' ਕਾਲੇ ਕਨੂੰਨ ਕੋ ਵਾਪਸ ਲੋ, ਵਾਪਸ ਲੋ, ਵਾਪਸ ਲੋ ' ('ਕਾਲੇ ਕਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ!')। ਗਣਤੰਤਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਨਾਅਰੇ ਗੂੰਜਦੇ ਹਨ।
ਮੈਦਾਨ ਵਿੱਚ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਦੁਆਰਾ ਅਯੋਜਿਤ ਧਰਨੇ 'ਤੇ ਹਜਾਰਾਂ ਕਿਸਾਨ ਬੈਠੇ ਹੋਏ ਹਨ। ਉਹ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਪ੍ਰਤੀ ਆਪਣੀ ਇਕਜੁਟਤਾ ਜ਼ਾਹਰ ਕਰਨ ਲਈ ਮਹਾਰਾਸ਼ਟਰ ਦੇ 21 ਜ਼ਿਲ੍ਹਿਆਂ ਵਿੱਚੋਂ ਲਾਮਬੰਦ ਹੋ ਕੇ ਨਾਸਿਕ ਤੋਂ ਕਰੀਬ 180 ਕਿਲੋਮੀਟਰ ਦੀ ਦੋ ਦਿਨੀਂ ਯਾਤਰਾ ਮੁਕੰਮਲ ਕਰਕੇ ਆਏ ਹਨ।
ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ, ਪੰਜਾਬ ਅਤੇ ਹਰਿਆਣਾ (ਮੁੱਖ ਤੌਰ 'ਤੇ) ਤੋਂ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਧਰਨਾ ਜਮਾਈ ਬੈਠੇ ਹਨ। ਉਹ ਉਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ।
ਉਹ ਖੇਤੀ ਕਨੂੰਨ ਜਿਨ੍ਹਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਇਹ ਤਸਵੀਰਾਂ ਅਜ਼ਾਦ ਮੈਦਾਨ ਵਿੱਚ 24 ਅਤੇ 25 ਜਨਵਰੀ ਇਨ੍ਹਾਂ ਦੋ-ਦਿਨੀ ਧਰਨੇ ਦੀਆਂ ਹਨ-
ਤਰਜਮਾ - ਕਮਲਜੀਤ ਕੌਰ