ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
ਇੱਕ ਦੁਪਹਿਰ ਆਪਣੇ ਪੱਕੇ ਘਰ ਦੇ ਕੱਚੇ ਫ਼ਰਸ਼ 'ਤੇ ਬੈਠੇ 53 ਸਾਲਾ ਦੰਯਾਨੂ ਖ਼ਰਾਤ ਕਹਿੰਦੇ ਹਨ,''ਜੇ ਮੈਂ ਇਹ ਕਹਿ ਦਿੱਤਾ ਤਾਂ ਲੋਕ ਮੈਨੂੰ ਸ਼ਦਾਈ ਕਹਿਣਗੇ। ਪਰ 30-40 ਸਾਲ ਪਹਿਲਾਂ ਜਦੋਂ ਮੀਂਹ ਪੈਂਦਾ ਹੁੰਦਾ ਸੀ ਤਾਂ ਮੱਛੀਆਂ ਸਾਡੇ ਖੇਤਾਂ ਵਿੱਚ ਤਰਦੀਆਂ ਹੁੰਦੀਆਂ ਸਨ। ਮੈਂ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ਼ ਫੜ੍ਹ ਲੈਂਦਾ ਹੁੰਦਾ ਸਾਂ।''
ਵੇਲ਼ਾ ਅੱਧ-ਜੂਨ ਦਾ ਹੈ, ਇਸ ਤੋਂ ਪਹਿਲਾਂ ਕਿ ਅਸੀਂ ਉਨ੍ਹਾਂ ਦੇ ਘਰ ਅਪੜਦੇ ਇੱਕ 5,000 ਲੀਟਰ ਪਾਣੀ ਵਾਲ਼ਾ ਟੈਂਕਰ ਖਰਾਤ ਬਸਤੀ ਅੰਦਰ ਵੜ੍ਹਿਆ। ਖਰਾਤ, ਉਨ੍ਹਾਂ ਦੀ ਪਤਨੀ ਫੂਲਾਬਾਈ ਅਤੇ ਸਾਂਝੇ ਪਰਿਵਾਰ ਦੇ 12 ਮੈਂਬਰ ਘਰ ਵਿੱਚ ਮੌਜੂਦ ਭਾਂਡਿਆਂ, ਮਿੱਟੀ ਦੇ ਘੜਿਆਂ, ਡੱਬਿਆਂ ਅਤੇ ਡਰੰਮਾਂ ਵਿੱਚ ਪਾਣੀ ਭਰਨ ਲਈ ਰੁੱਝੇ ਹੋਏ ਹਨ। ਪਾਣੀ ਦਾ ਇਹ ਟੈਂਕਰ ਪੂਰੇ ਹਫ਼ਤੇ ਬਾਅਦ ਆਇਆ ਹੈ, ਇੱਥੇ ਪਾਣੀ ਦੀ ਹੱਦੋਂ-ਵੱਧ ਕਿੱਲਤ ਹੈ।
''ਤੁਹਾਨੂੰ ਯਕੀਨ ਨਹੀਂ ਹੋਣਾ ਕਿ 50-60 ਸਾਲ ਪਹਿਲਾਂ ਇੱਥੇ ਇੰਨਾ ਮੀਂਹ ਪੈਂਦਾ ਹੁੰਦਾ ਸੀ ਕਿ ਲੋਕਾਂ ਵਾਸਤੇ ਅੱਖਾਂ ਖੁੱਲ੍ਹੀਆਂ ਰੱਖਣੀਆਂ ਤੱਕ ਮੁਸ਼ਕਲ ਹੋ ਜਾਂਦੀਆਂ ਸਨ,'' ਗੌਡਵਾੜੀ ਪਿੰਡ ਵਿੱਚ ਆਪਣੇ ਘਰ ਦੇ ਕੋਲ਼ ਨਿੰਮ ਦੇ ਰੁੱਖ ਹੇਠਾਂ ਭੁੰਜੇ ਬੈਠੀ 75 ਸਾਲਾ ਗੰਗੂਬਾਈ ਗੁਲੀਗ ਸਾਨੂੰ ਦੱਸਦੀ ਹਨ, ਇਹ ਪਿੰਡ ਜੋ ਕਰੀਬ 3,200 ਦੀ ਵਸੋਂ ਵਾਲ਼ਾ ਇਹ ਪਿੰਡ, ਗੌਡਵਾੜੀ, ਸੰਗੋਲਾ ਤਾਲੁਕਾ ਦੀ ਖਰਾਤ ਬਸਤੀ ਤੋਂ ਕਰੀਬ ਕਰੀਬ 5 ਕਿਲੋਮੀਟਰ ਦੂਰ ਹੈ। ਇੱਥੇ ਆਉਂਦੇ ਵੇਲ਼ੇ ਰਸਤੇ ਵਿੱਚ ਤੁਸਾਂ ਕਿੱਕਰ ਦੇ ਰੁੱਖ ਦੇਖੇ ਹੋਣੇ? ਉਸ ਪੂਰੇ ਦੀ ਪੂਰੀ ਜ਼ਮੀਨ 'ਤੇ ਬਹੁਤ ਹੀ ਸ਼ਾਨਦਾਰ ਮਟਕੀ (ਮੋਠ) ਉੱਗਿਆ ਕਰਦੀ ਸੀ। ਮੁਰੂਮ (ਬੇਸਾਲਟੀ ਚੱਟਾਨ) ਮੀਂਹ ਦੇ ਪਾਣੀ ਨੂੰ ਬਚਾਈ ਰੱਖਦੀਆਂ ਸਨ ਅਤੇ ਪਾਣੀ ਦੀਆਂ ਧਾਰਾਵਾਂ ਸਾਡੇ ਖੇਤਾਂ ਵਿੱਚੋਂ ਨਿਕਲ਼ਦੀਆਂ ਹੁੰਦੀਆਂ ਸਨ। ਇੱਕ ਏਕੜ ਵਿੱਚ ਬਾਜਰੇ ਦੀਆਂ ਸਿਰਫ਼ ਚਾਰ ਕੁ ਪੱਟੀਆਂ ਵਿੱਚੋਂ 4-5 ਬੋਰੀਆਂ (2-3 ਕੁਵਿੰਟਲ) ਝਾੜ ਮਿਲ਼ ਜਾਇਆ ਕਰਦਾ ਸੀ। ਮਿੱਟੀ ਇੰਨੀ ਜਰਖ਼ੇਜ ਹੁੰਦੀ ਸੀ।''
ਅਤੇ ਹੌਸਾਬਾਈ ਅਲਦਰ, ਜੋ ਆਪਣੀ ਉਮਰ ਦੇ 80ਵਿਆਂ ਵਿੱਚ ਹਨ, ਗੌਡਵਾੜੀ ਤੋਂ ਕੁਝ ਹੀ ਦੂਰੀ 'ਤੇ ਸਥਿਤ ਅਲਦਰ ਬਸਤੀ ਵਿੱਚ, ਆਪਣੇ ਪਰਿਵਾਰ ਦੇ ਖੇਤ ਵਿਖੇ ਦੋ ਖ਼ੂਹਾਂ ਨੂੰ ਚੇਤਿਆਂ ਕਰਦੀ ਹਨ। ''ਮੀਂਹ ਦੇ ਦਿਨੀਂ ਦੋਵੇਂ ਖ਼ੂਹ (ਕਰੀਬ 60 ਸਾਲ ਪਹਿਲਾਂ) ਪਾਣੀ ਨਾਲ਼ ਭਰੇ ਹੁੰਦੇ ਸਨ। ਹਰੇਕ ਖ਼ੂਹ ਵਿੱਚੋਂ ਪਾਣੀ ਕੱਢਣ ਲਈ ਦੋ ਮੋਟੇ (ਬਲਦਾਂ ਦੁਆਰਾ ਘਿਰਨੀ ਖਿੱਚੇ ਜਾਣ ਦਾ ਸਿਸਟਮ) ਜੋੜੇ ਜਾਂਦੇ ਸਨ। ਦਿਨ ਹੋਵੇ ਜਾਂ ਰਾਤ ਮੇਰੇ ਸਹੁਰਾ ਸਾਹਬ ਪਾਣੀ ਕੱਢਦੇ ਅਤੇ ਲੋੜਵੰਦਾਂ ਨੂੰ ਦਿਆ ਕਰਦੇ ਸਨ। ਹੁਣ ਤਾਂ ਕੋਈ ਕਿਸੇ ਨੂੰ ਇੱਕ ਘੜਾ ਭਰਨ ਲਈ ਵੀ ਨਹੀਂ ਕਹਿ ਸਕਦਾ। ਸਾਰਾ ਕੁਝ ਉਲਟਾ ਹੋ ਗਿਆ ਹੈ।''
ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦਾ ਸੰਗੋਲਾ ਤਾਲੁਕਾ ਅਜਿਹੀਆਂ ਕਹਾਣੀਆਂ ਨਾਲ਼ ਭਰਿਆ ਪਿਆ ਹੈ, ਹਾਲਾਂਕਿ ਇਹ ਮਾਣਦੇਸ਼ ਵਿੱਚ ਸਥਿਤ ਹੈ, ਜੋ ਕਿ ਇੱਕ 'ਮੀਂਹ ਦੇ ਸਾਏ' ਵਾਲ਼ਾ ਪ੍ਰਦੇਸ਼ ਹੈ (ਜਿੱਥੇ ਪਰਬਤ ਲੜੀ ਵੱਲੋਂ ਮੀਂਹ ਵਾਲ਼ੀਆਂ ਹਵਾਵਾਂ ਚੱਲਦੀਆਂ ਹਨ)। ਇਸ ਇਲਾਕੇ ਵਿੱਚ ਸੋਲਾਪੁਰ ਜ਼ਿਲ੍ਹੇ ਦੇ ਸੰਗੋਲੇ (ਜਿਹਨੂੰ ਸੰਗੋਲਾ ਵੀ ਕਿਹਾ ਜਾਂਦਾ ਹੈ) ਅਤੇ ਮਾਲਸ਼ਿਰਸ ਤਾਲੁਕਾ; ਸਾਂਗਲੀ ਜ਼ਿਲ੍ਹੇ ਦੇ ਜਤ, ਆਟਪਾਡੀ ਅਤੇ ਕਵਠੇਮਹਾਂਕਾਲ ਤਾਲੁਕਾ; ਸਤਾਰਾ ਜ਼ਿਲ੍ਹੇ ਦੇ ਮਾਣ ਅਤੇ ਖਟਾਵ ਤਾਲੁਕਾ ਸ਼ਾਮਲ ਹਨ।
ਇੱਥੇ ਲੰਬੇ ਸਮੇਂ ਤੋਂ ਵਧੀਆ ਮੀਂਹ ਅਤੇ ਸੋਕੇ ਦਾ ਚੱਕਰ ਵੀ ਚੱਲਦਾ ਆ ਰਿਹਾ ਹੈ ਅਤੇ ਲੋਕਾਂ ਦੇ ਦਿਮਾਗ਼ ਵਿੱਚ ਪਾਣੀ ਦੀ ਬਹੁਲਤਾ ਦੀਆਂ ਯਾਦਾਂ ਉਸੇ ਤਰ੍ਹਾਂ ਵੱਸੀਆਂ ਹੋਈਆਂ ਹਨ ਜਿਵੇਂ ਕਿ ਪਾਣੀ ਦੀ ਕਿੱਲਤ ਦੀਆਂ ਯਾਦਾਂ। ਪਰ ਹੁਣ ਇਨ੍ਹਾਂ ਪਿੰਡਾਂ ਤੋਂ ਇਸ ਤਰੀਕੇ ਦੀਆਂ ਢੇਰ ਸਾਰੀਆਂ ਖ਼ਬਰਾਂ ਆ ਰਹੀਆਂ ਹਨ ਕਿ ਕਿਵੇਂ ''ਸਾਰਾ ਕੁਝ ਉਲਟਾ-ਪੁਲਟਾ ਹੋ ਚੁੱਕਿਆ ਹੈ,'' ਕਿਵੇਂ ਹੁਣ ਪਾਣੀ ਦੀ ਬਹੁਲਤਾ ਬੀਤੇ ਜ਼ਮਾਨੇ ਦੀ ਗੱਲ ਹੋ ਚੁੱਕੀ ਹੈ, ਕਿਵੇਂ ਪੁਰਾਣਾ ਚੱਕਰ ਪੈਟਰਨ ਟੁੱਟ ਚੁੱਕਿਆ ਹੈ। ਇੰਨਾ ਹੀ ਨਹੀਂ, ਗੋਡਵਾੜੀ ਦੀ ਨਿਵਰੂਤੀ ਸੇਂਡਗੇ ਕਹਿੰਦੇ ਹਨ,''ਮੀਂਹ ਨੇ ਤਾਂ ਸਾਡੇ ਸੁਪਨਿਆਂ ਵਿੱਚ ਆਉਣਾ ਵੀ ਬੰਦ ਕਰ ਦਿੱਤਾ ਹੈ।''
''ਇਹ ਭੂਮੀ, ਜਿੱਥੇ ਇਸ ਸਮੇਂ ਕੈਂਪ ਲਾਇਆ ਗਿਆ ਹੈ, ਕਿਸੇ ਜ਼ਮਾਨੇ ਵਿੱਚ ਆਪਣੇ ਬਾਜਰੇ ਲਈ ਪ੍ਰਸਿੱਧ ਹੋਇਆ ਕਰਦੀ ਸੀ। ਪਹਿਲਾਂ ਮੈਂ ਵੀ ਇਸੇ ਜ਼ਮੀਨ 'ਤੇ ਖੇਤੀ ਕੀਤੀ ਹੈ...'' ਗੋਡਵਾੜੀ ਦੇ ਇੱਕ ਪਸ਼ੂ-ਕੈਂਪ ਵਿੱਚ, ਮਈ ਦੀ ਇੱਕ ਤੱਪਦੀ ਦੁਪਹਿਰੇ ਆਪਣੇ ਲਈ ਪਾਨ ਬਣਾਉਂਦੇ ਹੋਏ ਇਹ 83 ਸਾਲਾ ਵਿਠੋਬਾ ਸੋਮਾ ਗੁਲੀਗ ਕਹਿੰਦੇ ਹਨ। ਇਨ੍ਹਾਂ ਨੂੰ ਲੋਕ ਪਿਆਰ ਨਾਲ਼ ਤਾਤਿਆ ਵੀ ਕਹਿੰਦੇ ਹਨ। ''ਹੁਣ ਸਾਰਾ ਕੁਝ ਬਦਲ ਗਿਆ ਹੈ। ਮੀਂਹ ਚੁੱਪ-ਚੁਪੀਤੇ ਇੱਥੋਂ ਦਰ ਵੱਟ ਗਿਆ ਹੈ,'' ਉਹ ਕਹਿੰਦੇ ਹਨ, ਉਨ੍ਹਾਂ ਦੀ ਅਵਾਜ਼ ਵਿੱਚ ਚਿੰਤਾ ਹੈ।
ਤਾਤਿਆ, ਜੋ ਦਲਿਤ ਹੋਲਾਰ ਭਾਈਚਾਰੇ ਤੋਂ ਹਨ, ਨੇ ਆਪਣਾ ਪੂਰਾ ਜੀਵਨ ਗੋਡਵਾੜੀ ਵਿਖੇ ਹੀ ਬਿਤਾਇਆ ਹੈ, ਐਨ ਉਵੇਂ ਹੀ ਜਿਵੇਂ ਉਨ੍ਹਾਂ ਦੇ ਪੁਰਖ਼ਿਆਂ ਦੀਆਂ 5-6 ਪੀੜ੍ਹੀਆਂ ਨੇ ਬਿਤਾਇਆ। ਇਹ ਇੱਕ ਮੁਸ਼ਕਲ ਜੀਵਨ ਰਿਹਾ। ਉਹ ਅਤੇ ਉਨ੍ਹਾਂ ਦੀ ਪਤਨੀ, ਗੰਗੂਬਾਈ 60 ਸਾਲ ਪਹਿਲਾਂ ਗੰਨਾ ਕੱਟਣ ਲਈ ਸਾਂਗਲੀ ਅਤੇ ਕੋਲ੍ਹਾਪੁਰ ਆ ਗਏ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ ਅਤੇ ਆਪਣੇ ਪਿੰਡ ਦੇ ਨੇੜੇ-ਤੇੜੇ ਥਾਵਾਂ 'ਤੇ ਕੰਮ ਕੀਤਾ ਜੋ ਰਾਜ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਸੀ। ਉਹ ਕਹਿੰਦੇ ਹਨ,''ਅਸੀਂ ਆਪਣੀ ਚਾਰ ਏਕੜ ਜ਼ਮੀਨ ਸਿਰਫ਼ 10-12 ਸਾਲ ਪਹਿਲਾਂ ਖ਼ਰੀਦੀ ਸੀ। ਉਦੋਂ, ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ।''
ਭਾਵੇਂ ਕਿ ਤਾਤਿਆ ਹੁਣ ਮਾਣਦੇਸ਼ ਵਿੱਚ ਲਗਾਤਾਰ ਪੈ ਰਹੇ ਸੋਕੇ ਤੋਂ ਪਰੇਸ਼ਾਨ ਹਨ। ਉਹ ਕਹਿੰਦੇ ਹਨ ਕਿ 1972 ਦੇ ਸੋਕੇ ਤੋਂ ਬਾਅਦ ਚੰਗਾ ਮੀਂਹ ਪੈਣ ਲਈ ਲੋੜੀਂਦਾ ਚੱਕਰ ਕਦੇ ਸਧਾਰਣ ਹੋਇਆ ਹੀ ਨਹੀਂ। ''ਇਹ ਹਰ ਸਾਲ ਘੱਟ ਤੋਂ ਘੱਟ ਹੁੰਦਾ ਜਾ ਰਿਹਾ ਹੈ। ਸਾਨੂੰ ਨਾ ਤਾਂ ਲੋੜੀਂਦਾ ਵਲੀਵ (ਮਾਨਸੂਨ ਤੋਂ ਪਹਿਲਾਂ) ਨਸੀਬ ਹੁੰਦਾ ਹੈ ਅਤੇ ਨਾ ਹੀ ਵਾਪਸ ਮੁੜਦਾ ਮਾਨਸੂਨ ਹੀ। ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹਾਲਾਂਕਿ, ਪਿਛਲੇ ਸਾਲ (2018 ਵਿੱਚ) ਸਾਨੂੰ ਘੱਟੋ-ਘੱਟ ਵਲੀਵ ਦਾ ਚੰਗਾ ਖਾਸਾ ਮੀਂਹ ਤਾਂ ਮਿਲ਼ ਜਾਂਦਾ ਸੀ, ਪਰ ਇਸ ਸਾਲ... ਅਜੇ ਤੱਕ ਸੋਕਾ ਹੀ ਸੋਕਾ ਹੈ। ਦੱਸੋ ਜ਼ਮੀਨ ਠੰਡੀ ਕਿਵੇਂ ਹੋਵੇ?''
ਗੋਡਵਾੜੀ ਦੇ ਕਈ ਹੋਰ ਬਜ਼ੁਰਗ 1972 ਦੇ ਸੋਕੇ ਨੂੰ ਆਪਣੇ ਪਿੰਡ ਵਿਚਲੇ ਮੀਂਹ ਅਤੇ ਸੋਕੇ ਦਰਮਿਆਨ ਇੱਕ ਮੋੜ ਵਜੋਂ ਚੇਤੇ ਕਰਦੇ ਹਨ। ਉਸ ਸਾਲ, ਸੋਲਾਪੁਰ ਜ਼ਿਲ੍ਹੇ ਵਿੱਚ ਸਿਰਫ਼ 321 ਮਿਲੀਮੀਟਰ ਮੀਂਹ ਪਿਆ ਸੀ (ਭਾਰਤ ਦੇ ਮੌਸਮ ਵਿਭਾਗ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਇੰਡੀਆਵਾਟਰ ਪੋਰਟਲ ਦਿਖਾਉਂਦਾ ਹੈ)- ਜੋ 1901 ਤੋਂ ਬਾਅਦ ਸਭ ਤੋਂ ਘੱਟ ਮੀਂਹ ਸੀ।
ਗੰਗੂਬਾਈ ਵਾਸਤੇ, 1972 ਦੇ ਸੋਕੇ ਦੀਆਂ ਯਾਦਾਂ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਸਖ਼ਤ ਮੁਸ਼ੱਕਤ ਵੱਸੀ ਹੋਈ ਹੈ ਜੋ ਉਨ੍ਹਾਂ ਦੀ ਸਧਾਰਣ ਕਿਰਤ ਨਾਲ਼ੋਂ ਵੀ ਵੱਧ ਸਖ਼ਤ ਹੋ ਨਿਬੜੀ ਸੀ ਅਤੇ ਭੁੱਖੇ ਢਿੱਡ ਕੰਮ ਕਰਨਾ ਵੀ ਚੇਤੇ ਆਉਂਦਾ ਹੈ। ਉਹ ਕਹਿੰਦੀ ਹਨ,''ਅਸੀਂ (ਸੋਕੇ ਦੌਰਾਨ, ਮਜ਼ਦੂਰੀ ਵਾਸਤੇ) ਸੜਕਾਂ ਦਾ ਨਿਰਮਾਣ ਕੀਤਾ, ਖ਼ੂਹ ਪੁੱਟੇ, ਪੱਥਰ ਤੋੜੇ। ਢਿੱਡ ਭੁੱਖਾ ਸੀ ਪਰ ਫਿਰ ਵੀ ਹੱਡਾਂ ਵਿੱਚ ਊਰਜਾ ਸੀ। ਮੈਂ 12 ਆਨਿਆਂ (75 ਪੈਸਿਆਂ) ਬਦਲੇ 100 ਕੁਵਿੰਟਲ ਕਣਕ ਪੀਹਣ ਦਾ ਕੰਮ ਕੀਤਾ ਹੈ। ਉਸ ਸਾਲ ਤੋਂ ਬਾਅਦ ਹਾਲਾਤ ਹੋਰ ਬਦਤਰ ਹੋ ਨਿਬੜੇ।''
ਪਸ਼ੂਆਂ ਦੇ ਕੈਂਪ ਵਿੱਚ ਚਾਹ ਦੀ ਦੁਕਾਨ 'ਤੇ ਬੈਠੇ 85 ਸਾਲਾ ਦਾਦਾ ਗਡਾਦੇ ਕਹਿੰਦੇ ਹਨ,''ਸੋਕਾ ਇੰਨਾ ਜ਼ਬਰਦਸਤ ਸੀ ਕਿ ਮੈਂ ਆਪਣੇ 12 ਡੰਗਰਾਂ ਦੇ ਨਾਲ਼ 10 ਦਿਨਾਂ ਤੀਕਰ ਪੈਦਲ ਤੁਰਦਾ ਰਿਹਾ ਅਤੇ ਇਕੱਲਿਆਂ ਹੀ ਕੋਲ੍ਹਾਪੁਰ ਜਾ ਅਪੜਿਆ। ਮਿਰਾਜ ਰੋਡ 'ਤੇ ਨਿੰਮ ਦੇ ਸਾਰੇ ਰੁੱਖ ਝੜ ਚੁੱਕੇ ਸਨ। ਉਨ੍ਹਾਂ ਦੇ ਸਾਰੇ ਪੱਤੇ ਅਤੇ ਟਹਿਣੀਆਂ ਡੰਗਰਾਂ ਅਤੇ ਭੇਡਾਂ ਨੇ ਖਾ ਲਈਆਂ ਸਨ। ਉਹ ਮੇਰੇ ਜੀਵਨ ਦੇ ਸਭ ਤੋਂ ਮਾੜੇ ਦਿਨ ਸਨ। ਉਸ ਤੋਂ ਬਾਅਦ ਜੀਵਨ ਮੁੜ ਪਟੜੀ 'ਤੇ ਨਾ ਆਇਆ।''
ਲੰਬਾ ਸਮਾਂ ਚੱਲੇ ਇਸ ਸੋਕੇ ਕਾਰਨ 2005 ਵਿੱਚ ਇੱਥੋਂ ਦੇ ਲੋਕਾਂ ਨੇ ਵੱਖਰੇ ਮਾਣਦੇਸ਼ ਜ਼ਿਲ੍ਹੇ ਦੀ ਮੰਗ ਵੀ ਸ਼ੁਰੂ ਕਰ ਦਿੱਤੀ ਸੀ, ਜਿਹਨੇ ਤਿੰਨ ਜ਼ਿਲ੍ਹਿਆਂ- ਸੋਲਾਪੁਰ, ਸਾਂਗਲੀ ਅਤੇ ਸਤਾਰਾ ਨਾਲ਼ੋਂ ਕੱਟ ਕੇ ਵੱਖ ਕੀਤੇ ਗਏ ਸਾਰੇ ਸੋਕਾਮਾਰੇ ਬਲਾਕ ਸ਼ਾਮਲ ਹੋਣ। (ਪਰ ਇਹ ਅਭਿਆਨ ਅਖ਼ੀਰ ਉਦੋਂ ਮੁੱਕਿਆ ਜਦੋਂ ਇਹਦੇ ਕੁਝ ਨੇਤਾ ਇੱਥੋਂ ਦੀਆਂ ਸਿੰਚਾਈ ਯੋਜਨਾਵਾਂ ਜਿਹੇ ਮੁੱਦਿਆਂ 'ਤੇ ਧਿਆਨ ਦੇਣ ਲੱਗੇ)।
ਹਾਲਾਂਕਿ ਇਹ 1972 ਦਾ ਸੋਕਾ ਹੈ, ਜਿਹਨੂੰ ਗੋਡਵਾੜੀ ਦੇ ਕਈ ਲੋਕ ਮੀਲ਼ ਦੇ ਪੱਥਰ ਵਜੋਂ ਚੇਤੇ ਕਰਦੇ ਹਨ, ਸੋਲਾਪੁਰ ਦੀ ਸਰਕਾਰੀ ਵੈੱਬਸਾਈਟ ਦੇ ਅੰਕੜਿਆਂ ਤੋਂ ਪਤਾ ਚੱਲ਼ਦਾ ਹੈ ਕਿ ਕਿ ਜ਼ਿਲ੍ਹੇ ਵਿੱਚ 2003 ਵਿੱਚ ਉਸ ਤੋਂ ਵੀ ਘੱਟ (278.7 ਮਿਮੀ) ਅਤੇ 2015 ਵਿੱਚ (251.18 ਮਿਮੀ) ਮੀਂਹ ਪਿਆ ਸੀ।
ਮਹਾਰਾਸ਼ਟਰ ਦੇ ਖੇਤੀ ਵਿਭਾਗ ਦੇ 'ਰੇਨਫਾਲ ਰਿਕਾਰਡਿੰਗ ਐਂਡ ਐਨਾਲਿਸਿਸ' ਪੋਰਟਲ ਮੁਤਾਬਕ, 2018 ਵਿੱਚ, ਸੰਗੋਲਾ ਅੰਦਰ ਸਿਰਫ਼ 241.6 ਮਿਮੀ ਮੀਂਹ ਪਿਆ ਜੋ ਕਿ 20 ਸਾਲਾਂ ਵਿੱਚ ਸਭ ਤੋਂ ਘੱਟ ਹੈ; ਜਦੋਂ ਸਿਰਫ਼ 24 ਦਿਨਾਂ ਤੱਕ ਮੀਂਹ ਪਿਆ। ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਸ ਬਲਾਕ ਵਿੱਚ 'ਸਧਾਰਣ' ਮੀਂਹ ਕਰੀਬ 537 ਮਿਮੀ ਹੋਵੇਗਾ।
ਇਸਲਈ ਜਲ-ਬਹੁਤਾਤ ਦੀ ਮਿਆਦ (ਸਮਾਂ) ਘੱਟ ਜਾਂ ਗਾਇਬ ਜਾਪਦੀ ਹੈ ਭਾਵ ਮੀਂਹ...ਜਦੋਂਕਿ ਖ਼ੁਸ਼ਕ ਦਿਨਾਂ, ਗਰਮੀ ਅਤੇ ਪਾਣੀ ਦੀ ਕਿੱਲਤ ਦੀ ਮਹੀਨਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਇਸ ਸਾਲ ਮਈ ਵਿੱਚ, ਗੋਡਵਾੜੀ ਦੇ ਪਸ਼ੂ ਕੈਂਪ ਵਿੱਚ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਸੀ। ਹੱਦੋਂ ਵੱਧ ਗਰਮੀ ਕਾਰਨ ਹਵਾ ਅਤ ਮਿੱਟੀ ਸੁੱਕਣ ਲੱਗੀ ਹੈ। ਨਿਊਯਾਰਕ ਟਾਈਮਸ ਦੇ ਜਲਵਾਯੂ ਅਤੇ ਆਲਮੀ ਤਪਸ਼ 'ਤੇ ਇੱਕ ਇੰਟਰੈਕਟਿਵ ਪੋਰਟਲ ਦੇ ਡਾਟਾ ਤੋਂ ਪਤਾ ਚੱਲਦਾ ਹੈ ਕਿ 1960 ਵਿੱਚ, ਜਦੋਂ ਤਾਤਿਆ 24 ਸਾਲਾਂ ਦੇ ਸਨ, ਤਾਂ ਸੰਗੋਲਾ ਵਿਖੇ ਸਾਲ ਦੇ 144 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 32 ਡਿਗਰੀ ਸੈਲਸੀਅਮ ਤੱਕ ਪਹੁੰਚ ਜਾਇਆ ਕਰਦਾ ਸੀ। ਅੱਜ ਇਹ ਗਿਣਤੀ ਵੱਧ ਕੇ 177 ਹੋ ਗਈ ਹੈ ਅਤੇ ਜੇ ਉਹ 100 ਸਾਲਾਂ ਤੱਕ ਜੀਊਂਦੇ ਰਹੇ ਤਾਂ ਸਾਲ 2036 ਤੱਕ ਇਨ੍ਹਾਂ ਦਿਨਾਂ ਦੀ ਗਿਣਤੀ 193 ਤੱਕ ਪਹੁੰਚ ਜਾਵੇਗੀ।
ਪਸ਼ੂ ਕੈਂਪ ਵਿੱਚ ਬੈਠੇ ਤਾਤਿਆ ਚੇਤੇ ਕਰਦੇ ਹਨ,''ਪਹਿਲਾਂ, ਸਾਰਾ ਕੁਝ ਸਮੇਂ ਸਿਰ ਹੋਇਆ ਕਰਦਾ ਸੀ। ਮਰਗ-ਬਰਸਾਤ (ਮਰਗ ਜਾਂ ਓਰੀਅਨ ਤਾਰਾਮੰਡਲ ਦੇ ਆਉਣ ਨਾਲ਼) ਹਮੇਸ਼ਾ 7 ਜੂਨ ਨੂੰ ਆਉਂਦੀ ਸੀ ਅਤੇ ਇੰਨਾ ਖੁੱਲ੍ਹ ਕੇ ਮੀਂਹ ਪਿਆ ਕਰਦਾ ਸੀ ਕਿ ਭਿਰਘਾਟ (ਤਲਾਬ) ਦਾ ਪਾਣੀ ਪੌਸ਼ (ਜਨਵਰੀ) ਤੱਕ ਰਹਿੰਦਾ ਸੀ। ਹੁਣ ਜਦੋਂ ਰੋਹਿਨੀ (ਤਾਰਾਮੰਡਲ, ਮਈ ਦੇ ਅੰਤ ਵਿੱਚ) ਅਤੇ ਮਰਗ-ਬਰਸਾਤ ਵਿੱਚ ਬਿਜਾਈ ਕਰਦੇ ਹੋ ਤਾਂ ਅਸਮਾਨ ਫ਼ਸਲ ਦੀ ਰੱਖਿਆ ਕਰਦਾ ਹੈ। ਅਨਾਜ ਪੌਸ਼ਟਿਕ ਹੁੰਦਾ ਹੈ ਅਤੇ ਜੋ ਇਸ ਤਰ੍ਹਾਂ ਦੇ ਅਨਾਜ ਨੂੰ ਖਾਂਦਾ ਹੈ ਉਹ ਸਿਹਤਮੰਤ ਰਹਿੰਦਾ ਹੈ ਪਰ ਹੁਣ ਪਹਿਲਾਂ ਜਿਹੀਆਂ ਗੱਲਾਂ ਨਹੀਂ ਰਹੀਆਂ।''
ਪਸ਼ੂ ਕੈਂਪ ਵਿੱਚ ਉਨ੍ਹਾਂ ਨਾਲ਼ ਬੈਠੇ ਬਾਕੀ ਕਿਸਾਨ ਇਸ ਗੱਲ ਨਾਲ਼ ਸਹਿਮਤ ਹਨ। ਮੀਂਹ ਦੀ ਵੱਧ ਰਹੀ ਅਨਿਸ਼ਚਤਤਾ ਤੋਂ ਬੜੇ ਚਿੰਤਤ ਹਨ। ਤਾਤਿਆ ਦੱਸਦੇ ਹਨ,''ਪਿਛਲੇ ਸਾਲ, ਪੰਚਾਂਗ (ਚੰਦਰਮਾ ਦੇ ਕੈਲੰਡਰ ਅਧਾਰਤ ਹਿੰਦੂ ਪੰਚਾਂਗ) ਨੇ ਕਿਹਾ ' ਘਾਵੀਲ ਤੋ ਪਾਵੀਲ ' - 'ਜੋ ਸਮੇਂ ਸਿਰ ਬੀਜੇਗਾ, ਉਹੀ ਚੰਗੀ ਫ਼ਸਲ ਕੱਟੇਗਾ'। ਪਰ ਮੀਂਹ ਹੁਣ ਕਦੇ-ਕਦਾਈਂ ਪੈਂਦਾ ਹੈ, ਇਸਲਈ ਇਹ ਸਾਰੇ ਖੇਤਾਂ ਨੂੰ ਗਿੱਲਾ ਨਹੀਂ ਕਰੇਗਾ।''
ਸੜਕ ਦੇ ਉਸ ਪਾਰ, ਕੈਂਪ ਵਿੱਚ ਆਪਣੇ ਤੰਬੂ ਅੰਦਰ ਖਰਾਤ ਬਸਤੀ ਦੀ 50 ਸਾਲਾ ਫੂਲਾਬਾਈ ਖਰਾਤ ਵੀ ਮੌਜੂਦ ਹਨ ਜੋ ਧਨਗਰ ਭਾਈਚਾਰੇ (ਖ਼ਾਨਾਬਦੋਸ਼ ਕਬੀਲੇ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦੀ ਹਨ ਅਤੇ ਤਿੰਨ ਮੱਝਾਂ ਆਪਣੇ ਨਾਲ਼ ਲਿਆਈ ਹਨ-''ਸਾਰੇ ਤਾਰਾਮੰਡਲਾਂ ਵਿੱਚ ਸਮੇਂ ਸਿਰ ਮੀਂਹ'' ਦੇ ਕਿਆਸ ਬਾਰੇ ਚੇਤੇ ਕਰਾਉਂਦੀ ਹਨ। ਉਹ ਕਹਿੰਦੀ ਹਨ,''ਸਿਰਫ਼ ਧੋਂਡਯਾਚਾ ਮਹੀਨਾ (ਹਿੰਦੂ ਕੈਲੰਡਰ ਮੁਤਾਬਕ ਹਰ ਤਿੰਨ ਸਾਲਾਂ ਮਗਰ ਇੱਕ ਵਾਧੂ ਮਹੀਨਾ) ਆਉਣ 'ਤੇ ਹੀ ਮੀਂਹ ਦੱਬੇ ਪੈਰੀਂ ਨਿਕਲ਼ ਜਾਂਦਾ ਸੀ। ਪਰ ਅਗਲੇ ਦੋ ਸਾਲ ਰੱਜ ਕੇ ਮੀਂਹ ਵਰ੍ਹਦਾ ਸੀ। ਪਰ ਪਿਛਲੇ ਕਈ ਸਾਲਾਂ ਤੋਂ, ਇੰਝ ਨਹੀਂ ਹੋ ਰਿਹਾ।''
ਇਨ੍ਹਾਂ ਤਬਦੀਲੀਆਂ 'ਤੇ ਕਾਬੂ ਪਾਉਣ ਲਈ ਕਈ ਕਿਸਾਨਾਂ ਨੇ ਆਪਣੀ ਖੇਤੀ ਦਾ ਸਮਾਂ ਵੀ ਬਦਲ ਦਿੱਤਾ ਹੈ। ਸੰਗੋਲਾ ਦੇ ਕਿਸਾਨ ਕਹਿੰਦੇ ਹਨ ਕਿ ਇੱਥੇ ਖਰੀਫ ਦੇ ਮੌਸਮ ਵਿੱਚ ਆਮ ਤੌਰ 'ਤੇ ਮਟਕੀ (ਮੋਠ), ਹੁਲਾਗੇ (ਅਰਹਰ) ਦੀ ਖੇਤੀ ਹੁੰਦੀ ਸੀ; ਅਤੇ ਰਬੀ ਦੇ ਮੌਸਮ ਵਿੱਚ ਕਣਕ, ਮਟਰ ਅਤੇ ਜਵਾਰ ਦੀ। ਮੱਕੀ ਅਤੇ ਜਵਾਰ ਦੀਆਂ ਗਰਮੀਆਂ ਦੀਆਂ ਕਿਸਮਾਂ ਦੀ ਖੇਤੀ ਖਾਸ ਕਰਕੇ ਪੱਠਿਆਂ ਦੀ ਫ਼ਸਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
''ਪਿਛਲੇ 20 ਸਾਲਾਂ ਵਿੱਚ, ਮੈਨੂੰ ਇਸ ਪਿੰਡ ਇੱਕ ਵੀ ਬੰਦਾ ਅਜਿਹਾ ਨਹੀਂ ਮਿਲ਼ਿਆ ਜੋ ਦੇਸੀ ਮਟਕੀ ਬੀਜਦਾ ਹੋਵੇ। ਬਾਜਰਾ ਅਤੇ ਤੂਰ (ਅਰਹਰ) ਦੀਆਂ ਦੇਸੀ ਕਿਸਮਾਂ ਦਾ ਵੀ ਇਹੀਓ ਹਾਲ ਹੈ। ਕਣਕ ਦੀ ਖਪਲੀ ਕਿਸਮ ਹੁਣ ਬੀਜੀ ਨਹੀਂ ਜਾਂਦੀ ਅਤੇ ਨਾ ਹੀ ਹੁਲਾਗੇ ਨਾ ਹੀ ਤਿਲ,'' ਅਲਦਰ ਬਸਤੀ ਦੀ ਹੌਸਾਬਾਈ ਕਹਿੰਦੀ ਹਨ।
ਮਾਨਸੂਨ ਦੇਰੀ ਨਾਲ਼ ਆਉਂਦਾ ਹੈ ਭਾਵ ਜੂਨ ਦੇ ਅੰਤ ਵਿੱਚ ਜਾਂ ਜੁਲਾਈ ਦੀ ਸ਼ੁਰੂਆਤ ਵਿੱਚ ਆਉਂਦਾ ਹੈ ਅਤੇ ਛੇਤੀ ਹੀ ਤੁਰਦਾ ਬਣਦਾ ਹੈ। ਸਤੰਬਰ ਵਿੱਚ ਹੁਣ ਮੁਸ਼ਕਲ ਹੀ ਕਦੇ ਮੀਂਹ ਪੈਂਦਾ ਹੈ। ਇਹਦੇ ਕਾਰਨ ਕਰਕੇ ਇੱਥੋਂ ਦੇ ਕਿਸਾਨ ਘੱਟ ਸਮੇਂ ਵਿੱਚ ਤਿਆਰ ਹੁੰਦੀਆਂ ਫ਼ਸਲਾਂ ਵੱਲ ਜਾ ਰਹੇ ਹਨ। ਇਨ੍ਹਾਂ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਕਰੀਬ ਢਾਈ ਮਹੀਨੇ ਲੱਗਦੇ ਹਨ। ਨਵਨਾਥ ਮਾਲੀ ਕਹਿੰਦੇ ਹਨ,''ਪੰਜ ਮਹੀਨਿਆਂ ਦੀ ਲੰਬੀ ਮਿਆਦ ਵਿੱਚ ਤਿਆਰ ਹੋਣ ਵਾਲੀ ਬਾਜਰਾ, ਮੱਕੀ, ਜਵਾਰ ਅਤੇ ਅਰਹਰ ਦੀਆਂ ਕਿਸਮਾਂ ਹੁਣ ਗਾਇਬ ਹੋਣ ਦੇ ਕੰਢੇ ਹਨ, ਕਿਉਂਕਿ ਮਿੱਟੀ ਵਿੱਚ ਲੋੜੀਂਦੀ ਨਮੀ ਬਾਕੀ ਨਹੀਂ ਰਹੀ।'' ਉਹ ਗੋਡਵਾਲ਼ੀ ਦੇ 20 ਹੋਰਨਾਂ ਕਿਸਾਨਾਂ ਦੇ ਨਾਲ਼, ਕੋਲ੍ਹਾਪੁਰ ਦੇ ਏਮਿਕਸਮ ਐਗਰੋ ਸਮੂਹ ਦੇ ਮੈਂਬਰ ਹਨ ਜੋ ਕੁਝ ਫੀਸ ਲੈ ਕੇ ਐੱਸਐੱਮਐੱਸ ਜ਼ਰੀਏ ਮੌਸਮ ਦਾ ਹਾਲ ਦੱਸਦੇ ਹਨ।
ਹੋਰਨਾਂ ਫ਼ਸਲਾਂ ਵਿੱਚ ਆਪਣਾ ਨਸੀਬ ਅਜਮਾਉਣ ਲਈ, ਕੁਝ ਕਿਸਾਨ ਇੱਥੇ ਕਰੀਬ 20 ਸਾਲ ਪਹਿਲਾਂ ਅਨਾਰ ਦੀ ਖੇਤੀ ਕਰਨ ਆਏ ਸਨ। ਰਾਜ ਦੁਆਰਾ ਦਿੱਤੀ ਗਈ ਸਬਸਿਡੀ ਨੇ ਉਨ੍ਹਾਂ ਦੀ ਮਦਦ ਕੀਤੀ। ਸਮਾਂ ਬੀਤਣ ਦੇ ਨਾਲ਼ ਨਾਲ਼, ਉਹ ਦੇਸੀ ਕਿਸਮਾਂ ਨੂੰ ਛੱਡ ਥੋੜ੍ਹੇ ਸਮੇਂ ਵਿੱਚ ਤਿਆਰ ਹੋਣ ਵਾਲ਼ੀਆਂ ਕਿਸਮਾਂ ਨੂੰ ਉਗਾਉਣ ਲੱਗੇ। ਮਾਲੀ ਪੁੱਛਦੇ ਹਨ,''ਅਸੀਂ ਸ਼ੁਰੂਆਤ ਵਿੱਚ (12 ਸਾਲ ਪਹਿਲਾਂ) ਪ੍ਰਤੀ ਏਕੜ ਕਰੀਬ 2-3 ਲੱਖ ਰੁਪਏ ਕਮਾਏ। ਪਰ ਪਿਛਲੇ 8-10 ਸਾਲਾਂ ਤੋਂ, ਬਾਗ਼ਾਂ 'ਤੇ ਤੇਯਾ (ਤਿੱਲਾ) ਪੈਣ ਲੱਗਿਆ ਹੈ। ਮੈਨੂੰ ਜਾਪਦਾ ਹੈ ਕਿ ਇਹ ਸਭ ਕੁਝ ਬਦਲਦੇ ਮੌਸਮ ਕਾਰਨ ਹੈ। ਪਿਛਲੇ ਸਾਲ, ਸਾਨੂੰ ਆਪਣਾ ਫਲ 25-30 ਰੁਪਏ ਕਿਲੋ ਵੇਚਣਾ ਪਿਆ ਸੀ। ਅਸੀਂ ਕੁਦਰਤ ਦੀ ਮਰਜ਼ੀ ਅੱਗੇ ਕੀ ਕਰ ਸਕਦੇ ਹਾਂ?''
ਮਾਨਸੂਨ ਤੋਂ ਪਹਿਲਾਂ ਅਤੇ ਮਾਨਸੂਨ ਤੋਂ ਬਾਅਦ ਪੈਣ ਵਾਲ਼ੇ ਮੀਂਹ ਨੇ ਵੀ ਫਸਲਾਂ ਦੇ ਪੈਟਰਨ ਨੂੰ ਕਾਫ਼ੀ ਜ਼ਿਆਦਾ ਪ੍ਰਭਾਵਤ ਕੀਤਾ ਹੈ। ਸੰਗੋਲਾ ਵਿੱਚ ਮਾਨਸੂਨ ਤੋਂ ਬਾਅਦ ਦਾ ਮੀਂਹ (ਅਕਤੂਬਰ ਤੋਂ ਦਸੰਬਰ ਤੀਕਰ) ਵਿੱਚ ਸਪੱਸ਼ਟ ਰੂਪ ਵਿੱਚ ਕਮੀ ਆਈ ਹੈ। ਖੇਤੀ ਵਿਭਾਗ ਦੇ ਅੰਕੜਿਆਂ ਮੁਤਾਬਕ, 2018 ਵਿੱਚ ਇਸ ਬਲਾਕ ਵਿੱਚ ਮਾਨਸੂਨ ਤੋਂ ਬਾਅਦ, ਸਿਰਫ਼ 37.5 ਮਿਮੀ ਮੀਂਹ ਪਿਆ, ਜਦੋਂਕਿ ਪਿਛਲੇ ਦੋ ਦਹਾਕਿਆਂ ਵਿੱਚ ਭਾਵ 1998 ਤੋਂ 2018 ਵਿਚਾਲੇ ਇੱਥੇ ਔਸਤਨ 93.11 ਮਿਮੀ ਮੀਂਹ ਪਿਆ ਸੀ।
''ਮਾਣਦੇਸ਼ੀ ਫ਼ਾਊਂਡੇਸ਼ਨ ਦੀ ਮੋਢੀ, ਚੇਤਨਾ ਸਿਨਹਾ ਦਾ ਕਹਿਣਾ ਹੈ,''ਪੂਰੇ ਮਾਣਦੇਸ਼ ਇਲਾਕੇ ਵਾਸਤੇ ਸਭ ਤੋਂ ਚਿੰਤਾਜਨਕ ਸਥਿਤ ਹੈ ਮਾਨਸੂਨ ਤੋਂ ਪਹਿਲਾਂ ਜਾਂ ਬਾਅਦ ਪੈਣ ਵਾਲ਼ੇ ਮੀਂਹ ਦਾ ਗਾਇਬ ਹੋ ਜਾਣਾ।'' ਇਹ ਫ਼ਾਊਂਡੇਸ਼ਨ ਗ੍ਰਾਮੀਣ ਔਰਤਾਂ ਨਾਲ਼ ਰਲ਼ ਕੇ ਖੇਤੀ, ਕਰਜ਼ਾ ਅਤੇ ਉੱਦਮ ਜਿਹੇ ਮੁੱਦਿਆਂ 'ਤੇ ਕੰਮ ਕਰਦਾ ਹੈ। (ਫ਼ਾਊਡੇਸ਼ਨ ਨੇ ਇਸ ਸਾਲ 1 ਜਨਵਰੀ ਨੂੰ ਰਾਜ ਵਿੱਚ ਪਹਿਲਾ ਪਸ਼ੂ ਕੈਂਪ ਸਤਾਰਾ ਜ਼ਿਲ੍ਹੇ ਦੇ ਮਾਣ ਬਲਾਕ ਦੇ ਮਹਾਸਵੜ ਵਿਖੇ ਸ਼ੁਰੂ ਕੀਤਾ, ਜਿਸ ਅੰਦਰ 8,000 ਤੋਂ ਵੱਧ ਪਸ਼ੂ ਰੱਖੇ ਗਏ ਸਨ)। ''ਮੁੜਦਾ ਹੋਇਆ ਮਾਨਸੂਨ ਸਾਡੀ ਜੀਵਨ ਰੇਖਾ ਰਿਹਾ ਹੈ, ਕਿਉਂਕਿ ਅਸੀਂ ਅਨਾਜ ਅਤੇ ਪੱਠਿਆਂ ਵਾਸਤੇ ਰਬੀ ਦੀਆਂ ਫਸਲਾਂ 'ਤੇ ਨਿਰਭਰ ਰਹਿੰਦੇ ਹਾਂ। ਮੁੜਦੇ ਮਾਨਸੂਨ ਦਾ 10 ਸਾਲਾਂ ਜਾਂ ਉਸ ਤੋਂ ਵੱਧ ਸਮੇਂ ਤੋਂ ਨਾ ਵਰ੍ਹਨਾ ਮਾਣਦੇਸ਼ ਦੇ ਆਜੜੀਆਂ ਅਤੇ ਹੋਰਨਾਂ ਭਾਈਚਾਰਿਆਂ 'ਤੇ ਦੂਰਗਾਮੀ ਅਸਰ ਛੱਡਿਆ ਹੈ।''
ਪਰ ਇੱਥੇ ਖੇਤੀ ਦੇ ਢੰਗ-ਤਰੀਕਿਆਂ ਵਿੱਚ ਸ਼ਾਇਦ ਸਭ ਤੋਂ ਵੱਡਾ ਪਰਿਵਰਤਨ ਗੰਨੇ ਦੀ ਖੇਤੀ ਦਾ ਵਿਸਤਾਰ ਹੈ। ਮਹਾਰਾਸ਼ਟਰ ਸਰਕਾਰ ਦੇ ਵਿੱਤ ਅਤੇ ਸੰਖਿਆਕੀ ਨਿਰਦੇਸ਼ਾਲਯ ਦੇ ਅੰਕੜੇ ਦੱਸਦੇ ਹਨ ਕਿ 2016-17 ਵਿੱਚ, ਸੋਲਾਪੁਰ ਜ਼ਿਲ੍ਹੇ ਵਿੱਚ 1,00,505 ਹੈਕਟੇਅਰ ਜ਼ਮੀਨ 'ਤੇ 6,33,000 ਟਨ ਗੰਨੇ ਦੀ ਖੇਤੀ ਹੋਈ। ਕੁਝ ਖ਼ਬਰਾਂ ਮੁਤਾਬਕ, ਇਸ ਸਾਲ ਜਨਵਰੀ ਤੀਕਰ, ਸੋਲਾਪੁਰ ਅਕਤੂਬਰ ਵਿੱਚ ਸ਼ੁਰੂ ਹੋਈ ਗੰਨੇ ਦੀ ਪਿੜਾਈ ਦੌਰਾਨ ਮੋਹਰੀ ਰਿਹਾ ਸੀ ਜਦੋਂ ਜ਼ਿਲ੍ਹੇ ਦੀ 33 ਪੰਜੀਕ੍ਰਿਤ ਸ਼ੂਗਰ ਮਿੱਲਾਂ ਦੁਆਰਾ 10 ਮਿਲੀਅਨ ਟਨ ਤੋਂ ਵੱਧ ਗੰਨੇ ਦੀ ਪਿੜਾਈ ਕੀਤੀ ਗਈ।
ਸੋਲਾਪੁਰ ਦੇ ਇੱਕ ਪੱਤਰਕਾਰ ਅਤੇ ਜਲ-ਸੰਰਖਣ ਕਾਰਕੁੰਨ, ਰਜਨੀਸ਼ ਜੋਸ਼ੀ ਕਹਿੰਦੇ ਹਨ ਕਿ ਸਿਰਫ਼ ਇੱਕ ਟਨ ਗੰਨੇ ਦੀ ਪਿੜਾਈ ਲਈ ਕਰੀਬ 1,500 ਮੀਟਰ ਪਾਣੀ ਦੀ ਲੋੜ ਹੁੰਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਪਿਛਲੇ ਸੀਜਨ ਵਿੱਚ (ਅਕਤੂਬਰ 2018 ਤੋਂ ਜਨਵਰੀ 2019 ਤੱਕ) ਗੰਨੇ ਦੀ ਪਿੜਾਈ ਦੌਰਾਨ ਇਕੱਲੇ ਸੋਲਾਪੁਰ ਜ਼ਿਲ੍ਹੇ ਵਿੱਚ ਗੰਨੇ ਲਈ 15 ਮਿਲੀਅਨ ਕਿਊਬਿਕ ਮੀਟਰ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਗਈ ਸੀ।
ਸਿਰਫ਼ ਇੱਕ ਨਕਦੀ ਫ਼ਸਲ 'ਤੇ ਹੁੰਦੇ ਪਾਣੀ ਦੇ ਅਥਾਹ ਇਸਤੇਮਾਲ ਨਾਲ਼, ਹੋਰਨਾਂ ਫ਼ਸਲਾਂ ਵਾਸਤੇ ਉਪਲਬਧ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ ਹੈ, ਉਸ ਇਲਾਕੇ ਵਿੱਚ ਜੋ ਪਹਿਲਾਂ ਤੋਂ ਹੀ ਘੱਟ ਮੀਂਹ ਅਤੇ ਸਿੰਚਾਈ ਦੀ ਘਾਟ ਨਾਲ਼ ਜੂਝ ਰਿਹਾ ਹੈ। ਨਵਨਾਥ ਮਾਲੀ ਦਾ ਅਨੁਮਾਨ ਹੈ ਕਿ 1,361 ਹੈਕਟੇਅਰ ਵਿੱਚ ਸਥਿਤ ਪਿੰਡ, ਗੋਡਵਾੜੀ (ਮਰਦਮਸ਼ੁਮਾਰੀ 2011), ਜਿਹਦੀ ਬਹੁਤੇਰੀ ਜ਼ਮੀਨ 'ਤੇ ਖੇਤੀ ਹੋ ਰਹੀ ਹੈ, ਸਿਰਫ਼ 300 ਹੈਕਟੇਅਰ ਵਿੱਚ ਹੀ ਸਿੰਚਾਈ ਦਾ ਪ੍ਰਬੰਧ ਹੈ- ਬਾਕੀ ਜ਼ਮੀਨ ਪਾਣੀ ਵਾਸਤੇ ਮੀਂਹ 'ਤੇ ਨਿਰਭਰ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਸੋਲਾਪੁਰ ਜ਼ਿਲ੍ਹੇ ਵਿੱਚ, 774,315 ਹੈਕਟੇਅਰ ਦੀ ਕੁੱਲ ਸਿੰਚਾਈ ਸਮਰੱਥ ਵਿੱਚੋਂ 2015 ਵਿੱਚ ਸਿਰਫ਼ 39.49 ਫ਼ੀਸਦ ਹੀ ਸਿੰਝਿਆ ਗਿਆ ਸੀ।
ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਦੇ ਨੁਕਸਾਨ (ਘੱਟ ਮੀਂਹ ਨਾਲ਼ ਨਜਿੱਠਣ ਵਾਸਤੇ ਥੋੜ੍ਹੇ ਵਕਫ਼ੇ ਵਿੱਚ ਤਿਆਰ ਫ਼ਸਲਾ ਵੱਲ ਜਾਣਾ) ਦੇ ਨਾਲ਼ ਨਾਲ਼ ਵੱਧਦੀ ਗਰਮੀ ਨੇ ਮਿੱਟੀ ਨੂੰ ਹੋਰ ਵੱਧ ਸੁੱਕਾ ਦਿੱਤਾ ਹੈ। ਹੌਸਾਬਾਈ ਕਹਿੰਦੀ ਹਨ ਕਿ ਹੁਣ ਮਿੱਟੀ ਵਿੱਚ ਨਮੀ ''ਛੇ ਇੰਚ ਡੂੰਘੀ ਵੀ ਨਹੀਂ ਰਹੀ।''
ਭੂਮੀਗਤ ਪਾਣੀ ਦਾ ਪੱਧਰ ਵੀ ਡਿੱਗ ਰਿਹਾ ਹੈ। ਭੂਮੀਗਤ ਪਾਣੀ ਦੇ ਸਰਵੇਖਣ ਅਤੇ ਵਿਕਾਸ ਏਜੰਸੀ ਦੀ ਸੰਭਾਵਤ ਪਾਣੀ ਦੀ ਕਿੱਲਤ ਵਾਲ਼ੀ ਰਿਪੋਰਟ ਦੱਸਦੀ ਹੈ ਕਿ 2018 ਵਿੱਚ, ਸੰਗੋਲਾ ਦੇ ਸਾਰੇ 102 ਪਿੰਡਾਂ ਵਿੱਚ ਭੂਮੀਗਤ ਪਾਣੀ ਇੱਕ ਮੀਟਰ ਤੋਂ ਵੀ ਵੱਧ ਹੇਠਾਂ ਚਲਾ ਗਿਆ ਹੈ। ਜੋਤੀਰਾਮ ਖੰਡਾਗਲੇ ਕਹਿੰਦੇ ਹਨ,''ਮੈਂ ਬੋਰਵੈੱਲ ਪੁੱਟਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਤਾਂ 750 ਫੁੱਟ ਡੂੰਘਾਈ 'ਤੇ ਵੀ ਮੌਜੂਦ ਨਹੀਂ ਹੈ। ਜ਼ਮੀਨ ਪੂਰੀ ਤਰ੍ਹਾਂ ਸੁੱਕ ਚੁੱਕੀ ਹੈ।'' ਉਨ੍ਹਾਂ ਕੋਲ਼ ਕਰੀਬ ਚਾਰ ਏਕੜ ਜ਼ਮੀਨ ਹੈ ਅਤੇ ਹ ਗੌਡਵਾੜੀ ਵਿੱਚ ਵਾਲ਼ ਕੱਟਣ ਦੀ ਇੱਕ ਦੁਕਾਨ ਵੀ ਚਲਾਉਂਦੇ ਹਨ। ਉਹ ਅੱਗੇ ਕਹਿੰਦੇ ਹਨ,''ਪਿਛਲੇ ਕੁਝ ਸਾਲਾਂ ਤੋਂ ਖਰੀਫ਼ ਅਤੇ ਰਬੀ ਦੋਵੇਂ ਹੀ ਸੀਜ਼ਨ ਵਿੱਚ ਚੰਗਾ ਝਾੜ ਮਿਲ਼ਣ ਦੀ ਕੋਈ ਗਰੰਟੀ ਨਹੀਂ ਹੈ।'' ਮਾਲੀ ਦਾ ਅਨੁਮਾਨ ਹੈ ਕਿ ਸਿਰਫ਼ ਗੌਡਵਾੜੀ ਵਿਖੇ, 150 ਨਿੱਜੀ ਬੋਰਵੈੱਲ ਹਨ ਜਿਨ੍ਹਾਂ ਵਿੱਚੋਂ 130 ਤਾਂ ਸੁੱਕ ਚੁੱਕੇ ਹਨ ਅਤੇ ਲੋਕ ਪਾਣੀ ਤੱਕ ਪਹੁੰਚਣ ਵਾਸਤੇ, 1,000 ਫੁੱਟ ਤੱਕ ਪੁਟਾਈ ਕਰ ਰਹੇ ਹਨ।
ਕਿਸਾਨਾਂ ਦਾ ਕਮਾਦ ਦੀ ਬਿਜਾਈ ਵੱਲ ਵੱਡੇ ਪੱਧਰ 'ਤੇ ਜਾਣਾ ਵੀ ਉਨ੍ਹਾਂ ਨੂੰ ਅਨਾਜ ਫ਼ਸਲਾਂ ਤੋਂ ਦੂਰ ਕਰ ਗਿਆ ਹੈ। ਖੇਤੀ ਵਿਭਾਗ ਮੁਤਾਬਕ, 2018-19 ਦੇ ਰਬੀ ਸੀਜ਼ਨ ਵਿੱਚ, ਸੋਲਾਪੁਰ ਜ਼ਿਲ੍ਹੇ ਵਿੱਚ ਸਿਰਫ਼ 41 ਫ਼ੀਸਦ ਜਵਾਰ ਅਤੇ 46 ਫੀਸਦ ਮੱਕੀ ਦੀ ਖੇਤੀ ਹੋਈ। ਰਾਜ ਦੇ 2018-19 ਦੇ ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਪੂਰੇ ਮਹਾਰਾਸ਼ਟਰ ਵਿੱਚ, ਜਿੰਨੇ ਰਕਬੇ ਵਿੱਚ ਜਵਾਰ ਦੀ ਖੇਤੀ ਕੀਤੀ ਜਾਂਦੀ ਸੀ, ਹੁਣ ਉਸ ਵਿੱਚੋਂ 57 ਫੀਸਦੀ ਦੀ ਘਾਟ ਆਈ ਹੈ ਅਤੇ ਮੱਕੀ ਵਿੱਚ 65 ਫੀਸਦ ਦੀ ਘਾਟ ਆਈ ਹੈ ਅਤੇ ਦੋਵਾਂ ਫ਼ਸਲਾਂ ਦੀ ਪੈਦਾਵਾਰ ਵਿੱਚ ਕਰੀਬ 70 ਫ਼ੀਸਦ ਦੀ ਗਿਰਾਵਟ ਆਈ ਹੈ।
ਦੋਵੇਂ ਫ਼ਸਲਾਂ ਮਨੁੱਖਾਂ ਦੇ ਨਾਲ਼ ਨਾਲ਼ ਪਸ਼ੂਆਂ ਲਈ ਪੱਠਿਆਂ ਦਾ ਇੱਕ ਮਹੱਤਵਪੂਰਨ ਸ੍ਰੋਤ ਹਨ। ਪੋਪਟ ਗਡਾਦੇ ਦਾ ਅਨੁਮਾਨ ਹੈ ਕਿ ਪੱਠਿਆਂ ਦੀ ਕਿੱਲਤ ਨੇ ਸਰਕਾਰ (ਅਤੇ ਹੋਰਨਾਂ) ਨੂੰ ਸੰਗੋਲਾ ਵਿੱਚ ਸੁੱਕੇ ਮਹੀਨਿਆਂ ਵਿੱਚ ਪਸ਼ੂ ਕੈਂਪ (ਸਾਲ 2019 ਵਿੱਚ ਹੁਣ ਤੱਕ 50,000 ਡੰਗਰਾਂ ਦੇ 105 ਕੈਂਪ) ਲਾਉਣ ਲਈ ਮਜ਼ਬੂਰ ਕੀਤਾ ਹੈ। ਉਹ ਦੁੱਧ ਸਹਿਕਾਰੀ ਕਮੇਟੀ ਦੇ ਨਿਰਦੇਸ਼ਕ ਅਤੇ ਗੌਡਵਾੜੀ ਵਿੱਚ ਪਸ਼ੂ ਕੈਂਪ ਸ਼ੁਰੂ ਕਰਨ ਵਾਲੇ ਵਿਅਕਤੀ ਹਨ ਅਤੇ ਇਨ੍ਹਾਂ ਕੈਂਪਾਂ ਵਿੱਚ ਡੰਗਰ ਖਾਂਦੇ ਕੀ ਹਨ? ਉਹੀ ਕਮਾਦ ਜੋ (ਇੱਕ ਅਨੁਮਾਨ ਮੁਤਾਬਕ) ਪ੍ਰਤੀ ਹੈਕਟੇਅਰ 29.7 ਮਿਲੀਅਨ ਲੀਟਰ ਪਾਣੀ ਸੋਖ ਲੈਂਦਾ ਹੈ।
ਇਸ ਤਰ੍ਹਾਂ, ਸੰਗੋਲਾ ਵਿੱਚ ਇੱਕ ਦੂਸਰੇ ਨਾਲ਼ ਜੁੜੇ ਕਈ ਬਦਲਾਅ ਚੱਲ ਰਹੇ ਹਨ, ਜੋ 'ਕੁਦਰਤ' ਦਾ ਹਿੱਸਾ ਹਨ, ਪਰ ਸਭ ਤੋਂ ਵੱਡੀ ਗੱਲ ਕਿ ਇਹ ਸਾਰੇ ਬਦਲਾਅ ਇਨਸਾਨ ਦੀ ਬਦੌਲਤ ਹੀ ਹਨ। ਇਨ੍ਹਾਂ ਬਦਲਾਵਾਂ ਵਿੱਚ ਮੀਂਹ ਦੇ ਮੌਸਮ ਦਾ ਘੱਟਣਾ, ਮੀਂਹ ਦੇ ਦਿਨਾਂ ਦਾ ਘੱਟਣਾ, ਵੱਧਦਾ ਤਾਪਮਾਨ, ਵਿਤੋਂਵੱਧ ਗਰਮੀ ਦੇ ਦਿਨਾਂ ਵਿੱਚ ਵਾਧਾ, ਮਾਨਸੂਨ ਤੋਂ ਪਹਿਲਾਂ ਅਤੇ ਮੁੜਦੇ ਮਾਨਸੂਨ ਦੇ ਮੀਂਹ ਦਾ ਮੁੱਕਦੇ ਜਾਣਾ ਅਤੇ ਮਿੱਟੀ ਵਿੱਚ ਨਮੀ ਦੀ ਘਾਟ ਆਦਿ ਸ਼ਾਮਲ ਹਨ। ਨਾਲ਼ ਹੀ ਨਾਲ਼ ਫ਼ਸਲ ਦੇ ਪੈਟਰਨ ਵਿੱਚ ਬਦਲਾਅ ਜਿਵੇਂ ਛੇਤੀ ਤਿਆਰ ਹੋਣ ਵਾਲ਼ੀਆਂ ਫ਼ਸਲਾਂ ਦਾ ਵੱਧਦਾ ਰੁਝਾਨ ਜਿਹਦੇ ਫ਼ਲਸਰੂਪ ਫ਼ਸਲ ਦੇ ਰਕਬੇ ਵਿੱਚ ਘਾਟ, ਦੇਸੀ ਕਿਸਮਾਂ ਵਿੱਚ ਕਮੀ, ਅਨਾਜ ਫ਼ਸਲਾਂ ਜਿਵੇਂ ਜਵਾਰ ਦਾ ਘੱਟ ਉਗਾਇਆ ਜਾਣਾ ਅਤੇ ਗੰਨੇ ਜਿਹੀਆਂ ਨਕਦੀ ਫ਼ਸਲਾਂ ਦੀ ਖੇਤੀ ਵੱਲ ਵੱਧਦੇ ਕਦਮ ਜਿਸ ਕਾਰਨ ਸਿੰਚਾਈ ਦੀ ਖ਼ਰਾਬ ਹਾਲਤ, ਭੂਮੀਗਤ ਪਾਣੀ ਦਾ ਘੱਟਦਾ ਪੱਧਰ ਅਤੇ ਹੋਰ ਵੀ ਕਈ ਬਦਲਾਅ ਸ਼ਾਮਲ ਹਨ।
ਗੋਡਵਾੜੀ ਦੇ ਪਸ਼ੂ ਕੈਂਪ ਵਿੱਚ ਬੈਠੇ ਤਾਤਿਆ ਕੋਲ਼ੋਂ ਜਦੋਂ ਇਹ ਪੁੱਛਿਆ ਗਿਆ ਕਿ ਇਨ੍ਹਾਂ ਸਾਰੇ ਬਦਲਾਵਾਂ ਦੇ ਮਗਰ ਕਾਰਨ ਕੀ ਹਨ ਤਾਂ ਉਹ ਮੁਸਕਰਾਉਂਦਿਆਂ ਕਹਿੰਦੇ ਹਨ,''ਕਾਸ਼ ਅਸੀਂ ਮੀਂਹ ਦੇ ਦੇਵਤਾ ਦੇ ਦਿਮਾਗ਼ ਨੂੰ ਪੜ੍ਹ ਪਾਉਂਦੇ! ਜਦੋਂ ਇਨਸਾਨ ਹੀ ਲਾਲਚੀ ਹੋ ਗਿਆ ਤਾਂ ਮੀਂਹ ਨੂੰ ਨਰਮ ਪੈਣ ਦੀ ਕੀ ਲੋੜ ਹੈ? ਇਨਸਾਨਾਂ ਨੇ ਜਦੋਂ ਆਪਣੇ ਤੌਰ-ਤਰੀਕੇ ਬਦਲ ਲਏ ਤਾਂ ਕੁਦਰਤ ਆਪਣੇ ਤੌਰ ਤਰੀਕੇ ਕਿਵੇਂ ਬਰਕਰਾਰ ਰੱਖ ਸਕੇਗੀ?''
ਲੇਖਿਕਾ, ਸ਼ਹਾਜੀ ਗਡਰੀਏ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੇ ਆਪਣਾ ਸਮਾਂ ਅਤੇ ਬੇਸ਼ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਕਵਰ ਫ਼ੋਟੋ : ਸੰਕੇਤ ਜੈਨ/ਪਾਰੀ
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ