ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।

ਇਹ ਤਾਂ ਮਿਹਰ ਰਹੀ ਕਿ ਉਸ ਦਿਨ ਉਹ ਛੱਤ ਗੁਣਵੰਤ ਦੇ ਉੱਪਰ ਨਹੀਂ ਡਿੱਗੀ, ਹਾਂ ਪਰ ਇਹਨੇ ਉਨ੍ਹਾਂ ਦੇ ਖੇਤ ਤੀਕਰ ਪਿੱਛਾ ਜ਼ਰੂਰ ਕੀਤਾ। ਉਹ ਦ੍ਰਿਸ਼ ਉਨ੍ਹਾਂ ਦੇ ਜ਼ਿਹਨ ਵਿੱਚ ਅੱਜ ਵੀ ਤਰੋਤਾਜ਼ਾ ਪਿਆ ਹੈ। ''ਸਾਡੇ ਖ਼ੇਤ ਦੇ ਇੱਕ ਖੂੰਝੇ ਬਣੀ ਛੰਨ ਦੀ ਛੱਤ (ਟੀਨ ਦੀ) ਉੱਡਦੀ ਹੋਈ ਮੇਰੇ ਵੱਲ ਆਈ। ਮੈਂ ਘਾਹ ਦੇ ਢੇਰ ਹੇਠਾਂ ਲੁੱਕ ਗਿਆ ਅਤੇ ਕਿਸੇ ਨਾ ਕਿਸੇ ਤਰ੍ਹਾਂ ਖ਼ੁਦ ਨੂੰ ਜ਼ਖ਼ਮੀ ਹੋਣੋਂ ਬਚਾਇਆ।''

ਵੈਸੇ ਰੋਜ਼ ਇੰਝ ਨਹੀਂ ਹੁੰਦਾ ਕਿ ਕੋਈ ਛੱਤ ਤੁਹਾਡਾ ਪਿੱਛਾ ਕਰੇ। ਅੰਬੁਲਗਾ ਪਿੰਡ ਵਿੱਚ ਗੁਣਵੰਤ ਹੁਲਸੁਲਕਰ ਜਿਹੜੀ ਟੀਨ ਦੀ ਛੱਤ ਤੋਂ ਆਪਣੀ ਜਾਨ ਬਚਾ ਰਹੇ ਸਨ, ਉਹ ਇਸੇ ਅਪ੍ਰੈਲ ਵਿੱਚ ਹੋਈ ਗੜ੍ਹੇਮਾਰੀ ਅਤੇ ਜਾਨਲੇਵਾ ਹਵਾਵਾਂ ਦੀ ਮਾਰ ਨਾਲ਼ ਟੁੱਟ ਗਈ।

ਜਦੋਂ 36 ਸਾਲਾ ਗੁਣਵੰਤ ਘਾਹ ਦੇ ਢੇਰ ਵਿੱਚੋਂ ਬਾਹਰ ਨਿਕਲ਼ੇ ਤਾਂ ਬਾਮੁਸ਼ਕਲ ਆਪਣਾ ਖੇਤ ਪਛਾਣ ਸਕੇ, ਉਹੀ ਖੇਤ ਜੋ ਨਿਲੰਗਾ ਤਾਲੁਕਾ ਵਿੱਚ ਸਥਿਤ ਹੈ। ਗੜ੍ਹੇਮਾਰੀ ਤੋਂ ਬਾਅਦ ਰੁੱਖਾਂ 'ਤੇ ਪਏ ਨਿਸ਼ਾਨ ਦਿਖਾਉਂਦੇ ਹੋਏ ਉਹ ਕਹਿੰਦੇ ਹਨ,''ਤਬਾਹੀ ਦਾ ਇਹ ਮੰਜ਼ਰ ਕੋਈ 18-20 ਮਿੰਟ ਚੱਲਿਆ ਹੋਣਾ... ਪਰ ਕਈ ਰੁੱਖ ਡਿੱਗ ਗਏ, ਮਰੇ ਹੋਏ ਪੰਛੀ ਇੱਧਰ-ਉੱਧਰ ਖਿੰਡੇ ਪਏ ਸਨ ਅਤੇ ਸਾਡੇ ਡੰਗਰ ਵੀ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਏ।''

''ਹਰ 16-18 ਮਹੀਨਿਆਂ ਵਿੱਚ ਇੱਕ ਵਾਰੀ ਗੜ੍ਹੇਮਾਰੀ ਜਾਂ ਬੇਮੌਸਮੀ ਮੀਂਹ ਜ਼ਰੂਰ ਪੈਂਦਾ ਹੈ,'' ਉਨ੍ਹਾਂ ਦੀ ਮਾਂ 60 ਸਾਲਾ ਧੋਂਡਾਬਾਈ ਕਹਿੰਦੀ ਹਨ ਜੋ ਅੰਬੁਲਗਾ ਵਿਖੇ ਆਪਣੇ ਘਰ ਦੇ ਬਾਹਰ ਪੌੜੀਆਂ 'ਤੇ ਬੈਠੀ ਹੋਈ ਹਨ, ਦੋ ਕਮਰਿਆਂ ਵਾਲ਼ਾ ਉਨ੍ਹਾਂ ਦਾ ਘਰ ਪੱਥਰ ਅਤੇ ਬਜਰੀ ਨਾਲ਼ ਬਣਿਆ ਹੈ। 2001 ਵਿੱਚ, ਉਨ੍ਹਾਂ ਦੇ ਪਰਿਵਾਰ ਨੇ 11 ਏਕੜ ਖੇਤ ਵਿੱਚ ਦਾਲਾਂ (ਮਾਂਹ ਅਤੇ ਮੂੰਗੀ) ਦੀ ਕਾਸ਼ਤ ਕਰਨੀ ਛੱਡ, ਅੰਬ ਅਤੇ ਅਮਰੂਦ ਦੇ ਬਾਗ਼ ਲਾਉਣੇ ਸ਼ੁਰੂ ਕਰ ਦਿੱਤੇ। ''ਭਾਵੇਂ ਸਾਨੂੰ ਇਨ੍ਹਾਂ ਰੁੱਖਾਂ ਦੀ ਦੇਖਭਾਲ਼ ਪੂਰਾ ਸਾਲ ਕਰਨੀ ਪੈਂਦੀ ਹੈ ਪਰ ਖ਼ਰਾਬ ਮੌਸਮ ਦੀ ਕੁਝ ਮਿੰਟਾਂ ਦੀ ਮਾਰ ਸਾਡੇ ਪੂਰੇ ਦੇ ਪੂਰੇ ਨਿਵੇਸ਼ ਨੂੰ ਤਬਾਹ ਕਰ ਦਿੰਦੀ ਹੈ।''

ਇਸ ਵਰ੍ਹੇ ਹੋਈ ਇਹ ਤਬਾਹੀ ਕੋਈ ਅਜਿਹੀ ਪਹਿਲੀ ਘਟਨਾ ਨਹੀਂ ਸੀ। ਮੋਹਲੇਧਾਰ ਮੀਂਹ ਅਤੇ ਗੜ੍ਹੇਮਾਰੀ ਦੇ ਨਾਲ਼ ਨਾਲ਼ ਖ਼ਰਾਬ ਮੌਸਮ ਦੀਆਂ ਅਜਿਹੀਆਂ ਘਟਨਾਵਾਂ ਪਿਛਲੇ ਇੱਕ ਦਹਾਕੇ ਤੋਂ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਇਸ ਹਿੱਸੇ ਵਿੱਚ ਦੇਖਣ ਨੂੰ ਮਿਲ਼ ਰਹੀਆਂ ਹਨ। ਅੰਬੁਲਗਾ ਵਿੱਚ ਹੀ ਊਧਵ ਬਿਰਾਦਰ ਦਾ ਇੱਕ ਏਕੜ ਵਿੱਚ ਲੱਗਿਆ ਅੰਬ ਦਾ ਬਾਗ਼ ਵੀ 2014 ਵਿੱਚ ਹੋਈ ਗੜ੍ਹੇਮਾਰੀ ਨਾਲ਼ ਤਬਾਹ ਹੋ ਗਿਆ। ਉਹ ਕਹਿੰਦੇ ਹਨ,''ਮੇਰੇ ਕੋਲ਼ 10-15 ਰੁੱਖ ਸਨ ਅਤੇ ਉਹ ਉਸੇ ਤੂਫ਼ਾਨ ਵਿੱਚ ਮਾਰੇ ਗਏ। ਮੈਂ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਯਤਨ ਨਹੀਂ ਕੀਤਾ।

''ਗੜ੍ਹੇਮਾਰੀ ਚੱਲਦੀ ਰਹਿੰਦੀ ਹੈ,'' 37 ਸਾਲਾ ਬਿਰਾਦਰ ਕਹਿੰਦੇ ਹਨ। ''2014 ਦੇ ਤੂਫ਼ਾਨ ਤੋਂ ਬਾਅਦ ਆਪਣੇ ਰੁੱਖਾਂ ਨੂੰ ਇੰਝ ਮਰਿਆ ਦੇਖਣਾ ਕਾਫ਼ੀ ਤਕਲੀਫ਼ਦੇਹ ਸੀ। ਤੁਸਾਂ ਉਨ੍ਹਾਂ ਨੂੰ ਹੱਥੀਂ ਬੀਜਿਆ, ਹੱਥੀਂ ਉਨ੍ਹਾਂ ਦੀ ਦੇਖਭਾਲ਼ ਕੀਤੀ ਅਤੇ ਫਿਰ ਮਿੰਟਾਂ ਵਿੱਚ ਉਜਾੜ ਸੁੱਟੇ ਗਏ। ਮੈਨੂੰ ਲੱਗਦਾ ਹੈ ਮੈਂ ਹੁਣ ਦੋਬਾਰਾ ਉਹੀ ਕੁਝ ਨਹੀਂ ਕਰਨ ਲੱਗਿਆ।''

PHOTO • Parth M.N.

ਗੁਣਵੰਤ ਹੁਲਸੁਲਕਰ (ਸਭ ਤੋਂ ਉਤਾਂਹ ਖੱਬੇ), ਉਨ੍ਹਾਂ ਦੀ ਮਾਂ ਧੌਂਡਾਬਾਈ (ਸਭ ਤੋਂ ਉਤਾਂਹ ਸੱਜੇ) ਅਤੇ ਪਿਤਾ ਮਧੂਕਰ (ਸਭ ਤੋਂ ਹੇਠਾਂ ਸੱਜੇ) ਅਣਕਿਆਸੀ ਹੁੰਦੀ ਗੜ੍ਹੇਮਾਰੀ ਕਾਰਨ ਬਾਗ਼ ਲਾਉਣ ਦਾ ਵਿਚਾਰ ਛੱਡਣ ਬਾਰੇ ਸੋਚ ਰਹੇ ਹਨ, ਜਦੋਂਕਿ ਸੁਭਾਸ਼ ਸ਼ਿੰਦੇ (ਸਭ ਤੋਂ ਹੇਠਾਂ ਖੱਬੇ) ਕਹਿੰਦੇ ਹਨ ਕਿ ਉਹ ਇਸ ਵਾਰ ਖ਼ਰੀਫ਼ ਸੀਜ਼ਨ ਵਿੱਚ ਬਗ਼ੈਰ ਕੁਝ ਬੀਜੇ ਹੀ ਚੁੱਪ ਬੈਠਣਾ ਚਾਹੁੰਦੇ ਹਨ

ਗੜ੍ਹੇਮਾਰੀ? ਮਰਾਠਵਾੜਾ ਇਲਾਕੇ ਦੇ ਲਾਤੂਰ ਜ਼ਿਲ੍ਹੇ ਵਿੱਚ? ਇਹ ਅਜਿਹੀ ਥਾਂ ਹੈ ਜਿੱਥੇ ਸਾਲ ਦਾ ਅੱਧਾ ਸਮਾਂ ਪਾਰਾ 32 ਡਿਗਰੀ ਸੈਲਸੀਅਸ ਜਾਂ ਉਸ ਤੋਂ ਉੱਪਰ ਹੁੰਦਾ ਹੈ। ਇਸ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਉਦੋਂ ਤਾਜ਼ਾ ਗੜ੍ਹੇਮਾਰੀ ਹੋਈ ਜਦੋਂ ਕਿ ਤਾਪਮਾਨ 42 ਤੋਂ 43 ਡਿਗਰੀ ਦੇ ਵਿਚਾਲੇ ਸੀ।

ਪਰ ਇੱਥੇ ਮੰਨੋ ਜਿਵੇਂ ਹਰ ਕਿਸਾਨ ਤੁਹਾਨੂੰ ਤਲਖ਼ੀ ਵਿੱਚ ਦੱਸਦਾ ਨਜ਼ਰ ਆ ਜਾਵੇਗਾ ਕਿ ਉਹ ਹੁਣ ਤਾਪਮਾਨ , ਵਹਾਮਾਨ (ਮੌਸਮ) ਅਤੇ ਵਾਤਾਵਾਰਣ ਦੇ ਵਤੀਰੇ ਨੂੰ ਸਮਝ ਹੀ ਨਹੀਂ ਪਾ ਰਹੇ।

ਪਰ ਉਹ ਇੰਨਾ ਜ਼ਰੂਰ ਸਮਝਦੇ ਹਨ ਕਿ ਸਾਲ ਦੇ ਮੀਂਹ ਦੇ ਦਿਨਾਂ ਦੀ ਗਿਣਤੀ ਘੱਟ ਅਤੇ ਗਰਮ ਦਿਨਾਂ ਦੀ ਗਿਣਤੀ ਜ਼ਰੂਰ ਵਧੀ ਹੈ। 1960 ਵਿੱਚ, ਜਿਸ ਸਾਲ ਧੋਂਡਾਬਾਈ ਦਾ ਜਨਮ ਹੋਇਆ ਸੀ, ਲਾਤੂਰ ਵਿੱਚ ਸਾਲ ਦੇ 147 ਦਿਨ ਐਸੇ ਹੁੰਦੇ ਸਨ ਜਦੋਂ ਤਾਪਮਾਨ 32 ਡਿਗਰੀ ਜਾਂ ਉਸ ਤੋਂ ਉਤਾਂਹ ਪਹੁੰਚ ਜਾਂਦਾ ਸੀ, ਜਿਵੇਂ ਕਿ ਨਿਊਯਾਰਕ ਟਾਈਮਸ ਦੁਆਰਾ ਇੱਕ ਐਪ ਰਾਹੀਂ ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ ਬਾਬਤ ਪੋਸਟ ਕੀਤੇ ਅੰਕੜੇ ਦੱਸਦੇ ਹਨ। ਇਸ ਸਾਲ ਇਨ੍ਹਾਂ ਗਰਮ ਦਿਨਾਂ ਦੀ ਗਿਣਤੀ 188 ਹੋਵੇਗੀ। ਧੋਂਡਾਬਾਈ ਜਦੋਂ 80 ਸਾਲਾਂ ਦੀ ਹੋਵੇਗੀ ਤਾਂ ਇਨ੍ਹਾਂ ਗਰਮ ਦਿਨਾਂ ਦੀ ਗਿਣਤੀ 211 ਹੋ ਜਾਵੇਗੀ।

''ਯਕੀਨ ਕਰਨਾ ਔਖ਼ਾ ਹੋਇਆ ਪਿਆ ਹੈ ਕਿ ਅਸੀਂ ਜੁਲਾਈ ਦੇ ਅੰਤ ਵੱਲ ਵੱਧ ਰਹੇ ਹਾਂ,'' ਸੁਭਾਸ਼ ਸ਼ਿੰਦੇ ਨੇ ਮੈਨੂੰ ਦੱਸਿਆ ਸੀ ਜਦੋਂ ਮੈਂ ਪਿਛਲੇ ਮਹੀਨੇ ਅੰਬੁਗਾ ਵਿਖੇ ਉਨ੍ਹਾਂ ਦੇ 15 ਏਕੜ ਖੇਤ ਦਾ ਦੌਰਾ ਕੀਤਾ ਸੀ। ਖੇਤ ਬੰਜਰ ਜਾਪ ਰਹੇ ਹਨ, ਮਿੱਟੀ ਭੂਰੀ ਭੂਰੀ ਪਈ ਹੈ ਅਤੇ ਹਰਿਆਲੀ ਦਾ ਕੋਈ ਨਾਮੋ-ਨਿਸ਼ਾਨ ਤੱਕ ਨਹੀਂ। 63 ਸਾਲਾ ਸ਼ਿੰਦੇ ਆਪਣੇ ਚਿੱਟੇ ਕੁੜਤੇ ਦੇ ਖੀਸੇ ਵਿੱਚੋਂ ਰੁਮਾਲ ਕੱਢਦੇ ਹਨ ਅਤੇ ਆਪਣੇ ਮੱਥੇ ਦਾ ਮੁੜ੍ਹਕਾ ਪੂੰਝਦੇ ਹਨ। ''ਮੈਂ ਆਮ ਤੌਰ 'ਤੇ ਅੱਧ ਜੂਨ ਵਿੱਚ ਸੋਇਆਬੀਨ ਬੀਜਦਾ ਹਾਂ। ਪਰ ਇਸ ਵਾਰੀਂ, ਮੈਂ ਖ਼ਰੀਫ਼ ਸੀਜ਼ਨ ਤੋਂ ਸ਼ਾਇਦ ਪੂਰੀ ਤਰ੍ਹਾਂ ਪਾਸਾ ਵੱਟੀ ਰੱਖਾਂ।''

ਤੇਲੰਗਾਨਾ ਦੇ ਹੈਦਰਾਬਾਦ ਤੋਂ ਦੱਖਣੀ ਲਾਤੂਰ ਨੂੰ ਜੋੜਨ ਵਾਲ਼ੇ ਇਸ 150 ਕਿਲੋਮੀਟਰ ਦੇ ਇਲਾਕੇ ਵਿੱਚ ਸ਼ਿੰਦੇ ਜਿਹੇ ਕਿਸਾਨ ਮੁੱਖ ਰੂਪ ਨਾਲ਼ ਸੋਇਆਬੀਨ ਦੀ ਖੇਤੀ ਕਰਦੇ ਹਨ। ਸ਼ਿੰਦੇ ਦੱਸਦੇ ਹਨ ਕਿ ਕਰੀਬ 1998 ਤੱਕ, ਜਵਾਰ , ਮਾਂਹ ਅਤੇ ਮੂੰਗੀ ਇੱਥੋਂ ਦੀਆਂ ਮੁੱਢਲੀਆਂ ਖ਼ਰੀਫ਼ ਫ਼ਸਲਾਂ ਸਨ। ''ਉਨ੍ਹਾਂ ਨੂੰ ਲਗਾਤਾਰ ਮੀਂਹ ਦੀ ਲੋੜ ਹੁੰਦੀ ਹੈ। ਇੱਕ ਚੰਗੇ ਝਾੜ ਵਾਸਤੇ ਸਾਨੂੰ ਸਮੇਂ ਸਿਰ ਮਾਨਸੂਨ ਦੀ ਲੋੜ ਹੁੰਦੀ ਸੀ।''

ਸ਼ਿੰਦੇ ਅਤੇ ਇੱਥੋਂ ਦੇ ਹੋਰ ਕਈ ਕਿਸਾਨਾਂ ਨੇ ਸਾਲ 2000 ਵਿੱਚ ਸੋਇਆਬੀਨ ਦੀ ਖੇਤੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਕਹਿੰਦੇ ਹਨ,''ਇਹ ਇੱਕ ਲਚੀਲੀ ਫ਼ਸਲ ਹੈ। ਜੇ ਮੌਸਮ ਆਪਣਾ ਮਿਜਾਜ਼ ਬਦਲ ਵੀ ਲਵੇ ਤਾਂ ਵੀ ਇਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਹ ਅੰਤਰਰਾਸ਼ਟਰੀ ਮੰਡੀ ਵਿੱਚ ਵੀ ਖਿੱਚ ਦਾ ਕੇਂਦਰ ਹੀ ਬਣੀ ਰਹਿੰਦੀ ਸੀ। ਮੌਸਮ ਦੇ ਅਖੀਰ ਵਿੱਚ ਅਸੀਂ ਪੈਸੇ ਵੀ ਬਚਾ ਲਿਆ ਕਰਦੇ। ਇਨ੍ਹਾਂ ਸਭ ਫ਼ਾਇਦਿਆਂ ਤੋਂ ਛੁੱਟ, ਸੋਇਆਬੀਨ ਦੀ ਵਾਢੀ ਤੋਂ ਬਾਅਦ ਇਹਦੀ ਰਹਿੰਦ-ਖੂੰਹਦ ਡੰਗਰਾਂ ਦੇ ਚਾਰੇ ਦੇ ਰੂਪ ਵਿੱਚ ਕੰਮ ਆਉਂਦੀ। ਪਰ ਪਿਛਲੇ 10-15 ਸਾਲਾਂ ਤੋਂ, ਸੋਇਆਬੀਨ ਵੀ ਮਾਨਸੂਨ ਦੀ ਡਾਵਾਂਡੋਲ ਹਾਲਤ ਨਾਲ਼ ਨਜਿੱਠਣ ਵਿੱਚ ਸਮਰੱਥ ਨਹੀਂ ਰਿਹਾ।''

ਤਾਜ਼ਾ ਪਈ ਗੜ੍ਹੇਮਾਰੀ ਦੌਰਾਨ ਲਾਤੂਰ ਵਿੱਚ ਵੱਡੇ ਪੱਧਰ ' ਤੇ ਹੋਈ ਤਬਾਹੀ : ਟੁੱਟੇ ਹੋਏ ਕੁਸੁਮ ਦੇ ਫੁੱਲ (ਸਭ ਤੋਂ ਉਤਾਂਹ ਖੱਬੇ ; ਫ਼ੋਟੋ : ਨਰਾਇਣ ਪਵਲੇ) ; ਗੜ੍ਹੇਮਾਰੀ ਤੋਂ ਬਾਅਦ ਇੱਕ ਖੇਤ ਦਾ ਹਾਲ (ਸਭ ਤੋਂ ਉਤਾਂਹ ; ਸੱਜੇ : ਨਿਸ਼ਾਂਤ ਭਦੇਸ਼ਵਰ) ; ਤਰਬੂਜ਼ ਦੀ ਤਬਾਹ ਹੋ ਚੁੱਕੀ ਫ਼ਸਲ (ਸਭ ਤੋਂ ਹੇਠਾਂ ਸੱਜੇ ; ਫ਼ੋਟੋ : ਨਿਸ਼ਾਂਤ ਭਦੇਸ਼ਵਰ) ; ਤਬਾਹ ਹੋ ਚੁੱਕੀ ਜਵਾਰ ਦੀ ਫ਼ਸਲ (ਸਭ ਤੋਂ ਹੇਠਾਂ ; ਫ਼ੋਟੋ : ਮਨੋਜ ਆਖੜੇ)

ਲਾਤੂਰ ਜ਼ਿਲ੍ਹੇ ਦੇ ਕਲੈਕਟਰ, ਜੀ. ਸ਼੍ਰੀਕਾਂਤ ਕਹਿੰਦੇ ਹਨ ਕਿ ਇਸ ਸਾਲ ,''ਜਿਨ੍ਹਾਂ ਨੇ ਵੀ ਫ਼ਸਲ ਬੀਜੀ ਹੈ, ਉਹ ਪਛਤਾ ਹੀ ਰਹੇ ਹਨ, ਕਿਉਂਕਿ ਸ਼ੁਰੂਆਤੀ ਮੀਂਹ ਤੋਂ ਬਾਅਦ ਸਭ ਖ਼ੁਸ਼ਕ ਹੋਣ ਲੱਗਿਆ।'' ਪੂਰੇ ਜ਼ਿਲ੍ਹੇ ਵਿੱਚ ਸਿਰਫ਼ 64 ਫ਼ੀਸਦੀ ਬੀਜਾਈ (ਸਾਰੀਆਂ ਫ਼ਸਲਾਂ) ਹੋਈ ਅਤੇ ਨਿਲੰਗਾ ਤਾਲੁਕਾ ਵਿਖੇ, 66 ਫ਼ੀਸਦੀ ਬੀਜਾਈ ਹੋਈ। ਜ਼ਾਹਰ ਹੈ ਕਿ ਜ਼ਿਲ੍ਹੇ ਦੇ ਕੁੱਲ ਫ਼ਸਲੀ ਰਕਬੇ ਦਾ 50 ਫ਼ੀਸਦ ਤੋਂ ਵੱਧ ਹਿੱਸੇ ਵਿੱਚ ਬੀਜੇ ਗਏ ਸੋਇਆਬੀਨ ਦਾ ਸਭ ਤੋਂ ਵੱਧ ਨੁਕਸਾਨ ਹੋਇਆ।

ਲਾਤੂਰ, ਮਰਾਠਵਾੜਾ ਦੇ ਖੇਤੀ ਇਲਾਕੇ ਹੇਠ ਆਉਂਦਾ ਹੈ ਅਤੇ ਇੱਥੇ ਸਲਾਨਾ ਔਸਤ 700 ਮਿਮੀ ਮੀਂਹ ਪੈਂਦਾ ਹੈ। ਇਸ ਸਾਲ ਇੱਥੇ 25 ਜੂਨ ਨੂੰ ਮਾਨਸੂਨ ਆਇਆ ਸੀ ਅਤੇ ਉਦੋਂ ਤੋਂ ਇਹਦੀ ਹਾਲਤ ਡਾਵਾਂਡੋਲ ਬਣੀ ਹੋਈ ਹੈ। ਜੁਲਾਈ ਦੇ ਅੰਤ ਵਿੱਚ ਸ਼੍ਰੀਕਾਂਤ ਨੇ ਮੈਨੂੰ ਦੱਸਿਆ ਸੀ ਕਿ ਇਸ ਕਾਲ਼ ਦੌਰਾਨ ਹੋਈ ਵਰਖਾ ਸਧਾਰਣ ਮੀਂਹ ਦਾ 47 ਫ਼ੀਸਦ ਘੱਟ ਸੀ।

ਸੁਭਾਸ਼ ਸ਼ਿੰਦੇ ਦੱਸਦੇ ਹਨ ਕਿ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਇੱਕ ਏਕੜ ਵਿੱਚ 4,000 ਰੁਪਏ ਦੀ ਲਾਗਤ ਨਾਲ਼ ਬੀਜੀ ਸੋਇਆਬੀਨ ਦੀ ਖੇਤੀ ਤੋਂ ਕਰੀਬ 10-12 ਕੁਵਿੰਟਲ ਝਾੜ ਮਿਲ਼ਦਾ ਸੀ। ਤਕਰੀਬਨ ਦੋ ਦਹਾਕਿਆਂ ਬਾਅਦ, ਸੋਇਆਬੀਨ ਦੀ ਕੀਮਤ ਭਾਵੇਂ 1,500 ਰੁਪਏ ਤੋਂ ਵੱਧ ਕੇ ਦੋਗੁਣੀ ਭਾਵ 3,000 ਰੁਪਏ ਪ੍ਰਤੀ ਕੁਵਿੰਟਲ ਹੋਈ ਹੋ ਸਕਦੀ ਹੈ ਪਰ ਖੇਤੀ ਦੀ ਲਾਗਤ ਤਿੰਨ ਗੁਣਾ ਵੱਧ ਚੁੱਕੀ ਹੈ ਅਤੇ ਪ੍ਰਤੀ ਏਕੜ ਝਾੜ ਅੱਧਾ ਹੀ ਗਿਆ ਹੈ।

ਰਾਜ ਖੇਤੀ ਮਾਰਕੀਟਿੰਗ ਬੋਰਡ ਦਾ ਡਾਟਾ ਵੀ ਸ਼ਿੰਦੇ ਦੇ ਦਾਅਵੇ ਦੀ ਹਮਾਇਤ ਕਰਦਾ ਹੈ। ਬੋਰਡ ਦੀ ਵੈੱਬਸਾਈਟ ਦਾ ਕਹਿਣਾ ਹੈ ਕਿ ਸਾਲ 2010-11 ਵਿੱਚ ਸੋਇਆਬੀਨ ਦਾ ਖੇਤੀ ਰਕਬਾ 1.94 ਲੱਖ ਹੈਕਟੇਅਰ ਹੁੰਦਾ ਸੀ ਅਤੇ ਜਿਸ ਤੋਂ ਸੋਇਆਬੀਨ ਦਾ 4.31 ਲੱਖ ਟਨ ਝਾੜ ਮਿਲ਼ਿਆ ਸੀ। ਸਾਲ 2016 ਆਉਂਦੇ ਆਉਂਦੇ ਸੋਇਆਬੀਨ ਦਾ ਖੇਤੀ ਰਕਬਾ ਭਾਵੇਂ 3.67 ਲੱਖ ਹੈਕਟੇਅਰ ਰਿਹਾ ਹੋਵੇ ਪਰ ਝਾੜ ਸਿਰਫ਼ 3.08 ਟਨ ਹੀ ਮਿਲ਼ਿਆ। ਖੇਤੀ ਰਕਬੇ ਵਿੱਚ ਪ੍ਰਤੀ ਏਕੜ 89 ਫ਼ੀਸਦ ਦਾ ਵਾਧਾ ਹੋਇਆ ਪਰ ਝਾੜ ਵਿੱਚ 28.5 ਫ਼ੀਸਦ ਦੀ ਗਿਰਾਵਟ ਆਈ।

ਧੋਂਡਾਬਾਈ ਦੇ ਪਤੀ, 63 ਸਾਲਾ ਮਧੂਕਰ ਹੁਲਸੁਲਕਰ, ਮੌਜੂਦਾ ਦਹਾਕੇ ਦੀ ਇੱਕ ਹੋਰ ਗੱਲ ਵੱਲ ਇਸ਼ਾਰਾ ਕਰਦੇ ਹਨ। ਉਹ ਕਹਿੰਦੇ ਹਨ,''2012 ਤੋਂ ਬਾਅਦ ਤੋਂ, ਸਾਡੇ ਦੁਆਰਾ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਸਿਰਫ਼ ਇਸ ਸਾਲ, ਸਾਨੂੰ 5-7 ਵਾਰ ਛਿੜਕਾਅ ਕਰਨਾ ਪਿਆ ਹੈ।''

ਇਸ ਭੂ-ਭਾਗ ਵਿੱਚ ਜਲਵਾਯੂ ਦੀ ਮਾਰ ਵਿੱਚ ਆਪਣੀ ਗੱਲ ਜੋੜਦਿਆਂ ਧੋਂਡਾਬਾਈ ਕਹਿੰਦੀ ਹਨ,''ਪਹਿਲਾਂ ਅਸੀਂ ਆਮ ਹੀ ਓਕਾਬ, ਇੱਲਾਂ ਅਤੇ ਚਿੜੀਆਂ ਦੇਖ ਲਿਆ ਕਰਦੇ ਸਾਂ ਪਰ ਪਿਛਲੇ 10 ਸਾਲਾਂ ਤੋਂ ਉਹ ਪੰਛੀ ਦੁਰਲੱਭ ਤੋਂ ਦੁਰਲੱਭ ਹੁੰਦੇ ਜਾ ਰਹੇ ਹਨ।''

PHOTO • Parth M.N.

ਮਧੁਕਰ ਹੁਲਸੁਲਕਰ ਆਪਣੇ ਅੰਬ ਦੇ ਰੁੱਖਾਂ ਹੇਠਾਂ ਖੜ੍ਹੇ ਹੋਏ : ' 2012 ਤੋਂ ਬਾਅਦ ਤੋਂ, ਸਾਡੇ ਦੁਆਰਾ ਨੀਟਨਾਸ਼ਕਾਂ ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਸਿਰਫ਼ ਇਸ ਸਾਲ ਦੇ ਅੰਦਰ ਅੰਦਰ ਸਾਨੂੰ 5-7 ਵਾਰ ਛਿੜਕਾਅ ਕਰਨਾ ਪਿਆ '

ਲਾਤੂਰ ਸਥਿਤ ਵਾਤਾਵਰਣ ਪੱਤਰਕਾਰ ਅਤੁਲ ਦੇਊਲਗਾਓਂਕਰ ਕਹਿੰਦੇ ਹਨ,''ਭਾਰਤ ਵਿੱਚ ਕੀਟਨਾਸ਼ਕਾਂ ਦੀ ਪ੍ਰਤੀ ਹੈਕਟੇਅਰ ਵਰਤੋਂ ਇੱਕ ਕਿਲੋਗ੍ਰਾਮ ਤੋਂ ਵੀ ਘੱਟ ਹੈ। ਅਮੇਰੀਕਾ, ਜਪਾਨ ਅਤੇ ਹੋਰ ਉੱਨਤ ਸਨਅਤੀ ਰਾਸ਼ਟਰ 8 ਤੋਂ 10 ਗੁਣ ਵੱਧ ਵਰਤੋਂ ਕਰਦੇ ਹਨ। ਪਰ ਉਹ ਆਪਣੇ ਕੀਟਨਾਸ਼ਕਾਂ ਨੂੰ ਨਿਯੰਤ੍ਰਿਤ ਕਰਦੇ ਰਹਿੰਦੇ ਹਨ ਅਸੀਂ ਨਹੀਂ ਕਰਦੇ। ਸਾਡੇ ਕੀਟਨਾਸ਼ਕਾਂ ਵਿੱਚ ਕੈਂਸਰਕਾਰੀ ਤੱਤ ਹੁੰਦੇ ਹਨ ਜੋ ਖੇਤ ਦੇ ਨੇੜੇ-ਤੇੜੇ ਪੰਛੀਆਂ ਨੂੰ ਪ੍ਰਭਾਵਤ ਕਰਦੇ ਹਨ। ਉਨ੍ਹਾਂ ਨੂੰ ਮਾਰ ਦਿੰਦੇ ਹਨ।''

ਸ਼ਿੰਦੇ ਪੈਦਾਵਾਰ ਵਿੱਚ ਆਈ ਗਿਰਾਵਟ ਵਾਸਤੇ ਜਲਵਾਯੂ ਤਬਦੀਲੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਹਨ। ਉਹ ਕਹਿੰਦੇ ਹਨ,''ਮਾਨਸੂਨ ਦੀ ਚਾਰ ਮਹੀਨੇ ਦੀ ਮਿਆਦ (ਜੂਨ-ਸਤੰਬਰ) ਵਿੱਚ ਸਾਡੇ ਕੋਲ਼ ਮੀਂਹ ਦੇ 70-75 ਦਿਨ ਹੋਇਆ ਕਰਦੇ ਸਨ। ਅਜਿਹੇ ਦਿਨ ਜਦੋਂ ਲਗਾਤਾਰ ਬੂੰਦਾ ਬਾਂਦੀ ਹੁੰਦੀ ਹੀ ਰਹਿੰਦੀ ਸੀ। ਪਿਛਲੇ 15 ਸਾਲਾਂ ਵਿੱਚ, ਮੀਂਹ ਦੇ ਇਨ੍ਹਾਂ ਦਿਨਾਂ ਦੀ ਗਿਣਤੀ ਅੱਧੀ ਹੋ ਗਈ ਹੈ। ਹੁਣ ਹਾਲਤ ਇਹ ਹੈ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਅੰਨ੍ਹੇਵਾਹ ਪੈ ਜਾਂਦਾ ਹੈ ਅਤੇ ਇਸ ਤੋਂ ਬਾਅਦ 20 ਦਿਨਾਂ ਤੱਕ ਸੋਕਾ ਹੀ ਪਿਆ ਰਹਿੰਦਾ ਹੈ। ਇਸ ਮੌਸਮ ਵਿੱਚ ਖੇਤੀ ਕਰਨਾ ਅਸੰਭਵ ਹੈ।''

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਲਾਤੂਰ ਦੇ ਅੰਕੜੇ ਉਨ੍ਹਾਂ ਦੇ ਦਾਅਵੇ ਨੂੰ ਪੁਸ਼ਟ ਕਰਦੇ ਹਨ। ਸਾਲ 2014 ਵਿੱਚ, ਮਾਨਸੂਨ ਦੇ ਚਾਰ ਮਹੀਨਿਆਂ ਵਿੱਚ ਮੀਂਹ 430 ਮਿਮੀ ਪਿਆ ਸੀ। ਅਗਲੇ ਸਾਲ ਇਹ 317 ਮਿਮੀ ਰਿਹਾ। 2016 ਵਿੱਚ ਇਸ ਜ਼ਿਲ੍ਹੇ ਅੰਦਰ ਉਨ੍ਹਾਂ ਚਾਰ ਮਹੀਨਿਆਂ ਵਿੱਚ 1,010 ਮਿਮੀ ਮੀਂਹ ਪਿਆ। 2017 ਵਿੱਚ, ਇਹ 760 ਮਿਮੀ ਸੀ। ਪਿਛਲੇ ਸਾਲ, ਮਾਨਸੂਨ ਦੇ ਮੌਸਮ ਵਿੱਚ ਲਾਤੂਰ ਅੰਦਰ 530 ਮਿਮੀ ਮੀਂਹ ਪਿਆ ਸੀ, ਜਿਸ ਵਿੱਚੋਂ 252 ਮਿਮੀ ਇਕੱਲੇ ਜੂਨ ਵਿੱਚ ਪਿਆ। ਇੱਥੋਂ ਤੱਕ ਕਿ ਉਨ੍ਹਾਂ ਸਾਲਾਂ ਵਿੱਚ ਵੀ ਜਦੋਂ ਜ਼ਿਲ੍ਹੇ ਵਿੱਚ 'ਸਾਧਰਣ' ਮੀਂਹ ਪੈਂਦਾ ਹੈ, ਇਹਦਾ ਫ਼ੈਲਾਅ ਵੱਧ ਅਸਮਾਨ ਰਿਹਾ ਹੈ।

ਜਿਵੇਂ ਕਿ ਭੂਮੀਗਤ ਪਾਣੀ ਸਰਵੇਖਣ ਅਤੇ ਵਿਕਾਸ ਏਜੰਸੀ ਦੇ ਸੀਨੀਅਰ ਭੂ-ਵਿਗਿਆਨੀ ਚੰਦਰਕਾਂਤ ਭੋਯਾਰ ਦੱਸਦੇ ਹਨ: ''ਥੋੜ੍ਹੇ ਸਮੇਂ ਲਈ ਪੈਣ ਵਾਲ਼ਾ ਮੋਹਲੇਧਾਰ ਮੀਂਹ ਮਿੱਟੀ ਖੋਰਦਾ ਹੈ ਪਰ ਜਦੋਂ ਅਜਿਹਾ ਮੀਂਹ ਲਗਾਤਾਰ ਪੈਂਦਾ ਹੈ ਤਾਂ ਭੂਮੀਗਤ ਪਾਣੀ ਨੂੰ ਮੁੜ ਭਰਨ ਵਿੱਚ ਮਦਦ ਮਿਲ਼ਦੀ ਹੈ।''

ਸ਼ਿੰਦੇ ਹੁਣ ਭੂਮੀਗਤ 'ਤੇ ਨਿਰਭਰ ਨਹੀਂ ਰਹਿ ਸਕਦੇ, ਕਿਉਂਕਿ ਉਨ੍ਹਾਂ ਦੇ ਚਾਰ ਬੋਰਵੈੱਲ ਸੁੱਕ ਚੁੱਕੇ ਹਨ। ''ਸਾਨੂੰ 50 ਫੁੱਟ ਦੀ ਡੂੰਘਾਈ 'ਤੇ ਪਾਣੀ ਮਿਲ਼ ਜਾਂਦਾ ਹੁੰਦਾ ਸੀ, ਪਰ ਹੁਣ 500 ਫੁੱਟ ਡੂੰਘੇ ਬੋਰਵੈੱਲ ਵੀ ਸੁੱਕ ਗਏ ਹਨ।''

ਇਸ ਨਾਲ਼ ਹੋਰ ਵੀ ਦਿੱਕਤਾਂ ਪੈਦਾ ਹੋ ਰਹੀਆਂ ਹਨ। ਸ਼ਿੰਦੇ ਕਹਿੰਦੇ ਹਨ,''ਜੇ ਅਸੀਂ ਲੋੜੀਂਦੀ ਮਾਤਰਾ ਵਿੱਚ ਬੀਜਾਈ ਨਹੀਂ ਕਰਾਂਗੇ ਤਾਂ ਡੰਗਰਾਂ ਲਈ ਚਾਰਾ ਕਿੱਥੋਂ ਆਵੇਗਾ। ਪਾਣੀ ਅਤੇ ਚਾਰੇ ਬਗ਼ੈਰ, ਕਿਸਾਨ ਆਪਣੇ ਪਸ਼ੂਧਨ ਨੂੰ ਬਚਾਈ ਨਹੀਂ ਰੱਖ ਸਕਣਗੇ। ਮੇਰੇ ਕੋਲ਼ 2009 ਤੱਕ 20 ਪਸ਼ੂ ਸਨ। ਅੱਜ ਸਿਰਫ਼ 9 ਹੀ ਰਹਿ ਗਏ ਹਨ।''

2014 hailstorm damage from the same belt of Latur mentioned in the story
PHOTO • Nishant Bhadreshwar
2014 hailstorm damage from the same belt of Latur mentioned in the story
PHOTO • Nishant Bhadreshwar
2014 hailstorm damage from the same belt of Latur mentioned in the story
PHOTO • Nishant Bhadreshwar

ਇਹ ਮਰਾਠਵਾੜਾ ਦੇ ਲਾਤੂਰ ਜ਼ਿਲ੍ਹੇ ਦੀਆਂ ਤਸਵੀਰਾਂ ਹਨ, ਜਿੱਥੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਪਾਰਾ 32 ਡਿਗਰੀ ਸੈਲਸੀਅਸ ਤੋਂ ਉਤਾਂਹ ਹੀ ਰਹਿੰਦਾ ਹੈ। ਇਸ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਉਦੋਂ ਤਾਜ਼ਾ ਗੜ੍ਹੇਮਾਰੀ ਹੋਈ, ਜਦੋਂ ਤਾਪਮਾਨ 41 ਤੋਂ 43 ਡਿਗਰੀ ਵਿਚਾਲੇ ਸੀ

ਸ਼ਿੰਦੇ ਦੀ ਮਾਂ, ਕਾਵੇਰੀਬਾਈ ਜੋ 95 ਸਾਲ ਦੀ ਉਮਰ ਵਿੱਚ ਵੀ ਚੁਸਤ-ਦਰੁੱਸਤ ਅਤੇ ਸੁਚੇਤ ਹਨ ਆਪਣੀ ਪੂਰੀ ਗੱਲਬਾਤ ਦੌਰਾਨ ਆਪਣੀਆਂ ਲੱਤਾਂ ਮੋੜੀ ਭੁੰਜੇ ਹੀ ਬੈਠੀ ਰਹੀ ਅਤੇ ਉਨ੍ਹਾਂ ਨੂੰ ਉੱਠਣ ਵਾਸਤੇ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਉਹ ਕਹਿੰਦੀ ਹਨ,''ਲਾਤੂਰ ਉਸ ਸਮੇਂ ਕਪਾਹ ਦਾ ਕੇਂਦਰ ਹੁੰਦਾ ਸੀ, ਜਦੋਂ 1905 ਵਿੱਚ ਲੋਕਮਾਨਯ ਤਿਲਕ ਨੇ ਇਹਨੂੰ ਇੱਥੇ ਸ਼ੁਰੂ ਕੀਤਾ ਸੀ। ਇਹਦੀ ਖੇਤੀ ਤਰਨ ਲਈ ਸਾਡੇ ਇੱਥੇ ਲੋੜੀਂਦਾ ਮੀਂਹ ਪੈ ਜਾਇਆ ਕਰਦਾ ਸੀ। ਅੱਜ, ਸੋਇਆਬੀਨ ਨੇ ਇਹਦੀ ਥਾਂ ਲੈ ਲਈ ਹੈ।''

ਸ਼ਿੰਦੇ ਖ਼ੁਸ਼ ਹਨ ਕਿ ਉਨ੍ਹਾਂ ਦੀ ਮਾਂ ਨੇ ਕਰੀਬ ਦੋ ਦਹਾਕੇ ਪਹਿਲਾਂ ਭਾਵ ਗੜ੍ਹੇਮਾਰੀ ਤੋਂ ਪਹਿਲਾਂ ਹੀ ਖੇਤੀ ਛੱਡ ਦਿੱਤੀ ਸੀ। ''ਉਹ ਅੱਖ ਦੇ ਫ਼ਰੱਕੇ ਨਾਲ਼ ਖੇਤਾਂ ਦੇ ਖੇਤ ਤਬਾਹ ਕਰ ਦਿੰਦੇ ਹਨ। ਸਭ ਤੋਂ ਵੱਧ ਪੀੜਤ ਤਾਂ ਉਹ ਕਿਸਾਨ ਹਨ ਜਿਨ੍ਹਾਂ ਦੇ ਕੋਲ਼ ਆਪਣੇ ਬਾਗ਼ ਹਨ।''

ਮੁਕਾਬਲਤਨ ਹਾਲਤ ਵਿੱਚ ਕੁਝ ਬਿਹਤਰ ਇਸ ਦੱਖਣੀ ਭਾਗ ਵਿੱਚ, ਬਾਗ਼ ਲਗਾਉਣ ਵਾਲ਼ੇ ਵਿਸ਼ੇਸ਼ ਰੂਪ ਨਾਲ਼ ਪ੍ਰਭਾਵਤ ਹੋਏ ਹਨ। ਮਧੂਕਰ ਹੁਲਸੁਲਕਰ ਕਹਿੰਦੇ ਹਨ,''ਅਖ਼ੀਰਲੀ ਗੜ੍ਹੇਮਾਰੀ ਇਸ ਸਾਲ ਅਪ੍ਰੈਲ ਵਿੱਚ ਹੋਈ ਸੀ।'' ਉਹ ਮੈਨੂੰ ਆਪਣੇ ਉਸ ਬਾਗ਼ ਵਿੱਚ ਲੈ ਗਏ ਜਿੱਥੇ ਰੁੱਖ ਦੀਆਂ ਟਹਿਣੀਆਂ 'ਤੇ ਪੀਲ਼ੇ ਰੰਗ ਦੇ ਕਈ ਦਾਗ਼ ਜਿਹੇ ਦਿਖਾਈ ਦੇ ਰਹੇ ਸਨ। ''ਮੇਰੇ 1.5 ਲੱਖ ਦੇ ਫਲ਼ ਤਬਾਹ ਹੋ ਗਏ। ਅਸੀਂ ਸਾਲ 2000 ਵਿੱਚ 90 ਰੁੱਖਾਂ ਨਾਲ਼ ਸ਼ੁਰੂਆਤ ਕੀਤੀ ਸੀ, ਪਰ ਅੱਜ ਸਾਡੇ ਕੋਲ਼ ਸਿਰਫ਼ 50 ਰੁੱਖ ਹੀ ਬਚੇ ਹਨ।'' ਹੁਣ ਉਹ ਬਾਗ਼ਾਂ ਨੂੰ ਛੱਡਣ ਦਾ ਵਿਚਾਰ ਬਣਾ ਰਹੇ ਹਨ ਕਿਉਂਕਿ ''ਗੜ੍ਹੇਮਾਰੀ ਅਣਕਿਆਸੀ ਹੋ ਗਈ ਹੈ ਅਤੇ ਕਦੇ ਵੀ ਹੋ ਜਾਂਦੀ ਹੈ।''

ਲਾਤੂਰ ਵਿੱਚ, ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ, ਫਸਲ ਦੇ ਪੈਟਰਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ। ਕਿਸੇ ਜ਼ਮਾਨੇ ਵਿੱਚ ਜਵਾਰ ਅਤੇ ਬਾਜਰੇ ਦੀਆਂ ਕਈ ਕਿਸਮਾਂ ਦੀ ਹੈਜੇਮਨੀ ਵਾਲ਼ੇ ਇਸ ਇਲਾਕੇ ਵਿੱਚ ਜਿੱਥੇ ਮੱਕੀ ਦੀ ਖੇਤੀ ਦੂਸਰੇ ਨੰਬਰ 'ਤੇ ਹੋਇਆ ਕਰਦੀ ਸੀ, ਉੱਥੇ 1905 ਤੋਂ ਵੱਡੇ ਪੱਧਰ 'ਤੇ ਕਪਾਹ ਦੀ ਖੇਤੀ ਹੋਣ ਲੱਗੀ।

ਫਿਰ 1970 ਤੋਂ ਕਮਾਦ ਦੀ ਖੇਤੀ ਸ਼ੁਰੂ ਹੋਈ, ਕੁਝ ਸਮੇਂ ਲਈ ਸੂਰਜਮੁਖੀ ਅਤੇ ਫਿਰ ਸਾਲ 2000 ਤੋਂ ਵੱਡੇ ਪੱਧਰ 'ਤੇ ਸੋਇਆਬੀਨ ਦਾ ਖੇਤੀ/ਫ਼ਸਲੀ ਰਕਬਾ ਕਾਫ਼ੀ ਵਧੀਆ ਰਿਹਾ। ਸਾਲ 2018-2019 ਵਿੱਚ, 67,000 ਹੈਕਟੇਅਰ ਜ਼ਮੀਨ 'ਤੇ ਕਮਾਦ ਦੀ ਖੇਤੀ ਹੋਈ (ਵਸੰਤਦਾਦਾ ਸ਼ੂਗਰ ਸੰਸਧਾ, ਪੂਨੇ ਦੇ ਅੰਕੜੇ ਮੁਤਾਬਕ)। 1982 ਵਿੱਚ ਲਾਤੂਰ ਵਿੱਚ ਜਿੱਥੇ ਖੰਡ ਦਾ ਇੱਕੋ ਕਾਰਖ਼ਾਨ ਸੀ, ਹੁਣ 11 ਹਨ। ਨਕਦੀ ਫ਼ਸਲਾਂ ਦੇ ਕਾਰਨ ਵੱਡੀ ਗਿਣਤੀ ਵਿੱਚ ਬੋਰਵੈੱਲ ਪੁੱਟੇ ਜਾਣ ਲੱਗੇ ਹਨ ਅਤੇ ਕੋਈ ਗਿਣਤੀ ਹੀ ਨਹੀਂ ਕਿ ਕਿੰਨੇ ਕੁ ਪੁੱਟੇ ਜਾ ਚੁੱਕੇ ਹਨ। ਭੂਮੀਗਤ ਪਾਣੀ ਦਾ ਤੇਜ਼ੀ ਨਾਲ਼ ਵਾਹੋਦਾਹੀ ਇਸਤੇਮਾਲ ਕੀਤਾ ਜਾਣ ਲੱਗਿਆ। ਇਤਿਹਾਸਕ ਰੂਪ ਨਾਲ਼ ਬਾਜਰੇ ਵਾਸਤੇ ਅਨੁਕੂਲਤ ਮਿੱਟੀ ਵਿੱਚ ਜੋ ਪਿਛਲੇ 100 ਤੋਂ ਵੱਧ ਸਾਲਾਂ ਤੋਂ ਨਕਦੀ ਫ਼ਸਲ ਦੀ ਖੇਤੀ ਹੋਈ ਹੈ ਉਸ ਕਾਰਨ ਪਾਣੀ, ਮਿੱਟੀ, ਨਮੀ ਅਤੇ ਬਨਸਪਤੀ 'ਤੇ ਪ੍ਰਭਾਵ ਪੈਣਾ ਅਟਲ ਹੀ ਹੈ।

ਰਾਜ ਸਰਕਾਰ ਦੀ ਵੈੱਬਸਾਈਟ ਮੁਤਾਬਕ, ਲਾਤੂਰ ਵਿਖੇ ਹੁਣ ਸਿਰਫ਼ 0.54 ਫ਼ੀਸਦ ਇਲਾਕੇ ਵਿੱਚ ਹੀ ਜੰਗਲ ਬਚਿਆ ਹੈ। ਇਹ ਪੂਰੇ ਮਰਾਠਵਾੜਾ ਇਲਾਕੇ ਦੇ 0.9 ਫ਼ੀਸਦ ਦੀ ਔਸਤ ਨਾਲ਼ੋਂ ਵੀ ਘੱਟ ਹੈ।

Kaveribai
PHOTO • Parth M.N.
Madhukar and his son Gunwant walking through their orchards
PHOTO • Parth M.N.

ਖੱਬੇ : 95 ਸਾਲਾ ਕਾਵੇਰੀਬਾਈ ਸ਼ਿੰਦੇ ਚੇਤੇ ਕਰਦੀ ਹਨ, ' ਲਾਤੂਰ ਕਦੇ ਕਪਾਹ ਦਾ ਕੇਂਦਰ ਹੋਇਆ ਕਰਦਾ ਸੀ... ਸਾਡੇ ਇੱਥੇ ਇਹਦੀ ਖੇਤੀ ਕਰਨ ਲਈ ਲੋੜੀਂਦੀ ਵਰਖਾ ਪਿਆ ਕਰਦੀ ਸੀ। ' ਸੱਜੇ : ਮਧੂਕਰ ਹੁਲਸੁਲਕਰ ਅਤੇ ਉਨ੍ਹਾਂ ਦੇ ਬੇਟੇ ਗੁਣਵੰਤ ਕੀ ਜਲਵਾਯੂ ਤਬਦੀਲੀ ਕਾਰਨ ਖੇਤੀ ਹੀ ਛੱਡ ਦੇਣਗੇ ?

ਅਤੁਲ ਦੇਊਗਾਓਂਕਰ ਕਹਿੰਦੇ ਹਨ,''ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਅਤੇ ਜਲਵਾਯੂ ਤਬਦੀਲੀ ਵਿਚਾਲੇ ਕਿਸੇ ਤਰ੍ਹਾਂ ਦਾ ਸੰਕੀਰਣ ਕਾਰਨ-ਅਧਾਰਤ ਸਮੀਕਰਨ ਬਣਾਉਣਾ ਗ਼ਲਤ ਹੋਵੇਗਾ ਅਤੇ ਕਠੋਰ ਸਬੂਤਾਂ ਨਾਲ਼ ਪੁਸ਼ਟ ਕਰਨਾ ਹੋਰ ਵੀ ਔਖੇਰਾ। ਇਸ ਤੋਂ ਇਲਾਵਾ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਤਬਦੀਲੀਆਂ ਵੱਡੇ ਇਲਾਕਿਆਂ ਵਿੱਚ ਹੁੰਦੀਆਂ ਹਨ ਨਾ ਕਿ ਕਿਸੇ ਜ਼ਿਲ੍ਹੇ ਦੇ ਇਨਸਾਨਾਂ ਦੁਆਰਾ ਖਿੱਚੀਆਂ ਸੀਮਾਵਾਂ ਦੇ ਅੰਦਰ ਹੀ ਸਿਮਟ ਜਾਂਦੀਆਂ ਹਨ। ਮਰਾਠਵਾੜਾ ਅੰਦਰ, ਲਾਤੂਰ ਜਿਹਦਾ ਇੱਕ ਛੋਟਾ ਜਿਹਾ ਹਿੱਸਾ ਹੈ, ਵੱਧਦੇ ਖੇਤੀ-ਵਾਤਾਵਰਣ ਅਸੰਤੁਲਨ ਦੇ ਕਾਰਨ ਕਾਫ਼ੀ ਵੱਡੇ ਬਦਲਾਅ ਹੋ ਰਹੇ ਹਨ।''

''ਪਰ ਇਸ ਵੱਡੇ ਇਲਾਕੇ ਵਿੱਚ ਕਈ ਪ੍ਰਕਿਰਿਆਵਾਂ ਵਿਚਾਲੇ ਕੁਝ ਨਾ ਕੁਝ ਆਪਸੀ ਸਬੰਧ ਜ਼ਰੂਰ ਮੌਜੂਦ ਹਨ। ਇਹ ਕਿਸੇ ਬੁਝਾਰਤ ਵਾਂਗਰ ਹੀ ਹੈ ਕਿ ਪਿਛਲੇ ਸਮੇਂ ਤੋਂ ਫ਼ਸਲਾਂ ਦੇ ਪੈਟਰਨ ਵਿੱਚ ਆਏ ਵੱਡੇ ਬਦਲਾਵਾਂ ਅਤੇ ਭੂਮੀ ਦੀ ਵਰਤੋਂ ਅਤੇ ਤਕਨੀਕਾਂ ਵਿਚਲੀਆਂ ਵੱਡੀਆਂ ਤਬਦੀਲੀਆਂ ਤੋਂ ਬਾਅਦ ਤੋਂ ਹੀ ਗੜ੍ਹੇਮਾਰੀ ਦੇ ਰੂਪ ਵਿੱਚ ਮੌਸਮ ਦਾ ਇੰਨਾ ਵੱਡਾ ਬਦਲਾਅ ਸਾਹਮਣੇ ਆਇਆ। ਭਾਵੇਂ ਕਿ ਮਨੁੱਖੀ ਗਤੀਵਿਧੀਆਂ ਦੀ ਨਿੰਦਾ, ਮੂਲ਼ ਕਾਰਨ ਦੇ ਰੂਪ ਵਿੱਚ ਨਹੀਂ ਕੀਤੀ ਜਾ ਸਕਦੀ, ਪਰ ਇਹਦੇ ਕਾਰਨ ਕਰਕੇ ਜਲਵਾਯੂ ਅਸੰਤੁਲਨ ਨਿਸ਼ਚਤ ਰੂਪ ਨਾਲ਼ ਵੱਧ ਰਿਹਾ ਹੈ।''

ਇਸ ਵਿਚਾਲੇ, ਹਰ ਸਾਲ ਖ਼ਰਾਬ ਮੌਸਮ ਦੇ ਵੱਧਦੇ ਕਾਂਡਾਂ ਤੋਂ ਲੋਕ ਹੱਕੇ-ਬੱਕੇ ਹਨ।

ਗੁਣਵੰਤ ਹੁਲਸੁਲਕਰ ਕਹਿੰਦੇ ਹਨ, ''ਹਰ ਖੇਤੀ ਚੱਕਰ, ਕਿਸਾਨਾਂ ਨੂੰ ਵੱਧ ਤਣਾਓ ਵਿੱਚ ਪਾਉਂਦਾ ਹੈ। ਕਿਸਾਨਾਂ ਦੀ ਆਤਮਹੱਤਿਆਵਾਂ ਮਗਰ ਵੀ ਇਹੀ ਇੱਕ ਕਾਰਨ ਹੈ। ਮੇਰੇ ਬੱਚਿਆਂ ਲਈ ਸਰਕਾਰੀ ਦਫ਼ਤਰ ਵਿੱਚ ਬਤੌਰ ਕਲਰਕ ਕੰਮ ਕਰਨਾ ਵੱਧ ਬਿਹਤਰ ਹੋਵੇਗਾ।'' ਜਲਵਾਯੂ ਨੂੰ ਦੇਖਦੇ ਹੋਏ ਖੇਤੀ ਬਾਰੇ ਉਨ੍ਹਾਂ ਦਾ ਨਜ਼ਰੀਆ ਬਦਲ ਚੁੱਕਿਆ ਹੈ।

ਸੁਭਾਸ਼ ਸ਼ਿੰਦੇ ਕਹਿੰਦੇ ਹਨ,''ਖੇਤੀ ਹੁਣ ਸਮੇਂ, ਊਰਜਾ ਅਤੇ ਪੈਸੇ ਦੀ ਬਰਬਾਦੀ ਜਾਪਣ ਲੱਗੀ ਹੈ।'' ਉਨ੍ਹਾਂ ਦੀ ਮਾਂ ਦੇ ਸਮੇਂ ਵਿੱਚ ਹਾਲਾਤ ਕੁਝ ਵੱਖ ਸਨ। ਕਾਵੇਰੀਬਾਈ ਕਹਿੰਦੀ ਹਨ,''ਖੇਤੀ ਕਰਨਾ ਸਾਡੀ ਕੁਦਰਤੀ ਚੋਣ ਹੁੰਦੀ ਸੀ।''

ਕਾਵੇਰੀਬਾਈ ਨੂੰ ਨਮਸਤੇ ਕਹਿੰਦਿਆਂ ਜਦੋਂ ਮੈਂ ਉਨ੍ਹਾਂ ਤੋਂ ਵਿਦਾ ਲੈਣ ਲੱਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ਼ ਹੱਥ ਮਿਲ਼ਾਇਆ। ਉਹ ਫ਼ਖਰ ਨਾਲ਼ ਮੁਸਕਰਾਉਂਦਿਆਂ ਕਹਿੰਦੀ ਹਨ,''ਪਿਛਲੇ ਸਾਲ, ਮੇਰੇ ਪੋਤੇ ਨੇ ਪੈਸੇ ਬਚਾਏ ਅਤੇ ਮੈਨੂੰ ਹਵਾਈ ਜਹਾਜ਼ ਦੇ ਝੂਟੇ ਦਵਾਏ। ਜਹਾਜ਼ ਵਿੱਚ ਕਿਸੇ ਨੇ ਮੇਰਾ ਸੁਆਗਤ ਵੀ ਇੰਝ ਹੀ ਹੱਥ ਮਿਲ਼ਾ ਕੇ ਕੀਤਾ ਸੀ। ਮੌਸਮ ਬਦਲ ਰਿਹਾ ਹੈ, ਮੈਂ ਸੋਚਿਆ ਕਿਉਂ ਨਾ ਸੁਆਗਤ ਕਰਨ ਦੀਆਂ ਆਪਣੀਆਂ ਆਦਤਾਂ ਵੀ ਬਦਲੀਆਂ ਜਾਣ।''

ਕਵਰ ਫ਼ੋਟੋ (ਲਾਤੂਰ ਵਿਖੇ ਗੜ੍ਹੇਮਾਰੀ ਨਾਲ਼ ਭਾਰੀ ਨੁਕਸਾਨ) : ਨਿਸ਼ਾਂਤ ਭਦ੍ਰੇਸ਼ਵਰ।

ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Reporter : Parth M.N.

پارتھ ایم این ۲۰۱۷ کے پاری فیلو اور ایک آزاد صحافی ہیں جو مختلف نیوز ویب سائٹس کے لیے رپورٹنگ کرتے ہیں۔ انہیں کرکٹ اور سفر کرنا پسند ہے۔

کے ذریعہ دیگر اسٹوریز Parth M.N.

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Series Editors : P. Sainath

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Series Editors : Sharmila Joshi

شرمیلا جوشی پیپلز آرکائیو آف رورل انڈیا کی سابق ایڈیٹوریل چیف ہیں، ساتھ ہی وہ ایک قلم کار، محقق اور عارضی ٹیچر بھی ہیں۔

کے ذریعہ دیگر اسٹوریز شرمیلا جوشی
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur