28 ਸਾਲਾ ਅਰੁਣਾ ਦੀ ਪੱਥਰ ਨਜ਼ਰ ਨੇੜੇ ਹੀ ਖੇਡ ਰਹੀ ਆਪਣੀ ਛੇ ਸਾਲਾ ਧੀ ਵੱਲ ਗੱਡੀ ਹੋਈ ਹੈ ਤੇ ਉਹ ਕਹਿੰਦੀ ਹੈ,''ਉਹ ਤਾਂ ਮੈਨੂੰ ਮਾਰ ਹੀ ਘੱਤਦੇ...।'' 'ਉਹ' ਕੋਈ ਹੋਰ ਨਹੀਂ ਅਰੁਣਾ ਦੇ ਪਰਿਵਾਰਕ ਮੈਂਬਰ ਹੀ ਹਨ ਜੋ ਇਹ ਸਮਝਣ ਵਿੱਚ ਅਸਮਰਥ ਸਨ ਕਿ ਆਖ਼ਰ ਉਹ ਅਜਿਹਾ ਵਿਵਹਾਰ ਕਰ ਕਿਉਂ ਰਹੀ ਹੈ। ''ਮੈਂ ਚੀਜ਼ਾਂ ਚੁੱਕ-ਚੁੱਕ ਮਾਰਨ ਲੱਗਦੀ, ਬੱਸ ਮੈਂ ਘਰ ਨਾ ਰਹਿਣਾ ਚਾਹੁੰਦੀ। ਕੋਈ ਵੀ ਸਾਡੇ ਘਰ ਦੇ ਨੇੜੇ ਨਾ ਲੱਗਦਾ...''
ਤਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਵਿਖੇ ਪੈਂਦੇ ਆਪਣੇ ਘਰ ਨੇੜਲੀਆਂ ਪਹਾੜੀਆਂ ਹੀ ਉਹਦੇ ਟਹਿਲਣ ਦੀ ਥਾਂ ਬਣਦੇ। ਉਹਨੂੰ ਇੰਝ ਘੁੰਮਦਿਆਂ ਦੇਖ ਲੋਕੀਂ ਉਹਦੇ ਕੋਲ਼ੋਂ ਦੂਰ ਭੱਜ ਜਾਂਦੇ ਕਿ ਕਿਤੇ ਉਹ ਉਨ੍ਹਾਂ ਨੂੰ ਮਾਰ ਨਾ ਸੁੱਟੇ, ਕੁਝ ਲੋਕੀਂ ਉਹਦੇ 'ਤੇ ਪੱਥਰ ਵਗਾਹ ਮਾਰਦੇ। ਅਖ਼ੀਰ ਉਹਦਾ ਪਿਤਾ ਉਹਨੂੰ ਘਰ ਧੂਹ ਲਿਆਉਂਦਾ ਤੇ ਕੁਰਸੀ ਨਾਲ਼ ਬੰਨ੍ਹ ਦਿੰਦਾ ਤਾਂਕਿ ਉਹ ਘਰੋਂ ਬਾਹਰ ਜਾ ਹੀ ਨਾ ਸਕੇ।
ਉਦੋਂ ਅਰੁਣਾ (ਅਸਲੀ ਨਾਮ ਨਹੀਂ) 18 ਸਾਲ ਸੀ ਜਦੋਂ ਉਹਦੇ ਅੰਦਰ ਸਕਿਜ਼ੋਫਰੇਨੀਆ (ਦੁਫ਼ਾੜ ਮਾਨਸਿਕਤਾ\ਮਨੋਭਾਜਨ) ਦੀ ਤਸ਼ਖ਼ੀਸ ਹੋਈ। ਇਹ ਰੋਗ ਉਹਦੇ ਸੋਚਣ, ਮਹਿਸੂਸ ਕਰਨ ਤੇ ਉਹਦੇ ਸੁਭਾਅ 'ਤੇ ਅਸਰ ਪਾਉਂਦਾ।
ਕਾਂਚੀਪੁਰਮ ਦੀ ਚੇਂਗਲਪੱਟੂ ਤਾਲੁਕਾ ਦੇ ਪਿੰਡ ਕੋਂਡਾਂਗੀ ਦੀ ਦਲਿਤ ਬਸਤੀ ਵਿੱਚ ਸਥਿਤ ਆਪਣੇ ਘਰ ਦੇ ਬਾਹਰ ਬੈਠੀ ਅਰੁਣਾ ਆਪਣੇ ਔਖ਼ੇ ਦਿਨਾਂ ਬਾਰੇ ਚੱਲ ਰਹੀ ਗੱਲਬਾਤ ਬੰਦ ਕਰ ਦਿੰਦੀ ਹੈ ਤੇ ਅਚਾਨਕ ਉੱਠ ਕੇ ਤੁਰ ਪੈਂਦੀ ਹੈ। ਗੁਲਾਬੀ ਰੰਗ ਦੀ ਨਾਈਟੀ (ਰਾਤਰੀ ਲਿਬਾਸ) ਪਾਈ ਅਤੇ ਛੋਟੇ-ਛੋਟੇ ਕਟੇ ਵਾਲ਼ਾਂ ਵਾਲ਼ੀ ਇਹ ਸਾਂਵਲੀ ਜਿਹੀ ਔਰਤ ਤੁਰਦੇ ਵੇਲ਼ੇ ਯਕਦਮ ਲੜਖੜਾ ਜਾਂਦੀ ਹੈ। ਉਹ ਕਾਨਿਆਂ ਦੀ ਬਣੀ ਆਪਣੀ ਛੋਟੀ ਜਿਹੀ ਝੌਂਪੜੀ ਅੰਦਰ ਜਾਂਦੀ ਹੈ ਤੇ ਹੱਥ ਵਿੱਚ ਡਾਕਟਰ ਦੀ ਪਰਚੀ ਤੇ ਗੋਲ਼ੀਆਂ ਦੇ ਦੋ ਪੱਤੇ ਫੜ੍ਹੀ ਵਾਪਸ ਮੁੜਦੀ ਹੈ। ਦਵਾਈਆਂ ਦੇ ਪੱਤੇ ਮੇਰੇ ਵੱਲ ਵਧਾਉਂਦਿਆਂ ਉਹ ਕਹਿੰਦੀ ਹੈ,''ਇੱਕ ਗੋਲ਼ੀ ਨੀਂਦ ਵਾਸਤੇ ਹੈ ਤੇ ਦੂਜੀ ਗੋਲ਼ੀ ਤੰਤੂ-ਸਬੰਧੀ ਵਿਗਾੜ ਤੋਂ ਬਚਾਅ ਕਰਨ ਲਈ ਹੈ। ਵੈਸੇ ਹੁਣ ਮੈਨੂੰ ਚੰਗੀ ਨੀਂਦ ਆਉਂਦੀ ਹੈ। ਮੈਂ ਦਵਾਈ ਲੈਣ ਲਈ ਹਰ ਮਹੀਨੇ ਸੇਮਬੱਕਮ (ਪ੍ਰਾਇਮਰੀ ਸਿਹਤ ਕੇਂਦਰ) ਜਾਂਦੀ ਹਾਂ।''
ਜੇ ਕਿਤੇ ਸ਼ਾਂਤੀ ਸੇਸ਼ਾ ਨਾ ਹੁੰਦੀ ਤਾਂ ਅਰੁਣਾ ਦੀ ਬੀਮਾਰੀ ਦਾ ਕਦੇ ਪਤਾ ਹੀ ਨਹੀਂ ਲੱਗਣਾ ਸੀ।
61 ਸਾਲਾ ਸ਼ਾਂਤੀ, ਇਸ ਪੂਰੇ ਮਾਮਲੇ ਨੂੰ ਸਮਝ ਪਾ ਰਹੀ ਸੀ। ਉਹਨੇ ਸਕਿਜ਼ੋਫਰੇਨੀਆ ਤੋਂ ਪੀੜਤ ਅਰੁਣਾ ਜਿਹੇ ਸੈਂਕੜੇ ਹੀ ਲੋਕਾਂ ਦੀ ਮਦਦ ਕੀਤੀ ਸੀ। 2017-2022 ਵਿੱਚ ਸ਼ਾਂਤੀ ਨੇ ਇਕੱਲਿਆਂ ਹੀ ਚੇਂਗਲਪੱਟੂ ਵਿਖੇ 98 ਮਰੀਜਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਲੈਣ ਵਾਸਤੇ ਸਹਾਇਤਾ ਵੀ ਦਿੱਤੀ। ਸਕਿਜ਼ੋਫਰੇਨੀਆ ਰਿਸਰਚ ਫਾਊਂਡੇਸ਼ਨ (ਸਕਾਰਫ) ਨਾਲ਼ ਠੇਕੇ 'ਤੇ ਕੰਮ ਕਰ ਰਹੀ ਸ਼ਾਂਤੀ, ਬਤੌਰ ਕਮਿਊਨਿਟੀ ਹੈਲਥ ਵਰਕਰ, ਨੂੰ ਕੌਂਡਾਂਗੀ ਪਿੰਡ ਵਿੱਚ ਮਾਨਸਿਕ ਤੌਰ 'ਤੇ ਰੋਗੀ ਵਿਅਕਤੀਆਂ ਲਈ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ।
ਕਰੀਬ 10 ਸਾਲ ਪਹਿਲਾਂ ਜਦੋਂ ਸ਼ਾਂਤੀ ਅਰੁਣਾ ਨੂੰ ਮਿਲ਼ੀ,''ਉਹ ਨੌਜਵਾਨ ਤੇ ਪਤਲੀ ਜਿਹੀ ਕੁੜੀ ਸੀ ਜੋ ਹਾਲੇ ਕੁਆਰੀ ਸੀ,'' ਉਹ ਕਹਿੰਦੀ ਹੈ,''ਜੋ ਬੱਸ ਇੱਧਰ-ਓਧਰ ਘੁੰਮਦੀ ਰਹਿੰਦੀ ਤੇ ਕਦੇ ਕੁਝ ਨਾ ਖਾਂਦੀ। ਮੈਂ ਉਹਦੇ ਪਰਿਵਾਰ ਨੂੰ ਕਿਹਾ ਕਿ ਉਹ ਆਪਣੀ ਧੀ ਨੂੰ ਤੀਰੂਕਾਲੁਕੁਕੁੰਦਰਮ ਦੇ ਮੈਡੀਕਲ ਕੈਂਪ ਵਿਖੇ ਲੈ ਕੇ ਆਉਣ।'' ਇਹ ਕੈਂਪ SCARF ਵੱਲੋਂ ਹਰ ਮਹੀਨੇ ਲਾਇਆ ਜਾਂਦਾ ਸੀ ਜਿੱਥੇ ਸਕਿਜ਼ੋਫਰੇਨੀਆ ਤੋਂ ਪੀੜਤ ਲੋਕਾਂ ਦੀ ਤਸ਼ਖ਼ੀਸ ਵੀ ਕੀਤੀ ਜਾਂਦੀ ਤੇ ਇਲਾਜ ਵੀ।
ਜਦੋਂ ਅਰੁਣਾ ਦੇ ਪਰਿਵਾਰ ਨੇ ਆਪਣੀ ਧੀ ਨੂੰ ਕੋਂਡਾਂਗੀ ਤੋਂ 30 ਕਿਲੋਮੀਟਰ ਦੂਰ ਪੈਂਦੇ ਤੀਰੂਕਾਲੁਕੁਕੁੰਦਰਮ ਵਿਖੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਿੰਸਕ ਹੋ ਉੱਠੀ ਤੇ ਕਿਸੇ ਨੂੰ ਵੀ ਆਪਣੇ ਨੇੜੇ ਨਾ ਲੱਗਣ ਦਿੱਤਾ। ਉਹਨੂੰ ਫਿਰ ਲੱਤਾਂ ਦੇ ਬਾਂਹਾਂ ਬੰਨ੍ਹ ਕੇ ਕੈਂਪ ਲਿਆਂਦਾ ਗਿਆ। ਸ਼ਾਂਤੀ ਦੱਸਦੀ ਹੈ,''ਮੈਨੂੰ (ਮਨੋ-ਚਿਕਿਸਤ ਵੱਲੋਂ) 15 ਦਿਨਾਂ ਵਿੱਚ ਇੱਕ ਵਾਰੀਂ ਅਰੁਣਾ ਨੂੰ ਟੀਕਾ ਲਾਉਣ ਲਈ ਕਿਹਾ ਗਿਆ।''
ਟੀਕਿਆਂ ਤੇ ਦਵਾਈਆਂ ਦੇਣ ਤੋਂ ਇਲਾਵਾ, ਅਰੁਣਾ ਨੂੰ ਹਰ ਪੰਦਰਵੇਂ ਦਿਨ ਕੈਂਪ ਵਿਖੇ ਹੀ ਕਾਊਂਸਲਿੰਗ ਵੀ ਦਿੱਤੀ ਜਾਂਦੀ। ''ਕਈ ਸਾਲਾਂ ਬਾਅਦ,'' ਸ਼ਾਂਤੀ ਕਹਿੰਦੀ ਹੈ,''ਫਿਰ ਮੈਂ ਸੇਮਬੱਕਮ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਉਹਦਾ ਇਲਾਜ ਜਾਰੀ ਰੱਖਿਆ।'' ਇੱਕ ਦੂਜੀ ਐੱਨਜੀਓ (ਬਨਯਾਨ) ਪੀਐੱਚਸੀ ਵਿੱਚ ਦਿਮਾਗੀ ਸਿਹਤ ਨੂੰ ਲੈ ਕੇ ਕਲੀਨਿਕ ਚਲਾ ਰਹੀ ਸੀ। ਸ਼ਾਂਤੀ ਅੱਗੇ ਕਹਿੰਦੀ ਹੈ,''ਹੁਣ ਤਾਂ ਅਰੁਣਾ ਕਾਫ਼ੀ ਠੀਕ ਹੈ। ਉਹ ਚੰਗੀ ਤਰ੍ਹਾਂ ਬੋਲਣ ਵੀ ਲੱਗੀ ਹੈ।''
ਕੋਂਡਾਂਗੀ ਪਿੰਡ ਦਾ ਕੇਂਦਰ ਅਰੁਣਾ ਦੇ ਘਰ ਤੋਂ ਕੁਝ ਹੀ ਗਜ਼ ਦੂਰ ਹੈ। ਇੱਥੇ ਕੁਝ ਉੱਚ ਜਾਤਾਂ- ਨਾਇਡੂ ਤੇ ਨਾਇੱਕਰ- ਦੇ ਲੋਕ ਰਹਿੰਦੇ ਹਨ। ਸ਼ਾਂਤੀ ਵੀ ਨਾਇਡੂ ਪਰਿਵਾਰ ਤੋਂ ਆਉਂਦੀ ਹੈ। ਸ਼ਾਂਤੀ ਦਾ ਮੰਨਣਾ ਹੈ, "ਉਨ੍ਹਾਂ ਨੇ ਉਸ ਨੂੰ (ਦਲਿਤ ਕਲੋਨੀ ਵਿੱਚ) ਬਰਦਾਸ਼ਤ ਕੀਤਾ ਕਿਉਂਕਿ ਅਰੁਣਾ ਉਸ ਦੀ ਜਾਤ (ਅਨੁਸੂਚਿਤ ਜਾਤੀ) ਨਾਲ਼ ਸਬੰਧਤ ਸੀ। ਉਹ ਦੱਸਦੀ ਹੈ ਕਿ ਕਲੋਨੀ ਦੇ ਵਸਨੀਕ ਉਨ੍ਹਾਂ ਸੜਕਾਂ 'ਤੇ ਨਹੀਂ ਆਉਂਦੇ ਜਿੱਥੇ ਨਾਇਡੂ-ਨਾਇੱਕਰ ਲੋਕ ਰਹਿੰਦੇ ਹਨ। "ਜੇ ਅਰੁਣਾ ਇੱਥੇ ਆਉਂਦੀ ਤਾਂ ਲੜਾਈਆਂ ਹੋ ਜਾਣੀਆਂ ਸਨ।"
ਹਾਲਾਂਕਿ ਅਰੁਣਾ ਨੇ ਇਲਾਜ ਸ਼ੁਰੂ ਕਰਨ ਤੋਂ ਚਾਰ ਸਾਲ ਬਾਅਦ ਵਿਆਹ ਕਰਵਾ ਲਿਆ ਸੀ, ਪਰ ਜਦੋਂ ਉਹ ਗਰਭਵਤੀ ਹੋਈ ਤਾਂ ਉਸ ਦਾ ਪਤੀ ਚਲਾ ਗਿਆ। ਉਹ ਆਪਣੇ ਘਰ ਵਾਪਸ ਆ ਗਈ ਅਤੇ ਆਪਣੇ ਪਿਤਾ ਅਤੇ ਵੱਡੇ ਭਰਾ ਨਾਲ਼ ਰਹਿਣ ਲੱਗ ਪਈ। ਉਸ ਦੀ ਵੱਡੀ ਭੈਣ, ਜੋ ਚੇਨਈ ਵਿੱਚ ਰਹਿੰਦੀ ਹੈ, ਹੁਣ ਬੱਚੇ ਦੀ ਦੇਖਭਾਲ ਕਰਨ ਵਿੱਚ ਮਦਦ ਕਰ ਰਹੀ ਹੈ। ਅਰੁਣਾ ਜਿਵੇਂ ਕਿਵੇਂ ਆਪਣੀਆਂ ਦਵਾਈਆਂ ਅਤੇ ਇਲਾਜ ਜਾਰੀ ਰੱਖ ਰਹੀ ਹੈ।'
ਅਰੁਣਾ ਦਾ ਕਹਿਣਾ ਹੈ ਕਿ ਉਹ ਆਪਣੀ ਸਿਹਤ ਨੂੰ ਸੁਧਾਰਨ ਲਈ ਸ਼ਾਂਤੀ ਅੱਕਾ ਦੀ ਰਿਣੀ ਹੈ।
*****
ਸ਼ਾਂਤੀ ਸਵੇਰੇ 8 ਵਜੇ ਘਰੋਂ ਨਿਕਲਦੀ ਹੈ, ਉਸ ਦੇ ਹੱਥ ਵਿੱਚ ਰੋਟੀ ਦਾ ਡੱਬਾ ਵੀ ਹੁੰਦਾ ਹੈ। ਹਰ ਰੋਜ਼ ਉਹਦੇ ਕੋਲ਼ ਚੇਂਗਲਪੱਟੂ ਹੇਠ ਪੈਂਦੇ ਪਿੰਡਾਂ ਅਤੇ ਬਸਤੀਆਂ ਦੀ ਸੂਚੀ ਹੁੰਦੀ ਹੈ ਜਿਨ੍ਹਾਂ ਦਾ ਸਰਵੇਖਣ ਕੀਤਾ ਜਾਣਾ ਹੈ। ਮਦੁਰੰਤਾਕਮ ਦੇ ਬੱਸ ਸਟੈਂਡ ਤੱਕ ਪਹੁੰਚਣ ਲਈ ਉਹਨੂੰ ਇੱਕ ਘੰਟਾ (ਲਗਭਗ 15 ਕਿਲੋਮੀਟਰ) ਪੈਦਲ ਚੱਲਣਾ ਪੈਂਦਾ ਹੈ। ਉਹ ਕਹਿੰਦੀ ਹੈ, "ਇੱਥੋਂ ਹੀ ਸਾਨੂੰ ਦੂਜੇ ਪਿੰਡਾਂ ਲਈ ਬੱਸਾਂ ਮਿਲ਼ਦੀਆਂ ਹਨ।
ਉਨ੍ਹਾਂ ਦਾ ਕੰਮ ਤਾਲੁਕਾ ਭਰ ਦੀ ਯਾਤਰਾ ਕਰਨਾ, ਮਾਨਸਿਕ ਬਿਮਾਰੀ ਵਾਲ਼ੇ ਲੋਕਾਂ ਨੂੰ ਲੱਭਣਾ ਅਤੇ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਾ ਹੈ।
"ਸਭ ਤੋਂ ਪਹਿਲਾਂ, ਅਸੀਂ ਉਨ੍ਹਾਂ ਪਿੰਡਾਂ ਵਿੱਚ ਜਾਵਾਂਗੇ ਜਿੱਥੇ ਪਹੁੰਚਣਾ ਸੌਖਾ ਹੈ। ਅਤੇ ਫੇਰ, ਅਲੱਗ-ਥਲੱਗ ਥਾਵਾਂ 'ਤੇ। ਉਨ੍ਹਾਂ ਥਾਵਾਂ 'ਤੇ ਜਾਣ ਲਈ ਬੱਸਾਂ ਸਿਰਫ ਕੁਝ ਖਾਸ ਸਮਿਆਂ 'ਤੇ ਉਪਲਬਧ ਹੁੰਦੀਆਂ ਹਨ। ਸ਼ਾਂਤੀ ਕਹਿੰਦੀ ਹੈ, "ਕਈ ਵਾਰ ਸਾਨੂੰ ਉਨ੍ਹਾਂ ਬੱਸਾਂ ਨੂੰ ਲੈਣ ਲਈ ਸਵੇਰ ਤੋਂ ਦੁਪਹਿਰ ਤੱਕ ਬੱਸ ਅੱਡੇ 'ਤੇ ਇੰਤਜ਼ਾਰ ਕਰਨਾ ਪੈਂਦਾ ਹੈ।"
ਸ਼ਾਂਤੀ ਐਤਵਾਰ ਨੂੰ ਛੱਡ ਕੇ ਮਹੀਨੇ ਦੇ ਸਾਰੇ ਦਿਨ ਕੰਮ ਕਰਦੀ ਸੀ। ਇੱਕ ਸਮਾਜਿਕ ਸਿਹਤ ਵਰਕਰ ਵਜੋਂ, ਉਸਦਾ ਕਿੱਤਾ ਲਗਭਗ ਤਿੰਨ ਦਹਾਕਿਆਂ ਤੱਕ ਬਦਲਿਆ ਨਹੀਂ ਗਿਆ। ਉਹ ਜੋ ਕੰਮ ਕਰਦੀ ਹੈ ਉਹ ਭਾਵੇਂ ਬਹੁਤਾ ਕਰਕੇ ਅਣਗੌਲ਼ਿਆ ਹੀ ਜਾਪਦਾ ਹੋਵੇ ਪਰ ਇੱਕ ਅਜਿਹੇ ਦੇਸ਼ ਵਿੱਚ ਜਿੱਥੇ 10.6 ਪ੍ਰਤੀਸ਼ਤ ਬਾਲਗ ਆਬਾਦੀ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਹੈ ਅਤੇ 13.7 ਪ੍ਰਤੀਸ਼ਤ ਆਬਾਦੀ ਨੇ ਆਪਣੇ ਜੀਵਨ ਵਿੱਚ ਇੱਕ ਜਾਂ ਦੋ ਵਾਰ ਮਾਨਸਿਕ ਵਿਕਾਰਾਂ ਨੂੰ ਝੱਲਿਆ ਹੈ, ਸ਼ਾਂਤੀ ਦਾ ਪੇਸ਼ਾ ਸਭ ਤੋਂ ਵੱਧ ਢੁਕਵਾਂ ਹੈ। ਪਰ ਇਲਾਜ ਵਿੱਚ ਪਾੜਾ ਬਹੁਤ ਜ਼ਿਆਦਾ ਹੈ। ਦੁਫਾੜ ਮਾਨਸਿਕਤਾ (schizophrenia) ਨਾਲ਼ ਜੀਵਨ ਬਸਰ ਕਰ ਰਹੇ 83 ਫੀਸਦੀ ਲੋਕਾਂ ਵਿੱਚੋਂ ਲਗਭਗ 60 ਪ੍ਰਤੀਸ਼ਤ ਲੋਕਾਂ ਦੀ ਉਹਨਾਂ ਇਲਾਜਾਂ ਤੱਕ ਪਹੁੰਚ ਨਹੀਂ ਹੁੰਦੀ ਜਿਹੜੇ ਇਲਾਜ ਦੀ ਕਿ ਉਹਨਾਂ ਨੂੰ ਲੋੜ ਹੁੰਦੀ ਹੈ।
ਇੱਕ ਸਮਾਜਿਕ ਸਿਹਤ ਕਰਮੀ ਵਜੋਂ ਸ਼ਾਂਤੀ ਦੇ ਕੰਮ ਦੀ ਯਾਤਰਾ 1986 ਵਿੱਚ ਸ਼ੁਰੂ ਹੋਈ ਸੀ। ਉਸ ਸਮੇਂ, ਬਹੁਤ ਸਾਰੇ ਭਾਰਤੀ ਰਾਜਾਂ ਕੋਲ਼ ਮਾਨਸਿਕ ਸਿਹਤ ਸੰਭਾਲ਼ ਵਾਸਤੇ ਲੋੜੀਂਦੇ ਪੇਸ਼ੇਵਰ ਨਹੀਂ ਸਨ। ਸ਼ਹਿਰਾਂ ਵਿੱਚ ਕੁਝ ਸਿਖਲਾਈ ਪ੍ਰਾਪਤ ਲੋਕ ਸਨ। ਪੇਂਡੂ ਖੇਤਰਾਂ ਵਿੱਚ ਕੋਈ ਨਹੀਂ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ 1982 ਵਿੱਚ ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ (NMHP) ਦੀ ਸ਼ੁਰੂਆਤ ਕੀਤੀ ਗਈ ਸੀ। "ਇਸ ਯੋਜਨਾ ਦਾ ਉਦੇਸ਼ ਹਰ ਕਿਸੇ ਨੂੰ ਮਾਨਸਿਕ ਸਿਹਤ ਸੰਭਾਲ਼ ਪ੍ਰਦਾਨ ਕਰਨਾ ਸੀ'', ਖਾਸ ਕਰਕੇ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਹਾਸ਼ੀਏ 'ਤੇ ਪਏ ਵਰਗਾਂ ਨੂੰ।
1986 ਵਿੱਚ, ਸ਼ਾਂਤੀ ਇੱਕ ਸਮਾਜ ਸੇਵਿਕਾ ਵਜੋਂ ਰੈੱਡ ਕਰਾਸ ਵਿੱਚ ਸ਼ਾਮਲ ਹੋ ਗਈ। ਉਸਨੇ ਅਪਾਹਜ ਲੋਕਾਂ ਨੂੰ ਲੱਭਣ ਅਤੇ ਸੰਗਠਨ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਸੂਚਿਤ ਕਰਨ ਲਈ ਚੇਂਗਲਪੱਟੂ ਦੇ ਦੂਰ-ਦੁਰਾਡੇ ਦੇ ਹਿੱਸਿਆਂ ਦੀ ਯਾਤਰਾ ਕੀਤੀ।
ਜਦੋਂ ਸਕਾਰਫ ਨੇ 1987 ਵਿੱਚ ਸ਼ਾਂਤੀ ਨਾਲ਼ ਸੰਪਰਕ ਕੀਤਾ, ਤਾਂ ਸੰਗਠਨ ਕਾਂਚੀਪੁਰਮ ਜ਼ਿਲ੍ਹੇ ਦੇ ਤਿਰੂਪੁਰੂਰ ਬਲਾਕ ਵਿੱਚ ਮਾਨਸਿਕ ਰੋਗਾਂ ਵਾਲ਼ੇ ਲੋਕਾਂ ਦੇ ਮੁੜ ਵਸੇਬੇ ਲਈ ਐੱਨ.ਐੱਮ.ਐੱਚ.ਪੀ. ਦੇ ਅਧੀਨ ਯੋਜਨਾਵਾਂ ਤਿਆਰ ਕਰ ਰਿਹਾ ਸੀ। ਭਾਈਚਾਰਾ-ਅਧਾਰਤ ਵਲੰਟੀਅਰ ਬਣਾਉਣ ਲਈ, ਉਹ ਤਾਮਿਲਨਾਡੂ ਦੇ ਅੰਦਰੂਨੀ ਹਿੱਸਿਆਂ ਵਿੱਚ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਰਿਹਾ ਸੀ। "ਭਾਈਚਾਰੇ ਵਿੱਚ, ਸਕੂਲ-ਪੱਧਰ ਦੀ ਸਿੱਖਿਆ ਪਾਸ ਕਰਨ ਵਾਲ਼ੇ ਬੱਚਿਆਂ ਦੀ ਚੋਣ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਮਾਨਸਿਕ ਵਿਕਾਰਾਂ ਵਾਲ਼ੇ ਵਿਅਕਤੀਆਂ ਦੀ ਪਛਾਣ ਕਰਨ, ਉਨ੍ਹਾਂ ਨੂੰ ਸਮਝ ਸਕਣ ਅਤੇ ਉਨ੍ਹਾਂ ਨੂੰ ਹਸਪਤਾਲ ਭੇਜੇ ਜਾਣ ਦੀ ਸਿਖਲਾਈ ਦਿੱਤੀ ਗਈ ਸੀ," ਡਾ. ਆਰ. ਪਦਮਾਵਤੀ ਦਾ ਕਹਿਣਾ ਹੈ। ਉਹ 1987 ਵਿੱਚ ਸਕਾਰਫ ਵਿੱਚ ਸ਼ਾਮਲ ਹੋਈ ਸੀ।
ਇਨ੍ਹਾਂ ਕੈਂਪਾਂ ਵਿੱਚ, ਸ਼ਾਂਤੀ ਨੇ ਕਈ ਕਿਸਮਾਂ ਦੀਆਂ ਮਾਨਸਿਕ ਬਿਮਾਰੀਆਂ ਅਤੇ ਉਨ੍ਹਾਂ ਦੀ ਪਛਾਣ ਕਿਵੇਂ ਕਰਨੀ ਹੈ ਬਾਰੇ ਸਿੱਖਿਆ। ਉਹਨੇ ਮਾਨਸਿਕ ਬਿਮਾਰੀ ਵਾਲ਼ੇ ਲੋਕਾਂ ਨੂੰ ਡਾਕਟਰੀ ਧਿਆਨ ਦੀ ਮੰਗ ਕਰਨ ਲਈ ਪ੍ਰੇਰਿਤ ਕਰਨ ਦੀ ਯੋਗਤਾ ਵੀ ਹਾਸਲ ਕੀਤੀ। ਉਹ ਕਹਿੰਦੀ ਹੈ ਕਿ ਸ਼ੁਰੂ ਵਿੱਚ ਉਸਦੀ ਤਨਖਾਹ 25 ਰੁਪਏ ਪ੍ਰਤੀ ਮਹੀਨਾ ਸੀ। ਉਹਦਾ ਕੰਮ ਮਾਨਸਿਕ ਬਿਮਾਰੀ ਵਾਲ਼ੇ ਲੋਕਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਮੈਡੀਕਲ ਕੈਂਪਾਂ ਵਿੱਚ ਲਿਆਉਣਾ ਸੀ। "ਮੈਨੂੰ ਅਤੇ ਇੱਕ ਹੋਰ ਵਿਅਕਤੀ ਨੂੰ ਤਿੰਨ ਪੰਚਾਇਤਾਂ ਲਈ ਨਿਯੁਕਤ ਕੀਤਾ ਗਿਆ ਸੀ। ਉਹ ਕਹਿੰਦੀ ਹੈ, "ਹਰੇਕ ਪੰਚਾਇਤ ਦੇ 2 ਤੋਂ 4 ਪਿੰਡ ਹੋਣਗੇ। ਪਿਛਲੇ ਸਾਲਾਂ ਦੌਰਾਨ, ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਹੋਇਆ ਸੀ. ਜਦੋਂ ਉਹ 2022 ਵਿੱਚ ਸਕਾਰਫ ਤੋਂ ਰਿਟਾਇਰ ਹੋਈ (ਪ੍ਰੋਵੀਡੈਂਟ ਫੰਡ ਅਤੇ ਬੀਮਾ ਕਟੌਤੀ ਕਰਨ ਤੋਂ ਬਾਅਦ), ਤਾਂ ਉਸਦੀ ਤਨਖਾਹ 10,000 ਰੁਪਏ ਪ੍ਰਤੀ ਮਹੀਨਾ ਸੀ।
ਇਹ ਸਥਿਰ ਆਮਦਨੀ ਸੰਕਟਾਂ ਭਰੀ ਜ਼ਿੰਦਗੀ ਵਿੱਚ ਜਿਉਂਦੇ ਰਹਿਣ ਲਈ ਇੱਕ ਮਹੱਤਵਪੂਰਣ ਪੱਥਰ ਬਣ ਗਈ। ਸ਼ਰਾਬ ਦੇ ਨਸ਼ੇ 'ਚ ਡੁੱਬੇ ਉਸ ਦੇ ਪਤੀ ਨੇ ਪਰਿਵਾਰ ਲਈ ਕੁਝ ਨਹੀਂ ਦਿੱਤਾ। ਸ਼ਾਂਤੀ ਦਾ 37 ਸਾਲਾ ਵੱਡਾ ਬੇਟਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਅਤੇ ਦਿਹਾੜੀ ਦਾ 700 ਰੁਪਿਆ ਕਮਾ ਲੈਂਦਾ ਹੈ। ਪਰ ਇਹ ਕੋਈ ਸਥਿਰ ਆਮਦਨੀ ਨਹੀਂ ਹੈ। ਇਹ ਅਜਿਹਾ ਕੰਮ ਹੈ ਜੋ ਤੁਹਾਨੂੰ ਮਹੀਨੇ ਦੇ ਸਿਰਫ਼ 10 ਕੁ ਦਿਨ ਹੀ ਮਿਲ਼ਦਾ ਹੈ। ਉਹ ਆਮਦਨ ਉਸ ਦੇ ਪਰਿਵਾਰ ਦੀ ਦੇਖਭਾਲ ਕਰਨ ਲਈ ਕਾਫ਼ੀ ਨਹੀਂ ਹੈ, ਜਿਸ ਵਿੱਚ ਉਸ ਦੀ ਪਤਨੀ ਅਤੇ ਧੀ ਸ਼ਾਮਲ ਹਨ. ਸ਼ਾਂਤੀ ਦੀ ਮਾਂ ਵੀ ਉਨ੍ਹਾਂ ਨਾਲ਼ ਰਹਿੰਦੀ ਹੈ। ਸਕਾਰਫ ਦਾ ਸਕਿਜ਼ੋਫਰੇਨੀਆ ਪ੍ਰੋਜੈਕਟ 2022 ਵਿੱਚ ਖਤਮ ਹੋਣ ਤੋਂ ਬਾਅਦ, ਸ਼ਾਂਤੀ ਤੰਜਾਵੁਰ ਡੋਲਸ (ਗੁੱਡੀਆਂ) ਬਣਾ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। 50 ਪੀਸ ਬਣਾਉਣ ਬਦਲੇ 3,000 ਰੁਪਏ ਮਿਲ਼ਦੇ ਹਨ।
30 ਸਾਲ ਤੱਕ ਭਾਈਚਾਰੇ ਲਈ ਕੰਮ ਕਰਨ ਦੇ ਬਾਵਜੂਦ ਸ਼ਾਂਤੀ ਇਸ ਤੋਂ ਜ਼ਰਾ ਵੀ ਥੱਕੀ ਨਹੀਂ ਸੀ। ਪਿਛਲੇ ਪੰਜ ਸਾਲਾਂ ਵਿੱਚ, ਗੈਰ-ਸਰਕਾਰੀ ਸੰਗਠਨ ਦੇ ਨਾਲ਼, ਉਸਨੇ ਚੇਂਗਲਪੱਟੂ ਵਿੱਚ ਘੱਟੋ ਘੱਟ 180 ਪਿੰਡਾਂ ਅਤੇ ਬਸਤੀਆਂ ਦਾ ਦੌਰਾ ਕੀਤਾ ਹੈ। "ਮੈਂ ਬੁੱਢੀ ਹੋ ਗਈ ਹਾਂ। ਪਰ ਮੈਂ ਇਸ ਕੰਮ ਨੂੰ ਜਾਰੀ ਰੱਖਿਆ ਹੋਇਆ ਹੈ। ਮੈਨੂੰ ਬਹੁਤ ਸਾਰਾ ਪੈਸਾ ਨਹੀਂ ਮਿਲ਼ਦਾ, ਪਰ ਜੋ ਕੁਝ ਮੈਨੂੰ ਮਿਲ਼ਦਾ ਹੈ, ਉਸ ਨਾਲ਼ ਮੈਂ ਡੰਗ ਤੋਰੀ ਜਾਂਦੀ ਹਾਂ। ਮੈਨੂੰ ਮਾਨਸਿਕ ਸੰਤੁਸ਼ਟੀ ਮਿਲ਼ਦੀ ਹੈ। ਤੁਹਾਡਾ ਆਦਰ ਕੀਤਾ ਜਾਂਦਾ ਹੈ।"
*****
49 ਸਾਲਾ ਈ. ਸੇਲਵੀ ਨੇ ਦੁਫਾੜ ਮਾਨਸਿਕਤਾ (ਸਕਿਜ਼ੋਫਰੇਨੀਆ) ਵਾਲ਼ੇ ਲੋਕਾਂ ਦੀ ਤਲਾਸ਼ ਵਿੱਚ ਸ਼ਾਂਤੀ ਦੇ ਨਾਲ਼ ਚੇਂਗਲਪੱਟੂ ਦੀ ਪੂਰੀ ਯਾਤਰਾ ਕੀਤੀ ਹੈ। ਉਹ ਤਿੰਨ ਪੰਚਾਇਤੀ ਸੂਬਿਆਂ ਉਥੀਰਾਮੇਰੂਰ, ਕਟਾਨਕੋਲਾਥੁਰ ਅਤੇ ਮਦੁਰੰਥਕਮ ਦੇ 117 ਪਿੰਡਾਂ ਦਾ ਦੌਰਾ ਕਰ ਚੁੱਕੀ ਹੈ। ਜਿਸ ਸਦਕਾ 500 ਤੋਂ ਵੱਧ ਲੋਕੀਂ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਦੇ ਯੋਗ ਹੋਏ। ਉਸਨੇ ਸਕਾਰਫ ਵਿੱਚ 25 ਸਾਲ ਤੱਕ ਕੰਮ ਕੀਤਾ। ਉਹ ਹੁਣ ਦਿਮਾਗ਼ੀ ਕਮਜ਼ੋਰ ਲੋਕਾਂ ਨੂੰ ਲੱਭਣ ਲਈ ਇੱਕ ਹੋਰ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ।
ਸੇਲਵੀ ਦਾ ਜਨਮ ਚੇਂਗਲਪੱਟੂ ਦੇ ਸੇਮਬੱਕਮ ਪਿੰਡ ਵਿੱਚ ਹੋਇਆ ਸੀ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਇੱਕ ਸਮਾਜ ਸਿਹਤ ਵਰਕਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਸੇਨਗੁੰਤਰ ਭਾਈਚਾਰੇ ਨਾਲ਼ ਸਬੰਧ ਰੱਖਦੀ ਹੈ, ਜੋ ਬੁਣਾਈ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਤਾਮਿਲਨਾਡੂ ਵਿੱਚ, ਉਹ ਹੋਰ ਪਿਛੜੇ ਵਰਗਾਂ ਦੀ ਸੂਚੀ ਵਿੱਚ ਆਉਂਦੇ ਹਨ। "ਮੈਂ ਦਸਵੀਂ ਜਮਾਤ ਤੋਂ ਬਾਅਦ ਪੜ੍ਹਾਈ ਨਹੀਂ ਕੀਤੀ ਅਤੇ ਜੇ ਮੈਂ ਕਾਲਜ ਜਾਣਾ ਚਾਹੁੰਦਾ ਸੀ, ਤਾਂ ਮੈਨੂੰ ਤੀਰੂਪੋਰੂਰ ਤੱਕ ਦਾ ਸਫ਼ਰ ਕਰਨਾ ਪੈਂਦਾ ਸੀ। ਇਹ ਘਰ ਤੋਂ ਅੱਠ ਕਿਲੋਮੀਟਰ ਦੂਰ ਹੈ। ਹਾਲਾਂਕਿ ਮੈਂ ਪੜ੍ਹਨਾ ਚਾਹੁੰਦੀ ਸੀ, ਪਰ ਮੇਰਾ ਪਰਿਵਾਰ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਿਮਤ ਨਹੀਂ ਹੋਇਆ," ਉਹ ਕਹਿੰਦੀ ਹੈ।
26 ਸਾਲ ਦੀ ਉਮਰ ਵਿੱਚ ਵਿਆਹ ਕਰਨ ਤੋਂ ਬਾਅਦ, ਉਹ ਪਰਿਵਾਰ ਵਿੱਚ ਰੋਜ਼ੀ ਕਮਾਉਣ ਵਾਲ਼ੀ ਇਕੱਲੀ ਮੈਂਬਰ ਸੀ। ਉਸ ਦੇ ਪਤੀ, ਜੋ ਇਲੈਕਟ੍ਰੀਸ਼ੀਅਨ ਸੀ, ਦੀ ਲਗਾਤਾਰ ਹੋਣ ਵਾਲ਼ੀ ਕੋਈ ਆਮਦਨ ਨਹੀਂ ਸੀ। ਇਸ ਲਈ ਨਿਗੂਣੀ ਜਿਹੀ ਤਨਖਾਹ ਨਾਲ਼ ਘਰ ਦੇ ਖਰਚਿਆਂ ਤੋਂ ਇਲਾਵਾ ਦੋਹਾਂ ਪੁੱਤਰਾਂ ਦੀ ਪੜ੍ਹਾਈ ਤੇ ਸੰਭਾਲ਼ ਦੀ ਜ਼ਿੰਮੇਵਾਰੀ ਉਹਦੇ ਮੋਢਿਆਂ 'ਤੇ ਆ ਗਈ। ਉਹਦੇ 22 ਸਾਲਾ ਬੇਟੇ (ਵੱਡੇ) ਨੇ ਛੇ ਮਹੀਨੇ ਪਹਿਲਾਂ ਐੱਮਐੱਸਸੀ ਕੰਪਿਊਟਰ ਸਾਇੰਸ ਦੀ ਪੜ੍ਹਾਈ ਪੂਰੀ ਕੀਤੀ। ਉਸ ਦਾ 20 ਸਾਲਾ ਛੋਟਾ ਬੇਟਾ ਚੇਂਗਲਪੱਟੂ ਦੇ ਇੱਕ ਸਰਕਾਰੀ ਕਾਲਜ ਵਿੱਚ ਪੜ੍ਹ ਰਿਹਾ ਹੈ।
ਪਿੰਡਾਂ ਵਿੱਚ ਜਾ ਕੇ ਸਕਿਜ਼ੋਫਰੇਨੀਆ ਦੇ ਮਰੀਜ਼ਾਂ ਨੂੰ ਹਸਪਤਾਲ ਜਾਣ ਲਈ ਮਨਾਉਣ ਤੋਂ ਪਹਿਲਾਂ ਉਹ ਮਰੀਜ਼ਾਂ ਦੀ ਕੌਂਸਲਿੰਗ ਦਾ ਕੰਮ ਕਰਦੀ। ਉਹਨੇ ਇਹ ਕੰਮ ਤਿੰਨ ਸਾਲ ਤੱਕ ਕੀਤਾ ਤੇ 10 ਮਰੀਜ਼ਾਂ ਲਈ ਕੀਤਾ। "ਮੈਨੂੰ ਹਫ਼ਤੇ ਵਿੱਚ ਇੱਕ ਵਾਰ ਉਨ੍ਹਾਂ ਨੂੰ ਮਿਲਣ ਜਾਣਾ ਪੈਂਦਾ ਸੀ। ਉਹ ਕਹਿੰਦੀ ਹੈ, "ਉਨ੍ਹਾਂ ਦਿਨਾਂ ਵਿੱਚ, ਅਸੀਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ਼ ਇਲਾਜ, ਫਾਲੋ-ਅਪ, ਸਫਾਈ ਅਤੇ ਸਿਹਤ ਬਾਰੇ ਗੱਲ ਕਰਦੇ ਸੀ।
ਸ਼ੁਰੂਆਤ 'ਚ ਸੇਲਵੀ ਨੂੰ ਸਮਾਜ ਦੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। "ਉਹ ਇਹ ਨਾ ਮੰਨਦੇ ਕਿ ਇਹ ਕੋਈ ਸਮੱਸਿਆ ਹੈ। ਅਸੀਂ ਉਨ੍ਹਾਂ ਨੂੰ ਦੱਸਦੇ ਕਿ ਇਹ ਇੱਕ ਬਿਮਾਰੀ ਹੈ ਅਤੇ ਇਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਠੀਕ ਕੀਤਾ ਜਾ ਸਕਦਾ ਹੈ। ਇਹ ਸੁਣ ਕੇ ਮਰੀਜ਼ ਦੇ ਪਰਿਵਾਰ ਨੂੰ ਗੁੱਸਾ ਆ ਜਾਂਦਾ। ਉਹ ਆਪਣੇ ਅਜਿਹੇ ਮੈਂਬਰ ਨੂੰ ਹਸਪਤਾਲ ਲਿਜਾਣ ਦੀ ਬਜਾਇ ਕਿਸੇ ਮੰਦਰ ਜਾਂ ਡੇਰੇ ਲਿਜਾਏ ਜਾਣ ਨੂੰ ਤਰਜੀਹ ਦਿੰਦੇ। ਮੈਡੀਕਲ ਕੈਂਪ ਵਿੱਚ ਜਾਣ ਲਈ ਉਸ ਨੂੰ ਮਨਾਉਣ ਲਈ ਸਾਨੂੰ ਕਈ ਫੇਰੀਆਂ ਮਾਰਨੀਆਂ ਪੈਂਦੀਆਂ। ਇਸ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ। ਜੇ ਮਰੀਜ਼ ਨੂੰ ਯਾਤਰਾ ਕਰਨ ਵਿੱਚ ਮੁਸ਼ਕਿਲ ਆਉਂਦੀ ਤਾਂ ਡਾਕਟਰ ਘਰ ਆ ਜਾਂਦਾ।
ਸੇਲਵੀ ਨੇ ਆਪਣੀਆਂ ਹੀ ਰਣਨੀਤੀਆਂ ਬਣਾਈਆਂ। ਉਹ ਪਿੰਡ ਦੇ ਹਰ ਘਰ ਵਿੱਚ ਜਾਂਦੇ। ਉਹ ਚਾਹ ਦੇ ਸਟਾਲਾਂ ਦਾ ਦੌਰਾ ਕਰਦੇ ਜਿੱਥੇ ਲੋਕ ਨਿਯਮਿਤ ਤੌਰ 'ਤੇ ਇਕੱਠੇ ਹੁੰਦੇ ਅਤੇ ਸਕੂਲ ਦੇ ਅਧਿਆਪਕਾਂ ਅਤੇ ਪੰਚਾਇਤ ਮੈਂਬਰਾਂ ਨਾਲ਼ ਗੱਲ ਕਰਦੇ। ਫਿਰ ਉਹ ਸੇਲਵੀ ਦੇ ਸਹਾਇਕ ਬਣ ਗਏ। ਸੇਲਵੀ ਸਕਿਜ਼ੋਫਰੇਨੀਆ ਦੇ ਲੱਛਣਾਂ ਬਾਰੇ ਅਤੇ ਇਸ ਨੂੰ ਇਲਾਜ ਨਾਲ਼ ਕਿਵੇਂ ਠੀਕ ਕੀਤਾ ਜਾ ਸਕਦਾ ਹੈ, ਬਾਰੇ ਦੱਸਦੀ। ਆਪਣੇ ਪਿੰਡ ਵਿੱਚ ਅਜਿਹੇ ਲੱਛਣਾਂ ਵਾਲ਼ੇ ਲੋਕਾਂ ਬਾਰੇ ਇਤਲਾਹ ਦਿੱਤੇ ਜਾਣ ਲਈ, ਸੇਲਵੀ ਨੇ ਇਨ੍ਹਾਂ ਲੋਕਾਂ 'ਤੇ ਭਰੋਸਾ ਕੀਤਾ। ਸੇਲਵੀ ਕਹਿੰਦੀ ਹੈ, "ਕੁਝ ਲੋਕ ਦੱਸਣ ਵੇਲ਼ੇ ਥੋੜ੍ਹੇ ਜਿਹੇ ਝਿਜਕ ਰਹੇ ਸਨ, ਕੁਝ ਨੇ ਸਾਨੂੰ ਮਰੀਜ਼ਾਂ ਦੇ ਘਰ ਦਿਖਾਏ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਬਿਮਾਰੀ ਨੂੰ ਕਹਿਣਾ ਕੀ ਹੈ। ਉਹ ਇੰਨਾ ਸੰਕੇਤ ਜ਼ਰੂਰ ਦਿੰਦੇ ਹਨ ਕਿ ਮਰੀਜ਼ ਦੀ ਮਾਨਸਿਕ ਥੋੜ੍ਹੀ ਸ਼ੱਕੀ ਹੈ। ਉਹ ਇਹ ਵੀ ਦੱਸਦੇ ਕਿ ਉਸਨੂੰ ਨੀਂਦ ਆਇਆਂ ਜਾਂ ਕਿਸੇ ਨਾਲ਼ ਗੱਲ ਕੀਤਿਆਂ ਖ਼ਾਸਾ ਸਮਾਂ ਹੋ ਗਿਆ ਹੈ," ਉਹ ਅੱਗੇ ਕਹਿੰਦੀ ਹੈ।
ਇੱਕ ਅਜਿਹੇ ਸਮਾਜ ਤੋਂ ਆਉਣ ਕਰਕੇ ਜਿੱਥੇ ਪਰਿਵਾਰ ਦੇ ਲੋਕਾਂ ਲਈ ਵਿਆਹ ਕਰਨ ਦਾ ਰਿਵਾਜ ਸੀ, ਸੇਲਵੀ ਨੇ ਵੱਡੀ ਗਿਣਤੀ ਵਿੱਚ ਅਜਿਹੇ ਬੱਚਿਆਂ ਦਾ ਜਨਮ ਦੇਖਿਆ ਸੀ ਜੋ ਬੁੱਧੀਮਾਨ ਨਹੀਂ ਸਨ। ਇਸ ਨਾਲ਼ ਸੇਲਵੀ ਨੂੰ ਇਹ ਸਮਝਣ ਦੇ ਯੋਗ ਬਣਾਇਆ ਗਿਆ ਕਿ ਬੌਧਿਕ ਅਪਾਹਜਤਾ ਅਤੇ ਮਾਨਸਿਕ ਬਿਮਾਰੀ ਦੇ ਲੱਛਣ ਵੱਖਰੇ ਹਨ। ਉਸ ਦੇ ਪੇਸ਼ੇ ਵਿੱਚ ਇਹ ਅਹਿਸਾਸ ਕਰਨਾ ਜ਼ਰੂਰੀ ਸੀ।
ਸੇਲਵੀ ਦੇ ਬਹੁਤ ਸਾਰੇ ਫਰਜ਼ਾਂ ਵਿੱਚੋਂ ਇੱਕ ਇਹ ਸੁਨਿਸ਼ਚਿਤ ਕਰਨਾ ਸੀ ਕਿ ਦਵਾਈਆਂ ਮਰੀਜ਼ ਦੇ ਦਰਵਾਜ਼ੇ ਤੱਕ ਪਹੁੰਚ ਜਾਣ। ਭਾਰਤ ਵਿੱਚ ਜ਼ਿਆਦਾਤਰ ਮਾਨਸਿਕ ਤੌਰ 'ਤੇ ਕਮਜ਼ੋਰ ਲੋਕ ਆਪਣੇ ਇਲਾਜ ਅਤੇ ਦਵਾਈਆਂ 'ਤੇ ਆਪਣੀ ਜੇਬ੍ਹ 'ਚੋਂ ਪੈਸਾ ਖਰਚ ਕਰਦੇ ਹਨ। ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਦੀਆਂ ਸੇਵਾਵਾਂ ਲੈਣ ਲਈ, ਲਗਭਗ 40 ਪ੍ਰਤੀਸ਼ਤ ਮਰੀਜ਼ਾਂ ਨੂੰ 10 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਨੀ ਪੈਂਦੀ ਹੈ। ਦੂਰ-ਦੁਰਾਡੇ ਦੇ ਪਿੰਡਾਂ ਦੇ ਲੋਕ ਅਕਸਰ ਨਿਯਮਤ ਅਧਾਰ 'ਤੇ ਡਾਕਟਰੀ ਸਹੂਲਤਾਂ ਦੀ ਵਰਤੋਂ ਕਰਨ ਦੇ ਅਯੋਗ ਹੁੰਦੇ ਹਨ। ਇਹਨਾਂ ਮਰੀਜ਼ਾਂ ਨੂੰ ਦਰਪੇਸ਼ ਇੱਕ ਹੋਰ ਸਮੱਸਿਆ ਇਹ ਹੈ ਕਿ ਉਹਨਾਂ ਨੂੰ ਸਮਾਜ ਤੋਂ ਬਾਹਰ ਰੱਖਿਆ ਜਾਂਦਾ ਹੈ ਕਿਉਂਕਿ ਉਹ ਆਪਣੀ ਬੀਮਾਰੀ ਦੇ ਲੱਛਣਾਂ ਨਾਲ਼ ਸੰਘਰਸ਼ ਕਰਦੇ ਹਨ ਅਤੇ ਉਸ ਤਰੀਕੇ ਨਾਲ਼ ਵਿਵਹਾਰ ਕਰਨ ਦੇ ਅਯੋਗ ਹੁੰਦੇ ਹਨ ਜਿਸ ਤਰ੍ਹਾਂ ਸਮਾਜ ਉਹਨਾਂ ਤੋਂ ਉਮੀਦ ਕਰਦਾ ਹੈ।
"ਇਨ੍ਹੀਂ ਦਿਨੀਂ, ਟੀਵੀ ਦੇਖਣ ਕਾਰਨ ਕੁਝ ਤਬਦੀਲੀਆਂ ਹੋ ਰਹੀਆਂ ਹਨ। ਲੋਕ ਹੁਣ ਓਨਾ ਡਰਦੇ ਨਹੀਂ ਹਨ। ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਜਾਂਚ ਕਰਨਾ ਸੌਖਾ ਹੋ ਗਿਆ। ਫਿਰ ਵੀ, ਜਦੋਂ ਅਸੀਂ ਮਾਨਸਿਕ ਬਿਮਾਰੀ ਵਾਲ਼ੇ ਪਰਿਵਾਰਾਂ ਕੋਲ਼ ਜਾਂਦੇ ਹਾਂ, ਤਾਂ ਉਹ ਗੁੱਸੇ ਹੋ ਜਾਂਦੇ ਹਨ ਅਤੇ ਸਾਡੇ ਨਾਲ਼ ਹੰਗਾਮਾ ਕਰਨ ਲੱਗਦੇ ਹਨ। ਸੇਲਵੀ ਕਹਿੰਦੀ ਹੈ, "ਤੁਹਾਨੂੰ ਕਿਸਨੇ ਦੱਸਿਆ ਕਿ ਇੱਥੇ ਇੱਕ ਪਾਗਲ ਵਿਅਕਤੀ ਹੈ ਅਤੇ ਇਹ ਮੁਸੀਬਤ ਪੈਦਾ ਕਰੇਗਾ'?''
*****
ਚੇਂਗਲਪੱਟੂ ਤਾਲੁਕਾ ਦੇ ਮਨਮਥੀ ਪਿੰਡ ਦੀ 44 ਸਾਲਾ ਭਾਈਚਾਰਕ ਸਿਹਤ ਸੰਭਾਲ਼ ਵਰਕਰ, ਡੀ. ਲਿਲੀ ਪੁਸ਼ਪਾਮ, ਸੇਲਵੀ ਦੇ ਮਾਨਸਿਕ ਸਿਹਤ ਦੇਖਭਾਲ ਨੂੰ ਲੈ ਕੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਪ੍ਰਚਲਿਤ ਗਲਤ ਫਹਿਮੀਆਂ ਬਾਰੇ ਵਿਚਾਰ ਨੂੰ ਲੈ ਕੇ ਸਹਿਮਤ ਹੈ। ਲਿਲੀ ਕਹਿੰਦੀ ਹੈ,"ਬਹੁਤ ਸਾਰੇ ਸ਼ੰਕੇ ਹਨ। ਕੁਝ ਲੋਕਾਂ ਨੂੰ ਡਰ ਹੁੰਦਾ ਹੈ ਕਿ ਮਨੋਚਿਕਿਤਸਕ ਮਰੀਜ਼ ਨੂੰ ਅਗਵਾ ਕਰ ਲਵੇਗਾ ਅਤੇ ਨੁਕਸਾਨ ਪਹੁੰਚਾਏਗਾ। ਜੇ ਉਹ ਇਲਾਜ ਲਈ ਘਰ ਵੀ ਜਾਂਦੇ ਹਨ, ਤਾਂ ਕੁਝ ਲੋਕ ਡਰੇ ਹੋਏ ਹੁੰਦੇ ਹਨ। ਅਸੀਂ ਉਨ੍ਹਾਂ ਨੂੰ ਹਸਪਤਾਲ ਵਾਲ਼ਾ ਆਪਣਾ ਪਛਾਣ ਪੱਤਰ ਦਿਖਾਉਂਦੇ ਹਾਂ। ਪਰ ਕਈ ਵਾਰ ਉਨ੍ਹਾਂ ਦਾ ਸ਼ੱਕ ਦੂਰ ਨਹੀਂ ਹੁੰਦਾ। ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ।''
ਲਿਲੀ ਮਨਾਮਤੀ ਦੀ ਇੱਕ ਦਲਿਤ ਕਲੋਨੀ ਵਿੱਚ ਵੱਡੀ ਹੋਈ। ਇਸ ਚੁਗਿਰਦੇ ਨੇ ਉਸਨੂੰ ਇਸ ਖੇਤਰ ਵਿੱਚ ਹੋਣ ਵਾਲ਼ੇ ਵਿਤਕਰੇ ਤੋਂ ਜਾਣੂ ਕਰਵਾਇਆ। ਕਈ ਵਾਰ ਉਹਦੀ ਜਾਤ ਹੀ ਉਹਨੂੰ ਉਲਝਾਈ ਰੱਖਦੀ ਹੈ। ਇਸ ਲਈ, ਉਹਨੂੰ ਅਕਸਰ ਆਪਣੀ ਰਿਹਾਇਸ਼ ਦੀ ਉਸ ਜਗ੍ਹਾ ਨੂੰ ਛੁਪਾਉਣਾ ਪੈਂਦਾ ਹੈ। "ਜੇ ਮੈਂ ਆਪਣੀ ਥਾਂ ਦਾ ਖੁਲਾਸਾ ਕੀਤਾ ਤਾਂ ਉਹ ਮੇਰੀ ਜਾਤ ਬੁੱਝ ਜਾਣਗੇ। ਫਿਰ ਮੇਰੇ ਨਾਲ਼ ਇੱਕ ਵੱਖਰੀ ਕਿਸਮ ਦਾ ਵਿਵਹਾਰ ਹੋਵੇਗਾ," ਉਹ ਕਹਿੰਦੀ ਹੈ। ਹਾਲਾਂਕਿ ਲਿਲੀ ਇੱਕ ਦਲਿਤ ਈਸਾਈ ਹੈ, ਪਰ ਉਹ ਆਪਣੇ ਆਪ ਨੂੰ ਇੱਕ ਈਸਾਈ ਵਜੋਂ ਪ੍ਰਗਟ ਕਰਦੀ ਹੈ।
ਲਿਲੀ ਸੁਝਾਅ ਦਿੰਦੀ ਹੈ ਕਿ ਕਮਿਊਨਿਟੀ ਸਿਹਤ ਕਰਮਚਾਰੀਆਂ ਪ੍ਰਤੀ ਰਵੱਈਆ ਪਿੰਡ-ਪਿੰਡ ਵਿੱਚ ਵੱਖ-ਵੱਖ ਹੋ ਸਕਦਾ ਹੈ। "ਜੇ ਇਹ ਅਜਿਹੀ ਥਾਂ ਹੋਵੇ ਜਿੱਥੇ ਅਮੀਰ ਉੱਚ ਜਾਤੀਆਂ ਰਹਿੰਦੀਆਂ ਹਨ, ਤਾਂ ਸਾਨੂੰ ਪੀਣ ਲਈ ਪਾਣੀ ਵੀ ਨਹੀਂ ਦਿੱਤਾ ਜਾਂਦਾ। ਇੱਥੋਂ ਤੱਕ ਕਿ ਸਾਨੂੰ ਥੱਕੇ-ਟੁੱਟਿਆਂ ਨੂੰ ਕਿਤੇ ਬੈਠ ਕੇ ਖਾਣਾ ਵੀ ਨਹੀਂ ਖਾਣ ਦਿੱਤਾ ਜਾਂਦਾ। ਅਸੀਂ ਬਹੁਤ ਉਦਾਸ ਮਹਿਸੂਸ ਕਰਨ ਲੱਗਦੇ ਹਾਂ। ਫਿਰ ਤੁਹਾਨੂੰ 3-4 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ ਅਤੇ ਫਿਰ ਖਾਣਾ ਖਾਣ ਲਈ ਕਿਤੇ ਦੂਰ ਜਾਣਾ ਪੈਂਦਾ ਹੈ। ਪਰ ਕੁਝ ਹੋਰ ਥਾਵਾਂ 'ਤੇ, ਲੋਕ ਸਾਨੂੰ ਪਾਣੀ ਦਿੰਦੇ ਹਨ ਅਤੇ ਪੁੱਛਦੇ ਹਨ ਕਿ ਕੀ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ," ਲਿਲੀ ਕਹਿੰਦੀ ਹੈ।
ਲਿਲੀ ਦਾ ਵਿਆਹ ਇੱਕ ਰਿਸ਼ਤੇਦਾਰ ਨਾਲ਼ ਹੋਇਆ ਸੀ ਜਦੋਂ ਉਹ 12 ਸਾਲਾਂ ਦੀ ਸੀ। ਉਹ ਲਿਲੀ ਤੋਂ 16 ਸਾਲ ਵੱਡਾ ਸੀ। "ਅਸੀਂ ਚਾਰ ਭੈਣਾਂ ਸਾਂ ਤੇ ਮੈਂ ਸਭ ਤੋਂ ਵੱਡੀ ਸਾਂ,'' ਉਹ ਕਹਿੰਦੀ ਹੈ। ਪਰਿਵਾਰ ਨੇ 3 ਸੈਂਟ ਜ਼ਮੀਨ 'ਤੇ ਕੱਚਾ ਢਾਰਾ ਬਣਾਇਆ ਜੋ ਪਰਿਵਾਰ ਦੀ ਮਲਕੀਅਤ ਸੀ। "ਮੇਰੇ ਪਿਤਾ ਚਾਹੁੰਦੇ ਸਨ ਕਿ ਕੋਈ ਉਨ੍ਹਾਂ ਦੇ ਘਰ ਦੀ ਦੇਖਭਾਲ ਕਰੇ ਅਤੇ ਖੇਤੀ ਕਰੇ। ਇਸ ਲਈ ਉਨ੍ਹਾਂ ਨੇ ਮੇਰਾ ਵਿਆਹ ਆਪਣੀ ਵੱਡੀ ਭੈਣ ਦੇ ਪੁੱਤਰ ਨਾਲ਼ ਕਰਵਾ ਦਿੱਤਾ।" ਕਈ ਵਾਰ ਉਹ ਮਹੀਨਿਆਂ ਤੱਕ ਘਰ ਨਾ ਆਉਂਦਾ। ਉਸ ਨੇ ਲਿਲੀ ਪ੍ਰਤੀ ਵਫ਼ਾਦਾਰੀ ਵੀ ਨਹੀਂ ਦਿਖਾਈ। ਜੇਕਰ ਉਹ ਆਉਂਦਾ ਤਾਂ ਕਿਸੇ ਕਾਰਨ ਉਸ ਨੂੰ ਕੁੱਟਦਾ। 2014 ਵਿੱਚ ਉਸ ਦੀ ਮੌਤ ਗੁਰਦੇ ਦੇ ਕੈਂਸਰ ਨਾਲ਼ ਹੋਈ ਸੀ। ਉਹ ਲਿਲੀ ਨੂੰ ਆਪਣੇ 18 ਅਤੇ 14 ਸਾਲ ਦੇ ਦੋ ਬੱਚਿਆਂ ਦੀ ਦੇਖਭਾਲ ਕਰਨ ਲਈ ਛੱਡ ਗਿਆ।
ਜਦੋਂ ਤੱਕ ਸਕਾਰਫ ਨੇ 2006 ਵਿੱਚ ਉਸਨੂੰ ਨੌਕਰੀ ਦੀ ਪੇਸ਼ਕਸ਼ ਨਹੀਂ ਕੀਤੀ, ਲਿਲੀ ਇੱਕ ਦਰਜ਼ੀ ਵਜੋਂ ਕੰਮ ਕਰਦੀ ਸੀ। ਮੈਨੂੰ ਇੱਕ ਹਫ਼ਤੇ ਵਿੱਚ 450-500 ਰੁਪਏ ਮਿਲ਼ਦੇ ਹਨ। ਇਹ ਆਮਦਨੀ ਵੀ ਆਉਣ ਵਾਲ਼ੇ ਗਾਹਕਾਂ ਦੀ ਗਿਣਤੀ 'ਤੇ ਨਿਰਭਰ ਕਰਦੀ। ਉਹ ਕਹਿੰਦੀ ਹੈ ਕਿ ਉਸਨੇ ਇੱਕ ਸਮਾਜਕ ਸਿਹਤ ਵਰਕਰ ਬਣਨ ਦਾ ਫੈਸਲਾ ਕੀਤਾ ਕਿਉਂਕਿ ਉਸਨੂੰ ਵਧੇਰੇ ਪੈਸੇ ਮਿਲ ਰਹੇ ਸਨ। ਹਰ ਮਹੀਨੇ ਮਿਲਣ ਵਾਲ਼ੇ 10,000 ਰੁਪਏ ਨੂੰ ਵੀ ਕੋਵਿਡ ਕਾਲ਼ ਦੌਰਾਨ ਪ੍ਰਭਾਵਤ ਹੋਣਾ ਪਿਆ। ਮਹਾਂਮਾਰੀ ਤੋਂ ਪਹਿਲਾਂ, ਬੱਸਾਂ ਦੇ ਕਿਰਾਏ ਅਤੇ ਫੋਨ ਕਾਲ ਦੇ ਪੈਸੇ ਨਕਦ ਵਿੱਚ ਵਾਪਸ ਕਰ ਦਿੱਤੇ ਜਾਂਦੇ ਸਨ। ਪਰ ਕੋਰੋਨਾ ਦੀ ਸ਼ੁਰੂਆਤ ਦੇ ਨਾਲ਼, ਇਹ ਸਾਰੇ ਖਰਚੇ 10,000 ਰੁਪਏ ਦੀ ਤਨਖਾਹ ਵਿੱਚੋਂ ਪੂਰੇ ਕਰਨੇ ਪਏ। ਇਹ ਮੁਸ਼ਕਿਲ ਸੀ," ਉਹ ਕਹਿੰਦੀ ਹੈ।
NMHP ਦੇ ਤਹਿਤ ਸਕਾਰਫ ਸੋਸ਼ਲ ਪ੍ਰੋਜੈਕਟ ਦੀ ਸਮਾਪਤੀ ਦੇ ਨਾਲ਼, ਉਸਨੂੰ ਮਾਨਸਿਕ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਪਛਾਣ ਕਰਨ ਵਾਸਤੇ ਸੰਸਥਾ ਵੱਲੋਂ ਕੰਮ 'ਤੇ ਰੱਖਿਆ ਗਿਆ।। ਮਾਰਚ ਵਿੱਚ ਕੰਮ ਸ਼ੁਰੂ ਹੋਇਆ ਸੀ। ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜਾਣਾ ਪੈਂਦਾ ਹੈ। ਪਰ ਇਹ ਸੁਨਿਸ਼ਚਿਤ ਕਰਨ ਲਈ ਕਿ ਦੁਫਾੜ ਮਾਨਸਿਕਤਾ ਦੇ ਮਰੀਜ਼ਾਂ ਨੂੰ ਇਲਾਜ ਮਿਲੇ, ਮਰੀਜਾਂ ਨੂੰ ਚੇਂਗਲਪੱਟੂ, ਕੋਵਲਮ ਅਤੇ ਸੇਮਬੱਕਮ ਦੇ ਸਰਕਾਰੀ ਹਸਪਤਾਲ ਲਿਜਾਣਾ ਪੈਂਦਾ।
ਸ਼ਾਂਤੀ, ਸੇਲਵੀ ਅਤੇ ਲਿਲੀ ਵਰਗੀਆਂ ਔਰਤਾਂ, ਜੋ ਕਿ ਭਾਈਚਾਰਕ ਸਿਹਤ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਨੂੰ 4 ਅਤੇ 5 ਸਾਲਾਂ ਲਈ ਠੇਕੇ (ਇੱਕਰਾਰਨਾਮੇ) ਦੇ ਆਧਾਰ 'ਤੇ ਕੰਮ ਕਰਨਾ ਪੈਂਦਾ ਹੈ। ਸਕਾਰਫ ਵਰਗੀਆਂ ਗੈਰ-ਸਰਕਾਰੀ ਸੰਸਥਾਵਾਂ ਸਮਾਂ-ਬੱਧ ਪ੍ਰੋਜੈਕਟਾਂ ਲਈ ਪ੍ਰਾਪਤ ਕੀਤੇ ਫੰਡਾਂ ਦੇ ਆਧਾਰ 'ਤੇ ਇਹਨਾਂ ਦੀ ਵਰਤੋਂ ਕਰ ਸਕਦੀਆਂ ਹਨ। ਸਕਾਰਫ ਦੀ ਪਦਮਾਵਤੀ ਕਹਿੰਦੀ ਹੈ, "ਰਾਜ ਪੱਧਰ 'ਤੇ, ਅਸੀਂ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ ਕਿ ਇੱਕ ਪ੍ਰਣਾਲੀ ਲਾਗੂ ਕੀਤੀ ਜਾਣੀ ਚਾਹੀਦੀ ਹੈ।'' ਉਸਦਾ ਮੰਨਣਾ ਹੈ ਕਿ ਇਹ ਸਮਾਜਿਕ ਸਿਹਤ ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਵਿੱਚ ਮਦਦ ਕਰੇਗਾ।
ਹਾਲਾਤ ਹੋਰ ਵੀ ਬਿਹਤਰ ਹੁੰਦੇ ਜੇ ਭਾਰਤ ਵਿੱਚ ਮਾਨਸਿਕ ਸਿਹਤ ਦੇਖਭਾਲ ਲਈ ਬਜਟ ਅਲਾਟਮੈਂਟ ਇੰਨੀ ਘੱਟ ਨਾ ਹੁੰਦੀ। ਸਾਲ 2023-24 ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਮਾਨਸਿਕ ਸਿਹਤ ਲਈ ਬਜਟ ਅਨੁਮਾਨ 919 ਕਰੋੜ ਰੁਪਏ ਹੈ। ਕੇਂਦਰ ਸਰਕਾਰ ਦੇ ਕੁੱਲ ਸਿਹਤ ਬਜਟ ਦਾ ਸਿਰਫ 1 ਫੀਸਦੀ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਜ਼ (ਨਿਮਹੰਸ) ਲਈ ਇੱਕ ਵੱਡੀ ਪ੍ਰਤੀਸ਼ਤਤਾ - 721 ਕਰੋੜ ਰੁਪਏ ਰੱਖੀ ਗਈ ਹੈ। ਬਾਕੀ ਦੀ ਰਕਮ ਤੇਜ਼ਪੁਰ ਦੇ ਲੋਕਪ੍ਰਿਯਾ ਗੋਪੀਨਾਥ ਰੀਜਨਲ ਇੰਸਟੀਚਿਊਟ ਆਫ ਮੈਂਟਲ ਹੈਲਥ (64 ਕਰੋੜ ਰੁਪਏ) ਅਤੇ ਨੈਸ਼ਨਲ ਟੈਲੀ-ਮੈਂਟਲ ਹੈਲਥ ਪ੍ਰੋਗਰਾਮ (134 ਕਰੋੜ ਰੁਪਏ) ਲਈ ਰੱਖੀ ਗਈ ਹੈ। ਇਸ ਤੋਂ ਇਲਾਵਾ, ਬੁਨਿਆਦੀ ਢਾਂਚੇ ਅਤੇ ਨਿੱਜੀ ਵਿਕਾਸ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (MOHFW) ਦੇ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਨੂੰ ਇਸ ਸਾਲ ਤੋਂ ਰਾਸ਼ਟਰੀ ਸਿਹਤ ਮਿਸ਼ਨ ਦੀ 'ਵਿਸ਼ੇਸ਼ ਗਤੀਵਿਧੀ' ਦਾ ਨਾਮ ਦਿੱਤਾ ਗਿਆ ਹੈ। ਇਸ ਲਈ, ਉਸ ਸ਼੍ਰੇਣੀ ਲਈ ਅਲਾਟਮੈਂਟ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਸ ਦੌਰਾਨ, ਮਨਮਤੀ ਵਿੱਚ, ਲਿਲੀ ਪੁਸ਼ਪਮ ਅਜੇ ਵੀ ਸਮਾਜਿਕ ਸੁਰੱਖਿਆ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸਦੀ ਉਹ ਹੱਕਦਾਰ ਹੈ। "ਜੇ ਤੁਸੀਂ ਵਿਧਵਾ ਪੈਨਸ਼ਨ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਿਸ਼ਵਤ ਦੇਣੀ ਪਵੇਗੀ। ਮੇਰੇ ਕੋਲ਼ ਉਨ੍ਹਾਂ ਨੂੰ ਦੇਣ ਵਾਸਤੇ 500 ਜਾਂ 1,000 ਰੁਪਏ ਵੀ ਨਹੀਂ ਹਨ। “ਮੈਂ ਟੀਕਾ ਲਾ ਸਕਦੀ ਹਾਂ, ਦਵਾਈ ਦੇ ਸਕਦੀ ਹਾਂ ਅਤੇ ਕਾਉਂਸਲਿੰਗਰ ਵੀ ਪ੍ਰਦਾਨ ਕਰ ਸਕਦੀ ਹਾਂ ਅਤੇ ਮਰੀਜ਼ਾਂ ਦੀ ਦੇਖਭਾਲ਼ ਤੱਕ ਕਰ ਸਕਦੀ ਹਾਂ। ਪਰ ਸਕਾਰਫ਼ ਨੂੰ ਛੱਡ ਕੇ ਮੇਰੇ ਇਸ ਤਜਰਬੇ ਨੂੰ ਕਿਤੇ ਵੀ [ਲਾਭਦਾਇਕ] ਮੰਨਿਆ ਨਹੀਂ ਜਾਂਦਾ। ਮੇਰੀ ਜ਼ਿੰਦਗੀ ਦਾ ਹਰ ਦਿਨ ਹੰਝੂਆਂ ਨਾਲ਼ ਭਰਿਆ ਹੈ। ਮੈਂ ਉਦਾਸ ਹਾਂ ਕਿਉਂਕਿ ਮੇਰੀ ਮਦਦ ਕਰਨ ਵਾਲ਼ਾ ਕੋਈ ਨਹੀਂ ਹੈ।”" ਉਹ ਕਹਿੰਦੀ ਹੈ।
ਫੀਚਰ ਚਿੱਤਰ: ਸ਼ਾਂਤੀ ਸੇਸ਼ਾ ਇੱਕ ਜਵਾਨ ਔਰਤ ਦੇ ਰੂਪ ਵਿੱਚ
ਤਰਜਮਾ: ਕਮਲਜੀਤ ਕੌਰ