22 ਸਾਲਾ ਮੀਨੂ ਸਰਦਾਰ ਜੋ ਪਿਛਲੇ 3 ਤੋਂ 4 ਸਾਲਾਂ ਤੋਂ ਸਿਹਤ ਸਮੱਸਿਆਵਾਂ ਨਾਲ਼ ਜੂਝਦੀ ਆਈ ਹਨ (ਮੀਨੂ ਜਿਹੀਆਂ ਕਈ ਔਰਤਾਂ ਬੀਮਾਰੀ ਤੋਂ ਪੀੜਤ ਰਹਿੰਦੀਆਂ ਹਨ)। 2021 ਦੀ ਗਰਮੀ ਦੀ ਇੱਕ ਸਵੇਰ ਪਾਣੀ ਭਰਨ ਲਈ ਹੇਠਾਂ ਉੱਤਰੀ, ਕਿਸੇ ਨੇ ਵੀ ਉਹਨੂੰ ਸੁਚੇਤ ਨਾ ਕੀਤਾ ਕਿ ਕੋਈ ਅਭੀ-ਨਭੀ ਹੋ ਸਕਦੀ ਸੀ। ਜਿਹੜੀ ਪੌੜੀ ਤਲਾਬ ਵੱਲ ਨੂੰ ਜਾਂਦੀ ਸੀ ਉਹ ਇੱਕ ਥਾਵੇਂ ਟੁੱਟੀ ਹੋਈ ਸੀ। ਮੀਨੂ ਦਾ ਪੈਰ ਫ਼ਿਸਲਿਆ ਅਤੇ ਉਹ ਰਿੜ੍ਹਦੀ ਗਈ ਰਿੜ੍ਹਦੀ ਗਈ ਅਤੇ ਮੂੰਹ ਪਰਨੇ ਜਾ ਡਿੱਗੀ।
'' ਮੈਨੂੰ ਹਿੱਕ ਅਤੇ ਢਿੱਡ ਵਿੱਚ ਸ਼ਦੀਦ ਪੀੜ੍ਹ ਮਹਿਸੂਸ ਹੋਈ। ਮੇਰੀ ਯੋਨੀ ਵਿੱਚੋਂ ਲਹੂ ਰਿੱਸਣ ਲੱਗਿਆ। ਜਦੋਂ ਮੈਂ ਪੇਸ਼ਾਬ ਕਰਨ ਗਈ ਤਾਂ ਮੇਰੇ ਅੰਦਰੋਂ ਕੁਝ ਬਾਹਰ ਵੱਲ ਤਿਲ਼ਕਿਆ ਅਤੇ ਫ਼ਰਸ਼ 'ਤੇ ਡਿੱਗ ਗਿਆ। ਮੈਂ ਦੇਖਿਆ ਕਿ ਮਾਸ ਦਾ ਇੱਕ ਲੋਥੜਾ ਮੇਰੇ ਅੰਦਰੋਂ ਬਾਹਰ ਆਇਆ ਸੀ। ਮੈਂ ਪੂਰੇ ਹਿੱਸੇ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਪੂਰੇ ਲੋਥੜੇ ਨੂੰ ਬਾਹਰ ਨਾ ਖਿੱਚ ਸਕੀ।''
ਜਦੋਂ ਮੈਂ ਪਿੰਡ ਨੇੜਲੀ ਨਿੱਜੀ ਕਲੀਨਿਕ ਗਈ ਤਾਂ ਪਤਾ ਚੱਲਿਆ ਕਿ ਗਰਭਪਾਤ ਹੋਇਆ ਹੈ। ਮੀਨੂ ਜੋ ਕਿ ਇੱਕ ਲੰਬੀ, ਪਤਲੀ ਜਿਹੀ ਔਰਤ ਹੈ, ਇੰਨੀਆਂ ਚਿੰਤਾਵਾਂ ਦੇ ਬਾਵਜੂਦ ਚਿਹਰੇ 'ਤੇ ਮੁਸਕਾਨ ਖਿੰਡਾਈ ਖੜ੍ਹੀ ਹੈ। ਉਸ ਹਾਦਸੇ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਮਾਹਵਾਰੀ ਅਨਿਯਮਿਤ ਹੋ ਗਈ।
ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਗੋਸਾਬਾ ਬਲਾਕ ਵਿਖੇ ਪੈਂਦੇ ਮੀਨੂ ਦੇ ਪਿੰਡ ਦੀ ਅਬਾਦੀ ਕੋਈ 5,000 ਹੈ। ਝੋਨੇ ਦੇ ਵਿਸ਼ਾਲ ਖੇਤਾਂ ਅਤੇ ਸੁੰਦਰਬਨ ਦੇ ਮੈਂਗਰੋਵ ਜੰਗਲਾਂ ਨਾਲ਼ ਲਹਿਲਹਾਉਂਦਾ ਇਹ ਪਿੰਡ, ਗੋਸਾਬਾ ਬਲਾਕ ਦੇ ਕੁਝ ਉਨ੍ਹਾਂ ਅੰਦਰੂਨੀ ਇਲਾਕਿਆਂ ਵਿੱਚੋਂ ਇੱਕ ਹੈ ਜੋ ਸੜਕ ਨਾਲ਼ ਜੁੜੇ ਹੋਏ ਹਨ।
ਡਿੱਗਣ ਤੋਂ ਇੱਕ ਮਹੀਨੇ ਤੱਕ ਮੀਨੂ ਨੂੰ ਲਗਾਤਾਰ ਖ਼ੂਨ ਪੈਂਦਾ ਰਿਹਾ ਅਤੇ ਉਨ੍ਹਾਂ ਦੀ ਬੀਮਾਰੀ ਇੱਥੇ ਹੀ ਨਾ ਰੁਕੀ। '' ਸ਼ਰੀਰਕ ਸ਼ੌਂਪਰਕੋ ਇਤੇ ਬਠਾ ਕੋਰੇ (ਸੰਭੋਗ ਕਰਨਾ ਤਕਲੀਫ਼ਦੇਹ ਰਹਿੰਦਾ) । ਜਦੋਂ ਮੈਂ ਪੇਸ਼ਾਬ ਕਰਦੀ ਜਾਂ ਮਲ਼ ਤਿਆਗ ਕਰਨ ਲੱਗਿਆਂ ਹਲਕਾ ਜਿਹਾ ਵੀ ਜ਼ੋਰ ਲਾਉਂਦੀ ਤਾਂ ਇਓਂ ਮਹਿਸੂਸ ਹੁੰਦਾ ਜਿਓਂ ਮੇਰੀ ਦੇਹ ਦੇ ਲੰਗਾਰ ਲੱਥ ਗਏ ਹੋਣ ਅਤੇ ਜਦੋਂ ਮੈਂ ਭਾਰ ਚੁੱਕਦੀ ਤਾਂ ਲੱਗਦਾ ਜਿਵੇਂ ਮੇਰੀ ਬੱਚੇਦਾਨੀ ਬਾਹਰ ਤਿਲ਼ਕ ਰਹੀ ਹੋਵੇ,'' ਉਹ ਕਹਿੰਦੀ ਹਨ।
ਹਾਲਾਤਾਂ ਅਤੇ ਸਮਾਜਿਕ ਆਲਮ ਨੇ ਉਨ੍ਹਾਂ ਦੇ ਦੁੱਖ ਨੂੰ ਹੋਰ ਡੂੰਘੇਰੇ ਕਰ ਛੱਡਿਆ। ਮੀਨੂ (ਦਸਵੀਂ ਤੋਂ ਅੱਗੇ ਨਹੀਂ ਪੜ੍ਹ ਸਕੀ) ਨੇ ਡਿੱਗਣ ਤੋਂ ਬਾਅਦ ਲਗਾਤਾਰ ਪੈਂਦੇ ਖ਼ੂਨ ਦੇ ਬਾਵਜੂਦ ਵੀ ਦਯਾਪੁਰ ਦੀ ਆਸ਼ਾ ਵਰਕਰ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁੰਨ) ਨੂੰ ਸੰਪਰਕ ਕਰਨ ਦਾ ਫ਼ੈਸਲਾ ਨਾ ਕੀਤਾ। ''ਮੈਂ ਨਹੀਂ ਚਾਹੁੰਦੀ ਸੀ ਬਈ ਉਹਨੂੰ ਪਤਾ ਲੱਗੇ ਕਿਉਂਕਿ ਹੋ ਸਕਦਾ ਮੇਰੇ ਗਰਭਪਾਤ ਦੀ ਖ਼ਬਰ ਪੂਰੇ ਪਿੰਡ ਵਿੱਚ ਫ਼ੈਲ ਜਾਂਦੀ। ਮੈਨੂੰ ਨਹੀਂ ਲੱਗਦਾ ਹੈ ਕਿ ਉਹਨੂੰ ਇਹ ਵੀ ਪਤਾ ਹੋਣਾ ਕਿ ਕਰਨਾ ਕੀ ਹੈ।''
ਮੀਨੂ ਅਤੇ ਉਨ੍ਹਾਂ ਦੇ ਪਤੀ, ਬੱਪਾ ਸਰਦਾਰ, ਹਾਲਾਂਕਿ ਬੱਚਾ ਪੈਦਾ ਕਰਨ ਬਾਰੇ ਨਹੀਂ ਸੋਚ ਰਹੇ ਸਨ, ਪਰ ਉਸ ਦੌਰਾਨ ਮੀਨੂ ਕੋਈ ਗਰਭਨਿਰੋਧਕ ਨਹੀਂ ਵਰਤ ਰਹੀ ਸਨ। ''ਜਦੋਂ ਮੇਰਾ ਵਿਆਹ ਹੋਇਆ ਤਾਂ ਮੈਨੂੰ ਪਰਿਵਾਰ ਨਿਯੋਜਨ ਤਰੀਕਿਆਂ ਬਾਰੇ ਪਤਾ ਨਹੀਂ ਸੀ। ਕਿਸੇ ਨੇ ਮੈਨੂੰ ਦੱਸਿਆ ਵੀ ਨਹੀਂ। ਜਦੋਂ ਮੇਰਾ ਗਰਭਪਾਤ ਹੋਇਆ ਤਾਂ ਹੀ ਮੈਨੂੰ ਉਸ ਬਾਰੇ ਪਤਾ ਚੱਲਿਆ।''
ਮੀਨੂ ਨੂੰ 12 ਕਿਲੋਮੀਟਰ ਦੂਰ ਗੋਸਾਬਾ ਦੇ ਪੇਂਡੂ ਹਸਪਤਾਲ ਵਿਖੇ ਤਾਇਨਾਤ ਜਨਾਨਾ ਰੋਗ ਮਾਹਰ (ਲੇਡੀ ਡਾਕਟਰ) ਬਾਰੇ ਪਤਾ ਤਾਂ ਹੈ ਪਰ ਉਹ ਕਦੇ ਮਿਲ਼ਦੀ ਹੀ ਨਹੀਂ। ਉਨ੍ਹਾਂ ਦੇ ਪਿੰਡ ਵਿਖੇ ਦੋ ਰੂਰਲ ਮੈਡੀਕਲ ਪ੍ਰੈਕਟਿਸ਼ਨਰ (RMPs) ਤਾਂ ਹਨ ਜੋ ਬਗ਼ੈਰ ਲਾਈਸੈਂਸ ਦੇ ਸਿਹਤ ਸੁਵਿਧਾਵਾ ਪ੍ਰਦਾਨ ਕਰਦੇ ਹਨ।
ਦਯਾਪੁਰ ਵਿਖੇ ਦੋਵੇਂ RMPs ਪੁਰਸ਼ ਹਨ।
''ਇੱਕ ਪੁਰਸ਼ ਸਾਹਮਣੇ ਆਪਣੀਆਂ ਸਮੱਸਿਆਵਾਂ ਬੇਪਰਦ ਕਰਨਾ ਮੈਨੂੰ ਸਹਿਜ ਨਹੀਂ ਜਾਪਦਾ। ਨਾ ਹੀ ਉਹ ਜਨਾਨਾ ਬੀਮਾਰੀਆਂ ਦੇ ਮਾਹਰ ਹਨ,'' ਉਹ ਕਹਿੰਦੀ ਹਨ।
ਮੀਨੂ ਅਤੇ ਬੱਪਾ ਜ਼ਿਲ੍ਹੇ ਦੇ ਕਈ ਨਿੱਜੀ ਡਾਕਟਰਾਂ ਕੋਲ਼ ਗਏ ਅਤੇ ਕੋਲਕਾਤਾ ਦੇ ਇੱਕ ਡਾਕਟਰ ਕੋਲ਼ ਵੀ ਗਏ ਜਿੱਥੇ ਉਨ੍ਹਾਂ ਨੇ 10,000 ਰੁਪਏ ਖ਼ਰਚ ਕੀਤੇ ਪਰ ਹੱਥ ਕੁਝ ਨਾ ਲੱਗਾ। ਪਤੀ ਪਤਨੀ ਦੀ ਆਮਦਨੀ ਦਾ ਵਸੀਲਾ ਸਿਰਫ਼ ਬੱਪਾ ਦੀ 5,000 ਰੁਪਏ ਦੀ ਕਮਾਈ ਹੈ ਜੋ ਉਨ੍ਹਾਂ ਨੂੰ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਤੋਂ ਮਿਲ਼ਦੀ ਹੈ। ਉਨ੍ਹਾਂ ਨੇ ਡਾਕਟਰਾਂ ਦੀ ਫ਼ੀਸ ਦੇਣ ਵਾਸਤੇ ਵੀ ਦੋਸਤਾਂ ਪਾਸੋਂ ਪੈਸੇ ਉਧਾਰ ਚੁੱਕੇ।
ਦਯਾਪੁਰ ਦੇ ਇੱਕ ਹੋਮੀਓਪੈਥ ਦੀਆਂ ਗੋਲ਼ੀਆਂ ਨਾਲ਼ ਆਖ਼ਰਕਾਰ ਉਨ੍ਹਾਂ ਦਾ ਮਾਸਿਕ ਧਰਮ ਠੀਕ ਹੋ ਗਿਆ। ਉਹ ਕਹਿੰਦੀ ਹਨ ਕਿ ਉਹ ਇਕੱਲਾ ਅਜਿਹਾ ਪੁਰਸ਼ ਡਾਕਟਰ ਹੈ ਜਿਸ ਦੇ ਨਾਲ਼ ਮੈਂ ਸਹਿਜ ਹੋ ਕੇ ਆਪਣੇ ਗਰਭਪਾਤ ਬਾਰੇ ਗੱਲਾਂ ਕਰ ਲੈਂਦੀ ਹਾਂ। ਉਨ੍ਹਾਂ ਨੇ ਮੀਨੂ ਨੂੰ ਲਗਾਤਾਰ ਹੁੰਦੇ ਯੋਨੀ ਡਿਸਚਾਰਜ ਅਤੇ ਗੰਭੀਰ ਸਰੀਰਕ ਬੇਅਰਾਮੀ ਦਾ ਪਤਾ ਲਾਉਣ ਲਈ ਇੱਕ ਅਲਟ੍ਰਾ-ਸਾਊਂਡ ਕਰਾਉਣ ਦੀ ਸਲਾਹ ਦਿੱਤੀ ਹੈ ਜੋ ਟੈਸਟ ਕਿ ਉਦੋਂ ਹੀ ਸੰਭਵ ਹੋ ਪਾਵੇਗਾ ਜਦੋਂ ਮੀਨੂੰ ਕੁਝ ਪੈਸਾ ਬਚਾ ਲਵੇਗੀ।
ਉਦੋਂ ਤੀਕਰ, ਉਹ ਬਹੁਤਾ ਭਾਰ ਨਹੀਂ ਚੁੱਕ ਸਕਦੀ ਅਤੇ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਸਿਹਤ ਸੰਭਾਲ਼ ਤੱਕ ਵਲ਼ੇਵੇਂਦਾਰ ਇਸ ਪਹੁੰਚ ਦੀ ਇਹ ਕਹਾਣੀ ਸਿਰਫ਼ ਮੀਨੂ ਦੀ ਹੀ ਨਹੀਂ ਹੈ... ਇਹ ਕਹਾਣੀ ਦਾ ਸੁੰਦਰਬਨ ਦੀ ਹਰੇਕ ਔਰਤ ਦੀ ਹੈ। ਭਾਰਤੀ ਸੁੰਦਰਬਨ ਵਿਖੇ ਜਨਤਕ ਸਿਹਤ ਪ੍ਰਣਾਲੀ ਵਿੱਚ ਕੀ ਯੋਗਦਾਨ ਦਿੰਦਾ ਹੈ ਇਹਦਾ ਪਤਾ ਲਾਉਣ ਲਈ ਇੱਕ ਸਾਲ ਤੋਂ ਲੰਬੇ ਸਮੇਂ ਤੋਂ ਚੱਲਦਾ ਇੱਕ ਅਧਿਐਨ ਦੱਸਦਾ ਹੈ ਕਿ ਇੱਥੋਂ ਦੇ ਲੋਕਾਂ ਦੀ ਸਿਹਤ ਸਬੰਧੀ (ਮੈਡੀਕਲ) ਦੇਖਭਾਲ਼ ਤੱਕ ਪਹੁੰਚ ਹੀ ਨਹੀਂ ਹੈ। ਜਨਤਕ-ਵਿੱਤ-ਪੋਸ਼ਤ ਸੰਸਥਾਵਾਂ ''ਜਾਂ ਤਾਂ ਮੌਜੂਦ ਹੀ ਨਹੀਂ ਜਾਂ ਕੰਮ ਨਹੀਂ ਕਰਦੀਆਂ'', ਅਤੇ ਜੋ ਸੰਸਥਾਵਾਂ ਕੰਮ ਕਰ ਵੀ ਰਹੀਆਂ ਹਨ ਉਨ੍ਹਾਂ ਤੱਕ ਪਹੁੰਚਣਾ ਹੀ ਬੜਾ ਔਖ਼ਾ ਕੰਮ ਹੈ ਕਿਉਂਕਿ ਸੜਕਾਂ ਹੀ ਨਹੀਂ ਜਾਂ ਨਾ ਹੋਣ ਬਰਾਬਰ ਹਨ। ਆਰਐੱਮਪੀ ਦੇ ਸਮਾਜਿਕ ਨੈੱਟਵਰਕ ਦੀ ਪੜਚੋਲ਼ ਕਰਦਾ ਅਧਿਐਨ ਦੱਸਦਾ ਹੈ, ਇਸ ਪਾੜੇ ਨੂੰ ਭਰਨ ਲਈ ਗ਼ੈਰ-ਰਸਮੀ ਸਿਹਤ ਸੰਭਾਲ਼ ਪ੍ਰਦਾਤਾਵਾਂ ਦੀ ਇੱਕ ਪੂਰੀ ਫ਼ੌਜ ਤਾਇਨਾਤ ਕੀਤੀ ਗਈ,''ਜਲਵਾਯੂ ਤਬਦੀਲੀ ਸੰਕਟ ਮੌਕੇ ਲੋਕਾਂ ਦਾ ਇਕਲੌਤਾ ਸਹਾਰਾ।''
*****
ਇਹ ਮੀਨੂ ਦੀ ਕੋਈ ਪਹਿਲੀ ਸਿਹਤ ਸਮੱਸਿਆ ਨਹੀਂ। 2018 ਵਿੱਚ, ਉਨ੍ਹਾਂ ਨੂੰ ਪੂਰੇ ਸਰੀਰ 'ਤੇ ਧੱਫੜ (ਖ਼ੁਰਕ/ਸ਼ਪਾਕੀ) ਜਿਹੇ ਹੋ ਗਏ। ਉਨ੍ਹਾਂ ਦੀਆਂ ਬਾਹਾਂ, ਲੱਤਾਂ, ਛਾਤੀ ਅਤੇ ਚਿਹਰੇ ਦੇ ਸਾਰੇ ਕਿਤੇ ਛਾਲ਼ੇ ਪੈ ਗਏ, ਮੀਨੂ ਨੂੰ ਆਪਣੀਆਂ ਬਾਹਾਂ ਅਤੇ ਲੱਤਾਂ ਸੁੱਜੀਆਂ ਮਹਿਸੂਸ ਹੋਈਆਂ। ਗਰਮੀ ਨੇ ਛਾਲ਼ਿਆਂ ਦਾ ਹੋਰ ਮਾੜਾ ਹਾਲ ਕਰ ਦਿੱਤਾ। ਪਰਿਵਾਰ ਨੇ ਡਾਕਟਰਾਂ ਦੀ ਫ਼ੀਸਾਂ ਅਤੇ ਦਵਾਈ 'ਤੇ 20,000 ਰੁਪਏ ਤੱਕ ਉਜਾੜ ਦਿੱਤੇ।
''ਇੱਕ ਸਾਲ ਤੋਂ ਵੱਧ ਸਮੇਂ ਤੋਂ ਹਸਪਤਾਲਾਂ ਦੇ ਚੱਕਰ ਲਾਉਣਾ ਹੀ ਮੇਰਾ ਜੀਵਨ ਰਿਹਾ,'' ਉਹ ਕਹਿੰਦੀ ਹਨ। ਰਿਕਵਰੀ ਬੜੀ ਹੌਲ਼ੀ ਸੀ, ਨਾਲ਼ੇ ਉਨ੍ਹਾਂ ਨੂੰ ਇਹ ਡਰ ਵੀ ਸਤਾਉਂਦਾ ਰਿਹਾ ਕਿ ਉਨ੍ਹਾਂ ਦੀ ਚਮੜੀ ਦੇ ਦਾਗ਼ ਠੀਕ ਹੋ ਵੀ ਜਾਣੇਗੇ ਕਿ ਨਹੀਂ।
ਜਿੱਥੇ ਮੀਨੂ ਰਹਿੰਦੀ ਹਨ ਉੱਥੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਪੈਂਦੇ ਰਜਤ ਜੁਬਲੀ ਪਿੰਡ ਵਿਖੇ 51 ਸਾਲਾ ਆਲਾਪੀ ਮੰਡਲ ਵੀ ਆਪਣੀ ਕੁਝ ਕੁਝ ਇਹੋ ਦਾਸਤਾਨ ਚੇਤਿਆਂ ਕਰਦੀ ਹਨ। ''ਤਿੰਨ ਜਾਂ ਚਾਰ ਸਾਲ ਪਹਿਲਾਂ, ਮੇਰੇ ਪੂਰੇ ਸਰੀਰ 'ਤੇ ਵੀ ਗੰਭੀਰ ਖ਼ੁਰਕ ਦੀ ਸਮੱਸਿਆ ਹੋ ਗਈ, ਕਈ ਵਾਰੀ ਇਹ ਖ਼ੁਰਕ ਇੰਨੀ ਜ਼ਿਆਦਾ ਗੰਭੀਰ ਹੋ ਜਾਂਦੀ ਕਿ ਇਸ ਵਿੱਚੋਂ ਪਾਕ ਰਿਸਣ ਲੱਗਦੀ। ਮੈਂ ਇਸੇ ਸਮੱਸਿਆਂ ਨਾਲ਼ ਜੂਝ ਚੁੱਕੀਆਂ ਕਈ ਹੋਰ ਔਰਤਾਂ ਨੂੰ ਜਾਣਦੀ ਹਾਂ। ਇੱਕ ਸਮੇਂ, ਸਾਡੇ ਪਿੰਡ ਅਤੇ ਨਾਲ਼ ਲੱਗਦੇ ਪਿੰਡਾਂ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਜੀਅ ਇਸ ਚਮੜੀ ਰੋਗ ਤੋਂ ਪੀੜਤ ਸੀ। ਡਾਕਟਰਾਂ ਨੇ ਮੈਨੂੰ ਦੱਸਿਆ ਕਿ ਇਹ ਇੱਕ ਕਿਸਮ ਦਾ ਵਾਇਰਸ ਸੀ।''
ਆਲਾਪੀ ਇੱਕ ਮਹਿਲਾ ਮਛੇਰਾ, ਇੱਕ ਸਾਲ ਦਵਾਈ ਖਾਣ ਤੋਂ ਬਾਅਦ ਹੁਣ ਠੀਕ ਹਨ। ਉਨ੍ਹਾਂ ਨੇ ਸੋਨਾਪੁਰ ਬਲਾਕ ਦੇ ਚੈਰੀਟੇਬਲ ਨਿੱਜੀ ਕਲੀਨਿਕ ਦੇ ਡਾਕਟਰ ਨੂੰ ਦਿਖਾਇਆ ਸੀ, ਜਿੱਥੇ ਉਨ੍ਹਾਂ ਨੂੰ ਸਿਰਫ਼ 2 ਰੁਪਏ ਦੀ ਪਰਚੀ ਕਟਾਉਣੀ ਪਈ, ਪਰ ਦਵਾਈਆਂ ਕਾਫ਼ੀ ਮਹਿੰਗੀਆਂ ਸਨ। ਉਨ੍ਹਾਂ ਦੇ ਇਲਾਜ ਲਈ ਪਰਿਵਾਰ ਨੇ 13,000 ਰੁਪਏ ਖ਼ਰਚ ਕੀਤੇ। ਉਸ ਕਲੀਨਿਕ ਤੱਕ ਜਾਣ ਲਈ ਉਨ੍ਹਾਂ ਨੂੰ 4-5 ਘੰਟੇ ਦਾ ਸਫ਼ਰ ਤੈਅ ਕਰਨਾ ਪੈਂਦਾ। ਉਨ੍ਹਾਂ ਦੇ ਆਪਣੇ ਪਿੰਡ ਵਿੱਚ ਵੀ ਇੱਕ ਸਰਕਾਰ ਵੱਲੋਂ ਸੰਚਾਲਤ ਇੱਕ ਛੋਟੀ ਜਿਹੀ ਕਲੀਨਿਕ ਤਾਂ ਹੈ, ਪਰ ਉਦੋਂ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
''ਮੇਰੇ ਚਮੜੀ ਦੀਆਂ ਸਮੱਸਿਆਵਾਂ ਹੋਰ ਵੱਧ ਗਈਆਂ ਤਾਂ ਮੈਂ ਮੱਛੀ ਫੜ੍ਹਨ ਜਾਣਾ ਛੱਡ ਦਿੱਤਾ,'' ਉਹ ਕਹਿੰਦੀ ਹਨ। ਪਹਿਲਾਂ, ਉਹ ਮੱਛੀਆਂ ਨੂੰ ਫੜ੍ਹਨ ਲਈ ਧੌਣ ਤੱਕ ਪਾਣੀ ਵਿੱਚ ਕਈ ਕਈ ਘੰਟੇ ਖੜ੍ਹੀ ਰਿਹਾ ਕਰਦੀ ਅਤੇ ਜਾਲ਼ ਖਿੱਚਦੀ ਰਹਿੰਦੀ। ਪਰ ਹੁਣ ਇਸ ਬੀਮਾਰੀ ਕਾਰਨ ਉਨ੍ਹਾਂ ਨੇ ਇਹ ਕੰਮ ਹੀ ਛੱਡ ਦਿੱਤਾ ਹੈ।
ਰਜਤ ਜੁਬਲੀ ਦੀਆਂ ਬਹੁਤੇਰੀਆਂ ਔਰਤਾਂ ਨੂੰ ਚਮੜੀ ਲਾਗ ਲੱਗ ਚੁੱਕੀ ਹੈ, ਜਿਸ ਵਾਸਤੇ ਉਹ ਸੁੰਦਰਬਨ ਦੇ ਪਾਣੀ ਵਿੱਚ ਖ਼ਾਰੇਪਣ ਦੀ ਉੱਚਤਤਾ ਨੂੰ ਜ਼ਿੰਮੇਦਾਰ ਮੰਨਦੀਆਂ ਹਨ।
ਇਹ ਮੀਨੂ ਦੀ ਕੋਈ ਪਹਿਲੀ ਸਿਹਤ ਸਮੱਸਿਆ ਨਹੀਂ। 2018 ਵਿੱਚ, ਉਨ੍ਹਾਂ ਨੂੰ ਪੂਰੇ ਸਰੀਰ 'ਤੇ ਧੱਫੜ (ਖ਼ੁਰਕ/ਸ਼ਪਾਕੀ) ਜਿਹੇ ਹੋ ਗਏ। ਉਨ੍ਹਾਂ ਦੀਆਂ ਬਾਹਾਂ, ਲੱਤਾਂ, ਛਾਤੀ ਅਤੇ ਚਿਹਰੇ ਦੇ ਸਾਰੇ ਕਿਤੇ ਛਾਲ਼ੇ ਪੈ ਗਏ, ਮੀਨੂ ਨੂੰ ਆਪਣੀਆਂ ਬਾਹਾਂ ਅਤੇ ਲੱਤਾਂ ਸੁੱਜੀਆਂ ਮਹਿਸੂਸ ਹੋਈਆਂ
ਸੌਰਵ ਦਾਸ ਨੇ ਆਪਣੀ ਕਿਤਾਬ ਪੌਂਡ ਇਕੋਸਿਸਟਮ ਆਫ਼ ਦਿ ਇੰਡੀਅਨ ਸੁੰਦਰਬਨ ਵਿੱਚ ਸਥਾਨਕ ਇਲਾਕੇ ਦੀ ਰੋਜ਼ੀਰੋਟੀ 'ਤੇ ਪਾਣੀ ਦੇ ਪੈਂਦੇ ਅਸਰਾਤ ਬਾਰੇ ਲਿਖਿਆ ਹੈ, ਉਹ ਲਿਖਦੇ ਹਨ ਕਿ ਖਾਣਾ ਪਕਾਉਣ, ਨਹਾਉਣ ਅਤੇ ਕੱਪੜੇ, ਭਾਂਡੇ ਧੋਣ ਲਈ ਵਰਤੀਂਦੇ ਖਾਰੇ ਪਾਣੀ ਕਾਰਨ ਔਰਤਾਂ ਨੂੰ ਚਮੜੀ ਰੋਗ ਜਿਹੀਆਂ ਬੀਮਾਰੀਆਂ ਲੱਗ ਰਹੀਆਂ ਹਨ। ਝੀਂਗਾ ਸੀਡ ਫੜ੍ਹਨ ਵਾਲ਼ੇ ਕਿਸਾਨਾਂ ਨੂੰ 4-6 ਘੰਟੇ ਖ਼ਾਰੇ ਪਾਣੀ ਵਿੱਚ ਖਲ੍ਹੋਣਾ ਪੈਂਦਾ ਹੈ। ''ਇਹ ਖਾਰਾਪਾਣੀ ਉਨ੍ਹਾਂ ਦੇ ਜਣਨ ਅੰਗਾਂ ਦੀ ਲਾਗ ਦਾ ਕਾਰਨ ਵੀ ਬਣਦਾ ਹੈ।''
ਅਧਿਐਨ ਦੱਸਦਾ ਹੈ ਕਿ ਸੁੰਦਰਬਨ ਵਿਖੇ ਅਸਧਾਰਣ ਰੂਪ ਨਾਲ਼ ਖ਼ਾਰਾ ਪਾਣੀ ਸਮੁੰਦਰ ਦੇ ਵੱਧਦੇ ਪੱਧਰ, ਚੱਕਰਵਾਤਾਂ ਅਤੇ ਸਮੁੰਦਰੀ ਤੂਫ਼ਾਨਾਂ ਦੇ ਕਾਰਨ ਹੈ ਅਤੇ ਇਸ ਤੋਂ ਇਲਾਵਾ ਝੀਂਗਾ ਮੱਛੀ ਦੀ ਖੇਤੀ ਅਤੇ ਮੈਂਗਰੋਵ ਦਾ ਘਟਣਾ ਆਦਿ ਵੀ ਰਲ਼ ਕੇ ਜਲਵਾਯੂ ਤਬਦੀਲੀ ਦੇ ਸੰਕੇਤ ਬਣ ਰਹੇ ਹਨ। ਏਸ਼ੀਆ ਦੀਆਂ ਪ੍ਰਮੁੱਖ ਨਦੀਆਂ ਦੇ ਡੈਲਟਾ ਵਿੱਚ ਪੀਣ ਵਾਲ਼ੇ ਪਾਣੀ ਸਣੇ ਸਾਰੇ ਜਲ ਸ੍ਰੋਤਾਂ ਦਾ ਦੂਸ਼ਿਤ ਹੋਣਾ ਖਾਰੇ ਪਾਣੀ ਦੀ ਇੱਕ ਵਿਸ਼ੇਸ਼ਤਾ ਹੈ।
''ਸੁੰਦਰਬਨ ਵਿਖੇ, ਖਾਰੇਪਾਣੀ ਦੀ ਉੱਚਤਤਾ ਜਨਾਨਾ ਰੋਗਾਂ ਦੇ ਫ਼ੈਲਣ ਦਾ ਇੱਕ ਪ੍ਰਮੁੱਖ ਕਾਰਨ ਹੈ, ਜਿਨ੍ਹਾਂ ਵਿੱਚ ਪੈਲਵਿਕ ਸੋਜਸ਼ ਦੀ ਦਰ ਸਭ ਤੋਂ ਵੱਧ ਹੁੰਦੀ ਹੈ,'' ਡਾ. ਸ਼ਯਾਮੋਲ ਚੱਕਰਵਰਤੀ ਕਹਿੰਦੇ ਹਨ ਜਿਨ੍ਹਾਂ ਨੇ ਪੂਰੇ ਸੁੰਦਰਬਨ ਵਿਖੇ ਮੈਡੀਕਲ ਕੈਂਪ ਸਥਾਪਤ ਕੀਤੇ ਹਨ ਅਤੇ ਅਤੇ ਕੋਲਕਾਤਾ ਵਿਖੇ ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਅਭਿਆਸ ਕਰਦੇ ਰਹੇ, ਕਹਿੰਦੇ ਹਨ। ''ਪਰ ਪਾਣੀ ਵਿਚਲਾ ਖ਼ਾਰਾਪਣ ਹੀ ਹਰ ਬੀਮਾਰੀ ਦੀ ਜੜ੍ਹ ਨਹੀਂ ਹੈ। ਸਮਾਜਿਕ-ਆਰਥਿਕ ਹਾਲਤ, ਜੀਵ-ਵਿਗਿਆਨ, ਪਲਾਸਟਿਕ ਦੀ ਵਰਤੋਂ, ਸਵੱਛਤਾ, ਪੋਸ਼ਣ ਅਤੇ ਸਿਹਤ ਪ੍ਰਣਾਲੀ-ਇਹ ਸਾਰੀਆਂ ਚੀਜ਼ਾਂ ਇੱਕ ਮਹੱਤਵਪੂਰਨ ਕੜੀ ਦੀ ਭੂਮਿਕਾ ਨਿਭਾਉਂਦੀਆਂ ਹਨ।''
ਡਾ. ਜੇ. ਸ਼੍ਰੀਧਰ, ਸੀਨੀਅਰ ਸਿਹਤ ਮੀਡੀਆ ਸਲਾਹਕਾਰ, ਇੰਟਨਿਊਜ, ਇੱਕ ਅੰਤਰਰਾਸ਼ਟਰੀ ਮੀਡੀਆ ਸਹਾਇਤਾ ਸੰਗਠਨ ਮੁਤਾਬਕ, ਇਸ ਇਲਾਕੇ ਦੀਆਂ ਔਰਤਾਂ ਦਿਨ ਵਿੱਚ 4-7 ਘੰਟੇ ਖਾਰੇ ਪਾਣੀ ਵਿੱਚ ਖੜ੍ਹੀਆਂ ਰਹਿੰਦੀਆਂ ਹਨ, ਖ਼ਾਸ ਕਰਕੇ ਝੀਂਗਾ ਮੱਛੀ ਫੜ੍ਹਨ ਵਾਲ਼ੀਆਂ ਔਰਤਾਂ। ਫ਼ਲਸਰੂਪ, ਉਹ ਪੇਚਸ, ਦਸਤ, ਚਮੜੀ ਰੋਗ, ਦਿਲ ਦੇ ਰੋਗ, ਢਿੱਡ ਪੀੜ੍ਹ ਅਤੇ ਗੈਸਟ੍ਰਿਕ ਅਲਸਰ ਜਿਹੀਆਂ ਵੱਖ-ਵੱਖ ਬੀਮਾਰੀਆਂ ਨਾਲ਼ ਪੀੜਤ ਹਨ। ਖਾਰਾ ਪਾਣੀ ਔਰਤਾਂ ਅੰਦਰ ਹਾਈਪਰਟੈਂਸ਼ਨ (ਉੱਚ ਲਹੂ ਦਬਾਅ) ਦਾ ਕਾਰਨ ਬਣ ਸਕਦਾ ਹੈ ਅਤੇ ਕਦੇ-ਕਦੇ ਉਨ੍ਹਾਂ ਦੇ ਗਰਭਪਾਤ ਦਾ ਕਾਰਨ ਵੀ ਬਣ ਜਾਂਦਾ ਹੈ।
*****
ਕੋਲਕਾਤਾ-ਅਧਾਰਤ ਹੈਲਥ ਮੈਨੇਜਮੈਂਟ ਰਿਸਰਚ ਦੀ ਸੰਸਥਾ ਦੇ 2010 ਦੇ ਇੱਕ ਅਧਿਐਨ ਮੁਤਾਬਕ, ਸੁੰਦਰਬਨ ਵਿਖੇ 15-59 ਉਮਰ ਵਰਗ ਦੀਆਂ ਔਰਤਾਂ ਅੰਦਰ ਪੁਰਸ਼ਾਂ ਦੇ ਮੁਕਾਬਲੇ ਵੱਧ ਬੀਮਾਰੀਆਂ ਲੱਗਣ ਦੀ ਸੰਭਵਨਾ ਬਣ ਰਹਿੰਦੀ ਹੈ।
ਦੱਖਣੀ ਪਰਗਨਾ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਮੈਡੀਕਲ ਸੇਵਾਵਾਂ ਮੁਹੱਈਆ ਕਰਾਉਣ ਵਾਲ਼ੀ ਐੱਨਜੀਓ ਸਾਊਥਰਨ ਹੈਲਥ ਇੰਪਰੂਵਮੈਂਟ ਕਮੇਟੀ ਦੁਆਰਾ ਸੰਚਾਲਤ ਮੋਬਾਇਲ ਮੈਡੀਕਲ ਯੁਨਿਟ ਦੇ ਕੋਆਰਡੀਨੇਟਰ ਅਨਵਰ ਆਲਮ ਦਾ ਕਹਿਣਾ ਹੈ ਕਿ ਸੁੰਦਰਬਨ ਵਿਖੇ ਆਉਂਦੀ ਉਨ੍ਹਾਂ ਦੀ ਇਸ ਮੈਡੀਕਲ ਯੁਨਿਟ ਵਿੱਚ ਹਰ ਹਫ਼ਤੇ 400-450 ਤੋਂ ਰੋਗੀਆਂ ਇਲਾਜ ਕਰਵਾਉਂਦੇ ਹਨ। ਜਿਨ੍ਹਾਂ ਵਿੱਚੋਂ ਕਰੀਬ 60 ਫ਼ੀਸਦ ਔਰਤ ਮਰੀਜ਼ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਚਮੜੀ ਰੋਗ ਹੁੰਦਾ ਹੈ ਅਤੇ ਕਈ ਲਿਕੋਰੀਆ (ਸਫ਼ੇਦ ਪਾਣੀ ਪੈਣ) ਦੀ ਸ਼ਿਕਾਇਤ ਅਤੇ ਅਮੀਨਿਆ ਅਤੇ ਅਮੀਨੋਰਿਆ (ਮਾਹਵਾਰੀ ਦੀ ਅਨਿਯਮਤਤਾ) ਦੀ ਸ਼ਿਕਾਇਤ ਲੈ ਕੇ ਆਉਂਦੀਆਂ ਹਨ।
ਆਲਮ ਕਹਿੰਦੇ ਹਨ ਕਿ ਔਰਤ ਰੋਗੀ ਕੁਪੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ''ਟਾਪੂ 'ਤੇ ਫਲ ਅਤੇ ਸਬਜ਼ੀਆਂ ਜਿਹੀਆਂ ਵਸਤਾਂ ਬੇੜੀ ਰਾਹੀਂ ਲਿਆਂਦੀਆਂ ਜਾਂਦੀਆਂ ਹਨ ਅਤੇ ਇਹ ਇੱਥੇ ਉਗਾਈਆਂ ਨਹੀਂ ਜਾਂਦੀਆਂ। ਇਸਲਈ ਹਰ ਕੋਈ ਇਹ ਖ਼ਰੀਦ ਵੀ ਨਹੀਂ ਪਾਉਂਦਾ। ਗਰਮੀਆਂ ਵਿੱਚ ਵੱਧਦੀ ਤਪਸ਼ ਅਤੇ ਤਾਜ਼ੇ ਪਾਣੀ ਦੀ ਘਾਟ ਵੀ ਇਨ੍ਹਾਂ ਬੀਮਾਰੀਆਂ ਦੀ ਪ੍ਰਮੁੱਖ ਵਜ੍ਹਾ ਬਣਦਾ ਹੈ।''
ਮੀਨੂ ਅਤੇ ਆਲਾਪੀ ਹਫ਼ਤੇ ਦੇ ਬਹੁਤੇ ਦਿਨ ਭੋਜਨ ਵਿੱਚ ਚੌਲ਼, ਦਾਲ, ਆਲੂ ਅਤੇ ਮੱਛੀ ਦਾ ਸੇਵਨ ਕਰਦੀਆਂ ਹਨ। ਉਹ ਫ਼ਲ ਅਤੇ ਸਬਜ਼ੀਆਂ ਬਹੁਤ ਘੱਟ ਖਾਂਦੀਆਂ ਹਨ ਕਿਉਂਕਿ ਉਹ ਖ਼ੁਦ ਨਹੀਂ ਉਗਾਉਂਦੀਆਂ। ਮੀਨੂ ਵਾਂਗਰ ਆਲਾਪੀ ਨੂੰ ਵੀ ਕਈ ਬੀਮਾਰੀਆਂ ਨੇ ਜਕੜਿਆ ਹੋਇਆ ਹੈ।
ਬੰਗਾਲੀ ਦੈਨਿਕ ਆਨੰਦ ਬਜ਼ਾਰ ਰਸਾਲੇ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਪ੍ਰਕਾਸ਼ਤ ਇੱਕ ਲੇਖ ਵਿੱਚ ਪੱਤਰਕਾਰ ਸਵਾਤੀ ਭੱਟਾਚਾਰਜੀ ਨੇ ਲਿਖਿਆ ਸੀ ਕਿ ਸੁੰਦਰਬਨ ਵਿੱਚ 26 ਤੋਂ 36 ਸਾਲ ਦੀਆਂ ਔਰਤਾਂ ਨੇ ਯੌਨੀ ਦੀ ਲਾਗ, ਵਿਤੋਵੱਧ ਜਾਂ ਅਨਿਯਮਿਤ ਲਹੂ ਪੈਣ, ਤਕਲੀਫ਼ਦੇਹ ਸੰਭੋਗ ਜਾਂ ਪੈਲਵਿਕ ਸੋਜਸ਼ ਦੀ ਸ਼ਿਕਾਇਤ ਦੇ ਚੱਲਦਿਆਂ ਬੱਚੇਦਾਨੀ ਕੱਢਣ ਲਈ ਸਰਜਰੀ ਕਰਵਾਈ ਹੈ।
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸੁੰਦਰਬਨ ਵਿਖੇ ਅਸਧਾਰਣ ਤੌਰ 'ਤੇ ਪਾਣੀ ਦਾ ਖ਼ਾਰਾਪਣ ਸਮੁੰਦਰ ਦੇ ਵੱਧਦੇ ਪੱਧਰ, ਚੱਕਰਵਾਤਾਂ ਅਤੇ ਆਉਂਦੇ ਤੂਫ਼ਾਨਾਂ ਕਾਰਨ ਵੱਧਿਆ ਹੈ- ਇਹ ਸਭ ਜਲਵਾਯੂ ਤਬਦੀਲੀ ਦੇ ਹੀ ਰੂਪ ਹਨ
ਕਰੀਬ
ਪੰਜ ਸਾਲ ਪਹਿਲਾਂ, ਆਲਾਪੀ ਨੂੰ ਵਿਤੋਂਵੱਧ ਲਹੂ ਪੈਣ ਲੱਗਿਆ। ''ਸੋਨੋਗ੍ਰਾਫ਼ੀ ਵਿੱਚ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ, ਮੈਨੂੰ ਆਪਣੀ
ਜਾਰਾਯੂ
(ਬੱਚੇਦਾਨੀ) ਕਢਵਾਉਣ ਲਈ ਤਿੰਨ ਵਾਰ ਸਰਜਰੀ ਕਰਵਾਉਣੀ ਪਈ। ਮੇਰੇ ਪਰਿਵਾਰ ਨੇ 50,000 ਰੁਪਏ ਤੋਂ
ਵੱਧ ਪੈਸਾ ਖ਼ਰਚ ਕੀਤਾ,'' ਉਹ ਕਹਿੰਦੀ ਹਨ। ਪਹਿਲੀ ਸਰਜਰੀ ਰਾਹੀਂ ਅਪੈਂਡਿਕਸ ਕੱਢਿਆ ਗਿਆ
ਅਤੇ ਬਾਕੀ ਦੋ ਸਰਜਰੀਆਂ ਰਾਹੀਂ ਪੂਰੀ ਬੱਚੇਦਾਨੀ (ਅੰਡੇਦਾਨੀ ਸਣੇ) ਕੱਢੀ ਗਈ।
ਬਾਸੰਤੀ ਬਲਾਕ ਦੇ ਗੁਆਂਢੀ ਪਿੰਡ ਸੋਨਾਖਲੀ ਦਾ ਨਿੱਜੀ ਹਸਪਤਾਲ, ਜਿੱਥੇ ਆਲਾਪੀ ਦਾ ਓਪਰੇਸ਼ਨ (ਬੱਚੇਦਾਨੀ ਕਢਵਾਉਣ ਦਾ) ਹੋਇਆ ਸੀ, ਉਨ੍ਹਾਂ ਦੇ ਪਿੰਡ ਤੋਂ ਕਾਫ਼ੀ ਦੂਰ ਹੈ। ਉੱਥੇ ਅਪੜਨ ਵਾਸਤੇ ਸਭ ਤੋਂ ਪਹਿਲਾਂ ਆਲਾਪੀ ਨੇ ਰਜਤ ਜੁਬਲੀ ਪਿੰਡ ਤੋਂ ਗੋਸਾਬਾ ਦੇ ਫੇਰੀ ਘਾਟ ਤੱਕ ਜਾਣ ਲਈ ਇੱਕ ਬੇੜੀ ਲਈ, ਫਿਰ ਉੱਥੋਂ ਗਦਖਾਲੀ ਫੇਰੀ ਘਾਟ ਜਾਣ ਵਾਸਤੇ ਦੂਸਰੀ ਬੇੜੀ ਬਦਲੀ ਅਤੇ ਉੱਥੋਂ ਫਿਰ ਬੱਸ ਜਾਂ ਸਾਂਝੀ ਵੈਨ ਰਾਹੀਂ ਸੋਨਾਖਾਲੀ ਤੱਕ ਦੀ ਯਾਤਰਾ ਕੀਤੀ- ਉਨ੍ਹਾਂ ਨੂੰ ਇਸ ਪੂਰੇ ਸਫ਼ਰ ਵਾਸਤੇ 2-3 ਘੰਟੇ ਲੱਗ ਗਏ।
ਇੱਕ ਬੇਟੇ ਅਤੇ ਇੱਕ ਬੇਟੀ ਦੀ ਮਾਂ ਆਲਾਪੀ, ਰਜਤ ਜੁਬਲੀ ਦੀਆਂ ਹੀ ਘੱਟੋਘੱਟ 4 ਜਾਂ 5 ਅਜਿਹੀਆਂ ਔਰਤਾਂ ਨੂੰ ਜਾਣਦੀ ਹਨ ਜਿਨ੍ਹਾਂ ਨੇ ਆਪਣੀ ਬੱਚੇਦਾਨੀ (ਅੰਡੇਦਾਨੀ ਸਣੇ) ਕਢਵਾ ਲਈ ਹੋਈ ਹੈ।
ਇਨ੍ਹਾਂ ਔਰਤਾਂ ਵਿੱਚੋਂ ਹੀ ਇੱਕ ਹਨ 40 ਸਾਲਾ ਮਛੇਰਾ ਔਰਤ ਬਾਸੰਤੀ ਮੰਡਲ। ''ਡਾਕਟਰ ਨੇ ਮੈਨੂੰ ਦੱਸਿਆ ਕਿ ਮੇਰੀ ਬੱਚੇਦਾਨੀ ਵਿੱਚ ਟਿਊਮਰ ਹੈ। ਪਹਿਲਾਂ, ਮੇਰੇ ਅੰਦਰ ਕੰਮ ਕਰਨੀ ਦੀ ਬੜੀ ਊਰਜਾ ਹੁੰਦੀ ਸੀ। ਮੈਂ ਬੜੀ ਸਖ਼ਤ ਮਿਹਨਤ ਕਰ ਸਕਦੀ ਹੁੰਦੀ ਸਾਂ,'' ਤਿੰਨ ਬੱਚਿਆਂ ਦੀ ਮਾਂ ਬਾਸੰਤੀ ਕਹਿੰਦੀ ਹਨ। ''ਪਰ ਬੱਚੇਦਾਨੀ ਕਢਵਾਉਣ ਤੋਂ ਬਾਅਦ ਮੈਨੂੰ ਆਪਣੇ ਅੰਦਰ ਓਨੀ ਤਾਕਤ ਮਹਿਸੂਸ ਨਹੀਂ ਹੁੰਦੀ।'' ਇੱਕ ਨਿੱਜੀ ਹਸਪਤਾਲ ਵਿਖੇ ਸਰਜਰੀ ਵਾਸਤੇ ਉਨ੍ਹਾਂ ਨੇ 40,000 ਰੁਪਏ ਖ਼ਰਚੇ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 (2015-16) ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਪੇਂਡੂ ਇਲਾਕਿਆਂ ਵਿੱਚ 15 ਸਾਲ ਤੋਂ 49 ਸਾਲ ਤੱਕ ਦੀਆਂ 2.1 ਫ਼ੀਸਦ ਔਰਤਾਂ ਦੀ ਬੱਚੇਦਾਨੀ ਕੱਢੀ ਜਾ ਚੁੱਕੀ ਹੈ- ਇਹ ਗਿਣਤੀ ਪੱਛਮੀ ਬੰਗਾਲ ਦੇ ਸ਼ਹਿਰੀ ਇਲਾਕੇ ਦੀ 1.9 ਫ਼ੀਸਦ ਦਰ ਨਾਲ਼ੋਂ ਵੱਧ ਹੈ। (ਪੂਰੇ ਭਾਰਤ ਵਿੱਚ ਇਹਦੀ ਦਰ 3.2 ਫ਼ੀਸਦ ਹੈ।)
ਬੰਗਾਲੀ ਦੈਨਿਕ ਆਨੰਦ ਬਜ਼ਾਰ ਰਸਾਲੇ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਪ੍ਰਕਾਸ਼ਤ ਇੱਕ ਲੇਖ ਵਿੱਚ ਪੱਤਰਕਾਰ ਸਵਾਤੀ ਭੱਟਾਚਾਰਜੀ ਨੇ ਲਿਖਿਆ ਸੀ ਕਿ ਸੁੰਦਰਬਨ ਵਿੱਚ 26 ਤੋਂ 36 ਸਾਲ ਦੀਆਂ ਔਰਤਾਂ ਨੇ ਯੌਨੀ ਦੀ ਲਾਗ, ਵਿਤੋਵੱਧ ਜਾਂ ਅਨਿਯਮਿਤ ਲਹੂ ਪੈਣ, ਤਕਲੀਫ਼ਦੇਹ ਸੰਭੋਗ ਜਾਂ ਪੈਲਵਿਕ ਸੋਜਸ਼ ਦੀ ਸ਼ਿਕਾਇਤ ਦੇ ਚੱਲਦਿਆਂ ਬੱਚੇਦਾਨੀ ਕੱਢਣ ਲਈ ਸਰਜਰੀ ਕਰਵਾਈ ਹੈ।
ਅਣਸਿੱਖਿਅਤ (ਕੱਚਘੜ੍ਹ) ਮੈਡੀਕਲ ਪ੍ਰੈਕਟੀਸ਼ਨਰ, ਔਰਤਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਜੇ ਉਨ੍ਹਾਂ ਨੇ ਓਪਰੇਸ਼ਨ ਨਾ ਕਰਵਾਇਆ ਤਾਂ ਉਨ੍ਹਾਂ ਦੀ ਬੱਚੇਦਾਨੀ ਵਿੱਚ ਟਿਊਮਰ ਹੋ ਜਾਵੇਗਾ। ਇਸ ਦੇ ਫ਼ਲਸਰੂਪ ਇਹ ਔਰਤਾਂ ਨਿੱਜੀ ਕਲੀਨਿਕਾਂ ਵਿੱਚ ਜਾ ਕੇ ਆਪਣੀ ਬੱਚੇਦਾਨੀ (ਕਢਵਾਉਣਾ) ਦਾ ਓਪਰੇਸ਼ਨ ਕਰਾਉਂਦੀਆਂ ਹਨ। ਭੱਟਾਚਾਰਜੀ ਮੁਤਾਬਕ, ਨਿੱਜੀ ਕਲੀਨਿਕਾਂ, ਰਾਜ ਸਰਕਾਰ ਦੁਆਰਾ ਸੰਚਾਲਤ ਲਾਭਕਾਰੀ ਸਵਾਸਥਯ ਸਾਥੀ ਬੀਮਾ ਯੋਜਨਾ ਦਾ ਲਾਭ ਚੁੱਕਦੀਆਂ ਹਨ ਜੋ ਯੋਜਨਾ ਔਰਤਾਂ ਨੂੰ 5 ਲੱਖ ਰੁਪਏ ਤੱਕ ਦੀ ਸਹਾਇਤਾ ਪ੍ਰਦਾਨ ਕਰਦੀ ਹੈ।
ਸੁੰਦਰਬਨ ਵਿਖੇ ਮੀਨੂ, ਆਲਾਪੀ, ਬਾਸੰਤੀ ਅਤੇ ਹੋਰ ਲੱਖਾਂ ਹੀ ਔਰਤਾਂ ਜਿਨ੍ਹਾਂ ਨੂੰ ਯੌਨ ਅਤੇ ਪ੍ਰਜਨਨ ਸਿਹਤ ਸਬੰਧੀ ਸਮੱਸਿਆਵਾਂ ਹਨ ਉਹ (ਸਮੱਸਿਆਵਾਂ) ਸਿਹਤ ਪ੍ਰਣਾਲੀ ਤੱਕ ਉਨ੍ਹਾਂ ਦੀ ਮੁਸ਼ਕਲ ਪਹੁੰਚ ਕਾਰਨ ਗੰਭੀਰ ਰੂਪ ਧਾਰ ਲੈਂਦੀਆਂ ਹਨ।
ਬਸੰਤੀ ਨੇ ਆਪਣੀ ਬੱਚੇਦਾਨੀ ਕਢਵਾਉਣ ਲਈ ਗੋਸਾਬਾ ਬਲਾਕ ਵਿੱਚ ਸਥਿਤ ਆਪਣੇ ਘਰ ਤੋਂ ਪੰਜ ਘੰਟੇ ਦਾ ਸਫ਼ਰ ਤੈਅ ਕੀਤਾ। ''ਸਰਕਾਰ ਹੋਰ ਹਸਪਤਾਲ ਅਤੇ ਨਰਸਿੰਗ ਹੋਮ ਕਿਉਂ ਨਹੀਂ ਬਣਵਾ ਸਕਦੀ? ਜਾਂ ਇੱਕ ਤੋਂ ਵੱਧ ਜਨਾਨਾ ਰੋਗ ਮਾਹਰ ਕਿਉਂ ਨਹੀਂ ਤਾਇਨਾਤ ਕਰ ਸਕਦੀ? ਭਾਵੇਂ ਅਸੀਂ ਗ਼ਰੀਬ ਹਾਂ ਪਰ ਅਸੀਂ ਮਰਨਾ ਕਿਉਂ ਚਾਹਾਂਗੇ?'' ਉਹ ਪੁੱਛਦੀ ਹਨ।
ਮੀਨੂ ਅਤੇ ਬੱਪਾ ਸਰਦਾਰ ਅਤੇ ਉਨ੍ਹਾਂ ਦੇ ਇਲਾਕੇ ਦੀ ਗੁਪਤਤਾ ਨੂੰ ਬਰਕਰਾਰ ਰੱਖਣ ਵਾਸਤੇ ਉਨ੍ਹਾਂ ਦੇ ਨਾਮ ਬਦਲ ਦਿੱਤੇ ਗਏ ਹਨ।
ਪਾਰੀ ਅਤੇ ਕਾਊਂਟਰ ਮੀਡੀਆ ਟ੍ਰਸਟ ਵੱਲੋਂ ਪੇਂਡੂ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਣ ਵਾਲ਼ੀਆਂ ਰਿਪੋਰਟਿੰਗ ਦਾ ਇਹ ਰਾਸ਼ਟਰ-ਵਿਆਪੀ ਪ੍ਰਾਜੈਕਟ, 'ਪਾਪੁਲੇਸ਼ਨ ਫ਼ਾਊਂਡੇਸ਼ਨ ਆਫ਼ ਇੰਡੀਆ' ਦੁਆਰਾਰ ਸਮਰਥਤ ਪਹਿਲਾ ਦਾ ਹਿੱਸਾ ਹੈ, ਤਾਂਕਿ ਆਮ ਲੋਕਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਇਨ੍ਹਾਂ ਅਹਿਮ, ਪਰ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ ਹਾਲਤ ਦਾ ਥਹੁ-ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ ਕਰਕੇ [email protected] 'ਤੇ ਮੇਲ ਕਰਕੋ ਅਤੇ ਉਹਦੀ ਇੱਕ ਕਾਪੀ [email protected] . ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ