"ਵਿਸ਼ਵ-ਮਹਾਂਮਾਰੀ ਅਤੇ ਤਾਲਾਬੰਦੀ ਨੇ ਭਾਵੇਂ ਡੂੰਘੀ ਸੱਟ ਮਾਰੀ ਹੋਵੇ, ਪਰ ਬਾਵਜੂਦ ਇਹਦੇ ਅਸੀਂ ਕੋਵਿਡ ਪ੍ਰਭਾਵਤ ਸ਼ਹਿਰ ਦੀ ਹਿੰਮਤ ਬਝਾਉਣ ਲਈ ਖੁਸ਼-ਨੁਮਾ ਧੁਨਾਂ ਵਜਾ ਕੇ ਖੁਸ਼ ਹਾਂ," ਗਾਡਾਈ ਦਾਸ ਕਹਿੰਦਾ ਹੈ।
ਦਾਸ, ਜੋ ਕਿ ਤਾਰਾਪਿਥ ਤੋਂ ਹੈ- ਜੋ ਕਿ ਬੀਰਭੁੰਮ ਜ਼ਿਲ੍ਹੇ ਦੇ ਚਾਂਦੀਪੁਰ ਪਿੰਡ ਦੇ ਮਸ਼ਹੂਰ ਮੰਦਰ ਦੀ ਥਾਂ ਹੈ- ਉਹ ਇੱਕ ਢਾਕੀ ਹੈ, ਢਾਕੀ ਜੋ ਕਿ ਗ੍ਰਾਮੀਣ ਬੰਗਾਲ ਦੇ ਪਰੰਪਰਾਗਤ ਅਤੇ ਅਕਸਰ ਖਾਨਾਦਾਨੀ ਡਰੰਮ-ਵਾਦਕ ਹੁੰਦੇ ਹਨ। ਹਰ ਸਾਲ ਦੁਰਗਾ ਪੂਜਾ ਦੇ ਸਮੇਂ ਕੋਲਕਾਤਾ ਦੇ ਸਿਆਲਦਾਹ ਰੇਲਵੇ ਸਟੇਸ਼ਨ 'ਤੇ ਪੂਰੇ ਬੰਗਾਲ ਦੇ ਢਾਕੀ ਇਕੱਠੇ ਹੁੰਦੇ ਹਨ। ਪੂਰੇ ਦਾ ਪੂਰਾ ਸਟੇਸ਼ਨ ਪਰਿਸਰ ਡਰੰਮਾਂ ਦੀ ਅਵਾਜਾਂ ਨਾਲ਼ ਗੂੰਜ ਉੱਠਦਾ ਹੈ ਅਤੇ ਪੈਰਾਂ ਦੀਆਂ ਥਾਪਾਂ ਅਤੇ ਇਕੱਠੇ ਹੋਏ ਡਰੰਮ-ਵਾਦਕਾਂ ਦੀਆਂ ਸੁਰਾਂ ਇਕੱਠੀਆਂ ਹੋ ਕੇ ਚੰਗਾ ਰੰਗ ਬੰਨ੍ਹਦੀਆਂ ਹਨ।
ਅਕਸਰ ਬਾਨਕੁਰਾ, ਬਰਦਮਾਨ, ਮਾਲਦਾ, ਮੁਰਿਸ਼ਦਾਬਾਦ ਅਤੇ ਨਾਡਿਆ ਤੋਂ ਆਏ ਡਰੰਮ-ਵਾਦਕਾਂ ਦੀ ਕਲਾ ਦੇ ਹੁਨਰ ਭੀੜ ਨੂੰ ਕੀਲ ਹੀ ਲੈਂਦੇ ਹਨ। ਆਮ ਤੌਰ 'ਤੇ ਡਰੰਮ-ਵਾਦਕ ਮੁਕਾਬਲਤਨ ਛੋਟੇ ਭਾਈਚਾਰਿਆਂ ਦੀ ਪੂਜਾ ਵੇਲੇ ਹੀ ਆਪਣਾ ਪ੍ਰਦਰਸ਼ਨ ਕਰਦੇ ਨਜ਼ਰੀਂ ਪੈਂਦੇ ਹਨ।
ਅਫ਼ਸੋਸ ਇਹ ਸਾਲ ਪਹਿਲਾਂ ਵਰਗਾ ਨਹੀਂ ਰਿਹਾ। ਲੋਕ-ਕਲਾਵਾਂ ਨਾਲ਼ ਜੁੜੇ ਹੋਰਨਾਂ ਕਲਾਕਾਰਾਂ ਵਾਂਗ ਕੋਵਿਡ-19 ਦੌਰਾਨ ਤਾਲਾਬੰਦੀ ਨਾਲ਼ ਉਨ੍ਹਾਂ ਨੂੰ ਵੀ ਸੱਟ ਵੱਜੀ ਹੈ। ਰੇਲਾਂ ਦੇ ਨਾ ਚੱਲਣ ਕਰਕੇ ਬਹੁਤ ਥੋੜ੍ਹੇ ਡਰੰਮ-ਵਾਦਕ ਹੀ ਕੋਲਕਾਤਾ ਆਉਣ ਵਿੱਚ ਸਮਰੱਥ ਹੋਏ ਹਨ। ਢਾਕੀ ਵਾਦੂ ਦਾਸ, ਜੋ ਕਿ ਮੁਰਿਸ਼ਦਾਬਾਦ ਜ਼ਿਲ੍ਹੇ ਦੇ ਸ਼ੇਰਪੁਰ ਤੋਂ ਹੈ, ਕਹਿੰਦਾ ਹੈ ਕਿ ਉਹਦੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ 40 ਡਰੰਮ-ਵਾਦਕਾਂ ਨੂੰ ਇੱਕ ਬੱਸ ਵਿੱਚ ਠੂਸ ਦਿੱਤਾ ਗਿਆ ਜਿਹਦੇ ਕਿਰਾਏ ਬਦਲੇ ਉਨ੍ਹਾਂ ਨੂੰ 22,000 ਰੁਪਏ ਦੇਣੇ ਪਏ। ਕੋਲਕਾਤਾ ਦੇ ਢਾਕੀਆਂ ਦੀ ਆਮਦਨੀ ਅੱਧ ਤੋਂ ਹੇਠਾਂ ਆ ਗਈ, ਅਕਸਰ ਜੋ ਚੰਗੀ ਆਮਦਨੀ ਉਨ੍ਹਾਂ ਨੂੰ ਦੂਸਰੇ ਸਾਲਾਂ/ਮਹਾਂਮਾਰੀ ਰਹਿਤ ਸਾਲਾਂ ਵਿੱਚ ਹੁੰਦੀ ਰਹੀ ਹੈ। ਅਤੇ ਪੈਸੇ ਦੀ ਤੰਗੀ ਕਰਕੇ ਕਈ ਪੂਜਾ ਅਯੋਜਕਾਂ ਨੇ ਰਿਕਾਰਡ ਕੀਤਾ ਸੰਗੀਤ ਵਜਾ ਕੇ ਹੀ ਕੰਮ ਸਾਰ ਲਿਆ, ਇਸ ਤਰ੍ਹਾਂ ਗ੍ਰਾਮੀਣ ਸੰਗੀਤਕਾਰਾਂ ਨੂੰ ਭਾਰੀ ਸੱਟ ਵੱਜੀ।
ਸਾਰੀਆਂ ਢਾਕੀ ਟੋਲੀਆਂ, ਜਿਨ੍ਹਾਂ ਦਾ ਮੈਂ ਹਿੱਸਾ ਹਾਂ, ਦੀ ਮਾਂ ਦੁਰਗਾ ਅੱਗੇ ਇੱਕੋ ਅਰਦਾਸ ਰਹੀ: ਕ੍ਰਿਪਾ ਕਰਕੇ ਜਿੰਨੀ ਛੇਤੀ ਸੰਭਵ ਹੋਵੇ ਉਹ ਖੁਸ਼-ਨੁਮਾ ਦਿਨ ਵਾਪਸ ਮੋੜ ਦਿਓ ਮਾਂ।
ਤਰਜਮਾ: ਕਮਲਜੀਤ ਕੌਰ