ਬੇਲਦੰਗਾ ਦੇ ਉੱਤਰਪਾਰਾ ਇਲਾਕੇ ਵਿੱਚ ਆਪਣੇ ਘਰ ਦੀ ਛੱਤ ‘ਤੇ ਬੈਠੀ ਹੋਈ ਕੋਹਿਨੂਰ ਬੇਗ਼ਮ ਕਹਿੰਦੀ ਹਨ, “ਮੇਰੇ ਅੱਬੂ (ਬਾਪੂ ਜੀ) ਇੱਕ ਦਿਹਾੜੀ ਮਜ਼ਦੂਰ ਸਨ, ਪਰ ਮੱਛੀਆਂ ਫੜਨਾ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਕੇਂਦਰ ਸੀ । ਉਹ ਕਿਸੇ ਤਰ੍ਹਾਂ ਇੱਕ ਕਿੱਲੋ ਚਾਵਲ ਜਿੰਨੇ ਪੈਸੇ ਇਕੱਠੇ ਕਰਦੇ ਅਤੇ ਫਿਰ... ਸਾਰਾ ਦਿਨ ਕੰਮ ਤੋਂ ਗਾਇਬ ਰਹਿੰਦੇ। ਬਾਕੀ ਸਾਰੀ ਜਿੰਮੇਵਾਰੀ ਮੇਰੀ ਅੰਮੀ ਦੇ ਸਿਰ ਹੁੰਦੀ।,”
“ਜ਼ਰਾ ਸੋਚ ਕੇ ਵੇਖੋ ਕਿ ਮੇਰੀ ਅੰਮੀ ਕਿਵੇਂ ਉਸ ਇੱਕ ਕਿੱਲੋ ਵਿੱਚੋਂ ਚਾਰ ਬੱਚੇ, ਸਾਡੀ ਦਾਦੀ, ਮੇਰੇ ਅੱਬੂ, ਮੇਰੀ ਭੂਆ ਅਤੇ ਆਪਣੇ ਆਪ ਦਾ ਢਿੱਡ ਭਰਦੀ ਹੋਵੇਗੀ।” ਉਹ ਥੋੜ੍ਹਾ ਰੁਕਦੀ ਹਨ ਅਤੇ ਫਿਰ ਕਹਿੰਦੀ ਹਨ, “ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਅੱਬੂ ਫਿਰ ਵੀ ਉਸ ਵਿੱਚੋਂ ਮੱਛੀਆਂ ਦੇ ਚਾਰੇ ਲਈ ਥੋੜ੍ਹੇ ਚਾਵਲ ਦੀ ਮੰਗ ਕਰਨ ਦੀ ਹਿੰਮਤ ਕਰ ਜਾਂਦੇ। ਅਸੀਂ ਇਸ ਆਦਮੀ ਦੀ ਅਕਲ ’ਤੇ ਹੈਰਾਨੀ ਹੁੰਦੀ!”
ਕੋਹਿਨੂਰ ਆਪਾ (ਭੈਣ), 55, ਇਥੇ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ, ਜਾਨਕੀ ਨਗਰ ਪ੍ਰਾਥਮਿਕ ਵਿਦਿਆਲਾ ਵਿਖੇ ਮਿਡ-ਡੇ-ਮੀਲ ਬਣਾਉਂਦੀ ਹਨ। ਆਪਣੇ ਬਚਦੇ ਸਮੇਂ ਵਿੱਚ ਉਹ ਬੀੜੀਆਂ ਲਪੇਟਣ ਦਾ ਕੰਮ ਕਰਦੀ ਹਨ ਅਤੇ ਇਸ ਕੰਮ ਵਿੱਚ ਲੱਗੀਆਂ ਦੂਜੀਆਂ ਔਰਤਾਂ ਦੇ ਹੱਕਾਂ ਲਈ ਵੀ ਅਵਾਜ਼ ਚੁੱਕਦੀ ਹਨ। ਮੁਰਸ਼ਿਦਾਬਾਦ ਵਿੱਚ ਇਹ ਔਰਤਾਂ ਸਭ ਤੋਂ ਗਰੀਬ ਤਬਕੇ ਨਾਲ ਸਬੰਧ ਰੱਖਦੀਆਂ ਹਨ ਜੋ ਬੀੜੀਆਂ ਲਪੇਟਣ ਦਾ ਕੰਮ ਕਰਦੀਆਂ ਹਨ— ਜੋ ਕਿ ਇੱਕ ਸਰੀਰਕ ਸਜ਼ਾ ਦੇ ਬਰਾਬਰ ਹੈ। ਬਹੁਤ ਛੋਟੀ ਉਮਰ ਤੋਂ ਹੀ ਤੰਬਾਕੂ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਉਹਨਾਂ ਦੀ ਸਿਹਤ ’ਤੇ ਵੀ ਖ਼ਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਪੜ੍ਹੋ: ਜਿੱਥੇ ਬੀੜੀ ਦੇ ਧੂੰਏ ਨਾਲੋਂ ਸਸਤੀ ਹੋਈ ਔਰਤਾਂ ਮਜ਼ਦੂਰਾਂ ਦੀ ਸਿਹਤ।
2021 ਦੇ ਦਿਸੰਬਰ ਮਹੀਨੇ ਦੀ ਇੱਕ ਸਵੇਰ ਕੋਹਿਨੂਰ ਆਪਾ ਬੀੜੀ ਮਜ਼ਦੂਰਾਂ ਲਈ ਚਲਾਈ ਗਈ ਇੱਕ ਮੁਹਿੰਮ ਤੋਂ ਬਾਅਦ ਇਸ ਪੱਤਰਕਾਰ ਨੂੰ ਮਿਲੇ। ਥੋੜ੍ਹੇ ਸਮੇਂ ਬਾਅਦ, ਅਰਾਮ ਦੀ ਹਾਲਤ ’ਚ ਆਉਣ ’ਤੇ ਕੋਹਿਨੂਰ ਨੇ ਆਪਣੇ ਬਚਪਨ ਬਾਰੇ ਗੱਲਾਂ ਕੀਤੀਆਂ ਅਤੇ ਆਪਣੀ ਮੌਲਿਕ ਰਚਨਾ ਵੀ ਗਾ ਕੇ ਸੁਣਾਈ ਜੋ ਕਿ ਬੀੜੀ ਮਜ਼ਦੂਰਾਂ ਦੇ ਕਰੜੇ ਕਿੱਤੇ ਅਤੇ ਸ਼ੋਸ਼ਣਕਾਰੀ ਸਥਿਤੀਆਂ ’ਤੇ ਲਿਖਿਆ ਇੱਕ ਗੀਤ ਸੀ।
ਕੋਹਿਨੂਰ ਆਪਾ ਦੱਸਦੀ ਹਨ ਕਿ ਜਦੋਂ ਉਹ ਇੱਕ ਛੋਟੀ ਬੱਚੀ ਸਨ, ਉਹਨਾਂ ਦੇ ਪਰਿਵਾਰ ਦੀ ਗੰਭੀਰ ਆਰਥਿਕ ਸਥਿਤੀ ਕਾਰਨ ਘਰ ਦੇ ਹਾਲਾਤ ਠੀਕ ਨਹੀਂ ਸਨ। ਇੱਕ ਛੋਟੀ ਬੱਚੀ ਦੇ ਲਈ ਇਹ ਬਹੁਤ ਅਸਹਿਣਯੋਗ ਸੀ। ਉਹ ਦੱਸਦੀ ਹਨ,“ਮੈਂ ਸਿਰਫ ਨੌਂ ਵਰ੍ਹਿਆਂ ਦੀ ਸੀ ਜਦੋਂ ਇੱਕ ਸਵੇਰ ਘਰ ਦੇ ਆਮ ਲੜਾਈ-ਝਗੜੇ ਵਿੱਚ ਮੈਂ ਆਪਣੀ ਅੰਮੀ ਨੂੰ ਕੋਲੇ, ਪਾਥੀਆਂ ਅਤੇ ਲੱਕੜਾਂ ਨਾਲ ਚੁੱਲ੍ਹਾ ਬਾਲ਼ਦੇ ਹੋਏ ਰੋਂਦੇ ਵੇਖਿਆ। ਉਹਨਾਂ ਕੋਲ ਪਕਾਉਣ ਲਈ ਕੋਈ ਦਾਣਾ ਨਹੀਂ ਬਚਿਆ ਸੀ।”
ਨੌ ਸਾਲਾ ਬੱਚੀ ਨੂੰ ਇੱਕ ਤਰੀਕਾ ਸੁੱਝਿਆ। “ਮੈਂ ਕੋਲੇ ਦੇ ਇੱਕ ਵੱਡੇ ਡਿਪੂ ਦੇ ਮਾਲਕ ਦੀ ਪਤਨੀ ਕੋਲ ਭੱਜ ਕੇ ਗਈ ਅਤੇ ਉਸ ਔਰਤ ਨੂੰ ਪੁੱਛਿਆ, [ਕਾਕੀ ਮਾਂ ਅਮਾਕੇ ਏਕ ਮੋ ਕੋਰੇ ਕੋਇਲਾ ਦੇਬੇ ਰੋਜ?] ਮਾਸੀ, ਕੀ ਤੁਸੀਂ ਹਰ ਰੋਜ਼ ਮੈਨੂੰ ਕੋਲੇ ਦੀ ਇੱਕ ਢੇਰੀ ਦੇ ਦਿਆ ਕਰੋਗੇ?,” ਉਹ ਮਾਣ ਨਾਲ ਯਾਦ ਕਰਦੀ ਹਨ। “ਥੋੜ੍ਹਾ ਸਮਝਾਉਣ ਤੋਂ ਬਾਅਦ ਉਹ ਔਰਤ ਮੰਨ ਗਈ ਅਤੇ ਮੈਂ ਉਹਨਾਂ ਦੇ ਡਿਪੂ ਤੋਂ ਇੱਕ ਰਿਕਸ਼ੇ ਜ਼ਰੀਏ ਘਰ ਕੋਲਾ ਲਿਆਉਣਾ ਸ਼ੁਰੂ ਕਰ ਦਿੱਤਾ। ਮੈਂ ਕਿਰਾਏ ਦੇ 20 ਪੈਸੇ ਦਿੰਦੀ ਸੀ।”
ਜਿੰਦਗੀ ਇਸੇ ਤਰ੍ਹਾਂ ਚਲਦੀ ਗਈ ਅਤੇ ਜਦੋਂ ਕੋਹਿਨੂਰ 14 ਵਰ੍ਹਿਆਂ ਦੀ ਹੋਈ, ਉਹ ਆਪਣੇ ਪਿੰਡ ਉੱਤਰਪਾਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੋਲਾ-ਟੁਕੜਾ ਵੇਚਣ ਜਾਇਆ ਕਰਦੀ ਸੀ; ਉਹ ਆਪਣੇ ਛੋਟੇ-ਛੋਟੇ ਮੋਢਿਆਂ ’ਤੇ ਇੱਕ ਵਾਰ ਵਿੱਚ 20 ਕਿਲੋ ਭਾਰ ਚੁੱਕ ਲੈਂਦੀ ਸੀ। “ਭਾਵੇਂ ਕਿ ਮੈਂ ਬਹੁਤ ਘੱਟ ਕਮਾਉਂਦੀ ਸੀ ਪਰ ਇਹ ਮੇਰੇ ਪਰਿਵਾਰ ਦਾ ਢਿੱਡ ਭਰਨ ਵਿੱਚ ਸਹਾਈ ਹੁੰਦਾ ਸੀ,” ਉਹ ਕਹਿੰਦੀ ਹਨ।
ਹਾਲਾਂਕਿ ਕੋਹਿਨੂਰ ਖੁਸ਼ ਸਨ ਕਿ ਉਹ ਪਰਿਵਾਰ ਦੀ ਮਦਦ ਕਰ ਰਹੀ ਹਨ ਪਰ ਉਹਨਾਂ ਨੂੰ ਲੱਗਦਾ ਸੀ ਕਿ ਉਹ ਜਿੰਦਗੀ ਦੀ ਦੌੜ ਹਾਰ ਰਹੀ ਹਨ। “ਸੜਕਾਂ ਤੇ ਕੋਲਾ ਵੇਚਦੇ ਸਮੇਂ ਮੈਂ ਲੜਕੀਆਂ ਨੂੰ ਸਕੂਲ ਜਾਂਦੇ ਵੇਖਦੀ, ਔਰਤਾਂ ਨੂੰ ਆਪਣੇ ਮੋਢਿਆਂ ’ਤੇ ਟੰਗੇ ਬੈਗਾਂ ਸਮੇਤ ਕਾਲਜ ਅਤੇ ਦਫ਼ਤਰਾਂ ਨੂੰ ਜਾਂਦੇ ਵੇਖਦੀ। ਮੈਨੂੰ ਆਪਣੇ ਆਪ ’ਤੇ ਤਰਸ ਆਉਂਦਾ ਸੀ,” ਉਹ ਕਹਿੰਦੀ ਹਨ। ਉਹਨਾਂ ਦੀ ਅਵਾਜ਼ ਭਾਰੀ ਹੋਣ ਲੱਗਦੀ ਹੈ ਪਰ ਉਹ ਆਪਣੇ ਹੰਝੂਆਂ ਨੂੰ ਅੰਦਰ ਹੀ ਪੀ ਕੇ ਅੱਗੇ ਕਹਿੰਦੀ ਹਨ, “ਮੈਂ ਵੀ ਆਪਣੇ ਮੋਢੇ ’ਤੇ ਬੈਗ ਲੈ ਕੇ ਕਿਤੇ ਜਾਣਾ ਚਾਹੁੰਦੀ ਸੀ...”
ਲਗਭਗ ਉਸੇ ਸਮੇਂ ਉਸਦੇ ਇੱਕ ਚਚੇਰੇ ਭਰਾ ਨੇ ਕੋਹਿਨੂਰ ਨੂੰ ਨਗਰਪਾਲਿਕਾ ਦੁਆਰਾ ਸਥਾਪਿਤ ਔਰਤਾਂ ਲਈ ਸਵੈ-ਸਹਾਇਤਾ ਸਥਾਨਕ ਸੰਸਥਾ ਨਾਲ ਮਿਲਵਾਇਆ। “ਅਲੱਗ-ਅਲੱਗ ਘਰ੍ਹਾਂ ਵਿੱਚ ਕੋਲਾ ਵੇਚਦੇ ਸਮੇਂ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਮਿਲੀ। ਮੈਨੂੰ ਉਹਨਾਂ ਦੇ ਸੰਘਰਸ਼ ਦਾ ਪਤਾ ਸੀ। ਮੈਂ ਜ਼ੋਰ ਦੇ ਕੇ ਕਿਹਾ ਕਿ ਨਗਰਪਾਲਿਕਾ ਮੈਨੂੰ ਸੰਸਥਾ ਦੇ ਇੱਕ ਪ੍ਰਬੰਧਕ ਵੱਜੋਂ ਰੱਖ ਲਵੇ।”
ਪਰ ਸਮੱਸਿਆ ਇਹ ਸੀ, ਜਿਵੇਂ ਕਿ ਉਸ ਦੇ ਚਚੇਰੇ ਭਰਾ ਵੱਲੋਂ ਦੱਸਿਆ ਗਿਆ, ਕਿ ਕੋਹਿਨੂਰ ਨੇ ਰਸਮੀ ਸਕੂਲੀ ਸਿੱਖਿਆ ਨਹੀਂ ਪ੍ਰਾਪਤ ਕੀਤੀ ਸੀ ਅਤੇ ਇਸ ਲਈ ਉਸ ਨੂੰ ਇਸ ਅਹੁਦੇ ਲਈ ਅਣਉਚਿਤ ਦੱਸਿਆ ਗਿਆ ਕਿਉਂਕਿ ਇਸ ਵਿੱਚ ਲੇਖਾ ਖਾਤਿਆਂ ਦਾ ਪ੍ਰਬੰਧਨ ਸ਼ਾਮਿਲ ਸੀ।
ਉਹ ਕਹਿੰਦੀ ਹਨ, “ਇਹ ਮੇਰੇ ਲਈ ਕੋਈ ਸਮੱਸਿਆ ਨਹੀਂ ਸੀ। ਮੈਂ ਗਣਨ-ਜੋੜਨ ਵਿੱਚ ਬਹੁਤ ਚੰਗੀ ਹਾਂ। ਮੈਂ ਇਹ ਕੋਲਾ-ਟੁਕੜਾ ਵੇਚਦੇ ਸਮੇਂ ਸਿੱਖਿਆ ਸੀ। ਇਹ ਭਰੋਸਾ ਦਿਵਾਉਂਦੇ ਹੋਏ ਕਿ ਉਹ ਕੋਈ ਗ਼ਲਤੀ ਨਹੀਂ ਕਰੇਗੀ, ਕੋਹਿਨੂਰ ਨੇ ਸਿਰਫ ਇੱਕ ਬੇਨਤੀ ਕੀਤੀ ਕਿ ਉਸ ਨੂੰ ਡਾਇਰੀ ਵਿੱਚ ਸਭ ਕੁਝ ਲਿਖਣ ਲਈ ਆਪਣੇ ਚਚੇਰੇ ਭਰਾ ਦੀ ਮਦਦ ਲੈਣ ਦੀ ਇਜ਼ਾਜਤ ਦਿੱਤੀ ਜਾਵੇ। “ਬਾਕੀ ਸਭ ਕੁਝ ਮੈਂ ਆਪ ਕਰ ਲਵਾਂਗੀ।”
ਅਤੇ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਸਥਾਨਕ ਸਵੈ-ਸਹਾਇਤਾ ਗਰੁੱਪਾਂ ਦੇ ਲਈ ਕੰਮ ਕਰਦੇ ਹੋਏ ਕੋਹਿਨੂਰ ਨੂੰ ਇਹਨਾਂ ਔਰਤਾਂ ਨੂੰ ਹੋਰ ਵਧੇਰੇ ਜਾਣਨ ਦਾ ਮੌਕਾ ਮਿਲਿਆ— ਜਿਨ੍ਹਾਂ ਵਿੱਚੋਂ ਬਹੁਤੀਆਂ ਬੀੜੀਆਂ ਲਪੇਟਣ ਦਾ ਕੰਮ ਕਰਦੀਆਂ ਸਨ। ਉਹਨਾਂ ਨੇ ਬੱਚਤ ਬਾਰੇ ਅਤੇ ਕੋਸ਼ ਬਣਾਉਣ ਬਾਰੇ ਸਿੱਖਿਆ, ਇਸ ਤੋਂ ਉਧਾਰ ਲੈਣ ਅਤੇ ਵਾਪਸ ਕਰਨ ਬਾਰੇ ਵੀ ਸਿੱਖਿਆ।
ਕੋਹਿਨੂਰ ਕਹਿੰਦੀ ਹਨ ਕਿ ਭਾਵੇਂ ਕਿ ਉਹਨਾਂ ਦਾ ਇਹ ਸੰਘਰਸ਼ ਪੈਸਾ ਕਮਾਉਣ ਲਈ ਸੀ, ਪਰ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਉਹਨਾਂ ਲਈ ਇੱਕ “ਕੀਮਤੀ ਅਨੁਭਵ” ਰਿਹਾ ਕਿਉਂਕਿ “ਮੈਂ ਰਾਜਨੀਤਿਕ ਪੱਧਰ ’ਤੇ ਜਾਗਰੂਕ ਹੋ ਰਹੀ ਸੀ। ਜਦੋਂ ਵੀ ਮੈਂ ਕੁਝ ਗ਼ਲਤ ਹੁੰਦਾ ਵੇਖਦੀ, ਮੈਂ ਲੋਕਾਂ ਨਾਲ ਬਹਿਸ ਕਰਦੀ। ਮੈਂ ਟਰੇਡ ਯੂਨੀਅਨ ਕਾਰਕੁਨਾਂ ਨਾਲ ਨੇੜਲੇ ਸਬੰਧ ਕਾਇਮ ਕਰ ਲਏ ਸਨ।”
ਹਾਲਾਂਕਿ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਇਹ ਠੀਕ ਨਾ ਲੱਗਿਆ। “ਇਸ ਲਈ ਉਹਨਾਂ ਨੇ ਮੇਰਾ ਵਿਆਹ ਕਰ ਦਿੱਤਾ।” 16 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਜਮਾਲਉੱਦੀਨ ਸ਼ੇਖ ਨਾਲ ਹੋਇਆ। ਹੁਣ ਇਸ ਜੋੜੇ ਦੇ ਤਿੰਨ ਬੱਚੇ ਹਨ।
ਖੁਸ਼ਕਿਸਮਤੀ ਨਾਲ ਵਿਆਹ ਨੇ ਕੋਹਿਨੂਰ ਨੂੰ ਮਰਜ਼ੀ ਦਾ ਕੰਮ ਕਰਨ ਤੋਂ ਨਹੀਂ ਰੋਕਿਆ: “ਮੈਂ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ ਵਾਚਦੀ ਰਹੀ। ਮੈਂ ਅਜਿਹੀਆਂ ਸੰਸਥਾਵਾਂ ਨਾਲ ਰਾਬਤਾ ਕਾਇਮ ਕੀਤਾ ਜਿੰਨ੍ਹਾ ਨੇ ਜ਼ਮੀਨੀ ਪੱਧਰ ’ਤੇ ਮੇਰੇ ਵਰਗੀਆਂ ਔਰਤਾਂ ਦੇ ਅਧਿਕਾਰਾਂ ਲਈ ਕੰਮ ਕੀਤਾ ਅਤੇ ਉਹਨਾਂ ਨਾਲ ਮਿਲ ਕੇ ਮੇਰੀ ਸੰਸਥਾ ਅੱਗੇ ਵੱਧਦੀ ਗਈ।” ਜਿੱਥੇ ਜਮਾਲਉੱਦੀਨ ਕਬਾੜੀਏ ਦਾ ਕੰਮ ਕਰਦੇ ਹਨ, ਕੋਹਿਨੂਰ ਸਕੂਲ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਹਨ ਅਤੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬੀੜੀ ਮਜ਼ਦੂਰ ਅਤੇ ਪੈਕਰਜ਼ ਯੂਨੀਅਨ ਨਾਲ ਮਸਰੂਫ਼ ਰਹਿੰਦੀ ਹਨ ਜਿੱਥੇ ਉਹ ਬੀੜੀ ਮਜ਼ਦੂਰਾਂ ਦੇ ਅਧਿਕਾਰਾਂ ਦੀ ਵਕਾਲਤ ਕਰਦੀ ਹਨ।
“ਸਿਰਫ਼ ਐਤਵਾਰ ਦੀ ਸਵੇਰ ਨੂੰ ਹੀ ਮੈਂ ਆਪਣੇ ਲਈ ਸਮਾਂ ਕੱਢ ਪਾਉਂਦੀ ਹਾਂ,” ਆਪਣੇ ਕੋਲ਼ ਪਈ ਬੋਤਲ ਵਿਚੋਂ ਕੁਝ ਤੇਲ ਆਪਣੀ ਹਥੇਲੀ ਉੱਤੇ ਪਾਉਂਦੀ ਹੋਈ ਉਹ ਕਹਿੰਦੀ ਹਨ। ਉਹ ਆਪਣੇ ਸੰਘਣੇ ਵਾਲਾਂ ਤੇ ਤੇਲ ਲਗਾਉਂਦੀ ਹਨ ਅਤੇ ਫਿਰ ਧਿਆਨ ਨਾਲ ਕੰਘੀ ਕਰਦੀ ਹਨ।
ਸਿਰ ਵਾਹ ਕੇ ਉਹ ਦੁਪੱਟੇ ਨਾਲ ਆਪਣਾ ਸਿਰ ਢੱਕਦੀ ਹਨ ਅਤੇ ਆਪਣੇ ਸਾਹਮਣੇ ਪਏ ਇੱਕ ਛੋਟੇ ਜਿਹੇ ਸ਼ੀਸ਼ੇ ਵਿੱਚ ਵੇਖਦੀ ਹਨ, “ਅੱਜ ਮੇਰਾ ਇੱਕ ਗੀਤ ਗਾਉਣ ਦਾ ਮਨ ਹੋ ਰਿਹਾ ਹੈ... ਏਕਤਾ ਬੀੜਈ ਬੰਦਈ-ਏਅ ਗਾਨ ਸ਼ੋਨਈ। [ ਮੈਂ ਬੀੜੀਆਂ ਬੰਨ੍ਹਣ ਤੇ ਇੱਕ ਗੀਤ ਗਾਉਂਦੀ ਹਾਂ]”
বাংলা
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
শ্রমিকরা দল গুছিয়ে
শ্রমিকরা দল গুছিয়ে
মিনশির কাছে বিড়ির পাতা আনতে যাই
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
পাতাটা আনার পরে
পাতাটা আনার পরে
কাটার পর্বে যাই রে যাই
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
বিড়িটা কাটার পরে
পাতাটা কাটার পরে
বাঁধার পর্বে যাই রে যাই
একি ভাই রে ভাই
আমরা বিড়ির গান গাই
ওকি ভাই রে ভাই
আমরা বিড়ির গান গাই
বিড়িটা বাঁধার পরে
বিড়িটা বাঁধার পরে
গাড্ডির পর্বে যাই রে যাই
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
গাড্ডিটা করার পরে
গাড্ডিটা করার পরে
ঝুড়ি সাজাই রে সাজাই
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
ঝুড়িটা সাজার পরে
ঝুড়িটা সাজার পরে
মিনশির কাছে দিতে যাই
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
মিনশির কাছে লিয়ে যেয়ে
মিনশির কাছে লিয়ে যেয়ে
গুনতি লাগাই রে লাগাই
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
বিড়িটা গোনার পরে
বিড়িটা গোনার পরে
ডাইরি সারাই রে সারাই
একি ভাই রে ভাই
আমরা বিড়ির গান গাই
একি ভাই রে ভাই
আমরা বিড়ির গান গাই
ডাইরিটা সারার পরে
ডাইরিটা সারার পরে
দুশো চুয়ান্ন টাকা মজুরি চাই
একি ভাই রে ভাই
দুশো চুয়ান্ন টাকা চাই
একি ভাই রে ভাই
দুশো চুয়ান্ন টাকা চাই
একি মিনশি ভাই
দুশো চুয়ান্ন টাকা চাই।
ਪੰਜਾਬੀ
ਸੁਣੋ ਭਾਈਓ
ਅਸੀਂ ਸੁਣਾਉਂਦੇ ਹਾਂ
ਇਹ ਗੀਤ ਬੀੜੀ ਦਾ
ਰਾਗ ਬਣਾਉਂਦੇ ਹਾਂ
ਹੋਏ ਮਜ਼ਦੂਰ ਇਕੱਠੇ
ਹੋਏ ਮਜ਼ਦੂਰ ਇਕੱਠੇ
ਗਏ ਮੁਨਸ਼ੀ ਕੋਲ
ਲੈਣ ਲਈ ਬੀੜੀ ਪੱਤੇ
ਸੁਣੋ ਭਾਈਓ
ਅਸੀਂ ਸੁਣਾਉਂਦੇ ਹਾਂ
ਇਹ ਗੀਤ ਬੀੜੀ ਦਾ
ਰਾਗ ਬਣਾਉਂਦੇ ਹਾਂ
ਜਿਹੜੇ ਅਸੀਂ ਲਿਆਂਦੇ ਪੱਤੇ
ਜਿਹੜੇ ਅਸੀਂ ਲਿਆਂਦੇ ਪੱਤੇ
‘O’ ਅਕਾਰ ਵਾਂਗਰਾਂ ਕੱਟੇ
ਸੁਣੋ ਭਾਈਓ
ਅਸੀਂ ਸੁਣਾਉਂਦੇ ਹਾਂ
ਇਹ ਗੀਤ ਬੀੜੀ ਦਾ
ਰਾਗ ਬਣਾਉਂਦੇ ਹਾਂ
ਇੱਕ ਵਾਰ ਜੋ ਕੱਟਗੇ ਪੱਤੇ
ਇੱਕ ਵਾਰ ਜੋ ਕੱਟਗੇ ਪੱਤੇ
ਆਖਰੀ ਫਿਰ ਦਿੱਤੇ ਲਪੇਟੇ
ਸੁਣੋ ਭਾਈਓ
ਅਸੀਂ ਸੁਣਾਉਂਦੇ ਹਾਂ
ਇਹ ਗੀਤ ਬੀੜੀ ਦਾ
ਰਾਗ ਬਣਾਉਂਦੇ ਹਾਂ
ਇੱਕ ਵਾਰ ਜੋ ਬਣਗੇ ਬੰਡਲ
ਇੱਕ ਵਾਰ ਜੋ ਬਣਗੇ ਬੰਡਲ
ਅਸੀਂ ਫਿਰ ਕੀਤੇ ਬੰਦ
ਸੁਣੋ ਭਾਈਓ
ਅਸੀਂ ਸੁਣਾਉਂਦੇ ਹਾਂ
ਇਹ ਗੀਤ ਬੀੜੀ ਦਾ
ਰਾਗ ਬਣਾਉਂਦੇ ਹਾਂ
ਫਿਰ ਗਏ ਅਸੀਂ ਮੁਨਸ਼ੀ ਘਰ
ਫਿਰ ਗਏ ਅਸੀਂ ਮੁਨਸ਼ੀ ਘਰ
ਫਿਰ ਗਿਣਤੀ ਮਾਰੀ ਥੱਲੇ ਧਰ
ਸੁਣੋ ਭਾਈਓ
ਅਸੀਂ ਸੁਣਾਉਂਦੇ ਹਾਂ
ਇਹ ਗੀਤ ਬੀੜੀ ਦਾ
ਰਾਗ ਬਣਾਉਂਦੇ ਹਾਂ
ਹੁਣ ਜੋ ਹੋਈਆਂ ਪੂਰੀਆਂ ਗਿਣਤੀਆਂ
ਹੁਣ ਜੋ ਹੋਈਆਂ ਪੂਰੀਆਂ ਗਿਣਤੀਆਂ
ਨਿਕਲੀਆਂ ਡੈਰੀਆਂ ਤੇ ਹੋਈਆਂ ਲਿਖਤੀਆਂ
ਸੁਣੋ ਭਾਈਓ
ਅਸੀਂ ਸੁਣਾਉਂਦੇ ਹਾਂ
ਇਹ ਗੀਤ ਬੀੜੀ ਦਾ
ਰਾਗ ਬਣਾਉਂਦੇ ਹਾਂ
ਹੁਣ ਜੋ ਡਾਇਰੀਆਂ ਭਰ ਗਈਆਂ
ਹੁਣ ਜੋ ਡਾਇਰੀਆਂ ਭਰ ਗਈਆਂ
ਕੱਢੋ ਸਾਡਾ ਮਿਹਨਤਾਨਾ ਤੇ ਸੁਣੋ ਗਾਣਾ
ਸੁਣੋ ਭਾਈਓ
ਅਸੀਂ ਗਾਉਂਦੇ ਮਿਹਨਤਾਨੇ ਲਈ
ਸੋ ਦੇ ਦੋ, ਚੁਰੰਜਾ ਦੇ ਖੁੱਲੇ
ਸੁਣ ਵੇ ਮੁਨਸ਼ੀ, ਕਰ ਕਿਤੋਂ ਹੀਲੇ
ਸਾਨੂੰ ਚਾਹੀਦਾ ਬਸ ਦੋ ਸੋ ਚੁਰੰਜਾ
ਸੁਣ ਵੇ ਮੁਨਸ਼ੀ, ਕਰ ਕਿਤੋਂ ਹੀਲੇ।
ਗੀਤ ਕ੍ਰੈਡਿਟ:
ਬੰਗਾਲੀ ਗੀਤ: ਕੋਹਿਨੂਰ ਬੇਗ਼ਮ
ਪੰਜਾਬੀ ਤਰਜਮਾ: ਇੰਦਰਜੀਤ ਸਿੰਘ