''ਸਾਡੀ ਹਯਾਤੀ ਇੱਕ ਜੂਆ ਹੈ। ਸਿਰਫ਼ ਰੱਬ ਹੀ ਜਾਣਦਾ ਹੈ ਕਿ ਇਨ੍ਹਾਂ ਦੋ ਸਾਲਾਂ ਵਿੱਚ ਸਾਡੇ 'ਤੇ ਕੀ ਬਿਪਤਾ ਆਈ ਹੈ,'' ਵੀ. ਤਰਮਾ ਕਹਿੰਦੀ ਹਨ। ''ਇਸ ਖੇਤਰ ਵਿੱਚ ਮੈਨੂੰ 47 ਸਾਲ ਹੋ ਗਏ ਹਨ ਪਰ ਜੋ ਪਿਛਲੇ ਦੋ ਸਾਲਾਂ ਵਿੱਚ ਹੋਇਆ ਉਹ ਯਕੀਨੋਂ-ਬਾਹਰੀ ਰਿਹਾ ਕਿ ਅਸੀਂ ਆਪਣਾ ਢਿੱਡ ਵੀ ਭਰਨ ਦੇ ਕਾਬਲ ਨਾ ਰਹੇ।''
60 ਸਾਲਾ ਤਰਮਾ ਅੰਮਾ ਇੱਕ ਟ੍ਰਾਂਸ ਮਹਿਲਾ ਲੋਕ ਕਲਾਕਾਰ ਹਨ, ਜੋ ਤਮਿਲਨਾਡੂ ਦੇ ਮਦੁਰਈ ਸ਼ਹਿਰ ਵਿੱਚ ਰਹਿੰਦੀ ਹਨ। ''ਸਾਡੀ ਕੋਈ ਪੱਕੀ ਤਨਖਾਹ ਤਾਂ ਹੈ ਨਹੀਂ,'' ਉਹ ਅੱਗੇ ਦੱਸਦੀ ਹਨ। ''ਅਤੇ ਇਸ ਮਹਾਂਮਾਰੀ ਨੇ ਤਾਂ ਸਾਡੇ ਹੱਥੋਂ ਕਮਾਈ ਕਰਨ ਦੇ ਰਹਿੰਦੇ-ਖੂੰਹਦੇ ਮੌਕੇ ਵੀ ਖੋਹ ਲਏ।''
ਮਦੁਰਈ ਜਿਲ੍ਹੇ ਦੇ ਟ੍ਰਾਂਸ ਲੋਕ ਕਲਾਕਾਰਾਂ ਲਈ ਸਾਲ ਦੇ ਸ਼ੁਰੂਆਤੀ 6 ਮਹੀਨੇ ਬੇਹੱਦ ਅਹਿਮ ਹੁੰਦੇ ਹਨ। ਇਸ ਸਮੇਂ ਦੌਰਾਨ ਹੀ ਪਿੰਡਾਂ ਵਿੱਚ ਸਥਾਨਕ ਪੱਧਰ 'ਤੇ ਤਿਓਹਾਰਾਂ ਦਾ ਅਯੋਜਨ ਕੀਤਾ ਜਾਂਦਾ ਹੈ ਅਤੇ ਮੰਦਰ ਵੀ ਸੱਭਿਆਚਾਰਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦੇ ਹਨ। ਪਰ ਤਾਲਾਬੰਦੀ ਦੌਰਾਨ ਲੋਕਾਂ ਦੇ ਇਕੱਠ 'ਤੇ ਲੱਗੀ ਪਾਬੰਦੀ ਕਰਕੇ ਟ੍ਰਾਂਸ ਮਹਿਲਾ ਕਲਾਕਾਰਾਂ ਦੇ ਜੀਵਨ 'ਤੇ ਡੂੰਘਾ ਅਸਰ ਪਿਆ ਹੈ। 60 ਸਾਲਾ ਤਰਮਾ ਅੰਮਾ (ਜਿਵੇਂ ਕਿ ਲੋਕ ਉਨ੍ਹਾਂ ਨੂੰ ਕਹਿ ਬੁਲਾਉਂਦੇ ਹਨ) ਦੇ ਅਨੁਮਾਨ ਮੁਤਾਬਕ, ਇਨ੍ਹਾਂ ਲੋਕ ਕਲਾਕਾਰਾਂ ਦੀ ਗਿਣਤੀ 500 ਦੇ ਆਸਪਾਸ ਹੋਵੇਗੀ। ਤਰਮਾ ਅੰਮਾ ਟ੍ਰਾਂਸ ਮਹਿਲਾਵਾਂ ਦੇ ਡ੍ਰਾਮਾ ਅਤੇ ਲੋਕ ਕਲਾਵਾਂ ਦੇ ਸੂਬਾ ਸੰਗਠਨ ਦੀ ਸੈਕੇਟਰੀ ਹਨ।
ਤਰਮਾ ਅੰਮਾ ਮਦੁਰਈ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਕਿਰਾਏ ਕਮਰੇ ਵਿੱਚ ਆਪਣੇ ਭਤੀਜੇ ਅਤੇ ਉਹਦੇ ਦੋ ਬੱਚਿਆਂ ਦੇ ਨਾਲ਼ ਰਹਿੰਦੀ ਹਨ, ਜੋ ਫੁੱਲ ਵੇਚਣ ਦਾ ਕੰਮ ਕਰਦਾ ਹੈ। ਮਦੁਰਈ ਸ਼ਹਿਰ, ਜਿੱਥੇ ਉਨ੍ਹਾਂ ਦੇ ਮਾਪੇ ਦਿਹਾੜੀ ਮਜ਼ਦੂਰ ਸਨ ਅਤੇ ਉਹ ਆਪਣੀ ਵੱਧਦੀ ਉਮਰ ਦੇ ਨਾਲ਼-ਨਾਲ਼ ਦੂਸਰੇ ਟ੍ਰਾਂਸ ਲੋਕਾਂ ਨੂੰ ਆਂਢ-ਗੁਆਂਢ ਦੇ ਮੰਦਰਾਂ ਅਤੇ ਤਿਓਹਾਰਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਦੇਖਦੀ ਸਨ।
ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਗਾਉਣਾ ਸ਼ਰੂ ਕੀਤਾ। ਉਹ ਦੱਸਦੀ ਹਨ, ''ਅਮੀਰ ਪਰਿਵਾਰਾਂ ਦੇ ਲੋਕ ਸਾਨੂੰ ਨੜੋਏ ਵਿੱਚ ਗਾਉਣ ਲਈ ਬੁਲਾਉਂਦੇ ਸਨ। (ਆਪਣੀ ਕਮਿਊਨਿਟੀ ਵੱਲ ਇਸ਼ਾਰਾ ਕਰਦਿਆਂ ਉਹ ਟ੍ਰਾਂਸ ਲੋਕਾਂ ਲਈ ਤਮਿਲ ਸ਼ਬਦ ' ਤਿਰੂਨੰਗਈ ' ਦਾ ਇਸਤੇਮਾਲ ਕਰਦੀ ਹਨ।) ਸਾਨੂੰ ਓਪਾਰੀ ਗਾਉਣ ਅਤੇ ਮਾਰਡੀ ਪੱਟੂ (ਵੈਣ ਪਾਉਣ) ਬਦਲੇ ਪੈਸੇ ਮਿਲ਼ਦੇ ਸਨ ਅਤੇ ਇਸ ਤਰ੍ਹਾਂ ਮੈਂ ਬਤੌਰ ਲੋਕ ਕਲਾਕਾਰ ਕੰਮ ਕਰਨਾ ਸ਼ੁਰੂ ਕੀਤਾ।''
ਉਨ੍ਹੀਂ ਦਿਨੀਂ ਟ੍ਰਾਂਸ ਕਲਾਕਾਰਾਂ ਦੇ ਚਾਰ ਲੋਕਾਂ ਦੇ ਇੱਕ ਗਰੁੱਪ ਨੂੰ 101 ਰੁਪਏ ਦਿੱਤੇ ਜਾਂਦੇ ਸਨ। 2020 ਵਿੱਚ ਮਾਰਚ ਦੇ ਮਹੀਨੇ ਵਿੱਚ ਤਾਲਾਬੰਦੀ ਲੱਗਣ ਤੋਂ ਪਹਿਲਾਂ ਤਰਮਾ ਅੰਮਾ ਕਦੇ-ਕਦਾਈਂ ਇਹ ਕੰਮ ਕਰ ਲੈਂਦੀ ਸਨ, ਉਦੋਂ ਇਸ ਕੰਮ ਤੋਂ ਪ੍ਰਤੀ ਵਿਅਕਤੀ 600 ਰੁਪਏ ਤੱਕ ਦੀ ਆਮਦਨੀ ਹੋ ਜਾਂਦੀ ਸੀ।
1970ਵਿਆਂ ਦੇ ਦਹਾਕੇ ਵਿੱਚ ਉਨ੍ਹਾਂ ਨੇ ਸੀਨੀਅਰ ਕਲਾਕਾਰਾਂ ਕੋਲ਼ੋਂ ਤਾਲਟੂ (ਲੋਰੀਆਂ) ਅਤੇ ਨਾਟੂਪੂਰਾ ਪੱਟਾ (ਲੋਕ ਗੀਤ) ਗਾਉਣੇ ਸਿੱਖੇ। ਸਮੇਂ ਦੇ ਨਾਲ਼-ਨਾਲ਼ ਕਲਾਕਾਰਾਂ ਦਾ ਪ੍ਰਦਰਸ਼ਨ ਦੇਖਦਿਆਂ ਉਨ੍ਹਾਂ ਨੇ ਹੋਰ ਬਾਰੀਕੀਆਂ ਵੀ ਸਿੱਖ ਲਈਆਂ ਅਤੇ ਰਾਜਾ ਰਾਣੀ ਅੱਟਮ ਵਿੱਚ ਰਾਣੀ ਦਾ ਕਿਰਦਾਰ ਨਿਭਾਉਣਾ ਸ਼ੁਰੂ ਕੀਤਾ। ਅੱਟਮ ਇੱਕ ਤਰ੍ਹਾਂ ਦਾ ਪਰੰਪਰਾਗਤ ਡਾਂਸ-ਡ੍ਰਾਮਾ ਹੈ, ਜਿਹਦਾ ਤਮਿਲਨਾਡੂ ਦੇ ਗ੍ਰਾਮੀਣ ਇਲਾਕਿਆਂ ਵਿੱਚ ਪ੍ਰਦਰਸ਼ਨ ਹੁੰਦਾ ਹੈ।
''1970ਵਿਆਂ ਦੇ ਦਹਾਕੇ ਵਿੱਚ ਮਦੁਰਈ ਵਿੱਚ ਚਾਰੋ ਕਿਰਦਾਰ ਆਦਮੀਆਂ ਦੁਆਰਾ ਨਿਭਾਏ ਜਾਂਦੇ ਸਨ, ਭਾਵੇਂ ਉਹ ਰਾਜਾ ਹੋਵੇ, ਰਾਣੀ ਹੋਵੇ ਜਾਂ ਭੰਡ ਹੋਵੇ।'' ਉਹ ਦੱਸਦੀ ਹਨ ਕਿ ਉਨ੍ਹਾਂ ਨੇ ਤਿੰਨ ਹੋਰ ਲੋਕਾਂ ਦੇ ਨਾਲ਼ ਆਪਣਾ ਇੱਕ ਗਰੁੱਪ ਬਣਾਇਆ ਅਤੇ ਇੱਕ ਪਿੰਡ ਵਿੱਚ ਲੋਕਾਂ ਦੇ ਸਾਹਮਣੇ ਰਾਜਾ ਰਾਣੀ ਅੱਟਮ ਦਾ ਪ੍ਰਦਰਸ਼ਨ ਕੀਤਾ ਅਤੇ ਇੰਝ ਪਹਿਲੀ ਵਾਰ ਹੋਇਆ ਸੀ ਜਦੋਂ ਪ੍ਰਦਰਸ਼ਨ ਵਿੱਚ ਚਾਰੇ ਕਿਰਦਾਰ ਟ੍ਰਾਂਸ ਮਹਿਲਾਵਾਂ ਨੇ ਨਿਭਾਏ ਹੋਣ।
ਸਥਾਨਕ ਲੋਕਾਂ ਦੇ ਨਿਰਦੇਸ਼ਨ ਵਿੱਚ ਉਨ੍ਹਾਂ ਨੇ ਕਰਾਗੱਟਮ ਵੀ ਸਿੱਖਿਆ, ਜਿਸ ਵਿੱਚ ਸਿਰ 'ਤੇ ਮਟਕੇ ਦਾ ਸੰਤੁਲਨ ਬਣਾ ਕੇ ਡਾਂਸ ਕੀਤਾ ਜਾਂਦਾ ਹੈ। ਉਹ ਕਹਿੰਦੀ ਹਨ,''ਇਸ ਨਾਲ਼ ਮੈਨੂੰ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਰਕਾਰ ਵੱਲੋਂ ਅਯੋਜਿਤ ਹੋਣ ਵਾਲ਼ੇ ਪ੍ਰੋਗਰਾਮਾਂ ਵਿੱਚ ਪੇਸ਼ਕਾਰੀ ਕਰਨ ਦੇ ਮੌਕੇ ਮਿਲ਼ਣ ਲੱਗੇ।''
ਬਾਅਦ ਵਿੱਚ ਉਨ੍ਹਾਂ ਨੇ ਆਪਣੇ ਹੁਨਰ ਦਾ ਦਾਇਰਾ ਵਧਾਉਂਦਿਆਂ ਹੋਰ ਕਲਾਤਮਕ ਵਿਧਾਵਾਂ ਜਿਵੇਂ ਮਾਡੂ ਅੱਟਮ (ਜਿਸ ਵਿੱਚ ਕਲਾਕਾਰ ਲੋਕ ਗੀਤਾਂ ਦੀ ਧੁਨ 'ਤੇ ਗਾਂ ਦੇ ਭੇਸ ਵਿੱਚ ਡਾਂਸ ਕਰਦੇ ਹਨ), ਮਾਇਯਿਲ ਅੱਟਮ (ਜਿਸ ਵਿੱਚ ਮੋਰ ਦੇ ਪੁਸ਼ਾਕ ਪਾ ਕੇ ਡਾਂਸ ਕਰਦੇ ਹਨ) ਅਤੇ ਪੋਇ ਕਲ ਕੁਦੁਰਈ ਅੱਟਮ (ਨਕਲੀ ਘੋੜੇ ਦੇ ਨਾਲ਼ ਡਾਂਸ ਕਰਦੇ ਹਨ)ਦੀ ਪੇਸ਼ਕਾਰੀ ਕਰਦੀ ਰਹੀ। ਇਸ ਤਰ੍ਹਾਂ ਦੇ ਸ਼ੋਅ ਪੂਰੇ ਤਮਿਲਨਾਡੂ ਵਿੱਚ ਬਹੁਤੇ ਸਾਰੇ ਪਿੰਡਾਂ ਵਿੱਚ ਅਯੋਜਿਤ ਕੀਤੇ ਜਾਂਦੇ ਹਨ। ਤਰਮਾ ਅੰਮਾ ਦੱਸਦੀ ਹਨ,''ਆਪਣੇ ਚਿਹਰੇ 'ਤੇ ਪਾਊਡਰ ਮਲ਼ਣ ਤੋਂ ਬਾਅਦ ਆਮ ਤੌਰ 'ਤੇ ਅਸੀਂ ਰਾਤ ਨੂੰ 10 ਵਜੇ ਦੇ ਕਰੀਬ ਪਰਫਾਰਮ ਕਰਨਾ ਸ਼ੁਰੂ ਕਰਦੇ, ਜੋ ਅਗਲੀ ਸਵੇਰ 4 ਜਾਂ 5 ਵਜੇ ਤੱਕ ਚੱਲਦਾ ਰਹਿੰਦਾ।''
ਜਨਵਰੀ ਤੋਂ ਜੂਨ-ਜੁਲਾਈ ਤੱਕ ਦੇ ਮੌਸਮ ਵਿੱਚ ਮਿਲ਼ਣ ਵਾਲ਼ੇ ਬਹੁਤ ਸਾਰੇ ਸੱਦਿਆਂ ਅਤੇ ਵੱਖੋ-ਵੱਖ ਥਾਵਾਂ 'ਤੇ ਜਾ ਕੇ ਪੇਸ਼ਕਾਰੀ ਕਰਨ ਕਾਰਨ, ਉਨ੍ਹਾਂ ਦੀ ਇੱਕ ਮਹੀਨੇ ਵਿੱਚ 8000 ਤੋਂ 10,000 ਰੁਪਏ ਤੱਕ ਦੀ ਕਮਾਈ ਹੋ ਜਾਂਦੀ ਸੀ। ਸਾਲ ਦੇ ਬਾਕੀ ਹਿੱਸਿਆਂ ਵਿੱਚ ਤਰਮਾ ਅੰਮਾ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ 3000 ਰੁਪਏ ਤੱਕ ਦੀ ਕਮਾਈ ਹੀ ਕਰ ਪਾਉਂਦੀ ਸਨ।
ਮਹਾਂਮਾਰੀ ਕਰਕੇ ਲੱਗੀ ਤਾਲਾਬੰਦੀ ਨੇ ਪੂਰਾ ਭੱਠਾ ਬਿਠਾ ਦਿੱਤਾ। ਉਹ ਕਹਿੰਦੀ ਹਨ,''ਤਮਿਲਨਾਡੂ ਈਯਾਲ ਈਸਾਈ ਨਾਟਕ ਮਨਰਾਮ ਦੀ ਰਜਿਸਟਰਡ ਮੈਂਬਰ ਹੋਣਾ ਵੀ ਕਿਸੇ ਕੰਮ ਨਾ ਆਇਆ।'' ਇਹ ਤਮਿਲਨਾਡੂ ਦੀ ਸੰਗੀਤ, ਨਾਚ, ਡਰਾਮਾ, ਸਾਹਿਤ, ਰਾਜ ਦੀ ਕਲਾ ਅਤੇ ਸੱਭਿਆਚਾਰ ਦੇ ਪ੍ਰਬੰਧਕੀ ਅਦਾਰੇ ਦੀ ਇੱਕ ਇਕਾਈ ਹੈ। ਤਰਮਾ ਅੰਮਾ ਉਦਾਸ ਲਹਿਜੇ ਵਿੱਚ ਕਹਿੰਦੀ ਹਨ,''ਜਦੋਂਕਿ ਮਹਿਲਾ ਅਤੇ ਪੁਰਖ ਲੋਕ ਕਲਾਕਾਰ ਪੈਨਸ਼ਨ ਲਈ ਅਸਾਨੀ ਨਾਲ਼ ਅਰਜੀ ਦਾਖਲ ਕਰ ਸਕਦੇ ਹਨ ਉੱਥੇ ਹੀ ਟ੍ਰਾਂਸ ਕਲਾਕਾਰਾਂ ਵਾਸਤੇ ਇਹ ਕੰਮ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਮੇਰੀ ਅਰਜੀ ਕਈ ਵਾਰੀ ਰੱਦ ਕਰ ਦਿੱਤੀ ਗਈ ਹੈ। ਦਫ਼ਤਰ ਦੇ ਅਧਿਕਾਰੀ ਮੈਨੂੰ ਸਿਫਾਰਸ਼ ਲਿਆਉਣ ਲਈ ਕਹਿੰਦੇ ਹਨ। ਮੈਂ ਇਸ ਕੰਮ ਵਾਸਤੇ ਕਿਹਦੇ ਕੋਲ਼ ਜਾਵਾਂ? ਜੇਕਰ ਉਦੋਂ ਕੋਈ ਮੇਰੀ ਬਾਂਹ ਫੜ੍ਹ ਲੈਂਦਾ ਤਾਂ ਮੈਂ ਉਸ ਵੇਲੇ ਮੇਰੀ ਜਾਨ ਕੁਝ ਸੌਖੀ ਹੋ ਜਾਂਦੀ। ਅਸੀਂ ਸਿਰਫ਼ ਚੌਲ ਹੀ ਰਿੰਨ੍ਹ-ਰਿੰਨ੍ਹ ਖਾਈ ਜਾਂਦੇ ਹਾਂ, ਸਾਡੇ ਕੋਲ਼ ਸਬਜੀ ਲਿਆਉਣ ਤੱਕ ਦੇ ਪੈਸੇ ਨਹੀਂ।''
*****
ਮਦੁਰਈ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਦੂਰ ਵਿਲਾਂਗੁਡੀ ਕਸਬੇ ਦੀ ਰਹਿਣ ਵਾਲ਼ੀ ਮੈਗੀ ਦੀ ਵੀ ਕਰੀਬ-ਕਰੀਬ ਇਹੀ ਹਾਲਤ ਹੈ। ਪਿਛਲੇ ਸਾਲ ਤੱਕ, ਉਹ ਪੂਰੇ ਮਦੁਰਈ ਅਤੇ ਦੂਸਰੇ ਜ਼ਿਲ੍ਹਿਆਂ ਵਿੱਚ ਜਾਂਦੀ ਸੀ ਅਤੇ ਕੁੰਮੀ ਪੱਟੂ (ਇੱਕ ਤਰ੍ਹਾਂ ਦਾ ਗੀਤ ਜੋ ਕੁੰਮੀ ਡਾਂਸ ਦੇ ਵੇਲ਼ੇ ਗਾਇਆ ਜਾਂਦਾ ਹੈ) ਦੀ ਪੇਸ਼ਕਾਰੀ ਕਰਕੇ ਆਪਣਾ ਢਿੱਡ ਭਰਦੀ ਸਨ। ਉਹ ਜ਼ਿਲ੍ਹੇ ਦੀਆਂ ਉਨ੍ਹਾਂ ਟ੍ਰਾਂਸ ਮਹਿਲਾਵਾਂ ਵਿੱਚੋਂ ਹਨ, ਜੋ ਬੀਜ-ਫੁਟਾਲੇ ਮੌਕੇ ਮਨਾਏ ਜਾਂਦੇ ਜਸ਼ਨ ਵਿੱਚ ਇਸ ਪਰੰਪਰਾਗਤ ਗੀਤ ਦੀ ਪੇਸ਼ਕਾਰੀ ਕਰਦੀਆਂ ਹਨ।
''ਮੈਨੂੰ ਨਾ ਚਾਹੁੰਦੇ ਹੋਏ ਵੀ ਘਰ ਛੱਡਣਾ ਪਿਆ (ਮਦੁਈ ਸ਼ਹਿਰ ਵਿੱਚ; ਉਨ੍ਹਾਂ ਦੇ ਮਾਂ-ਬਾਪ ਨੇੜਲੇ ਪਿੰਡਾਂ ਵਿੱਚ ਖੇਤ ਮਜ਼ਦੂਰ ਸਨ) ਕਿਉਂਕਿ ਮੈਂ ਇੱਕ ਟ੍ਰਾਂਸ ਮਹਿਲਾ ਸਾਂ,'' 30 ਸਾਲਾ ਮੈਗੀ (ਆਪਣਾ ਇਹੀ ਨਾਮ ਵਰਤਦੀ ਹਨ) ਕਹਿੰਦੀ ਹਨ। ''ਉਸ ਵੇਲੇ ਮੈਂ ਸਿਰਫ਼ 22 ਸਾਲਾਂ ਦੀ ਸਾਂ। ਇੱਕ ਦੋਸਤ ਮੈਨੂੰ ਮੁਲਈਪਾਰੀ ਤਿਓਹਾਰ ਵਿੱਚ ਲੈ ਗਈ ਸੀ ਜਿੱਥੇ ਮੈਂ ਕੁੰਮੀ ਪੱਟੂ ਸਿੱਖਣਾ ਸ਼ੁਰੂ ਕੀਤਾ।''
ਮੈਗੀ ਦੱਸਦੀ ਹਨ ਕਿ ਵਿਲਾਂਗੁਰੀ ਦੀ ਜਿਹੜੀ ਗਲ਼ੀ ਵਿੱਚ ਉਹ 25 ਹੋਰਨਾਂ ਟ੍ਰਾਂਸ ਮਹਿਲਾਵਾਂ ਦੇ ਸਮੂਹ ਦੇ ਨਾਲ਼ ਰਹਿੰਦੀ ਹਨ, ਉਨ੍ਹਾਂ ਵਿੱਚੋਂ ਸਿਰਫ਼ ਦੋ ਨੂੰ ਹੀ ਕੁੰਮੀ ਪੱਟੂ ਗਾਣਾ ਆਉਂਦਾ ਹੈ। ਤਮਿਲਨਾਡੂ ਵਿੱਚ ਜੁਲਾਈ ਮਹੀਨੇ ਵਿੱਚ 10 ਦਿਨਾ ਚੱਲਣ ਵਾਲ਼ੇ ਮੁਲਈਪਾਰੀ ਤਿਓਹਾਰ ਵਿੱਚ ਇਹ ਗੀਤ ਪ੍ਰਾਰਥਨਾ ਵਜੋਂ ਗਾਇਆ ਜਾਂਦਾ ਹੈ। ਇਹ ਗੀਤ ਗ੍ਰਾਮ ਦੇਵੀ ਨੂੰ ਸਮਰਪਤ ਕਰਦਿਆਂ ਹੋਇਆਂ ਮਿੱਟੀ ਦੇ ਉਪਜਾਊਪੁਣੇ ਅਤੇ ਚੰਗੇ ਝਾੜ ਦੀ ਉਮੀਦ ਵਿੱਚ ਆਇਆ ਜਾਂਦਾ ਹੈ। ਮੈਗੀ ਦੱਸਦੀ ਹਨ,''ਤਿਓਹਾਰ ਵਿੱਚ ਗਾਉਣ ਲਈ ਸਾਨੂੰ ਘੱਟ ਤੋਂ ਘੱਟ 4000 ਤੋਂ 5000 ਰੁਪਏ ਦਿੱਤੇ ਜਾਂਦੇ ਹਨ ਅਤੇ ਮੰਦਰਾਂ ਵਿੱਚ ਵੀ ਸਾਨੂੰ ਗਾਉਣ ਦੇ ਮੌਕੇ ਮਿਲ਼ਦੇ ਹਨ, ਪਰ ਮੰਦਰਾਂ ਵਿਚਲੇ ਕੰਮ ਦੀ ਕੋਈ ਗਰੰਟੀ ਨਹੀਂ ਹੁੰਦੀ।''
ਪਰ, ਜੁਲਾਈ 2020 ਵਿੱਚ ਇਸ ਤਿਓਹਾਰ ਦਾ ਅਯੋਜਨ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਇਸ ਮਹੀਨੇ ਹੀ ਕੀਤਾ ਗਿਆ। ਪਿਛਲੇ ਸਾਲ ਮਾਰਚ ਵਿੱਚ ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ ਹੈ, ਮੈਗੀ ਨੇ ਹੋਰਨਾਂ ਪ੍ਰਦਰਸ਼ਨਾਂ ਵਾਸਤੇ ਬਹੁਤ ਹੀ ਘੱਟ ਯਾਤਰਾ ਕੀਤੀ ਹੋਣੀ। ''ਇਸ ਸਾਲ ਸਾਨੂੰ ਤਾਲਾਬੰਦੀ ਲੱਗਣ ਤੋਂ ਠੀਕ ਪਹਿਲਾਂ (ਮਾਰਚ ਮਹੀਨੇ ਦੇ ਅੱਧ ਵਿੱਚ) ਮਦੁਰਈ ਦੇ ਇੱਕ ਮਦਰ ਵਿੱਚ 3 ਦਿਨਾਂ ਲਈ ਪੇਸ਼ਕਾਰੀ ਕਰਨ ਦਾ ਮੌਕਾ ਜ਼ਰੂਰ ਮਿਲ਼ਿਆ ਸੀ,'' ਉਹ ਕਹਿੰਦੀ ਹਨ।
ਹੁਣ, ਜੁਲਾਈ ਵਿੱਚ ਸੱਦਿਆਂ ਅਤੇ ਪੇਸ਼ਕਾਰੀਆਂ ਦੇ ਸੀਜ਼ਨ ਮੁੱਕਣ ਦੇ ਨਾਲ਼ ਹੀ ਹੁਣ ਅੱਗੇ ਸਾਲ ਦੇ ਅੰਤ ਤੀਕਰ ਮੈਗੀ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਮੁਸ਼ਕਲ ਨਾਲ਼ ਹੀ ਕੰਮ ਦਾ ਕੋਈ ਮੌਕਾ ਮਿਲ਼ੇਗਾ।
ਉਹ ਦੱਸਦੀ ਹਨ ਕਿ ਪਿਛਲੇ ਸਾਲ ਤਾਲਾਬੰਦੀ ਲੱਗਣ ਤੋਂ ਬਾਅਦ ਵਾਲੰਟੀਅਰਿੰਗ ਕਰ ਰਹੇ ਲੋਕਾਂ ਨੇ ਇਨ੍ਹਾਂ ਟ੍ਰਾਂਸ ਕਲਾਕਾਰਾਂ ਨੂੰ ਕਈ ਵਾਰ ਰਾਸ਼ਨ ਦਿੱਤਾ ਸੀ ਅਤੇ ਕਿਉਂਕਿ ਮੈਗੀ ਕਲਾ ਅਤੇ ਸੱਭਿਆਚਾਰ ਦੇ ਪ੍ਰਬੰਧਕੀ ਅਦਾਰੇ ਦੀ ਰਜਿਸਟਰਡ ਮੈਂਬਰ ਹਨ, ਤਾਂ ਉਨ੍ਹਾਂ ਨੂੰ ਇਸ ਸਾਲ ਮਈ ਵਿੱਚ ਸਰਕਾਰ ਵੱਲੋਂ 2000 ਰੁਪਏ ਮਿਲ਼ੇ। ਉਹ ਕਹਿੰਦੀ ਹਨ,''ਇਹ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਦੂਸਰੇ ਲੋਕਾਂ ਨੂੰ ਇਹ (ਪੈਸੇ) ਵੀ ਨਹੀਂ ਮਿਲ਼ੇ।''
ਮੈਗੀ ਦੱਸਦੀ ਹਨ ਕਿ ਆਮ ਤੌਰ 'ਤੇ ਜਿਆਦਾ ਕੰਮ ਮਿਲ਼ਣ ਵਾਲ਼ੇ ਮਹੀਨਿਆਂ ਵਿੱਚ ਵੀ ਤਾਲਾਬੰਦੀ ਤੋਂ ਪਹਿਲਾਂ ਕੰਮ ਮਿਲ਼ਣਾ ਘੱਟ ਹੋ ਗਿਆ ਸੀ। ਉਹ ਕਹਿੰਦੀ ਹਨ,''ਹੁਣ ਕਿਤੇ ਜਿਆਦਾ ਪੁਰਸ਼ ਅਤੇ ਮਹਿਲਾਵਾਂ ਕੁੰਮੀ ਗੀਤ ਸਿੱਖ ਰਹੇ ਹਨ ਅਤੇ ਮੰਦਰਾਂ ਵਿੱਚ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਾਫੀ ਸਾਰੀਆਂ ਥਾਵਾਂ 'ਤੇ ਅਸੀਂ ਟ੍ਰਾਂਸਜੈਂਡਰ ਹੋਣ ਦੇ ਨਾਤੇ ਪੱਖਪਾਤ ਦਾ ਵੀ ਸਾਹਮਣਾ ਕੀਤਾ। ਸ਼ੁਰੂ ਵਿੱਚ ਇਸ ਕਲਾ ਦਾ ਪ੍ਰਦਰਸ਼ਨ ਸਿਰਫ਼ ਲੋਕ ਕਲਾਕਾਰ ਹੀ ਕਰਦੇ ਸਨ ਅਤੇ ਬਹੁਤ ਸਾਰੀਆਂ ਟ੍ਰਾਂਸ ਮਹਿਲਾਵਾਂ ਇਸ ਨਾਲ਼ ਜੁੜੀਆਂ ਹੋਈਆਂ ਸਨ, ਪਰ ਇਹਦੀ ਵੱਧਦੀ ਲੋਕਪ੍ਰਿਯਤਾ ਦੇ ਨਾਲ਼-ਨਾਲ਼ ਹੀ ਸਾਡੇ ਲਈ ਕੰਮ ਦੇ ਮੌਕੇ ਘੱਟ ਜਾ ਰਹੇ ਹਨ।''
*****
ਮਦੁਰਈ ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਪੁਦੁਕਕੌਟਾਈ ਜ਼ਿਲ੍ਹੇ ਦੇ ਵਿਰਲੀਮਲਾਈ ਕਸਬੇ ਵਿੱਚ ਰਹਿਣ ਵਾਲ਼ੀ ਵਰਸ਼ਾ ਦੀ ਜ਼ਿੰਦਗੀ ਵੀ ਪਿਛਲੇ 15 ਸਾਲ ਤੋਂ ਵੱਧ ਮਹੀਨਿਆਂ ਤੋਂ ਸੰਘਰਸ਼ ਨਾਲ਼ ਘਿਰੀ ਹੋਈ ਹਨ। ਪੈਸਿਆਂ ਦੀ ਤੰਗੀ ਨਾਲ਼ ਜੂਝ ਰਹੀ ਵਰਸ਼ਾ ਜੀਵਨ ਦੀਆਂ ਬੁਨਿਆਦੀ ਲੋੜਾਂ ਨੂੰ ਵੀ ਪੂਰਿਆਂ ਕਰਨ ਵਿੱਚ ਅਸਮਰੱਥ ਹਨ ਅਤੇ ਇਹਦੇ ਲਈ ਉਨ੍ਹਾਂ ਨੂੰ ਆਪਣੇ ਛੋਟੇ ਭਰਾ, ਜਿਹਨੇ ਮੈਕੇਨਿਕਲ ਇੰਜੀਅਰਿੰਗ ਵਿੱਚ ਡਿਪਲੋਮਾ ਕੀਤਾ ਹੋਇਆ ਹੈ ਅਤੇ ਇੱਕ ਸਥਾਨਕ ਕੰਪਨੀ ਵਿੱਚ ਕੰਮ ਕਰਦਾ ਹੈ, 'ਤੇ ਨਿਰਭਰ ਹੋਣਾ ਪਿਆ ਹੈ।
ਮਹਾਂਮਾਰੀ ਤੋਂ ਪਹਿਲਾਂ 29 ਸਾਲਾ ਵਰਸ਼ਾ, ਜੋ ਮਦੁਰਈ ਕਾਮਰਾਜ ਯੂਨੀਵਰਸਿਟੀ ਵਿੱਚ ਲੋਕ ਕਲਾ ਵਿੱਚ ਪੋਸਟਗ੍ਰੈਜੁਏਸ਼ਨ ਦੇ ਦੂਸਰੇ ਸਾਲ ਵਿੱਚ ਪੜ੍ਹਾਈ ਕਰ ਰਹੀ ਹਨ, ਤਿਓਹਾਰਾਂ ਮੌਕੇ ਮੰਦਰ ਵਿੱਚ ਰਾਤ ਨੂੰ ਲੋਕ-ਨਾਚ ਕਰਕੇ ਰੋਜ਼ੀਰੋਟੀ ਕਮਾਇਆ ਕਰਦੀ ਸਨ ਅਤੇ ਪੜ੍ਹਨ ਦਾ ਕੰਮ ਦਿਨ ਵਿੱਚ ਕਰਦੀ ਸਨ। ਉਨ੍ਹਾਂ ਨੂੰ ਅਰਾਮ ਲਈ ਮੁਸ਼ਕਲ ਹੀ 2-3 ਘੰਟਿਆਂ ਦਾ ਸਮਾਂ ਮਿਲ਼ਦਾ ਸੀ।
ਵਰਸ਼ਾ ਕਹਿੰਦੀ ਹਨ ਕਿ ਉਹ ਪਹਿਲੀ ਟ੍ਰਾਂਸ ਮਹਿਲਾ ਹਨ ਜਿਹਨੇ ਕੱਟਾ ਕਲ ਅੱਟਮ (ਉਨ੍ਹਾਂ ਨੇ ਗੱਲ ਨੂੰ ਸਪੱਸ਼ਟ ਕਰਨ ਲਈ ਇੱਕ ਸਥਾਨਕ ਅਖ਼ਬਾਰ ਵਿੱਚ ਛਪਿਆ ਇੱਕ ਲੇਖ ਭੇਜਿਆ), ਜਿਸ ਵਿੱਚ ਅਦਾਕਾਰ ਨੂੰ ਆਪਣੇ ਪੈਰਾਂ ਵਿੱਚ ਲੱਕੜ ਦੇ ਬਣੇ ਦੋ ਲੰਬੇ ਪੈਰ ਬੰਨ੍ਹ ਕੇ ਗਾਣੇ ਦੀ ਧੁਨ 'ਤੇ ਨੱਚਣਾ ਹੁੰਦਾ ਹੈ। ਇਸ ਵਿੱਚ ਸੰਤੁਲਨ ਬਣਾਉਣਾ ਉਦੋਂ ਹੀ ਸੰਭਵ ਹੈ, ਜਦੋਂ ਤੁਸੀਂ ਬੇਹੱਦ ਤਜ਼ਰਬੇਕਾਰ ਅਤੇ ਮਾਹਰ ਹੋਵੋ।
ਵਰਸ਼ਾ ਦੇ ਪ੍ਰਦਰਸ਼ਨਾਂ ਦੀ ਸੂਚੀ ਵਿੱਚ ਨਾਚ ਦੇ ਕਈ ਹੋਰ ਰੂਪ ਵੀ ਆਉਂਦੇ ਹਨ, ਜਿਵੇਂ ਤੱਪੱਟਮ , ਜਿਸ ਵਿੱਚ ਅਦਾਕਾਰ ਤੱਪੂ ਦੀ ਥਾਪ 'ਤੇ ਨੱਚਦਾ ਹੈ। ਤੱਪੂ , ਇੱਕ ਪਰੰਪਰਾਗਤ ਡਰੱਮ ਹੈ, ਜਿਹਨੂੰ ਆਮ ਤੌਰ 'ਤੇ ਦਲਿਤ ਭਾਈਚਾਰੇ ਦੇ ਲੋਕ ਵਜਾਉਂਦੇ ਹਨ। ਪਰ ਉਹ ਕਹਿੰਦੀ ਹਨ ਕਿ ਦੈਵੀਗਾ ਨਡਨਮ (ਦੇਵੀਆਂ ਦਾ ਨਾਚ) ਉਨ੍ਹਾਂ ਦਾ ਪਸੰਦੀਦਾ ਹੈ। ਉਹ ਤਮਿਲਨਾਡੂ ਦੀ ਇੱਕ ਲੋਕਪ੍ਰਿਯ ਲੋਕ ਕਲਾਕਾਰ ਹਨ। ਉਨ੍ਹਾਂ ਦੀ ਪੇਸ਼ਕਾਰੀਆਂ ਦਾ ਪ੍ਰਸਾਰਣ ਤਮਿਲਨਾਡੂ ਦੇ ਵੱਡੇ ਟੀ.ਵੀ. ਚੈਨਲਾਂ 'ਤੇ ਹੋ ਚੁੱਕਿਆ ਹੈ। ਉਨ੍ਹਾਂ ਨੂੰ ਸਥਾਨਕ ਸੰਗਠਨਾਂ ਵੱਲੋਂ ਸਨਮਾਨ ਵੀ ਮਿਲ਼ ਚੁੱਕਿਆ ਹੈ ਅਤੇ ਉਨ੍ਹਾਂ ਨੇ ਬੰਗਲੁਰੂ, ਚੇਨੱਈ ਅਤੇ ਦਿੱਲੀ ਸਣੇ ਦੇਸ ਦੇ ਕਈ ਸ਼ਹਿਰਾਂ ਵਿੱਚ ਪੇਸ਼ਕਾਰੀਆਂ ਕੀਤੀਆਂ ਹਨ।
ਵਰਸ਼ਾ 2018 ਵਿੱਚ ਬਣੇ ਟ੍ਰਾਂਸ ਮਹਿਲਾ ਕਲਾਕਾਰਾਂ ਦੇ ਇੱਕ ਗਰੁੱਪ ਅਰਧਨਾਰੀ ਕਲੈ ਕੁਲੂ ਦੀ ਮੋਢੀ ਮੈਂਬਰ ਵੀ ਹਨ, ਜਿਹਦੇ ਸੱਤ ਮੈਂਬਰ ਮਦੁਰਈ ਜ਼ਿਲ੍ਹੇ ਦੇ ਵੱਖੋ-ਵੱਖ ਪਿੰਡਾਂ ਵਿੱਚ ਰਹਿੰਦੇ ਹਨ। ਕਰੋਨਾ ਦੀ ਪਹਿਲੀ ਅਤੇ ਦੂਸਰੀ ਲਹਿਰ ਆਉਣ ਤੋਂ ਪਹਿਲਾਂ, ਜਨਵਰੀ ਤੋਂ ਜੂਨ ਮਹੀਨੇ ਤੱਕ ਉਨ੍ਹਾਂ ਨੂੰ ਘੱਟ ਤੋਂ ਘੱਟ 15 ਪ੍ਰੋਗਰਾਮਾਂ ਦਾ ਸੱਦਾ ਮਿਲ਼ਦਾ ਹੁੰਦਾ ਸੀ। ਵਰਸ਼ਾ ਦੱਸਦੀ ਹਨ,''ਸਾਡੇ ਵਿੱਚੋਂ ਹਰ ਇੱਕ ਨੂੰ ਮਹੀਨੇ ਵਿੱਚ ਘੱਟ ਤੋਂ ਘੱਟ 10,000 ਰੁਪਏ ਮਿਲ਼ ਜਾਂਦੇ ਸਨ।''
ਉਹ ਅੱਗੇ ਕਹਿੰਦੀ ਹਨ,''ਕਲਾ ਹੀ ਮੇਰੀ ਜਿੰਦਗੀ ਹੈ। ਸਾਡਾ ਢਿੱਡ ਵੀ ਉਦੋਂ ਹੀ ਭਰਦਾ ਹੈ ਜਦੋਂ ਅਸੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਾਂ। ਅਸੀਂ ਉਨ੍ਹਾਂ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਜੋ ਵੀ ਕਮਾ ਪਾਉਂਦੇ ਸਾਂ ਉਸੇ ਸਹਾਰੇ ਬਾਕੀ ਦੇ ਛੇ ਮਹੀਨੇ ਲੰਘਦੇ ਸਨ।'' ਉਨ੍ਹਾਂ ਦੀ ਅਤੇ ਹੋਰ ਟ੍ਰਾਂਸ ਮਹਿਲਾਵਾਂ ਦੀ ਆਮਦਨੀ ਸਿਰਫ਼ ਇੰਨੀ ਹੀ ਸੀ ਕਿ ਕਿਸੇ ਤਰ੍ਹਾਂ ਚੁੱਲ੍ਹਾ ਬਲ਼ ਸਕੇ। ਉਹ ਦੱਸਦੀ ਹਨ, ''ਅਜਿਹੇ ਸਮੇਂ ਬਚਤ ਕਰਨਾ ਬੜਾ ਮੁਸ਼ਕਲ ਕੰਮ ਬਣ ਜਾਂਦਾ ਹੈ, ਕਿਉਂਕਿ ਸਾਨੂੰ ਆਪਣੀਆਂ ਪੁਸ਼ਾਕਾਂ, ਯਾਤਰਾ ਅਤੇ ਖਾਣੇ 'ਤੇ ਵੀ ਖਰਚਾ ਕਰਨਾ ਪੈਂਦਾ ਹੈ। ਜਦੋਂ ਅਸੀਂ ਕੁਝ ਪੈਸੇ ਉਧਾਰ ਲੈਣ ਲਈ ਪੰਚਾਇਤ ਦਫ਼ਤਰ ਜਾਂਦੇ ਸਾਂ ਤਾਂ ਸਾਡੀ ਅਰਜੀ ਰੱਦ ਕਰ ਦਿੱਤੀ ਜਾਂਦੀ ਸੀ। ਕੋਈ ਵੀ ਬੈਂਕ (ਲਾਜ਼ਮੀ ਦਸਤਾਵੇਜਾਂ ਤੋਂ ਬਗੈਰ) ਸਾਨੂੰ ਲੋਨ ਦੇਣ ਲਈ ਤਿਆਰ ਨਹੀਂ ਹੁੰਦਾ। ਸਾਡੇ ਹਾਲਾਤ ਅਜਿਹੇ ਹਨ ਕਿ ਅਸੀਂ ਹੁਣ ਸਿਰਫ਼ 100 ਰੁਪਏ ਬਦਲੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਨੂੰ ਤਿਆਰ ਹਾਂ।''
ਵਰਸ਼ਾ ਨੂੰ ਆਪਣੇ ਟ੍ਰਾਂਸ ਵਜੋਂ ਪਛਾਣ ਦਾ ਪਤਾ ਲਗਭਗ 10 ਸਾਲ ਦੀ ਉਮਰੇ ਚੱਲਿਆ, ਉਦੋਂ ਉਹ ਪੰਜਵੀਂ ਕਲਾਸ ਵਿੱਚ ਪੜ੍ਹਦੀ ਸਨ ਅਤੇ ਉਨ੍ਹਾਂ ਨੇ 12 ਸਾਲ ਦੀ ਉਮਰੇ ਪਹਿਲੀ ਵਾਰ ਮੰਚ 'ਤੇ ਲੋਕ ਨਾਚ ਦੀ ਪੇਸ਼ਕਾਰੀ ਕੀਤੀ ਸੀ। ਉਨ੍ਹਾਂ ਨੇ ਇਹ ਸਥਾਨਕ ਪੱਧਰ 'ਤੇ ਹੋਣ ਵਾਲ਼ੇ ਤਿਓਹਾਰਾਂ ਵਿੱਚ ਦੇਖ ਕੇ ਸਿੱਖਿਆ ਸੀ। ਉਨ੍ਹਾਂ ਨੂੰ ਇਹਦੀ ਰਸਮੀ ਸਿਖਲਾਈ ਉਦੋਂ ਮਿਲ਼ ਸਕੀ, ਜਦੋਂ ਉਨ੍ਹਾਂ ਨੇ ਯੂਨੀਵਰਸਿਟੀ ਦੇ ਲੋਕ ਕਲਾ ਕੋਰਸ ਵਿੱਚ ਦਾਖਲਾ ਲਿਆ।
''ਮੇਰੇ ਪਰਿਵਾਰ ਨੇ ਮੈਨੂੰ ਅਪਣਾਉਣ ਤੋਂ ਇਨਕਾਰ ਕੀਤਾ ਅਤੇ ਮੈਨੂੰ 17 ਸਾਲ ਦੀ ਉਮਰ ਵਿੱਚ ਘਰ ਛੱਡਣਾ ਪਿਆ। ਲੋਕ ਕਲਾਵਾਂ ਪ੍ਰਤੀ ਮੇਰੇ ਜਨੂੰਨ ਸਦਕਾ ਹੀ ਅਖੀਰ ਮੇਰੇ ਪਰਿਵਾਰ ਨੇ ਮੈਨੂੰ ਅਪਣਾ ਲਿਆ,'' ਵਰਸ਼ਾ ਕਹਿੰਦੀ ਹਨ, ਜੋ ਆਪਣੀ ਮਾਂ (ਜੋ ਪਹਿਲਾਂ ਖੇਤ ਮਜ਼ਦੂਰ ਸਨ) ਅਤੇ ਛੋਟੇ ਭਰਾ ਦੇ ਨਾਲ਼ ਵਿਰਲੀਮਲਾਈ ਪਿੰਡ ਵਿੱਚ ਰਹਿੰਦੀ ਹਨ।
ਉਹ ਅੱਗੇ ਦੱਸਦੀ ਹਨ,''ਪਰ ਪਿਛਲੇ ਦੋ ਸਾਲਾਂ ਤੋਂ ਕਮ ਦੀ ਘਾਟ ਵਿੱਚ ਮੈਨੂੰ ਘਰ ਹੀ ਰਹਿਣਾ ਪਿਆ (ਮਾਰਚ, 2020 ਵਿੱਚ ਲੱਗੇ ਪਹਿਲਾਂ ਤਾਲਾਬੰਦੀ ਤੋਂ ਬਾਅਦ ਤੋਂ ਹੀ ਦੋਸਤਾਂ ਤੋਂ ਇਲਾਵਾ, ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ। ਮੈਂ ਸਾਰੀਆਂ ਐੱਨਜੀਓ ਅਤੇ ਸਾਰੇ ਲੋਕਾਂ ਪਾਸੋਂ ਮਦਦ ਲਈ ਅਪੀਲ ਕੀਤੀ। ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲ ਸਾਡੀ ਮਦਦ ਕੀਤੀ ਸੀ ਇਸ ਸਾਲ ਉਨ੍ਹਾਂ ਨੇ ਵੀ ਕੰਨੀ ਕਤਰਾ ਲਈ। ਗ੍ਰਾਮੀਣ ਇਲਾਕਿਆਂ ਵਿੱਚ ਟ੍ਰਾਂਸ ਲੋਕ ਕਲਾਕਾਰਾਂ ਨੂੰ ਸਰਕਾਰ ਵੱਲੋਂ ਵੀ ਕੋਈ ਆਰਥਿਕ ਸਹਾਇਤਾ ਨਹੀਂ ਮਿਲ਼ੀ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਕੰਮ ਦੀ ਘਾਟ ਵਿੱਚ ਸਾਨੂੰ ਖੁਦ ਨੂੰ ਜਿਊਂਦੇ ਰੱਖਣਾ ਹੋਵੇਗਾ। ਅਸੀਂ ਸਦਾ ਤੋਂ ਹੀ ਅਣਗੌਲ਼ੇ ਰਹਿੰਦੇ ਰਹੇ ਹਾਂ।''
ਇਸ ਸਟੋਰੀ ਵਾਸਤੇ ਇੰਟਰਵਿਊ ਫ਼ੋਨ ' ਤੇ ਹੀ ਲਏ ਗਏ ਸਨ।
ਤਰਜਮਾ: ਕਮਲਜੀਤ ਕੌਰ