਣਵੀ ਰਾਜਨੀਤੀ ਦਾ ਸਹੀ ਜਵਾਬ ਲੱਭਣਗੇ'' ਅਤੇ ਵੱਡੇ ਪੱਧਰ 'ਤੇ ਅੰਦੋਲਨ ਖੜ੍ਹਾ ਕਰਨਗੇ। ਡੇਢ ਘੰਟੇ ਦੀ ਇੰਟਰਵਿਊਹ ਵਿੱਚ, 99 ਸਾਲ ਦੇ ਸ਼ੰਕਰਾਇਆ ਹਾਲੇ ਵੀ ਉਸੇ ਜੁਨੂੰਨ ਅਤੇ ਊਰਜਾ ਦੇ ਨਾਲ਼ ਗੱਲ ਕਰ ਰਹੇ ਹਨ ਜਿਹਦੇ ਨਾਲ਼ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਆਤਮਾ ਉਸੇ 9 ਸਾਲ ਦੇ ਬਾਲ ਦੀ ਹੈ ਜੋ ਭਗਤ ਸਿੰਘ ਦੇ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਸੜਕਾਂ 'ਤੇ ਉਤਰ ਆਇਆ ਸੀ।
ਨੋਟ : ਇਸ ਸਟੋਰੀ ਨੂੰ ਤਿਆਰ ਕਰਨ ਲਈ ਬੇਸ਼ਕੀਮਤੀ ਇਨਪੁਟ ਵਾਸਤੇ ਕਵਿਤਾ ਮੁਰਲੀਧਰਨ ਨੂੰ ਮੇਰਾ ਧੰਨਵਾਦ।
ਤਰਜਮਾ: ਕਮਲਜੀਤ ਕੌਰ