ਆਪਣੀ ਦੁਕਾਨ ਵਿੱਚ ਬੈਠੀ ਭਾਮਾਬਾਈ, ਚੱਪਲ ਦੀ ਮੁਰੰਮਤ ਕਰ ਰਹੀ ਹਨ ਅਤੇ ਲੋਹੇ ਦੀ ਰਾਂਪੀ ਉਨ੍ਹਾਂ ਦੇ ਸਾਹਮਣੇ ਭੁੰਜੇ ਪਈ ਹੈ। ਸਿਲਾਈ ਕਰਨ ਤੋਂ ਪਹਿਲਾਂ ਇਸ ਚੱਪਲ ਨੂੰ ਸਹਾਰਾ ਦੇਣ ਵਾਸਤੇ ਲੱਕੜ ਦੇ ਆਇਤਾਕਾਰ ਟੁਕੜੇ ਦਾ ਇਸਤੇਮਾਲ ਕਰਦੀ ਹਨ, ਫਿਰ ਚੱਪਲ ਨੂੰ ਹਿੱਲ਼ਣ ਤੋਂ ਬਚਾਉਣ ਲਈ ਆਪਣੇ ਪੈਰ ਦੀ ਅੰਗੂਠੇ ਦੀ ਤੜੀਨ ਦਿੰਦੀ ਹਨ। ਫਿਰ ਸੂਈ ਦੇ ਸਹਾਰੇ ਚੱਪਲ ‘ਤੇ ਟਾਂਕੇ ਲਾਉਂਦੀ ਹਨ। ਕੋਈ ਛੇ ਟਾਂਕੇ ਲਾਉਣ ਤੋਂ ਬਾਅਦ ਚੱਪਲ ਸਹੀ ਹੋ ਗਈ-ਇਸ ਕੰਮ ਬਦਲੇ ਉਹ ਪੰਜ ਰੁਪਏ ਕਮਾਉਂਦੀ ਹਨ।
ਇਸ ਕਹਾਣੀ ਵਿੱਚ ਅਸੀਂ ਭਾਮਾਬਾਈ ਨੂੰ ਮਿਲ਼ਾਂਗੇ ਜੋ ਇੱਕ ਮਹਿਲਾ-ਮੋਚੀ ਹਨ ਅਤੇ ਬੇਹੱਦ ਕੰਗਾਲ਼ੀ ਭਰਿਆ ਜੀਵਨ ਬਿਤਾਉਂਦੀ ਹਨ। ਦਹਾਕੇ ਪਹਿਲਾਂ ਤੀਕਰ, ਉਹ ਅਤੇ ਉਨ੍ਹਾਂ ਦੇ ਪਤੀ ਓਸਮਾਨਾਬਾਦ ਜ਼ਿਲ੍ਹੇ ਦੇ ਮਰਾਠਵਾੜਾ ਇਲਾਕੇ ਦੇ ਬੇਜ਼ਮੀਨੇ ਮਜ਼ਦੂਰ ਸਨ। 1972 ਨੂੰ ਆਏ ਭਿਆਨਕ ਅਕਾਲ ਨੇ ਮਹਾਰਾਸ਼ਟਰ ਵਿੱਚ ਭਾਰੀ ਤਬਾਹੀ ਮਚਾਈ ਅਤੇ ਖੇਤੀ ਬਰਬਾਦ ਹੋ ਗਈ। ਅਖ਼ੀਰ ਰੋਜ਼ੀਰੋਟੀ ਉਨ੍ਹਾਂ ਨੂੰ ਪੂਨੇ ਵੱਲ ਖਿੱਚ ਲਿਆਈ।
ਇੱਥੇ ਉਨ੍ਹਾਂ ਨੂੰ ਜੋ ਕੰਮ ਮਿਲ਼ਦਾ ਕਰ ਲੈਂਦੇ, ਕਈ ਵਾਰੀ ਸੜਕ ਅਤੇ ਨਿਰਮਾਣ ਕਾਰਜਾਂ ਵਿਖੇ ਦਿਹਾੜੀਆਂ ਮਿਲ਼ਣ ਲੱਗੀਆਂ। ਉਸ ਵੇਲ਼ੇ ਪੂਨੇ ਵਿੱਚ ਇੱਕ ਮਜ਼ਦੂਰ ਨੂੰ 2 ਰੁਪਏ ਤੋਂ 5 ਰੁਪਏ ਦਿਹਾੜੀ ਮਿਲ਼ਿਆ ਕਰਦੀ। “ਮੈਂ ਆਪਣੀ ਪੂਰੀ ਕਮਾਈ ਆਪਣੇ ਪਤੀ ਨੂੰ ਫੜ੍ਹਾ ਦਿੰਦੀ। ਉਹ ਸ਼ਰਾਬ ਪੀਂਦਾ ਤੇ ਮੇਰੀ ਕੁੱਟਮਾਰ ਕਰਦੀ” 70 ਸਾਲਾਂ ਨੂੰ ਢੁਕੀ ਭਾਮਾਬਾਈ ਕਹਿੰਦੀ ਹਨ। ਅਖ਼ੀਰ ਪਤੀ ਨੂੰ ਛੱਡ ਦਿੱਤਾ ਅਤੇ ਪੂਨੇ ਨੇੜੇ ਆਪਣੀ ਦੂਸਰੀ ਪਤਨੀ ਅਥੇ ਬੱਚਿਆਂ ਨਾਲ਼ ਰਹਿੰਦਾ ਹੈ। “ਮੇਰੇ ਲਈ, ਉਹ ਮਰੇ ਤੋਂ ਘੱਟ ਨਹੀਂ। ਸਾਡਾ ਛੁੱਟ-ਛਟਾਅ ਹੋਇਆਂ 35 ਸਾਲ ਬੀਤ ਚੁੱਕੇ ਹਨ।” ਜੇ ਜਨਮ ਦੌਰਾਨ ਭਾਮਾਬਾਈ ਦੇ ਦੋ ਬੱਚੇ ਮਰੇ ਨਾ ਹੁੰਦੇ ਤਾਂ ਅੱਜ ਉਹ ਕਿੰਨੇ ਵੱਡੇ ਹੋ ਗਏ ਹੁੰਦੇ। ਉਹ ਕਹਿੰਦੀ ਹਨ,“ਇੱਥੇ ਮੇਰੇ ਨਾਲ਼ ਕੋਈ ਨਹੀਂ। ਮੇਰਾ ਸਹਾਰਾ ਕੋਈ ਨਹੀਂ।”
ਪਤੀ ਦੇ ਛੱਡਣ ਤੋਂ ਬਾਅਦ ਭਾਮਾਬਾਈ ਨੇ ਮੋਚੀ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਜੁੱਤੀਆਂ ਗੰਢਣ ਦਾ ਕੰਮ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਸਿੱਖਿਆ ਸੀ। ਉਨ੍ਹਾਂ ਦੀ ਇਹ ਦੁਕਾਨ ਪੂਨੇ ਦੇ ਕਰਵੇ ਰੋਡ ਦੇ ਕੰਢੇ ‘ਤੇ ਹੈ ਅਤੇ ਹਾਊਸਿੰਗ ਕਲੋਨੀ ਦੇ ਐਨ ਨਾਲ਼ ਕਰਕੇ। “ਨਗਰ ਨਿਗਮ ਦੇ ਕਰਮੀਆਂ ਨੇ ਉਹਨੂੰ ਢਾਹ ਦਿੱਤਾ। ਇਸਲਈ ਮੈਨੂੰ ਦੋਬਾਰਾ ਉਸਾਰੀ ਕਰਨੀ ਪਈ। ਉਨ੍ਹਾਂ ਦੋਬਾਰਾ ਤੋੜ ਸੁੱਟਿਆ।”
ਭਾਮਾਬਾਈ ਦੱਸਦੀ ਹਨ ਕਿ ਬਿਪਤਾ ਦੀ ਘੜੀ ਵਿੱਚ ਕਲੋਨੀ ਵਾਸੀਆਂ ਨੇ ਮੇਰੀ ਕਾਫ਼ੀ ਮਦਦ ਕੀਤੀ। “ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਕੋਲ਼ ਹੋਰ ਕੋਈ ਥਾਂ ਨਹੀਂ। ਕੋਈ ਹੋਰ ਕੰਮ ਵੀ ਮੈਨੂੰ ਕਰਨਾ ਨਹੀਂ ਆਉਂਦਾ।” ਮੇਰੀ ਕਹਾਣੀ ਸੁਣ ਸਾਰੇ ਅੱਗੇ ਆਏ ਅਤੇ ਨਗਰ ਨਿਗਰ ਅਧਿਕਾਰੀਆਂ ਨਾਲ਼ ਮਿਲ਼ ਕੇ ਗੱਲ਼ ਕੀਤੀ। ਉਦੋਂ ਤੋਂ ਹੀ ਭਾਮਾਬਾਈ ਇੱਥੇ ਕੰਮ ਕਰਦੀ ਆਈ ਹਨ।
ਜ਼ਿੰਦਗੀ ਹੰਢਾਉਣੀ ਬੜੀ ਔਖ਼ੀ ਹੈ, ਉਹ ਕਹਿੰਦੀ ਹਨ। “ਜੇ ਕੋਈ ਗਾਹਕ ਆ ਜਾਵੇ ਤਾਂ ਪੰਜ ਜਾਂ ਦਸ ਰੁਪਏ ਹੱਥ ਲੱਗ ਜਾਂਦੇ ਹਨ, ਜੇ ਕੋਈ ਨਾ ਆਵੇ ਤਾਂ ਸੱਖਣੇ ਹੱਥੀਂ ਬਹਿਣਾ ਪੈਂਦਾ ਹੈ। ਤਿਰਕਾਲੀਂ ਮੈਂ ਘਰ ਚਲੀ ਜਾਂਦੀ ਹਾਂ। ਕੋਈ ਕੋਈ ਦਿਨ ਮੈਂ 30 ਰੁਪਏ ਜਾਂ 50 ਰੁਪਏ ਤੱਕ ਕਮਾ ਲੈਂਦੀ ਹਾਂ। ਕਈ ਵਾਰੀ ਪੂਰਾ-ਪੂਰਾ ਦਿਨ ਵਿਹਲੇ ਬੈਠਿਆਂ ਨਿਕਲ਼ ਜਾਂਦਾ ਹੈ।”
ਕੀ ਉਹ ਨਵੀਂ ਜੁੱਤੀ ਬਣਾ ਲੈਂਦੀ ਹਨ? “ਨਹੀਂ, ਨਹੀਂ, ਮੈਨੂੰ ਬਣਾਉਣੀ ਨਹੀਂ ਆਉਂਦੀ। ਮੈਂ ਸਿਰਫ਼ ਟੁੱਟੀਆਂ ਜੁੱਤੀਆਂ ਹੀ ਗੰਢਦੀ ਹਾਂ। ਮੈਂ ਪਾਲਸ਼ ਕਰ ਸਕਦੀ ਹਾਂ, ਚਮੜੇ ਅਤੇ ਤਲ਼ੇ ‘ਤੇ ਹਥੌੜੀ ਮਾਰ ਸਕਦੀ ਹਾਂ।”
ਭਾਮਾਬਾਈ ਦੀ ਦੁਕਾਨ ਤੋਂ ਥੋੜ੍ਹੀ ਹੀ ਦੂਰੀ ‘ਤੇ ਦੋ ਹੋਰ ਮੋਚੀ (ਪੁਰਸ਼) ਬਹਿੰਦੇ ਹਨ। ਉਹ ਜੁੱਤੀ ਗੰਢਣ ਦੇ ਵੱਧ ਪੈਸੇ ਲੈਂਦੇ ਹਨ ਅਤੇ ਦਿਹਾੜੀ ਦੇ 200-400 ਰੁਪਏ ਕਮਾ ਲੈਂਦੇ ਹਨ, ਕਈ ਵਾਰੀ ਇਸ ਤੋਂ ਵੱਧ ਵੀ।
ਭਾਮਾਬਾਈ ਆਪਣੇ ਭੂਰੇ ਰੰਗ ਦੀ ਸੰਦੂਕ (ਪੇਟੀ) ਖੋਲ੍ਹਦੀ ਹਨ। ਇਸ ਦੇ ਢੱਕਣ ਦੇ ਅੰਦਰਲੇ ਪਾਸੇ ਦੇਵਤਿਆਂ ਦੀਆਂ ਤਸਵੀਰਾਂ ਲਾਈਆਂ ਹਨ। ਪਹਿਲੀ ਟ੍ਰੇਅ ਦੇ ਚਾਰ ਹਿੱਸੇ ਹਨ, ਇੱਕ ਵਿੱਚ ਧਾਗੇ ਅਤੇ ਕਿੱਲ ਰੱਖੇ ਹੋਏ ਹਨ। ਹੇਠਲੇ ਹਿੱਸੇ ਵਿੱਚ ਚਮੜੇ ਦੀਆਂ ਪੱਟੀਆਂ ਅਤੇ ਸੰਦ ਰੱਖੇ ਹੋਏ ਹਨ। ਉਹ ਸਾਰਾ ਸਮਾਨ ਬਾਹਰ ਕੱਢ ਦਿੰਦੀ ਹਨ।
“ਤੁਸੀਂ ਮੇਰੇ ਸੰਦਾਂ ਦੀ ਫ਼ੋਟੋ ਤਾਂ ਖਿੱਚ ਲਈ। ਪਰ ਕੀ ਤੁਸੀਂ ਮੇਰੇ ਦੇਵਤਿਆਂ ਦੀ ਫ਼ੋਟੋ ਵੀ ਖਿੱਚੋਗੀ?” ਉਹ ਪੁੱਛਦੀ ਹਨ। ਇੰਝ ਜਾਪਦਾ ਹੈ ਜਿਵੇਂ ਉਹ ਸਿਰਫ਼ ਭਗਵਾਨ ਨੂੰ ਹੀ ਆਪਣਾ ਵਾਹਿਦ ਸਹਾਰਾ ਮੰਨਦੀ ਹਨ।
ਦਿਨ ਮੁੱਕਣ ਤੋਂ ਬਾਅਦ ਸਾਰਾ ਸਮਾਨ ਆਪੋ-ਆਪਣੀ ਥਾਵੇਂ ਚਲਾ ਜਾਂਦਾ ਹੈ, ਜਿਸ ਵਿੱਚ ਪਾਣੀ ਪੀਣ ਵਾਲ਼ਾ ਸਟੀਲ ਦਾ ਗਲਾਸ ਵੀ ਸ਼ਾਮਲ ਹੈ। ਰਾਂਪੀ, ਲੱਕੜ ਦਾ ਟੁਕੜਾ ਤੇ ਹੋਰ ਕੁਝ ਛੋਟੀਆਂ-ਮੋਟੀਆਂ ਚੀਜ਼ਾਂ ਜਿਵੇਂ ਚਿਪਸ ਦਾ ਪੈਕਟ ਅਤੇ ਗੁੱਥਲੀ ਵਿੱਚ ਬੰਨ੍ਹੇ ਪੈਸੇ, ਇਨ੍ਹਾਂ ਸਾਰਿਆਂ ਨੂੰ ਬੋਰੀ ਦੇ ਅੰਦਰ ਪਾ ਕੇ ਉਹਨੂੰ ਕੱਸ ਕੇ ਬੰਨ੍ਹ ਦਿੰਦੀ ਹਨ। ਸੰਦੂਕ ਅਤੇ ਬੋਰੀ ਨੂੰ ਸੜਕੋਂ ਪਾਰ ਫਾਸਟ ਫੂਡ ਰੈਸਟੋਰੈਂਟ ਲੈ ਜਾਂਦੀ ਹਨ। ਉੱਥੇ ਰੈਸਟੋਰੈਂਟ ਦੇ ਬਾਹਰ ਲੋਹੇ ਦੀ ਬਣੀ ਅਲਮਾਰੀ ਵਿੱਚ ਆਪਣਾ ਸਮਾਨ ਰੱਖ ਕੇ ਤਾਲਾ ਮਾਰ ਦਿੰਦੀ ਹਨ। “ਭਗਵਾਨ ਦੀ ਕ੍ਰਿਪਾ ਨਾਲ਼ ਲੋਕ ਮੇਰਾ ਛੋਟੇ ਤੋਂ ਛੋਟਾ ਸਮਾਨ ਸਾਂਭ ਲੈਂਦੇ ਹਨ ਅਤੇ ਮੇਰੀ ਮਦਦ ਕਰਦੇ ਹਨ।”
ਭਾਮਾਬਾਈ ਸ਼ਾਸਤਰੀ ਨਗਰ ਵਿੱਚ ਰਹਿੰਦੀ ਹਨ, ਜੋ ਉਨ੍ਹਾਂ ਦੀ ਦੁਕਾਨ ਤੋਂ ਕੋਈ ਪੰਜ ਕਿਲੋਮੀਟਰ ਦੂਰ ਹੈ। “ਮੈਂ ਹਰ ਦਿਨ ਤੁਰਦੀ ਹਾਂ, ਸਵੇਰ ਅਤੇ ਸ਼ਾਮੀਂ, ਹਰ ਵਾਰ ਇੱਕ ਘੰਟਾ ਖੱਪਦਾ ਹੈ। ਮੈਂ ਰਸਤੇ ਵਿੱਚ ਕਈ ਵਾਰੀ ਰੁੱਕਦੀ ਵੀ ਹਾਂ, ਆਪਣੇ ਗੋਡਿਆਂ ਦੀ ਹੁੰਦੀ ਪੀੜ੍ਹ ਕਾਰਨ ਸੜਕ ਕਿਨਾਰੇ ਬਹਿ ਜਾਂਦੀ ਹਾਂ। ਇੱਕ ਦਿਨ ਮੈਂ ਆਟੋਰਿਕਸ਼ਾ ਲੈ ਲਿਆ। ਮੈਨੂੰ ਕੋਈ 40 ਰੁਪਏ ਦੇਣੇ ਪਏ। ਮੇਰੀ ਇੱਕ ਦਿਨ ਦੀ ਪੂਰੀ ਕਮਾਈ ਚਲੀ ਗਈ ਸੀ।” ਕਈ ਵਾਰ ਰੈਸਟੋਰੈਂਟ ਵਿੱਚ ਕੰਮ ਕਰਨ ਵਾਲ਼ੇ ਬੱਚੇ ਜੇਕਰ ਉਸੇ ਰਸਤਿਓਂ ਨਿਕਲ਼ਦੇ ਹਨ ਤਾਂ ਮੈਨੂੰ ਆਪਣੀ ਮੋਟਰ ਸਾਈਕਲ ‘ਤੇ ਬਿਠਾ ਲੈਂਦੇ ਹਨ।
ਉਨ੍ਹਾਂ ਦਾ ਘਰ ਦੁਕਾਨ ਤੋਂ ਥੋੜ੍ਹਾ ਕੁ ਹੀ ਵੱਡਾ ਹੈ। ਅੱਠ ਗੁਣਾ ਅੱਠ ਫੁੱਟ ਅਕਾਰ ਦਾ ਇੱਕ ਕਮਰਾ ਹੈ। ਸ਼ਾਮੀਂ ਸਵਾ 7 ਵਜੇ ਵੀ ਉਸ ਵਿੱਚ ਹਨ੍ਹੇਰਾ ਫ਼ੈਲਿਆ ਹੈ। ਲਾਲਟੈਣ ਨਾਲ਼ ਥੋੜ੍ਹੀ ਜਿਹੀ ਰੌਸ਼ਨੀ ਫੈਲ ਜਾਂਦੀ ਹੈ। “ਬੱਸ ਠੀਕ ਉਵੇਂ ਹੀ ਹਨ੍ਹੇਰਾ ਜਿਵੇਂ ਕਿ ਸਾਡੇ ਕਨਗਰਾ ਪਿੰਡ ਵਿੱਚ ਹੋਇਆ ਕਰਦਾ ਸੀ। ਇੱਥੇ ਰੌਸ਼ਨੀ ਨਹੀਂ ਹੈ, ਉਨ੍ਹਾਂ ਦਾ (ਭਾਮਾਬਾਈ) ਕੁਨੈਕਸ਼ਨ ਕੱਟ ਦਿੱਤਾ ਸੀ, ਕਿਉਂਕਿ ਉਨ੍ਹਾਂ ਨੇ ਬਿਜਲੀ ਦੇ ਬਿੱਲ਼ ਦਾ ਭੁਗਤਾਨ ਨਹੀਂ ਕੀਤਾ ਸੀ।”
ਇੱਕ ਲੋਹੇ ਦਾ ਪਲੰਗ ਪਿਆ ਸੀ ਬਗ਼ੈਰ ਗੱਦੇ ਤੋਂ; ਇਹ ਧੁਪੇ ਭਾਂਡੇ ਸੁਕਾਉਣ ਦੀ ਥਾਂ ਵੀ ਹੈ। ਕੰਧ ‘ਤੇ ਇੱਕ ਛੱਜ ਟੰਗਿਆ ਹੈ। ਚੌਂਕੇ ਵਿੱਚ ਕੁਝ ਭਾਂਡੇ ਅਤੇ ਡੱਬੇ ਪਏ ਹਨ। “ਮੈਂ ਖਾਣਾ ਪਕਾਉਣ ਲਈ ਮਿੱਟੀ ਦੇ ਤੇਲ ਵਾਲ਼ਾ ਸਟੋਵ ਰੱਖਿਆ ਹੈ ਜਿਸ ਵਿੱਚ ਮੈਂ ਲੀਟਰ ਕੁ ਤੇਲ ਪਾਉਂਦੀ ਹਾਂ। ਜੇਕਰ ਲੀਟਰ ਤੇਲ ਮੁੱਕ ਜਾਵੇ ਤਾਂ ਮੈਂ ਰਾਸ਼ਨ ਕਾਰਡ ‘ਤੇ ਮਿਲ਼ਣ ਵਾਲ਼ੇ ਇਸ ਤੇਲ ਦੀ ਉਡੀਕ ਕਰਨੀ ਪੈਂਦੀ ਹੈ।”
ਭਾਮਾਬਾਈ ਦੀ ਬਾਂਹ ‘ਤੇ ਵੱਡੇ ਟੈਟੂ ਬਣੇ ਹੋਏ ਹਨ ਜਿਸ ਵਿੱਚ ਦੇਵੀ-ਦੇਵਤਿਆਂ ਦੇ ਨਾਲ਼ ਨਾਲ਼ ਪਤੀ, ਪਿਤਾ, ਮਾਂ, ਭਰਾ, ਭੈਣ ਅਤੇ ਆਪਣਾ ਉਪਨਾਮ ਲਿਖਿਆ ਹੈ। ਸਾਰੇ ਨਾਮ ਪੱਕੀ ਨੀਲੀ ਸਿਆਹੀ ਨਾਲ਼ ਖ਼ੁਦੇ ਹਨ।
ਹਾਲਾਂਕਿ ਕਈ ਸਾਲਾਂ ਤੋਂ ਇਹ ਕੰਮ ਕਰ ਕਰ ਕੇ ਉਹ ਥੱਕ ਗਈ ਹਨ, ਉਹ ਬੜੀ ਵਿਵਹਾਰਕ ਅਤੇ ਖ਼ੁਦਮੁਖਤਿਆਰ ਹਨ। ਇਸੇ ਸ਼ਹਿਰ ਵਿੱਚ ਉਨ੍ਹਾਂ ਦੇ ਦੋ ਭਰਾ ਵੀ ਰਹਿੰਦੇ ਹਨ, ਇੱਕ ਭੈਣ ਪਿੰਡ ਵਿੱਚ ਹੈ ਅਤੇ ਦੂਸਰੀ ਮੁੰਬਈ ਵਿੱਚ। ਉਨ੍ਹਾਂ ਦੇ ਸਾਰੇ ਭੈਣ-ਭਰਾ ਆਪੋ-ਆਪਣੇ ਪਰਿਵਾਰ ਵਾਲ਼ਿਆਂ ਦੇ ਨਾਲ਼ ਰਹਿੰਦੇ ਹਨ। ਉਨ੍ਹਾਂ ਦੇ ਰਿਸ਼ਤੇਦਾਰ ਪਿੰਡੋਂ ਸ਼ਹਿਰ (ਪੂਨੇ) ਆਉਂਦੇ ਹਨ ਤਾਂ ਉਨ੍ਹਾਂ ਨਾਲ਼ ਮਿਲ਼ਣ ਦੁਕਾਨ ‘ਤੇ ਆ ਜਾਂਦੇ ਹਨ।
“ਪਰ ਮੈਂ ਕਿਸੇ ਨੂੰ ਮਿਲ਼ਣ ਨਹੀਂ ਜਾਂਦੀ,” ਉਹ ਕਹਿੰਦੀ ਹਨ। “ਮੈਂ ਕਿਸੇ ਨੂੰ ਆਪਣੀ ਬਦਹਾਲੀ ਬਾਰੇ ਨਹੀਂ ਦੱਸਣਾ ਚਾਹੁੰਦੀ। ਤੁਸਾਂ ਪੁੱਛਿਆ ਇਸੇ ਲਈ ਤੁਹਾਨੂੰ ਦੱਸ ਰਹੀ ਹਾਂ। ਇਸ ਦੁਨੀਆ ਵਿੱਚ ਹਰ ਕਿਸੇ ਨੂੰ ਆਪਣਾ ਬੰਦੋਬਸਤ ਆਪ ਹੀ ਕਰਨਾ ਪੈਂਦਾ ਹੈ।”
ਅਸੀਂ ਉਨ੍ਹਾਂ ਦੀ ਦੁਕਾਨ ‘ਤੇ ਬੈਠੇ ਹੋਏ ਹਾਂ, ਇੱਕ ਔਰਤ ਪਲਾਸਟਿਕ ਦਾ ਝੋਲ਼ਾ ਚੁੱਕੀ ਆਉਂਦੀ ਹੈ। ਭਾਮਾਬਾਈ ਮੁਸਕਰਾਉਂਦੀ ਹਨ: “ਮੇਰੀਆਂ ਕੁਝ ਸਹੇਲੀਆਂ ਹਨ। ਇਹ ਔਰਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ। ਕਈ ਵਾਰੀ ਉਹ ਕੁਝ ਖਾਣ-ਪੀਣ ਦੀਆਂ ਚੀਜ਼ਾਂ ਮੇਰੇ ਨਾਲ਼ ਸਾਂਝੀਆਂ ਕਰਦੀਆਂ ਹਨ।”
ਇੱਕ ਗਾਹਕ ਆਪਣੇ ਚਮੜੇ ਦੇ ਕਾਲ਼ੇ ਬੂਟ ਮੁਰੰਮਤ ਲਈ ਛੱਡ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ਼ ਮੁਰੰਮਤ ਲਈ ਦੋ ਜੋੜੀ ਸਪੋਰਟਸ ਸੂਜ ਵੀ ਪਏ ਹਨ। ਇੱਕ ਜੋੜਾ ਗੰਢਣ ਤੋਂ ਬਾਅਦ 16 ਰੁਪਏ ਮਿਲ਼ਣੇ ਹਨ। ਭਾਮਾਬਾਈ ਬੂਟਾਂ ਨੂੰ ਨਵਾਂ-ਨਕੋਰ ਕਰਨ ਲਈ ਚੰਗੀ ਤਰ੍ਹਾਂ ਪਾਲਿਸ਼ ਰਗੜਦੀ ਹਨ। ਬੂਟਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੇ ਗਾਹਕ ਦੇ ਨਵੇਂ ਬੂਟਾਂ ‘ਤੇ ਹੋਣ ਵਾਲ਼ੇ ਖਰਚੇ ਨੂੰ ਬਚਾ ਲਿਆ ਹੈ। ਇਹ ਗੱਲ ਜਾਣਦਿਆਂ ਹੋਇਆਂ ਵੀ ਉਹ ਕਿਸੇ ਕੋਲ ਕੁਝ ਜ਼ਾਹਰ ਨਹੀਂ ਕਰਦੀ। ਉਨ੍ਹਾਂ ਦਾ ਕੰਮ ਟੁੱਟੇ ਹੋਏ ਤਲ਼ਿਆਂ ਦੀ ਮੁਰੰਮਤ ਕਰਨੀ ਅਤੇ ਬੂਟ ਗੰਢਣਾ ਹੈ।
ਤਰਜਮਾ: ਕਮਲਜੀਤ ਕੌਰ