ਇਹ ਕੋਲ੍ਹਾਪੁਰ ਜ਼ਿਲ੍ਹੇ ਦਾ ਰਾਜਾਰਾਮ ਸ਼ੂਗਰ ਫੈਕਟਰੀ ਖੇਤਰ ਹੈ। ਇਹ ਫਰਵਰੀ ਦੀ ਗਰਮ ਦੁਪਹਿਰ ਸੀ। ਫੈਕਟਰੀ ਦੇ ਵਿਹੜੇ ਵਿੱਚ ਸੈਂਕੜੇ ਖੋਪਯਾਸ (ਗੰਨਾ ਮਜ਼ਦੂਰਾਂ ਦੀਆਂ ਕੱਚੀਆਂ ਝੌਂਪੜੀਆਂ) ਲਗਭਗ ਖਾਲੀ ਪਈਆਂ ਹਨ। ਪ੍ਰਵਾਸੀ ਮਜ਼ਦੂਰ ਇੱਥੋਂ ਇੱਕ ਘੰਟੇ ਦੀ ਦੂਰੀ 'ਤੇ ਵਡਨਾਗੇ ਪਿੰਡ ਨੇੜੇ ਗੰਨਾ ਕੱਟ ਰਹੇ ਸਨ।
ਝੌਂਪੜੀ ਦੇ ਅੰਦਰੋਂ ਆ ਰਹੀ ਭਾਂਡਿਆਂ ਦੀ ਆਵਾਜ਼ ਨੇ ਸੰਕੇਤ ਦਿੱਤਾ ਕਿ ਕੋਈ ਘਰ ਦੇ ਅੰਦਰ ਮੌਜੂਦ ਸੀ। ਅਵਾਜ਼ ਦਾ ਪਿੱਛਾ ਕਰਨ 'ਤੇ ਇੱਕ 12 ਸਾਲਾ ਲੜਕੀ ਸਵਾਤੀ ਮਹਾਰਨੋਰ ਨਾਲ਼ ਮੁਲਾਕਾਤ ਹੋਈ। ਉਹ ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰਨ ਵਿੱਚ ਰੁੱਝੀ ਹੋਈ ਸੀ। ਉਹਦੇ ਪੀਲ਼ੇ ਪਏ ਚਿਹਰੇ ਤੋਂ ਥਕਾਨ ਝਲਕ ਰਹੀ ਸੀ। ਉਹ ਆਪਣੇ ਪਰਿਵਾਰ ਦੀ ਝੌਂਪੜੀ ਵਿੱਚ ਬੈਠੀ ਹੋਈ ਸੀ ਤੇ ਉਹਦੇ ਚੁਫ਼ੇਰੇ ਭਾਂਡੇ ਹੀ ਭਾਂਡੇ ਖਿੰਡੇ ਪਏ ਸਨ।
ਉਹਨੇ ਉਬਾਸੀ ਲੈਂਦਿਆਂ ਕਿਹਾ,"ਮੈਂ ਤੜਕੇ 3 ਵਜੇ ਦੀ ਉੱਠੀ ਹੋਈ ਹਾਂ।''
ਛੋਟੀ ਬੱਚੀ ਸਵੇਰੇ ਜਲਦੀ ਉੱਠੀ ਅਤੇ ਆਪਣੇ ਦਾਦੇ ਅਤੇ ਵੱਡੇ ਭਰਾ ਨਾਲ਼ ਬੈਲਗੱਡੀ ਵਿੱਚ ਗੰਨੇ ਦੇ ਖੇਤ ਵਿੱਚ ਚਲੀ ਗਈ। ਉਹ ਆਪਣੇ ਪਰਿਵਾਰ ਦੀ ਮਦਦ ਕਰਨ ਗਈ ਸੀ, ਜੋ ਮਹਾਰਾਸ਼ਟਰ ਦੇ ਬਾਵਦਾ ਤਾਲੁਕਾ ਵਿੱਚ ਗੰਨਾ ਕੱਟਣ ਦਾ ਕੰਮ ਕਰਦਾ ਸੀ। ਉਸ ਦੇ ਪੰਜ ਮੈਂਬਰੀ ਪਰਿਵਾਰ ਨੂੰ ਪ੍ਰਤੀ ਦਿਨ ਗੰਨੇ ਦੀ 25 ਮੋਲੀ (ਬੰਡਲ) ਕੱਟਣ ਦਾ ਟੀਚਾ ਦਿੱਤਾ ਗਿਆ ਹੈ ਅਤੇ ਛੋਟੀ ਬੱਚੀ ਨੂੰ ਵੀ ਇਸ ਟੀਚੇ ਤੱਕ ਪਹੁੰਚਣ ਲਈ ਪਰਿਵਾਰ ਦਾ ਹੱਥ ਵਟਾਉਣਾ ਹੀ ਪੈਣਾ ਹੈ। ਉਨ੍ਹਾਂ ਨੇ ਦੁਪਹਿਰ ਦੇ ਖਾਣੇ ਲਈ ਪਿਛਲੇ ਰਾਤ ਪੱਕੀ ਭਾਖਰੀ ਤੇ ਬੈਂਗਣ ਦੀ ਸਬਜ਼ੀ ਪੱਲੇ ਬੰਨ੍ਹੀ ਹੈ।
ਉਨ੍ਹਾਂ ਵਿੱਚੋਂ ਸਿਰਫ਼ ਸਵਾਤੀ ਹੀ ਇਕੱਲੀ ਸੀ ਜੋ ਦੁਪਹਿਰ 1 ਵਜੇ ਦੇ ਕਰੀਬ ਫੈਕਟਰੀ ਦੇ ਅਹਾਤੇ ਵਿਖੇ ਸਥਿਤ ਆਪਣੇ ਘਰ ਵਾਪਸ ਗਈ। "ਬਾਬਾ ਜੀ (ਦਾਦਾ ਜੀ) ਮੈਨੂੰ ਘਰ ਛੱਡ ਕੇ ਚਲੇ ਗਏ. ਉਹ 15 ਘੰਟਿਆਂ ਲਈ ਗੰਨੇ ਦੀ ਕਟਾਈ ਤੋਂ ਬਾਅਦ ਥੱਕੇ ਹਾਰੇ ਅਤੇ ਭੁੱਖੇ ਪਰਿਵਾਰ ਦੇ ਬਾਕੀ ਲੋਕਾਂ ਲਈ ਖਾਣਾ ਤਿਆਰ ਕਰਨ ਲਈ ਬਾਕੀਆਂ ਨਾਲ਼ੋਂ ਪਹਿਲਾਂ ਘਰ ਆ ਗਈ ਹੈ। ਸਵਾਤੀ ਕਹਿੰਦੀ ਹੈ, "ਅਸੀਂ (ਪਰਿਵਾਰ ਨੇ) ਸਵੇਰ ਤੋਂ ਸਿਰਫ਼ ਇੱਕ ਗਲਾਸ ਚਾਹ ਪੀਤੀ ਹੈ।''
ਨਵੰਬਰ 2022 ਵਿੱਚ ਬੀਡ ਜ਼ਿਲ੍ਹੇ ਦੇ ਸਕੁੰਦਵਾੜੀ ਪਿੰਡ ਤੋਂ ਕੋਲ੍ਹਾਪੁਰ ਆਈ ਸਵਾਤੀ ਉਦੋਂ ਤੋਂ ਹੀ ਪਰਿਵਾਰ ਲਈ ਰੋਟੀ ਪਕਾਉਣ ਅਤੇ ਗੰਨੇ ਦੇ ਖੇਤ ਵਿੱਚ ਕੰਮ ਕਰਦੀ ਰਹੀ ਹੈ। ਉਸਦਾ ਪਰਿਵਾਰ ਇੱਥੇ ਫੈਕਟਰੀ ਦੇ ਵਿਹੜੇ ਵਿੱਚ ਰਹਿੰਦਾ ਰਿਹਾ ਹੈ। ਆਕਸਫੈਮ ਦੁਆਰਾ ਪ੍ਰਕਾਸ਼ਿਤ 2020 ਦੀ ਹਿਊਮਨ ਕਾਸਟ ਆਫ ਸ਼ੂਗਰ ਸਿਰਲੇਖ ਵਾਲ਼ੀ ਇੱਕ ਰਿਪੋਰਟ ਦੇ ਅਨੁਸਾਰ, ਮਹਾਰਾਸ਼ਟਰ ਵਿੱਚ ਜ਼ਿਆਦਾਤਰ ਪ੍ਰਵਾਸੀ ਕਾਮੇ ਤਰਪਾਲਾਂ ਨਾਲ਼ ਢਕੀਆਂ ਝੌਂਪੜੀਆਂ ਵਾਲ਼ੀਆਂ ਕਲੋਨੀਆਂ ਵਿੱਚ ਰਹਿੰਦੇ ਹਨ। ਅਜਿਹੀਆਂ ਕਲੋਨੀਆਂ ਵਿੱਚ ਆਮ ਤੌਰ 'ਤੇ ਪਾਣੀ, ਬਿਜਲੀ ਅਤੇ ਪਖਾਨੇ ਦੀ ਸਹੂਲਤ ਨਹੀਂ ਹੁੰਦੀ।
"ਮੈਨੂੰ ਗੰਨੇ ਦੀ ਕਟਾਈ ਪਸੰਦ ਨਹੀਂ ਹੈ। ਮੈਨੂੰ ਸ਼ਹਿਰ ਵਿੱਚ ਰਹਿਣਾ ਪਸੰਦ ਹੈ। ਜੇ ਇੰਝ ਹੋਵੇ ਤਾਂ ਮੈਂ ਸਕੂਲ ਜਾ ਸਕਦੀ ਹਾਂ," ਪਟੋਡਾ ਤਾਲੁਕਾ ਦੇ ਸਕੁੰਦਵਾੜੀ ਪਿੰਡ ਦੇ ਜ਼ਿਲ੍ਹਾ ਪ੍ਰੀਸ਼ਦ ਸੈਕੰਡਰੀ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਸਵਾਤੀ ਕਹਿੰਦੀ ਹੈ। ਉਸਦਾ ਛੋਟਾ ਭਰਾ ਕ੍ਰਿਸ਼ਨ ਉਸੇ ਸਕੂਲ ਵਿੱਚ ਤੀਜੀ ਜਮਾਤ ਵਿੱਚ ਪੜ੍ਹ ਰਿਹਾ ਹੈ।
ਸਵਾਤੀ ਦੇ ਮਾਤਾ-ਪਿਤਾ ਅਤੇ ਦਾਦੇ ਵਾਂਗਰ ਹੀ ਲਗਭਗ 500 ਪ੍ਰਵਾਸੀ ਮਜ਼ਦੂਰਾਂ ਨੂੰ ਗੰਨਾ ਕੱਟਣ ਦੇ ਸੀਜ਼ਨ ਦੇ ਕੰਮ ਲਈ ਰਾਜਾਰਾਮ ਸ਼ੂਗਰ ਫੈਕਟਰੀ ਵਿੱਚ ਕੰਮ ਕਰਨ ਲਈ ਠੇਕੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੇ ਨਾਲ਼ ਉਨ੍ਹਾਂ ਦੇ ਛੋਟੇ ਬੱਚੇ ਵੀ ਹਨ। ਸਵਾਤੀ ਕਹਿੰਦੀ ਹੈ, "ਅਸੀਂ ਮਾਰਚ (2022) ਵਿੱਚ ਸਾਂਗਲੀ ਵਿੱਚ ਸਾਂ।'' ਉਹ ਅਤੇ ਕ੍ਰਿਸ਼ਨਾ ਦੋਵੇਂ ਇੱਕ ਸਾਲ ਵਿੱਚ ਲਗਭਗ ਪੰਜ ਮਹੀਨਿਆਂ ਲਈ ਸਕੂਲ ਛੱਡ ਦਿੰਦੇ ਹਨ।
"ਬਾਬਾ (ਦਾਦਾ ਜੀ) ਸਾਨੂੰ ਹਰ ਸਾਲ ਮਾਰਚ ਮਹੀਨੇ ਘਰ ਲੈ ਜਾਂਦੇ ਹਨ। ਅਸੀਂ ਉੱਥੇ ਇਮਤਿਹਾਨ ਦਿੰਦੇ ਹਾਂ ਅਤੇ ਦੁਬਾਰਾ ਆਪਣੇ ਮਾਪਿਆਂ ਦੀ ਮਦਦ ਕਰਨ ਲਈ ਵਾਪਸ ਆਉਂਦੇ ਹਾਂ," ਸਵਾਤੀ ਕਹਿੰਦੀ ਹੈ, ਜੋ ਆਪਣੇ ਅਤੇ ਆਪਣੇ ਛੋਟੇ ਭਰਾ ਦੇ ਸਕੂਲ ਨਾ ਛੱਡਣ ਦੀਆਂ ਕੋਸ਼ਿਸ਼ਾਂ ਬਾਰੇ ਦੱਸਦੀ ਹੈ।
ਕਿਉਂਕਿ ਨਵੰਬਰ ਤੋਂ ਮਾਰਚ ਤੱਕ ਸਕੂਲ ਬੰਦ ਰਹਿੰਦਾ ਹੈ, ਇਸ ਲਈ ਉਨ੍ਹਾਂ ਲਈ ਆਖਰੀ ਇਮਤਿਹਾਨਾਂ ਨੂੰ ਪਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। "ਅਸੀਂ ਮਰਾਠੀ ਅਤੇ ਇਤਿਹਾਸ ਵਰਗਿਆਂ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਾਂ। ਪਰ ਗਣਿਤ ਨੂੰ ਸਮਝਣਾ ਮੁਸ਼ਕਲ ਹੈ," ਸਵਾਤੀ ਕਹਿੰਦੀ ਹੈ। ਉਸ ਦੀਆਂ ਸਹੇਲੀਆਂ ਜੋ ਪਿੰਡ ਵਿੱਚ ਰਹਿੰਦੀਆਂ ਹਨ, ਮਦਦ ਕਰਦੀਆਂ ਹਨ, ਪਰ ਇਹ ਖੁੰਝੀਆਂ ਹੋਈਆਂ ਕਲਾਸਾਂ ਦੀ ਭਰਪਾਈ ਕਰਨ ਲਈ ਕਾਫ਼ੀ ਨਹੀਂ ਹੈ।
"ਤੁਸੀਂ ਕੀ ਕਰ ਸਕਦੇ ਹੋ?'' ਸਵਾਤੀ ਕਹਿੰਦੀ ਹੈ, "ਮੇਰੇ ਮਾਪਿਆਂ ਨੂੰ ਕੰਮ ਕਰਨਾ ਪੈਂਦਾ ਹੈ।''
ਸਵਾਤੀ ਦੀ ਮਾਤਾ, 35 ਸਾਲਾ ਵਰਸ਼ਾ ਅਤੇ ਪਿਤਾ, 45 ਸਾਲਾ ਭਾਊਸਾਹਿਬ ਜੂਨ-ਅਕਤੂਬਰ ਦੇ ਮਹੀਨਿਆਂ ਦੌਰਾਨ ਸਕੁੰਡਵਾੜੀ ਦੇ ਆਲ਼ੇ-ਦੁਆਲ਼ੇ ਦੇ ਖੇਤਾਂ ਵਿੱਚ ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਵਰਸ਼ਾ ਕਹਿੰਦੀ ਹੈ, "ਜਦੋਂ ਤੱਕ ਵਰਖਾ ਰੁੱਤ ਵਿੱਚ ਕਪਾਨੀ (ਵਾਢੀ) ਨਹੀਂ ਹੋ ਜਾਂਦੀ, ਉਦੋਂ ਤੱਕ ਸਾਨੂੰ ਹਫ਼ਤੇ ਵਿੱਚ 4-5 ਦਿਨ ਖੇਤਾਂ ਵਿੱਚ ਕੰਮ ਮਿਲ਼ਦਾ ਹੈ।''
ਪਰਿਵਾਰ ਧਨਗਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ, ਜੋ ਮਹਾਰਾਸ਼ਟਰ ਵਿਖੇ ਖਾਨਾਬਦੋਸ਼ ਕਬੀਲੇ ਵਜੋਂ ਸੂਚੀਬੱਧ ਹੈ। ਇਹ ਜੋੜਾ ਇੱਕ ਦਿਨ ਵਿੱਚ 350 ਰੁਪਏ ਕਮਾਉਂਦਾ ਹੈ - ਵਰਸ਼ਾ 150 ਰੁਪਏ, ਭਾਊਸਾਹੇਬ 200 ਰੁਪਏ। ਜਦੋਂ ਉਨ੍ਹਾਂ ਦੇ ਪਿੰਡ ਵਿੱਚ ਕੰਮ ਉਪਲਬਧ ਨਹੀਂ ਹੁੰਦਾ, ਤਾਂ ਉਹ ਗੰਨੇ ਦੀ ਕਟਾਈ ਕਰਨ ਵਾਲ਼ੀ ਨੌਕਰੀ ਦੀ ਭਾਲ ਵਿੱਚ ਪ੍ਰਵਾਸ ਕਰਦੇ ਹਨ।
*****
ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ (ਆਰਟੀਈ) ਐਕਟ , 2009 ਵਿੱਚ "6 ਤੋਂ 14 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ" ਦਾ ਆਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਸਵਾਤੀ ਅਤੇ ਕ੍ਰਿਸ਼ਨਾ ਵਰਗੇ ਪ੍ਰਵਾਸੀ ਗੰਨਾ ਮਜ਼ਦੂਰਾਂ ਦੇ ਲਗਭਗ 0.13 ਮਿਲੀਅਨ ਬੱਚੇ (6-14 ਸਾਲ ਦੀ ਉਮਰ ਦੇ) ਆਪਣੇ ਮਾਪਿਆਂ ਦੇ ਨਾਲ਼ ਰਹਿਣ ਦੌਰਾਨ ਸਕੂਲ ਦੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ।
ਸਕੂਲ ਛੱਡਣ ਵਾਲ਼ੇ ਬੱਚਿਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ, ਮਹਾਰਾਸ਼ਟਰ ਸਰਕਾਰ ਨੇ 'ਸਿੱਖਿਆ ਗਾਰੰਟੀ ਕਾਰਡ' (ਈਜੀਸੀ) ਦੀ ਧਾਰਨਾ ਪੇਸ਼ ਕੀਤੀ। ਈਜੀਸੀ ਸਿੱਖਿਆ ਦੇ ਅਧਿਕਾਰ ਐਕਟ, 2009 ਲਈ 2015 ਵਿੱਚ ਪਾਸ ਕੀਤੇ ਗਏ ਇੱਕ ਮਤੇ ਦੇ ਨਤੀਜੇ ਵਜੋਂ ਆਇਆ ਸੀ। ਕਾਰਡ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਬੱਚੇ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਨਵੀਂ ਜਗ੍ਹਾ 'ਤੇ ਸਕੂਲ ਦੀ ਪੜ੍ਹਾਈ ਜਾਰੀ ਰੱਖ ਸਕਣ। ਇਸ ਵਿੱਚ ਵਿਦਿਆਰਥੀ ਦੇ ਸਾਰੇ ਵਿਦਿਅਕ ਵੇਰਵੇ ਸ਼ਾਮਲ ਹੁੰਦੇ ਹਨ ਅਤੇ ਬੱਚਿਆਂ ਦੇ ਪਿੰਡ ਦੇ ਸਕੂਲਾਂ ਵਿੱਚ ਅਧਿਆਪਕ ਦੁਆਰਾ ਦਿੱਤੇ ਜਾਂਦੇ ਹਨ।
ਬੀਡ ਜ਼ਿਲ੍ਹੇ ਦੇ ਇੱਕ ਸਮਾਜ ਸੇਵੀ ਅਸ਼ੋਕ ਤਾਂਗੜੇ ਦੱਸਦੇ ਹਨ, "ਕਾਰਡ ਬੱਚੇ ਨੂੰ ਆਪਣੇ ਨਾਲ਼ ਉਸ ਜ਼ਿਲ੍ਹੇ ਵਿੱਚ ਲਿਜਾਣਾ ਪੈਂਦਾ ਹੈ ਜਿੱਥੇ ਉਹ ਪ੍ਰਵਾਸ ਕਰ ਰਿਹਾ ਹੋਵੇ।'' ਸਕੂਲ ਦੇ ਨਵੇਂ ਅਧਿਕਾਰੀਆਂ ਨੂੰ ਕਾਰਡ ਦਿਖਾਉਣਾ ਹੀ ਕਾਫ਼ੀ ਹੈ, "ਮਾਪਿਆਂ ਨੂੰ ਦੁਬਾਰਾ ਦਾਖਲਾ ਪ੍ਰਕਿਰਿਆ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਬੱਚਾ ਆਪਣੀ ਜਮਾਤ ਨੂੰ ਜਾਰੀ ਰੱਖ ਸਕਦਾ ਹੈ," ਉਹ ਕਹਿੰਦੇ ਹਨ।
ਪਰ ਦਰਅਸਲ, ਅਸ਼ੋਕ ਕਹਿੰਦੇ ਹਨ, "ਅਜੇ ਤੱਕ ਇੱਕ ਵੀ ਬੱਚੇ ਨੂੰ ਈਜੀਸੀ ਕਾਰਡ ਜਾਰੀ ਨਹੀਂ ਕੀਤਾ ਗਿਆ ਹੈ।'' ਇਸਨੂੰ ਉਸ ਸਕੂਲ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ ਜਿੱਥੇ ਬੱਚਾ ਦਾਖਲ ਹੋਇਆ ਹੈ ਅਤੇ ਇੱਕ ਮਿਆਦ ਵਾਸਤੇ ਪ੍ਰਵਾਸ ਕਰ ਰਿਹਾ ਹੈ।
ਸਵਾਤੀ ਕਹਿੰਦੀ ਹੈ, "ਜ਼ਿਲ੍ਹਾ ਪ੍ਰੀਸ਼ਦ (ਜ਼ੈੱਡਪੀ) ਸੈਕੰਡਰੀ ਸਕੂਲ ਵਿੱਚ ਸਾਡੇ ਅਧਿਆਪਕਾਂ ਨੇ ਮੈਨੂੰ ਜਾਂ ਮੇਰੇ ਕਿਸੇ ਦੋਸਤ ਨੂੰ ਅਜਿਹੇ ਕਾਰਡ ਨਹੀਂ ਦਿੱਤੇ ਹਨ।''
ਦਰਅਸਲ, ਸਥਾਨਕ ਜ਼ਿਲ੍ਹਾ ਪੰਚਾਇਤ ਸੈਕੰਡਰੀ ਸਕੂਲ ਖੰਡ ਫੈਕਟਰੀ ਨੇੜਿਓਂ ਤਿੰਨ ਕਿਲੋਮੀਟਰ ਦੂਰ ਹੈ, ਪਰ ਹੱਥ ਵਿੱਚ ਕੋਈ ਕਾਰਡ ਨਾ ਹੋਣ ਕਾਰਨ ਸਵਾਤੀ ਅਤੇ ਕ੍ਰਿਸ਼ਨਾ ਉੱਥੇ ਕਲਾਸਾਂ ਵਿੱਚ ਨਹੀਂ ਜਾ ਸਕਦੇ।
ਪ੍ਰਵਾਸੀ ਗੰਨਾ ਕਾਮਿਆਂ ਦੇ ਲਗਭਗ 0.13 ਮਿਲੀਅਨ ਬੱਚੇ ਆਰਟੀਈ ਦੇ 2009 ਦੇ ਆਦੇਸ਼ ਦੇ ਬਾਵਜੂਦ ਆਪਣੇ ਮਾਪਿਆਂ ਨਾਲ਼ ਰਹਿਣ ਕਾਰਨ ਸਿੱਖਿਆ ਪ੍ਰਾਪਤ ਕਰਨ ਵਿੱਚ ਅਸਮਰੱਥ ਹੁੰਦੇ ਹਨ
ਪੁਣੇ ਦੇ ਪ੍ਰਾਇਮਰੀ ਸਿੱਖਿਆ ਡਾਇਰੈਕਟੋਰੇਟ ਦੇ ਇੱਕ ਅਧਿਕਾਰੀ ਨੇ ਕਿਹਾ,"ਇਹ ਪ੍ਰੋਜੈਕਟ ਸਰਗਰਮੀ ਨਾਲ਼ ਚਲਾਇਆ ਜਾ ਰਿਹਾ ਹੈ। ਸਕੂਲ ਅਧਿਕਾਰੀ ਪ੍ਰਵਾਸ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਕਾਰਡ ਦਿੰਦੇ ਹਨ।'' ਪਰ ਜਦੋਂ ਉਨ੍ਹਾਂ ਨੂੰ ਹੁਣ ਤੱਕ ਕਾਰਡ ਪ੍ਰਾਪਤ ਕਰਨ ਵਾਲ਼ੇ ਬੱਚਿਆਂ ਦੀ ਕੁੱਲ ਗਿਣਤੀ ਦਾ ਵੇਰਵਾ ਸਾਂਝਾ ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਨੇ ਕਿਹਾ, "ਇਹ ਇੱਕ ਚਾਲੂ ਸਰਵੇਖਣ ਹੈ। ਅਸੀਂ EGC ਡਾਟਾ ਨੂੰ ਇਕੱਠਾ ਕਰ ਰਹੇ ਹਾਂ ਅਤੇ ਅਜੇ ਇਸਨੂੰ ਇੱਕ-ਥਾਏਂ ਕਰਨਾ ਬਾਕੀ ਹੈ।"
*****
ਅਰਜੁਨ ਰਾਜਪੂਤ ਕਹਿੰਦੇ ਹਨ, "ਮੈਨੂੰ ਇੱਥੇ ਰਹਿਣਾ ਪਸੰਦ ਨਹੀਂ ਹੈ।'' 14 ਸਾਲਾ ਲੜਕਾ ਆਪਣੇ ਪਰਿਵਾਰ ਨਾਲ਼ ਰਹਿ ਰਿਹਾ ਹੈ, ਜੋ ਕੋਲ੍ਹਾਪੁਰ ਜ਼ਿਲ੍ਹੇ ਦੇ ਜਾਦਵਵਾੜੀ ਇਲਾਕੇ ਵਿੱਚ ਇੱਟ-ਭੱਠੇ'ਤੇ ਕੰਮ ਕਰਦਾ ਹੈ।
ਉਸ ਦਾ ਸੱਤ ਮੈਂਬਰੀ ਪਰਿਵਾਰ ਔਰੰਗਾਬਾਦ ਜ਼ਿਲ੍ਹੇ ਦੇ ਵਡਗਾਓਂ ਪਿੰਡ ਤੋਂ ਕੋਲ੍ਹਾਪੁਰ-ਬੰਗਲੁਰੂ ਰਾਜਮਾਰਗ 'ਤੇ ਇੱਟ-ਭੱਠਿਆਂ ਵਿੱਚ ਕੰਮ ਕਰਨ ਲਈ ਚਲਾ ਗਿਆ ਹੈ। ਇੱਕ ਸਰਗਰਮ ਇੱਟ-ਭੱਠਾ ਦਿਹਾੜੀ ਵਿੱਚ ਔਸਤਨ 25,000 ਇੱਟਾਂ ਪੈਦਾ ਕਰਦਾ ਹੈ। ਅਰਜੁਨ ਦਾ ਪਰਿਵਾਰ ਉਹਨਾਂ 10-23 ਮਿਲੀਅਨ ਲੋਕਾਂ ਵਿੱਚੋਂ ਇੱਕ ਹੈ ਜੋ ਭਾਰਤ ਵਿੱਚ ਇੱਟ-ਭੱਠਿਆਂ ਵਿੱਚ ਕੰਮ ਕਰਦੇ ਹਨ, ਜੋ ਉੱਚ ਤਾਪਮਾਨ ਅਤੇ ਸਰੀਰਕ ਤੌਰ 'ਤੇ ਸਖਤ ਕੰਮ ਦੇ ਨਾਲ਼ ਸਭ ਤੋਂ ਵੱਧ ਅਸੁਰੱਖਿਅਤ ਕੰਮਕਾਜ਼ੀ ਵਾਤਾਵਰਣਾਂ ਵਿੱਚੋਂ ਇੱਕ ਹੈ। ਇੱਟਾਂ ਦੇ ਭੱਠੇ, ਕੰਮ ਦੀ ਤਲਾਸ਼ ਕਰਨ ਵਾਲ਼ਿਆਂ ਲਈ ਆਖਰੀ ਠ੍ਹਾਰ ਮੰਨੇ ਜਾਂਦੇ ਹਨ ਕਿਉਂਕਿ ਇਹ ਤਨਖਾਹ ਦੇ ਮਾਮਲੇ ਵਿੱਚ ਬੜੇ ਬਦਨਾਮ ਹਨ।
ਆਪਣੇ ਮਾਪਿਆਂ ਨਾਲ਼ ਪ੍ਰਵਾਸ ਕਰਨ ਵਾਲ਼ੇ ਅਰਜੁਨ ਨੂੰ ਨਵੰਬਰ ਤੋਂ ਮਈ ਤੱਕ ਸਕੂਲ ਛੱਡਣਾ ਪਿਆ। ਅਰਜੁਨ ਕਹਿੰਦੇ ਹਨ, "ਮੈਂ ਆਪਣੇ ਪਿੰਡ ਦੇ ਇੱਕ ਜਿਲ੍ਹਾ ਪਰਿਸ਼ਦ (ZP) ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦਾ ਹਾਂ।'' ਜਦੋਂ ਉਹ ਸਾਡੇ ਨਾਲ਼ ਗੱਲ ਕਰ ਰਿਹਾ ਹੁੰਦਾ ਹੈ ਤਾਂ ਮਗਰਲੇ ਪਾਸੇ ਜੇਸੀਬੀ ਮਸ਼ੀਨਾਂ ਘੁੰਮ ਰਹੀਆਂ ਹੁੰਦੀਆਂ ਹਨ, ਜਿਸ ਨਾਲ਼ ਧੂੜ ਦੇ ਬੱਦਲ ਪੈਦਾ ਹੋ ਰਹੇ ਹੁੰਦੇ ਹਨ।
ਵਡਗਾਓਂ ਵਿੱਚ, ਅਰਜੁਨ ਦੇ ਮਾਤਾ-ਪਿਤਾ ਸੁਮਨ ਅਤੇ ਅਬਾਸਾਹਿਬ, ਗੰਗਾਪੁਰ ਤਾਲੁਕਾ ਦੇ ਇੱਕ ਪਿੰਡ ਵਿੱਚ ਅਤੇ ਇਸਦੇ ਆਸ-ਪਾਸ ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਖੇਤੀ ਅਤੇ ਕਟਾਈ ਦੇ ਮੌਸਮ ਦੌਰਾਨ, ਉਨ੍ਹਾਂ ਨੂੰ ਮਹੀਨੇ ਵਿੱਚ ਲਗਭਗ 20 ਦਿਨ ਕੰਮ ਮਿਲ਼ਦਾ ਹੈ ਅਤੇ ਇੱਕ ਦਿਨ ਦੇ ਕੰਮ ਲਈ ਹਰੇਕ ਨੂੰ ਲਗਭਗ 250-300 ਰੁਪਏ ਦਿਹਾੜੀ ਮਿਲ਼ਦੀ ਹੈ। ਅਰਜੁਨ ਸਿਰਫ਼ ਉਦੋਂ ਹੀ ਸਕੂਲ ਜਾਂਦਾ ਹੈ ਜਦੋਂ ਉਸਦੇ ਮਾਪੇ ਕਸਬੇ ਵਿੱਚ ਹੁੰਦੇ ਹਨ।
ਪਿਛਲੇ ਸਾਲ, ਉਸ ਦੇ ਮਾਪਿਆਂ ਨੇ ਆਪਣੀ ਕੱਚੀ ਝੌਂਪੜੀ ਦੇ ਨਾਲ਼ ਕਰਕੇ ਇੱਕ ਪੱਕਾ ਘਰ ਬਣਾਉਣ ਲਈ ਉਚਲ - ਅਡਵਾਂਸ ਲੈ ਲਿਆ ਸੀ। ਸੁਮਨ ਕਹਿੰਦੀ ਹੈ,"ਅਸੀਂ ਆਪਣੇ ਘਰ ਦੀ ਨੀਂਹ ਸਾਨੂੰ ਪੇਸ਼ਗੀ ਮਿਲੇ ਡੇਢ ਲੱਖ ਰੁਪਏ ਖਰਚ ਕੇ ਰੱਖੀ ਸੀ। ਇਸ ਸਾਲ, ਅਸੀਂ ਕੰਧਾਂ ਬਣਾਉਣ ਲਈ ਹੋਰ ਲੱਖ ਰੁਪਏ ਦੀ ਪੇਸ਼ਗੀ ਲਈ ਹੈ।''
ਆਪਣੇ ਪ੍ਰਵਾਸ ਬਾਰੇ ਦੱਸਦੇ ਹੋਏ, ਉਹ ਕਹਿੰਦੇ ਹਨ, "ਅਸੀਂ ਇੱਕ ਸਾਲ ਵਿੱਚ ਕਿਸੇ ਵੀ ਹੋਰ ਤਰੀਕੇ ਨਾਲ਼ ਇੱਕ ਲੱਖ ਰੁਪਏ ਨਹੀਂ ਕਮਾ ਸਕਦੇ। ਕਮਾਈ ਦਾ ਇਹੀ ਇੱਕੋ ਇੱਕ ਤਰੀਕਾ ਹੈ [ਇੱਟ-ਭੱਠਿਆਂ ਵਿੱਚ ਕੰਮ ਕਰਨ ਲਈ ਪ੍ਰਵਾਸ ਕਰੋ]।'' ਮੈਨੂੰ ਅਗਲੇ ਸਾਲ ਘਰ ਪਲੱਸਤਰ ਕਰਾਉਣ ਲਈ ''ਕੰਮ 'ਤੇ ਵਾਪਸ ਆਉਣਾ ਪਏਗਾ," ਉਹ ਅਗਲੇ ਸਾਲ ਵੀ ਇੱਥੇ ਆਉਣ ਦਾ ਅੰਦਾਜ਼ਾ ਲਾਉਂਦਿਆਂ ਕਹਿੰਦੀ ਹਨ।
ਰੋਜ਼ੀ ਦੀ ਤਲਾਸ਼ ਵਿੱਚ ਪਹਿਲਾਂ ਹੀ ਦੋ ਸਾਲ ਬੀਤ ਚੁੱਕੇ ਹਨ ਅਤੇ ਪ੍ਰਵਾਸ ਦੇ ਹੋਰ ਦੋ ਸਾਲ ਬਾਕੀ ਹਨ। ਉਦੋਂ ਤੱਕ ਅਰਜੁਨ ਦੀ ਪੜ੍ਹਾਈ ਬੰਦ ਹੋ ਜਾਵੇਗੀ। ਸੁਮਨ ਦੇ ਪੰਜ ਬੱਚਿਆਂ ਵਿੱਚੋਂ ਚਾਰ ਨੇ ਸਕੂਲ ਛੱਡ ਦਿੱਤਾ ਅਤੇ 20 ਸਾਲ ਦੀ ਉਮਰ ਤੋਂ ਪਹਿਲਾਂ ਹੀ ਵਿਆਹ ਕਰਵਾ ਲਿਆ। ਆਪਣੇ ਪੁੱਤਰ ਦੇ ਭਵਿੱਖ ਤੋਂ ਅਸੰਤੁਸ਼ਟ ਉਹ ਕਹਿੰਦੀ ਹਨ, "ਮੇਰੇ ਦਾਦਾ-ਦਾਦੀ ਵੀ ਇੱਟ-ਭੱਠਿਆਂ 'ਤੇ ਜਾਂਦੇ ਰਹੇ ਹਾਂ; ਫਿਰ ਮੇਰੇ ਮਾਪੇ ਤੇ ਹੁਣ ਮੈਂ ਵੀ ਇੱਟ-ਭੱਠੇ'ਤੇ ਕੰਮ ਕਰਦੀ ਹਾਂ। ਮੈਨੂੰ ਨਹੀਂ ਪਤਾ ਕਿ ਪ੍ਰਵਾਸ ਦੇ ਇਸ ਚੱਕਰ ਨੂੰ ਕਿਵੇਂ ਰੋਕਿਆ ਜਾਵੇ।"
ਅਰਜੁਨ ਹੀ ਇਸ ਸਮੇਂ ਸਕੂਲ ਜਾ ਰਿਹਾ ਹੈ। ਪਰ ਉਹ ਵੀ ਕਹਿੰਦਾ ਹੈ,"ਛੇ ਮਹੀਨੇ ਸਕੂਲ ਨਾ ਜਾਣ ਕਾਰਨ ਹੁਣ ਮੇਰਾ ਪੜ੍ਹਾਈ ਕਰਨ ਦਾ ਕੋਈ ਮਨ ਨਹੀਂ ਰਿਹਾ।''
ਹਰ ਰੋਜ਼ ਛੇ ਘੰਟੇ, ਅਰਜੁਨ ਅਤੇ ਅਨੀਤਾ (ਮਾਸੀ ਦੀ ਧੀ) ਇੱਟ-ਭੱਠੇਦੇ ਨੇੜੇ ਹੀ ਸਥਾਪਤ ਕੀਤੇ ਇੱਕ ਗੈਰ-ਸਰਕਾਰੀ ਸੰਸਥਾ, ਅਵਨੀ ਦੁਆਰਾ ਚਲਾਏ ਜਾ ਰਹੇ ਇੱਕ ਡੇ-ਕੇਅਰ ਸੈਂਟਰ ਵਿੱਚ ਰਹਿੰਦੇ ਹਨ। ਅਵਨੀ, ਕੋਲ੍ਹਾਪੁਰ ਅਤੇ ਸਾਂਗਲੀ ਵਿੱਚ ਕੁਝ ਗੰਨਾ-ਖੇਤਾਂ ਦੇ ਨੇੜੇ ਪੈਂਦੇ 20 ਤੋਂ ਵੱਧ ਇੱਟ-ਭੱਠਿਆਂ ਅਤੇ ਇਸਦੇ ਕੇਂਦਰਾਂ ਵਿੱਚ ਡੇ-ਕੇਅਰ ਸੈਂਟਰ ਚਲਾਉਂਦੀ ਹੈ। ਅਵਨੀ ਦੇ ਬਹੁਤ ਸਾਰੇ ਵਿਦਿਆਰਥੀ ਕਟਕਾਰੀ ਜਾਂ ਬੇਲਦਾਰ ਭਾਈਚਾਰਿਆਂ ਨਾਲ਼ ਸਬੰਧਤ ਹਨ, ਜੋ ਕਿ ਇੱਕ ਖ਼ਾਨਾਬਦੋਸ਼ ਕਬੀਲੇ ਨਾਲ਼ ਸਬੰਧਤ ਹਨ ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੇ ਅਧੀਨ ਸੂਚੀਬੱਧ ਹਨ। ਅਵਨੀ ਪ੍ਰੋਗਰਾਮ ਦੇ ਕੋਆਰਡੀਨੇਟਰ ਸਤੱਪਾ ਮੋਹਿਤੇ ਦੱਸਦੇ ਹਨ, ਕੋਲ੍ਹਾਪੁਰ, ਜਿਸ ਵਿੱਚ ਲਗਭਗ 800 ਰਜਿਸਟਰਡ ਇੱਟ-ਭੱਠੇ ਹਨ, ਨੌਕਰੀ ਲੱਭਣ ਵਾਲ਼ਿਆਂ ਲਈ ਆਕਰਸ਼ਣ ਦਾ ਪ੍ਰਮੁੱਖ ਕੇਂਦਰ ਹਨ।
"ਮੈਂ ਇੱਥੇ (ਡੇ ਕੇਅਰ ਸੈਂਟਰ ਵਿਖੇ) ਚੌਥੀ ਜਮਾਤ ਦੀਆਂ ਕਿਤਾਬਾਂ ਨਹੀਂ ਪੜ੍ਹਦਾ। ਪਰ ਇੱਥੇ ਅਸੀਂ ਖੇਡਦੇ ਹਾਂ ਅਤੇ ਖਾਂਦੇ ਹਾਂ," ਅਨੀਤਾ ਹੱਸਦੇ ਹੋਏ ਕਹਿੰਦੀ ਹੈ। 3 ਤੋਂ 14 ਸਾਲਾਂ ਦੇ ਲਗਭਗ 25 ਪ੍ਰਵਾਸੀ ਬੱਚੇ ਕੇਂਦਰ ਵਿੱਚ ਆਪਣੇ ਦਿਨ ਬਿਤਾਉਂਦੇ ਹਨ। ਇੱਥੇ ਦੁਪਹਿਰ ਦੇ ਖਾਣੇ ਤੋਂ ਇਲਾਵਾ, ਬੱਚੇ ਗੇਮਾਂ ਖੇਡਦੇ ਹਨ ਅਤੇ ਕਹਾਣੀਆਂ ਸੁਣਦੇ ਹਨ।
ਜਿਓਂ ਡੇ-ਕੇਅਰ ਸੈਂਟਰ ਖਤਮ ਹੁੰਦਾ ਹੈ, ਅਰਜੁਨ ਦੁਖੀ ਹੋ ਕੇ ਕਹਿੰਦਾ ਹੈ,"ਅਸੀਂ ਆਈ-ਬਾਬਾ ਦੀ ਮਦਦ (ਇੱਟਾਂ ਬਣਾਉਣ ਵਾਲ਼ੀ) ਕਰਨ ਲਈ ਜਾਂਦੇ ਹਾਂ।''
ਸੱਤ ਸਾਲਾ ਰਾਜੇਸ਼ਵਰੀ ਉਨ੍ਹਾਂ ਬੱਚਿਆਂ ਵਿੱਚੋਂ ਇੱਕ ਹੈ ਜੋ ਨੈਨੇਗਲੀ ਸੈਂਟਰ ਵਿੱਚ ਪੜ੍ਹ ਰਹੇ ਹਨ। ਉਹ ਕਹਿੰਦੀ ਹੈ,"ਮੈਂ ਕਈ ਵਾਰ ਆਪਣੀ ਮਾਂ ਨਾਲ਼ ਇੱਟਾਂ ਬਣਾਉਣ ਦਾ ਕੰਮ ਕਰਦੀ ਹਾਂ।'' ਰਾਜੇਸ਼ਵਰੀ, ਜੋ ਆਪਣੇ ਪਿੰਡ ਦੇ ਇੱਕ ਸਕੂਲ ਵਿੱਚ ਦੂਜੀ ਜਮਾਤ ਦੀ ਵਿਦਿਆਰਥਣ ਹੈ, ਇੱਟਾਂ ਬਣਾਉਣ ਵਿੱਚ ਮਾਹਰ ਹੈ। " ਆਈ ਅਤੇ ਬਾਬਾ ਦੁਪਹਿਰ ਨੂੰ ਮਿੱਟੀ ਤਿਆਰ ਕਰਦੇ ਹਨ ਤੇ ਰਾਤੀਂ ਇੱਟਾਂ ਬਣਾਉਂਦੇ ਹਨ। ਮੈਂ ਉਨ੍ਹਾਂ ਦੇ ਨਾਲ਼ ਲੱਗੀ ਰਹਿੰਦੀ ਹਾਂ।" ਉਹ ਇੱਟਾਂ ਦੇ ਸਾਂਚੇ ਵਿੱਚ ਮਿੱਟੀ ਭਰਦੀ ਹੈ ਤੇ ਇਸ ਨੂੰ ਠਕੋਰਦੀ ਵੀ ਹੈ। ਫਿਰ ਉਹਦੀ ਮਾਂ ਜਾਂ ਪਿਤਾ ਉਸ ਸਾਂਝੇ ਨੂੰ ਮੂਧਾ ਕਰਕੇ ਇੱਟ (ਕੱਚੀ) ਬਾਹਰ ਕੱਢ ਦਿੰਦੇ ਹਨ ਕਿਉਂਕਿ ਇੱਕ ਛੋਟੀ ਬੱਚੀ ਦੇ ਹਿਸਾਬ ਨਾਲ਼ ਇਹ ਸਾਂਝਾ ਉਲਟਾਉਣਾ ਕਾਫ਼ੀ ਭਾਰਾ ਰਹਿੰਦਾ ਹੈ।
ਰਾਜੇਸ਼ਵਰੀ ਕਹਿੰਦੀ ਹੈ, "ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀਆਂ ਇੱਟਾਂ ਬਣਾਉਂਦੀ ਹਾਂ, ਪਰ ਜਦੋਂ ਮੈਂ ਥੱਕ ਜਾਂਦੀ ਹਾਂ, ਤਾਂ ਮੈਂ ਸੌਣ ਲਈ ਚਲੀ ਜਾਂਦੀ ਹਾਂ ਅਤੇ ਆਈ-ਬਾਬਾ ਕੰਮ ਕਰਨਾ ਜਾਰੀ ਰੱਖਦੇ ਹਨ।''
ਅਵਨੀ ਦੇ 25 ਬੱਚਿਆਂ ਵਿੱਚੋਂ - ਜ਼ਿਆਦਾਤਰ ਮਹਾਰਾਸ਼ਟਰ ਦੇ - ਇੱਕ ਵੀ ਬੱਚੇ ਕੋਲ ਪ੍ਰਵਾਸ ਦੌਰਾਨ ਆਪਣੀ ਪੜ੍ਹਾਈ ਜਾਰੀ (ਕੋਲ੍ਹਾਪੁਰ ਵਿੱਚ) ਰੱਖਣ ਲਈ ਲੋੜੀਂਦਾ ਈਜੀਸੀ ਕਾਰਡ ਨਹੀਂ ਹੈ। ਇਸ ਦੇ ਨਾਲ਼ ਹੀ, ਇੱਥੇ ਇੱਟ-ਭੱਠੇ ਦਾ ਸਭ ਤੋਂ ਨੇੜਲਾ ਸਕੂਲ ਵੀ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ।
"ਇਹ (ਸਕੂਲ) ਬਹੁਤ ਦੂਰ ਹੈ। ਸਾਨੂੰ ਉੱਥੇ ਕੌਣ ਲੈ ਕੇ ਜਾਵੇਗਾ?" ਅਰਜੁਨ ਜਾਣਨਾ ਚਾਹੁੰਦਾ ਹੈ।
ਕਾਰਡ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਭ ਤੋਂ ਨੇੜਲਾ ਸਕੂਲ ਇੱਕ ਕਿਲੋਮੀਟਰ ਤੋਂ ਵੱਧ ਦੂਰ ਹੁੰਦਾ ਹੈ, ਤਾਂ "ਸਥਾਨਕ ਸਿੱਖਿਆ ਵਿਭਾਗ, ਜ਼ਿਲ੍ਹਾ ਪ੍ਰੀਸ਼ਦ ਜਾਂ ਨਗਰ ਨਿਗਮ ਨੂੰ ਪ੍ਰਵਾਸੀ ਬੱਚਿਆਂ ਦੀ ਸਿੱਖਿਆ ਲਈ ਕਲਾਸਰੂਮ ਅਤੇ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।''
ਪਰ ਜਿਵੇਂ ਕਿ 20 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਅਵਨੀ ਐੱਨਜੀਓ ਦੀ ਸੰਸਥਾਪਕ ਅਤੇ ਨਿਰਦੇਸ਼ਕ ਅਨੁਰਾਧਾ ਭੋਸਲੇ ਕਹਿੰਦੀ ਹਨ, "ਇਹ ਵਿਵਸਥਾਵਾਂ ਸਿਰਫ਼ ਕਾਗਜ਼ਾਂ 'ਤੇ ਹੀ ਮੌਜੂਦ ਹਨ।''
ਅਹਿਮਦਨਗਰ ਜ਼ਿਲ੍ਹੇ ਦੀ ਰਹਿਣ ਵਾਲ਼ੀ ਆਰਤੀ ਪਵਾਰ ਕੋਲ੍ਹਾਪੁਰ ਇੱਟ-ਭੱਠਿਆਂ ਵਿੱਚ ਕੰਮ ਕਰਦੀ ਹੈ। 7ਵੀਂ ਜਮਾਤ ਤੋਂ ਬਾਅਦ ਸਕੂਲ ਛੱਡਣ ਵਾਲ਼ੀ 23 ਸਾਲਾ ਕੁੜੀ ਕਹਿੰਦੀ ਹੈ, "ਮੇਰੇ ਮਾਪਿਆਂ ਨੇ 2018 ਵਿੱਚ ਮੇਰਾ ਵਿਆਹ ਕਰਵਾ ਦਿੱਤਾ ਸੀ।''
"ਮੈਂ ਕਦੇ ਸਕੂਲ ਜਾਂਦੀ ਹੁੰਦੀ ਸਾਂ। ਹੁਣ ਮੈਂ ਇੱਟ-ਭੱਠੇ 'ਤੇ ਕੰਮ ਕਰ ਰਹੀ ਹਾਂ," ਆਰਤੀ ਕਹਿੰਦੀ ਹੈ।
*****
ਮਾਰਚ 2020 ਤੋਂ ਜੂਨ 2021 ਤੱਕ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਅਰਜੁਨ ਕਹਿੰਦਾ ਹੈ,"ਮੈਂ ਦੋ ਸਾਲ ਕੁਝ ਵੀ ਨਹੀਂ ਪੜ੍ਹਿਆ। ਕਿਉਂਕਿ ਸਾਡੇ ਕੋਲ਼ ਸਮਾਰਟਫ਼ੋਨ ਨਹੀਂ ਹੈ।''
"ਮਹਾਂਮਾਰੀ ਫੈਲਣ ਤੋਂ ਪਹਿਲਾਂ ਹੀ, ਮੇਰੇ ਲਈ ਸਕੂਲ ਪਾਸ ਕਰਨਾ ਮੁਸ਼ਕਲ ਸੀ ਕਿਉਂਕਿ ਮੈਂ ਕਈ ਮਹੀਨਿਆਂ ਤੋਂ ਸਕੂਲ ਤੋਂ ਬਾਹਰ ਸੀ। ਮੈਨੂੰ 5ਵੀਂ ਜਮਾਤ ਦੁਬਾਰਾ ਕਰਨੀ ਪਈ," ਅਰਜੁਨ ਕਹਿੰਦਾ ਹਨ, ਜੋ ਹੁਣ 8ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਮਹਾਂਮਾਰੀ ਦੇ ਦੌਰਾਨ, ਮਹਾਰਾਸ਼ਟਰ ਭਰ ਦੇ ਬਹੁਤ ਸਾਰੇ ਵਿਦਿਆਰਥੀਆਂ ਦੀ ਤਰ੍ਹਾਂ, ਅਰਜੁਨ ਨੂੰ ਸਰਕਾਰੀ ਆਦੇਸ਼ਾਂ ਅਨੁਸਾਰ ਸਕੂਲ ਨਾ ਜਾਣ ਦੇ ਬਾਵਜੂਦ ਦੋ ਕਲਾਸਾਂ (6ਵੀਂ ਅਤੇ 7ਵੀਂ ਜਮਾਤ) ਪਾਸ ਕਰ ਦਿੱਤਾ ਗਿਆ ਸੀ।
ਦੇਸ਼ ਦੇ ਅੰਦਰ ਪ੍ਰਵਾਸ ਕਰਨ ਵਾਲ਼ੇ ਲੋਕਾਂ ਦੀ ਗਿਣਤੀ ਭਾਰਤ ਦੀ ਕੁੱਲ ਆਬਾਦੀ (ਮਰਦਮਸ਼ੁਮਾਰੀ 2011) ਦਾ 37 ਪ੍ਰਤੀਸ਼ਤ (450 ਮਿਲੀਅਨ) ਹੈ ਅਤੇ ਇਸ ਗਿਣਤੀ ਵਿੱਚੋਂ ਬਹੁਤੇ ਬੱਚੇ ਹੋਣ ਦਾ ਅਨੁਮਾਨ ਹੈ। ਇਹ ਵੱਡੀ ਗਿਣਤੀ ਪ੍ਰਭਾਵਸ਼ਾਲੀ ਨੀਤੀਆਂ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ਼ ਲਾਗੂ ਕਰਨ ਨੂੰ ਇੱਕ ਜ਼ਰੂਰੀ ਲੋੜ ਬਣਾਉਂਦੀ ਹੈ। ਇਹ ਯਕੀਨੀ ਬਣਾਉਣਾ ਕਿ ਪ੍ਰਵਾਸੀ ਕਾਮਿਆਂ ਦੇ ਬੱਚੇ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਜਾਰੀ ਰੱਖਣ, 2020 ਵਿੱਚ ਪ੍ਰਕਾਸ਼ਿਤ ILO ਰਿਪੋਰਟ ਦੁਆਰਾ ਸਿਫਾਰਸ਼ ਕੀਤਾ ਗਿਆ ਇੱਕ ਅਹਿਮ ਨੀਤੀਗਤ ਉਪਾਅ ਹੈ।
ਅਸ਼ੋਕ ਤਾਂਗਡੇ ਕਹਿੰਦੇ ਹਨ, "ਰਾਜ ਜਾਂ ਕੇਂਦਰੀ ਪੱਧਰ 'ਤੇ, ਸਰਕਾਰ ਅਜਿਹੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਗੰਭੀਰ ਨਹੀਂ ਹੈ ਜੋ ਪ੍ਰਵਾਸੀ ਬੱਚਿਆਂ ਲਈ ਸਿੱਖਿਆ ਨੂੰ ਯਕੀਨੀ ਬਣਾਉਂਦੀਆਂ ਹਨ।'' ਇਸ ਨਾਲ਼ ਪ੍ਰਵਾਸੀ ਕਾਮਿਆਂ ਦੇ ਬੱਚਿਆਂ ਨੂੰ ਨਾ ਸਿਰਫ਼ ਉਨ੍ਹਾਂ ਦੇ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਜਾਵੇਗਾ, ਸਗੋਂ ਉਨ੍ਹਾਂ ਨੂੰ ਸਭ ਤੋਂ ਵੱਧ ਅਸੁਰੱਖਿਅਤ ਵਾਤਾਵਰਣ ਵਿੱਚ ਰਹਿਣ ਲਈ ਵੀ ਮਜਬੂਰ ਹੋਣਾ ਪਵੇਗਾ।
ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਦੇ ਸੁਨਾਲਾਰਾਮਭਾ ਪਿੰਡ ਦੀ ਵਸਨੀਕ ਗੀਤਾਂਜਲੀ ਸੁਨਾ ਨੇ ਵੀ ਨਵੰਬਰ 2022 ਵਿੱਚ ਆਪਣੇ ਮਾਪਿਆਂ ਅਤੇ ਭੈਣ ਨਾਲ਼ ਕੋਲ੍ਹਾਪੁਰ ਇੱਟ-ਭੱਠਿਆਂ ਦੇ ਕੰਮ ਲਈ ਪ੍ਰਵਾਸ ਕੀਤਾ ਸੀ। ਮਸ਼ੀਨਾਂ ਦੇ ਸ਼ੋਰਗੁਲ ਵਿਚਕਾਰ 10 ਸਾਲਾ ਗੀਤਾਂਜਲੀ ਅਵਨੀ ਵਿੱਚ ਹੋਰ ਬੱਚਿਆਂ ਨਾਲ਼ ਖੇਡ ਰਹੀ ਹੈ ਅਤੇ ਕੁਝ ਪਲਾਂ ਵਿੱਚ ਬੱਚਿਆਂ ਦੇ ਹੱਸਣ ਦੀ ਆਵਾਜ਼ ਕੋਲ੍ਹਾਪੁਰ ਦੀ ਧੂੜ ਭਰੀ ਹਵਾ ਵਿੱਚ ਤੈਰਨ ਲੱਗਦੀ ਹੈ।
ਤਰਜਮਾ: ਕਮਲਜੀਤ ਕੌਰ