"ਇਹ ਮੰਦਰ ਨਾ ਤਾਂ ਪਲੇਗ (1994 ਵਿੱਚ) ਦੌਰਾਨ ਨਾ ਹੀ ਚਿਕਨਗੁਨੀਆ (2006 ਵਿੱਚ) ਦੌਰਾਨ, ਇੱਥੋਂ ਤੱਕ ਕਿ ਭੂਚਾਲ (1993 ਵਿੱਚ) ਦੌਰਾਨ ਵੀ ਕਦੇ ਬੰਦ ਨਹੀਂ ਹੋਇਆ ਸੀ। ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਅਸੀਂ ਇਹ ਸਭ ਦੇਖ ਰਹੇ ਹਾਂ," ਸੰਜੈ ਪੇਂਡੇ ਕਹਿੰਦੇ ਹਨ, ਜੋ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ। ਉਹ ਦੱਖਣ ਮਹਾਰਾਸ਼ਟਰ ਦੇ ਤੁਲਜਾਪੁਰ ਸ਼ਹਿਰ ਵਿੱਚ ਸਥਿਤ ਦੇਵੀ ਤੁਲਜਾ ਭਵਾਨੀ ਦੇ ਮੰਦਰ ਦੇ ਮੁੱਖ ਪੁਜਾਰੀਆਂ ਵਿੱਚੋਂ ਇੱਕ ਹਨ।
ਇਸ ਮੰਦਰ ਨੇ ਮੰਗਲਵਾਰ, 17 ਮਾਰਚ ਨੂੰ ਆਪਣੇ ਭਗਤਾਂ ਲਈ ਬੂਹੇ ਉਦੋਂ ਬੰਦ ਕਰ ਦਿੱਤੇ, ਜਦੋਂ ਰਾਜ ਸਰਕਾਰ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇੱਥੋਂ ਦੇ ਲੋਕਾਂ ਨੂੰ ਇਸ ਗੱਲ 'ਤੇ ਯਕੀਨ ਨਾ ਹੋਇਆ। ''ਇਹ ਕਿਹੋ ਜਿਹੀ ਬੀਮਾਰੀ ਹੈ? ਰਾਜ ਦੇ ਬਾਹਰੋਂ ਭਗਤ ਇੱਥੇ ਦਰਸ਼ਨਾਂ ਲਈ ਆ ਰਹੇ ਹਨ, ਪਰ ਉਨ੍ਹਾਂ ਨੂੰ ਮੰਦਰ ਦੇ ਬਾਹਰੋਂ ਹੀ ਦਰਸ਼ਨ ਕਰਨੇ ਪੈ ਰਹੇ ਹਨ। ਉਹ ਵੀ ਪੁਲਿਸ ਨਾਲ਼ ਲੜਨ ਤੋਂ ਬਾਅਦ,'' 38 ਸਾਲਾ ਪੇਂਡੇ ਕਹਿੰਦੇ ਹਨ। ਉਨ੍ਹਾਂ ਦੀ ਚਿੰਤਾ ਦਾ ਇੱਕ ਕਾਰਨ ਰੋਜਾਨਾ ਦੀਆਂ 10-15 ਖਾਸ ਪੂਜਾ ਕਿਰਿਆਵਾਂ ਤੋਂ ਹੋਣ ਵਾਲੀ ਕਮਾਈ ਦਾ ਬੰਦ ਹੋ ਜਾਣਾ ਹੈ। ਪੇਂਡੇ ਦਾ ਅਨੁਮਾਨ ਹੈ ਕਿ ਤੁਲਜਾਪੁਰ ਵਿੱਚ 5,000 ਤੋਂ ਵੱਧ ਪੁਜਾਰੀ ਹਨ ਜੋ ਮੰਦਰ ਨਾਲ਼ ਜੁੜੀਆਂ ਗਤੀਵਿਧੀਆਂ ਤੋਂ ਹੋਣ ਵਾਲੀ ਕਮਾਈ 'ਤੇ ਨਿਰਭਰ ਹਨ।
ਮਰਾਠਵਾੜਾ ਖੇਤਰ ਦੇ ਉਸਮਾਨਾਬਾਦ ਜਿਲ੍ਹੇ ਵਿੱਚ 34,000 ਲੋਕਾਂ ਦੀ ਅਬਾਦੀ (ਮਰਦਮਸ਼ੁਮਾਰੀ 2011) ਵਾਲੇ ਇਸ ਸ਼ਹਿਰ ਦੀ ਅਰਥਵਿਵਸਥਾ ਪਹਾੜੀ 'ਤੇ ਸਥਿਤ ਉਸ ਮੰਦਰ ਨਾਲ਼ ਜੁੜੀ ਹੋਈ ਹੈ, ਜਿਸ ਬਾਰੇ ਲੋਕਾਂ ਦੀ ਮਾਨਤਾ ਹੈ ਕਿ ਇਹ ਮੰਦਰ 12ਵੀਂ ਸਦੀ ਵਿੱਚ ਬਣਿਆ ਸੀ। ਤੁਲਜਾ ਭਵਾਨੀ ਨੂੰ ਮਹਾਰਾਸ਼ਟਰ ਅਤੇ ਹੋਰ ਰਾਜਾਂ ਦੇ ਕਾਫੀ ਸਾਰੇ ਲੋਕ ਆਪਣੇ ਪਰਿਵਾਰ ਦੀ ਦੇਵੀ ਮੰਨਦੇ ਹਨ ਅਤੇ ਇਹ ਰਾਜ ਦੇ ਤੀਰਥ ਮਾਰਗ ਦੇ ਨਾਲ਼ ਦੇਵੀ-ਦੇਵਤਾਵਾਂ ਨੂੰ ਸਮਰਪਤ ਮੁੱਖ ਮੰਦਰਾਂ ਵਿੱਚੋਂ ਇੱਕ ਹੈ।
ਪਰ ਇਹ ਸ਼ਹਿਰ 17 ਮਾਰਚ ਤੋਂ ਇੱਕ ਤਰ੍ਹਾਂ ਨਾਲ ਬੀਆਬਾਨ ਜਿਹਾ ਬਣ ਗਿਆ ਹੈ। ਮੰਦਰ ਵੱਲ ਜਾਣ ਵਾਲੀਆਂ ਭੀੜੀਆਂ ਗਲੀਆਂ ਵਿੱਚ ਸੁੰਨ ਪਸਰੀ ਹੋਈ ਹੈ। ਮੰਦਰ ਨਾਲ਼ ਲੱਗਦੀ ਸੜਕ ਦੇ ਉਸ ਪਾਰ ਚੱਪਲ ਸਟੈਂਡ ਅਤੇ ਝੋਲ਼ੇ ਅਤੇ ਹੋਰ ਸਮਾਨ ਰੱਖਣ ਵਾਲੇ ਕਮਰੇ ਖਾਲੀ ਪਏ ਹੋਏ ਹਨ।
ਪੂਰੇ ਮਹਾਰਾਸ਼ਟਰ ਅਤੇ ਹੋਰਨਾਂ ਰਾਜਾਂ ਤੋਂ ਸ਼ਰਧਾਲੂਆਂ ਨੂੰ ਢੋਹਣ ਵਾਲੀਆਂ ਨਿੱਜੀ ਕਾਰਾਂ, ਸਾਂਝੀਆਂ ਟੈਕਸੀਆਂ, 'ਕੁਲਜ਼ਰਸ' (ਲੈਂਡ ਕਰੂਜ਼ਰ) ਅਤੇ ਆਟੋਰਿਕਸ਼ਾ ਦੀ ਆਉਣੀ ਜਾਣੀ ਅਤੇ ਭੀੜ-ਭਾੜ ਦੀ ਬਜਾਇ, ਇੱਥੇ ਭਿਆਨਕ ਖ਼ਾਮੋਸ਼ੀ ਪਸਰੀ ਰਹਿੰਦੀ ਹੈ।
ਲਗਭਗ ਦੋ ਕਿਲੋਮੀਟਰ ਦੂਰ ਸਥਿਤ ਬੱਸ ਸਟੈਂਡ ਵੀ ਖਾਮੋਸ਼ ਹੈ-ਜਦੋਂਕਿ ਇਸ ਤੋਂ ਪਹਿਲਾਂ ਹਰ ਇੱਕ-ਦੋ ਮਿੰਟ ਵਿੱਚ ਬੱਸਾਂ ਇੱਥੇ ਲਗਾਤਾਰ ਆਉਣ ਵਾਲੇ ਭਗਤਾਂ ਅਤੇ ਯਾਤਰੂਆਂ ਨੂੰ ਲੈ ਕੇ ਅੰਦਰ-ਬਾਹਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ। ਤੁਲਜਾਪੁਰ ਰਾਜ ਟ੍ਰਾਂਸਪੋਰਟ ਦੀਆਂ ਬੱਸਾਂ ਦਾ ਇੱਕ ਕੇਂਦਰੀ ਠਹਿਰਾਓ ਹੈ, ਜੋ ਰਾਜ ਦੇ ਸਾਰੇ ਪ੍ਰਮੁਖ ਸ਼ਹਿਰਾਂ ਅਤੇ ਕਸਬਿਆਂ ਦੇ ਨਾਲ਼-ਨਾਲ਼ ਗੁਆਂਢੀ ਰਾਜ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।
ਇਸ ਸ਼ਹਿਰ ਦੇ 'ਮੰਦਰ ਦੀ ਅਰਥਵਿਵਸਥਾ' ਸ਼ਰਧਾਲੂਆਂ, ਸੈਲਾਨੀਆਂ, ਟ੍ਰਾਂਸਪੋਰਟ ਏਜੰਸੀਆਂ, ਗੈਸਟ-ਹਾਊਸਾਂ ਅਤੇ ਉਨ੍ਹਾਂ ਛੋਟੀਆਂ-ਛੋਟੀਆਂ ਦੁਕਾਨਾਂ 'ਤੇ ਨਿਰਭਰ ਹੈ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਵੀ ਰੋਜ਼ੀ-ਰੋਟੀ ਪ੍ਰਦਾਨ ਕਰਦੀ ਹੈ ਜੋ ਪੂਜਾ ਸਮੱਗਰੀ, ਪ੍ਰਸਾਦ , ਦੇਵੀ ਨੂੰ ਭੇਟ ਕੀਤੀਆਂ ਜਾਣ ਵਾਲ਼ੀਆਂ ਸਾੜੀਆਂ, ਹਲਦੀ-ਕੁਮਕੁਮ , ਕੌਡੀਆਂ, ਫ਼ੋਟੋ ਫ਼ਰੇਮ, ਭਗਤੀ ਦੇ ਗਾਣਿਆਂ ਦੀਆਂ ਸੀਡੀਆਂ, ਚੂੜੀਆਂ ਆਦਿ ਵੇਚਦੇ ਹਨ। ਇੱਥੋਂ ਦੇ ਦੁਕਾਨਦਾਰਾਂ ਦਾ ਅੰਦਾਜਾ ਹੈ ਕਿ ਮੰਦਰ ਦੇ ਦੋ ਕਿਲੋਮੀਟਰ ਦੇ ਘੇਰੇ ਵਿੱਚ ਘੱਟ ਤੋਂ ਘੱਟ 550-600 ਦੁਕਾਨਾਂ ਸਥਿਤ ਹਨ। ਇਹਦੇ ਇਲਾਵਾ ਗਲ਼ੀਆਂ ਵਿੱਚ ਘੁੰਮ ਕੇ ਸਮਾਨ ਵੇਚਣ ਵਾਲੇ ਲੋਕ ਹਨ, ਜਿਨ੍ਹਾਂ ਦਾ ਵਜੂਦ ਪੂਰੀ ਤਰ੍ਹਾਂ ਨਾਲ਼ ਰੋਜਾਨਾ ਦੀ ਵਿਕਰੀ (ਭਗਤਾਂ ਨੂੰ) 'ਤੇ ਨਿਰਭਰ ਹੈ।
ਪਿਛਲੀ 20 ਮਾਰਚ ਨੂੰ, ਦੁਪਹਿਰ ਤੱਕ ਕਰੀਬ ਅੱਧੀਆਂ ਦੁਕਾਨਾਂ ਨੇ ਆਪਣੇ ਸ਼ਟਰ ਹੇਠਾਂ ਸੁੱਟ ਦਿੱਤੇ ਸਨ, ਜਦੋਂਕਿ ਹੋਰ ਲੋਕ ਦੁਕਾਨਾਂ ਬੰਦ ਕਰਨ ਦੀ ਤਿਆਰੀ ਖਿੱਚ ਰਹੇ ਸਨ। ਗਲ਼ੀਆਂ ਵਿੱਚ ਸਮਾਨ ਵੇਚਣ ਵਾਲੇ ਸਾਰੇ ਜਾ ਚੁੱਕੇ ਸਨ।
"ਇਹ ਕਿਹੋ ਜਿਹੀ ਬੀਮਾਰੀ ਹੈ?" ਇੱਕ ਬੰਦ ਪਈ ਦੁਕਾਨ ਦੇ ਸਾਹਮਣੇ ਬੈਠੀ, ਕਰੀਬ 60 ਸਾਲਾ ਮਹਿਲਾ ਪੁੱਛਦੀ ਹਨ। "ਸਾਰਾ ਕੁਝ ਬੰਦ ਹੋ ਗਿਆ ਹੈ। ਮੰਗਲਵਾਰ ਤੋਂ ਹੀ ਬੜੇ ਘੱਟ ਲੋਕ ਪਹੁੰਚੇ ਹਨ। ਉਹ (ਮੰਦਰ ਟ੍ਰਸਟ ਦੇ ਕਾਰਜਕਾਰੀ ਅਤੇ ਪੁਲਿਸ) ਸਾਨੂੰ ਇੱਥੇ ਬੈਠਣ ਨਹੀਂ ਦੇ ਰਹੇ। ਪਰ ਕੀ ਸਾਨੂੰ ਆਪਣੇ ਢਿੱਡ ਨੂੰ ਭਰਨ ਲਈ ਕੁਝ ਨਹੀਂ ਚਾਹੀਦਾ?" (ਉਹ ਇੰਨੀ ਉਤੇਜਿਤ ਹੋ ਗਈ ਸਨ ਕਿ ਉਨ੍ਹਾਂ ਨੇ ਨਾ ਤਾਂ ਮੈਨੂੰ ਆਪਣਾ ਨਾਮ ਦੱਸਿਆ ਅਤੇ ਨਾ ਹੀ ਮੈਨੂੰ ਆਪਣੀ ਫ਼ੋਟੋ ਹੀ ਖਿੱਚਣ ਦਿੱਤੀ। ਮੈਂ ਉਨ੍ਹਾਂ ਕੋਲ਼ੋਂ ਇੱਕ ਦਰਜਨ ਕੱਚ ਦੀਆਂ ਚੂੜੀਆਂ ਖਰੀਦੀਆਂ ਸਨ। ਇਹੀ 20 ਰੁਪਏ ਉਨ੍ਹਾਂ ਦੀ ਦੁਪਹਿਰ ਦੇ ਖਾਣੇ ਤੱਕ ਦੀ ਪਹਿਲੀ ਕਮਾਈ (ਬੌਹਣੀ) ਸੀ।)
ਜਿੱਥੇ ਉਹ ਬੈਠੀ ਹਨ ਉਸ ਤੋਂ ਥੋੜ੍ਹੀ ਹੀ ਦੂਰ, 60 ਸਾਲਾ ਸੁਰੇਸ਼ ਸੂਰਯਵੰਸ਼ੀ ਕਹਿੰਦੇ ਹਨ, "ਅਸੀਂ ਲੋਕ ਮਾਰਚ ਤੋਂ ਮਈ ਤੱਕ ਦੇ ਗਰਮੀਆਂ ਦੇ ਮਹੀਨਿਆਂ ਦੀ ਉਡੀਕ ਕਰ ਰਹੇ ਸਾਂ। ਪੜਵਾ (ਗੁੜੀ ਪੜਵਾ, ਹਿੰਦੂ ਕੈਲੰਡਰ ਦਾ ਪਹਿਲਾ ਦਿਨ) ਅਤੇ ਚੇਤ ਪੂਰਨਮਾਸੀ (8 ਅਪ੍ਰੈਲ) ਨੂੰ ਚੇਤ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇੱਥੇ ਇੱਕ ਦਿਨ ਵਿੱਚ ਔਸਤਨ 30,000 ਤੋਂ 40,000 ਸ਼ਰਧਾਲੂ ਆਉਂਦੇ ਹਨ।" ਸੂਰਯਵੰਸ਼ੀ ਦੀ ਦੁਕਾਨ ਮੰਦਰ ਦੇ ਮੇਨ ਦਰਵਾਜੇ ਦੇ ਨਾਲ਼ ਲੱਗਦੀ ਹੈ ਅਤੇ ਉਹ ਪੇੜਾ ਅਤੇ ਪ੍ਰਸਾਦ ਦੀਆਂ ਹੋਰ ਸਮੱਗਰੀਆਂ ਜਿਵੇਂ ਮੂੜੀ ਅਤੇ ਭੁੱਜੇ ਛੋਲੇ ਵੇਚਦੇ ਹਨ।
"ਹਫ਼ਤੇ ਦੇ (ਯਾਤਰਾ ਦੌਰਾਨ) ਅਖੀਰ ਵਿੱਚ (ਸ਼ਰਧਾਲੂਆਂ ਅਤੇ ਯਾਤਰੂਆਂ ਦੀ) ਗਿਣਤੀ ਇੱਕ ਲੱਖ ਤੱਕ ਅੱਪੜ ਜਾਂਦੀ ਹੈ। ਹੁਣ ਅਸੀਂ ਸੁਣ ਰਹੇ ਹਾਂ ਕਿ ਯਾਤਰਾ ਰੱਦ ਹੋ ਗਈ ਹੈ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ," ਉਹ ਕਹਿੰਦੇ ਹਨ।
ਉਨ੍ਹਾਂ ਦੀ ਦੁਕਾਨ ਦੇ ਐਨ ਨਾਲ਼ ਕਰਕੇ ਅਨਿਲ ਸੋਲਾਪੁਰੇ ਦੀ ਧਾਤੂ ਦੀਆਂ ਮੂਰਤੀਆਂ, ਫ਼ਰੇਮ ਅਤੇ ਹੋਰਨਾਂ ਸਜਾਵਟੀ ਸਮਾਨ ਦੀ ਦੁਕਾਨ ਹੈ, ਮੰਦਰ ਵਿੱਚ ਰਾਤ-ਦਿਨ ਆਉਣ ਵਾਲੇ ਗਾਹਕਾਂ ਨੂੰ ਉਹ ਇਹ ਸਮਾਨ ਵੇਚ ਕੇ ਹਰ ਮਹੀਨੇ 30,000 ਤੋਂ 40,000 ਰੁਪਏ ਕਮਾ ਲੈਂਦੇ ਸਨ। ਪਰ ਉਸ ਦਿਨ, ਦੁਪਹਿਰ ਤੱਕ, ਉਹ ਇੱਕ ਵੀ ਚੀਜ਼ ਨਹੀਂ ਵੇਚ ਪਾਏ। "ਮੈਂ 38 ਸਾਲਾਂ ਤੋਂ ਇਸੇ ਦੁਕਾਨ ਵਿੱਚ ਕੰਮ ਕਰ ਰਿਹਾ ਹਾਂ। ਮੈਂ ਇੱਥੇ ਹਰ ਰੋਜ਼ ਆਉਂਦਾ ਹਾਂ। ਮੈਂ ਘਰ ਬਹਿ ਕੇ ਕੰਮ ਕਿਵੇਂ ਕਰ ਸਕਦਾ ਹਾਂ?" ਹੰਝੂ ਕੇਰਦੀਆਂ ਅੱਖਾਂ ਨਾਲ਼ ਉਹ ਪੁੱਛਦੇ ਹਨ।
ਤਾਲਾਬੰਦੀ ਨੇ ਕਰੀਬ 60 ਸਾਲ ਦੀ ਨਾਗੁਰਬਾਈ ਗਾਇਕਵਾੜ ਨੂੰ ਵੀ ਪ੍ਰਭਾਵਤ ਕੀਤਾ ਹੈ। ਉਹ ਅਜੇ ਵੀ ਜੋਗਵਾ ਕਰਕੇ ਕੁਝ ਮੰਗ ਕੇ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹਨ (ਇੱਕ ਅਜਿਹੀ ਪਰੰਪਰਾ ਜਿਸ ਵਿੱਚ ਪੂਜਾ ਕਰਨ ਵਾਲੇ, ਜ਼ਿਆਦਾਤਰ ਔਰਤਾਂ, ਹਰ ਮੰਗਲਵਾਰ ਅਤੇ ਸ਼ੁਕਰਵਾਰ ਨੂੰ ਭੀਖ ਮੰਗਦੇ ਹਨ ਅਤੇ ਜੋ ਕੁਝ ਮਿਲ਼ਦਾ ਹੈ, ਪੂਰੀ ਤਰ੍ਹਾਂ ਨਾਲ਼ ਉਸੇ 'ਤੇ ਨਿਰਭਰ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਹਨ- ਉਹ ਆਟਾ ਅਤੇ ਲੂਣ ਅਤੇ ਪੈਸੇ ਵੀ ਮੰਗਦੇ ਹਨ)। ਬਿਜਲੀ ਦੇ ਇੱਕ ਝਟਕੇ ਨਾਲ਼ ਨਾਗੁਰਬਾਈ ਦੇ ਖੱਬੇ ਹੱਥ ਦੀ ਤਲ਼ੀ ਬੇਕਾਰ ਹੋ ਗਈ ਸੀ, ਜਿਹਦੇ ਕਰਕੇ ਉਹ ਦਿਹਾੜੀ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨ ਵਿੱਚ ਅਸਮਰੱਥ ਹਨ। "ਚੇਤ ਯਾਤਰਾ ਨਾਲ਼ ਮੇਰਾ ਕੰਮ ਚੱਲਦਾ ਰਹਿੰਦਾ ਹੈ। ਪਰ ਹੁਣ, ਜੇ ਕੋਈ ਮੈਨੂੰ ਇੱਕ ਕੱਪ ਚਾਹ ਵੀ ਦੇ ਦਿੰਦਾ ਹੈ, ਤਾਂ ਮੈਂ ਖੁਦ ਨੂੰ ਕਿਸਮਤਵਾਨ ਸਮਝਦੀ ਹਾਂ," ਉਹ ਕਹਿੰਦੀ ਹਨ।
ਮੰਦਰ ਤੋਂ ਥੋੜ੍ਹੀ ਹੀ ਦੂਰੀ 'ਤੇ, ਮੰਗਲਵਾਰ ਨੂੰ ਲੱਗਣ ਵਾਲਾ ਹਫ਼ਤਾਵਰੀ ਬਜ਼ਾਰ ਤੁਲਜਾਪੁਰ ਸ਼ਹਿਰ ਦੇ ਆਸਪਾਸ ਦੇ ਪਿੰਡਾਂ ਦੇ 450-500 ਤੋਂ ਵੱਧ ਕਿਸਾਨਾਂ ਦੀ ਰੋਜ਼ੀਰੋਟੀ ਦਾ ਵਸੀਲਾ ਹੈ। ਇਹ ਬਜ਼ਾਰ ਹੁਣ ਬੰਦ ਹੋ ਚੁੱਕਿਆ ਹੈ ਅਤੇ ਕਿਸਾਨ, ਜਿਨ੍ਹਾਂ ਵਿੱਚੋਂ ਕਈ ਔਰਤਾਂ ਹਨ, ਆਪਣੀ ਤਾਜ਼ਾ ਅਤੇ ਖਰਾਬ ਹੋਣ ਯੋਗ ਉਪਜ ਵੇਚਣ ਵਿੱਚ ਅਸਮਰੱਥ ਹਨ। ਹੋ ਸਕਦਾ ਹੈ ਕਿ ਉਹ ਇਨ੍ਹਾਂ ਵਿੱਚ ਕੁਝ ਨੂੰ ਆਪਣੇ ਪਿੰਡ ਵਿੱਚ ਹੀ ਵੇਚ ਲੈਣ, ਪਰ ਉਸ ਨਾਲ਼ ਉਨ੍ਹਾਂ ਦਾ ਕੰਮ ਨਹੀਂ ਚੱਲ ਪਾਵੇਗਾ।
ਸੁਰੇਸ਼ ਰੋਕੜੇ, ਜੋ ਕਿਸਾਨ ਹੋਣ ਦੇ ਨਾਲ਼-ਨਾਲ਼ ਇੱਕ ਵਿਦਿਅਕ ਸੰਸਥਾ ਲਈ ਗੱਡੀ ਵੀ ਚਲਾਉਂਦੇ ਹਨ, ਦਾ ਕਹਿਣਾ ਹੈ ਕਿ ਇਹ ਮਰਾਠਵਾੜਾ ਵਿੱਚ ਅੰਗੂਰ ਦਾ ਮੌਸਮ ਹੈ, ਪਰ ਦੋ ਦਿਨਾਂ ਤੋਂ ਅੰਗੂਰ ਤੋੜਨ ਦਾ ਕੰਮ ਬੰਦ ਪਿਆ ਹੈ ਕਿਉਂਕਿ ਬਜਾਰ ਹੀ ਬੰਦ ਹੈ। ''ਮੈਨੂੰ ਉਮੀਦ ਹੈ ਕਿ ਉਹ ਸੋਮਵਾਰ (23 ਮਾਰਚ) ਨੂੰ ਖੁੱਲ੍ਹ ਜਾਣਗੇ,'' ਉਹ ਕਹਿੰਦੇ ਹਨ। (ਹਾਲਾਂਕਿ ਉਸ ਦਿਨ ਰਾਜ ਸਰਕਾਰ ਦੁਆਰਾ ਹੋਰ ਜ਼ਿਆਦਾ ਪ੍ਰਤੀਬੰਧ ਲਗਾ ਦਿੱਤੇ ਗਏ ਸਨ।) ਕਲੰਬ ਜਿਹੇ ਗੁਆਂਢੀ ਬਲਾਕਾਂ ਅਤੇ ਮਰਾਠਵਾੜਾ ਦੇ ਹੋਰਨਾਂ ਜਿਲ੍ਹਿਆਂ ਵਿੱਚ 17-18 ਮਾਰਚ ਨੂੰ ਪਏ ਗੜਿਆਂ ਨੇ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ।
ਤੁਲਜਾਪੁਰ ਵਿੱਚ ਅਜੇ ਤੱਕ ਕੋਵਿਡ-19 ਦੀ ਜਾਂਚ ਦੀ ਕੋਈ ਸੁਵਿਧਾ ਨਹੀਂ ਹੈ, ਇਸਲਈ ਜੇਕਰ ਇੱਥੇ ਕੋਈ ਪੋਜੀਟਿਵ ਹੋਇਆ ਜਾਂ ਕਿਸੇ ਵਿੱਚ ਇਸ ਬੀਮਾਰੀ ਦਾ ਕੋਈ ਖ਼ਦਸ਼ਾ ਹੋਇਆ, ਤਾਂ ਇਹਦਾ ਪਤਾ ਨਹੀਂ ਚੱਲ ਪਾਵੇਗਾ। ਅਖ਼ਬਾਰ ਦੀ ਰਿਪੋਰਟ ਅਨੁਸਾਰ, ਰਾਜ ਦੇ ਸਮਾਜ ਕਲਿਆਣ ਵਿਭਾਗ ਦੁਆਰਾ ਸੰਚਾਲਿਤ ਇੱਕ ਹਾਸਟਲ ਨੂੰ 80 ਕਮਰਿਆਂ ਵਾਲ਼ੇ ਇੱਕ ਇਕਾਂਤਵਾਸ ਕੇਂਦਰ (ਸੈਂਟਰ) ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਤਰਜਮਾ: ਕਮਲਜੀਤ ਕੌਰ