ਦੱਖਣ ਮੁੰਬਈ ਦੇ ਭੁਲੇਸ਼ਵਰ ਇਲਾਕੇ ਦੀਆਂ ਭੀੜੀਆਂ ਗਲ਼ੀਆਂ ਕਿਸੇ ਭੁੱਲ-ਭੁਲੱਈਏ ਨਾਲ਼ੋਂ ਘੱਟ ਨਹੀਂ। ਇਨ੍ਹਾਂ ਵਿੱਚੋਂ ਹੀ ਇੱਕ ਗਲ਼ੀ ਵਿੱਚ ਮੰਜ਼ੂਰ ਆਲਮ ਸ਼ੇਖ ਰਹਿੰਦੇ ਹਨ ਜੋ ਹਰ ਰੋਜ਼ ਸਵੇਰੇ 5 ਵਜੇ ਉੱਠਦੇ ਹਨ ਅਤੇ ਆਪਣੇ ਕੰਮ 'ਤੇ ਨਿਕਲ਼ ਜਾਂਦੇ ਹਨ। ਅਕਸਰ ਚੈੱਕ ਲੂੰਗੀ ਪਹਿਨਣ ਵਾਲ਼ੇ ਸ਼ੇਖ, 550 ਲੀਟਰ ਪਾਣੀ ਦੀ ਟੈਂਕੀ (ਲੋਹੇ ਦੀ) ਨੂੰ ਧੱਕਾ ਲਾਉਂਦੇ ਹਨ ਅਤੇ ਕੋਵਾਸਜੀ ਪਲੇਟ ਟੈਂਕ ਵਿਖੇ ਲਿਜਾ ਕੇ ਪਾਣੀ ਨਾਲ਼ ਭਰਦੇ ਹਨ। ਇਹ ਥਾਂ ਉਨ੍ਹਾਂ ਦੀ ਰਿਹਾਇਸ਼ ਤੋਂ ਇੱਕ ਕਿਲੋਮੀਟਰ ਦੂਰ ਹੈ। ਮਿਰਜ਼ਾ ਗਾਲਿਬ ਮਾਰਕਿਟ ਦੇ ਕੋਲ਼ ਦੁਧ ਬਜ਼ਾਰ ਵਿਖੇ ਬਣੇ ਜਨਤਕ ਪਖ਼ਾਨੇ ਦੇ ਐਨ ਨਾਲ਼ ਕਰਕੇ ਕੋਨੇ ਵਾਲ਼ੀ ਖੁੱਲ੍ਹੀ ਜਿਹੀ ਥਾਂ ਹੀ ਉਨ੍ਹਾਂ ਦਾ ਘਰ ਹੈ। ਪਾਣੀ ਭਰ ਕੇ ਉਹ ਦੁਧ ਮਾਰਕਿਟ ਆਉਂਦੇ ਹਨ, ਤੈਅ ਥਾਂ 'ਤੇ ਆਪਣੀ ਠੇਲ੍ਹੇਨੁਮਾ ਟੈਂਕੀ ਖੜ੍ਹੀ ਕਰਦੇ ਹਨ ਅਤੇ ਦੁਕਾਨਾਂ ਅਤੇ ਨੇੜੇ ਘਰਾਂ ਦੇ ਆਪਣੇ ਗਾਹਕਾਂ ਨੂੰ ਪਾਣੀ ਸਪਲਾਈ ਕਰਨ ਲੱਗਦੇ ਹਨ।

50 ਸਾਲਾ ਮੰਜ਼ੂਰ ਉਨ੍ਹਾਂ ਵਿਰਲੇ ਬਚੇ ਭਿਸ਼ਤੀਆਂ ਵਿੱਚੋਂ ਇੱਕ ਹਨ ਜੋ ਰੋਜ਼ੀਰੋਟੀ ਕਮਾਉਣ ਖਾਤਰ ਇਸ ਕੰਮ ਵਿੱਚ ਲੱਗੇ ਹੋਏ ਹਨ। ਉਹ ਪਿਛਲੇ ਚਾਰ ਦਹਾਕਿਆਂ ਤੋਂ ਮੁੰਬਈ ਦੇ ਅੰਦਰੂਨੀ (ਇਤਿਹਾਸਕ) ਇਲਾਕਿਆਂ ਦੇ ਨਿਵਾਸੀਆਂ ਨੂੰ ਪੀਣ ਵਾਸਤੇ, ਸਾਫ਼-ਸਫ਼ਾਈ ਕਰਨ ਅਤੇ ਕੱਪੜੇ ਧੋਣ ਵਾਸਤੇ ਪਾਣੀ ਸਪਲਾਈ ਕਰਦੇ ਆਏ ਹਨ। ਜਦੋਂ ਤੱਕ ਕੋਵਿਡ-19 ਮਹਾਂਮਾਰੀ ਨੇ ਭਿਸ਼ਤੀਆਂ ਦੇ ਇਸ ਪੇਸ਼ੇ ਵਿੱਚ ਵਿਘਨ ਨਹੀਂ ਪਾਇਆ ਸੀ, ਉਦੋਂ ਤੀਕਰ ਮੰਜ਼ੂਰ, ਭੁਲੇਸ਼ਵਰ ਇਲਾਕੇ ਦੇ ਉਨ੍ਹਾਂ ਟਾਂਵੇਂ-ਵਿਰਲੇ ਮਸ਼ਕਵਾਲ਼ਿਆਂ ਵਿੱਚੋਂ ਹੀ ਸਨ ਜੋ ਮਸ਼ਕਾਂ ਵਿੱਚ ਪਾਣੀ ਭਰ ਕੇ ਥਾਓਂ-ਥਾਈਂ ਪਹੁੰਚਾਉਂਦੇ ਹੁੰਦੇ ਸਨ- ਮਸ਼ਕ ਚਮੜੇ (ਬੱਕਰੀ ਦੇ) ਦਾ ਬਣਿਆ ਇੱਕ ਥੈਲਾ ਹੁੰਦਾ ਹੈ ਜਿਸ ਅੰਦਰ ਲਗਭਗ 30 ਲੀਟਰ ਪਾਣੀ ਭਰਿਆ ਜਾਂਦਾ ਹੈ।

ਪਰ ਮਸ਼ਕਾਂ ਵਿੱਚ ਪਾਣੀ ਭਰ ਕੇ ਸਪਲਾਈ ਕਰਨ ਦੀ ਇਹ ਪ੍ਰਥਾ ''ਹੁਣ ਮੁੱਕ ਗਈ ਹੈ'', ਮੰਜ਼ੂਰ ਕਹਿੰਦੇ ਹਨ ਜੋ ਖ਼ੁਦ 2021 ਤੋਂ ਬਾਅਦ ਮਸ਼ਕ ਦੀ ਥਾਂ ਪਲਾਸਟਿਕ ਦੀਆਂ ਬਾਲ਼ਟੀਆਂ ਵਰਤਣ ਲੱਗੇ ਹਨ। ''ਹਾਲਾਤ ਹੁਣ ਇਹ ਹਨ ਕਿ ਬਜ਼ੁਰਗ ਭਿਸ਼ਤੀਆਂ ਦੇ ਹੁਣ ਘਰ ਵਾਪਸੀ ਦਾ ਵੇਲ਼ਾ ਆ ਗਿਆ ਹੈ ਅਤੇ ਹੁਣ ਨੌਜਵਾਨ (ਭਿਸ਼ਤੀਆਂ) ਨੂੰ ਨਵੀਂਆਂ-ਨਵੀਂਆਂ ਨੌਕਰੀਆਂ ਲੱਭਣੀਆਂ ਪੈਣਗੀਆਂ,'' ਉਹ ਕਹਿੰਦੇ ਹਨ। 'ਭਿਸ਼ਤੀ' ਸ਼ਬਦ ਫ਼ਾਰਸੀ (ਪਰਸ਼ੀਨਅਨ) ਭਾਸ਼ਾ ਦਾ ਮੂਲ਼ ਹੈ ਅਤੇ ਇਹਦਾ ਮਤਲਬ ਹੈ 'ਪਾਣੀ ਦਾ ਵਾਹਕ'। ਇਸ ਭਾਈਚਾਰੇ ਨੂੰ ਸੱਕਾ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ ਜੋ 'ਪਾਣੀ ਦਾ ਵਾਹਕ' ਜਾਂ 'ਕੱਪ ਧਾਰਕ' ਲਈ ਇੱਕ ਅਰਬੀ ਸ਼ਬਦ ਹੈ। ਭਿਸ਼ਤੀ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਅਤੇ ਗੁਜਰਾਤ (ਜਿੱਥੇ ਇਸ ਭਾਈਚਾਰੇ ਨੂੰ ਪਖਾਲੀ ਵੀ ਕਿਹਾ ਜਾਂਦਾ ਹੈ) ਵਿਖੇ ਹੋਰ ਪਿਛੜੀਆਂ ਸ਼੍ਰੇਣੀਆਂ (ਓਬੀਸੀ) ਵਜੋਂ ਸੂਚੀਬੱਧ ਹਨ।

PHOTO • Aslam Saiyad

ਮੰਜ਼ੂਰ ਆਲਮ ਸ਼ੇਖ (ਗੁਲਾਬੀ ਕਮੀਜ਼ ਵਿੱਚ) ਨੂੰ ਕਿਸੇ ਹੋਰ ਦੀ ਮਦਦ ਦੀ ਲੋੜ ਪੈਂਦੀ ਹੈ ਜੋ ਪਾਣੀ ਨਾਲ਼ ਭਰੀ ਇਸ ਲੋਹੇ ਦੀ ਟੈਂਕੀ (ਠੇਲ੍ਹੇਨੁਮਾ) ਨੂੰ ਭੁਲੇਸ਼ਵਰ ਦੇ ਸੀਪੀ ਟੈਂਕ ਇਲਾਕੇ ਤੋਂ ਧੱਕਾ ਲਵਾ ਸਕੇ। ਉਨ੍ਹਾਂ ਦੀ ਮਸ਼ਕ ਟੈਂਕੀ ਦੇ ਉਤਾਂਹ ਪਈ ਦੇਖੀ ਜਾ ਸਕਦੀ ਹੈ

''ਕਦੇ ਭਿਸ਼ਤੀਆਂ ਦਾ ਪਾਣੀ ਸਪਲਾਈ ਦੇ ਇਸ ਕਾਰੋਬਾਰ ਵਿੱਚ ਰਾਜ ਰਿਹਾ ਹੈ। ਮੁੰਬਈ ਦੀਆਂ ਵੱਖੋ-ਵੱਖ ਥਾਵਾਂ 'ਤੇ ਪਾਣੀ ਦੀਆਂ ਅਜਿਹੀਆਂ ਟੈਂਕੀਆਂ ਉਨ੍ਹਾਂ ਦੀ ਮਾਲਕੀ ਹੁੰਦੀਆਂ ਸਨ,'' ਮੰਜ਼ੂਰ ਕਹਿੰਦੇ ਹਨ। ''ਹਰੇਕ ਟੈਂਕੀ ਵਿੱਚੋਂ ਪਾਣੀ ਢੋਹਣ ਲਈ 8 ਤੋਂ 12 ਬੰਦੇ ਕੰਮੀਂ ਲੱਗੇ ਰਹਿੰਦੇ ਸਨ।'' ਪੁਰਾਣੀ ਮੁੰਬਈ ਵਿਖੇ ਜਦੋਂ ਭਿਸ਼ਤੀਆਂ ਦੇ ਇਸ ਖ਼ੁਸ਼ਹਾਲ ਕਾਰੋਬਾਰ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ ਤਾਂ ਬਹੁਤੇ ਭਿਸ਼ਤੀ ਹੋਰਨੀਂ ਥਾਵੀਂ ਕੰਮ ਲੱਭਣ ਲੱਗੇ, ਮੈਨੂੰ ਮੁਖ਼ਾਤਬ ਹੋ ਕੇ ਉਹ ਕਹਿੰਦੇ ਹਨ। ਭੁਲੇਸ਼ਵਰ ਵਿਖੇ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪਿੰਡਾਂ ਤੋਂ ਆਉਣ ਵਾਲ਼ੇ ਪ੍ਰਵਾਸੀ ਮਜ਼ਦੂਰਾਂ ਨੇ ਹੌਲ਼ੀ-ਹੌਲ਼ੀ ਉਨ੍ਹਾਂ ਦੀ ਥਾਂ ਲੈ ਲਈ।

ਮੰਜ਼ੂਰ 1980ਵਿਆਂ ਦੇ ਦੌਰ ਵਿੱਚ ਮੁੰਬਈ ਆਏ ਸਨ। ਉਨ੍ਹਾਂ ਦਾ ਪਿੰਡ ਕੱਛਰਸੂਲਪੁਰ, ਬਿਹਾਰ ਦੇ ਕਠਿਹਾਰ ਜ਼ਿਲ੍ਹੇ ਵਿੱਚ ਪੈਂਦਾ ਹੈ। ਭਿਸ਼ਤੀ ਦੇ ਕੰਮ ਵਿੱਚ ਆਉਣ ਤੋਂ ਕੁਝ ਮਹੀਨੇ ਪਹਿਲਾਂ ਤੀਕਰ ਉਨ੍ਹਾਂ ਨੇ ਵੜਾ ਪਾਵ ਵੇਚਿਆ। ਜਨਮ ਤੋਂ ਭਿਸ਼ਤੀ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਭੁਲੇਸ਼ਵਰ ਇਲਾਕੇ ਦੇ ਡੋਂਗਰੀ ਅਤੇ ਭਿੰਡੀ ਬਜ਼ਾਰ ਇਲਾਕਿਆਂ ਵਿਖੇ ਪਾਣੀ ਢੋਹਣ ਦਾ ਕੰਮ ਕੀਤਾ।

''ਮੈਨੂੰ ਰਾਜਸਥਾਨ ਦੇ ਇੱਕ ਭਿਸ਼ਤੀ, ਮੁਮਤਾਜ਼ ਦੁਆਰਾ ਕੰਮ 'ਤੇ ਰੱਖਿਆ ਗਿਆ ਅਤੇ ਸਿਖਲਾਇਕ ਬਣਾਇਆ ਗਿਆ। ਉਸ ਸਮੇਂ ਉਹਦੇ ਕੋਲ਼ ਆਪਣੀਆਂ ਚਾਰ ਟੈਂਕੀਆਂ (ਲੋਹੇ ਦੀਆਂ ਠੇਲ੍ਹੇਨੁਮਾ) ਹੁੰਦੀਆਂ ਸਨ। ਹਰੇਕ ਟੈਂਕੀ ਇੱਕ ਵੱਖਰੀ ਥਾਵੇਂ (ਗੁਆਂਢੀ ਮੁਹੱਲਿਆਂ) ਖੜ੍ਹੀ ਕੀਤੀ ਹੁੰਦੀ ਅਤੇ ਉੱਥੋਂ ਦੀ 7-8 ਬੰਦੇ ਮਸ਼ਕਾਂ ਵਿੱਚ ਪਾਣੀ ਭਰ ਭਰ ਕੇ ਥਾਓਂ-ਥਾਈਂ ਪਹੁੰਚਾਇਆ ਕਰਦੇ,'' ਮੰਜ਼ੂਰ ਕਹਿੰਦੇ ਹਨ।

PHOTO • Aslam Saiyad

ਕੋਵਿਡ-19 ਤਾਲਾਬੰਦੀਆਂ ਤੋਂ ਬਾਅਦ, ਮੰਜ਼ੂਰ ਨੂੰ ਮਸ਼ਕ ਲਾਂਭੇ ਰੱਖ ਕੇ ਪਲਾਸਟਿਕ ਦੀਆਂ ਬਾਲ਼ਟੀਆਂ ਜ਼ਰੀਏ ਪਾਣੀ ਸਪਲਾਈ ਕਰਨ ਦਾ ਢੰਗ ਅਪਣਾਉਣਾ ਪਿਆ

ਮੁਮਤਾਜ਼ ਨਾਲ਼ ਕਰੀਬ 5 ਸਾਲ ਕੰਮ ਕਰਨ ਤੋਂ ਬਾਅਦ, ਮੰਜ਼ੂਰ ਨੇ ਆਪਣੀ ਗੱਡੀ ਖ਼ੁਦ ਤੋਰਨ ਦਾ ਫ਼ੈਸਲਾ ਕੀਤਾ ਅਤੇ ਕੰਮ ਦੀ ਸ਼ੁਰੂਆਤ ਕਿਰਾਏ 'ਤੇ ਟੈਂਕੀ ਲੈ ਕੇ ਕੀਤੀ। ''ਇੱਥੋਂ ਤੱਕ ਕਿ 20 ਸਾਲ ਪਹਿਲਾਂ ਤੀਕਰ ਸਾਡੇ ਕੋਲ਼ ਬਹੁਤ ਕੰਮ ਹੋਇਆ ਕਰਦਾ ਸੀ। ਹੁਣ ਸਾਡੀ ਹਾਲਤ ਇਹ ਹੋ ਗਈ ਕਿ ਸਾਡੇ ਕੋਲ਼ ਪਹਿਲਾਂ ਨਾਲ਼ੋਂ ਸਿਰਫ਼ 25 ਫੀਸਦ ਕੰਮ ਹੀ ਬਚਿਆ ਹੈ। ਜਦੋਂ ਪਾਣੀ ਪਲਾਸਟਿਕ ਦੀਆਂ ਬੋਤਲਾਂ ਵਿੱਚ ਵਿਕਣਾ ਸ਼ੁਰੂ ਹੋਇਆ ਤਾਂ ਯਕੀਨ ਜਾਣੋਂ ਸਾਡੇ ਕੰਮ ਨੂੰ ਬਹੁਤ ਵੱਡੀ ਸੱਟ ਵੱਜੀ,'' ਮੰਜ਼ੂਰ ਕਹਿੰਦੇ ਹਨ। 1991 ਵਿੱਚ ਭਾਰਤੀ ਅਰਥਚਾਰੇ ਅੰਦਰ ਉਦਾਰੀਕਰਨ ਦੇ ਉਦੈ ਦੇ ਨਾਲ਼ ਬੋਤਲਬੰਦ ਪਾਣੀ ਦੇ ਤੇਜ਼ੀ ਨਾਲ਼ ਪੈਰ ਪਸਾਰਦੇ ਉਦਯੋਗ ਨੇ ਭੁਲੇਸ਼ਵਰ ਦੇ ਭਿਸ਼ਤੀਆਂ ਦੇ ਕੰਮ 'ਤੇ ਪਹਿਲਾ ਮੁੱਕਾ ਜੜਿਆ। 1999 ਅਤੇ 2004 ਦੇ ਵਕਫ਼ੇ ਵਿਚਕਾਰ ਭਾਰਤ ਅੰਦਰ ਬੋਤਲਬੰਦ ਪਾਣੀ ਦੀ ਖ਼ਪਤ ਤਿਗਣੀ ਹੋ ਗਈ । 2002 ਵਿੱਚ ਇਸ ਸਨਅਤ ਦਾ ਕਾਰੋਬਾਰ (ਟਰਨਓਵਰ) ਅੰਦਾਜ਼ਨ 1,000 ਕਰੋੜ ਹੋ ਗਿਆ।

ਉਦਾਰੀਕਰਨ ਨੀਤੀ ਨੇ ਬੜੀਆਂ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ-ਛੋਟੀਆਂ ਦੁਕਾਨਾਂ ਨੂੰ ਮਾਲ਼ (Malls) ਨਿਗ਼ਲ ਗਏ, ਵਿਹੜਿਆਂ (ਬਸਤੀਆਂ) ਦੀ ਥਾਂ ਗਗਨਚੁੰਬੀ ਇਮਾਰਤਾਂ ਉਸਰ ਗਈਆਂ ਅਤੇ ਟੈਂਕਰਾਂ ਨੇ ਮੋਟਰਾਂ ਨਾਲ਼ ਪਾਈਪ ਜੋੜ ਕੇ ਪਾਣੀ ਢੋਹਣਾ/ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਰਿਹਾਇਸ਼ੀ ਇਮਾਰਤਾਂ ਤੋਂ ਆਉਂਦੀ ਪਾਣੀ ਦੀ ਮੰਗ ਹੌਲ਼ੀ-ਹੌਲ਼ੀ ਘਟਣ ਲੱਗੀ ਅਤੇ ਹੁਣ ਸਿਰਫ਼ ਛੋਟੇ ਕਾਰੋਬਾਰੀ ਜਿਵੇਂ ਦੁਕਾਨਾਂ ਵਾਲ਼ੇ ਜਾਂ ਵਰਕਸ਼ਾਪਾਂ ਵਾਲ਼ੇ ਹੀ ਮਸ਼ਕਵਾਲ਼ਿਆਂ ਵੱਲੋਂ ਸਪਲਾਈ ਕੀਤੇ ਜਾਂਦੇ ਪਾਣੀ 'ਤੇ ਨਿਰਭਰ ਹੋ ਕੇ ਰਹਿ ਗਏ। ''ਇਮਾਰਤਾਂ ਵਿੱਚ ਰਹਿਣ ਵਾਲ਼ਿਆਂ ਨੇ ਟੈਂਕਰਾਂ ਨੂੰ ਪਾਣੀ ਦੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ। ਪਾਣੀ ਵਾਸਤੇ ਲੋਕਾਂ ਨੇ ਪਾਈਪਲਾਈਨਾਂ ਜੋੜ ਲਈਆਂ। ਹੁਣ ਵਿਆਹਾਂ ਅਤੇ ਹੋਰਨਾਂ ਸਮਾਗਮਾਂ ਵਿੱਚ ਵੀ ਬੋਤਲਬੰਦ ਪਾਣੀ ਨੇ ਆਪਣੀ ਥਾਂ ਬਣਾ ਲਈ, ਇੱਕ ਸਮਾਂ ਸੀ ਜਦੋਂ ਅਜਿਹੀ ਥਾਵੇਂ ਅਸੀਂ ਹੀ ਪਾਣੀ ਪਹੁੰਚਾਇਆ ਕਰਦੇ ਸਾਂ,'' ਮੰਜ਼ੂਰ ਹਿਰਖ਼ੇ ਮਨ ਨਾਲ਼ ਕਹਿੰਦੇ ਹਨ।

ਮਹਾਂਮਾਰੀ ਤੋਂ ਪਹਿਲਾਂ, ਜਿੱਥੇ ਮੰਜ਼ੂਰ ਹਰੇਕ ਮਸ਼ਕ (30 ਲੀਟਰ) ਢੋਹਣ ਮਗਰ 15 ਰੁਪਏ ਕਮਾ ਲਿਆ ਕਰਦੇ, ਹੁਣ, ਪਾਣੀ ਦੀ 15 ਲੀਟਰ ਬਾਲਟੀ ਮਗਰ 10 ਰੁਪਏ ਕਮਾਉਂਦੇ ਹਨ। ਉਹ ਹਰ ਮਹੀਨੇ  ਕਿਰਾਏ ਦੀ ਟੈਂਕੀ ਲਈ 170 ਰੁਪਏ ਦਿੰਦੇ ਹਨ ਅਤੇ ਟੈਂਕੀ ਭਰਵਾਉਣ ਲਈ ਦਿਨ ਦੇ 50 ਰੁਪਏ ਤੋਂ 80 ਰੁਪਏ ਹੋਰ ਖਰਚਦੇ ਹਨ। ਜਿਨ੍ਹਾਂ ਮੰਦਰਾਂ ਅਤੇ ਸਕੂਲਾਂ ਵਿੱਚ ਖੂਹ ਹਨ ਉਹ ਆਪਣਾ ਪਾਣੀ ਭਿਸ਼ਤੀਆਂ ਨੂੰ ਵੇਚਦੇ ਹਨ। ''ਪਹਿਲਾਂ ਅਸੀਂ ਮਹੀਨੇ ਦੇ 10,000-15,000 ਰੁਪਏ ਬਚਾ ਲਿਆ ਕਰਦੇ ਪਰ ਹੁਣ ਅਸੀਂ 4,000-5,000 ਰੁਪਏ ਵੀ ਬਾਮੁਸ਼ਕਲ ਹੀ ਬਚਾ ਪਾਉਂਦੇ ਹਾਂ,'' ਆਪਣੇ ਡੁੱਬ ਰਹੇ ਕਾਰੋਬਾਰ ਦੀ ਬੀਤੇ ਸਮੇਂ ਅਤੇ ਮੌਜੂਦਾ ਸਮੇਂ ਦੀ ਤੁਲਨਾ ਕਰਦਿਆਂ ਮੰਜ਼ੂਰ ਕਹਿੰਦੇ ਹਨ।

PHOTO • Aslam Saiyad

ਡਿਲਵਰੀ (ਦਸੰਬਰ 2020 ਨੂੰ) ਕਰਨ ਤੋਂ ਬਾਅਦ ਵਾਪਸ ਮੁੜਦੇ ਹੋਏ, ਮੰਜ਼ੂਰ ਆਪਣੇ ਫ਼ੋਨ ' ਤੇ ਇਹ ਜਾਂਚਦੇ ਹੋਏ ਕਿ ਕਿਤੇ ਕੋਈ ਆਰਡਰ ਛੁੱਟ ਤਾਂ ਨਹੀਂ ਗਿਆ। ਉਨ੍ਹਾਂ ਦੇ ਕਈ ਪੱਕੇ ਗਾਹਕ ਹਨ ਅਤੇ ਉਨ੍ਹਾਂ ਨੂੰ ਦਿਹਾੜੀ ਦੇ 10-30 ਆਰਡਰ ਮਿਲ਼ਦੇ ਹਨ। ਕਈ ਖ਼ੁਦ ਆ ਕੇ ਉਨ੍ਹਾਂ ਨੂੰ ਮਿਲ਼ਦੇ ਹਨ ਤੇ ਕਈ ਫ਼ੋਨ ਰਾਹੀਂ ਹੀ ਆਰਡਰ ਦੇ ਦਿੰਦੇ ਹਨ

ਇਸ ਕਾਰੋਬਾਰ ਵਿੱਚ ਉਨ੍ਹਾਂ ਦੇ ਹਿੱਸੇਦਾਰ, 50 ਸਾਲਾ ਆਲਮ (ਆਪਣੀ ਇੰਨਾ ਨਾਮ ਹੀ ਲੈਂਦੇ ਹਨ), ਵੀ ਬਿਹਾਰ ਦੇ ਉਸੇ ਪਿੰਡੋਂ ਹੀ ਹਨ। ਆਲਮ ਅਤੇ ਮੰਜ਼ੂਰ ਸਾਲ ਦੇ 3-6 ਮਹੀਨੇ ਮੁੰਬਈ ਵਿਖੇ ਕੰਮ ਕਰਦੇ ਹਨ ਅਤੇ ਬਾਕੀ ਦਾ ਸਮਾਂ ਪਿੰਡ ਰਹਿੰਦੇ ਆਪਣੇ ਪਰਿਵਾਰ ਨਾਲ਼ ਬਿਤਾਉਂਦੇ ਹਨ। ਘਰੇ ਰਹਿੰਦਿਆਂ ਉਹ ਆਪਣੇ ਖੇਤਾਂ ਦਾ ਧਿਆਨ ਰੱਖਦੇ ਹਨ ਜਾਂ ਖੇਤ ਮਜ਼ਦੂਰੀ ਕਰਦੇ ਹਨ।

ਮਾਰਚ 2020 ਨੂੰ ਲੱਗੀ ਦੇਸ਼-ਵਿਆਪੀ ਤਾਲਾਬੰਦੀ ਦੌਰਾਨ, ਜੋ ਕਿ ਵੱਧ ਕੇ ਜੂਨ 2020 ਤੱਕ ਚਲੀ ਗਈ, ਭੁਲੇਸ਼ਵਰ ਦੇ ਇਨ੍ਹਾਂ ਮਸ਼ਕਵਾਲ਼ਿਆਂ ਕੋਲ਼ ਟਾਂਵੇਂ-ਟਾਂਵੇਂ ਗਾਹਕ ਹੀ ਬਚੇ ਰਹਿ ਗਏ। ਇੰਨਾ ਹੀ ਨਹੀਂ ਇਸ ਦੌਰਾਨ (ਤਾਲਾਬੰਦੀ ਦੌਰਾਨ) ਇਲਾਕੇ ਦੇ ਇਸ ਛੋਟੇ ਜਿਹੇ ਕਾਰੋਬਾਰ ਨਾਲ਼ ਜੁੜਿਆ ਸਹਾਇਕ ਸਟਾਫ਼, ਜੋ ਦਿਨ ਵੇਲ਼ੇ ਕੰਮ ਕਰਦਾ ਅਤੇ ਰਾਤੀਂ ਫੁੱਟਪਾਥ 'ਤੇ ਹੀ ਸੌਂ ਜਾਇਆ ਕਰਦਾ। ਪਰ ਕਈ ਦੁਕਾਨਾਂ ਬੰਦ ਹੋ ਗਈਆਂ ਅਤੇ ਉਨ੍ਹਾਂ ਦੇ ਕਾਮੇ ਘਰਾਂ ਨੂੰ ਮੁੜ ਗਏ। ਇਸਲਈ ਮੰਜ਼ੂਰ, ਜਿਨ੍ਹਾਂ ਸਿਰ ਆਪਣੇ ਪੰਜ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਦਾਰੀ ਸੀ, ਓਨਾ ਪੈਸੇ ਨਾ ਕਮਾ ਪਾਉਂਦੇ ਕਿ ਮਗਰ ਆਪਣੇ ਪਰਿਵਾਰ ਨੂੰ ਭੇਜੇ ਜਾ ਸਕਣ। ਉਨ੍ਹਾਂ ਨੇ 2021 ਦੀ ਸ਼ੁਰੂਆਤ ਵੇਲ਼ੇ ਸ਼ਹਿਰ ਦੇ ਹਾਜੀ ਅਲੀ ਇਲਾਕੇ ਵਿਖੇ ਇੱਕ ਇਮਾਰਤ ਦੀ ਉਸਾਰੀ ਕਰਦੇ ਇੱਕ ਮਿਸਤਰੀ ਦੇ ਸਹਾਇਕ ਵਜੋਂ ਕੰਮ ਫੜ੍ਹ ਲਿਆ ਅਤੇ ਉਨ੍ਹਾਂ ਨੂੰ 600 ਰੁਪਏ ਦਿਹਾੜੀ ਮਿਲ਼ਦੀ।

ਮਾਰਚ 2021 ਨੂੰ, ਮੰਜ਼ੂਰ ਨੇ ਆਪਣਾ ਪਿੰਡ (ਗੱਛਰਸੂਲਪੁਰ) ਛੱਡ ਦਿੱਤਾ, ਜਿੱਥੇ ਉਹ ਖੇਤ ਮਜ਼ਦੂਰੀ ਕਰਕੇ 200 ਰੁਪਏ ਦਿਹਾੜੀ ਕਮਾਉਂਦੇ। ਕਮਾਏ ਪੈਸੇ ਨਾਲ਼ ਉਨ੍ਹਾਂ ਆਪਣੇ ਘਰ ਦੀ ਮੁਰੰਮਤ ਕੀਤੀ। ਚਾਰ ਮਹੀਨੇ ਬਾਅਦ, ਉਹ ਮੁੰਬਈ ਵਾਪਸ ਪਰਤੇ ਅਤੇ ਨਲ ਬਜ਼ਾਰ ਇਲਾਕੇ ਵਿਖੇ ਬਤੌਰ ਮਸ਼ਕਵਾਲ਼ੇ ਕੰਮ ਦੋਬਾਰਾ ਸ਼ੁਰੂ ਕੀਤਾ। ਪਰ ਉਨ੍ਹਾਂ ਦੇ ਚਮੜੇ ਦੇ ਇਸ ਝੋਲ਼ੇ ਨੂੰ ਮੁਰੰਮਤ ਦੀ ਲੋੜ ਸੀ, ਧਿਆਨ ਰਹੇ ਮਸ਼ਕ ਨੂੰ ਹਰ ਦੋ ਮਹੀਨੇ ਵਿੱਚ ਮੁਰੰਮਤ ਦੀ ਲੋੜ ਪੈਂਦੀ ਹੈ। ਇਸਲਈ ਮੁਰੰਮਤ ਵਾਸਤੇ ਮੰਜ਼ੂਰ ਯੁਨੁਸ ਸ਼ੇਖ ਦੀ ਭਾਲ਼ ਕਰਨ ਲੱਗੇ।

PHOTO • Aslam Saiyad

ਮੁੰਬਈ ਦੇ ਭਿੰਡੀ ਬਜ਼ਾਰ ਇਲਾਕੇ ਵਿਖੇ ਜਨਵਰੀ 2021 ਨੂੰ ਯੁਨੁਸ ਸ਼ੇਖ ਮਸ਼ਕ ਦੀ ਮੁਰੰਮਤ ਕਰਦੇ ਹੋਏ। ਕੁਝ ਮਹੀਨਿਆਂ ਬਾਅਦ ਕਿਸੇ ਚੰਗੇ ਦੀ ਉਮੀਦ ਵਿੱਚ ਉਹ ਬਹਿਰਾਇਚ ਜ਼ਿਲ੍ਹੇ ਵਿਖੇ ਆਪਣੇ ਘਰ ਪਰਤ ਗਏ

60 ਸਾਲਾ ਯੁਨੁਸ, ਭਿੰਡੀ ਬਜ਼ਾਰ ਵਿਖੇ ਸ਼ਿਲਪਕਾਰੀ ਕਰਕੇ ਅਤੇ ਮਸ਼ਕ ਦੀ ਮੁਰੰਮਤ ਕਰਕੇ ਆਪਣੀ ਰੋਜ਼ੀਰੋਟੀ ਕਮਾਉਂਦੇ। ਮਾਰਚ 2020 ਦੀ ਤਾਲਾਬੰਦੀ ਤੋਂ ਚਾਰ ਮਹੀਨਿਆਂ ਬਾਅਦ, ਯੁਨੁਸ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਵਿੱਚ ਆਪਣੇ ਘਰ ਚਲੇ ਗਏ। ਉਸੇ ਸਾਲ ਜਦੋਂ ਦਸੰਬਰ ਵਿੱਚ ਉਹ ਮੁੰਬਈ ਵਾਪਸ ਆਏ ਤਾਂ ਉਨ੍ਹਾਂ ਦੇ ਹੱਥ ਵਿੱਚ ਕੋਈ ਬਹੁਤਾ ਕੰਮ ਨਹੀਂ ਸੀ। ਉਸ ਪੂਰੇ ਇਲਾਕੇ ਵਿੱਚ ਸਿਰਫ਼ 10 ਮਸ਼ਕਵਾਲੇ ਹੀ ਬਚੇ ਸਨ ਅਤੇ ਕੋਵਿਡ-19 ਤਾਲਾਬੰਦੀਆਂ ਤੋਂ ਬਾਅਦ ਉਹ ਵੀ ਮੁਰੰਮਤ ਬਦਲੇ ਘੱਟ ਪੈਸੇ ਹੀ ਦੇ ਪਾਉਂਦੇ। 2021 ਦੇ ਸ਼ੁਰੂ ਵਿੱਚ ਯੁਨੁਸ ਸੱਖਣੇ ਹੱਥੀਂ ਬਹਿਰਾਇਚ ਮੁੜ ਗਏ...ਕਦੇ ਨਾ ਵਾਪਸ ਮੁੜਨ ਦੀ ਉਮੀਦ ਪਾਲ਼ੀ। ਉਨ੍ਹਾਂ ਦਾ ਕਹਿਣਾ ਸੀ ਕਿ ਸਮੇਂ ਦੀ ਮਾਰ ਨੇ ਉਨ੍ਹਾਂ ਅੰਦਰ ਮਸ਼ਕਾਂ ਦੀ ਮੁਰੰਮਤ ਕਰਨ ਜੋਗੀ ਤਾਕਤ ਵੀ ਨਹੀਂ ਛੱਡੀ।

35 ਸਾਲਾ ਬਾਬੂ ਨੱਯਰ ਮੁਤਾਬਕ ਇਹ ਸਮਾਂ ਮਸ਼ਕ ਦੇ ਉਨ੍ਹਾਂ ਦੇ ਕੰਮ ਦੇ ਅਖ਼ੀਰੀ ਦਿਨ ਸਮਝੋ। ''ਮੈਂ ਆਪਣੀ ਮਸ਼ਕ ਸੁੱਟ ਦਿੱਤੀ ਹੈ ਕਿਉਂਕਿ ਹੁਣ ਇਹ ਮੁਰੰਮਤ ਦੇ ਕਾਬਲ ਵੀ ਨਹੀਂ ਰਹੀ।'' ਹੁਣ ਉਹ ਭਿੰਡੀ ਬਜ਼ਾਰ ਵਿਖੇ ਨਵਾਬ ਅਯਾਜ਼ ਮਸਜਿਦ ਦੇ ਨੇੜੇ-ਤੇੜੇ ਦੀਆਂ ਦੁਕਾਨਾਂ ਵਿੱਚ ਪਾਣੀ ਸਪਲਾਈ ਕਰਨ ਲਈ ਪਲਾਸਟਿਕ ਦੀ ਕੈਨੀ ਦੀ ਵਰਤੋਂ ਕਰਦੇ ਹਨ। ''ਅੱਜ ਤੋਂ ਛੇ ਮਹੀਨੇ ਪਹਿਲਾਂ ਤੱਕ ਮਸ਼ਕਾਂ ਦੀ ਵਰਤੋਂ ਕਰਨ ਵਾਲ਼ੇ 5-6 ਲੋਕ ਸਨ। ਸਾਰਿਆਂ ਨੇ ਮਸ਼ਕਾਂ ਲਾਂਭੇ ਰੱਖ ਕੇ ਬਾਲਟੀਆਂ ਜਾਂ ਹਾਂਡਾ (ਐਲੂਮੀਨੀਅਮ ਦੇ ਘੜੇ) ਚੁੱਕ ਲਏ ਹਨ,'' ਯੁਨੁਸ ਦੇ ਚਲੇ ਜਾਣ ਤੋਂ ਬਾਅਦ ਬਾਬੂ ਨੇ ਕਿਹਾ।

ਮਸ਼ਕ ਦਾ ਕੋਈ ਹੋਰ ਮੁਰੰਮਤ ਕਰਨ ਵਾਲ਼ਾ ਨਾ ਮਿਲ਼ਣ ਦੀ ਸੂਰਤ ਵਿੱਚ ਮੰਜ਼ੂਰ ਨੂੰ ਵੀ ਪਲਾਸਟਿਕ ਦੀਆਂ ਬਾਲਟੀਆਂ ਹੀ ਚੁੱਕਣੀਆਂ ਪਈਆਂ। ''ਯੁਨੁਸ ਤੋਂ ਬਾਅਦ, ਮਸ਼ਕ ਦੀ ਮੁਰੰਮਤ ਕਰਨ ਵਾਲ਼ਾ ਕੋਈ ਨਹੀਂ ਸੀ,'' ਮੰਜ਼ੂਰ ਨੇ ਪੁਸ਼ਟੀ ਕਰਦਿਆਂ ਕਿਹਾ। ਹੁਣ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਪਾਣੀ ਦੀਆਂ ਬਾਲਟੀਆਂ ਚੁੱਕ ਕੇ ਪੌੜੀਆਂ ਚੜ੍ਹਨ ਵਿੱਚ ਬਹੁਤ ਦਿੱਕਤ ਆਉਂਦੀ ਹੈ। ਮਸ਼ਕ ਰਾਹੀਂ ਪੌੜੀਆਂ ਚੜ੍ਹਨੀਆਂ ਸੌਖ਼ੀਆਂ ਸਨ ਕਿਉਂਕਿ ਮਸ਼ਕ ਮੋਢੇ ਨਾਲ਼ ਲਮਕਾਈ ਜਾਂਦੀ ਸੀ ਅਤੇ ਇਸ ਅੰਦਰ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਪਾਣੀ ਸਮਾ ਜਾਇਆ ਕਰਦਾ ਸੀ। ''ਸਾਡਾ ਭਿਸ਼ਤੀਆਂ ਦਾ ਕੰਮ ਹੁਣ ਆਪਣੇ ਅਖ਼ੀਰੀ ਸਾਹਾਂ 'ਤੇ ਹੈ,'' ਬਾਬੂ ਕਿਆਸ ਲਾਉਂਦੇ ਹਨ। ''ਇਸ ਕੰਮ ਵਿੱਚ ਕੋਈ ਬਚਤ ਨਹੀਂ। ਸਾਡੇ ਕੰਮ ਦੀ ਥਾਂ ਹੁਣ ਮੋਟਰਾਂ ਅਤੇ ਪਾਈਪਾਂ ਨੇ ਲੈ ਲਈ ਹੈ।''

PHOTO • Aslam Saiyad

ਮੰਜ਼ੂਰ ਭੁਲੇਸ਼ਵਰ ਦੇ ਸੀਪੀ ਟੈਂਕ ਇਲਾਕੇ ਵਿਖੇ ਚੰਦਰਰਾਮਜੀ ਹਾਈ ਸਕੂਲ ਵਿਖੇ ਆਪਣੀ ਲੋਹੇ ਦੀ ਟੈਂਕੀ ਭਰਦੇ ਹੋਏ। ਜਿਨ੍ਹਾਂ ਮੰਦਰਾਂ ਅਤੇ ਸਕੂਲਾਂ ਵਿੱਚ ਖੂਹ ਹਨ ਉਹ ਆਪਣਾ ਪਾਣੀ ਭਿਸ਼ਤੀਆਂ ਨੂੰ ਵੇਚਦੇ ਹਨ


PHOTO • Aslam Saiyad

ਦੁਧ ਬਜ਼ਾਰ ਵਿਖੇ ਨਿਰਧਾਰਤ ਥਾਂ ' ਤੇ ਖੜ੍ਹੀ ਆਪਣੀ ਲੋਹੇ ਦੀ ਟੈਂਕੀ ਵਿੱਚੋਂ ਮਸ਼ਕ ਅੰਦਰ ਪਾਣੀ ਭਰਦੇ ਮੰਜ਼ੂਰ। ਇਹ ਦਸੰਬਰ 2020 ਦਾ ਵੇਲ਼ਾ ਸੀ ਅਤੇ ਉਹ ਅਜੇ ਵੀ ਮਸ਼ਕ ਦੀ ਵਰਤੋਂ ਕਰ ਰਹੇ ਸਨ। ਉਹ ਸਹਾਰੇ ਵਾਸਤੇ ਆਪਣੀ ਮਸ਼ਕ ਦੇ ਹੇਠਲੇ ਪਾਸੇ ਕਾਰ ਦਾ ਟਾਇਰ ਰੱਖ ਲੈਂਦੇ, ਫਿਰ ਮਸ਼ਕ ਦਾ ਮੂੰਹ ਫੜ੍ਹ ਲੈਂਦੇ ਅਤੇ ਇਹਦੇ ਅੰਦਰ ਪਾਣੀ ਭਰਨ ਦੀ ਉਡੀਕ ਕਰਦੇ


PHOTO • Aslam Saiyad

ਮਸ਼ਕ ਮੋਢੇ ' ਤੇ ਲਮਕਾਈ ਜਾਂਦੀ ਹੈ ਅਤੇ ਸੰਤੁਲਨ ਕਰਨ ਵਾਸਤੇ ਇੱਕ ਹੱਥ ਮਸ਼ਕ ਦੇ ਮੂੰਹ ' ਤੇ ਰੱਖਿਆ ਜਾਂਦਾ ਹੈ


PHOTO • Aslam Saiyad

ਭੁਲੇਸ਼ਵਰ ਦੀਆਂ ਛੋਟੀਆਂ ਮੋਟੀਆਂ ਦੁਕਾਨਾਂ ਅਤੇ ਥਾਵਾਂ ਵਾਲ਼ੇ ਮਸ਼ਕਵਾਲ਼ਿਆਂ ਤੋਂ ਪਾਣੀ ਮੰਗਵਾਉਂਦੇ। ਇੱਥੇ, ਨਲ ਬਜ਼ਾਰ ਵਿਖੇ ਮੰਜ਼ੂਰ ਪਾਣੀ ਦੀ ਸਪਲਾਈ ਕਰਦੇ ਹੋਏ। ਉਨ੍ਹਾਂ ਨੂੰ ਇਸ ਇਲਾਕੇ ਦੀ ਉਸਾਰੀ ਵਾਲ਼ੀ ਇੱਕ ਥਾਂ ਤੋਂ ਵੀ ਪਾਣੀ ਦਾ ਆਰਡਰ ਆਇਆ ਹੈ


PHOTO • Aslam Saiyad

ਨਲ ਬਜ਼ਾਰ ਵਿਖੇ ਤਿੰਨ ਮੰਜਲੀ ਟੁੱਟੀ-ਭੱਜੀ ਇਮਾਰਤ ਦੀਆਂ ਲੱਕੜ ਦੀਆਂ ਪੌੜੀਆਂ ਚੜ੍ਹਦੇ ਹੋਏ ਮੰਜ਼ੂਰ। ਉਨ੍ਹਾਂ ਨੇ ਇਸੇ ਇਮਾਰਤ ਦੀ ਦੂਜੀ ਮੰਜ਼ਲ ' ਤੇ 60 ਲੀਟਰ ਪਾਣੀ ਪਹੁੰਚਾਉਣਾ ਹੈ ਜਿਸ ਵਾਸਤੇ ਉਨ੍ਹਾਂ ਨੂੰ ਮਸ਼ਕ ਚੁੱਕ ਕੇ ਹੇਠਾਂ-ਉੱਤੇ 2-3 ਗੇੜੇ ਲਾਉਣੇ ਪੈਣੇ ਹਨ


PHOTO • Aslam Saiyad

ਲੋਹੇ ਦੀ ਟੈਂਕੀ (ਠੇਲ੍ਹੇਨੁਮਾ) ਨੂੰ ਧੱਕਾ ਲਾਉਣ ਅਤੇ ਪਾਣੀ ਢੋਹਣ ਤੋਂ ਬਾਅਦ ਫ਼ੁਰਸਤ ਦੇ ਕੁਝ ਪਲ, ਦੁਧ ਬਜ਼ਾਰ ਵਿਖੇ ਮੰਜ਼ੂਰ ਅਤੇ ਉਨ੍ਹਾਂ ਦੇ ਦੋਸਤ ਰੱਜ਼ਾਕ


PHOTO • Aslam Saiyad

ਸਵੇਰ ਤੋਂ ਸਖ਼ਤ ਮਿਹਨਤ ਕਰਨ ਤੋਂ ਬਾਅਦ ਦੁਪਹਿਰ ਦੀ ਝਪਕੀ ਲੈਣ ਦਾ ਵੇਲ਼ਾ। 2020 ਵਿੱਚ, ਮੰਜ਼ੂਰ ਦਾ ' ਘਰ ' ਦੁਧ ਬਜ਼ਾਰ ਦੇ ਪਖ਼ਾਨੇ ਦੇ ਐਨ ਨਾਲ਼ ਕਰਕੇ ਖੁੱਲ੍ਹੀ ਥਾਂ (ਘਰ) ਹੀ ਸੀ।  ਉਹ ਸਵੇਰ ਦੇ 5 ਵਜੇ ਤੋਂ 11 (ਸਵੇਰ ਦੇ) ਵਜੇ ਤੱਕ ਕੰਮ ਕਰਦੇ ਅਤੇ ਦੋਬਾਰਾ ਫਿਰ ਦੁਪਹਿਰ ਦੀ ਰੋਟੀ ਅਤੇ ਕੁਝ ਅਰਾਮ ਕਰਨ ਤੋਂ ਬਾਅਦ 1 ਵਜੇ  ਤੋਂ ਸ਼ਾਮੀਂ 5 ਵਜੇ ਤੱਕ ਕੰਮ ਕਰਦੇ


PHOTO • Aslam Saiyad

ਭਿਸ਼ਤੀ ਦੇ ਕੰਮ ਵਿੱਚ ਮੰਜ਼ੂਰ ਦੇ ਹਿੱਸੇਦਾਰ ਆਲਮ, ਨਲ ਬਜ਼ਾਰ ਵਿਖੇ ਸੜਕ ਦੇ ਕੰਢੇ ਬਣੀਆਂ ਦੁਕਾਨਾਂ (ਫੇਰੀ ਵਾਲ਼ਿਆਂ) ਨੂੰ ਪਾਣੀ ਸਪਲਾਈ ਕਰਦੇ ਹੋਏ। ਸਾਲ ਦੇ ਹਰੇਕ 3-6 ਮਹੀਨਿਆਂ ਬਾਅਦ ਆਲਮ, ਮੰਜ਼ੂਰ ਤੋਂ ਵਿਦਾ ਲੈਂਦੇ ਹਨ ਅਤੇ  ਬਿਹਾਰ ਵਿਖੇ ਆਪਣੇ ਪਰਿਵਾਰ ਕੋਲ਼ ਚਲੇ ਜਾਂਦੇ ਹਨ


PHOTO • Aslam Saiyad

ਜਨਵਰੀ 2021 ਨੂੰ ਨਲ ਬਜ਼ਾਰ ਵਿਖੇ ਮਜ਼ਦੂਰਾਂ ਨੂੰ ਪਾਣੀ ਸਪਲਾਈ ਕਰਦੇ ਹੋਏ ਆਲਮ


PHOTO • Aslam Saiyad

ਭਿੰਡੀ ਬਜ਼ਾਰ ਵਿਖੇ ਨਵਾਬ ਅਯਾਜ਼ ਮਸਜਿਦ ਦੇ ਨੇੜੇ ਇੱਕ ਦੁਕਾਨ ਦੇ ਸਾਹਮਣੇ ਆਪਣੀ ਮਸ਼ਕ ਨਾਲ਼ ਪਾਣੀ ਤਰੋਂਕਦੇ ਹੋਏ ਬਾਬੂ ਨੱਯਰ। ਉਹ ਇਸ ਇਲਾਕੇ ਵਿੱਚ ਬਤੌਰ ਭਿਸ਼ਤੀ ਕੰਮ ਕਰਦੇ ਹਨ। ਕਈ ਦੁਕਾਨਾਂ ਵਾਲ਼ੇ ਆਪਣੀਆਂ ਦੁਕਾਨਾਂ ਦੀ ਮੂਹਰਲੀ ਥਾਂ ਨੂੰ ਸਾਫ਼ ਕਰਨ ਲਈ ਭਿਸ਼ਤੀਆਂ ਨੂੰ ਬੁਲਾਉਂਦੇ ਹਨ। ਬਾਬੂ, ਆਲਮ ਅਤੇ ਮੰਜ਼ੂਰ ਬਿਹਾਰ ਦੇ ਕਠਿਹਾਰ ਜ਼ਿਲ੍ਹੇ ਦੇ ਇੱਕੋ ਪਿੰਡ ਤੋਂ ਹਨ


PHOTO • Aslam Saiyad

ਜਨਵਰੀ 2021 ਨੂੰ ਬਾਬੂ, ਯੁਨੁਸ ਸ਼ੇਖ (ਖੱਬੇ) ਨੂੰ ਆਪਣੀ ਮਸ਼ਕ ਦਿਖਾਉਂਦੇ ਹੋਏ ਮਸ਼ਕ ਵਿੱਚ ਤਿੰਨ ਮੋਰੀਆਂ ਸਨ ਅਤੇ ਇਹਨੂੰ ਮੁਰੰਮਤ ਦੀ ਲੋੜ ਸੀ ਯੁਨੁਸ ਨੇ ਇਸ ਕੰਮ ਬਦਲੇ 120 ਰੁਪਏ ਮੰਗੇ, ਪਰ ਬਾਬੂ ਸਿਰਫ਼ 50 ਰੁਪਏ ਹੀ ਦੇ ਸਕੇ


PHOTO • Aslam Saiyad

ਬਾਬੂ ਦੀ ਮਸ਼ਕ ਦੀ ਮੁਰੰਮਤ ਕਰਦੇ ਹੋਏ ਯੁਨੁਸ, ਜੋ ਭਿੰਡੀ ਬਜ਼ਾਰ ਵਿਖੇ ਨਵਾਬ ਅਯਾਜ਼ ਮਸਜਿਦ ਦੇ ਨੇੜੇ ਇੱਕ ਇਮਾਰਤ ਨੂੰ ਜਾਂਦੀਆਂ ਪੌੜੀਆਂ ਦੇ ਬੂਹੇ ' ਤੇ ਬੈਠੇ ਹਨ


PHOTO • Aslam Saiyad

ਮੁਰੰਮਤ ਤੋਂ ਬਾਅਦ ਪੰਜ-ਫੁੱਟ-ਲੰਬੀ ਮਸ਼ਕ ਨੂੰ ਚੁੱਕੀ ਖੜ੍ਹੇ ਯੁਨੁਸ ਇਸ ਫ਼ੋਟੋ ਦੇ ਲਏ ਜਾਣ ਤੋਂ ਦੋ ਮਹੀਨਿਆਂ ਬਾਅਦ ਉਹ ਬਹਿਰਾਇਚ ਵਾਪਸ ਆਪਣੇ ਘਰ ਚਲੇ ਗਏ ਅਤੇ ਦੋਬਾਰਾ ਕਦੇ ਨਾ ਮੁੜੇ। ਮੁੰਬਈ ਹੁਣ (ਤਾਲਾਬੰਦੀ ਤੋਂ ਬਾਅਦ) ਉਨ੍ਹਾਂ ਦੀ ਕੋਈ ਕਮਾਈ ਨਹੀਂ ਰਹੀ ਸੀ, ਉਨ੍ਹਾਂ ਕਿਹਾ, ਹਾਲਾਤਾਂ ਦੀ ਮਾਰ ਨੇ ਉਨ੍ਹਾਂ ਨੂੰ ਮਸ਼ਕ ਦੀ ਮੁਰੰਮਤ ਕਰਨ ਜੋਗੀ ਤਾਕਤ ਵੀ ਨਹੀਂ ਛੱਡੀ


PHOTO • Aslam Saiyad

ਹੁਣ ਆਪਣੇ ਗਾਹਕਾਂ ਨੂੰ ਪਾਣੀ ਸਪਲਾਈ ਕਰਨ ਵਾਸਤੇ ਬਾਬੂ ਪਲਾਸਟਿਕ ਦੀ ਕੈਨੀ (ਵੱਡੀ ਬੋਤਲ) ਦਾ ਇਸਤੇਮਾਲ ਕਰਦੇ ਹਨ


PHOTO • Aslam Saiyad

ਯੁਨੁਸ ਤੋਂ ਬਾਅਦ, ਮਸ਼ਕ ਦੀ ਮੁਰੰਮਤ ਕਰਨ ਵਾਲ਼ਾ ਕੋਈ ਨਹੀਂ ਸੀ ਇਸਲਈ ਮੰਜ਼ੂਰ ਨੂੰ ਵੀ ਮਸ਼ਕ ਲਾਂਭੇ ਰੱਖ ਕੇ ਪਲਾਸਟਿਕ ਦੀਆਂ ਬਾਲਟੀਆਂ ' ਤੇ ਟੇਕ ਲਾਉਣੀ ਪਈ। ਇੱਥੇ, ਜਨਵਰੀ 2022 ਨੂੰ, ਨਲ ਬਜ਼ਾਰ ਵਿਖੇ ਛੋਟੀਆਂ ਦੁਕਾਨਾਂ ' ਤੇ ਦਿਨ ਵੇਲ਼ੇ ਕੰਮ ਕਰਨ ਵਾਲ਼ਿਆਂ ਅਤੇ ਰਾਤ ਨੂੰ ਸੜਕਾਂ ' ਤੇ ਰਹਿਣ ਵਾਲ਼ੇ ਮਜ਼ਦੂਰਾਂ ਨੂੰ ਪਾਣੀ ਪਹੁੰਚਾਉਂਦੇ


PHOTO • Aslam Saiyad

ਪਾਣੀ ਦੀ ਸਪਲਾਈ ਕਰਨ ਤੋਂ ਬਾਅਦ, ਮੰਜ਼ੂਰ ਦੋਬਾਰਾ ਬਾਲਟੀ ਭਰਨ ਲਈ ਆਪਣੀ ਟੈਂਕੀ ਵੱਲ ਵਾਪਸ ਆ ਰਹੇ ਹਨ


PHOTO • Aslam Saiyad

ਟੈਂਕਰਾਂ ਨੇ ਭਿਸ਼ਤੀਆਂ ਦੇ ਕੰਮ ' ਤੇ ਕਬਜ਼ਾ ਕਰ ਲਿਆ ਹੈ, ਹੁਣ ਬਿਜਲੀ ਵਾਲ਼ੀ ਮੋਟਰ ਦੇ ਨਾਲ਼ ਪਾਣੀ ਸਿੱਧਿਆਂ ਹੀ ਇਮਾਰਤਾਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ


PHOTO • Aslam Saiyad

ਨਲ ਬਜ਼ਾਰ ਦੁਕਾਨ ਵਿਖੇ ਵਿਕਰੀ ਲਈ ਪਏ ਪਲਾਸਟਿਕ ਦੇ ਡਰੱਮ। ਭਿਸ਼ਤੀਆਂ ਅੰਦਰ ਇਹ ਕਾਫ਼ੀ ਲੋਕਪ੍ਰਿਯ ਹਨ, ਜੋ ਕਿਰਾਏ ਦੀ ਲੋਹੇ ਦੀ ਟੈਂਕੀ ਨੂੰ ਇਨ੍ਹਾਂ ਡਰੱਮਾਂ ਨਾਲ਼ ਬਦਲ ਰਹੇ ਹਨ


PHOTO • Aslam Saiyad

ਨਲ ਬਜ਼ਾਰ ਵਿਖੇ ਪਾਣੀ ਦੀ ਸਪਲਾਈ ਕਰਨ ਤੋਂ ਬਾਅਦ ਆਪਣੀ ਮਸ਼ਕ ਚੁੱਕੀ ਵਾਪਸ ਮੁੜਦੇ ਮੰਜ਼ੂਰ ਆਲਮ ਸ਼ੇਖ ਦੀ ਪੁਰਾਣੀ ਤਸਵੀਰ। ' ਮਸ਼ਕ ਵਿੱਚ ਪਾਣੀ ਲਿਜਾਣ ਦੀ ਪਰੰਪਰਾ ਹੁਣ ਖ਼ਤਮ ਹੋ ਚੁੱਕੀ ਹੈ '


ਤਰਜਮਾ: ਕਮਲਜੀਤ ਕੌਰ

Photos and Text : Aslam Saiyad

اسلم سید، ممبئی میں فوٹوگرافی اور فوٹو جرنلزم پڑھاتے ہیں، اور ’ہلو ہلو‘ ہیریٹج واکس کے شریک کار بانی ہیں۔ ’دی لاسٹ بھشتی‘ عنوان سے ان کی تصاویر پر مبنی سیریز کی نمائش پہلی بار مارچ ۲۰۲۱ میں کانفلوئنس میں لگائی گئی تھی، جو پانی سے جڑی کہانیوں پر مبنی ممبئی کی ایک ورچوئل نمائش ہے، اور اسے ’لیونگ واٹرز میوزیم‘ کا تعاون حاصل ہے۔ اسلم فی الحال ممبئی میں بائیسکوپ شو کے طور پر اپنی تصویروں کی نمائش کر رہے ہیں۔

کے ذریعہ دیگر اسٹوریز Aslam Saiyad
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur