ਆਰ. ਕੈਲਾਸਮ ਆਮ ਤੌਰ 'ਤੇ ਬੈਂਕ ਤੋਂ ਮੁੜਦਿਆਂ ਹੀ ਕਾਫੀ ਚਿੰਤਤ ਨਜ਼ਰ ਆਉਂਦੇ ਹਨ। ''ਜਦੋਂ ਵੀ ਮੈਂ ਆਪਣੀ ਪਾਸਬੁੱਕ ਅਪਡੇਟ ਕਰਾਉਣ ਜਾਂਦਾ ਹਾਂ, ਉਹ ਮੈਨੂੰ ਇਹ ਕਹਿ ਕੇ ਵਾਪਸ ਜਾਣ ਲਈ ਕਹਿੰਦੇ ਹਨ ਕਿ ਮਸ਼ੀਨ ਦੀ ਮੁਰੰਮਤ ਚੱਲ ਰਹੀ ਹੈ ਜਾਂ ਅਗਲੀ ਵਾਰ ਆਵੀਂ,'' ਉਹ ਕਹਿੰਦੇ ਹਨ।
ਇਹ ਸਾਰਾ ਕੁਝ ਵੀ ਉਦੋਂ ਜਦੋਂ ਉਨ੍ਹਾਂ ਨੂੰ ਆਪਣੀ ਬਸਤੀ, ਬੰਗਲਾਮੀਡੂ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਕੇ.ਜੀ. ਕਾਂਡੀਗਾਈ ਸ਼ਹਿਰ ਵਿੱਚ ਸਥਿਤ ਬੈਂਕ ਵਿੱਚ ਪੁੱਜਣ ਲਈ 2 ਘੰਟੇ ਪੈਦਾ ਤੁਲਨਾ ਪੈਂਦਾ ਹੈ। (ਇੱਕ ਸਾਲ ਪਹਿਲਾਂ ਤੱਕ ਅੱਧੀ ਦੂਰੀ ਵਾਸਤੇ ਬੱਸ ਸੇਵਾ ਉਪਲਬਧ ਸੀ, ਪਰ ਹੁਣ ਇਹ ਬੰਦ ਹੈ)।
ਬੈਂਕ ਵਿਖੇ ਉਨ੍ਹਾਂ ਦਾ ਅਸਲੀ ਸੰਘਰਸ਼ ਸ਼ੁਰੂ ਹੁੰਦਾ ਹੈ। ਤਮਿਲਨਾਡੂ ਦੇ ਥੀਰੂਵੈਲੌਰ ਜਿਲ੍ਹੇ ਦੇ ਕੇ.ਜੀ. ਕਾਂਡੀਗਾਈ ਦੀ ਕੇਨਰਾ ਬੈਂਕ ਸ਼ਾਖਾ ਵਿੱਚ ਪਾਸਬੁੱਕ ਦੀਆਂ ਐਂਟਰੀਆਂ ਪਾਉਣ ਲਈ ਸਵੈ-ਚਾਲਤ ਮਸ਼ੀਨ ਹੈ। ਕੈਲਾਸਮ ਇਸ ਮਸ਼ੀਨ ਨੂੰ ਇਸਤੇਮਾਲ ਕਰਨ ਦੇ ਯੋਗ ਨਹੀਂ ਹਨ। ''ਮੇਰੇ ਲਈ ਇਹ ਮਸ਼ੀਨ ਕਿਸੇ ਕੰਮ ਦੀ ਨਹੀਂ,'' ਉਹ ਕਹਿੰਦੇ ਹਨ।
ਇੱਕ ਸਵੇਰ, ਜਦੋਂ ਉਹ ਬੈਂਕ ਸਬੰਧੀ ਆਪਣੀਆਂ ਦਿੱਕਤਾਂ ਬਾਬਤ ਗੱਲ ਕਰ ਰਹੇ ਹੁੰਦੇ ਹਨ, ਤਾਂ ਨੇੜੇ ਹੀ ਵੇਲੀਕਾਥਨ ਰੁੱਖ ਦੀ ਛਾਵੇਂ ਬੈਠੀਆਂ ਕੁਝ ਔਰਤਾਂ ਵੀ ਇਸ ਗੱਲਬਾਤ ਵਿੱਚ ਸ਼ਾਮਲ ਹੁੰਦੀਆਂ ਹਨ। '' ਥਾਥਾ (ਬਾਬਾ) ਤੈਨੂੰ ਐਂਟਰੀਆਂ ਪਾਉਣ ਲਈ ਆਪਣੀ ਪਾਸਬੁੱਕ 'ਤੇ ਇੱਕ ਸਟੀਕਰ ਲਵਾਉਣਾ ਪੈਣਾ ਹੈ,'' ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ। ਉਹ ਆਪਣੀ ਥਾਂ ਸਹੀ ਹਨ: ਕੈਲਾਸਮ ਦੀ ਪਾਸਬੁੱਕ 'ਤੇ ਉਹ ਬਾਰਕੋਡ ਨਹੀਂ ਲੱਗਿਆ ਹੋਇਆ, ਜੋ ਮਸ਼ੀਨੀ ਐਂਟਰੀ ਲਈ ਲੋੜੀਂਦਾ ਹੈ। ''ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੇ ਸਟੀਕਰ ਕਿਉਂ ਨਹੀਂ ਦਿੱਤਾ। ਮੈਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ,'' ਉਹ ਕਹਿੰਦੇ ਹਨ। ਔਰਤਾਂ ਵੀ ਭੰਬਲਭੂਸੇ ਵਿੱਚ ਹਨ ਅਤੇ ਕਿਆਸ ਲਾਉਂਦੀਆਂ ਹਨ: ''ਜੇਕਰ ਤੁਸੀਂ ਏਟੀਐੱਮ ਕਾਰਡ ਲੈਂਦੇ ਹੋ ਤਾਂ ਹੀ ਤੁਹਾਨੂੰ ਸਟੀਕਰ ਮਿਲੇਗਾ,'' ਉਨ੍ਹਾਂ ਵਿੱਚੋਂ ਇੱਕ ਔਰਤ ਕਹਿੰਦੀ ਹੈ। ''ਤੁਹਾਨੂੰ 500 ਰੁਪਏ ਦੇ ਕੇ ਆਪਣਾ ਨਵਾਂ ਖਾਤਾ ਖੋਲ੍ਹਣਾ ਪੈਣਾ ਹੈ,'' ਦੂਜੀ ਔਰਤ ਕਹਿੰਦੀ ਹਨ। ''ਜੇਕਰ ਸਾਡਾ ਖਾਤਾ ਜ਼ੀਰੋ ਬੈਲੰਸ ਵਾਲਾ ਹੈ ਤਾਂ ਸਾਨੂੰ ਸਟੀਕਰ ਨਹੀਂ ਮਿਲ਼ਣਾ,'' ਤੀਜੀ ਔਰਤ ਕਹਿੰਦੀ ਹੈ। ਪਰ ਕੈਲਾਸਮ ਦੀ ਪਰੇਸ਼ਾਨੀ ਜਸ ਦੀ ਤਸ ਬਣੀ ਹੋਈ ਹੈ।
ਬੈਕਿੰਗ ਬਾਬਤ ਆਪਣੀ ਲੜਾਈ ਵਿੱਚ ਉਹ ਇਕੱਲੇ ਨਹੀਂ ਹਨ। ਬੰਗਲਾਮੀਡੂ ਵਿੱਚ ਕਈਆਂ ਲਈ ਆਪਣੇ ਖਾਤਿਆਂ ਨੂੰ ਚਾਲੂ ਰੱਖਣਾ, ਪੈਸੇ ਕਢਵਾਉਣਾ ਜਾਂ ਆਪਣੀ ਆਮਦਨੀ ਬਾਰੇ ਜਾਣਕਾਰੀ (ਟਰੈਕਿੰਗ) ਲੈਣਾ, ਸੁਖਾਲਾ ਕੰਮ ਨਹੀਂ। ਉਨ੍ਹਾਂ ਦੀ ਬਸਤੀ, ਜੋ ਅਧਿਕਾਰਕ ਤੌਰ 'ਤੇ ਚੇਰੂਕਨੌਰ ਏਰੋਲਾ ਬਸਤੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ, ਜੋ ਤਿਰੂਤਾਨੀ ਬਲਾਕ ਵਿੱਚ ਕਈ ਖੁੱਲ੍ਹੀਆਂ ਝਾੜੀਆਂ ਲੱਦੀ ਥਾਂ ਦੇ ਐਨ ਵਿਚਕਾਰ ਕਰਕੇ ਇੱਕੋ ਸੜਕ ਹੀ ਹੈ। ਸੜਕ ਦੇ ਦੋਵੀਂ ਪਾਸੀਂ ਏਰੋਲਾ ਦੇ 35 ਪਰਿਵਾਰਾਂ ਦੀਆਂ ਛੋਟੀਆਂ ਝੌਂਪੜੀਆਂ ਅਤੇ ਕੁਝ ਪੱਕੇ ਘਰ ਵੀ ਹੀ ਹਨ। (ਇਸ ਭਾਈਚਾਰੇ ਦਾ ਨਾਮ ਹੁਣ ਆਮ ਤੌਰ 'ਤੇ ਅਧਿਕਾਰਕ ਦਸਤਾਵੇਜਾਂ ਵਿੱਚ ਈਰੂਲਰ ਲਿਖਿਆ ਜਾਂਦਾ ਹੈ।)
ਕੈਲਾਸਮ ਉਮਰ 60 ਸਾਲ ਅਤੇ ਉਨ੍ਹਾਂ ਦੀ ਪਤਨੀ ਸੰਜੈਆਮਾ ਉਮਰ 45 ਸਾਲ, ਇਸੇ ਬਸਤੀ ਵਿੱਚ ਘਾਹ-ਫੂਸ ਦੀ ਛੱਤ ਵਾਲੀ ਕੱਚੀ ਝੌਂਪੜੀ ਵਿੱਚ ਰਹਿੰਦੇ ਹਨ। ਉਨ੍ਹਾਂ ਕੋਲ਼ ਚਾਰ ਬੱਕਰੀਆਂ ਹਨ, ਜਿਨ੍ਹਾਂ ਦੀ ਦੇਖਭਾਲ਼ ਸੰਜੈਆਮਾ ਕਰਦੀ ਹਨ; ਉਨ੍ਹਾਂ ਦੇ ਚਾਰੇ ਬਾਲਗ਼ ਬੱਚੇ ਆਪੋ-ਆਪਣੇ ਪਰਿਵਾਰਾਂ ਦੇ ਨਾਲ਼ ਬਾਹਰ ਗਏ ਹੋਏ ਹਨ। ਕੈਲਾਸਮ ਜੋ ਦਿਹਾੜੀ ਮਜ਼ਦੂਰੀ ਕਰਦੇ ਹਨ, ਕਹਿੰਦੇ ਹਨ, ''ਮੈਨੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਪੂਰਾ ਦਿਨ ਝੁਕੇ ਰਹਿਣਾ ਪੈਂਦਾ ਹੈ। ਇਸ ਕਰਕੇ ਮੇਰੇ ਪਿੱਠ ਵਿੱਚ ਸ਼ਦੀਦ ਦਰਦ ਰਹਿੰਦਾ ਹੈ ਜੋ ਮੇਰੀਆਂ ਹੱਡੀਆਂ ਦੁਖਦੀਆਂ ਹਨ। ਅੱਜਕੱਲ੍ਹ ਇੰਨੀਂ ਦਿਨੀਂ ਮੈਂ ਏਰੀ ਵੈਲੀ (ਮਨਰੇਗਾ ਤਹਿਤ ਤਲਾਅ ਦਾ ਕੰਮ) ਨੂੰ ਪਹਿਲ ਦਿੰਦਾ ਹਾਂ।'' ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਸਾਲ ਵਿੱਚ ਹਰੇਕ ਗ੍ਰਾਮੀਣ ਪਰਿਵਾਰ ਨੂੰ ਘੱਟ ਤੋਂ ਘੱਟ 100 ਦਿਨ ਕੰਮ ਦੇਣ ਦੀ ਗਰੰਟੀ ਦਿੰਦਾ ਹੈ- ਪਰ ਬੰਗਲਾਮੀਡੂ ਦੇ ਏਰੂਲਸ ਵਿੱਚ ਸ਼ਾਇਦ ਹੀ 100 ਦਿਨ ਦਾ ਕੰਮ ਮਿਲ਼ਦਾ ਹੋਵੇ।
ਏਰੂਲਸ- ਜੋ ਕਿ ਤਮਿਲਨਾਡੂ ਅੰਦਰ ਵਿਸ਼ੇਸ਼ ਰੂਪ ਵਿੱਚ ਕਮਜ਼ੋਰ ਕਬੀਲਾਈ ਸਮੂਹ (PVTG) ਵਜੋਂ ਸੂਚੀਬੱਧ ਹਨ- ਆਪਣੀ ਆਮਦਨੀ ਵਾਸਤੇ ਦਿਹਾੜੀ ਮਜ਼ਦੂਰੀ 'ਤੇ ਨਿਰਭਰ ਕਰਦੇ ਹਨ। ਬੰਗਲਾਮੇਡੂ ਵਿੱਚ ਪੁਰਸ਼ ਮੌਸਮੀ ਕੰਮ ਫੜ੍ਹਦੇ ਹਨ ਜਿਵੇਂ- ਝੋਨੇ ਦੇ ਖੇਤਾਂ ਵਿੱਚ, ਇੱਟਾਂ ਦੇ ਭੱਠਿਆਂ 'ਤੇ ਅਤੇ ਨਿਰਮਾਣ ਥਾਵਾਂ 'ਤੇ ਦਿਹਾੜੀਆਂ ਲਾ ਕੇ ਰੋਜਾਨਾ ਦੇ 350-400 ਰੁਪਏ ਨਕਦ ਕਮਾਉਂਦੇ ਹਨ। ਉਨ੍ਹੀਂ ਦਿਨੀਂ ਜਦੋਂ ਉਹ ਅਜਿਹਾ ਕੋਈ ਕੰਮ ਨਹੀਂ ਲੱਭ ਪਾਉਂਦੇ, ਉਦੋਂ ਉਹ ਨੇੜਲੇ ਝਾੜੀਆਂ ਵਾਲ਼ੇ ਜੰਗਲ ਵਿੱਚ ਖਾਣਯੋਗ ਫਲਾਂ ਅਤੇ ਜੜ੍ਹਾਂ ਦੀ ਭਾਲ਼ ਕਰਦੇ ਹਨ। ਉਹ ਰੋਜ਼ਮੱਰਾ ਦੇ ਖਾਣ ਪੀਣ ਲਈ ਛੋਟੇ ਜਾਨਵਰਾਂ ਜਿਵੇਂ ਚੂਹੇ, ਖ਼ਰਗੋਸ਼ ਅਤ ਗਿਲਹਿਰੀ ਅਤੇ ਪੰਛੀਆਂ ਦਾ ਵੀ ਸ਼ਿਕਾਰ ਕਰਦੇ ਹਨ। ( ਬੰਗਲਾਮੇਡੂ ਵਿੱਚ ਦੱਬੇ ਖ਼ਜਾਨੇ ਦੀ ਖੁਦਾਈ ਅਤੇ ਬੰਗਲਾਮੇਡੂ ਅੰਦਰ ਚੂਹਿਆਂ ਦੇ ਨਾਲ਼ ਵੱਖੋ-ਵੱਖਰੇ ਰੂਟ ਦੇਖੋ)
ਇਸ ਬਸਤੀ ਦੀਆਂ ਬਹੁਤੇਰੀਆਂ ਔਰਤਾਂ ਲਈ, ਇੱਟਾਂ ਦੇ ਭੱਠਿਆਂ 'ਤੇ ਮੌਸਮੀ ਕੰਮ ਤੋਂ ਛੁੱਟ ਮਨਰੇਗਾ ਹੀ ਆਮਦਨੀ ਦਾ ਮੁੱਖ ਵਸੀਲਾ ਹੈ। (ਦੇਖੋ ਬੰਗਲਾਮੇਡੂ : ' ਔਰਤਾਂ ਲਈ ਰੁਜ਼ਗਾਰ ਕਿੱਥੇ ਹਨ ?' )
ਏਰੂਲਸ ਲੋਕਾਂ ਨੂੰ ਮਨਰੇਗਾ ਕੰਮਾਂ ਦੇ ਤਹਿਤ ਝੀਲਾਂ/ਤਲਾਬਾਂ ਦੀ ਸਫਾਈ, ਟੋਏ ਪੁੱਟਣਾ ਜਾਂ ਰੁੱਖ ਬੀਜਣ ਬਦਲੇ 175 ਰੁਪਏ ਦਿਹਾੜੀ ਮਿਲ਼ਦੀ ਹੈ। ਇਹ ਪੈਸਾ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਾਇਆ ਜਾਂਦਾ ਹੈ।
''ਜੇ ਮੈਂ ਇਸ ਹਫ਼ਤੇ ਕੰਮ ਕਰਦਾ ਹਾਂ ਤਾਂ ਮੈਨੂੰ ਅਗਲੇ ਹਫ਼ਤੇ ਤੋਂ ਬਾਅਦ ਪੈਸਾ ਮਿਲ਼ਦਾ ਹੈ,'' ਕੈਲਾਸਮ ਕਹਿੰਦੇ ਹਨ। ਉਹ ਨਹੀਂ ਜਾਣਦੇ ਕਿ ਮਹੀਨੇ ਦੇ ਅਖੀਰ ਵਿੱਚ ਉਹ ਕਿੰਨਾ ਪੈਸਾ ਬਚਾਉਂਦੇ ਹਨ: ''ਸਾਨੂੰ ਮਹੀਨੇ ਦੇ ਕਰੀਬ 500 ਰੁਪਏ ਚਾਹੀਦੇ ਹੁੰਦੇ ਹਨ (ਘਰ ਦੇ ਖ਼ਰਚਿਆਂ ਲਈ),'' ਉਹ ਅੱਗੇ ਕਹਿੰਦੇ ਹਨ। ''ਬਾਕੀ ਬੈਂਕ ਵਿੱਚ ਹੀ ਪਏ ਰਹਿੰਦੇ ਹਨ। ਇੱਕ ਵਾਰੀ ਮੇਰੇ ਖਾਤੇ ਵਿੱਚ 3,000 ਰੁਪਏ ਸਨ ਜੋ ਮੈਂ ਆਪਣੇ ਬੇਟੇ ਨੂੰ ਕੁਝ ਲਿਆਉਣ ਲਈ ਦੇ ਦਿੱਤੇ।''
ਬੈਂਕ ਵਿੱਚੋਂ ਪੈਸੇ ਕਢਵਾਉਣ ਲਈ ਕੈਲਾਸਮ ਨੂੰ ਇੱਕ ਫਾਰਮ ਭਰਨਾ ਪੈਂਦਾ ਹੈ। ''ਉਹ ਮੈਨੂੰ ਇੱਕ ਚਲਾਨ ਦੇਣ ਲਈ ਕਹਿੰਦੇ ਹਨ। ਮੈਂ ਨਹੀਂ ਜਾਣਦਾ ਇਹ ਕਿਵੇਂ ਕਰੀਦਾ ਹੈ,'' ਉਹ ਕਹਿੰਦੇ ਹਨ। ਉਹ ਦੋਵੇਂ ਪਤੀ-ਪਤਨੀ ਪੜ੍ਹ-ਲਿਖ ਨਹੀਂ ਸਕਦੇ। ''ਬੈਂਕ ਸਟਾਫ਼ ਸਾਨੂੰ ਕਹਿੰਦਾ ਹੈ ਕਿ ਉਹ ਸਾਡੇ ਲਈ ਫਾਰਮ ਨਹੀਂ ਭਰ ਸਕਦੇ,'' ਕੈਲਾਸਮ ਅੱਗੇ ਦੱਸਦੇ ਹਨ। ''ਮੇਰੇ ਸਾਹਮਣੇ ਕਿਸੇ ਆਉਣ ਵਾਲੇ ਦੀ ਉਡੀਕ ਕਰਨ ਅਤੇ ਉਸ ਅੱਗੇ ਬੇਨਤੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ। ਜਦੋਂ ਵੀ ਮੈਂ ਬੈਂਕ ਜਾਂਦਾ ਹੈਂ (2-3 ਮਹੀਨਿਆਂ ਵਿੱਚ ਇੱਕ ਵਾਰ) ਤਾਂ ਮੈਂ 1,000 ਰੁਪਏ ਤੋਂ ਵੱਧ ਪੈਸਾ ਨਹੀਂ ਕਢਵਾਉਂਦਾ।''
ਮਦਦ ਲਈ ਬੇਨਤੀ ਕਰਨ ਵਾਲ਼ਿਆਂ ਵਿੱਚੋਂ ਇੱਕ ਜੀ. ਮਨੀਗੰਦਮ ਹਨ। ਉਹ ਬੈਂਕ ਸਬੰਧੀ ਕੰਮ ਵਿੱਚ ਕੈਲਾਸਮ ਦੀ ਮਦਦ ਕਰਦੇ ਹਨ, ਇੰਨਾ ਹੀ ਨਹੀਂ ਉਹ ਬਾਕੀ ਏਰੂਲਸ ਭਾਈਚਾਰੇ ਦੇ ਲੋਕਾਂ ਦਾ ਅਧਾਰ ਕਾਰਡ ਜਾਂ ਹੋਰ ਸਰਕਾਰੀ ਸਕੀਮਾਂ ਅਤੇ ਪੈਨਸ਼ਨਾਂ ਸਬੰਧੀ ਦਸਤਾਵੇਜਾਂ ਨੂੰ ਪੂਰਿਆਂ ਕਰਨ ਲਈ ਵੀ ਮਾਰਗ ਦਰਸ਼ਨ ਕਰਦੇ ਹਨ।
''ਜਦੋਂ ਕਦੇ ਵੀ ਮੈਂ ਬੈਂਕ ਜਾਂਦਾ ਹਾਂ, ਉੱਥੇ 5-6 ਲੋਕ ਕਿਸੇ ਆਉਣ ਵਾਲ਼ੇ ਤੋਂ ਮਦਦ ਲੈਣ ਦੀ ਉਡੀਕ ਕਰਦੇ ਹੁੰਦੇ ਹਨ। ਚਲਾਨ ਅੰਗਰੇਜੀ ਵਿੱਚ ਹੁੰਦੇ ਹਨ। ਮੈਂ ਉਨ੍ਹਾਂ ਦੀ ਮਦਦ ਕਰਦਾ ਹਾਂ ਕਿਉਂਕਿ ਮੈਂ ਥੋੜ੍ਹੀ-ਬਹੁਤ ਅੰਗਰੇਜੀ ਪੜ੍ਹ ਸਕਦਾ ਹਾਂ,'' 36 ਸਾਲਾ ਮਨੀਗੰਦਨ ਕਹਿੰਦੇ ਹਨ, ਜਿਨ੍ਹਾਂ ਨੇ 9ਵੀਂ ਜਮਾਤ ਵਿੱਚ ਹੀ ਪੜ੍ਹਾਈ ਛੱਡ ਦਿੱਤੀ ਸੀ। ਉਹ ਇੱਕ ਸਥਾਨਕ ਮੁਨਾਫ਼ਾ-ਰਹਿਤ ਸੰਸਥਾ ਨਾਲ਼ ਕੰਮ ਕਰਦੇ ਹਨ ਜੋ ਬੱਚਿਆਂ ਵਾਸਤੇ ਸਕੂਲ-ਉਪਰਾਂਤ ਕਲਾਸਾਂ ਦਾ ਅਯੋਜਨ ਕਰਦੀ ਹੈ। ''ਸ਼ੁਰੂ-ਸ਼ੁਰੂ ਵਿੱਚ ਮੈਂ ਡਰਦਾ ਸਾਂ ਕਿ ਕਿਤੇ ਮੇਰੇ ਕੋਲ਼ੋਂ ਕੋਈ ਗਲਤੀ ਨਾ ਹੋ ਜਾਵੇ,'' ਉਹ ਅੱਗੇ ਦੱਸਦੇ ਹਨ। ''ਜੇਕਰ ਅਸੀਂ ਫਾਰਮ ਭਰਦੇ ਵੇਲ਼ੇ ਕੁਝ ਕੱਟ ਕੇ ਦੋਬਾਰਾ ਲਿਖੀਏ ਤਾਂ ਉਹ ਫਾਰਮ ਪਾੜ ਦਿੰਦੇ ਹਨ ਅਤੇ ਸਾਨੂੰ ਨਵਾਂ ਫਾਰਮ ਭਰਨ ਲਈ ਕਹਿੰਦੇ ਹਨ।'' ਪਿਛਲੇ ਕੁਝ ਮਹੀਨਿਆਂ ਤੋਂ ਚਲਾਨ ਤਮਿਲ ਭਾਸ਼ਾ ਵਿੱਚ ਵੀ ਉਪਲਬਧ ਹਨ।
ਕੈਲਾਸਮ ਦੀ 55 ਸਾਲਾ ਇੱਕ ਗੁਆਂਢਣ ਗੋਵਿੰਦਾਮਲ, ਜੋ ਕਦੇ ਸਕੂਲ ਨਹੀਂ ਗਈ, ਵੀ ਮਨਰੇਗਾ ਮਜ਼ਦੂਰੀ ਅਤੇ 1000 ਰੁਪਏ ਮਹੀਨੇਵਾਰ ਪੈਨਸ਼ਨ ਤੱਕ ਆਪਣੀ ਪਹੁੰਚ ਬਣਾਉਣ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਦੀ ਹਨ। ਉਹ ਇੱਕ ਵਿਧਵਾ ਹਨ ਜੋ ਇਕੱਲੀ ਰਹਿੰਦੀ ਹਨ; ਉਨ੍ਹਾਂ ਦੀ ਧੀ ਅਤੇ ਦੋ ਬੇਟੇ ਇਸੇ ਬਸਤੀ ਅੰਦਰ ਆਪੋ-ਆਪਣੇ ਵੱਖਰੇ ਘਰਾਂ ਵਿੱਚ ਰਹਿੰਦੇ ਹਨ। ''ਮੈਂ ਆਪਣਾ ਅੰਗੂਠਾ ਲਾਉਂਦੀ ਹਾਂ। ਇਸਲਈ ਉਹ (ਬੈਂਕ ਕਰਮੀ) ਮੈਨੂੰ ਚਲਾਨ ਜਮ੍ਹਾਂ ਕਰਾਉਣ ਲਈ ਗਵਾਹੀ ਹਸਤਾਖਰ ਕਰਾਉਣ ਲਈ ਕਹਿੰਦੇ ਹਨ। ਮੈਂ ਫਾਰਮ ਭਰਨ ਵਾਲ਼ੇ ਵਿਅਕਤੀ ਤੋਂ ਹੀ ਪੁੱਛ ਲੈਂਦੀ ਹਾਂ ਕਿ ਕੀ ਉਹ ਹਸਤਾਖਰ ਵੀ ਕਰ ਸਕਦਾ ਹੈ,'' ਉਹ ਕਹਿੰਦੀ ਹਨ।
ਚਲਾਨ ਭਰਨ ਵਾਲ਼ੇ ਵਿਅਕਤੀ ਲਈ ਆਪਣਾ ਖਾਤਾ ਨੰਬਰ ਭਰਨਾ ਵੀ ਲਾਜ਼ਮੀ ਹੁੰਦਾ ਹੈ। ਮਨੀਗੰਦਨ ਹੱਸਦੇ ਹੋਏ ਇੱਕ ਘਟਨਾ ਚੇਤੇ ਕਰਦੇ ਹਨ: ''ਇੱਕ ਵਾਰ ਮੈਂ ਕਿਸੇ ਵਾਸਤੇ ਬਤੌਰ ਗਵਾਹ ਹਸਤਾਖ਼ਰ ਕੀਤੇ ਅਤੇ ਆਪਣਾ ਖਾਤਾ ਨੰਬਰ ਲਿਖਿਆ। ਉਹਦੀ ਬਜਾਇ ਬੈਂਕ ਵਾਲ਼ਿਆਂ ਮੇਰੇ ਹੀ ਖਾਤੇ ਵਿੱਚੋਂ ਪੈਸੇ ਕੱਟ ਲਏ। ਵਢਭਾਗੀਂ, ਉਨ੍ਹਾਂ ਨੇ ਆਪਣੀ ਗਲਤੀ ਦੇਖੀ ਅਤੇ ਮੈਨੂੰ ਮੇਰੇ ਪੈਸੇ ਵਾਪਸ ਮਿਲ਼ ਗਏ।''
ਬੈਂਕ ਸਬੰਧੀ ਆਪਣੇ ਕੰਮ ਲਈ, ਮਨੀਗੰਦਨ ਏਟੀਐੱਮ ਕਾਰਡ ਦੀ ਵਰਤੋਂ ਕਰਦੇ ਹਨ, ਉੱਥੇ ਟ੍ਰਾਂਸੈਕਸ਼ਨ ਲਈ ਸਕਰੀਨ 'ਤੇ ਤਮਿਲ ਭਾਸ਼ਾ ਚੁਣਦੇ ਹਾਂ। ਉਨ੍ਹਾਂ ਨੂੰ ਇਹ ਕਾਰਡ ਤਿੰਨ ਸਾਲ ਪਹਿਲਾਂ ਮਿਲ਼ਿਆ, ਪਰ ਇਸਨੂੰ ਇਸਤੇਮਾਲ ਕਰਨ ਵਿੱਚ ਉਨ੍ਹਾਂ ਨੂੰ ਥੋੜ੍ਹੀ ਦੇਰ ਲੱਗ ਗਈ। ''ਸ਼ੁਰੂ ਸ਼ੁਰੂ ਵਿੱਚ ਮੈਂ ਕਾਰਡ ਦੀ ਵਰਤੋਂ ਕਰਕੇ ਪੈਸੇ ਕਢਵਾਉਣ ਅਤੇ ਆਪਣੇ ਖਾਤੇ ਵਿੱਚ ਬੈਲੰਸ ਚੈੱਕ ਕਰਨ ਦੇ ਤਰੀਕੇ ਨੂੰ ਸਮਝਣ ਲਈ 20 ਵਾਰ ਕੋਸ਼ਿਸ਼ ਕੀਤੀ।''
ਕੈਲਾਸਮ ਜਾਂ ਗੋਵਿੰਦਾਮਲ ਏਟੀਐੱਮ ਕਾਰਡ ਦੀ ਵਰਤੋਂ ਕਿਉਂ ਨਹੀਂ ਕਰਦੇ? ਮਨੀਗੰਦਨ ਕਹਿੰਦੇ ਹਨ ਕਿ ਕਾਈ ਨੱਟੂ ਵਾਲ਼ਿਆਂ ਨੂੰ ਏਟੀਐੱਮ ਕਾਰਡ ਨਹੀਂ ਦਿੱਤੇ ਜਾਂਦੇ ਭਾਵ ਜੋ ਹਸਤਾਖਰ ਦੀ ਥਾਂ ਆਪਣਾ ਅੰਗੂਠਾ ਲਾਉਂਦੇ ਹਨ। ਹਾਲਾਂਕਿ ਇਸ ਬਾਬਤ ਕੇ.ਜੀ. ਕਾਂਡੀਗਈ ਨਗਰ ਦੇ ਕੇਨਰਾ ਬੈਂਕ ਦੇ ਸ਼ਾਖਾ ਮੈਨੇਜਰ, ਬੀ. ਲਿੰਗਾਮਾਇਹਾ, ਕਹਿੰਦੇ ਹਨ ਕਿ ਪਹਿਲਾਂ ਇੰਝ ਜ਼ਰੂਰ ਹੁੰਦਾ ਰਿਹਾ ਹੈ ਪਰ ਹੁਣ ਬੈਂਕ ਹਰ ਬਿਨੈਕਾਰ ਨੂੰ ਏਟੀਐੱਮ ਜਾਰੀ ਕਰਦਾ ਹੈ। ''ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਉਨ੍ਹਾਂ ਦਾ ਖਾਤਾ ਜਨ ਧਨ (ਖਾਤਾ) ਹੈ ਜਾਂ ਉਹ ਅੰਗੂਠਾ ਲਾਉਂਦੇ ਹਨ,'' ਉਹ ਕਹਿੰਦੇ ਹਨ। ਪਰ ਬੰਗਲਾਮੇਡੂ ਵਿੱਚ ਲੋਕ ਇਸ ਸੁਵਿਧਾ ਤੋਂ ਜਾਣੂ ਨਹੀਂ ਹਨ।
'ਮੈਂ ਆਪਣਾ ਅੰਗੂਠਾ ਲਾਉਂਦੀ ਹਾਂ। ਇਸਲਈ ਉਹ (ਬੈਂਕ ਕਰਮੀ) ਮੈਨੂੰ ਚਲਾਨ ਜਮ੍ਹਾਂ ਕਰਾਉਣ ਲਈ ਗਵਾਹੀ ਹਸਤਾਖਰ ਕਰਾਉਣ ਲਈ ਕਹਿੰਦੇ ਹਨ। ਮੈਂ ਫਾਰਮ ਭਰਨ ਵਾਲ਼ੇ ਵਿਅਕਤੀ ਤੋਂ ਹੀ ਪੁੱਛ ਲੈਂਦੀ ਹਾਂ ਕਿ ਕੀ ਉਹ ਹਸਤਾਖਰ ਵੀ ਕਰ ਸਕਦਾ ਹੈ,' ਗੋਵਿੰਦਾਮਲ ਕਹਿੰਦੀ ਹਨ।
ਬੈਂਕ ਸਬੰਧੀ ਲੈਣ ਦੇਣ ਤੱਕ ਪਹੁੰਚ ਨੂੰ ਸੁਖਾਲਾ ਬਣਾਉਣ ਦੇ ਮੱਦੇਨਜ਼ਰ, ਕੇਨਰਾ ਬੈਂਕ ਨੇ ਚੇਰੂਕਨੌਰ ਵਿਖੇ 'ਬਹੁਤ ਛੋਟੀ ਸਾਖਾ' ਸਥਾਪਤ ਕੀਤੀ ਹੈ, ਜੋ ਬੰਗਲਾਮੇਡੂ ਤੋਂ ਤਿੰਨ ਕਿਲੋਮੀਟਰ ਦੀ ਪੈਦਲ ਦੂਰੀ 'ਤੇ ਹੈ। ਇੱਥੋਂ ਦੇ ਲੋਕ ਇਹਨੂੰ 'ਮਿਨੀ-ਬੈਂਕ' ਕਹਿੰਦੇ ਹਨ। ਸ਼ਾਖਾ ਚਲਾਉਣ ਲਈ ਇੱਕ ਆਦਮੀ ਨੂੰ ਕੰਮ 'ਤੇ ਰੱਖਿਆ ਗਿਆ ਹੈ ਜੋ ਠੇਕੇ ਅਤੇ ਕਮਿਸ਼ਨ 'ਤੇ ਕੰਮ ਕਰਦਾ ਹੈ ਭਾਵ ਇੱਕ ਕਾਰੋਬਾਰੀ ਸਹਿ-ਸਬੰਧੀ (ਬੀ.ਸੀ.) ਜੋ ਗਾਹਕਾਂ ਨੂੰ ਬਾਇਓਮੀਟ੍ਰਿਕ ਉਪਕਰਣ ਦੀ ਵਰਤੋਂ ਕਰਕੇ ਉਨ੍ਹਾਂ ਦੇ ਖਾਤੇ ਦਾ ਬੈਲੰਸ ਚੈੱਕ ਕਰਨ ਅਤੇ ਪੈਸੇ ਕਢਵਾਉਣ ਵਿੱਚ ਸਹਾਇਤਾ ਕਰਦਾ ਹੈ।
42 ਸਾਲਾ ਈ. ਕ੍ਰਿਸ਼ਨਾਦੇਵੀ, ਜੋ ਬੈਂਕ ਦੀ ਸ਼ਾਖਾ ਦੀ ਬੀਸੀ ਹਨ, ਇੱਕ ਪੋਰਟਲ ਬਾਇਓਮੀਟ੍ਰਿਕ ਉਪਕਰਣ ਨੂੰ ਫੋਨ ਦੇ ਇੰਟਰਨੈੱਟ ਜ਼ਰੀਏ ਜੋੜਦੀ ਹਨ। ਇਸ ਤੋਂ ਬਾਅਦ ਉਹ ਯੂਜਰ ਦਾ ਅਧਾਰ ਕਾਰਡ ਨੰਬਰ ਟਾਈਪ ਕਰਦੀ ਹਨ। ਉਪਕਰਣ ਉਨ੍ਹਾਂ ਦੇ ਉਂਗਲ ਦੇ ਨਿਸ਼ਾਨ ਨੂੰ ਪਛਾਣਦਾ ਹੈ ਅਤੇ ਲੈਣ-ਦੇਣ ਨੂੰ ਮਨਜੂਰੀ ਦਿੰਦਾ ਹੈ। ''ਅਧਾਰ ਕਾਰਡ ਬੈਂਕ ਖਾਤੇ ਨਾਲ਼ ਜੁੜਿਆ ਹੋਣਾ ਲਾਜ਼ਮੀ ਹੈ,'' ਉਹ ਕਹਿੰਦੀ ਹਨ। ਮੈਂ ਨਕਦ ਪੈਸਾ ਆਪਣੇ ਕੋਲ਼ ਹੀ ਰੱਖਦੀ ਹਾਂ।'' ਉਨ੍ਹਾਂ ਨੂੰ ਰੋਜ਼ ਦੁਪਹਿਰ 3:30 ਤੱਕ ਖਾਤਿਆਂ ਦਾ ਲੈਣ-ਦੇਣ ਕਰਨਾ ਪੈਂਦਾ ਹੈ।
ਪਰ ਜਿਨ੍ਹਾਂ ਲੋਕਾਂ ਨੂੰ ਆਪਣੀਆਂ ਉਂਗਲਾਂ ਦੇ ਨਿਸ਼ਾਨ ਨੂੰ ਪੰਜੀਕ੍ਰਿਤ ਕਰਨ ਵਿੱਚ ਦਿੱਕਤ ਆਉਂਦੀ ਹੈ, ਜਿਨ੍ਹਾਂ ਕੋਲ਼ ਅਧਾਰ ਕਾਰਡ ਨਹੀਂ ਹੈ ਜਾਂ ਜੋ ਆਪਣੀ ਪਾਸਬੁੱਕ ਨੂੰ ਅਪਡੇਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਾਲੇ ਵੀ ਕੇ.ਜੀ. ਕਾਂਡੀਗਈ ਬੈਂਕ ਸ਼ਾਖਾ ਵਿੱਚ ਹੀ ਜਾਣਾ ਪੈਂਦਾ ਹੈ।
''ਕਦੇ-ਕਦਾਈਂ ਉਹ (ਬੀਸੀ) ਕਹਿੰਦੀ ਹਨ ਕਿ ਨਕਦ ਪੈਸਾ ਮੁੱਕ ਗਿਆ ਹੈ। ਉਹ ਸਾਨੂੰ ਇੱਕ ਰਸੀਦ ਦੇ ਦਿੰਦੀ ਹਨ ਅਤੇ ਬਾਅਦ ਵਿੱਚ ਆਪਣੇ ਘਰ ਆ ਕੇ ਪੈਸੇ ਲਿਜਾਣ ਜਾਂ ਅਗਲੇ ਦਿਨ ਆਉਣ ਲਈ ਕਹਿੰਦੀ ਹਨ। ਫਿਰ ਅਸੀਂ ਦੋਬਾਰਾ ਜਾਂਦੇ ਹਾਂ,'' ਗੋਵਿੰਦਾਮਲ ਕਹਿੰਦੀ ਹਨ, ਉਹ ਆਪਣੀਆਂ ਕਈ ਦੋਸਤਾਂ ਦੇ ਨਾਲ਼ ਚੇਰੂਕਲੌਰ ਜਾਣ ਲਈ ਨਿਕਲੀ ਹਨ, ਜੋ ਸਥਾਨਕ ਝੀਲ ਦੇ ਕੰਢੇ ਦੇ ਨਾਲ਼-ਨਾਲ਼ ਤਿੰਨ ਕਿਲੋਮੀਟਰ ਤੱਕ ਦਾ ਪੈਦਲ ਰਸਤਾ ਹੈ। ''ਅਸੀਂ ਦਫ਼ਤਰ ਦੇ ਬਾਹਰ ਉਡੀਕ ਕਰਦੇ ਹਾਂ। ਜੇਕਰ ਉਹ ਨਹੀਂ ਆਵੇ ਤਾਂ ਅਸੀਂ ਉਹਦੇ ਘਰ ਚਲੇ ਜਾਂਦੇ ਹਾਂ।''
ਆਮ ਤੌਰ 'ਤੇ ਬੀਸੀ ਓਪਰੇਟਰ ਘਰੋਂ ਹੀ ਕੰਮ ਕਰਦੇ ਹਨ। ਪਰ ਕ੍ਰਿਸ਼ਨਾਦੇਵੀ ਇੱਕ ਪੁਰਾਣੀ ਅਣਵਰਤੀਂਦੀ ਲਾਈਬ੍ਰੇਰੀ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੈਠਦੀ ਹਨ। ਜਿਸ ਦਿਨ ਮਨਰੇਗਾ ਜਾਂ ਪੈਨਸ਼ਨ ਲਈ ਨਕਦ ਪੈਸਾ ਵੰਡਣਾ ਹੁੰਦਾ ਹੈ, ਉਹ ਲੰਬੇ ਸਮੇਂ ਤੱਕ ਰੁੱਕਦੀ ਹਨ। ਉਨ੍ਹਾਂ ਘੰਟਿਆਂ ਤੋਂ ਛੁੱਟ ਵੀ, ਉਹ ਕਹਿੰਦੀ ਹਨ ਕਿ ਉਹ ਪੂਰੇ ਦਿਨ ਦੇ ਕਿਸੇ ਵੀ ਵੇਲ਼ੇ ਉਪਲਬਧ ਹੈ। ''ਜੋ ਲੋਕ ਕੰਮ ਲਈ ਬਾਹਰ ਜਾਂਦੇ ਹਨ ਉਹ ਮੇਰੇ ਘਰ ਹੀ ਆ ਜਾਂਦੇ ਹਨ,'' ਉਹ ਕਹਿੰਦੀ ਹਨ।
ਹਫ਼ਤੇ ਵਿੱਚ ਇੱਕ ਵਾਰ ਮੰਗਲਵਾਰ ਨੂੰ ਕ੍ਰਿਸ਼ਨਾਦੇਵੀ ਆਪਣੇ ਬਾਇਓਮੀਟ੍ਰਿਕ ਉਪਕਰਣ ਦੇ ਨਾਲ਼ ਕੇ.ਜੀ. ਕਾਂਡੀਗਈ ਦੀ ਮੇਨ ਸ਼ਾਖਾ ਜਾਂਦੀ ਹਨ। ਹੋਰਨਾ ਚਾਰ ਪੰਚਾਇਤਾਂ ਦੇ ਬੀਸੀ ਦੀ ਵੀ ਹਫ਼ਤੇ ਦੇ ਅੱਡੋ-ਅੱਡ ਦਿਨ ਕੀ.ਜੀ. ਕਾਂਡੀਗਈ ਦੇ ਮੇਨ ਸ਼ਾਖਾ ਜਾਂਦੇ ਹਨ। ਇਹ ਉਪਕਰਣ ਉਨ੍ਹਾਂ ਗਾਹਕਾਂ ਲਈ ਪੂਰਾ ਹਫ਼ਤਾ ਦੁਪਹਿਰ ਦੋ ਵਜੇ ਤੱਕ ਉਪਲਬਧ ਰਹਿੰਦੇ ਹਨ, ਜੋ ਲੈਣ-ਦੇਣ ਲਈ ਆਪਣੇ ਅਧਾਰ ਕਾਰਡ ਦੀ ਵਰਤੋਂ ਕਰਦੇ ਹਨ। ਕੈਲਾਸਮ ਨੂੰ ਇਹ ਗਲਤਫਹਿਮੀ ਹੈ ਕਿ ਉਹ ਮੰਗਲਵਾਰ ਨੂੰ ਹੀ ਕੇ.ਜੀ. ਕਾਂਡੀਗਈ ਵਿੱਚ ਇਸ ਉਪਕਰਣ ਨੂੰ ਐਕਸੇਸ ਕਰ ਸਕਦੇ ਹਨ। ''ਜਿਸ ਦਿਨ ਚੇਰੂਕਨੌਰ ਦਾ ਬੀਸੀ ਆਉਂਦਾ ਹੈ,'' ਉਹ ਕਹਿੰਦੇ ਹਨ।
ਕੈਲਾਸ਼ ਵਾਂਗ, ਬਹੁਤੇਰੇ ਏਰੂਲਾ ਪਰਿਵਾਰਾਂ ਦੇ ਖਾਤੇ ਕੇਨਰਾ ਬੈਂਕ ਵਿੱਚ ਹਨ- ਇੱਥੇ ਕਰੀਬ ਇੱਕ ਦਹਾਕੇ ਤੋਂ ਇਹ ਇਕਲੌਤਾ ਬੈਂਕ ਹੈ। (ਕੁਝ ਸਾਲ ਪਹਿਲਾਂ, ਆਂਧਰਾ ਬੈਂਕ ਨੇ ਕੇ.ਜੀ. ਕਾਂਡੀਗਈ ਵਿੱਚ ਇੱਕ ਸ਼ਾਖਾ ਖੋਲ੍ਹੀ ਸੀ ਅਤੇ ਸ਼ਹਿਰ ਵਿੱਚ ਹੁਣ ਚਾਰ ਵੱਖ-ਵੱਖ ਬੈਂਕ ਏਟੀਐੱਮ ਹਨ)। ਕੁਝ ਲੋਕਾਂ ਦੇ ਕੋਲ਼ ਨਿਯਮਤ ਬੱਚਤ ਖਾਤੇ ਹਨ, ਜਦੋਂਕਿ ਹੋਰਨਾਂ ਕੋਲ਼ 'ਜ਼ੀਰੋ ਬੈਲੰਸ' ਖਾਤਾ ਹੈ ਜਾਂ ਜਨ ਧਨ ਖਾਤਾ ਹੈ ਜਿਸ ਵਿੱਚ ਘੱਟੋ-ਘੱਟ ਬਕਾਇਆ ਰਾਸ਼ੀ ਰੱਖਣ ਦੀ ਲੋੜ ਨਹੀਂ ਹੁੰਦੀ।
ਹਾਲਾਂਕਿ, ਮੈਂ ਜਿਨ੍ਹਾਂ ਲੋਕਾਂ ਨਾਲ਼ ਗੱਲ ਕੀਤੀ, ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਪੈਸੇ ਜ਼ੀਰੋ ਬੈਲੰਸ ਖਾਤੇ ਵਿੱਚ ਵੀ ਰੱਖਣ ਲਈ ਕਿਹਾ ਗਿਆ ਸੀ। ਅਜਿਹਾ ਹੀ ਇੱਕ ਖਾਤਾਧਾਰਕ ਗੋਵਿੰਦਾਮਲ ਕਹਿੰਦੀ ਹਨ,''ਕੇ.ਜੀ. ਕਾਂਡੀਗਈ ਵਿੱਚ ਉਹ ਬੈਂਕ ਕਰਮੀ ਮੈਨੂੰ ਮੇਰੇ ਖਾਤੇ ਵਿੱਚ ਥੋੜ੍ਹੇ ਪੈਸੇ ਭਾਵ ਘੱਟੋਘੱਟ 500-1000 ਰੁਪਏ ਛੱਡਣ ਲਈ ਕਹਿੰਦੇ ਹਨ। ਜਦੋਂ ਏਰੀ ਵਲਈ (ਮਨਰੇਗਾ ਦੇ ਕੰਮ) ਦਾ ਪੈਸਾ ਆਉਂਦਾ ਹੈ ਸਿਰਫ਼ ਉਦੋਂ ਹੀ ਮੈਂ ਚੇਰੂਕਨੌਰ (ਛੋਟੀ ਬੈਂਕ) ਵਿੱਚ ਜਾਂਦੀ ਹਾਂ। ਉੱਥੇ ਮੈਂ ਆਪਣੇ ਖਾਤੇ ਵਿੱਚ ਸਿਰਫ਼ 200-300 ਰੁਪਏ ਹੀ ਛੱਡਦੀ ਹਾਂ।''
2020 ਦੇ ਅੰਤ ਵਿੱਚ, ਜਦੋਂ ਮੈਂ ਕੇ.ਜੀ. ਕਾਂਡੀਗਈ ਸ਼ਾਖਾ ਮੈਨੇਜਰ ਕੇ. ਪ੍ਰਾਸ਼ਾਂਥ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕੀਤੀ ਕਿ ਜਨ ਧਨ ਖਾਤੇ ਵਿੱਚ ਘੱਟ ਤੋਂ ਘੱਟ ਕੋਈ ਵੀ ਬਕਾਇਆ ਰਾਸ਼ੀ ਛੱਡਣ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ,''ਜੇਕਰ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਲੈਣ-ਦੇਣ ਦੇ ਨਾਲ਼ ਇੱਕ ਕੇਵਾਏਸੀ (KYC) ਅਨੁਕੂਲ ਖਾਤਾ ਚਾਹੀਦਾ ਹੈ ਤਾਂ ਉਨ੍ਹਾਂ ਨੂੰ ਨਿਯਮਤ ਖਾਤਾ ਖੋਲ੍ਹਣਾ ਪਵੇਗਾ ਜਿਸ ਵਿੱਚ ਘੱਟੋ-ਘੱਟ 500 ਰੁਪਏ ਦਾ ਬਕਾਇਆ ਚਾਹੀਦਾ ਹੈ,'' ਉਨ੍ਹਾਂ ਨੇ ਕਿਹਾ।
ਹਾਲਾਂਕਿ, ਮੌਜੂਦਾ ਮੈਨੇਜਰ ਬੀ.ਲਿੰਗਾਮਾਇਹਾ ਨੇ ਪ੍ਰਵਾਨਿਆ ਕਿ ਖਾਤਾਧਾਰਕਾਂ ਨੂੰ ਘੱਟੋ-ਘੱਟ ਬਕਾਇਆ ਰਾਸ਼ੀ ਰੱਖਣ ਦੀ ਲੋੜ ਨਹੀਂ ਹੈ, ਪਰ ਬੈਂਕ ਸਟਾਫ਼ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿੰਦਾ ਹੈ ਤੇ ਉਹ ਦੱਸਦੇ ਹਨ ਕਿ ਜਦੋਂ ਤੱਕ ਕੋਈ ਵਿਅਕਤੀ ਖਾਸ ਤੌਰ 'ਤੇ ਜਨ ਧਨ ਜਾਂ ਜ਼ੀਰੋ ਬੈਲੰਸ ਖਾਤੇ ਦੀ ਮੰਗ ਨਹੀਂ ਕਰਦਾ, ਬੈਂਕ ਆਪਣੇ ਆਪ ਨਿਯਮਤ ਖਾਤਾ ਨਹੀਂ ਖੋਲ੍ਹਦਾ।
ਗੋਵਿੰਦਮਲ ਇੱਕ ਹੋਰ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ। ''ਪਹਿਲਾਂ, ਉਨ੍ਹਾਂ (ਬੈਂਕ) ਨੇ ਕਿਹਾ ਕਿ ਮੈਨੂੰ ਖਾਤੇ ਲਈ ਭੁਗਤਾਨ ਨਹੀਂ ਕਰਨਾ ਹੈ, ਹੁਣ ਉਹ ਹਰ ਸਾਲ 500 ਜਾਂ 1000 ਰੁਪਏ ਲੈਂਦੇ ਹਨ। ਮੈਂ ਬੈਂਕ ਵਿੱਚ ਹਰ ਵਾਰ ਆਪਣੀ ਉਮੀਦ ਤੋਂ ਘੱਟ ਪੈਸਾ ਦੇਖਦੀ ਹਾਂ,'' ਉਹ ਕਹਿੰਦੀ ਹਨ।
ਕੇ. ਪ੍ਰਸ਼ਾਂਥ ਇਸ ਭੰਬਲਭੂਸੇ ਲਈ ਓਵਰਡਰਾਫਟ ਸੁਵਿਧਾਵਾਂ ਨੂੰ ਜਿੰਮੇਵਾਰ ਮੰਨਦੇ ਹਨ, ਜੋ ਇੱਕ ਖਾਸ ਫੀਸ ਦੇ ਬਦਲੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਇੱਥੋਂ ਤੱਕ ਕਿ ਜਨ ਧਨ ਖਾਤਿਆਂ ਲਈ ਵੀ। ''ਮੰਨ ਲਓ ਉਨ੍ਹਾਂ ਦੇ (ਖਾਤਾ ਧਾਰਕਾਂ) ਦੇ ਖਾਤੇ ਵਿੱਚ 2,000 ਰੁਪਏ ਬਕਾਇਆ ਹਨ ਅਤ ਉਹ 3,000 ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਿਸਟਮ ਉਨ੍ਹਾਂ ਵਿੱਚੋਂ ਕੁਝ ਖਾਤਾ ਧਾਰਕਾਂ ਨੂੰ ਇਹ ਰਾਸ਼ੀ ਕਢਵਾਉਣ ਦੀ ਆਗਿਆ ਦਿੰਦਾ ਹੈ। 1,000 ਰੁਪਏ ਦਾ ਫ਼ਰਕ (ਓਵਰਡਰਾਫਟ) ਅਗਲੀ ਜਮ੍ਹਾਂ ਰਾਸ਼ੀ ਨਾਲ਼ ਸਮਾਯੋਜਨ ਕਰ ਲਿਆ ਜਾਂਦਾ ਹੈ। ਇੰਝ ਜਾਪਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜਾ ਨਹੀਂ ਹੈ ਕਿ ਉਹ ਇਹਦਾ ਇਸਤੇਮਾਲ ਕਰ ਰਹੇ ਹਨ।''
ਗੋਵਿੰਦਮਲ ਦੇ ਘਰ ਦੇ ਸੜਕੋਂ ਪਾਰ ਰਹਿਣ ਵਾਲ਼ੀ 28 ਸਾਲਾ ਐੱਸ. ਸੋਮਠੀ ਹੈਰਾਨ ਰਹਿ ਗਈ ਜਦੋਂ ਉਨ੍ਹਾਂ ਨੂੰ ਪਿਛਲੇ ਸਾਲ ਓਵਰਡਰਾਫਟ ਸੁਵਿਧਾ ਬਾਰੇ ਪਤਾ ਚੱਲਿਆ: ''ਕੋਈ ਚਾਹੁੰਦਾ ਤਾਂ ਸਾਨੂੰ ਇਹਦੇ ਬਾਰੇ ਖੋਲ੍ਹ ਕੇ ਦੱਸ ਸਕਦਾ ਸੀ। ਸਾਨੂੰ ਲੱਗਿਆ ਬੈਂਕ ਸਾਡਾ ਪੈਸਾ ਲੈ ਰਿਹਾ ਹੈ।''
ਐੱਸਐੱਮਐੱਸ ਸੇਵਾ ਲਈ ਵੀ ਪੈਸੇ ਕੱਟੇ ਜਾਂਦੇ ਹਨ, ਕਿਉਂਕਿ ਬੈਂਕ ਹਰ ਤਿੰਨ ਮਹੀਨਿਆਂ ਲਈ 18 ਰੁਪਏ ਲੈਂਦਾ ਹੈ। ਪਰ ਇੱਥੇ ਹਰ ਕਿਸੇ ਕੋਲ਼ ਫੋਨ ਨਹੀਂ ਹੈ ਅਤੇ ਜਦੋਂ ਲੋਕਾਂ ਦੇ ਫੋਨਾਂ ਵਿੱਚ ਬੈਲੰਸ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਮੈਸੇਜ ਵੀ ਪ੍ਰਾਪਤ ਨਹੀਂ ਹੁੰਦਾ। ਐੱਸਐੱਮਐੱਸ ਵੀ ਉਦੋਂ ਹੀ ਭੇਜੇ ਜਾਂਦੇ ਹਨ ਜਦੋਂ ਉਹ ਪੈਸੇ ਕਢਵਾਉਂਦੇ ਹਨ, ਸੋਮਠੀ ਕਹਿੰਦੀ ਹਨ। ''ਜਦੋਂ ਸਾਡੇ ਖਾਤੇ ਵਿੱਚ ਪੈਸੇ ਜਮ੍ਹਾ ਹੁੰਦੇ ਹਨ ਤਾਂ ਸਾਨੂੰ ਐੱਸਐੱਮਐੱਸ ਕਿਉਂ ਨਹੀਂ ਭੇਜਦੇ? ਇਸ ਨਾਲ਼ ਸਾਡੀ ਕਾਫੀ ਪਰੇਸ਼ਾਨੀ ਦੂਰ ਹੋ ਸਕਦੀ ਹੈ।''
ਡਿਜੀਟਲੀਕਰਣ ਵਧਣ ਨਾਲ਼ ਹੋਰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਨਵੰਬਰ ਵਿੱਚ ਇੱਕ ਠੱਗ ਨੇ ਮਨੀਗੰਦਨ ਦੇ ਭਤੀਜੇ ਆਰ. ਜੌਨਸਨ ਦੇ 1,500 ਰੁਪਏ ਚੋਰੀ ਕਰ ਲਏ। ਉਨ੍ਹਾਂ ਦੀ ਪਤਨੀ 22 ਸਾਲਾ ਆਰ. ਵਨਜਾ ਦੇ ਮਨਰੇਗਾ ਮਜ਼ਦੂਰੀ ਵਿੱਚੋਂ ਬਚਾਏ ਹੋਏ 2,000 ਰੁਪਏ ਬੈਂਕ ਖਾਤੇ ਵਿੱਚ ਸਨ। ਜੌਨਸਨ ਨੇ ਕਰੀਬ ਦੋ ਵਾਰ ਇਸੇ ਭੁਲੇਖੇ ਵਿੱਚ ਇੱਕ ਅਣਜਾਣ ਫੋਨਕਰਤਾ ਨਾਲ਼ ਵਨਜਾ ਦੇ ਕਾਰਡ ਦੇ ਵੇਰਵੇ ਸਾਂਝੇ ਕੀਤੇ ਹਨ ਕਿ ਉਹ ਬੈਂਕ ਕਰਮੀ ਹੋਣ ਦਾ ਦਾਅਵਾ ਕਰ ਰਿਹਾ ਸੀ। ''ਉਹ ਬੈਂਕ ਅਧਿਕਾਰੀ ਵਾਂਗ ਹੀ ਗੱਲ ਕਰ ਰਿਹਾ ਸੀ। ਉਹਨੇ ਕਿਹਾ ਕਿ ਕਾਰਡ ਲੌਕ ਸੀ ਅਤੇ ਮੈਂ ਉਹਨੂੰ ਕਾਰਡ ਅਨਲੌਕ ਕਰਨ ਖਾਤਰ ਹੀ ਵੇਰਵਾ ਦਿੱਤਾ ਸੀ। ਮੈਂ ਉਹਨੂੰ ਉਹ ਸਾਰੇ ਨੰਬਰ ਦੱਸ ਦਿੱਤੇ ਜੋ ਮੈਨੂੰ ਪਤਾ ਸਨ। ਇੰਨਾ ਹੀ ਨਹੀਂ ਗੁਪਤ ਨੰਬਰ (ਓਟੀਪੀ) ਵੀ ਦੱਸ ਦਿੱਤਾ। ਸਾਡੇ ਖਾਤੇ ਵਿੱਚ ਸਿਰਫ਼ 500 ਰੁਪਏ ਹੀ ਬਾਕੀ ਰਹਿ ਗਏ,'' ਉਹ ਦੱਸਦੇ ਹਨ।
ਫੋਨ ਕਰਨ ਵਾਲ਼ਿਆਂ ਨੇ ਜੌਨਸਨ ਨੂੰ ਆਪਣੇ ਚਾਚਾ ਮਨੀਗੰਡਨ ਦੇ ਕਾਰਡ ਦਾ ਵੇਰਵਾ ਦੇਣ ਲਈ ਵੀ ਰਾਜੀ ਕੀਤਾ, ਤਾਂਕਿ ਉਹ ਜੌਨਸਨ ਦੇ ਕਾਰਡ ਨੂੰ ''ਅਨਲੌਕ'' ਕਰ ਸਕਣ। ਬੈਂਕ ਨੇ ਕੋਈ ਵੀ ਸ਼ੱਕੀ ਲੈਣ-ਦੇਣ ਬਾਰੇ ਵੀ ਮਨੀਗੰਡਨ ਨੂੰ ਸੁਚੇਤ ਕੀਤਾ। ਉਦੋਂ ਤੱਕ, ਉਹ ਆਪਣੇ 17,000 ਰੁਪਏ ਤੋਂ ਹੱਥ ਧੋ ਚੁੱਕੇ ਸਨ- ਇਹ ਪੈਸੇ ਇੱਕ ਅਵਾਸ ਯੋਜਨਾ ਤਹਿਤ ਇੱਕ ਨਵਾਂ ਘਰ ਬਣਾਉਣ ਲਈ ਉਨ੍ਹਾਂ ਨੂੰ ਹਾਲੀਆ ਵਿੱਚ ਮਿਲ਼ੇ ਪੈਸੇ ਦਾ ਇੱਕ ਅੰਸ਼ ਸੀ।
ਜੌਨਸਨ ਅਤੇ ਹੋਰ ਏਰੂਲਸ ਅਜੇ ਵੀ ਡਿਜੀਟਲ ਦੁਨੀਆ ਅਤੇ ਬੈਕਿੰਗ ਪ੍ਰਣਾਲੀ ਵਿੱਚ ਆਪਣਾ ਰਾਹ ਲੱਭਣ ਲਈ ਸੰਘਰਸ਼ ਕਰ ਰਹੇ ਹਨ ਕਿਉਂਕਿ ਇਸ ਪ੍ਰਣਾਲੀ ਵਿੱਚ ਉਨ੍ਹਾਂ ਦੀਆਂ ਵਿਸ਼ੇਸ਼ ਚਿੰਤਾਵਾਂ ਦਾ ਕੋਈ ਰਾਹ ਨਹੀਂ ਹੈ। ਕੈਲਾਸਮ ਦੀ ਪਾਸਬੁੱਕ ਹਾਲੇ ਤੀਕਰ ਅਪਡੇਟ ਨਹੀਂ ਹੋਈ ਹੈ। ਪਰ ਉਹ ਇਸ ਗੱਲੋਂ ਸੰਤੁਸ਼ਟ ਹਨ: '' ਕਾਈ ਰੋਗਈ (ਬਾਇਓਮੀਟ੍ਰਿਕ) ਮਸ਼ੀਨ ਦੀ ਵਰਤੋਂ ਕਰਦੇ ਸਮੇਂ ਚਲਾਨਾਂ ਦਾ ਭੁਗਤਾਨ ਕਰਨ ਦੀ ਕੋਈ ਲੋੜ ਨਹੀਂ ਹੈ।''
ਤਰਜਮਾ: ਕਮਲਜੀਤ ਕੌਰ