“ਕੰਮ ਦੇ 100 ਦਿਨ ਕਦੇ ਵੀ ਪੂਰੇ ਨਹੀਂ ਹੁੰਦੇ। ਇਸ ਸਾਲ ਵੀ ਸਿਰਫ਼ 50 ਦਿਨ ਹੀ ਕੰਮ ਮਿਲ਼ਿਆ,” ਆਰ. ਵਨਜਾ ਨੇ ਕਿਹਾ। ਉਹ ਬੰਗਲਾਮੇਡੂ ਬਸਤੀ ਵਿਖੇ ਵੇਲਿਕੈਥਨ ਮਾਰਮ ਰੁੱਖ ਦੀ ਵਿਰਲੀ ਛਾਵੇਂ ਕਰੀਬ 18 ਔਰਤਾਂ ਅਤੇ 2-3 ਪੁਰਸ਼ਾਂ ਦੇ ਇੱਕ ਝੁੰਡ ਦੇ ਨਾਲ਼ ਭੁੰਜੇ ਬੈਠੀ ਸਨ। ਉਹ 2019 ਵਿੱਚ ਇੱਕ ਦਸੰਬਰ ਦੇ ਸਵੇਰ ਨੂਰ ਨਲ ਵੇਲਈ (ਕੰਮ ਦੇ ਸੌ ਦਿਨ) ਜਿਵੇਂ ਕਿ ਉਹ ਤਮਿਲ ਵਿੱਚ ਮਨਰੇਗਾ ਦੇ ਕੰਮ ਨੂੰ ਕਹਿੰਦੇ ਹਨ, ‘ਤੇ ਚਰਚਾ ਕਰ ਰਹੇ ਸਨ, ਆਪਣੀ ਮਜ਼ਦੂਰੀ ਦਾ ਅਨੁਮਾਨ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵਨਜਾ ਕਰੀਬ 20 ਸਾਲਾਂ ਦੀ ਹਨ ਅਤੇ 35 ਇਰੂਲਾ ਪਰਿਵਾਰਾਂ ਦੀ ਇਸ ਬਸਤੀ ਵਿੱਚ ਬਹੁਤੇਰੇ ਬਾਲਗ਼ਾਂ ਵਾਂਗਰ, ਦਿਹਾੜੀ ਧੱਪਾ ਹੀ ਕਰਦੀ ਹਨ।
ਤਮਿਲਨਾਡੂ ਦੇ ਥਿਰੂਵੱਲੂਰ ਜ਼ਿਲ੍ਹੇ ਦੇ ਤਿਰੂੱਤਨੀ ਬਲਾਕ ਦੀ ਚੇਰੂੱਕਨੂਰ ਪੰਚਾਇਤ ਦੇ ਇਸ ਭਾਗ ਵਿੱਚ, ਪੁਰਸ਼ ਆਮ ਤੌਰ ‘ਤੇ ਗ਼ੈਰ-ਨਰੇਗਾ ਕੰਮ ਕਰਦੇ ਹਨ। ਉਹ ਖੇਤਾਂ ਦੇ ਕੰਢੇ ਕੰਢੇ ਖਾਲ਼ ਪੁੱਟਦੇ ਹਨ, ਅੰਬ ਦੇ ਬਗ਼ੀਚਿਆਂ ਨੂੰ ਪਾਣੀ ਲਾਉਂਦੇ ਹਨ, ਨਿਰਮਾਣ-ਥਾਵਾਂ ‘ਤੇ ਦਿਹਾੜੀਆਂ ਲਾਉਂਦੇ ਹਨ, ਸਵੁੱਕੂ ਰੁੱਖਾਂ ਨੂੰ ਕੱਟਦੇ ਹਨ ਜਿਨ੍ਹਾਂ ਦੀ ਵਰਤੋਂ ਮਚਾਨ ਬਣਾਉਣ, ਕਾਗ਼ਜ਼ ਦਾ ਗੁੱਦਾ, ਬਾਲ਼ਣ ਅਤੇ ਹੋਰ ਕਈ ਉਦੇਸ਼ਾਂ ਲਈ ਕੀਤੀ ਜਾਂਦੀ ਹੈ । ਇਨ੍ਹਾਂ ਕੰਮਾਂ ਦੇ ਬਦਲੇ ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲ਼ਦੀ ਹੈ।
ਪਰ ਇਹ ਸਾਰੀਆਂ ਨੌਕਰੀਆਂ ਮੌਸਮੀ ਅਤੇ ਅਣਕਿਆਸੀਆਂ ਹਨ। ਮਾਨਸੂਨ ਦੌਰਾਨ, ਜਿਸ ਦਿਨ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ਼ਦਾ, ਉਸ ਦਿਨ ਤਮਿਲਨਾਡੂ ਵਿਖੇ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹ ਵਜੋਂ ਸੂਚੀਬੱਧ ਹਨ ਇਹ ਇਰੂਲਾ ਲੋਕ ਬਗ਼ੈਰ ਕਿਸੇ ਆਮਦਨੀ ਦੇ ਡੰਗ ਟਪਾਉਂਦੇ ਹਨ ਅਤੇ ਖਾਣ ਲਈ ਨੇੜਲੇ ਜੰਗਲਾਂ ਵਿੱਚ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਜਾਂ ਫ਼ਲ ਅਤੇ ਕੰਦ-ਮੂਲ਼ ਤਲਾਸ਼ਦੇ ਹਨ। (ਦੇਖੋ: Digging up buried treasures in Bangalamedu ਅਤੇ On a different route with rats in Bangalamedu )।
ਅਤੇ ਔਰਤਾਂ ਵਾਸਤੇ ਦਿਹਾੜੀ-ਧੱਪੇ ਵਾਲ਼ੀਆਂ ਖਿੰਡੀਆਂ-ਪੁੰਡੀਆਂ ਨੌਕਰੀਆਂ ਵੀ ਸ਼ਾਇਦ ਹੀ ਕਦੇ ਮੌਜੂਦ ਹੁੰਦੀਆਂ ਹੋਣ। ਕਦੇ-ਕਦੇ ਉਹ ਆਪਣੇ ਪਤੀਆਂ ਦੇ ਨਾਲ਼ ਨੇੜਲੇ ਇੱਟ-ਭੱਠਿਆਂ ‘ਤੇ ਕੰਮ ਕਰਦੀਆਂ ਹਨ, ਜੋ ਕੰਮ ਜਨਵਰੀ-ਫਰਵਰੀ ਵਿੱਚ ਸ਼ੁਰੂ ਹੋ ਕੇ ਮਈ-ਜੂਨ ਤੱਕ ਚੱਲਦਾ ਹੈ। ਪਰ ਇਹ ਕੰਮ ਵੀ ਨਿਰੰਤਰ ਨਹੀਂ ਚੱਲਦਾ ਹੈ ਅਤੇ ਪਤੀ-ਪਤਨੀ ਰਲ਼ ਕੇ ਵੀ ਪੂਰੇ ਇੱਕ ਸੀਜ਼ਨ ਵਿੱਚ 6,000 ਰੁਪਏ ਹੀ ਕਮਾਉਂਦੇ ਹਨ।
ਕਈ ਵਾਰੀ, ਔਰਤਾਂ ਮੂੰਗਫਲੀ ਦੀ ਫ਼ਸਲ ਪੁੱਟਦੀਆਂ/ਤੋੜਦੀਆਂ ਹਨ ਅਤੇ ਕਰੀਬ ਕਰੀਬ 110 ਰੁਪਏ ਦਿਹਾੜੀ ਪਾਉਂਦੀਆਂ ਹਨ ਜਾਂ ਆਪਣੇ ਪਤੀਆਂ ਦੇ ਨਾਲ਼ ਰਲ਼ ਕੇ ਮੂੰਗਫਲੀ ਦੀਆਂ ਗੰਢੀਆਂ ਸਾਫ਼ ਕਰਨ ਤੋਂ ਬਾਅਦ ਉਨ੍ਹਾਂ ਵਿੱਚੋਂ ਦਾਣੇ ਕੱਢਣ ਦਾ ਕੰਮ ਕਰਦੀਆਂ ਹਨ ਅਤੇ ਫਿਰ ਉਨ੍ਹਾਂ ਦੀ ਪੈਕਿੰਗ ਕਰਦੀਆਂ ਹਨ- ਇਸ ਪੂਰੇ ਕੰਮ ਬਦਲੇ ਦੋਵਾਂ (ਪਤੀ-ਪਤਨੀ) ਨੂੰ 400-450 ਰੁਪਏ ਦਿਹਾੜੀ ਮਿਲ਼ਦੀ ਹੈ। ਪਰ ਇਹ ਕੰਮ ਵੀ ਮੁਸ਼ਕਲ ਹੀ ਮਿਲ਼ਦਾ ਹੈ।
ਕੁੱਲ ਮਿਲ਼ਾ ਕੇ ਦੇਖੀਏ ਤਾਂ ਦਿਹਾੜੀਦਾਰ ਕੰਮਾਂ ਵਾਸਤੇ ਔਰਤਾਂ ਪੂਰੀ ਤਰ੍ਹਾਂ ਮਨਰੇਗਾ ‘ਤੇ ਹੀ ਨਿਰਭਰ ਹਨ।
“ਔਰਤਾਂ ਵਾਸਤੇ ਨੌਕਰੀਆਂ ਕਿੱਥੇ ਹਨ?” 28 ਸਾਲਾ ਐੱਸ. ਸੁਮਤੀ ਪੁੱਛਦੀ ਹਨ ਜੋ ਵਨਜਾ ਦੀ ਗੁਆਂਢਣ ਹਨ ਅਤੇ ਆਪਣੇ ਪਤੀ ਕੇ. ਸ਼੍ਰੀਰਾਮੁਲੁ ਦੇ ਨਾਲ਼ ਇੱਕ ਕੱਚੇ ਮਕਾਨ ਵਿੱਚ ਰਹਿੰਦੀ ਹਨ। “ ਨੂਰ ਨਲ ਵੇਲਈ ਸਾਡਾ ਇੱਕੋ-ਇੱਕ ਰੁਜ਼ਗਾਰ ਹੈ।”
ਮਨਰੇਗਾ ਜਾਂ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ, 2005 ਪਿੰਡ ਦੇ ਹਰੇਕ ਪਰਿਵਾਰ ਨੂੰ ਇੱਕ ਸਾਲ ਵਿੱਚ ਘੱਟੋ-ਘੱਟ 100 ਦਿਨਾਂ ਦਾ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ।
ਉਸ ਮਰਾਮ ( ਪ੍ਰੋਸੋਪਿਸ ਜੂਲੀਫਲੋਰਾ ) ਦੇ ਰੁੱਖ ਹੇਠਾਂ ਬੈਠੇ ਸਮੂਹ ਨੇ ਨਾਮ ਲੈਣੇ ਸ਼ੁਰੂ ਕੀਤੇ ਅਤੇ ਮੈਨੂੰ ਬੰਗਲਾਮੇਡੂ ਦੇ 35 ਪਰਿਵਾਰਾਂ ਬਾਰੇ ਪੂਰਾ ਬਿਓਰਾ ਦਿੰਦਿਆਂ ਕਿਹਾ ਕਿ ਇਨ੍ਹਾਂ ਸਾਰੇ ਪਰਿਵਾਰਾਂ ਵਿੱਚ 25 ਔਰਤਾਂ (ਅਤੇ ਦੋ ਪੁਰਸ਼ਾਂ) ਦੇ ਕੋਲ਼ ਨਰੇਗਾ ਜਾਬ ਕਾਰਡ ਹੈ। “ਉਹ ਸਾਨੂੰ ਏਰੀ ਵੇਲਈ (ਝੀਲ਼ ਦੇ ਕੰਮ) ਲਈ ਸੱਦਦੇ ਹਨ,” ਸੁਮਤੀ ਨੇ ਇਨ੍ਹਾਂ ਕੰਮਾਂ ਵਾਸਤੇ ਸਥਾਨਕ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ। ਇਨ੍ਹਾਂ ਕੰਮਾਂ ਵਿੱਚ ਮੁੱਖ ਰੂਪ ਵਿੱਚ ਨਹਿਰਾਂ ਅਤੇ ਖਾਲ਼ਾਂ ਦੀ ਪੁਟਾਈ, ਸੁੱਕੀ ਝੀਲ਼ ਵਿੱਚੋਂ ਬੂਟੀਆਂ ਪੁੱਟਣਾ ਜਾਂ ਕਦੇ ਕਦੇ ਸੜਕਾਂ ਕੰਢੇ ਪੌਦੇ ਲਾਉਣ ਸ਼ਾਮਲ ਹੈ।
ਪਰ ਮਨਰੇਗਾ ਦਾ ਕੰਮ ਅਤੇ ਇਸ ਤੋਂ ਹੋਣ ਵਾਲ਼ੀ ਆਮਦਨੀ ਵੀ ਅਨਿਯਮਤ ਹੈ। ਚੇਰੂੱਕਨੁਰ ਪੰਚਾਇਤ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਕੰਮ ਦੇ ਦਿਨਾਂ ਦੀ ਔਸਤ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ- ਬੰਗਲਾਮੇਡੂ ਦੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਇੰਝ ਕਿਉਂ ਹੋ ਰਿਹਾ ਹੈ, ਪਰ ਉਨ੍ਹਾਂ ਨੂੰ ਜਾਪਦਾ ਹੈ ਕਿ ਇੰਝ ਸ਼ਾਇਦ ਇਸਲਈ ਹੋ ਰਿਹਾ ਹੈ ਕਿਉਂਕਿ ਪੰਚਾਇਤਾਂ ਦੁਆਰਾ ਕੁਝ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਦੱਸੇ ਅੰਕੜਿਆਂ ਅਨੁਸਾਰ, 2019-20 (ਵਿੱਤੀ ਸਾਲ) ਵਿੱਚ, ਇਹ ਪ੍ਰਤੀ ਪਰਿਵਾਰ ਸਿਰਫ਼ 49.22 ਦਿਨ ਸੀ- 2016-17 ਦੇ 93.48 ਦਿਨ ਤੋਂ ਕਾਫ਼ੀ ਘੱਟ ਸੀ।
“ਅਸੀਂ ਇੱਕ ਸਾਲ ਪਹਿਲਾਂ 80-90 ਦਿਨ ਵੀ ਕੰਮ ਕੀਤਾ ਹੋਇਆ ਹੈ। ਪਰ ਹੁਣ ਇੰਝ ਨਹੀਂ ਰਿਹਾ,” ਵਨਜਾ ਨੇ ਕਿਹਾ। ਉਨ੍ਹਾਂ ਦੇ ਘਰ ਦਾ ਖਰਚਾ ਨੂਰ ਵੇਲਈ ਦੀ ਤਨਖ਼ਾਹ ਸਿਰ ਹੀ ਚੱਲਦਾ ਹੈ, ਘਰ ਵਿੱਚ ਉਹ ਆਪਣੇ ਪਤੀ 21 ਸਾਲਾ ਆਰ. ਜਾਨਸਨ ਅਤੇ ਤਿੰਨ ਸਾਲਾ ਬੇਟਾ, ਸ਼ਕਤੀਵੇਲ ਵੇਲ ਨਾਲ਼ ਰਹਿੰਦੀ ਹਨ। ਇੱਕ ਮਜ਼ਦੂਰ ਦੇ ਰੂਪ ਵਿੱਚ ਜਾਨਸਨ ਦੀ ਆਮਦਨੀ ਦਾ ਬਹੁਤੇਰਾ ਹਿੱਸਾ ਉਨ੍ਹਾਂ ਵੱਲੋਂ ਖਰੀਦੇ ਪੁਰਾਣੇ ਮੋਟਰ-ਸਾਈਕਲ ਦੀਆਂ ਕਿਸ਼ਤਾਂ ਭਰਨ ਵਿੱਚ ਹੀ ਖਰਚ ਹੋ ਜਾਂਦਾ ਹੈ।
ਪਰ ਅਕਤੂਬਰ 2019 ਅਤੇ ਅਪ੍ਰੈਲ 2020 ਦਰਮਿਆਨ, ਵਨਜਾ ਨੂੰ ਸਿਰਫ਼ 13 ਦਿਨਾਂ ਦਾ ਮਨਰੇਗਾ ਕੰਮ ਮਿਲ਼ਿਆ। ਉਨ੍ਹਾਂ ਮਹੀਨਿਆਂ ਦੌਰਾਨ, ਪਰਿਵਾਰ ਨੂੰ ਜਾਨਸਨ ਦੀ ਮਜ਼ਦੂਰੀ ਸਿਰ ਨਿਰਭਰ ਰਹਿਣਾ ਪਿਆ। “ਉਨ੍ਹਾਂ ਨੇ ਜੋ ਕੁਝ ਵੀ ਕਮਾਇਆ, ਅਸੀਂ ਉਹਨੂੰ ਘਰੇਲੂ ਲੋੜਾਂ ‘ਤੇ ਖ਼ਰਚ ਕਰ ਦਿੱਤਾ,” ਵਨਜਾ ਨੇ ਦੱਸਿਆ।
ਇਸ ਤੋਂ ਇਲਾਵਾ, ਤਮਿਲਨਾਡੂ ਵਿੱਚ ਮਨਰੇਗਾ ਕਾਰਜ ਵਿੱਚ ਘੱਟੋਘੱਟ ਦਿਹਾੜੀ ਮਜ਼ੂਦਰੀ 299 ਰੁਪਏ (ਸਾਲ 2019-20 ਵਾਸਤੇ)- ਨੂੰ ਜਾਬ ਕਾਰਡ ‘ਤੇ ਸਿਰਫ਼ 140-170 ਰੁਪਏ ਦਰਜ ਕੀਤਾ ਗਿਆ ਹੈ। ਚੇਰੂੱਕਨੁਰ ਪੰਚਾਇਤ ਦੇ ਤਹਿਤ ਰਾਮਕ੍ਰਿਸ਼ਨਪੁਰਮ ਬਸਤੀ ਦੀ ਨਿਵਾਸੀ 31 ਸਾਲਾ ਐੱਸ.ਐੱਸ. ਨਿਤਯਾ, ਜੋ ਬੰਗਲਾਮੇਡੂ ਲਈ ਪਣਿਢਾਲਾ ਪੋਰੂੱਪਲਰ (ਪੀਪੀ), ਸਥਾਨਕ ਨਿਗਰਾਨ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਜਿੰਨੀ ਮਜ਼ਦੂਰੀ ਲਾਜ਼ਮੀ ਕੀਤੀ ਗਈ ਹੈ ਉਸ ਤੋਂ ਘੱਟ ਕਿਉਂ ਹੈ।
“ ਓਵਰਸ ਨੇ ਤੈਅ ਕੀਤਾ ਕਿ ਹਰੇਕ ਵਿਅਕਤੀ ਕਿੰਨਾ ਕੰਮ ਕਰੇਗਾ ਅਤੇ ਉਸ ਸਮੇਂ ਲਈ ਉਹਨੂੰ ਕਿੰਨੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ,”ਉਨ੍ਹਾਂ ਨੇ ਦੱਸਿਆ। ਇੰਜੀਨਿਅਰ ਨੂੰ ‘ ਓਵਰਸਾਰ ’ ਵੀ ਕਿਹਾ ਜਾਂਦਾ ਹੈ- ਕਦੇ-ਕਦੇ ਉਨ੍ਹਾਂ ਨੂੰ ‘ਓਵਰਸਾਰ’ ਜਾਂ ‘ ਓਵਰਸੰਮਾ ’ ਵੀ ਕਿਹਾ ਜਾਂਦਾ ਹੈ।“ਜੇਕਰ ਉਹ ਟੋਏ ਪੁੱਟ ਰਹੀਆਂ ਹਨ ਤਾਂ ਓਵਰਸ ਹੀ ਟੋਇਆਂ ਦੇ ਮਾਪ, ਟੋਇਆਂ ਦੀ ਗਿਣਤੀ ਅਤੇ ਉਸ ਕੰਮ ਲਈ ਰਾਸ਼ੀ ਤੈਅ ਕਰਦਾ ਹੈ। ਜਾਂ ਜੇਕਰ ਉਨ੍ਹਾਂ ਨੂੰ ਨਹਿਰ ਪੁੱਟਣੀ ਹੈ ਤਾਂ ਓਵਰਸ ਹੀ ਮਾਪ ਅਤੇ ਭੁਗਤਾਨ ਨੂੰ ਤੈਅ ਕਰਦਾ ਹੈ।”
ਜਾਬ ਕਾਰਡ ਨਾਲ਼ ਮਜ਼ਦੂਰਾਂ ਨੂੰ ਆਪਣੀ ਹਾਜ਼ਰੀ ਅਤੇ ਮਜ਼ਦੂਰੀ ‘ਤੇ ਨਜ਼ਰ ਰੱਖਣ ਵਿੱਚ ਮਦਦ ਮਿਲ਼ਦੀ ਹੈ। ਕਿਰਤੀ ਇਨ੍ਹਾਂ ਕਾਰਡਾਂ ਨੂੰ ਕੰਮ ਦੀ ਥਾਂ ‘ਤੇ ਨਾਲ਼ ਲਿਜਾਂਦੇ ਹਨ ਅਤੇ ਪੀਪੀ ਨੂੰ ਹਰ ਦਿਨ ਉਸ ‘ਤੇ ਹਾਜ਼ਰੀ ਲਾਉਣੀ ਪੈਂਦੀ ਹੈ। ਪਰ ਬੰਗਲਾਮੇਡੂ ਦੇ ਬਹੁਤੇਰੇ ਜਾਬ ਕਾਰਡਾਂ ‘ਤੇ ਇਹ ਵੇਰਵਾ ਮਜ਼ਦੂਰਾਂ ਦੇ ਅੰਦਾਜ਼ਿਆਂ ਨਾਲ਼ ਮੇਲ਼ ਨਹੀਂ ਖਾਂਦਾ।
ਇੰਝ ਇਸਲਈ ਹੋ ਸਕਦਾ ਹੈ ਕਿ ਮਜ਼ਦੂਰ ਸ਼ਾਇਦ ਕਾਰਡ ਆਪਣੇ ਨਾਲ਼ ਲਿਆਉਣਾ ਭੁੱਲ ਗਏ ਹੋਣ ਜਾਂ ਪੀਪੀ ਨੇ ਹੀ ਨਾ ਭਰਿਆ ਹੋਵੇ। ਪੀਪੀ ਇੱਕ ਰਜਿਸਟਰ ਵੀ ਰੱਖਦਾ ਹੈ, ਜੋ ਜ਼ਿਆਦਾ ਨਿਯਮਤ ਰੂਪ ਨਾਲ਼ ਭਰਿਆ ਜਾਂਦਾ ਹੈ ਅਤੇ ਉਹਨੂੰ ਤਿਰੂੱਤਨੀ ਦੇ ਬਲਾਕ ਵਿਕਾਸ ਦਫ਼ਤਰ ਵਿੱਚ ਕੰਪਿਊਟਰ ਓਪਰੇਟਰ ਨੂੰ ਭੇਜਿਆ ਜਾਂਦਾ ਹੈ, ਜਿੱਥੇ ਮੌਜੂਦ ਡਾਟਾ ਆਨਲਾਈਨ ਰੱਖਿਆ ਜਾਂਦਾ ਹੈ- ਇਹ ਉਦੋਂ ਹੋਇਆ ਜਦੋਂ 2017 ਵਿੱਚ ਮਨਰੇਗਾ ਦੀ ਮਜ਼ਦੂਰੀ ਦਾ ਹਸਤਾਂਤਰਣ ਡਿਜੀਟਲ ਕਰ ਦਿੱਤਾ ਗਿਆ ਸੀ (ਜੋ ਸਿੱਧੇ ਬੈਂਕ ਖਾਤਿਆਂ ਵਿੱਚ ਜਮ੍ਹਾ ਹੋ ਜਾਂਦਾ ਹੈ)।
ਡਿਜੀਟਲੀਕਰਨ ਤੋਂ ਪਹਿਲਾਂ, ਪੀਪੀ ਨਕਦ ਮਜ਼ਦੂਰੀ ਦਿੰਦੇ ਸਮੇਂ ਜਾਬ ਕਾਰਡਾਂ ਵਿੱਚ ਵੀ ਮਜ਼ਦੂਰੀ ਦੀ ਜਾਣਕਾਰੀ ਭਰਦੇ ਸਨ। “ਜਦੋਂ ਸਾਨੂੰ ਸਾਡੀ ਨੂਰ ਨਲ ਵੇਲਈ ਦੀ ਮਜ਼ਦੂਰੀ ਨਕਦ ਮਿਲ਼ਦੀ ਹੁੰਦੀ ਸੀ ਤਾਂ ਅਸੀਂ ਜਾਣ ਜਾਂਦੇ ਹੁੰਦੇ ਸਾਂ ਕਿ ਅਸੀਂ ਹਫ਼ਤੇ ਦਾ ਕਿੰਨਾ ਕੁ ਕਮਾ ਰਹੇ ਹਾਂ। ਹੁਣ ਇਹ ਬੈਂਕਾਂ ਵਿੱਚ ਆਉਂਦੀ ਹੈ। ਜੇ ਅਸੀਂ ਕਦੇ ਸਕੂਲ ਦਾ ਮੂੰਹ ਦੇਖਿਆ ਹੁੰਦਾ ਤਾਂ ਜ਼ਰੂਰ ਦੱਸ ਦਿੰਦੇ ਕਿ ਕਿੰਨੇ ਪੈਸੇ ਆ ਰਹੇ ਹਨ,” 43 ਸਾਲਾ ਵੀ. ਸਰੋਜਾ ਨੇ ਦੱਸਿਆ।
ਡਿਜੀਟਲ ਸੰਸਕਰਣ , ਜਿਹਨੂੰ ਅਪਡੇਟ ਕੀਤੀ ਗਈ ਹਾਜ਼ਰੀ ਅਤੇ ਮਜ਼ਦੂਰੀ ਦੇ ਵੇਰਵੇ ਦੇ ਨਾਲ਼ ਬਲਾਕ ਵਿਕਾਸ ਦਫ਼ਤਰ ਵਿਖੇ ਅਪਲੋਡ ਕੀਤਾ ਜਾਂਦਾ ਹੈ, ਜਨਤਕ ਰੂਪ ਨਾਲ਼ ਉਪਲਬਧ ਹੈ, ਪਰ ਇਰੂਲਾ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਕਈਆਂ ਕੋਲ਼ ਫ਼ੋਨ ਤੱਕ ਨਹੀਂ ਜਾਂ ਜੇ ਫ਼ੋਨ ਹਨ ਵੀ ਤਾਂ ਇੰਟਰਨੈੱਟ ਨਹੀਂ। ਆਨਲਾਈਨ ਦੁਨੀਆ ਨਾਲ਼ ਵਾਹ ਨਾ ਪਿਆ ਹੋਣਾ, ਜਟਿਲ ਫ਼ਾਰਮਾਂ ਅਤੇ ਵੈੱਬਪੇਜਾਂ ਨੂੰ ਲੱਭਣਾ ਹੋਰ ਮੁਸ਼ਕਲ ਕੰਮ ਬਣਾਉਂਦਾ ਹੈ।
ਇਸਲਈ ਹੁਣ ਜਾਬ ਕਾਰਡ, ਮਜ਼ਦੂਰਾਂ ਦੁਆਰਾ ਆਪਣੇ ਬੈਂਕ ਖ਼ਾਤਿਆਂ ਦੀ ਜਾਂਚ ਕਰਨ, ਵੇਰਵੇ ਦੀ ਪੁਸ਼ਟੀ ਕਰਨ ਅਤੇ ਪੀਪੀ ਨੂੰ ਸੂਚਿਤ ਕਰਨ ਤੋਂ ਬਾਅਦ ਹੀ ਅਪਡੇਟ ਕੀਤੇ ਜਾਂਦੇ ਹਨ। “ਜੇ ਅਸੀਂ ਮਜ਼ਦੂਰੀ ਮਿਲ਼ਣ ਤੋਂ ਪਹਿਲਾਂ ਹੀ (ਕਾਰਡ ‘ਤੇ) ਮਜ਼ਦੂਰੀ ਦਾ ਵੇਰਵਾ ਭਰ ਦੇਈਏ ਤਾਂ ਇਹ ਗ਼ਲਤਫ਼ਹਿਮੀ ਦਾ ਬਾਇਸ ਹੋ ਜਾਵੇਗਾ,” ਐੱਸਐੱਸ ਨਿਤਯਾ ਨੇ ਦੱਸਿਆ। “ਐਂਟਰੀ ਦਿਖਾਵੇਗੀ ਕਿ ਲੋਕਾਂ ਨੂੰ ਪੈਸਾ ਮਿਲ਼ ਗਿਆ, ਪਰ ਉਹ ਪੈਸਾ ਹਾਲੇ ਤੀਕਰ ਬੈਂਕਾਂ ਵਿੱਚ ਨਹੀਂ ਆਇਆ ਹੋਵੇਗਾ। ਲੋਕਾਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ।”
ਬੰਗਲਾਮੇਡੂ ਦੇ ਇਰੂਲਾ ਲੋਕਾਂ ਵਾਸਤੇ ਆਪਣੇ ਬੈਂਕ ਬੈਲੈਂਸ ਦੀ ਜਾਂਚ ਕਰਨ ਵਿੱਚ ਸਮਾਂ ਲੱਗਦਾ ਹੈ ਅਤੇ ਇਸ ਤਰ੍ਹਾਂ ਮਜ਼ਦੂਰੀ ਦਾ ਨੁਕਸਾਨ ਹੁੰਦਾ ਹੈ। “ਆਪਣੇ ਬੈਂਕ (ਬਸਤੀ ਤੋਂ ਚਾਰ ਕਿਲੋਮੀਟਰ ਦੂਰ, ਕੇ.ਜੀ. ਕੰਦਿਗਈ ਪੰਚਾਇਤ ਵਿੱਚ) ਜਾਣ ਲਈ ਸਾਨੂੰ ਮੁੱਖ ਸੜਕ ਤੱਕ, ਤਿੰਨ ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ। ਉੱਥੋਂ ਅਸੀਂ ਸਾਂਝਾ ਆਟੋ ਜਾਂ ਬੱਸ ਫੜ੍ਹਦੇ ਹਾਂ ਅਤੇ ਇੱਕ ਪਾਸੇ ਦਾ ਕਿਰਾਇਆ 10 ਰੁਪਏ ਲੱਗਦੇ ਹਨ,” ਸੁਮਤੀ ਨੇ ਕਿਹਾ। “ਜੇ ਪੈਸਾ ਨਾ ਆਵੇ ਤਾਂ ਸਾਨੂੰ ਦੋਬਾਰਾ ਦੋਬਾਰਾ ਜਾਣਾ ਪੈਂਦਾ ਹੈ,” 44 ਸਾਲਾ ਵੀ. ਸਰੋਜਾ ਨੇ ਕਿਹਾ।
ਬਣਦੀ ਪਹੁੰਚ ਵਿੱਚ ਸੁਧਾਰ ਲਿਆਉਣ ਲਈ, ਬੈਂਕਾਂ ਨੇ 'ਛੋਟਾ ਬੈਂਕ' ਸ਼ੁਰੂ ਕੀਤਾ ਹੈ। ਕੇਨਰਾ ਬੈਂਕ, ਜਿਹਦੀ ਵਰਤੋਂ ਇਰੂਲਾ ਕਰਦੇ ਹਨ, ਦੀ ਚੇਰੂੱਕਨੁਰ ਪੰਚਾਇਤ ਵਿੱਚ ਅਜਿਹੀ 'ਬਹੁਤ ਛੋਟੀ ਸ਼ਾਖਾ' ਹੈ। ਪਰ ਉਹ ਵੀ ਲਗਭਗ 4 ਕਿਲੋਮੀਟਰ ਦੂਰ ਹੈ ਅਤੇ ਸਿਰਫ਼ ਮੰਗਲਵਾਰ ਨੂੰ ਖੁੱਲ੍ਹਦੀ ਹੈ। ਇਨ੍ਹਾਂ ਸ਼ਾਖਾਵਾਂ ਵਿੱਚੋਂ ਉਹ ਆਪਣਾ ਬੈਲੈਂਸ ਚੈੱਕ ਕਰਨ ਸਕਦੇ ਹਨ ਅਤੇ 10,000 ਰੁਪਏ ਤੱਕ ਕੱਢ ਸਕਦੇ ਹਨ। ਇਸ ਤੋਂ ਜ਼ਿਆਦਾ ਪੈਸੇ ਕਢਵਾਉਣ ਲਈ ਉਨ੍ਹਾਂ ਨੂੰ ਕੇਜੀ ਕੰਦਿਗਈ ਦੀ ਮੁੱਖ ਸ਼ਾਖਾ ਦਾ ਦੌਰਾ ਕਰਨਾ ਪੈਂਦਾ ਹੈ।
ਛੋਟੇ ਬੈਂਕ ਦੀ ਭੁਗਤਾਨ ਪ੍ਰਣਾਲੀ ਅਧਾਰ-ਅਧਾਰਤ ਬਾਇਓਮੈਟ੍ਰਿਕਸ 'ਤੇ ਕੰਮ ਕਰਦੀ ਹੈ। ''ਮਸ਼ੀਨ ਮੇਰੇ ਅੰਗੂਠੇ ਦੇ ਨਿਸ਼ਾਨ ਨੂੰ ਕਦੇ ਪੜ੍ਹ ਨਹੀਂ ਪਾਉਂਦੀ,'' ਸੁਮਤੀ ਨੇ ਕਿਹਾ। ''ਮੈਂ ਆਪਣਾ ਅੰਗੂਠਾ ਲਾਉਂਦੀ ਰਹਿੰਦੀ ਹਾਂ ਪਰ ਉਹ ਕਦੇ ਕੰਮ ਨਹੀਂ ਕਰਦਾ। ਇਸਲਈ ਮੈਨੂੰ ਕੰਦਿਗਈ ਵਿਖੇ ਸਥਿਤ ਬੈਂਕ ਜਾ ਕੇ ਏਟੀਐੱਮ ਕਾਰਡ ਦਾ ਇਸਤੇਮਾਲ ਕਰਨਾ ਪੈਂਦਾ ਹੈ।''
ਬੈਂਕ ਪਿਛਲੇ ਪੰਜ ਲੈਣ-ਦੇਣ ਦੀ ਜਾਂਚ ਕਰਨ ਲਈ ਫ਼ੋਨ ਬੈਕਿੰਗ ਸੁਵਿਧਾ ਵੀ ਪ੍ਰਦਾਨ ਕਰਦਾ ਹੈ। ਪਰ ਸੁਮਤੀ ਅਤੇ ਹੋਰ ਔਰਤਾਂ ਇਸ ਸੇਵਾ ਤੋਂ ਅਣਜਾਣ ਹਨ। ''ਅਸੀਂ ਆਪਣੇ ਫ਼ੋਨ 'ਤੇ ਇਹ ਕਿਵੇਂ ਕਰੀਏ? ਅਸੀਂ ਨਹੀਂ ਜਾਣਦੇ,'' ਉਨ੍ਹਾਂ ਨੇ ਕਿਹਾ। ਫਿਰ ਵੀ, ਉਨ੍ਹਾਂ ਨੇ ਕਿਹਾ ਕਿ ਸਿੱਧੇ ਬੈਂਕ ਵਿੱਚ ਪੈਸੇ ਭੇਜਣ ਦੇ ਫ਼ਾਇਦੇ ਵੀ ਹਨ। ''ਜਦੋਂ ਹੱਥ ਵਿੱਚ ਨਕਦੀ ਹੁੰਦੀ ਹੈ ਤਾਂ ਪਤਾ ਹੀ ਚੱਲਦਾ ਪੈਸਾ ਕਿੱਥੇ ਕਿਵੇਂ ਖਰਚ ਹੋ ਗਿਆ। ਹੁਣ ਅਸੀਂ ਆਪਣੀ ਨੂਰ ਨਲ ਵੇਲਈ ਦਾ ਪੈਸਾ ਬੈਂਕ ਵਿੱਚ ਹੀ ਪਿਆ ਰਹਿਣ ਦਿੰਦੇ ਹਾਂ।''
ਕਈ ਵਾਰ, ਇਰੂਲਾ ਔਰਤਾਂ ਨੇ ਆਪਣੇ ਖਾਤੇ 'ਚ ਆਏ ਪੈਸਿਆਂ ਦਾ ਜੋ ਹਿਸਾਬ-ਕਿਤਾਬ ਰੱਖਿਆ ਹੁੰਦਾ ਹੈ ਉਹ ਪੈਸਾ ਘੱਟ ਜਾਂਦਾ ਹੈ, ਜਿਵੇਂ ਕਿ ਗੋਵਿੰਦਮਲ (ਖੱਬੇ) ਦੇ ਨਾਲ਼ ਹੋਇਆ। ਗੋਵਿੰਦਮਲ, ਜੋ ਹੁਣ ਕਰੀਬ 40 ਸਾਲ ਦੀ ਹਨ, ਨੇ 20 ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ, ਉਨ੍ਹਾਂ ਦੇ ਤਿੰਨ ਵੱਡੇ ਬੱਚੇ ਹਨ, ਅਤੇ ਇਹ ਇਕੱਲੀ ਰਹਿੰਦੀ ਹਨ। ਪ੍ਰਧਾਨਮੰਤਰੀ ਅਵਾਸ ਯੋਜਨਾ ਤਹਿਤ 2018-19 ਵਿੱਚ ਉਨ੍ਹਾਂ ਨੂੰ 170,000 ਰੁਪਏ ਮਿਲ਼ੇ ਸਨ ਅਤੇ ਉਹ ਉਨ੍ਹਾਂ ਦਿਹਾੜੀ ਲਈ ਮਨਰੇਗਾ ਮਜ਼ਦੂਰੀ ਦਾ ਦਾਅਵਾ ਕਰਨ ਦੀ ਹੱਕਦਾਰ ਸਨ ਜੋ ਦਿਹਾੜੀਆਂ ਉਨ੍ਹਾਂ ਨੇ ਕਿਤੇ ਹੋਰ ਕੰਮ ਕਰਨ ਦੀ ਬਜਾਇ ਆਪਣੇ ਘਰੇ (ਮਕਾਨ ਉਸਾਰੀ) ਲਾਈਆਂ। ਉਨ੍ਹਾਂ ਆਪਣੇ ਘਰੇ 65 ਦਿਨ ਦਿਹਾੜੀਆਂ ਲਾਈਆਂ ਅਤੇ ਮਿਲ਼ੇ ਪੈਸੇ ਨਾਲ਼ ਮਿਸਤਰੀ ਨੂੰ ਅਦਾਇਗੀ ਕੀਤੀ। ਉਹ ਉਮੀਦ ਕਰ ਰਹੀ ਸਨ ਕਿ ਇਹਦੇ ਬਦਲੇ ਉਨ੍ਹਾਂ ਦੇ ਖਾਤੇ ਵਿੱਚ 15,000 ਰੁਪਏ ਜਮ੍ਹਾ ਕਰ ਦਿੱਤੇ ਜਾਣਗੇ ਪਰ ਸਿਰਫ਼ 14,000 ਰੁਪਏ ਹੀ ਜਮ੍ਹਾਂ ਕੀਤੇ ਗਏ। ਇਸ ਤੋਂ ਇਲਾਵਾ, ਘਰ ਬਣਾਉਣ ਦੀ ਅਸਲੀ ਲਾਗਤ ਯੋਜਨਾ ਅਤੇ ਨਰੇਗਾ ਮਜ਼ਦੂਰੀ ਜ਼ਰੀਏ ਦਿੱਤੀ ਗਈ ਰਾਸ਼ੀ ਨਾਲ਼ੋਂ ਵੱਧ ਹੈ ਅਤੇ ਕਈ ਵਾਰੀ ਨਿਰਮਾਣ ਸਮੱਗਰੀ ਦੀ ਲਾਗਤ ਵੀ ਵੱਧ ਜਾਂਦੀ ਹੈ। ਇਸਲਈ ਗੋਵਿੰਦਮਲ ਦੇ ਇਸ ਪੱਕੇ ਘਰ ਦਾ ਫ਼ਰਸ ਅੱਧ-ਵਿਚਾਲ਼ੇ ਹੀ ਰਹਿ ਗਿਆ ਹੈ। ''ਮੇਰੇ ਕੋਲ਼ ਇਹਨੂੰ ਪੂਰਾ ਕਰਨ ਲਈ ਪੈਸਾ ਹੀ ਨਹੀਂ ਹੈ,'' ਉਹ ਕਹਿੰਦੀ ਹਨ।
2019 ਵਿੱਚ, ਸਰੋਜਾ ਨੇ ਵੀ ਏਰੀ ਵੇਲਈ ਕੰਮ ਦੀ ਬਜਾਇ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਕ ਸਾਲ ਲੰਘ ਗਿਆ, ਪਰ ਉਨ੍ਹਾਂ ਦੀ ਮਨਰੇਗਾ ਮਜ਼ਦੂਰੀ ਦੇ ਭੁਗਤਾਨ ਦਾ ਕੋਈ ਅਤਾ-ਪਤਾ ਨਹੀਂ। ''ਅਧਿਕਾਰੀ ਨੇ ਮਦਦ ਦਾ ਭਰੋਸਾ ਦਵਾਇਆ ਹੈ। ਦੇਖੋ ਕੀ ਬਣਦਾ ਹੈ,'' ਸਰੋਜਾ ਨੇ ਮਈ ਮਹੀਨੇ ਵਿੱਚ ਦੱਸਿਆ ਸੀ। ''ਜੇ ਏਰੀ ਵੇਲਈ ਤੋਂ ਪੈਸਾ ਨਾ ਆਇਆ ਤਾਂ ਮੈਂ ਮਿਸਤਰੀ ਦਾ ਭੁਗਤਾਨ ਕਿਵੇਂ ਕਰੂੰਗੀ? ਮੇਰਾ ਆਪਣਾ ਕੰਮ ਵੀ ਛੁੱਟ ਜਾਂਦਾ ਹੈ।'' ਉਦੋਂ ਤੀਕਰ, ਉਨ੍ਹਾਂ ਨੂੰ ਮਨਰੇਗਾ ਭੁਗਤਾਨ ਦੇ ਰੂਪ ਵਿੱਚ ਸਿਰਫ਼ 2,000 ਰੁਪਏ ਮਿਲ਼ੇ ਹਨ, ਹਾਲਾਂਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਉਨ੍ਹਾਂ ਨੇ ਆਪਣੇ ਘਰੇ ਇੱਕ ਮਹੀਨੇ ਤੱਕ ਕੰਮ ਕੀਤਾ ਸੀ ਤੇ ਉਨ੍ਹਾਂ ਨੂੰ ਘੱਟੋ ਤੋਂ ਘੱਟ 4,000-5,000 ਰੁਪਏ ਮਿਲ਼ਣੇ ਚਾਹੀਦੇ ਹਨ।
ਰੁਕਾਵਟਾਂ ਦੇ ਬਾਵਜੂਦ, ਮਨਰੇਗਾ ਨੇ ਬੰਗਲਾਮੇਡੂ ਦੀਆਂ ਔਰਤਾਂ ਨੂੰ ਹਰ ਸਾਲ 15,000-18,000 ਰੁਪਏ ਤੱਕ ਕਮਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ ਅਤੇ ਮਾਰਚ 2020 ਵਿੱਚ ਤਾਲਾਬੰਦੀ ਸ਼ੁਰੂ ਹੋਣ ਅਤੇ ਰੋਜ਼ੀਰੋਟੀ ਦੇ ਹੋਰ ਵਸੀਲਿਆਂ ਦੇ ਮੁੱਕਣ ਤੋਂ ਬਾਅਦ, ਮਨਰੇਗਾ ਦੇ ਪੈਸਿਆਂ ਨਾਲ਼ ਹੀ ਪਰਿਵਾਰਾਂ ਦਾ ਕੰਮ ਚੱਲ ਰਿਹਾ ਹੈ।
ਸੁਮਤੀ ਕਈ ਹਫ਼ਤਿਆਂ ਤੋਂ ਮਜ਼ਦੂਰੀ ਬਚਾ ਕੇ ਰੱਖ ਰਹੀ ਸਨ ਤਾਂਕਿ ਘਰ ਦੀ ਮੁਰੰਮਤ ਅਤੇ ਇਲਾਜ ਜਿਹੇ ਅਚਾਨਕ ਪੈਣ ਵਾਲ਼ੇ ਖਰਚਿਆਂ ਲਈ ਉਹ ਪੈਸਾ ਕੰਮ ਆ ਸਕੇ। ਪਰ ਜਦੋਂ ਮਈ ਵਿੱਚ ਤਾਲਾਬੰਦੀ ਵਿੱਚ ਢਿੱਲ ਦਿੱਤੀ ਗਈ ਤਾਂ ਉਨ੍ਹਾਂ ਨੇ ਇਹਦੇ ਬਦਲੇ 5,000 ਰੁਪਏ ਦੀ ਉਸ ਬਚਤ ਨਾਲ਼ ਆਪਣੇ ਘਰ ਦੇ ਬਾਹਰ ਇੱਕ ਛੋਟੀ ਜਿਹੀ ਹੱਟੀ ਪਾ ਲਈ, ਜਿੱਥੇ ਉਹ ਸਾਬਣ, ਮਿਰਚ ਅਤੇ ਹੋਰ ਜ਼ਰੂਰੀ ਸਮਾਨ ਵੇਚਦੀ ਹਨ। (ਤਾਲਾਬੰਦੀ ਦੌਰਾਨ, ਉਨ੍ਹਾਂ ਦੀ ਬਸਤੀ ਵਿੱਚ ਕੋਈ ਦੁਕਾਨ ਨਾ ਹੋਣ ਕਾਰਨ, ਇਰੂਲਾ ਸਰਕਾਰ, ਪੰਚਾਇਤ ਦੇ ਨੇਤਾਵਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਹੋਰ ਲੋਕਾਂ ਦੁਆਰਾ ਪ੍ਰਦਾਨ ਕੀਤੇ ਗਏ ਬੁਨਿਆਦੀ ਰਾਸ਼ਨਾਂ 'ਤੇ ਪੂਰੀ ਤਰ੍ਹਾਂ ਨਾਲ਼ ਨਿਰਭਰ ਸਨ)।
''ਕੋਈ ਕੰਮ ਨਹੀਂ ਹੈ, ਕੋਈ ਪੈਸਾ ਨਹੀਂ ਹੈ,'' ਸੁਮਤੀ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਦੱਸਿਆ ਸੀ, ਜਦੋਂ ਇੱਟ-ਭੱਠੇ ਅਤੇ ਕੰਮ ਦੀਆਂ ਹੋਰ ਥਾਵਾਂ ਬੰਦ ਸਨ। ਉਸ ਮਹੀਨੇ ਦੇ ਅਖੀਰਲੇ ਹਫ਼ਤੇ, ਬਸਤੀ ਵਿੱਚ ਮਨਰੇਗਾ ਥਾਵਾਂ 'ਤੇ ਕੰਮ ਦੋਬਾਰਾ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਕਾਰਨ ਬੰਗਲਾਮੇਡੂ ਦੇ ਨਿਵਾਸੀਆਂ ਨੂੰ ਥੋੜ੍ਹੀ ਵਿੱਤੀ ਰਾਹਤ ਮਿਲ਼ੀ ਸੀ।
ਤਰਜਮਾ: ਕਮਲਜੀਤ ਕੌਰ