''ਜਦੋਂ ਮੈਂ ਛੋਟਾ ਹੁੰਦਾ ਸਾਂ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਸਾਡਾ ਦੀਪ ਇੱਕ ਵੱਡੇ ਮੂੰਗੇ ਦੀ ਚੱਟਾਨ 'ਤੇ ਬਣਿਆ ਹੈ। ਇਹਦੇ ਹੇਠਾਂ ਮੂੰਗਾ ਹੈ ਜਿਹਨੇ ਸਾਡੇ ਦੀਪ ਨੂੰ ਫੜ੍ਹਿਆ ਹੋਇਆ ਹੈ ਅਤੇ ਸਾਡੇ ਆਸਪਾਸ ਇੱਕ ਖਾੜੀ (ਲੈਗੂਨ) ਹੈ ਜੋ ਸਾਨੂੰ ਮਹਾਸਾਗਰ ਤੋਂ ਬਚਾਉਂਦੀ ਹੈ,'' ਬਿਤਰਾ ਦੀਪ 'ਤੇ ਰਹਿਣ ਵਾਲ਼ੇ 60 ਸਾਲਾ ਮਛੇਰੇ, ਬੀ ਹੈਦਰ ਕਹਿੰਦੇ ਹਨ।
''ਬਚਪਨ ਦੇ ਦਿਨੀਂ ਜਵਾਰ ਲੱਥਦਿਆਂ ਅਸੀਂ ਮੂੰਗੇ ਨੂੰ ਦੇਖ ਪਾਉਂਦੇ ਹੁੰਦੇ ਸਾਂ। ਇਹ ਬਹੁਤ ਰੂਪਮਤਾ ਸੀ। ਹੁਣ ਉਨ੍ਹਾਂ ਵਿੱਚੋਂ ਬਹੁਤਾ ਕੁਝ ਬਚਿਆ ਨਹੀਂ ਹੈ। ਪਰ ਵੱਡੀਆਂ ਲਹਿਰਾਂ ਤੋਂ ਆਪਣੇ ਦੀਪ ਨੂੰ ਬਚਾਉਣ ਵਾਸਤੇ ਸਾਨੂੰ ਇਨ੍ਹਾਂ ਮੂੰਗਾ ਚੱਟਾਨਾਂ ਦੀ ਲੋੜ ਹੈ।''
ਲਕਸ਼ਦੀਪ ਦੇ ਟਾਪੂਆਂ ਦੀਆਂ ਕਹਾਣੀਆਂ, ਕਲਪਨਾਵਾਂ, ਜੀਵਨ, ਰੋਜ਼ੀਰੋਟੀ ਅਤੇ ਵਾਤਾਵਰਣਕ ਤੰਤਰ ਦਾ ਕੇਂਦਰੀ ਧੁਰਾ ਹੈ ਮੂੰਗਾ... ਜੋ ਹੌਲ਼ੀ-ਹੌਲ਼ੀ ਮੁੱਕਦਾ ਜਾ ਰਿਹਾ ਹੈ। ਉਹਦੇ ਮੁੱਕਣ ਦੇ ਨਾਲ਼ ਹੀ ਕੁਝ ਅਜਿਹੀਆਂ ਤਬਦੀਲੀਆਂ (ਵਾਤਾਵਰਣ ਵਿੱਚ) ਵੀ ਹੋ ਰਹੀਆਂ ਹਨ ਜਿਨ੍ਹਾਂ ਨੂੰ ਇੱਥੋਂ ਦੇ ਮਛੇਰੇ ਦਹਾਕਿਆਂ ਤੋਂ ਦੇਖ, ਸਮਝ ਅਤੇ ਝੱਲ ਰਹੇ ਹਨ।
''ਸਿੱਧੀ ਸਪਾਟ ਗੱਲ ਹੈ... ਕੁਦਰਤ ਬਦਲ ਗਈ ਹੈ,'' ਅਗੱਤੀ ਦੀਪ ਦੇ 61 ਸਾਲਾ ਮਛੇਰੇ ਮੁਨਿਯਾਮਿਨ ਕੇ.ਕੇ. ਦੱਸਦੇ ਹਨ, ਜਿਨ੍ਹਾਂ ਨੇ 22 ਸਾਲ ਦੀ ਉਮਰੇ ਹੀ ਮੱਛੀ ਫੜ੍ਹਨੀ ਸ਼ੁਰੂ ਕਰ ਦਿੱਤੀ ਸੀ। ''ਉਨ੍ਹੀਂ ਦਿਨੀਂ, ਮਾਨਸੂਨ ਸਹੀ ਸਮੇਂ (ਜੂਨ ਵਿੱਚ) ਆ ਜਾਂਦਾ ਸੀ ਪਰ ਅੱਜ ਮਾਨਸੂਨ ਦੇ ਆਉਣ ਬਾਰੇ ਕਿਆਸ ਹੀ ਨਹੀਂ ਲਾ ਸਕਦੇ। ਇਨ੍ਹੀਂ ਦਿਨੀਂ ਮੱਛੀਆਂ ਘੱਟ ਗਈਆਂ ਹਨ। ਉਦੋਂ ਮੱਛੀਆਂ ਫੜ੍ਹਨ ਬਹੁਤੀ ਦੂਰ ਨਹੀਂ ਸੀ ਜਾਣਾ ਪੈਂਦਾ, ਮੱਛੀਆਂ ਝੁੰਡ ਬਣਾ ਕੇ ਨੇੜੇ ਤੇੜੇ ਹੀ ਰਹਿੰਦੀਆਂ ਸਨ। ਪਰ ਹੁਣ ਮੱਛੀਆਂ ਦੀ ਭਾਲ਼ ਵਿੱਚ ਗਏ ਲੋਕ ਕਈ ਕਈ ਦਿਨ ਹੀ ਨਹੀਂ ਕਈ ਕਈ ਹਫ਼ਤਿਆਂ ਤੱਕ ਗਾਇਬ ਰਹਿੰਦੇ ਹਨ।''
ਕੇਰਲ ਦੇ ਤਟ ਤੋਂ ਅਗਾਂਹ ਅਰਬ ਸਾਗਰ ਵਿੱਚ ਸਥਿਤ ਭਾਰਤ ਦੇ ਸਭ ਤੋਂ ਛੋਟੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਵਿੱਚ ਅਗੱਤੀ ਅਤੇ ਬਿਤਰਾ ਦਰਮਿਆਨ ਦੂਰੀ ਤੈਅ (ਬੇੜੀ ਰਾਹੀਂ) ਕਰਨ ਵਿੱਚ ਸੱਤ ਘੰਟੇ ਲੱਗਦੇ ਹਨ ਜਿੱਥੇ ਸਭ ਤੋਂ ਮਾਹਰ ਮਛੇਰੇ ਰਹਿੰਦੇ ਹਨ। ਮਲਿਆਲਮ ਅਤੇ ਸੰਸਕ੍ਰਿਤ ਦੋਵਾਂ ਭਾਸ਼ਾਵਾਂ ਵਿੱਚ 'ਲਕਸ਼ਦੀਪ' ਦਾ ਮਤਲਬ ਹੈ ਇੱਕ ਲੱਖ ਦੀਪ। ਪਰ ਸਾਡੇ ਦੌਰ ਦੀ ਹਕੀਕਤ ਇਹ ਹੈ ਕਿ ਹੁਣ ਇੱਥੇ ਸਿਰਫ਼ 36 ਦੀਪ ਹੀ ਹਨ ਜੋ ਕੁੱਲ 32 ਵਰਗ ਕਿਲੋਮੀਟਰ ਇਲਾਕੇ ਵਿੱਚ ਫ਼ੈਲੇ ਹੋਏ ਹਨ। ਹਾਲਾਂਕਿ, ਇਨ੍ਹਾਂ ਦੀਪ-ਸਮੂਹਾਂ ਦਾ ਪਾਣੀ 400,000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਸਮੁੰਦਰੀ ਜੀਵਨ ਅਤੇ ਵਸੀਲਿਆਂ ਨਾਲ਼ ਲਬਰੇਜ਼ ਹੈ।
ਇੱਕ ਜ਼ਿਲ੍ਹੇ ਵਾਲ਼ੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹਰ ਸੱਤਵਾਂ ਵਿਅਕਤੀ ਮਛੇਰਾ ਹੈ ਭਾਵ ਕਿ 64,500 ਦੀ ਵਸੋਂ (ਮਰਦਮਸ਼ੁਮਾਰੀ 2011 ਮੁਤਾਬਕ) ਵਿੱਚੋਂ 9,000 ਲੋਕੀਂ ਇਸੇ ਪੇਸ਼ੇ ਨਾਲ਼ ਸਬੰਧਤ ਹਨ।
ਦੀਪਾਂ 'ਤੇ ਰਹਿਣ ਵਾਲ਼ੇ ਬਜ਼ੁਰਗ ਦੱਸਦੇ ਹਨ ਕਿ ਮਾਨਸੂਨ ਆਉਣ 'ਤੇ ਉਹ ਆਪਣੇ ਕੈਲੰਡਰ ਸੈੱਟ ਕਰ ਸਕਦੇ ਹੁੰਦੇ ਸਨ। ਪਰ ''ਹੁਣ ਸਮੁੰਦਰ ਵਿੱਚ ਕਿਸੇ ਵੀ ਸਮੇਂ ਹਲਚਲ ਹੋਣ ਲੱਗਦੀ ਹੈ ਪਰ ਪਹਿਲਾਂ ਇੰਝ ਨਹੀਂ ਸੀ ਹੁੰਦਾ,'' 70 ਸਾਲਾ ਮਛੇਰੇ ਯੂ.ਪੀ. ਕੋਇਆ ਕਹਿੰਦੇ ਹਨ, ਜਿਨ੍ਹਾਂ ਕੋਲ਼ ਮੱਛੀ ਫੜ੍ਹਨ ਦਾ ਕਰੀਬ 40 ਸਾਲਾਂ ਦਾ ਤਜ਼ਰਬਾ ਹੈ। ''ਮੈਂ ਸ਼ਾਇਦ 5ਵੀਂ ਜਮਾਤ ਵਿੱਚ ਸਾਂ ਜਦੋਂ ਮਿਨੀਕਾਯ ਦੀਪ (ਕਰੀਬ 300 ਕਿਲੋਮੀਟਰ ਦੂਰ) ਤੋਂ ਲੋਕ ਇੱਥੇ ਆਏ ਅਤੇ ਸਾਨੂੰ 'ਪੋਲ ਅਤੇ ਲਾਈਨ/ਡਾਂਗ ਅਤੇ ਰੱਸੀ' ਤਰੀਕੇ ਨਾਲ਼ ਮੱਛੀ ਫੜ੍ਹਨਾ ਸਿਖਾਇਆ। ਉਦੋਂ ਤੋਂ ਹੀ ਲਕਸ਼ਦੀਪ ਅੰਦਰ ਉਸੇ ਤਰੀਕੇ ਨਾਲ਼ ਹੀ ਮੱਛੀ ਫੜ੍ਹੀ ਜਾਂਦੀ ਹੈ। ਅਸੀਂ ਜਾਲ਼ ਨਹੀਂ ਪਾਉਂਦੇ ਕਿਉਂਕਿ ਉਹ ਮੂੰਗੇ ਦੀਆਂ ਚੱਟਾਨਾਂ ਵਿੱਚ ਜਾ ਫੱਸਦੇ ਹਨ ਅਤੇ ਪਾਟ ਜਾਂਦੇ ਹਨ। ਅਸੀਂ ਪੰਛੀਆਂ ਅਤੇ ਆਪਣੇ ਦਿਸ਼ਾ-ਸੂਚਕ ਯੰਤਰ ਸਹਾਰੇ ਮੱਛੀਆਂ ਫੜ੍ਹਦੇ ਹਾਂ।
ਮੱਛੀ ਫੜ੍ਹਨ ਦੀ 'ਪੋਲ (ਡਾਂਗ) ਅਤੇ ਲਾਈਨ (ਰੱਸੀ)' ਵਿਧੀ ਵਿੱਚ, ਮਛੇਰੇ ਰੇਲਿੰਗ 'ਤੇ ਜਾਂ ਆਪਣੀਆਂ ਬੇੜੀਆਂ/ਜਹਾਜ਼ਾਂ ਦੇ ਪਲੇਟਫਾਰਮਾਂ 'ਤੇ ਖੜ੍ਹੇ ਹੋ ਜਾਂਦੇ ਹਨ। ਅਖ਼ੀਰਲੇ ਸਿਰੇ 'ਤੇ ਇੱਕ ਮਜ਼ਬੂਤ ਹੁੱਕ ਦੇ ਨਾਲ਼ ਇੱਕ ਛੋਟੀ, ਮਜ਼ਬੂਤ ਰੱਸੀ (ਲਾਈਨ) ਡਾਂਗ (ਪੋਲ) ਨਾਲ਼ ਬੰਨ੍ਹੀ ਗਈ ਹੁੰਦੀ ਹੈ ਜੋ ਅਕਸਰ ਫਾਈਬਰ ਗਲਾਸ ਨਾਲ਼ ਬਣੀ ਹੁੰਦੀ ਹੈ। ਇਹ ਮੱਛੀ ਫੜ੍ਹਨ ਦਾ ਜ਼ਿਆਦਾ ਟਿਕਾਊ ਰੂਪ ਹੈ ਅਤੇ ਇੱਥੇ ਇਹਦੀ ਵਰਤੋਂ ਜ਼ਿਆਦਾਤਰ ਓਤਲੇ ਪਾਣੀ ਵਿੱਚ ਰਹਿਣ ਵਾਲ਼ੀਆਂ ਟੂਨਾ ਨਸਲ ਦੀਆਂ ਮੱਛੀਆਂ ਨੂੰ ਫੜ੍ਹਨ ਲਈ ਕੀਤੀ ਜਾਂਦੀ ਹੈ। ਅਗੱਤੀ ਅਤੇ ਲਕਸ਼ਦੀਪ ਦੇ ਹੋਰਨਾਂ ਦੀਪਾਂ 'ਤੇ ਲੋਕ ਭੋਜਨ ਵਿੱਚ ਮੁੱਖ ਰੂਪ ਨਾਲ਼ ਨਾਰੀਅਲ ਅਤੇ ਟੂਨਾ ਮੱਛੀ ਦਾ ਹੀ ਸੇਵਨ ਕਰਦੇ ਹਨ।
0.105 ਵਰਗ ਕਿਲੋਮੀਟਰ (ਜਾਂ ਕਰੀਬ 10 ਹੈਕਟੇਅਰ) ਵਾਲ਼ਾ ਬਿਤਰਾ ਸਭ ਤੋਂ ਛੋਟਾ ਦੀਪ ਹੈ ਜੋ 12 ਦੀਪ-ਸਮੂਹਾਂ ਵਿੱਚੋਂ ਸਭ ਤੋਂ ਦੂਰ ਵੀ ਹੈ। ਇਸ ਦੀਪ ਦੀ ਰੇਤ ਚਿੱਟੀ ਅਤੇ ਨਰਮ ਹੈ ਅਤੇ ਇੱਥੇ ਨਾਰੀਅਲ ਦੇ ਰੁੱਖ ਹਨ ਅਤੇ ਇੱਥੇ ਪਾਣੀ ਦੇ ਚਾਰ ਰੰਗ- ਨੀਲਾ, ਫ਼ਿਰੋਜੀ, ਐਕਵਾਮੈਰੀਨ ਅਤੇ ਸਮੁੰਦਰੀ ਹਰਾ ਮਿਲ਼ਦੇ ਹਨ। ਸੈਲਾਨੀਆਂ ਨੂੰ ਇੱਥੇ ਆਉਣ ਦੀ ਆਗਿਆ ਨਹੀਂ ਹੈ; ਇੱਕ ਵਾਰੀ ਜੇ ਤੁਸੀਂ ਇੱਥੇ ਆ ਜਾਵੋ ਤਾਂ ਪੈਦਲ ਤੁਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿਉਂਕਿ ਇੱਥੇ ਕਾਰਾਂ ਜਾਂ ਮੋਟਰਸਾਈਕਲ ਨਹੀਂ ਹਨ, ਇੱਥੋਂ ਤੱਕ ਕਿ ਸਾਈਕਲ ਵੀ ਵਿਰਲੇ ਹੀ ਹਨ। 2011 ਦੀ ਮਰਦਮਸ਼ੁਮਾਰੀ ਮੁਤਾਬਕ, ਬਿਤਰਾ ਵਿੱਚ ਸਿਰਫ਼ 271 ਲੋਕ ਹੀ ਰਹਿੰਦੇ ਹਨ।
ਹਾਲਾਂਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਭ ਤੋਂ ਵੱਡਾ ਲੈਗੂਨ ਇੱਥੇ ਹੀ ਸਥਿਤ ਹੈ- ਖੇਤਰਫਲ ਪੱਖੋਂ 47 ਵਰਗ ਕਿਲੋਮੀਟਰ ਅਤੇ ਬਿਤਰਾ ਲਕਸ਼ਦੀਪ ਅਤੇ ਲਕਸ਼ਦੀਪ ਭਾਰਤ ਵਿੱਚ ਇਕਲੌਤਾ ਅਜਿਹਾ ਦੀਪ ਹੈ। ਭਾਵ ਕਿ ਇੱਥੋਂ ਦੀ ਲਗਭਗ ਵਸੋਂ ਭੂਮੀ ਅਸਲ ਵਿੱਚ ਇੱਕ ਮੂੰਗੇ ਦੀਆਂ ਚੱਟਾਨਾਂ ਦੇ ਰੂਪ ਵਿੱਚ ਹੈ। ਇਹਦੀ ਮਿੱਟੀ ਇਨ੍ਹਾਂ ਮੂੰਗੇ ਦੀਆਂ ਚੱਟਾਨਾਂ ਤੋਂ ਹੀ ਬਣੀ ਹੈ।
ਮੂੰਗਾ ਇੱਕ ਜਿਊਂਦਾ ਜੀਵ ਹੈ ਜੋ ਇਨ੍ਹਾਂ ਚੱਟਾਨਾਂ ਦੇ ਰੂਪ ਵਿੱਚ ਹੁੰਦਾ ਹੈ ਅਤੇ ਸਮੁੰਦਰੀ ਜੀਵਨ, ਖ਼ਾਸ ਕਰਕੇ ਮੱਛੀਆਂ ਵਾਸਤੇ ਈਕੋਸਿਸਟਮ (ਵਾਤਾਵਰਣਕ ਢਾਂਚਾ) ਪ੍ਰਦਾਨ ਕਰਦਾ ਹੈ। ਮੂੰਗੇ ਦੀਆਂ ਚੱਟਾਨਾਂ ਕੁਦਰਤੀ ਰੂਪ ਵਿੱਚ ਬੈਰੀਕੇਡ ਦਾ ਕੰਮ ਕਰਦੀਆਂ ਹਨ, ਜੋ ਇਨ੍ਹਾਂ ਦੀਪਾਂ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾਉਂਦੀਆਂ ਹਨ ਅਤੇ ਪਾਣੀ ਦੇ ਸੀਮਤ ਸ੍ਰੋਤਾਂ ਵਿੱਚੋਂ ਖਾਰੇ ਪਾਣੀ ਨੂੰ ਬਾਹਰ ਰੱਖਦੀਆਂ ਹਨ।
ਅੰਨ੍ਹੇਵਾਹ ਮੱਛੀ ਦਾ ਫੜ੍ਹਿਆ ਜਾਣਾ ਖ਼ਾਸ ਕਰਕੇ ਜਾਲ਼ ਪਾਉਣ ਵਾਲ਼ੀਆਂ ਬੇੜੀਆਂ ਦੁਆਰਾ ਡੂੰਘਾਈ ਵਿੱਚ ਜਾ ਕੇ ਮੱਛੀਆਂ ਫੜ੍ਹਨ ਨਾਲ਼ ਬੇਟਫਿਸ਼ (ਚਾਰਾ ਮੱਛੀਆਂ) 'ਚ ਕਮੀ ਆ ਰਹੀ ਹੈ ਅਤੇ ਮੂੰਗੇ ਦੀਆਂ ਚੱਟਾਨਾਂ ਅਤੇ ਸਬੰਧਤ ਜੈਵ-ਵਿਭਿੰਨਤਾ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ
ਮੂੰਗੇ ਦੀਆਂ ਚੱਟਾਨਾਂ ਵਿੱਚ ਛੋਟੀਆਂ ਚਾਰਾ ਮੱਛੀਆਂ (ਬੇਟਫਿਸ਼) ਦਾ ਘਰ ਹੁੰਦੀਆਂ ਹਨ ਜੋ ਟੂਨਾ ਅਤੇ ਲੈਗੂਨ ਮੱਛੀਆਂ ਦੀਆਂ ਦਰਜਨਾਂ ਕਿਸਮਾਂ ਨੂੰ ਲੁਭਾਉਣ ਲਈ ਫੜ੍ਹੀਆਂ ਜਾਂਦੀਆਂ ਹਨ। ਜਲਵਾਯੂ ਤਬਦੀਲੀ 'ਤੇ 2012 ਦੇ ਯੂਐੱਨਡੀਪੀ ਲਕਸ਼ਦੀਪ ਐਕਸ਼ਨ ਪਲਾਨ ਮੁਤਾਬਕ, ਭਾਰਤ ਅੰਦਰ ਕੁੱਲ ਜਿੰਨੀਆਂ ਮੱਛੀਆਂ ਫੜ੍ਹੀਆਂ ਜਾਂਦੀਆਂ ਹਨ ਉਨ੍ਹਾਂ ਵਿੱਚੋਂ 25 ਫ਼ੀਸਦੀ ਇਨ੍ਹਾਂ ਮੂੰਗੇ ਦੀਆਂ ਚੱਟਾਨਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਟੂਨਾ ਨਸਲ ਦੀਆਂ ਮੱਛੀਆਂ ਨੂੰ ਫੜ੍ਹਨ ਵਿੱਚ ਇਨ੍ਹਾਂ ਮੱਛੀਆਂ (ਬੇਟਫਿਸ਼) ਦੀ ਕੇਂਦਰੀ ਭੂਮਿਕਾ ਰਹਿੰਦੀ ਹੈ।
''ਅਸੀਂ ਚਾਰਾ ਮੱਛੀਆਂ (ਬੇਟਫਿਸ਼) ਨੂੰ ਉਨ੍ਹਾਂ ਦੁਆਰਾ ਆਪਣੇ ਆਂਡੇ ਜਮ੍ਹਾ ਕਰ ਲੈਣ ਤੋਂ ਬਾਅਦ ਹੀ ਫੜ੍ਹਦੇ ਸਨ, ਪਰ ਹੁਣ ਲੋਕ ਉਨ੍ਹਾਂ ਨੂੰ ਕਦੇਕ ਵੀ ਫੜ੍ਹ ਲੈਂਦੇ ਹਨ,'' 53 ਸਾਲਾ ਮਛੇਰੇ ਅਬਦੁਲ ਰਹਿਮਾਨ ਕਹਿੰਦੇ ਹਨ, ਜੋ ਬਿਤਰਾ ਤੋਂ ਕਰੀਬ 122 ਕਿਲੋਮੀਟਰ ਦੂਰ, ਜ਼ਿਲ੍ਹਾ ਮੁੱਖ ਦਫ਼ਤਰ ਕਵਰੱਤੀ ਵਿੱਚ ਰਹਿੰਦੇ ਹਨ ਅਤੇ 30 ਸਾਲਾਂ ਤੋਂ ਮੱਛੀਆਂ ਫੜ੍ਹ ਰਹੇ ਹਨ। ''ਬੇੜੀਆਂ ਦੀ ਗਿਣਤੀ ਵੱਧ ਗਈ ਹੈ, ਪਰ ਮੱਛੀਆਂ ਘੱਟ ਗਈਆਂ ਹਨ।'' ਅੰਨ੍ਹੇਵਾਹ ਮੱਛੀ ਫੜ੍ਹਨ, ਖ਼ਾਸ ਕਰਕੇ ਜਾਲ਼ ਵਾਲ਼ੀਆਂ ਮਸ਼ੀਨੀਕ੍ਰਿਤ ਬੇੜੀਆਂ ਦੁਆਰਾ ਡੂੰਘਾਈ ਵਿੱਚ ਜਾ ਕੇ ਮੱਛੀ ਫੜ੍ਹਨ ਕਾਰਨ ਚਾਰਾ ਮੱਛੀ ਘੱਟ ਹੋ ਰਹੀ ਹੈ ਅਤੇ ਮੂੰਗੇ ਦੀਆਂ ਚੱਟਾਨਾਂ ਅਤੇ ਸਬੰਧਤ ਜੈਵ-ਵਿਭਿੰਨਤਾ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
ਅਤੇ ਇਹ ਸਮੱਸਿਆ ਦਾ ਸਿਰਫ਼ ਇੱਕੋ ਹਿੱਸਾ ਹੈ।
ਅਲ ਨੀਨੋ (El Nino) ਜਿਹੇ ਗੰਭੀਰ ਜਲਵਾਯੂ ਪੈਟਰਨ ਸਮੁੰਦਰ ਦੀ ਸਤ੍ਹਾ ਦੇ ਤਾਪਮਾਨ ਨੂੰ ਵਧਾਉਂਦੇ ਹਨ ਅਤੇ ਵੱਡੇ ਪੱਧਰ 'ਤੇ 'ਮੂੰਗੇ ਦੀਆਂ ਚੱਟਾਨਾਂ ਬੱਗੀਆਂ ਫੇਰਨ' ਅਤੇ ਉਨ੍ਹਾਂ ਦੇ ਜੀਵਨ ਨੂੰ ਅਤੇ ਦੀਪ ਦੀ ਰੱਖਿਆ ਕਰਨ ਦੀ ਉਨ੍ਹਾਂ ਦੀ ਸਮਰੱਥਾ ਘੱਟ ਕਰਨ ਦਾ ਕਾਰਨ ਬਣਦੇ ਹਨ। ਲਕਸ਼ਦੀਪ ਦੇ ਅੰਦਰ ਤਿੰਨ ਵਾਰੀ ਮੂੰਗੇ ਦੀਆਂ ਚੱਟਾਨਾਂ ਬਗੀਆਂ ਪਈਆਂ ਹਨ-1998, 2010 ਅਤੇ 2016 ਵਿੱਚ। ਮੈਸੂਰ ਸਥਿਤ ਗ਼ੈਰ-ਲਾਭਕਾਰੀ ਵਣ ਜੀਵਨ ਸੰਰਖਣ ਅਤੇ ਖ਼ੋਜ ਸੰਗਠਨ, ਨੇਚਰ ਕੰਜਰਵੇਸ਼ਨ ਫਾਊਂਡੇਸ਼ਨ (ਐੱਨਸੀਐੱਫ਼) ਦੇ 2018 ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਮੂੰਗੇ ਦੀਆਂ ਚੱਟਾਨਾਂ ਖ਼ਤਰੇ ਵਿੱਚ ਹਨ। ਅਧਿਐਨ ਤੋਂ ਪਤਾ ਚੱਲਦਾ ਹੈ ਕਿ 1998 ਤੋਂ 2017 ਦਰਮਿਆਨ ਸਿਰਫ਼ 20 ਸਾਲਾਂ ਅੰਦਰ ਲਕਸ਼ਦੀਪ ਅੰਦਰ ਮੂੰਗੇ ਦੀਆਂ ਚੱਟਾਨਾਂ ਦਾ ਖੇਤਰ 51.6 ਫ਼ੀਸਦ ਤੋਂ ਘੱਟ ਕੇ 11 ਫ਼ੀਸਦ ਹੋ ਗਿਆ ਹੈ।
ਬਿਤਰਾ ਦੇ ਇੱਕ ਮਛੇਰੇ, 37 ਸਾਲਾ ਅਬਦੁਲ ਕੋਯਾ ਕਹਿੰਦੇ ਹਨ: ''ਅਸੀਂ ਜਦੋਂ 4 ਜਾਂ 5 ਸਾਲ ਦੇ ਸਾਂ ਉਦੋਂ ਮੂੰਗੇ ਨੂੰ ਪਛਾਣ ਲੈਂਦਾ ਸਾਂ। ਪਾਣੀ ਵਿੱਚ ਛਾਲ਼ ਮਾਰਨ ਤੋਂ ਪਹਿਲਾਂ ਅਸੀਂ ਇਨ੍ਹਾਂ ਚੱਟਾਨਾਂ ਨੂੰ ਕੰਢੇ ਕੰਢੇ ਤੈਰਦਾ ਦੇਖਦੇ ਹੁੰਦੇ ਸਾਂ। ਇਨ੍ਹਾਂ ਦੀ ਵਰਤੋਂ ਅਸੀਂ ਘਰ ਬਣਾਉਣ ਵਿੱਚ ਕਰਿਆ ਕਰਦੇ।''
ਕਵਰੱਤੀ ਵਿੱਚ ਵਿਗਿਆਨ ਅਤੇ ਤਕਨੀਕੀ ਵਿਭਾਗ ਦੇ ਵਿਗਿਆਨਕ, ਡਾਕਟਰ ਕੇ.ਕੇ. ਇਦਰੀਸ ਬਾਬੂ ਘਟਦੀਆਂ ਜਾਂਦੀਆਂ ਮੂੰਗੇ ਦੀਆਂ ਚੱਟਾਨਾਂ ਬਾਰੇ ਦੱਸਦੇ ਹਨ: ''ਉੱਚ ਸਮੁੰਦਰੀ ਸਤ੍ਹਾ ਦੇ ਤਾਪਮਾਨ ਅਤੇ ਮੂੰਗੇ ਦੀਆਂ ਚੱਟਾਨਾਂ ਦਰਮਿਆਨ ਇੱਕ ਸਬੰਧ ਹੈ। 2016 ਵਿੱਚ, ਸਮੁੰਦਰ ਦਾ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਇਸ ਨਾਲ਼ੋਂ ਵੀ ਵੱਧ ਸੀ!'' ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ 2005 ਤੱਕ, ਮੂੰਗੇ ਦੀਆਂ ਚੱਟਾਨਾਂ ਦੇ ਇਲਾਕਿਆਂ ਵਿੱਚ 28.92 ਸੈਲਸੀਅਸ ਤਾਪਮਾਨ ਦੇਖਿਆ ਗਿਆ ਸੀ। 1985 ਵਿੱਚ, ਇਹ 28.5 ਸੈਲਸੀਅਸ ਸੀ। ਗਰਮੀ ਅਤੇ ਪਾਣੀ ਦੇ ਪੱਧਰ ਵਿੱਚ ਵਾਧਾ ਉਨ੍ਹਾਂ ਦੀਪਾਂ ਵਿੱਚ ਚਿੰਤਾ ਦਾ ਵਿਸ਼ਾ ਹੈ, ਜਿੱਥੋਂ ਦੀ ਔਸਤ ਉੱਚਾਈ ਸਮੁੰਦਰ ਤਲ ਤੋਂ 1-2 ਮੀਟਰ ਹੈ।
ਕਵਰੱਤੀ ਵਿੱਚ 53 ਫੁੱਟ ਦੀ ਸਭ ਤੋਂ ਵੱਡੀ ਬੇੜੀ ਦੇ ਮਾਲਕ, 45 ਸਾਲਾ ਨਿਜ਼ਾਮੂਦੀਨ ਵੀ ਪਰਿਵਰਤਨਾਂ ਨੂੰ ਮਹਿਸੂਸ ਕਰਦੇ ਹਨ ਅਤੇ ਕਹਿੰਦੇ ਹਨ ਕਿ ਪਰੰਪਰਾਗਤ ਗਿਆਨ ਦੇ ਗੁਆਚ ਜਾਣ ਨਾਲ਼ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋਇਆ ਹੈ: ''ਮੇਰੇ ਪਿਤਾ, ਇੱਕ ਮਛੇਰੇ, ਇਹ ਜਾਣਦੇ ਸਨ ਕਿ ਮੱਛੀ ਕਿੱਥੇ ਮਿਲ਼ੇਗੀ, ਉਸ ਪੀੜ੍ਹੀ ਕੋਲ਼ ਜਾਣਕਾਰੀ ਸੀ। ਅਸੀਂ ਉਹ ਗੁਆ ਲਈ ਅਤੇ ਅਕਸਰ ਐੱਫਏਡੀ (ਜ਼ਿਆਦਾ ਮੱਛੀਆਂ ਫੜ੍ਹਨ ਦਾ ਯੰਤਰ) 'ਤੇ ਭਰੋਸਾ ਕਰਨ ਲੱਗੇ। ਸਾਨੂੰ ਜਦੋਂ ਟੂਨਾ ਮੱਛੀ ਨਾ ਮਿਲ਼ਦੀ ਤਾਂ ਅਸੀਂ ਲੈਗੂਨ ਮੱਛੀ ਮਗਰ ਭੱਜਦੇ ਫਿਰਦੇ।'' ਐੱਫ਼ਏਡੀ, ਮੱਛੀਆਂ ਨੂੰ ਆਕਰਸ਼ਤ ਕਰਨ ਲਈ ਤਿਆਰ ਕੀਤਾ ਇੱਕ ਬੇੜਾ ਜਾਂ ਲੱਕੜ ਦਾ ਤੈਰਦਾ ਹੋਇਆ ਮੋਛਾ ਜਿਹਾ ਵੀ ਹੋ ਸਕਦਾ ਹੈ, ਜਿਹਦੇ ਹੇਠਾਂ ਚਾਰੇ ਪਾਸੇ ਮੱਛੀਆਂ ਜਮ੍ਹਾਂ ਹੋ ਜਾਂਦੀਆਂ ਹਨ।
ਲਕਸ਼ਦੀਪ 'ਤੇ 20 ਸਾਲਾਂ ਤੱਕ ਕੰਮ ਕਰ ਚੁੱਕੇ ਸਮੁੰਦਰੀ ਜੀਵ-ਵਿਗਿਆਨੀ ਅਤੇ ਵਿਗਿਆਨਕ, ਡਾ. ਰੋਹਨ ਆਰਥਰ ਕਹਿੰਦੇ ਹਨ,''ਹਾਲਾਂਕਿ, ਇਸ ਸਮੇਂ ਮੇਰੀ ਮੁੱਖ ਚਿੰਤਾ ਮੂੰਗੇ ਦੀਆਂ ਚੱਟਾਨਾਂ ਦੀ ਜੈਵ-ਵਿਭਿੰਨਤਾ ਨਹੀਂ ਸਗੋਂ ਉਨ੍ਹਾਂ ਦਾ ਕਾਰਜ ਕਰਨ ਦੀ ਸ਼ੈਲੀ ਦੇਖਣਾ ਜ਼ਰੂਰ ਹੈ। ਇੱਥੋਂ ਦੇ ਲੋਕਾਂ ਦਾ ਵਜੂਦ ਇਨ੍ਹਾਂ ਚੱਟਾਨਾਂ ਸਿਰ ਹੀ ਨਿਰਭਰ ਹੈ। ਚੱਟਾਨਾਂ ਦਾ ਸਬੰਧ ਸਿਰਫ਼ ਮੂੰਗੇ ਨਾਲ਼ ਹੀ ਨਹੀਂ, ਸਗੋਂ ਇਹ ਸੰਪੂਰਣ ਵਾਤਾਵਰਣਕ ਢਾਂਚੇ ਦਾ ਨਿਰਮਾਣ ਵੀ ਕਰਦੀਆਂ ਹਨ। ਇਨ੍ਹਾਂ ਚੱਟਾਨਾਂ ਨੂੰ ਸਮੁੰਦਰ ਹੇਠਲੇ ਜੰਗਲ ਵਾਂਗਰ ਸਮਝਣਾ ਚਾਹੀਦਾ ਹੈ, ਜਿੱਥੇ ਜੰਗਲ ਦਾ ਮਤਲਬ ਮਹਿਜ ਰੁੱਖ ਨਹੀਂ ਹੁੰਦਾ।''
ਡਾ. ਆਰਥਰ, ਜੋ ਐੱਨਸੀਐੱਫ਼ ਵਿੱਚ ਮਹਾਂਸਾਗਰ ਅਤੇ ਤਟ ਪ੍ਰੋਗਰਾਮ ਦੇ ਪ੍ਰਮੁੱਖ ਹਨ, ਨੇ ਸਾਨੂੰ ਕਵਰੱਤੀ ਵਿੱਚ ਦੱਸਿਆ ਕਿ ''ਲਕਸ਼ਦੀਪ ਦੀਆਂ ਚੱਟਾਨਾਂ ਨੇ ਲਚੀਲੇਪਣ ਦਾ ਸੰਕੇਤ ਦਿਖਾਇਆ ਹੈ, ਪਰ ਵਰਤਮਾਨ ਸਮੇਂ ਅੰਦਰ ਜਲਵਾਯੂ ਤਬਦੀਲੀ ਦੀ ਮਾਰ ਹੇਠ ਬਹਾਲੀ ਦੀ ਗਤੀ ਨੂੰ ਬਣਾਈ ਰੱਖਣ ਵਿੱਚ ਅਸਮਰੱਥ ਰਹਿੰਦੀਆਂ ਜਾਪਦੀਆਂ ਹਨ ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਬਹਾਲੀ ਦੀ ਗਤੀ ਸਾਨੂੰ ਮਹਿਸੂਸ ਹੋਵੇ ਤਾਂ ਮਨੁੱਖ ਨੂੰ ਵੀ ਅੰਨ੍ਹੇਵਾਹ ਮੱਛੀ ਫੜ੍ਹਨ ਜਿਹੇ ਤਣਾਵਾਂ ਨੂੰ ਰੋਕਣਾ ਹੋਵੇਗਾ।''
ਜਲਵਾਯੂ ਦੀਆਂ ਘਟਨਾਵਾਂ ਅਤੇ ਪ੍ਰਕਿਰਿਆਵਾਂ ਨੇ, ਰੰਗ ਉਡਾਊ ਘਟਨਾਵਾਂ ਤੋਂ ਇਲਾਵਾ, ਹੋਰ ਕਈ ਤਰ੍ਹਾਂ ਦੇ ਅਸਰ ਵੀ ਪਾਏ ਹਨ। 2015 ਵਿੱਚ ਮੇਘ ਅਤੇ 2017 ਦੇ ਓਖੀ ਚੱਕਰਵਾਤਾਂ ਨੇ ਲਕਸ਼ਦੀਪ ਨੂੰ ਬਰਬਾਦ ਕਰ ਸੁੱਟਿਆ ਹੈ ਅਤੇ ਮੱਛੀ ਪਾਲਣ ਵਿਭਾਗ ਦਾ ਮੱਛੀਆਂ ਸਬੰਧ ਅੰਕੜਾ ਮੱਛੀਆਂ ਫੜ੍ਹਨ ਦੀ ਮਾਤਰਾ ਵਿੱਚ ਆਈ ਤੇਜ਼ ਗਿਰਾਵਟ ਨੂੰ ਦਰਸਾਉਂਦਾ ਹੈ ਜੋ 2016 ਵਿੱਚ ਕਰੀਬ 24,000 ਟਨ (ਸਾਰੀਆਂ ਟੂਨਾ ਨਸਲਾਂ) ਤੋਂ ਹੇਠਾਂ ਆਉਂਦਾ ਆਉਂਦਾ 2017 ਵਿੱਚ 14,000 ਟਨ ਹੋ ਗਿਆ-ਭਾਵ ਕਿ 40 ਫ਼ੀਸਦ ਦੀ ਗਿਰਾਵਟ। 2019 ਵਿੱਚ, ਇਹ ਪਿਛਲੇ ਸਾਲ ਦੇ 24,000 ਤੋਂ ਘੱਟ ਕੇ 19,500 ਟਨ ਹੋ ਗਿਆ। ਕਈ ਸਾਲ ਚੰਗੀ ਖੇਪ ਹੱਥ ਲੱਗੀ ਪਰ ਜਿਵੇਂ ਕਿ ਮਛੇਰਿਆਂ ਦਾ ਕਹਿਣਾ ਹੈ ਕਿ ਪੂਰੇ ਦੀ ਪੂਰੀ ਪ੍ਰਕਿਰਿਆ ਅਨਿਸ਼ਚਿਤ ਅਤੇ ਅਣਕਿਆਸੀ ਹੋ ਗਈ ਹੈ।
ਅਤੇ ਪਿਛਲੇ ਇੱਕ ਦਹਾਕੇ ਤੋਂ ਰੀਫ਼ ਮੱਛੀਆਂ ਦੀ ਸੰਸਾਰ ਪੱਧਰ 'ਤੇ ਮੰਗ ਵਿੱਚ ਹੋਏ ਵਾਧੇ ਕਾਰਨ, ਇੱਥੋਂ ਦੇ ਮਛੇਰਿਆਂ ਨੇ ਸਥਾਨਕ ਰੂਪ ਨਾਲ਼ ਚੰਮਮ ਨਾਮ ਨਾਲ਼ ਪ੍ਰਸਿੱਧ ਵੱਡੀਆਂ ਸ਼ਿਕਾਰੀ ਮੱਛੀਆਂ ਦੀ ਖ਼ੋਜ ਤੇਜ਼ ਕਰ ਦਿੱਤੀ ਹੈ।
ਅਗੱਤੀ ਦੀਪ ਦੇ 39 ਸਾਲਾ ਉਮੇਰ ਐੱਸ. ਜੋ ਕਿ 15 ਸਾਲਾਂ ਤੋਂ ਮੱਛੀ ਫੜ੍ਹਨ ਅਤੇ ਬੇੜੀ ਬਣਾਉਣ ਦਾ ਕੰਮ ਕਰ ਰਹੇ ਹਨ, ਦੱਸਦੇ ਹਨ ਕਿ ਉਹ ਵੱਡੀਆਂ ਸ਼ਿਕਾਰੀ ਮੱਛੀਆਂ ਫੜ੍ਹਦੇ ਹਨ। ''ਪਹਿਲਾਂ ਤਾਂ ਬਹੁਤ ਸਾਰੀਆਂ ਟੂਨਾ ਮੱਛੀਆਂ ਲੈਗੂਨ ਦੇ ਨੇੜੇ ਹੋਇਆ ਕਰਦੀਆਂ ਸਨ, ਪਰ ਹੁਣ ਸਾਨੂੰ ਉਨ੍ਹਾਂ ਨੂੰ ਫੜ੍ਹਨ ਵਾਸਤੇ 40-45 ਮੀਲ਼ ਦੂਰ ਜਾਣਾ ਪੈਂਦਾ ਹੈ ਅਤੇ ਜੇਕਰ ਸਾਨੂੰ ਹੋਰ ਦੀਪਾਂ 'ਤੇ ਜਾਣ ਦੀ ਲੋੜ ਪਈ ਤਾਂ ਇਸ ਵਿੱਚ ਸਾਨੂੰ ਪੂਰੇ ਦੋ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਇਸਲਈ ਮੈਂ ਓਨੇ ਸਮੇਂ ਵਿੱਚ ਮੈਂ ਚੰਮਮ ਫੜ੍ਹ ਲੈਂਦਾ ਹਾਂ। ਉਨ੍ਹਾਂ ਦੀ ਵਿਕਰੀ ਵਾਸਤੇ ਮੰਡੀ ਤਾਂ ਹੈ ਪਰ ਇਹ ਕਾਫ਼ੀ ਮੁਸ਼ਕਲ ਕੰਮ ਹੈ ਕਿਉਂਕਿ ਸਿਰਫ਼ ਇੱਕ ਚੰਮਮ ਫੜ੍ਹਨ ਵਿੱਚ ਤੁਹਾਨੂੰ ਇੱਕ ਘੰਟਾ ਤੱਕ ਲੱਗ ਸਕਦਾ ਹੈ।''
ਇਸ ਇਲਾਕੇ ਦੇ ਵਿਕਾਸ 'ਤੇ ਅਧਿਐਨ ਕਰਨ ਵਾਲ਼ੀ ਇੱਕ ਵਿਗਿਆਨਕ, ਰੂਚਾ ਕਰਕਰੇ ਨੇ ਬਿਤਰਾ ਵਿੱਚ ਸਾਨੂੰ ਦੱਸਿਆ,''ਮੂੰਗੇ ਦੀਆਂ ਚੱਟਾਨਾਂ ਦੀ ਡਿੱਗਦੀ ਸਿਹਤ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਵੱਡੀਆਂ ਸ਼ਿਕਾਰੀ ਮੱਛੀਆਂ (ਚੰਮਮ) ਦੀ ਗਿਣਤੀ ਵਿੱਚ ਗਿਰਾਵਟ ਆਈ ਹੈ ਅਤੇ ਮਛੇਰੇ ਅਨਿਸ਼ਚਿਤਤਾ ਅਤੇ ਜਲਵਾਯੂ ਤਬਦੀਲੀ ਦੇ ਨਤੀਜੇ ਵਜੋਂ, ਜਦੋਂ ਟੂਨਾ ਉਪਲਬਧ ਨਹੀਂ ਹੁੰਦੀ ਤਾਂ ਰੀਫ ਮੱਛੀਆਂ ਦੇ ਮਗਰ ਭੱਜਦੇ ਹਨ, ਜਿਸ ਕਾਰਨ ਉਨ੍ਹਾਂ ਦੀ ਗਿਣਤੀ ਹੋਰ ਘਟਣ ਲੱਗੀ ਹੈ। ਅਸੀਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਮਹੀਨੇ ਦੇ ਪੰਜ ਦਿਨ ਮੱਛੀਆਂ ਨਾ ਫੜ੍ਹਨ ਜਦੋਂ ਉਨ੍ਹਾਂ ਦੇ ਅੰਡੇ ਦੇਣ ਦਾ ਸਮਾਂ ਹੁੰਦਾ ਹੈ।''
ਬਿਤਰਾ ਦੇ ਮਛੇਰਿਆਂ ਨੇ ਉਨ੍ਹੀਂ ਦਿਨੀਂ ਆਪਣੀਆਂ ਗਤੀਵਿਧੀਆਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੇਖਿਆ ਕਿ ਹੋਰ ਲੋਕੀਂ ਆਪਣੀਆਂ ਗਤੀਵਿਧੀਆਂ ਰੋਕਣ ਨੂੰ ਤਿਆਰ ਨਹੀਂ।
''ਕਿਲਤਨ ਦੀਪ ਦੇ ਮੁੰਡੇ ਇੱਥੇ ਬਿਤਰਾ ਆਉਂਦੇ ਅਤੇ ਰਾਤੀਂ ਮੱਛੀਆਂ ਫੜ੍ਹਦੇ,'' ਅਬਦੁਲ ਕੋਯਾ ਕਹਿੰਦੇ ਹਨ, ਜੋ ਨਾਲ਼ੇ ਸਾਡੇ ਨਾਲ਼ ਗੱਲ ਕਰ ਰਹੇ ਹਨ ਅਤੇ ਨਾਲ਼ੇ ਆਪਣੀਆਂ ਸੁੱਕੀਆਂ ਮੱਛੀਆਂ ਨੂੰ ਛਾਂਟੀ ਜਾਂਦੇ ਹਨ। ''ਇਸ ਕੰਮ ਦੀ ਆਗਿਆ ਨਹੀਂ ਦੇਣੀ ਚਾਹੀਦੀ... ਇੰਝ ਅਕਸਰ ਹੁੰਦਾ ਹੈ ਅਤੇ ਬੇਟਵਿਸ਼, ਰੀਫ਼ ਅਤੇ ਟੂਨ ਸਾਰੇ ਦੀਆਂ ਸਾਰੀਆਂ ਮੱਛੀਆਂ ਘੱਟ ਰਹੀਆਂ ਹਨ।''
''ਮੁੱਖ ਜ਼ਮੀਨ ਤੋਂ, ਇੱਥੋਂ ਤੱਕ ਕਿ ਕਈ ਹੋਰ ਦੇਸ਼ਾਂ ਵੱਲੋਂ ਵੀ ਵੱਡੀਆਂ ਬੇੜੀਆਂ ਆ ਰਹੀਆਂ ਹਨ, ਜਿਨ੍ਹਾਂ ਕੋਲ ਵੱਡੇ ਜਾਲ਼ ਹੁੰਦੇ ਹਨ,'' ਬੀ ਹੈਦਰ ਕਹਿੰਦੇ ਹਨ, ਜੋ ਬਿਤਰਾ ਪੰਚਾਇਤ ਦੇ ਮੁਖੀਆ ਵੀ ਹਨ। ''ਅਸੀਂ ਆਪਣੀ ਛੋਟੀਆਂ ਬੇੜੀਆਂ ਨਾਲ਼ ਦੱਸੋ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ।''
ਇਸੇ ਦਰਮਿਆਨ, ਮੌਸਮ ਅਤੇ ਜਲਵਾਯੂ ਦੀਆਂ ਘਟਨਾਵਾਂ ਵੱਧ ਅਣਕਿਆਸਾ ਰੂਪ ਧਾਰ ਰਹੀਆਂ ਹਨ। ''ਮੈਨੂੰ 40 ਸਾਲਾਂ ਦੀ ਉਮਰ ਤੀਕਰ ਸਿਰਫ਼ ਦੋ ਚੱਕਰਵਾਤ ਚੇਤੇ ਹਨ,'' ਹੈਦਰ ਕਹਿੰਦੇ ਹਨ। ''ਪਰ ਪਿਛਲੇ ਕੁਝ ਸਾਲਾਂ ਤੋਂ ਉਹ ਅਕਸਰ ਆਉਣ ਲੱਗੇ ਹਨ ਅਤੇ ਮੂੰਗੇ ਦੀਆਂ ਚੱਟਾਨਾਂ ਨੂੰ ਤੋੜ ਘੱਤਦੇ ਹਨ।''
ਕਵਰੱਤੀ ਵਿੱਚ, ਅਬਦੁਲ ਰਹਿਮਾਨ ਵੀ ਚੱਕਰਵਾਤ ਦੇ ਪ੍ਰਭਾਵ ਦੀ ਗੱਲ ਕਰਦੇ ਹਨ, ''ਪਹਿਲਾਂ ਸਾਨੂੰ ਫੁਦਕਣ ਵਾਲ਼ੀਆਂ ਟੂਨਾ ਮੱਛੀਆਂ ਇਨ੍ਹਾਂ ਚੱਟਾਨਾਂ ਦੇ ਨੇੜੇ-ਤੇੜੇ ਮਿਲ਼ ਜਾਂਦੀਆਂ ਸਨ, ਪਰ ਓਖੀ ਦੇ ਬਾਅਦ ਕੁਝ ਬਦਲ ਗਿਆ। 1990ਵਿਆਂ ਵਿੱਚ ਅਸੀਂ ਸਮੁੰਦਰ ਵਿੱਚ ਸਿਰਫ਼ 3-4 ਘੰਟੇ ਹੀ ਬਿਤਾਉਂਦੇ ਸਾਂ। ਸਾਡੇ ਕੋਲ਼ ਕੋਈ ਮਸ਼ੀਨੀਕ੍ਰਿਤ ਯੰਤਰ ਵਗੈਰਾ ਨਹੀਂ ਹੁੰਦਾ ਸੀ, ਪਰ ਮੱਛੀਆਂ ਇੰਨੀ ਬਹੁਤਾਤ ਵਿੱਚ ਹੁੰਦੀਆਂ ਕਿ ਛੇਤੀ ਨਾਲ਼ ਆਪਣਾ ਕੰਮ ਮੁਕਾ ਕੇ ਅਸੀਂ ਮੁੜ ਆਉਂਦੇ। ਸਾਨੂੰ ਪੂਰਾ ਦਿਨ ਜਾਂ ਵੱਧ ਸਮੇਂ ਲਈ ਸਮੁੰਦਰ ਵਿੱਚ ਨਾ ਰਹਿਣਾ ਪੈਂਦਾ। ਅਸੀਂ ਰੀਫ਼ ਮੱਛੀਆਂ ਫੜ੍ਹਨ ਵਾਸਤੇ ਨਹੀਂ ਜਾਣਾ ਚਾਹੁੰਦੇ ਪਰ ਜੇ ਟੂਨਾ ਉਪਲਬਧ ਨਾ ਹੋਵੇ ਤਾਂ ਅਸੀਂ ਕਦੇ-ਕਦਾਈਂ ਰੀਫ਼ ਫੜ੍ਹਨ ਚਲੇ ਜਾਈਦਾ ਹੈ।''
ਰਹਿਮਾਨ ਦਾ ਇਹ ਵੀ ਕਹਿਣਾ ਹੈ ਕਿ ''ਬੇੜੀਆਂ ਦੀ ਗਿਣਤੀ ਹੀ ਨਹੀਂ ਵਧੀ ਉਨ੍ਹਾਂ ਦਾ ਅਕਾਰ ਵੀ ਵੱਧ ਗਿਆ ਹੈ ਪਰ ਮੱਛੀਆਂ ਦੀ ਗਿਣਤੀ ਘੱਟ ਗਈ ਹੈ ਅਤੇ ਉਨ੍ਹਾਂ ਨੂੰ ਫੜ੍ਹਨ ਦੀ ਸਾਡੀ ਲਾਗਤ ਵੀ ਵੱਧ ਗਈ ਹੈ।''
ਡਾ. ਆਰਥਰ ਕਹਿੰਦੇ ਹਨ ਕਿ ਮਛੇਰਿਆਂ ਦੀ ਕਮਾਈ ਦਾ ਅੰਦਾਜਾ ਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਅਤੇ ਇਹ ਕਮਾਈ ਹਰ ਮਹੀਨੇ ਅੱਡ-ਅੱਡ ਹੁੰਦੀ ਹੈ। ''ਉਨ੍ਹਾਂ ਵਿੱਚੋਂ ਕਈ ਲੋਕ ਹੋਰ ਕੰਮ ਵੀ ਕਰਦੇ ਹਨ, ਇਸਲਈ ਉੱਥੋਂ ਹੁੰਦੀ ਕਮਾਈ ਨੂੰ ਮੱਛੀਆਂ ਫੜ੍ਹਨ ਨਾਲ਼ ਹੁੰਦੀ ਕਮਾਈ ਨਾਲ਼ੋਂ ਨਿਖੇੜ ਕੇ ਦੇਖਣਾ ਕੁਝ ਮੁਸ਼ਕਲ ਕੰਮ ਹੈ।'' ਪਰ ਇਹ ਸਪੱਸ਼ਟ ਹੈ ਕਿ ''ਪਿਛਲੇ ਦਹਾਕੇ ਵਿੱਚ ਕਮਾਈ ਵਿੱਚ ਬੜੇ ਉਤਰਾਅ-ਚੜ੍ਹਾਅ ਆਏ।''
ਉਹ ਕਹਿੰਦੇ ਹਨ ਕਿ ਲਕਸ਼ਦੀਪ ਵਿੱਚ ''ਇੱਕੋ ਵੇਲ਼ੇ ਦੋ ਵੱਡੇ ਬਦਲਾਅ ਦੇਖਣ ਨੂੰ ਮਿਲ਼ ਰਹੇ ਹਨ, ਇੱਕ ਤਾਂ ਜਲਵਾਯੂ ਤਬਦੀਲੀ ਕਾਰਨ ਮੂੰਗੇ ਦੀਆਂ ਚੱਟਾਨਾਂ ਨੂੰ ਨੁਕਸਾਨ ਤਾਂ ਪੁੱਜ ਹੀ ਰਿਹਾ ਹੈ, ਦੂਜਾ ਮੱਛੀਆਂ ਦੀ ਸਪਲਾਈ ਵੀ ਪ੍ਰਭਾਵਤ ਹੋ ਰਹੀ ਹੈ ਇਸ ਤਰ੍ਹਾਂ ਨਾਲ਼ ਮਛੇਰੇ ਅਤੇ ਉਨ੍ਹਾਂ ਦੀ ਰੋਜ਼ੀਰੋਟੀ ਪ੍ਰਭਾਵਤ ਹੋ ਰਹੀ ਹੈ। ਹਾਲਾਂਕਿ ਲਕਸ਼ਦੀਪ ਵਿੱਚ ਉਹ ਸਮਰੱਥਾ ਹੈ ਕਿ ਅਸੀਂ ਇਹਨੂੰ 'ਰੌਸ਼ਨਮੁਨਾਰਾ' ਕਹਿ ਸਕਦੇ ਹਾਂ। ਜੇਕਰ ਅਸੀਂ ਸਮੁੰਦਰੀ ਜੀਵਨ ਦੇ ਈਕੋਸਿਸਟਮ (ਵਾਤਾਵਰਣਕ ਢਾਂਚਾ) ਦੀ ਰੱਖਿਆ ਕਰਨ ਅਤੇ ਮੂੰਗੇ ਦੀਆਂ ਚੱਟਾਨਾਂ ਨੂੰ ਖ਼ੁਦ ਦੀ ਬਹਾਲੀ ਕਰਨ ਦੇਣ ਵਿੱਚ ਮਦਦਗਾਰ ਰਹੇ ਤਾਂ ਯਕੀਕਨ ਸਾਨੂੰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੰਰਖਤ ਕਰਨ ਦਾ ਮੌਕਾ ਮਿਲ਼ੇਗਾ।''
ਓਧਰ ਕਰਵੱਤੀ ਵਿਖੇ, ਨਿਜ਼ਾਮੂਦੀਨ ਕਹਿੰਦੇ ਹਨ,''ਵੀਹ ਸਾਲ ਪਹਿਲਾਂ ਇੰਨੀ ਜ਼ਿਆਦਾ ਮੱਛੀਆਂ ਸਨ ਕਿ ਅਸੀਂ 4 ਜਾਂ 5 ਘੰਟਿਆਂ ਵਿੱਚ ਹੀ ਕੰਮ ਮੁਕਾ ਲਿਆ ਕਰਦੇ ਸਾਂ, ਪਰ ਹੁਣ ਸਾਨੂੰ ਬੇੜੀ ਭਰਦੇ ਭਰਦੇ ਕਈ ਕਈ ਦਿਨ ਲੱਗ ਜਾਂਦੇ ਹਨ। ਮਾਨਸੂਨ ਵੀ ਸਮੇਂ ਸਿਰ ਨਹੀਂ ਆਉਂਦਾ ਅਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਮੀਂਹ ਕਦੋਂ ਪੈਣਾ ਹੈ। ਸਮੁੰਦਰ ਵਿੱਚ ਮੱਛੀ ਫੜ੍ਹਨ ਦੇ ਮੌਸਮ ਵਿੱਚ ਵੀ ਉੱਥਲ-ਪੁੱਥਲ ਹੋਣ ਲੱਗਦੀ ਹੈ। ਅਸੀਂ ਜੂਨ ਮਹੀਨੇ ਆਪਣੀਆਂ ਬੇੜੀਆਂ ਨੂੰ ਸਮੁੰਦਰ ਕੰਢੇ ਲੈ ਆਉਂਦੇ ਹੁੰਦੇ ਸਾਂ ਜੋ ਕਿ ਕਾਫ਼ੀ ਔਖ਼ਾ ਕੰਮ ਹੁੰਦਾ ਹੈ, ਕਿਉਂਕਿ ਸਾਨੂੰ ਮਾਨਸੂਨ ਦੇ ਆਉਣ ਬਾਰੇ ਪਤਾ ਹੁੰਦਾ ਸੀ। ਹੌਲ਼ੀ ਹੌਲ਼ੀ ਮਾਨਸੂਨ ਇੱਕ ਮਹੀਨਾ ਅੱਗੇ ਖਿਸਕ ਗਿਆ! ਸਾਡੀਆਂ ਬੇੜੀਆਂ ਕੰਢਿਆਂ 'ਤੇ ਹੀ ਅਟਕ ਗਈਆਂ ਅਤੇ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਦੋਂ ਤੱਕ ਪਿਆ ਰਹਿਣ ਦੇਣਾ ਪੈਣਾ ਹੈ। ਇਸਲਈ ਅਸੀਂ ਵੀ ਫਸ ਕੇ ਰਹਿ ਗਏ ਹਾਂ।''
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ (PARI) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP-ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ