ਘਾਰਾਪੁਰੀ ਵਿਖੇ ਰਹਿਣ ਵਾਲ਼ੀ ਜਯਸ਼੍ਰੀ ਮਹਾਤ੍ਰੇ (ਉਮਰ 43 ਸਾਲ) ਜਦੋਂ ਆਪਣੇ ਘਰ ਦੇ ਨੇੜੇ ਪੈਂਦੇ ਜੰਗਲ ਵਿੱਚ ਬਾਲ਼ਣ ਲਈ ਲੱਕੜਾਂ ਚੁਗਣ ਗਈ ਤਾਂ ਕਿਸੇ ਚੀਜ਼ ਨੇ ਉਨ੍ਹਾਂ ਨੂੰ ਡੰਗ ਮਾਰ ਦਿੱਤਾ। ਦੋ ਬੱਚੀਆਂ ਦੀ ਇਸ ਮਾਂ ਨੇ ਇਸ ਡੰਗ ਨੂੰ ਅਣਭੋਲ਼ ਹੀ ਲਿਆ ਅਤੇ ਸੋਚਿਆ ਸ਼ਾਇਦ ਕੋਈ ਟਾਹਿਣੀ ਵਗੈਰਾ ਵੱਜ ਗਈ ਹੋਣੀ। ਫਿਰ ਲੱਕੜਾਂ ਚੁੱਕੀ ਉਹ ਘਰ ਵਾਪਸ ਮੁੜ ਆਈ, ਇਹ ਗੱਲ ਜਨਵਰੀ 2020 ਦੀ ਅੱਧ-ਸਰਦ ਦੁਪਹਿਰ ਦੀ ਹੈ।

ਬੱਸ ਥੋੜ੍ਹੀ ਹੀ ਦੇਰ ਬਾਅਦ ਜਦੋਂ ਉਹ ਆਪਣੇ ਘਰ ਦੀਆਂ ਬਰੂਹਾਂ ਵਿੱਚ ਖੜ੍ਹੀ ਹੋ ਕੇ ਆਪਣੇ ਕਿਸੇ ਰਿਸ਼ਤੇਦਾਰ ਨਾਲ਼ ਗੱਲਾਂ ਕਰ ਰਹੀ ਸੀ ਕਿ ਚੱਕਰ ਖਾ ਕੇ ਭੁੰਜੇ ਜਾ ਡਿੱਗੀ। ਪਹਿਲਾਂ ਪਹਿਲਾਂ ਤਾਂ ਨੇੜੇ ਖੜ੍ਹੇ ਲੋਕਾਂ ਨੇ ਸੋਚਿਆ ਵਰਤ ਰੱਖਣ ਕਾਰਨ ਸ਼ਾਇਦ ਕਮਜ਼ੋਰੀ ਹੋ ਗਈ ਹੋਣੀ।

“ਮੈਨੂੰ ਦੱਸਿਆ ਗਿਆ ਉਹ ਬੇਹੋਸ਼ ਹੋ ਗਈ ਹਨ,” ਜਯਸ਼੍ਰੀ ਦੀ ਵੱਡੀ ਧੀ, 20 ਸਾਲਾ ਭਵਿਕਾ ਚੇਤੇ ਕਰਦੀ ਹਨ। ਉਹ ਅਤੇ ਉਨ੍ਹਾਂ ਦੀ ਭੈਣ, 14 ਸਾਲਾ ਗੌਰੀ ਕਿਸੇ ਰਿਸ਼ਤੇਦਾਰ ਦੇ ਘਰ ਗਈਆਂ ਹੋਈਆਂ ਸਨ, ਇਸਲਈ ਦੋਵਾਂ ਵਿੱਚੋਂ ਕਿਸੇ ਨੇ ਵੀ ਘਟਨਾ ਨੂੰ ਅੱਖੀਂ ਨਾ ਦੇਖਿਆ। ਉਨ੍ਹਾਂ ਨੂੰ ਤਾਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਜਯਸ਼੍ਰੀ ਨੂੰ ਦੋਬਾਰਾ ਹੋਸ਼ ਆਇਆ ਤਾਂ ਉਹਦਾ ਹੱਥ ਕੰਬ ਰਿਹਾ ਸੀ। “ਕੋਈ ਨਹੀਂ ਜਾਣਦਾ ਸੀ ਕਿ ਹੋਇਆ ਕੀ ਸੀ,” ਭਵਿਕਾ ਗੱਲ ਜਾਰੀ ਰੱਖਦੀ ਹਨ।

ਕੋਈ ਜਣਾ ਜਯਸ਼੍ਰੀ ਦੇ ਪਤੀ, 53 ਸਾਲਾ ਮਧੂਕਰ ਮਹਾਤ੍ਰੇ ਨੂੰ ਬੁਲਾਉਣ ਲਈ ਉਨ੍ਹਾਂ ਦੇ ਖੋਖੇ ਵੱਲ ਭੱਜਿਆ, ਜੋ ਘਾਰਾਪੁਰੀ ਦੀਪ ਵਿਖੇ ਰੋਟੀ-ਪਾਣੀ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਸਨ। ਇਹ ਥਾਂ ਜਿਹਨੂੰ ਕਿ ਐਲੀਫ਼ੈਂਟਾ ਦੀਪ ਕਿਹਾ ਜਾਂਦਾ ਹੈ, ਅਰਬ ਸਾਗਰ ਵਿਖੇ ਸਥਿਤ ਹੈ। ਸੈਲਾਨੀਆਂ ਦੀ ਖਿੱਚ ਦਾ ਕੇਂਦਰ ਮੁੰਬਈ ਸ਼ਹਿਰ ਦੀ ਨੇੜਲੀ ਇਸ ਥਾਂ ਨੂੰ ਯੂਨੈਸਕੋ (UNESCO) ਨੇ ਵਰਲਡ ਹੈਰੀਟੇਜ਼ ਸਥਲ ਐਲਾਨਿਆ ਹੈ। ਇੱਥੋਂ ਦੀਆਂ ਚੱਟਾਨਾਂ ‘ਤੇ ਉਕਰੀ ਵਸਤੂਕਲਾ 6ਵੀਂ ਅਤੇ 8ਵੀਂ ਸਦੀ ਈਸਾ ਪੂਰਵ ਦੀ ਹੈ ਜੋ ਕਲਾ ਹਰ ਸਾਲ ਲੱਖਾਂ ਸੈਲਾਨੀਆਂ ਦਾ ਧਿਆਨ ਖਿੱਚਦੀ ਹੈ। ਇਸ ਦੀਪ ਦੇ ਬਾਸ਼ਿੰਦੇ ਆਮਦਨੀ ਵਾਸਤੇ ਸੈਰ-ਸਪਾਟੇ ‘ਤੇ ਹੀ ਨਿਰਭਰ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਲੋਕ ਆਉਣ ਵਾਲ਼ੇ ਲੋਕਾਂ ਨੂੰ ਟੋਪੀਆਂ, ਐਨਕਾਂ, ਯਾਦਗਾਰਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਦੇ ਹਨ ਅਤੇ ਕੁਝ ਗੁਫ਼ਾਫਾਂ ਦੀ ਸੈਰ ਕਰਾਉਣ ਵਾਲ਼ੇ ਗਾਇਡਾਂ ਵਜੋਂ ਕੰਮ ਕਰਦੇ ਹਨ।

ਭਾਵੇਂ ਕਿ ਦੀਪ ਦੇ ਨਕਸ਼ੇ ਨੂੰ ਦੇਖਿਆਂ ਘਾਰਾਪੁਰੀ ਪਿੰਡ ਬੜੀ ਪ੍ਰਮੁੱਖਤਾ ਨਾਲ਼ ਨਜ਼ਰ ਆਉਂਦਾ ਹੋਵੇ ਪਰ ਇਹ ਪਿੰਡ ਬੁਨਿਆਦੀ ਮੈਡੀਕਲ ਜ਼ਰੂਰਤਾਂ ਜਿਵੇਂ ਜਨਤਕ ਸਿਹਤ ਕੇਂਦਰਾਂ ਤੋਂ ਵੀ ਸੱਖਣਾ ਹੈ। ਦੋ ਸਾਲ ਪਹਿਲਾਂ ਇੱਕ ਸੈਂਟਰ ਜ਼ਰੂਰ ਸਥਾਪਤ ਕੀਤਾ ਗਿਆ ਸੀ ਪਰ ਉਹ ਕਦੇ ਖੁੱਲ੍ਹਿਆ ਨਹੀਂ। ਪਿੰਡ ਦੀਆਂ ਤਿੰਨ ਬਸਤੀਆਂ: ਰਾਜਬੰਦਰ, ਸ਼ੇਤਬੰਦਰ ਅਤੇ ਮੋਰਾਬੰਦਰ ਵਿਖੇ ਕਰੀਬ 1,100 ਲੋਕ ਵੱਸਦੇ ਹਨ। ਪਿੰਡ ਵਿਖੇ ਸਿਹਤ ਸਹੂਲਤਾਂ ਦਾ ਨਾ ਹੋਣਾ ਉਨ੍ਹਾਂ ਨੂੰ ਇਲਾਜ ਵਾਸਤੇ ਕਿਸੇ ਹੋਰ ਥਾਵੇਂ (ਬੇੜੀ ‘ਤੇ ਸਵਾਰ ਹੋ) ਜਾਣ ਲਈ ਮਜ਼ਬੂਰ ਕਰਦਾ ਹੈ। ਇਲਾਜ ਲਈ ਕਿਤੇ ਹੋਰ ਜਾਣ ਦਾ ਉਨ੍ਹਾਂ ਸਿਰ ਮੜ੍ਹਿਆ ਇਹ ਵਿਕਲਪ ਨਾ ਸਿਰਫ਼ ਮਹਿੰਗਾ ਪੈਂਦਾ ਹੈ, ਸਗੋਂ ਇਸ ਰਾਹੀਂ ਮਰੀਜ਼ਾਂ ਦੇ ਇਲਾਜ ਵਿੱਚ ਦੇਰੀ ਵੀ ਹੁੰਦੀ ਹੈ ਜੋ ਕਈ ਮਾਮਲਿਆਂ ਵਿੱਚ ਖ਼ਤਰਨਾਕ ਨਤੀਜੇ ਸਾਹਮਣਾ ਲਿਆਉਂਦੀ ਹੈ।

PHOTO • Aakanksha
PHOTO • Aakanksha

ਖੱਬੇ: 14 ਸਾਲਾ ਗੌਰੀ ਮਹਾਤ੍ਰੇ, ਆਪਣੀ ਮਰਹੂਮ ਮਾਂ ਦੇ ਸਟਾਲ- ਜਿੱਥੇ ਉਹ ਗਹਿਣੇ ਵੇਚਿਆ ਕਰਦੀ- ਵਿਖੇ ਬੈਠੀ ਹੋਈ ਅਤੇ  ਉਤਸੁਕਤਾ ਨਾਲ਼ ਐਲੀਫ਼ੈਂਟਾ ਗੁਫ਼ਾਵਾਂ ਵਿਖੇ ਆਉਣ ਵਾਲ਼ੇ ਸੈਲਾਨੀਆਂ  ਦੀ ਉਡੀਕ ਕਰਦੀ ਹੋਈ। ਸੱਜੇ: ਘਾਰਾਪੁਰੀ ਪਿੰਡ ਵਿਖੇ 2 ਸਾਲ ਪਹਿਲਾਂ ਖੋਲ੍ਹਿਆ ਗਿਆ ਸਿਹਤ ਕੇਂਦਰ ਪਰ ਇਹ ਉਦੋਂ ਹੀ ਬੰਦ ਅਤੇ ਖਾਲੀ ਪਿਆ ਹੈ

ਮਧੂਕਰ, ਜਯਸ਼੍ਰੀ ਨੂੰ ਉਰਨ ਸ਼ਹਿਰ ਲਿਜਾਣ ਵਾਸਤੇ ਬੇੜੀ ਫੜ੍ਹਨ ਲਈ ਘਾਟ ਵੱਲ ਲੈ ਭੱਜੇ। ਪਰ ਇਸ ਤੋਂ ਪਹਿਲਾਂ ਕਿ ਉਹ ਨਿਕਲ਼ ਪਾਉਂਦੇ, ਉਨ੍ਹਾਂ ਦੀ ਮੌਤ ਹੋ ਗਈ। ਅਖ਼ੀਰਲੇ ਸਮੇਂ ਉਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲ਼ ਰਹੀ ਸੀ ਜੋ ਸੱਪ ਦੇ ਡੰਗ ਮਾਰੇ ਹੋਣ ਦਾ ਸੰਕੇਤ ਸੀ। ਆਲ਼ੇ-ਦੁਆਲ਼ੇ ਖੜ੍ਹੇ ਲੋਕਾਂ ਨੇ ਉਨ੍ਹਾਂ ਦੇ ਹੱਥ ਦੀ ਦਰਮਿਆਨੀ ਉਂਗਲ ‘ਤੇ ਨਿਸ਼ਾਨ ਲੱਭ ਗਿਆ, ਜਿੱਥੇ ਸੱਪ ਨੇ ਡੰਗ ਮਾਰਿਆ ਸੀ।

ਇਸ ਪੂਰੇ ਇਲਾਕੇ ਵਿੱਚ ਸੱਪ ਦੇ, ਬਿੱਛੂ ਦੇ ਅਤੇ ਕੀੜੇ-ਮਕੌੜਿਆਂ ਦਾ ਡੰਗ ਮਾਰਨਾ ਆਮ ਗੱਲ ਹੈ, ਭਵਿਕਾ ਕਹਿੰਦੀ ਹੈ। ਮਹਾਰਾਸ਼ਟਰ ਦੇ ਰਾਇਗੜ੍ਹ (ਰਾਏਗੜ ਵੀ ਕਿਹਾ ਜਾਂਦਾ ਹੈ) ਜ਼ਿਲ੍ਹੇ ਦੀ ਉਰੇਨ ਤਾਲੁਕਾ ਦੇ ਇਸ ਪਿੰਡ ਦੇ ਲੋਕ ਡੰਗਾਂ ਕਾਰਨ ਹੋਈਆਂ ਉਨ੍ਹਾਂ ਲੋਕਾਂ ਦੀਆਂ ਮੌਤਾਂ ਨੂੰ ਚੇਤੇ ਕਰਦੇ ਹਨ ਜਿਨ੍ਹਾਂ ਨੂੰ ਸਮੇਂ-ਸਿਰ ਇਲਾਜ ਨਹੀਂ ਮਿਲ਼ਿਆ।

ਪਿਛਲੇ ਇੱਕ ਦਹਾਕੇ ਦੌਰਾਨ, ਦੀਪ ‘ਤੇ ਡਾਕਟਰੀ ਸਹੂਲਤਾਂ ਦੀ ਅਣਹੋਂਦ ਵਜੋਂ ਕਈ ਮੌਤਾਂ ਹੋਈਆਂ ਜੇ ਸਮੇਂ-ਸਿਰ ਇਲਾਜ ਮਿਲ਼ਦਾ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ। ਦਰਅਸਲ, ਦੀਪ ਦੇ ਇਸ ਪਿੰਡ ਵਿਖੇ ਕੋਈ ਮੈਡੀਕਲ ਸਟੋਰ ਤੱਕ ਨਹੀਂ ਹੈ ਅਤੇ ਇੱਥੋਂ ਦੇ ਵਾਸੀ ਆਪਣੀ ਸ਼ਹਿਰ ਫ਼ੇਰੀ ਦੌਰਾਨ ਜੋ ਦਵਾਈ ਖਰੀਦ ਲਿਆਉਂਦੇ ਹਨ ਉਸੇ ਨਾਲ਼ ਹੀ ਗੁਜ਼ਾਰਾ ਚਲਾਉਂਦੇ ਹਨ। ਘਾਰਾਪੁਰੀ ਤੋਂ ਬਾਹਰ ਜਾਣ ਦਾ ਵਾਹਿਦ ਤਰੀਕਾ ਉਰਨ ਤਾਲੁਕਾ ਵਿਖੇ ਪੈਂਦੀ ਮੋਰਾ ਬੰਦਰਗਾਹ ਵੱਲ ਜਾਣ ਵਾਲ਼ੀ ਬੇੜੀ ਹੈ ਜਾਂ ਫਿਰ ਇੱਕ ਉਹ ਬੇੜੀ ਜੋ ਪੂਰਬ ਵਿੱਚ ਨਵੀਂ ਮੁੰਬਈ ਦੇ ਨਹਾਵਾ ਪਿੰਡ ਤੱਕ ਜਾਂਦੀ ਹੈ। ਦੀਪ ਦੇ ਪੱਛਮ ਵਿੱਚ ਦੱਖਣੀ ਮੁੰਬਈ ਦੇ ਕੋਲਾਬਾ ਤੱਕ ਜਾਣਾ ਹੋਵੇ ਤਾਂ ਬੇੜੀ ਦੀ ਸਵਾਰੀ ਵਿੱਚ ਇੱਕ ਘੰਟਾ ਲੱਗ ਸਕਦਾ ਹੈ।

“ਪਿੰਡ ਅੰਦਰ ਡਾਕਟਰ ਜਾਂ ਨਰਸ ਦਿੱਸਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਲੋੜ ਪੈਣ ‘ਤੇ ਅਸੀਂ ਘਰੇਲੂ ਨੁਸਖੇ ਜਾਂ ਘਰੇ ਸਾਂਭ ਕੇ ਰੱਖੀ ਦਵਾਈ ਇਸਤੇਮਾਲ ਕਰਦੇ ਹਾਂ,” 33 ਸਾਲਾ ਦਾਇਵਤ ਪਾਟਿਲ ਕਹਿੰਦੇ ਹਨ ਜੋ ਐਲੀਫ਼ੈਂਟਾਂ ਗੁਫ਼ਾਵਾਂ ਦੇ ਗਾਈਡ ਹਨ। ਉਨ੍ਹਾਂ ਦੀ ਮਾਂ, ਵਤਸਲਾ ਪਾਟਿਲ ਖੰਡਰਾਂ ਦੇ ਨੇੜੇ ਹੀ ਤੰਬੂ ਜਿਹਾ ਲਾ ਕੇ ਟੋਪੀਆਂ ਵੇਚਦੀ ਹਨ ਅਤੇ ਮਹੀਨੇ ਦਾ 6000 ਰੁਪਏ ਕਮਾ ਲੈਂਦੀ ਹਨ। ਮਈ 2021 ਨੂੰ ਮਹਾਂਮਾਰੀ ਦੀ ਦੂਜੀ ਲਹਿਰ ਵੇਲ਼ੇ, ਜਦੋਂ ਉਨ੍ਹਾਂ ਨੂੰ ਕੋਵਿਡ-19 ਸੰਕ੍ਰਮਿਤ ਹੋਣ ਦਾ ਲੱਛਣ ਦਿਖਾਈ ਦੇਣ ਲੱਗੇ ਤਾਂ ਵਤਸਲਾ ਨੇ ਦਰਦ-ਨਿਵਾਰਕ ਗੋਲ਼ੀਆਂ ਖਾਦੀਆਂ ਅਤੇ ਰਾਜ਼ੀ ਹੋਣ ਦੀ ਉਮੀਦ ਰੱਖੀ। ਕੁਝ ਦਿਨਾਂ ਬਾਅਦ ਵੀ ਜਦੋਂ ਉਨ੍ਹਾਂ ਦੇ ਸਰੀਰ ਦਾ ਦਰਦ ਨਾ ਘਟਿਆ ਤਾਂ ਉਹ ਇਲਾਜ ਵਾਸਤੇ ਆਪਣੇ ਬੇਟੇ ਨਾਲ਼ ਬੇੜੀ ‘ਤੇ ਸਵਾਰ ਹੋ ਗਈ। “ਜਦੋਂ ਹਾਲਤ ਹੱਥੋਂ ਨਿਕਲ਼ਦੀ ਹੋਵੇ ਬੱਸ ਓਦੋਂ ਹੀ ਅਸੀਂ ਦੀਪ ਤੋਂ ਬਾਹਰ ਪੈਰ ਪੁੱਟਦੇ ਹਾਂ,” ਦਾਇਵਤ ਕਹਿੰਦੇ ਹਨ।

PHOTO • Aakanksha
PHOTO • Aakanksha

ਖੱਬੇ:  ਭਵਿਕਾ ਅਤੇ ਗੌਰੀ ਐਲੀਫ਼ੈਂਟਾਂ ਗੁਫ਼ਾਵਾਂ ਨੇੜਲੀ ਭੋਜਨ-ਦੁਕਾਨ (ਹੋਟਲ) ਵਿਖੇ। 2021 ਵਿੱਚ ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਉਹ ਜਿਵੇਂ-ਕਿਵੇਂ ਗੁਜ਼ਾਰਾ ਕਰ ਰਹੀਆਂ ਹਨ। ਸੱਜੇ: ਉਨ੍ਹਾਂ ਦੇ ਮਾਪਿਆਂ ਦੀ ਤਸਵੀਰ, ਮਧੂਕਰ (ਖੱਬੇ) ਅਤੇ ਜਯਸ਼੍ਰੀ

ਘਰੋਂ ਨਿਕਲ਼ਣ ਦੇ ਕਰੀਬ ਇੱਕ ਘੰਟੇ ਬਾਅਦ, ਪਾਟਿਲ ਰਾਇਗੜ੍ਹ ਦੇ ਪਨਵੇਲ ਤਾਲੁਕਾ ਦੇ ਗਵਾਹਨ ਪਿੰਡ ਦੇ ਸਿਹਤ ਕੇਂਦਰ ਪਹੁੰਚੇ, ਜਿੱਥੇ ਖ਼ੂਨ ਦੀ ਇੱਕ ਜਾਂਚ ਵਿੱਚ ਵਤਸਲਾ ਦਾ ਹੀਮੋਗਲੋਬਿਨ ਪੱਧਰ ਕਾਫ਼ੀ ਘੱਟ ਆਇਆ। ਵਤਸਲਾ ਘੜ ਮੁੜ ਆਈ, ਪਰ ਅਗਲੀ ਸਵੇਰ ਹਾਲਤ ਹੋਰ ਵਿਗੜ ਗਈ ਅਤੇ ਉਲਟੀਆਂ ਸ਼ੁਰੂ ਹੋ ਗਈਆਂ। ਇਸ ਵਾਰੀ ਫਿਰ ਉਹ ਉਸੇ ਹਸਤਪਾਲ ਵੱਲ ਭੱਜੇ, ਜਿੱਥੇ ਉਨ੍ਹਾਂ ਦੇ ਡਿੱਗਦੇ ਆਕਸੀਜਨ ਪੱਧਰ ਦਾ ਪਤਾ ਚੱਲਿਆ; ਨਾਲ਼ ਹੀ ਜਾਂਚ ਵਿੱਚ ਕੋਵਿਡ-19 ਸੰਕ੍ਰਮਣ ਦੀ ਪੁਸ਼ਟੀ ਵੀ ਹੋਈ। ਉਨ੍ਹਾਂ ਨੂੰ ਇਲਾਜ ਵਾਸਤੇ ਪਨਵੇਲ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਜਿੱਥੇ 10 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। “ਡਾਕਟਰ ਨੇ ਫੇਫੜਾ ਫੇਲ੍ਹ ਹੋਣ ਦੀ ਗੱਲ ਕਹੀ ਸੀ,” ਹਿਰਖੇ ਮਨ ਨਾਲ਼ ਦਾਇਵਤ ਕਹਿੰਦੇ ਹਨ।

ਜੇਕਰ ਕਿਤੇ ਵਤਸਲਾ ਅਤੇ ਜਯਸ਼੍ਰੀ ਨੂੰ ਨੇੜਿਓਂ ਹੀ ਅਤੇ ਸਮੇਂ ਸਿਰ ਇਲਾਜ ਮਿਲ਼ ਜਾਂਦਾ ਤਾਂ ਨਤੀਜਾ ਹੋਰ ਹੋਣਾ ਸੀ।

ਜਯਸ਼੍ਰੀ ਦੀ ਮੌਤ ਤੋਂ ਇੱਕ ਮਹੀਨਾ ਬਾਅਦ ਹੀ, ਭਵਿਕਾ ਅਤੇ ਗੌਰੀ ਦੇ ਪਿਤਾ ਮਧੂਕਰ ਦੀ ਵੀ ਮੌਤ ਹੋ ਗਈ। ਦੋਵੇਂ ਬੱਚੀਆਂ ਯਤੀਮ ਹੋ ਗਈਆਂ। ਦੋਵਾਂ ਭੈਣਾਂ ਦਾ ਕਹਿਣਾ ਹੈ ਕਿ ਪਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਨ੍ਹਾਂ ਦੀ ਸ਼ੂਗਰ ਦੀ ਦਵਾਈ ਚੱਲ ਰਹੀ ਸੀ। ਇੱਕ ਸਵੇਰ ਭਾਵਿਕਾ ਨੇ ਉਨ੍ਹਾਂ ਨੂੰ ਖ਼ੂਨ ਦੀ ਉਲਟੀ ਕਰਦੇ ਦੇਖਿਆ। ਬਾਵਜੂਦ ਇਹਦੇ ਵੀ ਪਰਿਵਾਰ ਨੂੰ ਹਸਤਪਾਲ ਭਰਤੀ ਹੋਣ ਲਈ ਵੀ ਅਗਲੀ ਸਵੇਰ ਤੱਕ ਦੀ ਉਡੀਕ ਕਰਨੀ ਪਈ। ਨੇਰੋਲ ਦੇ ਨਿੱਜੀ ਹਸਪਤਾਲ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਪਹਿਲਾਂ ਬੇੜੀ ਅਤੇ ਫਿਰ ਸੜਕ ਥਾਣੀਂ ਪੁੱਜਣ ਵਿੱਚ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ। ਇਸ ਘਟਨਾ ਤੋਂ ਕਰੀਬ 20 ਦਿਨਾਂ ਬਾਅਦ, 11 ਫਰਵਰੀ 2020 ਨੂੰ ਮਧੂਕਰ ਦੀ ਮੌਤ ਹੋ ਗਈ।

ਮਹਾਤ੍ਰੇ ਪਰਿਵਾਰ ਅਗਰੀ ਕੋਲੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਮਹਾਰਾਸ਼ਟਰ ਵਿਖੇ ਹੋਰ ਪਿਛੜੇ ਵਰਗ ਵਜੋਂ ਸੂਚੀਬੱਧ ਹੈ। ਹੁਣ ਦੋਵੇਂ ਭੈਣਾਂ, ਭਵਿਕਾ ਅਤੇ ਗੌਰੀ ਜਿਊਂਦੇ ਰਹਿਣ ਵਾਸਤੇ ਆਪਣੇ ਮਾਪਿਆਂ ਦੇ ਕੰਮ ਨੂੰ ਅੱਗੇ ਰੇੜ੍ਹ ਰਹੀਆਂ ਹਨ।

*****

ਐਲੀਫ਼ੈਂਟਾਂ ਘੁੰਮਣ ਆਉਣ ਲਈ ਘਾਰਾਪੁਰੀ ਦੇ ਘਾਟ ਵਿਖੇ ਉਤਰਨ ਵਾਲ਼ੇ ਸੈਲਾਨੀਆਂ ਦੀ ਇਨ੍ਹਾਂ ਸਟਾਲਾਂ ਦੇ ਨੇੜਿਓਂ ਲੰਘਣ ਦੀ ਸੰਭਾਵਨਾ ਹੁੰਦੀ ਹੈ ਜਿੱਥੇ ਯਾਦਗਾਰੀ ਚਿੰਨ੍ਹਾਂ ਦੇ ਨਾਲ਼ ਨਾਲ਼ ਭੋਜਨ ਵੇਚਿਆ ਜਾਂਦਾ ਹੈ। ਅਜਿਹਾ ਹੀ ਇੱਕ ਸਟਾਲ ਸੈਲੇਸ਼ ਮਹਾਤ੍ਰੇ ਦਾ ਵੀ ਹੈ ਜਿੱਥੇ ਉਹ ਕੱਟੇ ਹੋਏ ਅੰਬ (ਕੱਚੇ), ਖੀਰੇ ਅਤੇ ਚੈਕਲੇਟਾਂ ਵੇਚਦੇ ਹਨ- ਜਿਨ੍ਹਾਂ ਨੂੰ ਕਈ ਵਾਰੀ ਛੁੱਟੀ ਕਰਨੀ ਪੈਂਦੀ ਹੈ ਕਿਉਂਕਿ ਉਨ੍ਹਾਂ ਦੇ ਚਾਰ ਮੈਂਬਰੀ ਪਰਿਵਾਰ ਵਿੱਚ ਕੋਈ ਨਾ ਕੋਈ ਬੀਮਾਰ ਰਹਿੰਦਾ ਹੈ। ਇੰਝ ਉਨ੍ਹਾਂ ਦੀ ਦਿਹਾੜੀ ਟੁੱਟ ਜਾਂਦੀ ਹੈ। ਕੁਝ ਅਜਿਹਾ ਹੀ ਵਾਕਿਆ ਸਤੰਬਰ 2021 ਨੂੰ ਹੋਇਆ ਜਦੋਂ ਉਨ੍ਹਾਂ ਦੀ ਮਾਂ, 55 ਸਾਲਾ ਹੀਰਾਬਾਈ ਮਹਾਤ੍ਰੇ ਦਾ ਗਿੱਲੀ ਚੱਟਾਨ ਤੋਂ ਪੈਰ ਤਿਲਕਿਆ ਅਤੇ ਉਨ੍ਹਾਂ ਦੀ ਲੱਤ ਟੁੱਟ ਗਈ। ਉਨ੍ਹਾਂ ਨੂੰ ਕਿਤਿਓਂ ਕੋਈ ਦਰਦ-ਨਿਵਾਰਕ ਗੋਲ਼ੀ ਨਾ ਮਿਲ਼ੀ ਅਤੇ ਉਹ ਪੂਰੀ ਰਾਤ ਪੀੜ੍ਹ ਨਾਲ਼ ਵਿਲ਼ਕਦੀ ਰਹੀ। ਅਗਲੀ ਸਵੇਰ ਸੈਲੇਸ਼ ਆਪਣੀ ਮਾਂ ਨੂੰ ਬੇੜੀ ‘ਤੇ ਸਵਾਰ ਕਰਕੇ ਉਰਨ ਲੈ ਗਏ।

PHOTO • Aakanksha
PHOTO • Aakanksha

ਖੱਬੇ: ਸੈਲੇਸ਼ ਮਹਾਤ੍ਰੇ ਫਲਾਂ ਦੇ ਸਟਾਲ ‘ਤੇ, ਜਿੱਥੇ ਉਹ ਕੰਮ ਕਰਦੇ ਹਨ, ਇਹ ਸਟਾਲ ਘਾਟ ਦੇ ਨੇੜੇ ਹੈ ਜਿੱਥੇ ਐਲੀਫ਼ੈਂਟਾਂ ਗੁਫ਼ਾਵਾਂ ਘੁੰਮਣ ਆਉਣ ਵਾਲ਼ੇ ਸੈਲਾਨੀ ਉਤਰਦੇ ਹਨ। ਸੱਜੇ:ਸੈਲੇਸ਼ ਦੀ ਮਾਂ, ਹੀਰਾਬਾਈ ਮਹਾਤ੍ਰੇ, ਜਿਨ੍ਹਾਂ ਨੇ ਲੱਤ ਟੁੱਟਣ ਤੋਂ ਬਾਅਦ ਇੰਨੀ ਪੀੜ੍ਹ ਹੰਢਾਈ। ਇਲਾਜ ਲਈ ਜਾਣ ਵਾਸਤੇ ਉਨ੍ਹਾਂ ਨੂੰ ਇੱਕ ਪੂਰੀ ਰਾਤ ਪੀੜ੍ਹ ਨਾਲ਼ ਵਿਲ਼ਕਦੇ ਰਹਿਣਾ ਪਿਆ

“ਉਰਨ ਦੇ ਇਸ ਹਸਪਤਾਲ ਨੇ ਲੱਤ ਦੇ ਓਪਰੇਸ਼ਨ ਲਈ 70,000 ਰੁਪਏ ਮੰਗੇ,” ਹੀਰਾਬਾਈ ਕਹਿੰਦੀ ਹਨ। “ਸਾਡੇ ਕੋਲ਼ ਇੰਨਾ ਪੈਸਾ ਨਹੀਂ ਸੀ ਇਸਲਈ ਅਸੀਂ ਪਨਵੇਲ (ਇੱਕ ਘੰਟਾ ਦੂਰ) ਚਲੇ ਗਏ ਜਿੱਥੇ ਵੀ ਸਾਡੇ ਕੋਲ਼ੋਂ ਇੰਨਾ ਪੈਸਾ ਹੀ ਮੰਗਿਆ ਗਿਆ। ਅਖ਼ੀਰ ਅਸੀਂ ਜੇ.ਜੇ. ਹਸਪਤਾਲ (ਮੁੰਬਈ) ਚਲੇ ਗਏ, ਜਿੱਥੇ ਮੇਰਾ ਮੁਫ਼ਤ ਇਲਾਜ ਹੋਇਆ। ਉੱਥੇ ਹੀ ਮੇਰੀ ਲੱਤ ‘ਤੇ ਪਲੱਸਤਰ ਚਾੜ੍ਹਿਆ ਗਿਆ।” ਪਰਿਵਾਰ ਨੇ ਇਲਾਜ, ਦਵਾਈ ਅਤੇ ਸਫ਼ਰ ‘ਤੇ ਕਰੀਬ 10,000 ਰੁਪਿਆ ਖਰਚਿਆ, ਹਾਲਾਂਕਿ ਅਖ਼ੀਰ ਉਨ੍ਹਾਂ ਨੂੰ ਮੁਫ਼ਤ ਇਲਾਜ ਮਿਲ਼ ਗਿਆ ਅਤੇ ਸਿਰਫ਼ ਦਵਾਈਆਂ ਦਾ ਖਰਚਾ ਹੀ ਚੁੱਕਣਾ ਪਿਆ।

ਦੀਪ ‘ਤੇ ਨਾ ਕੋਈ ਬੈਂਕ ਹੈ ਅਤੇ ਨਾ ਹੀ ਕੋਈ ਏਟੀਐੱਮ, ਇਸਲਈ ਸੈਲੇਸ਼ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਪਾਸੋਂ ਪੈਸੇ ਉਧਾਰ ਚੁੱਕਣੇ ਪਏ। ਉਹੀ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਹੈ ਅਤੇ ਸਟਾਲ ਵਿਖੇ ਬਤੌਰ ਸਹਾਇਕ ਜੋ ਨੌਕਰੀ ਕਰਦੇ ਹਨ ਉੱਥੋਂ ਵੀ ਕੋਈ ਬਹੁਤੀ ਆਮਦਨੀ ਨਹੀਂ ਹੁੰਦੀ। ਪਰਿਵਾਰ ਸਿਰ ਪਹਿਲਾਂ ਹੀ 30,000 ਰੁਪਏ (ਕੋਵਿਡ-19 ਇਲਾਜ ਲਈ) ਦੇ ਇਲਾਜ ਦਾ ਖਰਚਾ ਬੋਲਦਾ ਹੈ।

ਪਲੱਸਤਰ ਚੜ੍ਹੀ ਲੱਤ ਕਾਰਨ ਤੁਰਨ ਵਿੱਚ ਅਸਮਰੱਥ ਹੀਰਾਬਾਈ ਨੂੰ ਚਿੰਤਾਵਾਂ ਨੇ ਘੇਰਾ ਪਾਇਆ ਸੀ। “ਮੈਂ ਇਸ ਪਲੱਸਤਰ ਵੱਲ ਦੇਖਦੀ ਰਹਿੰਦੀ ਅਤੇ ਸੋਚਿਆ ਕਰਦੀ ਅਖੀਰ ਮੈਂ ਅਗਲੇਰੀ ਜਾਂਚ ਅਤੇ ਪਲੱਸਤਰ ਦੇ ਲਾਹੇ ਜਾਣ ਵੇਲ਼ੇ ਮੁੰਬਈ ਤੱਕ ਜਾਵਾਂਗੀ ਕਿਵੇਂ,” ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ, “ ਜਗਲੀ ਸਮਝ ਕਰ ਛੋਡ ਦਿਆ ਹੈ।

ਹੀਰਾਬਾਈ ਦੀਆਂ ਗੱਲਾਂ ਦੇ ਨਾਲ਼ ਪਿੰਡਵਾਸੀ ਵੀ ਸਹਿਮਤ ਹਨ, ਜਿਸ ਵਿੱਚ ਪਿੰਡ ਦੇ ਸਰਪੰਚ ਬਲੀਰਾਮ ਠਾਕੁਰ ਵੀ ਸ਼ਾਮਲ ਹਨ। ਉਹ 2017 ਤੋਂ ਹੀ ਉਰਨ ਜ਼ਿਲ੍ਹਾ ਪਰਿਸ਼ਦ ਅੱਗੇ ਇੱਥੇ ਮੈਡੀਕਲ ਸੁਵਿਧਾ ਸਥਾਪਤ ਕੀਤੇ ਜਾਣ ਦੀ ਗੁਹਾਰ ਲਾ ਰਹੇ ਹਨ। ਉਹ ਕਹਿੰਦੇ ਹਨ,“ਅਖ਼ੀਰ 2020 ਨੂੰ ਅਸੀਂ ਸ਼ੇਟਬੰਦਰ ਵਿਖੇ ਇੱਕ ਹਸਪਤਾਲ ਬਣਵਾਇਆ। ਪਰ ਅਸੀਂ ਅਜੇ ਵੀ ਇੱਥੇ ਹੀ ਰੁਕੇ-ਰਹਿਣ ਵਾਲ਼ੇ ਡਾਕਟਰ ਦੀ ਭਾਲ਼ ਕਰ ਰਹੇ ਹਾਂ,”  ਉਹ ਕਹਿੰਦੇ ਹਨ। ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਵਿੱਚ ਉਪਲਬਧ ਡਾਕਟਰਾਂ ਦਾ ਪ੍ਰਤੀਸ਼ਤ ਸਭ ਤੋਂ ਘੱਟ ਹੈ- ਰਾਜ ਦੇ ਕੁੱਲ ਡਾਕਟਰਾਂ ਦਾ ਸਿਰਫ਼ 8.6 ਫ਼ੀਸਦ ਹਿੱਸਾ ਹੀ ਪੇਂਡੂ ਇਲਾਕਿਆਂ ਵਿੱਚ ਕੰਮ ਕਰਦਾ ਹੈ। ਇਹ ਗੱਲ ਸਾਲ 2018 ਵਿੱਚ ਭਾਰਤ ਦੇ ਸਿਹਤ ਕਾਰਜਬਲ ‘ਤੇ ਅਧਾਰਤ ਵਿਸ਼ਵ ਸਿਹਤ ਸੰਗਠਨ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੁਆਰਾ ਸਾਂਝੇ ਰੂਪ ਵਿੱਚ ਪ੍ਰਕਾਸ਼ਤ ਰਿਪੋਰਟ ਵਿੱਚ ਕਹੀ ਗਈ ਹੈ।

ਬਲੀਰਾਮ ਵੀ ਸਿਹਤ ਕਰਮੀਆਂ ਨੂੰ ਨਿਯੁਕਤ ਕਰਨ ਦੀ ਗੱਲ ਕਹਿ ਰਹੇ ਹਨ। “ਕੋਈ ਵੀ ਇੱਥੇ ਰੁਕਣ ਨੂੰ ਤਿਆਰ ਨਹੀਂ। ਸਿਰਫ਼ ਸਾਡੇ ਪਿੰਡ ਵਾਲ਼ਿਆਂ ਨੂੰ ਹੀ ਨਹੀਂ, ਸੈਲਾਨੀਆਂ ਨੂੰ ਵੀ ਇਲਾਜ ਦੀ ਲੋੜ ਪੈਂਦੀ ਹੈ। ਇੱਕ ਵਾਰ ਇੰਝ ਹੀ ਟ੍ਰੈਕਿੰਗ ਦੌਰਾਨ ਡਿੱਗੇ ਸੈਲਾਨੀ ਨੂੰ ਇਲਾਜ ਵਾਸਤੇ ਮੁੰਬਈ ਲਿਜਾਣਾ ਪਿਆ,” ਬਲੀਰਾਮ ਕਹਿੰਦੇ ਹਨ।

PHOTO • Aakanksha
PHOTO • Aakanksha

ਖੱਬੇ: ਬਲੀਰਾਮ ਠਾਕੁਰ, ਘਾਰਾਪੁਰੀ ਦੇ ਸਰਪੰਚ, ਜਿਨ੍ਹਾਂ ਨੇ ਉਰਨ ਜ਼ਿਲ੍ਹਾ ਪਰਿਸ਼ਦ ਅੱਗੇ ਪਿੰਡ ਵਿੱਚ ਸਿਹਤ ਸਬ-ਸੈਂਟਰ ਖੋਲ੍ਹੇ ਜਾਣ ਦੀ ਗੁਹਾਰ ਲਾਈ ਹੈ। ‘ਪਰ ਅਸੀਂ ਅਜੇ ਤੱਕ ਇੱਥੇ ਰੁਕਣ ਵਾਲ਼ੇ ਡਾਕਟਰ ਦੀ ਭਾਲ਼ ਕਰ ਰਹੇ ਹਾਂ’। ਸੱਜੇ: ਦੀਪ ਦੇ ਨਿਵਾਸੀਆਂ ਵਾਸਤੇ, ਇਲਾਜ ਵਾਸਤੇ ਇੱਧਰ-ਓਧਰ ਜਾਣ ਲਈ ਬੇੜੀ ਹੀ ਵਾਹਿਦ ਜ਼ਰੀਆ ਹੈ

ਘਾਰਾਪੁਰੀ ਦੇ ਬਾਸ਼ਿੰਦਿਆਂ ਦੀ ਸਿਹਤ ਤਾਂ ਡਾ. ਰਾਜਾਰਾਮ ਭੋਂਸਲੇ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਨੂੰ 2015 ਵਿੱਚ ਕੋਪੋਰਲੀ ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਵਿਖੇ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੇ ਅਧੀਨ 55 ਪਿੰਡ ਆਉਂਦੇ ਹਨ ਅਤੇ ਆਪਣੇ ਪੀਐੱਚਸੀ ਤੋਂ ਘਾਰਾਪੁਰੀ ਆਉਣ ਲਈ ਉਨ੍ਹਾਂ ਡੇਢ ਘੰਟਾ (ਸੜਕ ਅਤੇ ਬੇੜੀ ਰਾਹੀਂ) ਲੱਗਦਾ ਹੈ। “ਸਾਡੀਆਂ ਨਰਸਾਂ ਉੱਥੇ ਮਹੀਨੇ ਵਿੱਚ ਦੋ ਗੇੜੇ ਲਾਉਂਦੀਆਂ ਹਨ ਅਤੇ ਜੇਕਰ ਕੋਈ ਐਮਰਜੈਂਸੀ ਹੋਵੇ ਤਾਂ ਉਹ ਮੈਨੂੰ ਸੂਚਿਤ ਕਰਦੀਆਂ ਹਨ,” ਉਹ ਕਹਿੰਦੇ ਹਨ ਅਤੇ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਅਜਿਹੀ ਕਿਸੇ ਵੀ ਮੈਡੀਕਲ ਐਮਰਜੈਂਸੀ ਦਾ ਨਹੀਂ ਪਤਾ।

ਕੋਪਰੋਲੀ ਪੀਐੱਚਸੀ ਦੀਆਂ ਨਰਸਾਂ ਘਾਰਾਪੁਰੀ ਦੇ ਆਂਗਨਵਾੜੀ ਜਾਂ ਗ੍ਰਾਮ ਪੰਚਾਇਤ ਦਫ਼ਤਰ ਵਿਖੇ ਮਰੀਜ਼ਾਂ ਨੂੰ ਦੇਖਦੀਆਂ ਹਨ। ਬਤੌਰ ਨਰਸ ਅਤੇ ਅਰੋਗਯ ਸੇਵਿਕਾ ਕੰਮ ਕਰਨ ਵਾਲ਼ੀ, ਸਾਰਿਕਾ ਥਾਲੇ 2016 ਤੋਂ ਇਸ ਪਿੰਡ (15 ਹੋਰਨਾਂ ਪਿੰਡਾਂ ਸਣੇ) ਵਿਖੇ ਇੰਚਾਰਜ ਹਨ। ਉਹ ਮਹੀਨੇ ਵਿੱਚ ਦੋ ਵਾਰੀ ਪਿੰਡ ਜਾ ਕੇ ਪੋਲਿਓ ਬੂੰਦਾਂ ਪਿਆਉਂਦੀ ਹਨ ਅਤੇ ਮਾਵਾਂ (ਗਰਭਵਤੀ/ਪ੍ਰਸਵ ਤੋਂ ਬਾਅਦ ਵਾਲ਼ੀਆਂ) ਨੂੰ ਮਿਲ਼ਦੀ ਹਨ।

“ਹਾਲਾਂਕਿ ਮਾਨੂਸਨ ਦੌਰਾਨ ਛੱਲਾਂ ਬਹੁਤ ਉੱਚੀਆਂ ਹੁੰਦੀਆਂ ਹਨ ਜਿਸ ਕਾਰਨ ਇੱਥੇ ਅਪੜਨਾ (ਬੇੜੀ ਰਾਹੀਂ) ਬਹੁਤ ਮੁਸ਼ਕਲ ਰਹਿੰਦਾ ਹੈ,” ਉਹ ਇਸ ਪਾਸੇ ਧਿਆਨ ਦਵਾਉਂਦੀ ਹਨ। ਉਨ੍ਹਾਂ ਵਾਸਤੇ ਘਾਰਾਪੁਰੀ ਰਹਿਣਾ ਬਹੁਤ ਮੁਸ਼ਕਲ ਹੈ, ਉਹ ਕਹਿੰਦੀ ਹਨ। “ਮੇਰੇ ਛੋਟੇ ਛੋਟੇ ਬੱਚੇ ਹਨ। ਉਹ ਕਿੱਥੇ ਪੜ੍ਹਨਗੇ? ਮੈਂ ਦੂਸਰੇ ਪਿੰਡਾਂ ਦੇ ਮਰੀਜ਼ਾਂ ਨੂੰ ਮਿਲ਼ਣ ਕਿਵੇਂ ਜਾਇਆ ਕਰੂੰਗੀ?”

ਘਾਰਾਪੁਰੀ ਵਿਖੇ ਪਾਣੀ ਅਤੇ ਬਿਜਲੀ ਜਿਹੀਆਂ ਸੁਵਿਧਾਵਾਂ ਵੀ ਹੁਣ ਕਿਤੇ ਜਾ ਕੇ ਪਹੁੰਚੀਆਂ ਹਨ। ਸਾਲ 2018 ਤੱਕ, ਇਸ ਦੀਪ ਵਿਖੇ ਬਿਜਲੀ ਵੀ ਸਿਰਫ਼ ਮਹਾਰਾਸ਼ਟਰ ਟੂਰਿਜ਼ਮ ਵਿਕਾਸ ਨਿਗਮ (MTDC) ਦੇ ਮੁਹੱਈਆ ਕਰਵਾਏ ਗਏ ਜਰਨੇਟਰ ਨਾਲ਼ ਹੀ ਪਹੁੰਚਦੀ ਸੀ ਜੋ ਕਿ ਸ਼ਾਮੀਂ 7 ਵਜੇ ਤੋਂ ਰਾਤੀਂ 10 ਵਜੇ ਤੱਕ ਚੱਲਦਾ। ਸਾਲ 2019 ਵਿੱਚ ਪਾਣੀ ਦੀਆਂ ਲਾਈਨਾਂ ਵਿਛਾਈਆਂ ਗਈਆਂ। ਦੀਪ ਦਾ ਇਕਲੌਤਾ ਸਕੂਲ ਵੀ ਹੁਣ ਬੰਦ ਹੋ ਗਿਆ ਹੈ।

PHOTO • Aakanksha
PHOTO • Aakanksha

ਖੱਬੇ: ਸੰਧਿਆ ਭੋਇਰ ਨੂੰ ਚੇਤੇ ਹੈ ਕਿ ਕਿਵੇਂ ਉਨ੍ਹਾਂ ਨੇ ਦੀਪ ਤੋਂ ਮੁੰਬਈ ਹਸਪਤਾਲ ਤੱਕ ਜਾਂਦਿਆਂ ਹਿਝੋਕੇ ਖਾਂਦੀ ਬੇੜੀ ਵਿੱਚ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਸੱਜੇ: ਘਾਰਾਪੁਰੀ ਦਾ ਜ਼ਿਲ੍ਹਾ ਪਰਿਸ਼ਦ ਸਕੂਲ, ਜੋ ਅਪ੍ਰੈਲ 2022 ਵਿੱਚ ਬੰਦ ਹੋ ਗਿਆ

ਸੁਵਿਧਾਵਾਂ ਦੀ ਘਾਟ ਨੂੰ ਦੇਖਦਿਆਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਜਾਪਦੀ ਕਿ ਇੱਥੋਂ ਦੀਆਂ ਗਰਭਵਤੀ ਔਰਤਾਂ ਪ੍ਰਸਵ ਦੀ ਨਿਯਤ ਤਰੀਕ ਤੋਂ ਕੁਝ ਮਹੀਨੇ ਪਹਿਲਾਂ ਹੀ ਪਿੰਡੋਂ ਕਿਤੇ ਹੋਰ ਚਲ਼ੀਆਂ ਜਾਂਦੀਆਂ ਹਨ ਕਿਉਂਕਿ ਉਹ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ। ਆਪਣੀ ਗਰਭਅਵਸਥਾ ਤੋਂ ਕੁਝ ਮਹੀਨੇ ਪਹਿਲਾਂ ਪਿੰਡ ਛੱਡ ਕੇ ਜਾਣ ਵਾਲ਼ੀਆਂ ਕਈ ਔਰਤਾਂ ਹਨ ਜੋ ਸ਼ਹਿਰ ਵਿੱਚ ਕਿਸੇ ਰਿਸ਼ਤੇਦਾਰ ਕੋਲ਼ ਚਲੀਆਂ ਜਾਂਦੀਆਂ ਹਨ ਜਾਂ ਕਮਰਾ ਕਿਰਾਏ ‘ਤੇ ਲੈ ਲੈਂਦੀਆਂ ਹਨ, ਦੋਵੇਂ ਹੀ ਵਿਕਲਪ ਖਰਚੇ ਦਾ ਘਰ ਹਨ। ਪਿਛਾਂਹ ਰਹਿਣ ਵਾਲ਼ਿਆਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਵੀ ਇਲਾਜ ਦੇ ਨਾਲ਼-ਨਾਲ਼, ਤਾਜ਼ਾ ਸਬਜ਼ੀਆਂ ਅਤੇ ਦਾਲਾਂ ਵਾਸਤੇ ਵੀ ਪਿੰਡੋਂ ਬਾਹਰ ਜਾਂਦੇ ਹਨ ਕਿਉਂਕਿ ਗਰਭਵਤੀ ਔਰਤਾਂ ਨੂੰ ਇਨ੍ਹਾਂ ਚੀਜ਼ਾਂ ਦੀ ਵੱਧ ਲੋੜ ਪੈਂਦੀ ਹੈ।

ਸਾਲ 2020 ਵਿੱਚ ਤਾਲਾਬੰਦੀ ਦੌਰਾਨ ਬੇੜੀਆਂ ਦੇ ਨਾ ਚੱਲਣ ਕਾਰਨ ਗਰਭਵਤੀ ਮਾਵਾਂ ਹਸਪਤਾਲ ਤੱਕ ਨਾ ਅੱਪੜ ਪਾਈਆਂ। ਉਸ ਸਾਲ ਮਾਰਚ ਵਿੱਚ ਜਦੋਂ ਤਾਲਾਬੰਦੀ ਦਾ ਐਲਾਨ ਹੋਇਆ ਤਾਂ ਕ੍ਰਾਂਤੀ ਘਰਾਟ ਤਿੰਨ ਮਹੀਨਿਆਂ ਦੀ ਗਰਭਵਤੀ ਸਨ ਅਤੇ ਤਾਲਾਬੰਦੀ ਕਾਰਨ ਆਵਾਜਾਈ ਠੱਪ ਪੈ ਗਈ। ਉਹ ਨਿਯਮਿਤ ਜਾਂਚ ਲਈ ਨਾ ਜਾ ਸਕੀ ਅਤੇ ਗਰਭਅਵਸਥਾ ਦੌਰਾਨ ਉਨ੍ਹਾਂ ਨੂੰ ਕਦੇ-ਕਦਾਈਂ ਅਸਹਿ ਪੀੜ੍ਹ ਦਾ ਸਾਹਮਣਾ ਵੀ ਕਰਨਾ ਪਿਆ। “ਆਪਣੀ ਹਾਲਤ ਬਿਆਨ ਕਰਨ ਵਾਸਤੇ ਮੈਨੂੰ ਇੱਕ ਡਾਕਟਰ ਨਾਲ਼ ਫ਼ੋਨ ‘ਤੇ ਗੱਲ ਕਰਨੀ ਪਈ,” ਆਪਣੀ ਹਾਲਤ ਨੂੰ ਚੇਤੇ ਕਰਦਿਆਂ ਨਿਰਾਸ਼ਾ ਵਿੱਚ ਡੁੱਬੀ ਉਹ ਕਹਿੰਦੀ ਹਨ।

ਸੰਧਿਆ ਭੋਇਰ ਨੂੰ ਆਪਣੇ ਪਹਿਲੇ ਬੱਚੇ ਦੀ ਡਿਲੀਵਰੀ ਚੇਤੇ ਹੈ ਜੋ ਉਨ੍ਹਾਂ ਨੇ ਮੁੰਬਈ ਹਸਪਤਾਲ ਦੇ ਰਾਹ ਵਿੱਚ ਹੀ ਹੋ ਗਈ ਸੀ। ਇਹ 30 ਸਾਲ ਪਹਿਲਾਂ ਦੀ ਗੱਲ ਹੈ ਅਤੇ ਸਥਾਨਕ ਦਾਈ ਨੂੰ ਬੱਚਾ ਪੈਦਾ ਕਰਾਉਣ ਵਿੱਚ ਕਾਫ਼ੀ ਦਿੱਕਤ ਪੇਸ਼ ਆ ਰਹੀ ਸੀ। ਉਹ ਉਸ ਹਿਝੋਕੇ ਖਾਂਦੀ ਬੇੜੀ ਵਿੱਚ ਆਪਣੇ ਪ੍ਰਸਵ ਨੂੰ ਚੇਤੇ ਕਰਦਿਆਂ ਕਹਿੰਦੀ ਹਨ,“ਮੈਂ ਸਾਰਾ ਕੁਝ ਰੱਬ ਭਰੋਸੇ ਹੀ ਛੱਡ ਦਿੱਤਾ।” ਇੱਕ ਦਹਾਕਾ ਪਹਿਲਾਂ ਤੱਕ ਪਿੰਡ ਵਿੱਚ ਦੋ ਦਾਈਆਂ ਸਨ ਪਰ ਸਮੇਂ ਦੇ ਨਾਲ਼ ਹਸਪਤਾਲਾਂ ਵਿੱਚ ਬੱਚਾ ਪੈਦਾ ਕਰਨ ਨੂੰ ਤਰਜੀਹ ਦਿੱਤੀ ਜਾਣ ਲੱਗੀ ਅਤੇ ਉੱਥੋਂ ਮਿਲ਼ਣ ਵਾਲ਼ੀ ਪ੍ਰੋਤਸਾਹਨ ਰਾਸ਼ੀ (ਰਾਜ ਦੁਆਰਾ) ਸਦਕਾ ਲੋਕੀਂ ਦਾਈਆਂ ਨੂੰ ਘੱਟ ਹੀ ਬੁਲਾਉਂਦੇ ਹਨ।

PHOTO • Aakanksha
PHOTO • Aakanksha

ਖੱਬੇ: ਕ੍ਰਾਂਤੀ ਘਰਾਟ ਆਪਣੇ ਪਤੀ ਦੇ ਨਾਲ਼ ਰਲ਼ ਕੇ ਜਿਹੜੀ ਹੱਟੀ ਚਲਾਉਂਦੇ ਹਨ, ਉੱਥੇ ਆਪਣੇ ਬੱਚੇ, ਹਿਯਾਂਸ਼ ਨਾਲ਼ ਖੜ੍ਹੀ ਹੋਈ। ਸੱਜੇ: ਘਾਟ ਦਾ ਇੱਕ ਦ੍ਰਿਸ਼, ਜਿੱਥੋਂ ਪਿੰਡ ਵਾਲ਼ੇ ਸ਼ਹਿਰ ਜਾਣ ਵਾਸਤੇ ਬੇੜੀ ਲੈਂਦੇ ਹਨ

ਪਿੰਡ ਵਿੱਚ ਮੈਡੀਕਲ ਸਟੋਰ ਨਾ ਹੋਣ ਕਾਰਨ ਲੋਕਾਂ ਨੂੰ ਦਵਾਈ ਵਗੈਰਾ ਲਈ ਅਗੇਤੀ ਯੋਜਨਾ ਬਣਾਉਣੀ ਪੈਂਦੀ ਹੈ। “ਮੈਂ ਮਹੀਨੇ ਦੀਆਂ ਦਵਾਈਆਂ ਪਹਿਲਾਂ ਹੀ ਲੈ ਆਇਆ ਕਰਦੀ, ਭਾਵੇਂ ਡਾਕਟਰ ਨੇ ਥੋੜ੍ਹੇ ਦਿਨਾਂ ਦੀ ਦਵਾਈ ਕਿਉਂ ਨਾ ਲਿਖੀ ਹੁੰਦੀ ਅਤੇ ਮੈਂ ਇਸ ਗੱਲੋਂ ਵੀ ਖ਼ਬਰਦਾਰ ਹੁੰਦੀ ਸਾਂ ਕਿ ਇਹ ਦਵਾਈਆਂ ਉਦੋਂ ਹੀ ਮੋੜੀਆਂ ਜਾਣਗੀਆਂ ਜਦੋਂ ਅਸੀਂ ਹਸਪਤਾਲ ਜਾਣਾ ਹੋਵੇਗਾ।” ਕ੍ਰਾਂਤੀ ਅਤੇ ਉਨ੍ਹਾਂ ਦੇ ਪਤੀ ਸੂਰਜ, ਆਗਰੀ ਕੋਲੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਅਤੇ ਘਾਰਾਪੁਰੀ ਵਿਖੇ ਕਰਿਆਨੇ ਦੀ ਛੋਟੀ ਜਿਹੀ ਹੱਟੀ ਚਲਾਉਂਦੇ ਹਨ। ਕੋਵਿਡ-19 ਤਾਲਾਬੰਦੀ ਤੋਂ ਪਹਿਲਾਂ, ਉਹ ਹਰ ਮਹੀਨੇ ਕਰੀਬ 12,000 ਰੁਪਏ ਕਮਾ ਲਿਆ ਕਰਦੇ।

ਗਰਭਅਵਸਥਾ ਦੇ ਛੇਵੇਂ ਮਹੀਨੇ, ਕ੍ਰਾਂਤੀ ਆਪਣੇ ਭਰਾ ਦੇ ਘਰ ਰਹਿਣ ਚਲੀ ਗਈ ਜੋ ਉਰਨ ਤਾਲੁਕਾ ਦੇ ਨਵੀਨ ਸ਼ੇਰ ਪਿੰਡ ਵਿਖੇ ਰਹਿੰਦਾ ਹੈ। “ਮੈਂ ਪਹਿਲਾਂ ਨਹੀਂ ਗਈ ਕਿਉਂਕਿ ਮੈਂ ਬੀਮਾਰੀ (ਕੋਵਿਡ-19) ਨੂੰ ਲੈ ਕੇ ਫ਼ਿਕਰਮੰਦ ਸਾਂ। ਉਦੋਂ ਮੈਨੂੰ ਇੰਝ ਜਾਪਿਆ ਕਿ ਘਾਰਾਪੁਰੀ ਵਿਖੇ ਰਹਿੰਦਿਆਂ ਅਸੀਂ ਸੰਕਰਮਣ ਤੋਂ ਵੱਧ ਸੁਰੱਖਿਅਤ ਹਾਂ ਅਤੇ ਮੈਂ ਆਪਣੇ ਭਰਾ ‘ਤੇ ਕੋਈ ਬੋਝ ਨਹੀਂ ਸਾਂ ਬਣਨਾ ਚਾਹੁੰਦੀ।”

ਜਦੋਂ ਉਹ ਬੇੜੀ ‘ਤੇ ਸਵਾਰ ਹੋ ਗਈ ਤਾਂ ਉਨ੍ਹਾਂ ਨੂੰ ਬੇੜੀ ਦੀ ਸਵਾਰੀ ਲਈ ਆਮ ਨਾਲ਼ੋਂ 10 ਗੁਣਾ ਭੁਗਤਾਨ ਕਰਨਾ ਪਿਆ। ਆਮ ਦਿਨੀਂ ਜਿੱਥੇ 30 ਰੁਪਏ ਕਿਰਾਇਆ ਲੱਗਦਾ ਉੱਥੇ 300 ਰੁਪਏ ਚੁਕਾਉਣੇ ਪਏ। ਕੋਵਿਡ-19 ਦੇ ਵੱਧਦੇ ਖਤਰੇ ਨੂੰ ਦੇਖਦਿਆਂ ਪਰਿਵਾਰ ਨੇ ਬੱਚੇ ਦੇ ਜਨਮ ਲਈ ਜਨਤਕ ਹਸਪਤਾਲ ਜਾਣ ਦੀ ਬਜਾਇ ਨਿੱਜੀ ਹਸਪਤਾਲ ਜਾਣਾ ਵੱਧ ਠੀਕ ਸਮਝਿਆ। ਇਹਦੇ ਕਾਰਨ, ਸਿਜੇਰਿਅਨ ਡਿਲੀਵਰੀ ਅਤੇ ਦਵਾਈਆਂ ‘ਤੇ ਕਰੀਬ 80,000 ਰੁਪਏ ਖਰਚ ਕਰਨੇ ਪਏ। “ਇੰਨਾ ਸਾਰਾ ਪੈਸਾ ਡਾਕਟਰ ਦੀ ਫ਼ੀਸ, ਜਾਂਚ ਅਤੇ ਦਵਾਈਆਂ ਵਿੱਚ ਲੱ ਗਿਆ,” ਕ੍ਰਾਂਤੀ ਕਹਿੰਦੀ ਹਨ। ਉਸ ਸਮੇਂ ਉਨ੍ਹਾਂ ਦੋਵਾਂ ਨੇ ਆਪਣੀ ਬਚਤ ਦਾ ਪੈਸਾ ਖਰਚ ਕੀਤਾ।

ਕ੍ਰਾਂਤੀ, ਪ੍ਰਧਾਨਮੰਤਰੀ ਮਾਤਰੂ ਵੰਦਨਾ ਯੋਜਨਾ (PMMVY) ਦੀ ਲਾਭਪਾਤਰੀ ਹਨ। ਇਹ ਗਰਭਵਤੀ ਔਰਤਾਂ ਅਤੇ ਦੁੱਧ-ਚੁੰਘਾਉਣ ਵਾਲ਼ੀਆਂ ਮਾਵਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਜੱਚਾ ਯੋਜਨਾ ਹੈ। ਇਸਦੇ ਤਹਿਤ ਕ੍ਰਾਂਤੀ ਨੂੰ 5,000 ਰੁਪਏ ਮਿਲ਼ਣੇ ਚਾਹੀਦੇ ਸਨ ਪਰ ਸਾਲ 2020 ਤੋਂ ਬਿਨੈ ਕੀਤੇ ਹੋਣ ਦੇ ਬਾਵਜੂਦ ਉਨ੍ਹਾਂ ਦੀ ਉਡੀਕ ਜਾਰੀ। ਇਸ ਵਾਕਿਆ ਤੋਂ ਇਹ ਸਾਬਤ ਹੁੰਦਾ ਹੈ ਕਿ ਘਾਰਾਪੁਰੀ ਦੇ ਨਿਵਾਸੀਆਂ ਨੂੰ ਲੈ ਕੇ ਸਰਕਾਰ ਦੀ ਉਦਾਸੀਨਤਾ ਸਿਹਤ ਸੇਵਾ ਦੇ ਕਿਸੇ ਇੱਕ ਪੱਖ ਤੱਕ ਹੀ ਸੀਮਤ ਨਹੀਂ।

ਤਰਜਮਾ: ਕਮਲਜੀਤ ਕੌਰ

Aakanksha

آکانکشا (وہ صرف اپنے پہلے نام کا استعمال کرتی ہیں) پاری کی رپورٹر اور کنٹینٹ ایڈیٹر ہیں۔

کے ذریعہ دیگر اسٹوریز Aakanksha
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur