ਤਿਰਕਾਲਾਂ ਪੈਂਦਿਆਂ ਹੀ ਉਹ ਤੁਰ ਪੈਂਦਾ ਅਤੇ ਇੱਕ ਸੁੰਨਸਾਨ ਪਾਰਕ ਵਿੱਚ ਚਲਾ ਜਾਂਦਾ। ਉੱਥੇ ਇੱਕ ਬੈਂਚ ‘ਤੇ ਬਹਿੰਦਾ ਅਤੇ ਆਪਣੇ ਨਾਲ਼ ਕਰਕੇ ਹੀ ਵੱਡਾ ਸਾਰਾ ਸੋਟਾ ਅਤੇ ਆਪਣਾ ਛੋਟਾ ਜਿਹਾ ਫ਼ੋਨ ਟਿਕਾ ਲੈਂਦਾ। ਪੂਰੇ ਸਾਲ ਵਿੱਚ ਇਹ ਦੂਸਰੀ ਦਫ਼ਾ ਸੀ ਜਦੋਂ ਇਸ ਪਾਰਕ ਵਿੱਚ ਇੰਨੀ ਚੁੱਪ ਪਸਰੀ ਸੀ। ਬੱਚੇ ਅਤੇ ਵੱਡੇ ਸਾਰੇ ਦੇ ਸਾਰੇ ਇੱਕ ਵਾਰ ਫਿਰ ਆਪਣੇ ਘਰਾਂ ਅੰਦਰ ਬੰਦ ਸਨ।

ਉਹ ਪਿਛਲੇ ਕਈ ਦਿਨਾਂ ਤੋਂ ਪਾਰਕ ਆਉਣ ਲੱਗਿਆ ਸੀ। ਜਿਵੇਂ ਤਿਰਕਾਲਾਂ ਘਿਰਦੀਆਂ ਅਤੇ ਸਟ੍ਰੀਟਲਾਈਟਾਂ ਜਗ ਉੱਠਦੀਆਂ, ਜ਼ਮੀਨ ਰੁੱਖਾਂ ਦੀਆਂ ਟਹਿਣੀਆਂ ਦੇ ਪਰਛਾਵਿਆਂ ਨਾਲ਼ ਭਰ ਜਾਂਦੀ। ਰੁੱਖਾਂ ਕਾਰਨ ਰੁਮਕਦੀ ਰੁਮਕਦੀ ਹਵਾ ਚੱਲਦੀ, ਜਿਸ ਕਾਰਨ ਭੁੰਜੇ ਡਿੱਗੇ ਸੁੱਕੇ ਪੱਤੇ ਆਪਣਾ ਹੀ ਨਾਚ ਛੋਹ ਲੈਂਦੇ। ਬਾਹਰ ਭਾਵੇਂ ਰੌਸ਼ਨੀ ਸੀ ਪਰ ਉਹਦੇ ਅੰਦਰ ਹਨ੍ਹੇਰਾ ਖ਼ੂਹ ਸੀ। ਉਹ ਘੰਟਿਆਂ-ਬੱਧੀ ਉੱਥੇ ਬੈਠਾਂ ਰਹਿੰਦਾ, ਸ਼ਾਂਤ... ਪਰ ਉਹਦੇ ਅੰਦਰ ਰੌਲ਼ਾ ਬੜਾ ਉੱਚਾ ਸੀ।

ਤਕਰੀਬਨ 25-26 ਸਾਲ ਦਾ ਇਹ ਵਿਅਕਤੀ ਭਾਵੇਂ ਇੱਥੋਂ ਦੇ ਲੋਕਾਂ ਲਈ ਜਾਣਿਆਂ-ਪਛਾਣਿਆਂ ਚਿਹਰਾ ਸੀ ਪਰ ਅਜੇ ਵੀ ਕਈ ਲੋਕਾਂ ਵਾਸਤੇ ਅਣਜਾਣ ਹੀ ਰਿਹਾ ਸੀ। ਉਹਦੀ ਵਰਦੀ ਉਹਦੇ ਕੰਮ ਦੀ ਪਛਾਣ ਸੀ- ਇਹੀ ਕਿ ਉਹ ਨੇੜਲੀ ਇਮਾਰਤ ਦਾ ਚੌਕੀਦਾਰ ਸੀ। ਉਹਦਾ ਨਾਮ... ਨਾਮ ਦੀ ਕਿਹਨੂੰ ਪਈ ਸੀ? ਸੱਤ ਸਾਲਾਂ ਦੇ ਆਪਣੇ ਕੰਮ (ਸੁਰੱਖਿਆ ਗਾਰਡ ਵਜੋਂ) ਦੇ ਬਾਵਜੂਦ ਵੀ, ਇਮਾਰਤ ਵਿੱਚ ਰਹਿੰਦੇ ਲੋਕਾਂ ਲਈ ਉਹ ਗੁਮਨਾਮ ਹੀ ਰਿਹਾ।

ਉਹ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ਤੋਂ ਇੱਥੇ ਕੰਮ ਕਰਨ ਆਇਆ ਸੀ। ਉਸ ਇਲਾਕੇ ਤੋਂ ਜਿੱਥੇ ਉਹਦੇ ਪਿਤਾ ਦੀ ਹੱਤਿਆ ਇਸਲਈ ਕਰ ਦਿੱਤੀ ਗਈ ਸੀ ਕਿਉਂਕਿ ਉਹ ਇੱਕ ਕਵੀ ਅਤੇ ਕਹਾਣੀਕਾਰ ਸਨ ਅਤੇ ਆਪਣੇ ਵਿਚਾਰਾਂ ਦੀ ਅਵਾਜ਼ ਸਨ ਅਤੇ ਆਪਣੇ ਵਿਚਾਰਾਂ ਦਾ ਪ੍ਰਗਟਾਅ ਕਰਦੇ ਸਨ। ਉਨ੍ਹਾਂ ਦੀਆਂ ਲਿਖਤਾਂ ਅਤੇ ਕਿਤਾਬਾਂ ਨੂੰ ਸਾੜ-ਸੁਆਹ ਕੀਤਾ ਗਿਆ ਜੋ ਕਿ ਉਨ੍ਹਾਂ ਦਾ ਸਰਮਾਇਆ ਸਨ। ਬੱਸ ਮਗਰ ਇੱਕ ਟੁੱਟੀ-ਭੱਜੀ ਅਤੇ ਅੱਧ-ਸੜੀ ਕੁੱਲੀ ਦਾ ਇੱਕ ਹਿੱਸਾ ਜਿਹਾ ਰਹਿ ਗਿਆ ਜਿੱਥੇ ਇੱਕ ਮਾਂ ਅਤੇ ਦਸ-ਸਾਲਾਂ ਬੇਟਾ ਰਹਿ ਗਏ। ਮਾਂ ਨੂੰ ਡਰ ਸੀ: ਕੀ ਹੋਊ ਜੇਕਰ ਉਹ ਮੇਰੇ ਪੁੱਤ ਨੂੰ ਹੀ ਲੈ ਗਏ? ਉਹਨੇ ਆਪਣੇ ਪੁੱਤ ਨੂੰ ਭੱਜ ਜਾਣ ਲਈ ਕਿਹਾ, ਜਿੰਨੀ ਦੂਰ ਹੋ ਸਕੇ ਚਲੇ ਜਾਣ ਲਈ ਕਿਹਾ।

ਉਹ ਪੜ੍ਹਨਾ ਚਾਹੁੰਦਾ ਸੀ, ਉਹਦੇ ਕਈ ਸੁਪਨੇ ਸਨ, ਪਰ ਸਮੇਂ ਦੀ ਮਾਰ ਦੇਖੋ ਉਹਨੇ ਮੁੰਬਈ ਰੇਲਵੇ ਸਟੇਸ਼ਨ ‘ਤੇ ਖ਼ੁਦ ਨੂੰ ਬੂਟ ਪਾਲਸ਼ ਕਰਨ ਲਈ ਮਜ਼ਬੂਰ ਦੇਖਿਆ। ਉਹਨੇ ਸੀਵਰ ਸਾਫ਼ ਕੀਤੇ, ਨਿਰਮਾਣ-ਥਾਵਾਂ ‘ਤੇ ਕੰਮ ਕੀਤਾ ਅਤੇ ਹੌਲ਼ੀ-ਹੌਲ਼ੀ ਕੰਮ ਦੀ ਤਰੱਕੀ ਹੁੰਦੇ ਹੁੰਦੇ ਉਹ ਸੁਰੱਖਿਆ ਗਾਰਡ ਦੇ ਅਹੁੱਦੇ ਤੱਕ ਪਹੁੰਚ ਗਿਆ। ਹੁਣ ਉਹ ਆਪਣੀ ਮਾਂ ਨੂੰ ਪੈਸੇ ਭੇਜਣ ਜੋਗਾ ਹੋ ਗਿਆ। ਮਾਂ ਦੀ ਇੱਛਾ ਹੋਈ ਕਿ ਉਹ ਛੇਤੀ ਛੇਤੀ ਵਿਆਹ ਕਰ ਲਵੇ।

ਮਾਂ ਨੇ ਪੁੱਤ ਵਾਸਤੇ ਕੁੜੀ ਲੱਭੀ। ਉਹ ਉਹਦੀਆਂ ਕਾਲ਼ੀਆਂ ਅੱਖਾਂ ਦੀ ਗ੍ਰਿਫ਼ਤ ਵਿੱਚ ਆ ਗਿਆ। ਮਧੁਨਾ ਭੰਗੀ ਸਿਰਫ਼ 17 ਸਾਲਾਂ ਦੀ ਸਨ ਅਤੇ ਆਪਣੇ ਨਾਮ ਵਾਂਗਰ ਓਨੀ ਹੀ ਪਿਆਰੀ ਅਤੇ ਹੱਸਮੁਖ ਸਨ। ਉਹ ਉਹਨੂੰ ਆਪਣੇ ਨਾਲ਼ ਮੁੰਬਈ ਲੈ ਆਇਆ। ਪਹਿਲਾਂ ਉਹ ਨਾਲਾਸੋਪਾਰਾ ਦੀ ਛੋਟੀ ਜਿਹੀ ਚਾਲ (ਵਿਹੜੇ) ਵਿਖੇ 10 ਲੋਕਾਂ ਨਾਲ਼ ਰਲ਼ ਕੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਸੀ। ਪਰ ਮਧੁਨਾ ਦੇ ਆ ਜਾਣ ਬਾਅਦ ਉਹਨੇ ਕੁਝ ਦਿਨਾਂ ਲਈ ਆਪਣੇ ਦੋਸਤ ਦਾ ਕਮਰਾ ਕਿਰਾਏ ‘ਤੇ ਲੈ ਲਿਆ। ਦੋਵਾਂ ਨੇ ਚੰਗਾ ਸਮਾਂ ਇਕੱਠੇ ਬਿਤਾਇਆ। ਪਰ ਛੇਤੀ ਹੀ ਉਹ ਰੇਲਗੱਡੀਆਂ ਦੀ ਭੀੜ, ਗਗਨਚੁੰਬੀ ਇਮਾਰਤਾਂ, ਭੀੜੀਆਂ ਬਸਤੀਆਂ ਦੇ ਇਸ ਪੂਰੇ ਮਾਹੌਲ ਤੋਂ ਤੰਗ ਹੋ ਗਈ। ਇੱਕ ਦਿਨ ਉਹਨੇ ਕਿਹਾ: “ਮੈਂ ਹੁਣ ਇੱਥੇ ਹੋਰ ਨਹੀਂ ਠਹਿਰ ਸਕਦੀ। ਇੱਥੇ ਪਿੰਡ ਜਿਹੀ ਤਾਜ਼ੀ ਹਵਾ ਕਿੱਥੇ।” ਜਦੋਂ ਇਸ ਸੁਰੱਖਿਆ ਗਾਰਡ ਨੇ ਆਪਣੇ ਪਿੰਡ ਤੋਂ ਵਿਦਾ ਲਈ ਸੀ ਤਾਂ ਇਹੀ ਵਿਚਾਰ ਮਨ ਵਿੱਚ ਆਇਆ ਸੀ।

ਇਸੇ ਦੌਰਾਨ, ਮਧੁਨਾ ਗਰਭਵਤੀ ਹੋ ਗਈ। ਉਹ ਵਾਪਸ ਪਿੰਡ ਚਲੀ ਗਈ। ਚੌਕੀਦਾਰ ਵੀ ਆਪਣੀ ਪਤਨੀ ਕੋਲ਼ ਜਾ ਕੇ ਰਹਿਣ ਦੀ ਯੋਜਨਾ ਬਣਾ ਰਿਹਾ ਸੀ ਕਿ ਤਾਲਾਬੰਦੀ ਨੇ ਉਹਦੇ ਸਾਰੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ। ਉਹਨੇ ਛੁੱਟੀ ਲਈ ਬਿਨੈ ਕੀਤਾ, ਹਾੜ੍ਹੇ ਕੱਢੇ ਪਰ ਉਹਦੇ ਮਾਲਕਾਂ ਨੇ ਮਨ੍ਹਾ ਕਰ ਦਿੱਤਾ। ਉਹਨੇ ਕਿਹਾ ਗਿਆ ਕਿ ਜੇ ਉਹ ਘਰੇ ਗਿਆ ਤਾਂ ਵਾਪਸ ਮੁੜਨ ‘ਤੇ ਉਹਨੂੰ ਨੌਕਰੀ ‘ਤੇ ਦੋਬਾਰਾ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਝ ਉਹ ਘਰ ਜਾ ਕੇ ਆਪਣੇ ਨਵਜਾਤ ਬੱਚੇ ਨੂੰ ਵੀ ਸੰਕ੍ਰਮਿਤ ਕਰ ਸਕਦਾ ਹੈ।

ਚੌਕੀਦਾਰ ਨੇ ਲੋਕਾਂ ਦੀ ਉਹਦੇ ਪ੍ਰਤੀ ਫ਼ਿਕਰ (ਜਦੋਂਕਿ ਉਨ੍ਹਾਂ ਦੀ ਅਸਲ ਫ਼ਿਕਰ ਤਾਂ ਆਪਣੀ ਸੁਰੱਖਿਆ ਨਾਲ਼ ਜੁੜੀ ਹੋਈ ਸੀ) ਨੂੰ ਸੱਚ ਸਮਝ ਲਿਆ ਅਤੇ ਖ਼ੁਦ ਨੂੰ ਧਰਵਾਸ ਦਿੱਤਾ। ਉਹਨੇ ਸੋਚਿਆ ਚਲੋ ਕੁਝ ਹਫ਼ਤਿਆਂ ਦੀ ਤਾਂ ਗੱਲ ਹੈ। ਬਾਕੀ ਪੈਸੇ ਦੀ ਤਾਂ ਆਪਣੀ ਹੀ ਅਹਿਮੀਅਤ ਹੈ- ਜਿਸ ਨਾਲ਼ ਉਹ ਜੋ ਚਾਹੇ ਆਪਣੀ ਬੱਚੀ ਨੂੰ ਲੈ ਕੇ ਦੇ ਸਕਦਾ ਹੈ, ਖ਼ਾਸ ਕਰਕੇ ਜਿਹੜੀਆਂ ਚੀਜ਼ਾਂ ਤੋਂ ਵਿਹੂਣਾ ਉਹਦਾ ਆਪਣਾ ਬਚਪਨ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹਨੇ ਬਜ਼ਾਰ ਵਿੱਚ ਇੱਕ ਪੀਲ਼ੇ ਰੰਗ ਦੀ ਪੁਸ਼ਾਕ (ਬੱਚੀ ਦੀ) ਦੇਖੀ ਸੀ। ਉਹ ਦੁਕਾਨ ਖੁੱਲ੍ਹਣ ਬਜ਼ਾਰ ਖੁੱਲ੍ਹਣ ਦੀ ਉਡੀਕ ਵਿੱਚ ਰਿਹਾ, ਕਿਉਂਕਿ ਉਹਨੇ ਮਧੁਨਾ ਵਾਸਤੇ ਸਾੜੀ ਵੀ ਖਰੀਦਣੀ ਸੀ। ਉਹਦੇ ਬੇਚੈਨੀ ਦੇ ਪਲਾਂ ਵਿੱਚ ਵੀ ਉਹਦੇ ਅੰਦਰ ਆਪਣੀ ਬੱਚੀ ਨੂੰ ਦੇਖਣ ਦੀ ਤਾਂਘ ਹੀ ਲੱਗੀ ਰਹਿੰਦੀ।

ਪਿੰਡ ਵਿੱਚ ਮਧੁਨਾ ਕੋਲ਼ ਫ਼ੋਨ ਨਹੀਂ ਸੀ ਅਤੇ ਨੈੱਟਵਰਕ ਦੀ ਵੀ ਹਾਲਤ ਬੜੀ ਖ਼ਸਤਾ ਸੀ। ਇੱਕ ਰੁਕਾ ਜਿਸ ‘ਤੇ ਚੌਕੀਦਾਰ ਨੇ ਆਪਣਾ ਨੰਬਰ ਝਰੀਟ ਕੇ ਦਿੱਤੀ ਸੀ, ਉਹ ਉਸ ਰੁਕੇ ਨੂੰ ਚੁੱਕਦੀ ਅਤੇ ਕਰਿਆਨੇ ਦੀ ਇੱਕ ਦੁਕਾਨ ਦੇ ਕੋਲ਼ ਬਣੇ ਫ਼ੋਨ-ਬੂਥ ਲੈ ਜਾਂਦੀ। ਜਦੋਂ ਕਦੇ ਦੁਕਾਨ ਬੰਦ ਹੁੰਦੀ ਤਾਂ ਉਹ ਗੁਆਂਢੀ ਦਾ ਮੋਬਾਇਲ ਮੰਗ ਕੇ ਗੱਲਾਂ ਕਰਿਆ ਕਰਦੀ।

ਉਹ ਆਪਣੇ ਪਤੀ ਨੂੰ ਘਰ ਮੁੜਨ ਦੇ ਹਾੜੇ ਕੱਢਿਆ ਕਰਦੀ। ਪਰ ਉਹ ਮੁੰਬਈ ਫਸਿਆ ਸੀ ਅਤੇ ਉੱਥੋਂ ਹਿੱਲ ਵੀ ਨਹੀਂ ਸਕਦਾ ਸੀ। ਕੁਝ ਹਫ਼ਤਿਆਂ ਬਾਅਦ ਉਹਨੂੰ ਪਤਾ ਲੱਗਿਆ ਕਿ ਉਨ੍ਹਾਂ ਘਰ ਛੋਟੀ ਜਿਹੀ ਬੱਚੀ ਨੇ ਜਨਮ ਲਿਆ ਹੈ। ਉਨ੍ਹਾਂ ਨੇ ਉਹਦਾ ਨਾਮ ਨਹੀਂ ਰੱਖਿਆ, ਕਿਉਂਕਿ ਮਧੁਨਾ ਚਾਹੁੰਦੀ ਸੀ ਕਿ ਉਹ ਪਹਿਲਾਂ ਬੱਚੇ ਨੂੰ ਦੇਖ ਲਵੇ।

ਦੇਰ ਨੂੰ ਜਦੋਂ ਰੌਸ਼ਨੀਆਂ ਕੁਝ ਕੁਝ ਧੁੰਦਲੀਆਂ ਹੋਣ ਲੱਗੀਆਂ, ਚੌਕੀਦਾਰ ਬੈਂਚ ਤੋਂ ਉੱਠਿਆ ਅਤੇ ਗੇੜ੍ਹਾ ਲਾਉਣ ਲਈ ਤੁਰ ਪਿਆ। ਸਾਰੇ ਫ਼ਲੈਟਾਂ ਦੀਆਂ ਬੱਤੀਆਂ ਬਾਹਰ ਝਾਕ ਰਹੀਆਂ ਸਨ। ਕੁਝ ਘਰਾਂ ਵਿੱਚ ਟੈਲੀਵਿਯਨਾਂ ਦੀ ਰੌਸ਼ਨੀ ਬਾਹਰ ਆ ਰਹੀ ਸੀ। ਕੋਈ ਬੱਚਾ ਜ਼ੋਰ ਜ਼ੋਰ ਦੀ ਹੱਸ ਰਿਹਾ ਸੀ। ਕਿਤਿਓਂ ਕਿਸੇ ਪਾਸਿਓਂ ਕੂਕਰ ਦੀ ਸੀਟੀ ਬੋਲੀ।

ਤਾਲਾਬੰਦੀ ਦੌਰਾਨ, ਉਹਨੇ ਲੋਕਾਂ ਦੇ ਘਰਾਂ ਵਿੱਚ 24-24 ਘੰਟੇ ਭੋਜਨ ਪਹੁੰਚਾਉਣ/ਫੜ੍ਹਾਉਣ ਦਾ ਕੰਮ ਵੀ ਕੀਤਾ ਸੀ। ਮਨ ਵਿੱਚ ਇਹੀ ਉਮੀਦ ਪਾਲ਼ੀ ਕਿ ਮਧੁਨਾ ਅਤੇ ਉਹਦੀ ਛੋਟੀ ਬੱਚੀ ਕੋਲ਼ ਰੱਜਵਾਂ ਭੋਜਨ ਹੋਵੇਗਾ। ਉਹਨੇ ਇਮਾਰਤ ਦੇ ਬੀਮਾਰ ਲੋਕਾਂ ਨੂੰ ਐਂਬੂਲੈਂਸ ਵਿੱਚ ਚੜ੍ਹਾਉਣ ਵਿੱਚ ਵੀ ਮਦਦ ਕੀਤੀ। ਉਹਨੇ ਮਦਦ ਦੇ ਚੱਕਰ ਵਿੱਚ ਇਹ ਤੱਕ ਨਾ ਸੋਚਿਆ ਕਿ ਬੀਮਾਰੀ ਕਿਸੇ ਨਾ ਕਿਸੇ ਦਿਨ ਉਹਨੂੰ ਵੀ ਜਕੜ ਸਕਦੀ ਸੀ। ਉਹਦੇ ਨਾਲ਼ ਕੰਮ ਕਰਦਾ ਇੱਕ ਬੰਦਾ ਸੰਕ੍ਰਮਿਤ ਹੋਇਆ ਤਾਂ ਉਹਨੂੰ ਕੰਮ ਤੋਂ ਕੱਢ ਬਾਹਰ ਕੀਤਾ ਗਿਆ। ਹੁਣ ਵਿਚਾਰਾ ਚੌਕੀਦਾਰ ਨੌਕਰੀ ਖੁੱਸਣ ਦੇ ਡਰੋਂ ਖੰਘਦਾ ਵੀ ਇਕਾਂਤ ਵਿੱਚ ਜਾ ਕੇ ਸੀ।

ਉਹਨੇ ਇੱਕ ਨੌਕਰਾਣੀ ਨੂੰ ਬਿਲਡਿੰਗ ਦੇ ਬਾਹਰ ਕੰਮ ‘ਤੇ ਵਾਪਸ ਰੱਖੇ ਜਾਣ ਲਈ ਹਾੜੇ ਕੱਢਦਿਆਂ ਦੇਖਿਆ। ਉਹਦਾ ਬੇਟਾ ਤਪੇਦਿਕ ਅਤੇ  ਭੁੱਖ ਨਾਲ਼ ਮਰ ਰਿਹਾ ਸੀ ਅਤੇ ਉਹਦਾ ਪਤੀ ਪੂਰੀ ਕਮਾਈ ਲੈ ਕੇ ਫ਼ਰਾਰ ਹੋ ਗਿਆ ਸੀ। ਕੁਝ ਦਿਨਾਂ ਬਾਅਦ ਚੌਕੀਦਾਰ ਨੇ ਉਸੇ ਔਰਤ ਨੂੰ ਆਪਣੀ ਇੱਕ ਛੋਟੀ ਜਿਹੀ ਬੱਚੀ ਦੇ ਨਾਲ਼ ਸੜਕਾਂ ‘ਤੇ ਭੀਖ ਮੰਗਦੇ ਦੇਖਿਆ।

ਉਹਨੇ ਦੇਖਿਆ ਕਿ ਇੱਕ ਸਬਜ਼ੀ ਵਾਲ਼ੇ ਦਾ ਠੇਲਾ ਕੁਝ ਸਥਾਨਕ ਗੁੰਡਿਆਂ ਨੇ ਉਲਟਾ ਦਿੱਤਾ ਅਤੇ ਠੇਲੇ ਦੇ ਨਾਲ਼ ਨਾਲ਼ ਉਸ ਵਿਚਾਰੇ ਦੀ ਜ਼ਿੰਦਗੀ ਵੀ ਉਲਟ ਗਈ। ਉਹਨੇ ਹੱਥ ਜੋੜੇ, ਹਾੜੇ ਕੱਢੇ ਅਤੇ ਜ਼ਾਰ ਜ਼ਾਰ ਰੋਂਦਾ ਰਿਹਾ ਕਿ ਉਹਨੂੰ ਕੰਮ ਕਰਨ ਦਿੱਤਾ ਜਾਵੇ। ਉਹਦੇ ਕੋਲ਼ ਉਸ ਦਿਨ ਇਫ਼ਤਾਰ ਜੋਗੇ ਵੀ ਪੈਸੇ ਨਹੀਂ ਸਨ। ਉਹਦੇ ਘਰ ਵਾਲ਼ੇ ਉਹਦੀ ਉਡੀਕ ਵਿੱਚ ਸਨ। ਗੁੰਡਿਆਂ ਨੇ ਕਿਹਾ ਕਿ ਉਹ ਤਾਂ ਉਹਨੂੰ ਸੰਕ੍ਰਮਿਤ ਹੋਣ ਤੋਂ ਬਚਾ ਰਹੇ ਹਨ। ਪੂਰੀ ਸੜਕ ‘ਤੇ ਉਹਦੀ ਸਬਜ਼ੀ ਕਿਸੇ ਸਬਜ਼ੀ ਮੰਡੀ ਵਾਂਗਰ ਖਿਲਾਰ ਦਿੱਤੀ ਗਈ ਅਤੇ ਠੇਲਾ ਉਲਟਾ ਦਿੱਤਾ ਗਿਆ। ਉਹ ਇਕੱਲੀ ਇਕੱਲੀ ਸਬਜ਼ੀ ਚੁੱਕ ਚੁੱਕ ਕੇ ਕਮੀਜ਼ ਵਿੱਚ ਰੱਖਣ ਲੱਗਿਆ, ਫਿੱਸੇ ਟਮਾਟਰਾਂ ਕਾਰਨ ਉਹਦੀ ਕਮੀਜ਼ ਲਾਲ ਹੋ ਗਈ। ਛੇਤੀ ਹੀ ਸਾਰਾ ਸਮਾਨ ਉੱਥੋਂ ਹਟਾ ਦਿੱਤਾ ਗਿਆ।

ਉੱਥੇ ਰਹਿਣ ਵਾਲ਼ੇ ਲੋਕ ਆਪਣੀਆਂ ਖਿੜਕੀਆਂ ‘ਚੋਂ ਬਾਹਰ ਝਾਕ ਝਾਕ ਕੇ ਵੀਡਿਓ ਬਣਾ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਂਦੇ ਰਹੇ। ਕਿਤੇ ਕਿਸੇ ਥਾਵੇਂ ਸਰਕਾਰ ਵੱਲ ਗੁੱਸੇ ਭਰੀਆਂ ਲਿਖਤਾਂ ਵੀ ਭੇਜੀਆਂ ਗਈਆਂ।

ਕੁਝ ਸਮਾਂ ਪਹਿਲਾਂ ਉਹਨੇ ਬਜ਼ਾਰ ਵਿੱਚ ਇੱਕ ਪੀਲ਼ੇ ਰੰਗ ਦੀ ਪੁਸ਼ਾਕ (ਬੱਚੀ ਦੀ) ਦੇਖੀ ਸੀ। ਉਹ ਦੁਕਾਨ ਖੁੱਲ੍ਹਣ ਬਜ਼ਾਰ ਖੁੱਲ੍ਹਣ ਦੀ ਉਡੀਕ ਵਿੱਚ ਰਿਹਾ, ਕਿਉਂਕਿ ਉਹਨੇ ਮਧੁਨਾ ਵਾਸਤੇ ਸਾੜੀ ਵੀ ਖਰੀਦਣੀ ਸੀ

ਦਸੰਬਰ ਆਉਂਦੇ ਆਉਂਦੇ ਚੌਕੀਦਾਰ ਦੀ ਉਮੀਦ ਬੱਝੀ ਜਿਵੇਂ ਹੁਣ ਉਹ ਪਿੰਡ ਜਾ ਸਕੇਗਾ ਕਿਉਂਕਿ ਬਾਕੀ ਦੇ ਚੌਕੀਦਾਰ ਹੌਲ਼ੀ ਹੌਲ਼ੀ ਕੰਮਾਂ ‘ਤੇ ਮੁੜਨ ਲੱਗੇ ਸਨ। ਪਰ ਕੁਝ ਨਵੇਂ ਲੋਕ ਵੀ ਕੰਮ ਦੀ ਭਾਲ਼ ਵਿੱਚ ਇੱਧਰ ਆ ਰਹੇ ਸਨ। ਉਹਨੇ ਦੇਖਿਆ ਕਿ ਇਹ ਬੇਰੁਜ਼ਗਾਰ ਲੋਕ ਉਹਦੇ ਵੱਲ ਈਰਖਾ ਨਾਲ਼ ਦੇਖਦੇ ਹਨ। ਇਹ ਭਾਂਪਦਿਆ ਕਿ ਜਿਓਂ ਹੀ ਉਹਨੇ ਛੁੱਟੀ ਮੰਗੀ, ਉਹਦੀ ਥਾਂ ਕਿਸੇ ਨਾ ਕਿਸੇ ਨਵੇਂ ਬੰਦੇ ਨੇ ਲੈ ਲੈਣੀ ਸੀ। ਇੰਝ ਉਹਨੇ ਖ਼ੁਦ ਨੂੰ ਥੋੜ੍ਹਾ ਸਮਾਂ ਉੱਥੇ ਹੋਰ ਟਿਕੇ ਰਹਿਣ ਲਈ ਮਨਾ ਹੀ ਲਿਆ। ਆਖ਼ਰਕਾਰ ਉਹਦੀ ਹਰ ਕੁਰਬਾਨੀ ਮਧੁਨਾ ਅਤੇ ਉਹਦੀ ਬੱਚੀ ਦੇ ਲੇਖੇ ਹੀ ਲੱਗਣੀ ਸੀ। ਉਹ ਜਾਣਦਾ ਸੀ ਕਿ ਉਹਦੀ ਪਤਨੀ ਉਹਨੂੰ ਕਦੇ ਸ਼ਿਕਾਇਤ ਨਹੀਂ ਕਰੇਗੀ ਕਿ ਪਿੰਡ ਦਾ ਜਿਮੀਂਦਾਰ ਕਰਜਾ ਵਾਪਸੀ ਨੂੰ ਲੈ ਕੇ ਉਹਨੂੰ ਕਿੰਨਾ ਪਰੇਸ਼ਾਨ ਕਰਦਾ ਹੈ ਅਤੇ ਨਾ ਹੀ ਕਦੇ ਅੱਧੇ-ਭਰੇ ਢਿੱਡ ਸੌਣ ਦੀ ਮਜ਼ਬੂਰੀ ਨੂੰ ਲੈ ਕੇ ਤਾਅਨਾ ਹੀ ਮਾਰੇਗੀ।

ਉਦੋਂ ਹੀ ਦੂਸਰੀ ਤਾਲਾਬੰਦੀ ਦੀ ਖ਼ਬਰ ਆ ਗਈ। ਐਂਬੂਲੈਂਸਾਂ ਦੇ ਹਾਰਨ ਪੂਰਾ ਪੂਰਾ ਦਿਨ ਗੂੰਜਦੇ ਰਹਿੰਦੇ, ਇਸ ਵਾਰ ਪਿਛਲੇ ਸਾਲ ਮੁਕਾਬਲੇ ਜ਼ਿਆਦਾ ਬੁਰਾ ਹਾਲ ਸੀ। ਉਹਨੇ ਦੇਖਿਆ ਇੱਕ ਬਜ਼ੁਰਗ ਪਿਤਾ ਦੇ ਸੰਕ੍ਰਮਿਤ ਹੁੰਦਿਆਂ ਹੀ ਘਰ ਵਾਲ਼ਿਆਂ ਨੇ ਉਹਨੂੰ ਘਰੋਂ ਬਾਹਰ ਕੱਢ ਸੁੱਟਿਆ।

ਉਹਨੇ ਛੋਟੇ-ਵੱਡੇ ਸਾਰੇ ਬੱਚਿਆਂ ਨੂੰ ਰੋਂਦੇ ਵਿਲ਼ਕਦੇ ਹਸਪਤਾਲ ਲਿਜਾਏ ਜਾਂਦੇ ਦੇਖਿਆ।

ਮਧੁਨਾ ਨੂੰ ਛੇਤੀ ਘਰ ਆਉਣ ਦਾ ਵਾਅਦਾ ਕਰਕੇ ਉਹ ਕੰਮ ਕਰਦਾ ਰਿਹਾ। ਹਰ ਵਾਰੀ ਰੌਂਦੀ, ਉਹ ਸਹਿਮੀ ਸਹਿਮੀ ਕਹਿੰਦੀ: “ਆਪਣੇ ਆਪ ਨੂੰ ਬਚਾਓ। ਸਾਨੂੰ ਸਿਰਫ਼ ਤੂੰ ਚਾਹੀਦਾ ਹੈਂ। ਸਾਡੀ ਬੱਚੀ ਨੂੰ ਅਜੇ ਤੱਕ ਆਪਣੇ ਪਿਤਾ ਦੀ ਛੂਹ ਨਹੀਂ ਮਿਲ਼ੀ।” ਪਤਨੀ ਦੇ ਸ਼ਬਦ ਉਹਨੂੰ ਅੰਦਰੋਂ ਚੀਰ ਸੁੱਟਦੇ ਪਰ ਬੱਚੀ ਦੀ  ਅਵਾਜ਼ ਉਹਦੇ ਕੰਨਾਂ ਨੂੰ ਸਕੂਨ ਬਖ਼ਸ਼ਦੀ ਸੀ। ਕੁਝ ਪਲਾਂ ਦੀ ਇਹ ਕਾਲ (ਵਾਰਤਾਲਾਪ) ਦੋਵਾਂ ਦੀ ਮੁਕੰਮਲ ਦੁਨੀਆ ਹੋ ਨਿਬੜਦੀ। ਉਹ ਬੋਲਦੇ ਤਾਂ ਘੱਟ ਸਨ, ਪਰ ਇੱਕ ਦੂਜੇ ਨੂੰ ਮਹਿਸੂਸ ਵੱਧ ਕਰਦੇ ਸਨ। ਇੰਨੀ ਦੂਰੋਂ ਵੀ ਇੱਕ ਦੂਜੇ ਦੇ ਸਾਹ ਸੁਣ ਲੈਂਦੇ ਸਨ।

ਫਿਰ ਇੱਕ ਦਿਨ ਫ਼ੋਨ ਦੀ ਘੰਟੀ ਵੱਜੀ: “ਕਿਤੇ ਕੋਈ ਹਸਪਤਾਲ ਉਨ੍ਹਾਂ ਨੂੰ ਭਰਤੀ ਨਹੀਂ ਕਰ ਰਿਹਾ। ਕਿਤੇ ਕੋਈ ਬੈੱਡ ਵੀ ਖਾਲੀ ਨਹੀਂ ਕਿਤੇ ਆਕਸੀਜਨ ਵੀ ਨਹੀਂ ਹੈ। ਤੇਰੀ ਪਤਨੀ ਅਤੇ ਬੱਚੀ ਅਖ਼ੀਰਲੇ ਸਾਹ ਤੱਕ ਤੜਫਦੀਆਂ ਰਹੀਆਂ,”  ਇੱਕ ਪਿੰਡ ਵਾਲ਼ੇ ਨੇ ਬੜੀ ਘਬਰਾਹਟ ਨਾਲ਼ ਕਿਹਾ। ਉਹ ਫ਼ੋਨ ‘ਤੇ ਦੱਸ ਰਿਹਾ ਸੀ ਉਹ ਖ਼ੁਦ ਆਪਣੇ ਪਿਤਾ ਵਾਸਤੇ ਆਕਸੀਜਨ ਲੱਭਣ ਲਈ ਭਟਕ ਰਿਹਾ ਸੀ। ਪੂਰਾ ਪਿੰਡ ਸਾਹਾਂ ਲਈ ਭੀਖ ਮੰਗ ਰਿਹਾ ਸੀ।

ਉਹ ਅਖ਼ੀਰਲਾ ਤੰਦ ਜਿਹਨੇ ਉਹਨੂੰ ਸੰਭਾਲ਼ਿਆ ਹੋਇਆ ਸੀ, ਟੁੱਟ ਚੁੱਕਾ ਸੀ। ਉਹਦੇ ਮਾਲਕ ਨੇ ਅਖ਼ੀਰ ਉਹਨੂੰ ਛੁੱਟੀ ਦੇ ਦਿੱਤੀ। ਪਰ ਹੁਣ ਉਹ ਕਿੱਥੇ ਅਤੇ ਕਿਹਦੇ ਵਾਸਤੇ ਪਰਤ ਕੇ ਜਾਂਦਾ? ਉਹ ਖਾਣੇ ਦੇ ਪੈਕਟ ਘਰੋ-ਘਰੀ ਪਹੁੰਚਾਉਣ ਦੇ ਆਪਣੇ ‘ਕੰਮ’ ਵਿੱਚ ਦੋਬਾਰਾ ਜਾ ਲੱਗਾ। ਉਹਦੇ ਛੋਟੇ ਜਿਹੇ ਝੋਲ਼ੇ ਵਿੱਚ ਉਹ ਪੀਲ਼ੀ ਪੁਸ਼ਾਕ ਅਤੇ ਮਧੁਨਾ ਲਈ ਖਰੀਦੀ ਸਾੜੀ ਪਈ ਹੀ ਰਹਿ ਗਈ। ਮਧੁਨਾ ਅਤੇ ਉਹਦੀ ਬੇਨਾਮ ਬੱਚੀ ਨੂੰ ਪਤਾ ਨਹੀਂ ਕਿੱਥੇ ਕਿਹੜੇ ਖੂੰਝੇ ਵਿੱਚ ਸਾੜ ਦਿੱਤਾ ਗਿਆ ਸੀ ਜਾਂ ਕਿਤੇ ਦਫ਼ਨ ਹੀ ਕਰ ਦਿੱਤਾ ਗਿਆ ਸੀ... ਕੀ ਕਦੀ ਕੋਈ ਦੱਸ ਸਕੇਗਾ?

ਤਰਜਮਾ: ਕਮਲਜੀਤ ਕੌਰ

Aakanksha

آکانکشا (وہ صرف اپنے پہلے نام کا استعمال کرتی ہیں) پاری کی رپورٹر اور کنٹینٹ ایڈیٹر ہیں۔

کے ذریعہ دیگر اسٹوریز Aakanksha
Illustrations : Antara Raman

انترا رمن سماجی عمل اور اساطیری خیال آرائی میں دلچسپی رکھنے والی ایک خاکہ نگار اور ویب سائٹ ڈیزائنر ہیں۔ انہوں نے سرشٹی انسٹی ٹیوٹ آف آرٹ، ڈیزائن اینڈ ٹکنالوجی، بنگلورو سے گریجویشن کیا ہے اور ان کا ماننا ہے کہ کہانی اور خاکہ نگاری ایک دوسرے سے مربوط ہیں۔

کے ذریعہ دیگر اسٹوریز Antara Raman
Editor : Sharmila Joshi

شرمیلا جوشی پیپلز آرکائیو آف رورل انڈیا کی سابق ایڈیٹوریل چیف ہیں، ساتھ ہی وہ ایک قلم کار، محقق اور عارضی ٹیچر بھی ہیں۔

کے ذریعہ دیگر اسٹوریز شرمیلا جوشی
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur