ਇਹਦਾ ਅਕਾਰ ਉਂਗਲ ਦੇ ਨਹੂੰ ਨਾਲ਼ੋਂ ਵੱਡਾ ਨਹੀਂ ਹੁੰਦਾ ਤੇ ਹਰੇਕ ਡੋਡੀ ਪੀਲ਼ੇ, ਚਿੱਟੇ ਰੰਗੀ ਤੇ ਬਹੁਤ ਹੀ ਪਿਆਰੀ ਹੁੰਦੀ ਹੈ। ਇਨ੍ਹਾਂ ਦੇ ਖੇਤ ਇਨ੍ਹਾਂ ਫੁੱਲਾਂ ਦੇ ਝੁੰਡਾਂ ਨਾਲ਼ ਲਹਿਰਾ ਉੱਠਦੇ ਹਨ ਤੇ ਇਹਦੀ ਮਹਿਕ ਬੜੀ ਦੇਰ ਤੱਕ ਤੁਹਾਡੇ ਅੰਦਰ ਮਹਿਕਦੀ ਰਹਿੰਦੀ ਹੈ। ਚਮੇਲੀ ਦਾ ਫੁੱਲ ਕੁਦਰਤੀ ਤੋਹਫ਼ਾ ਹੈ। ਇਹ ਤੋਹਫ਼ਾ ਜੋ ਧੂੜ ਭਰੀ ਧਰਤੀ, ਮੋਟੇ ਪੌਦਿਆਂ ਤੇ ਬੱਦਲਾਂ ਨਾਲ਼ ਘਿਰੇ ਅੰਬਰ ਜ਼ਰੀਏ ਪ੍ਰਾਪਤ ਹੁੰਦਾ ਹੈ।
ਪਰ ਇਨ੍ਹਾਂ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰਾਂ ਕੋਲ਼ ਇਸ ਸਭ ਨੂੰ ਮਾਣਨ ਦੀ ਵਿਹਲ ਹੀ ਕਿੱਥੇ ਹੁੰਦੀ ਹੈ। ਉਨ੍ਹਾਂ ਨੇ ਤਾਂ ਜਿਵੇਂ-ਕਿਵੇਂ ਇਸ ਮੱਲੀ (ਚਮੇਲੀਆਂ) ਨੂੰ ਖਿੜਨ ਤੋਂ ਪਹਿਲਾਂ ਹੀ ਪੂਕਡਈ (ਫੁੱਲਾਂ ਦੇ ਬਜ਼ਾਰ) ਤੱਕ ਪਹੁੰਚਾਉਣਾ ਹੁੰਦਾ ਹੈ। ਵਿਨਾਇਕ ਚਤੁਰਥੀ, ਭਾਵ ਭਗਵਾਨ ਗਣੇਸ਼ ਦਾ ਜਨਮਦਿਨ ਆਉਣ ਵਿੱਚ ਸਿਰਫ਼ 4 ਦਿਨ ਬਾਕੀ ਹਨ ਤੇ ਫੁੱਲਾਂ ਦਾ ਚੰਗਾ ਭਾਅ ਮਿਲ਼ਣ ਦੀ ਉਮੀਦ ਰੱਖੀ ਜਾਂਦੀ ਹੈ।
ਇਨ੍ਹਾਂ ਕਲ਼ੀਆਂ ਨੂੰ ਤੋੜਨ ਵਾਸਤੇ ਪੁਰਸ਼-ਇਸਤਰੀ ਸਿਰਫ਼ ਆਪਣੀ ਪਹਿਲੀ ਉਂਗਲ ਤੇ ਅੰਗੂਠੇ ਦੀ ਮਦਦ ਲੈਂਦੇ ਹਨ। ਤੋੜਨ ਤੋਂ ਬਾਅਦ ਉਹ ਇਨ੍ਹਾਂ ਕਲ਼ੀਆਂ ਨੂੰ ਪਹਿਲਾਂ ਸਾੜੀ ਜਾਂ ਧੋਤੀ ਦੇ ਮਰੋੜੇ ਸਿਰਿਆਂ ਦੇ ਬਣਾਏ ਗੁੱਥਲਿਆਂ ਵਿੱਚ ਰੱਖੀ ਜਾਂਦੇ ਰਹਿੰਦੇ ਹਨ ਤੇ ਫਿਰ ਬਾਅਦ ਵਿੱਚ ਬੋਰੀਆਂ ਵਿੱਚ ਭਰ ਦਿੰਦੇ ਹਨ। ਇਸ ਪੂਰੀ ਪ੍ਰਕਿਰਿਆ ਵਿੱਚ ਨਜ਼ਾਕਤ ਵਰਤੀ ਜਾਂਦੀ ਹੈ: ਸਭ ਤੋਂ ਪਹਿਲਾਂ ਪੌਦੇ ਨੂੰ ਬੜੇ ਅਰਾਮ ਨਾਲ਼ ਟਹਿਣੀ ਤੋਂ ਫੜ੍ਹਿਆ ਜਾਂਦਾ ਹੈ, ਉਹਦੇ ਬਾਅਦ ਉਂਗਲ ਤੇ ਅੰਗੂਠੇ ਦੀ ਬਣੀ ਚੁਟਕੀ ਨਾਲ਼ ਤੋੜ ਲਿਆ ਜਾਂਦਾ ਹੈ ਤੇ ਫਿਰ ਅਗਲੇ ਪੌਦੇ ਦੀ ਵਾਰੀ ਆਉਂਦੀ ਹੈ। ਇਨ੍ਹਾਂ ਪੌਦਿਆਂ ਦੀ ਉੱਚਾਈ ਤਿੰਨ ਸਾਲ ਦੇ ਬੱਚੇ ਦੇ ਕੱਦ ਬਰਾਬਰ ਹੋ ਜਾਂਦੀ ਹੈ। ਕਲ਼ੀਆਂ ਤੋੜਨ ਵੇਲ਼ੇ ਗੱਲਾਂ ਦਾ ਅਦਾਨ-ਪ੍ਰਦਾਨ ਵੀ ਚੱਲਦਾ ਰਹਿੰਦਾ ਹੈ। ਪੂਰਬ ਵਿੱਚੋਂ ਉੱਗਦਾ ਸੂਰਜ ਵੱਧਦੀ ਤਪਸ਼... ਕਿਸੇ ਖੂੰਜਿਓਂ ਰੇਡਿਓ 'ਤੇ ਵੱਜਦਾ ਤਮਿਲ ਗੀਤ...
ਛੇਤੀ ਹੀ ਇਹ ਫੁੱਲ ਮਦੁਰਈ ਸ਼ਹਿਰ ਦੇ ਮੱਟੂਤਵਾਨੀ ਬਜ਼ਾਰ ਅੱਪੜ ਜਾਣਗੇ, ਜਿੱਥੋਂ ਉਹ ਤਮਿਲਨਾਡੂ ਦੇ ਦੂਜੇ ਸ਼ਹਿਰਾਂ ਵਿੱਚ ਭੇਜ ਦਿੱਤੇ ਜਾਣਗੇ। ਇਨ੍ਹਾਂ ਫੁੱਲਾਂ ਦੀਆਂ ਕੁਝ ਖੇਪਾਂ ਸਮੁੰਦਰ ਰਾਹੀਂ ਹੁੰਦੀਆਂ ਹੋਈਆਂ ਦੂਜੇ ਦੇਸ਼ ਨੂੰ ਵੀ ਭੇਜੀਆਂ ਜਾਣਗੀਆਂ।
ਪਾਰੀ ਨੇ ਸਾਲ 2021, 2022 ਤੇ 2023 ਵਿੱਚ ਮਦੁਰਈ ਜ਼ਿਲ੍ਹੇ ਦੇ ਤੀਰੂਮੰਗਲਮ ਅਤੇ ਉਸਿਲਮਪੱਟੀ ਤਾਲੁਕਾਵਾਂ ਦੀ ਯਾਤਰਾ ਕੀਤੀ। ਮਦੁਰਈ ਸ਼ਹਿਰੋਂ ਚਮੇਲੀ ਦੇ ਖੇਤਾਂ ਤੱਕ ਸੜਕ ਰਸਤਿਓਂ ਅਪੜਨ ਵਾਸਤੇ ਘੰਟੇ ਤੋਂ ਵੀ ਘੱਟ ਸਮਾਂ ਲੱਗਦਾ ਹੈ। ਆਪਣੇ ਇਤਿਹਾਸਕ ਮੀਨਾਕਸ਼ੀ ਅੰਮਾ ਮੰਦਰ ਅਤੇ ਫੁੱਲਾਂ ਦੇ ਵੱਡੇ ਬਜ਼ਾਰ ਕਾਰਨ ਇੱਥੇ ਮੱਲੀ ਦਾ ਵਪਾਰ ਤੇਜ਼ੀ ਨਾਲ਼ ਪੈਰ ਪਸਾਰ ਰਿਹਾ ਹੈ।
ਤੀਰੂਮੰਗਲਮ ਤਾਲੁਕਾ ਦੇ ਮੇਲੌਪਿਲੀਗੁੰਡੂ ਪਿੰਡ ਦੇ 51 ਸਾਲਾ ਪੀ. ਗਣਪਤੀ ਮੈਨੂੰ ਮਦੁਰਈ ਅਤੇ ਉਹਦੇ ਨੇੜਲੇ ਇਲਾਕਿਆਂ ਵਿੱਚ ਉਗਾਏ ਜਾਣ ਵਾਲ਼ੇ ਇਨ੍ਹਾਂ ਫੁੱਲਾਂ ਬਾਰੇ ਦੱਸਦੇ ਹਨ,''ਇਹ ਇਲਾਕਾ ਆਪਣੇ ਖ਼ੁਸ਼ਬੂਦਾਰ ਮੱਲੀ ਕਾਰਨ ਜਾਣਿਆ ਜਾਂਦਾ ਹੈ। ਤੁਸੀਂ ਆਪਣੇ ਘਰ ਦੇ ਕਿਸੇ ਵੀ ਖੂੰਜੇ ਵਿੱਚ ਅੱਧਾ ਕਿਲੋ ਚਮੇਲੀ ਦੇ ਫੁੱਲ ਰੱਖ ਦਿਓ, ਇਹਦੀ ਮਹਿਕ ਪੂਰਾ ਇੱਕ ਹਫ਼ਤਾ ਆਉਂਦੀ ਰਹੇਗੀ!''
ਦੁੱਧ-ਚਿੱਟੀ ਕਮੀਜ਼- ਜਿਹਦੀ ਜੇਬ੍ਹ ਵਿੱਚ ਰੱਖੇ ਕੁਝ ਨੋਟ ਬਾਹਰ ਨੂੰ ਝਾਕ ਰਹੇ ਹਨ ਤੇ ਇੱਕ ਨੀਲ਼ੇ ਰੰਗ ਦੀ ਲੂੰਗੀ ਪਾਈ ਗਣਪਤੀ ਦਾ ਹਸੂੰ-ਹਸੂੰ ਕਰਦਾ ਚਿਹਰਾ ਤੇ ਉਨ੍ਹਾਂ ਦਾ ਧਾਰਾ-ਪ੍ਰਵਾਹ ਮਦੁਰਈ ਤਮਿਲ ਵਿੱਚ ਗੱਲਾਂ ਕਰੀ ਜਾਣਾ... ਸੱਚਿਓ ਅਲੱਗ ਨਜ਼ਾਰਾ ਪੇਸ਼ ਕਰ ਰਿਹਾ ਹੈ। ''ਇੱਕ ਸਾਲ ਦੇ ਹੋਣ ਤੱਕ ਇਹ ਪੌਦੇ ਕਿਸੇ ਬੱਚੇ ਵਾਂਗਰ ਜਾਪਦੇ ਨੇ,'' ਉਹ ਕਹਿੰਦੇ ਹਨ,''ਇਹਨੂੰ ਬੜੇ ਧਿਆਨ ਨਾਲ਼ ਪਾਲਣਾ ਪੈਂਦਾ ਹੈ।'' ਉਨ੍ਹਾਂ ਕੋਲ਼ ਢਾਈ ਏਕੜ (ਕਿੱਲੇ) ਜ਼ਮੀਨ ਹੈ ਜਿਸ 'ਤੇ ਉਹ ਚਮੇਲੀ ਦੀ ਖੇਤੀ ਕਰਦੇ ਹਨ।
ਛੇ ਮਹੀਨਿਆਂ ਦਾ ਹੋਣ 'ਤੇ ਪੌਦੇ ਨੂੰ ਫੁੱਲ ਲੱਗਣ ਲੱਗਦੇ ਹਨ ਪਰ ਇਨ੍ਹਾਂ ਫੁੱਲਾਂ ਦੇ ਆਉਣ ਦੀ ਰਫ਼ਤਾਰ ਇਕਸਾਰ ਨਹੀਂ ਰਹਿੰਦੀ। ਚਮੇਲੀ ਦੇ ਇੱਕ ਕਿਲੋਗ੍ਰਾਮ ਫੁੱਲਾਂ ਦੇ ਭਾਅ ਵਾਂਗਰ ਇਹੀ ਰਫ਼ਤਾਰ ਵੀ ਘੱਟਦੀ ਵੱਧਦੀ ਰਹਿੰਦੀ ਹੈ। ਕਦੇ-ਕਦਾਈਂ ਇੰਝ ਵੀ ਹੁੰਦਾ ਹੈ ਕਿ ਗਣਪਤੀ ਨੂੰ ਇੱਕ ਏਕੜ ਵਿੱਚੋਂ ਮਸਾਂ ਹੀ ਕਿਲੋ ਫੁੱਲ ਹੱਥ ਆਉਣ। ਪਰ ਦੋ ਹਫ਼ਤਿਆਂ ਬਾਅਦ ਇਹਦੀ ਮਾਤਰਾ ਵੱਧ ਕੇ 50 ਕਿਲੋ ਤੱਕ ਵੀ ਪਹੁੰਚ ਸਕਦੀ ਹੁੰਦੀ ਹੈ। ''ਵਿਆਹ ਤੇ ਤਿਓਹਾਰ ਮੌਕਿਆਂ 'ਤੇ ਇਨ੍ਹਾਂ ਫੁੱਲਾਂ ਬਦਲੇ ਵਧੀਆ ਪੈਸੇ ਮਿਲ਼ਦੇ ਹਨ। ਕਈ ਵਾਰੀਂ ਤਾਂ ਇੱਕ ਕਿਲੋ ਚਮੇਲੀ ਹਜ਼ਾਰ, ਦੋ ਹਜ਼ਾਰ ਤੇ ਤਿੰਨ ਹਜ਼ਾਰ ਰੁਪਏ ਤੱਕ ਵਿੱਕ ਜਾਂਦੀ ਹੈ। ਪਰ ਕਈ ਵਾਰੀਂ ਵੱਧ ਫੁੱਲ ਉੱਗਣ ਤੇ ਵਧੀਆ ਮੌਕਿਆਂ ਦੇ ਹੋਣ ਦੇ ਬਾਵਜੂਦ ਵੀ ਚੰਗਾ ਭਾਅ ਨਹੀਂ ਮਿਲ਼ ਪਾਉਂਦਾ।'' ਖ਼ੈਰ ਖੇਤੀ ਅਤੇ ਮਿਲ਼ਣ ਵਾਲ਼ੀ ਕੀਮਤ ਜੋ ਮਰਜ਼ੀ ਮਿਲ਼ੇ ਪਰ ਲਾਗਤ ਮੁੱਲ ਇਕਸਾਰ ਹੀ ਬਣਿਆ ਰਹਿੰਦਾ ਹੈ।
ਅਤੇ ਨਾ ਹੀ ਮਿਹਨਤ ਘੱਟ ਲੱਗਦੀ ਹੈ। ਕਿਸੇ-ਕਿਸੇ ਸਵੇਰ ਨੂੰ ਉਹ ਅਤੇ ਉਨ੍ਹਾਂ ਦੀ ਪਤਨੀ, ਵੀਤੂਕਰੰਮਾ (ਗਣਪਤੀ ਆਪਣੀ ਪਤਨੀ, ਪਿਚਈਅੰਮਾ ਨੂੰ ਇਸੇ ਨਾਮ ਨਾਲ਼ ਸੱਦਦੇ ਹਨ) ਰਲ਼ ਕੇ ਅੱਠ ਕਿਲੋ ਤੱਕ ਚਮੇਲੀ ਦੇ ਫੁੱਲ ਤੋੜ ਲੈਂਦੇ ਹਨ। ''ਸਾਡੇ ਲੱਕ ਆਕੜ ਜਾਂਦੇ ਨੇ,'' ਉਹ ਕਹਿੰਦੀ ਹਨ। ਪਰ ਇਸ ਪੀੜ੍ਹ ਨਾਲ਼ੋਂ ਵੀ ਵੱਧ ਪੀੜ੍ਹ ਉਦੋਂ ਹੁੰਦੀ ਹੈ ਜਦੋਂ ਉਹ ਕੀਟਨਾਸ਼ਕਾਂ ਨੂੰ ਖਰੀਦਣ ਤੇ ਮਜ਼ਦੂਰਾਂ ਨੂੰ ਦਿਹਾੜੀ ਦੇਣ ਜੋਗੇ ਪੈਸੇ ਵੀ ਨਹੀਂ ਕਮਾ ਪਾਉਂਦੇ। ''ਐਸੇ ਮੌਕੇ ਚੰਗੇ ਮੁਨਾਫ਼ੇ ਬਾਰੇ ਕੋਈ ਸੋਚ ਵੀ ਕਿਵੇਂ ਲਵੇ?'' ਇਹ ਸਤੰਬਰ 2021 ਦੀ ਗੱਲ ਹੈ।
ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਇਹ ਫੁੱਲ ਕਿਸੇ ਵੀ ਨੁੱਕੜ 'ਤੇ ਬੜੇ ਅਰਾਮ ਨਾਲ਼ ਮਿਲ਼ਣ ਵਾਲ਼ਾ ਮੱਲੀ , ਤਮਿਲ ਸੱਭਿਆਚਾਰ ਦਾ ਪ੍ਰਤੀਕ ਹੈ ਤੇ ਇੱਕ ਸ਼ਹਿਰ ਦੇ ਨਾਮ ਦਾ ਸਮਾਨਅਰਥੀ ਵੀ ਹੈ, ਇਹ ਇਡਲੀ ਦੀ ਇੱਕ ਕਿਸਮ; ਚੌਲ਼ਾਂ ਦੀ ਕਿਸਮ ਵਾਂਗਰ ਹੈ; ਚਮੇਲੀ, ਜਿਹਦੀ ਮਹਿਕ ਹਰੇਕ ਮੰਦਰ, ਵਿਆਹ ਸਮਾਰੋਹਾਂ ਤੇ ਮੰਡੀਆਂ ਵਿੱਚ ਤੈਰਦੀ ਰਹਿੰਦੀ ਹੈ। ਇਹ ਅਜਿਹੀ ਮਹਿਕ ਹੈ ਜੋ ਹਰੇਕ ਭੀੜ, ਬੱਸ ਤੇ ਕਮਰਿਆਂ ਵਿੱਚੋਂ ਦੀ ਤੈਰਦੀ ਹੋਈ ਤੁਹਾਡੇ ਨੱਕ ਤੱਕ ਆ ਹੀ ਜਾਂਦੀ ਹੈ...
*****
ਜਦੋਂ ਅਗਸਤ 2022 ਨੂੰ ਅਸੀਂ ਦੂਜੀ ਵਾਰ ਉੱਥੇ ਗਏ ਤਾਂ ਗਣਪਤੀ ਦੇ ਖੇਤਾਂ ਵਿੱਚ ਚਮੇਲੀ ਦੇ ਨਵੇਂ ਪੌਦਿਆਂ ਦੀ ਪਨੀਰੀ ਲੱਗੀ ਸੀ। ਇੱਕ ਏਕੜ ਵਿੱਚ ਕੁੱਲ 9,000 ਪੌਦੇ ਲੱਗੇ ਹੋਏ ਸਨ ਤੇ ਉਨ੍ਹਾਂ ਦੀ ਉਮਰ ਸੱਤ ਮਹੀਨਿਆਂ ਦੀ ਸੀ। ਬਾਂਹ ਜਿਡਾ ਲੰਬਾ ਹਰ ਇੱਕ ਪੌਦਾ ਚਾਰ ਰੁਪਏ ਵਿੱਚ ਰਾਮਨਾਥਪੁਰਮ ਜ਼ਿਲ੍ਹੇ ਦੇ ਨੇੜੇ ਪੈਂਦੇ ਰਮੇਸ਼ਵਰਮ ਦੀ ਤੰਗਚਿਮਦਮ ਦੀ ਨਰਸੀ ਤੋਂ ਖ਼ਰੀਦਿਆ ਗਿਆ ਸੀ। ਇਨ੍ਹਾਂ ਪੌਦਿਆਂ ਨੂੰ ਉਹ ਖ਼ੁਦ ਖਰੀਦ ਕੇ ਲਿਆਏ ਸਨ, ਤਾਂਕਿ ਪੌਦਿਆਂ ਦੀ ਕਿਸਮ ਵਧੀਆ ਰਹੇ। ਗਣਪਤੀ ਦਾ ਕਹਿਣਾ ਹੈ ਕਿ ਜੇ ਮਿੱਟੀ ਜਰਖ਼ੇਜ਼, ਦੋਮਟ ਤੇ ਲਾਲ ਹੋਵੇਗੀ- ਫਿਰ ਉਹ ਆਪਣੇ ਹੱਥਾਂ ਨੂੰ ਸੰਭਵ ਹੱਦ ਤੱਕ ਫੈਲਾਉਂਦਿਆਂ ਕਹਿੰਦੇ ਹਨ:''ਤੁਸੀਂ ਇਨ੍ਹਾਂ ਨੂੰ ਚਾਰ ਫੁੱਟ ਦੀ ਦੂਰੀ 'ਤੇ ਬੀਜ ਸਕਦੇ ਹੋ, ਪੌਦੇ ਅਕਾਰ ਵਿੱਚ ਵੱਡੇ ਹੋਣਗੇ। ਪਰ ਇੱਥੇ ਜੋ ਮਿੱਟੀ ਹੈ ਉਹ ਇੱਟ ਬਣਾਉਣ ਲਈ ਵਧੇਰੇ ਢੁੱਕਵੀਂ ਹੈ।'' ਇਹ ਚੀਕਣੀ ਮਿੱਟੀ ਹੈ।
ਮੱਲੀ ਪੈਦਾ ਕਰਨ ਲਈ ਗਣਪਤੀ ਇੱਕ ਏਕੜ ਖੇਤ ਦੀ ਮਿੱਟੀ ਤਿਆਰ ਕਰਨ ਲਈ ਤਕਰੀਬਨ 50,000 ਰੁਪਏ ਤੱਕ ਖਰਚ ਕਰਦੇ ਹਨ। ''ਤੁਸੀਂ ਜਾਣਦੇ ਹੀ ਹੋ ਕਿ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਵਿੱਚ ਖਰਚਾ ਤਾਂ ਆਉਂਦਾ ਹੀ ਹੈ।'' ਗਰਮੀਆਂ ਵਿੱਚ ਉਨ੍ਹਾਂ ਦੇ ਖੇਤ ਵਿੱਚ ਫੁੱਲ ਹੀ ਫੁੱਲ ਝੂਮਦੇ ਹਨ। ਉਹ ਤਮਿਲ ਵਿੱਚ ਕਹਿੰਦੇ ਹਨ: '' ਪਲੀਚਿੰਨੂ ਪੂਕੁਮ। '' ਜਿਸ ਦਿਨ ਉਹ 10 ਕਿਲੋ ਫੁੱਲ ਤੋੜਨ ਵਿੱਚ ਸਫ਼ਲ ਰਹਿੰਦੇ ਹਨ ਉਹ ਦਿਨ ਉਨ੍ਹਾਂ ਨੂੰ ਚੰਗਾ-ਚੰਗਾ ਲੱਗਦਾ ਹੈ। ਕੁਝ ਪੌਦਿਆਂ ਵਿੱਚ ਬਾਮੁਸ਼ਕਲ ਹੀ 100 ਗ੍ਰਾਮ ਫੁੱਲ ਲੱਗਦੇ ਹਨ, ਜਦੋਂਕਿ ਕੁਝ ਪੌਦਿਆਂ ਨੂੰ 200 ਗ੍ਰਾਮ ਫੁੱਲ ਲੱਗਦੇ ਹਨ। ਇੰਨਾ ਕਹਿੰਦਿਆਂ ਉਨ੍ਹਾਂ ਦੀਆਂ ਅੱਖਾਂ ਖ਼ੁਸ਼ੀ ਨਾਲ਼ ਫੈਲ ਜਾਂਦੀਆਂ ਹਨ ਤੇ ਉਨ੍ਹਾਂ ਦੀ ਅਵਾਜ਼ ਵੀ ਉਤਸਾਹੀ ਹੋ ਜਾਂਦੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹੀ ਖ਼ੁਸ਼ੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਛੇਤੀ ਹੀ ਮੁੜਨ ਵਾਲ਼ੀ ਹੈ ਛੇਤੀ ਹੀ... ਇਹ ਖ਼ੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਦੇਖੀ ਜਾ ਸਕਦੀ ਸੀ।
ਗਣਪਤੀ ਦੇ ਦਿਨ ਦੀ ਸ਼ੁਰੂਆਤ ਲੋਅ ਫੁੱਟਦਿਆਂ ਹੀ ਹੋ ਜਾਂਦੀ ਹੈ। ਪਹਿਲਾਂ-ਪਹਿਲਾਂ ਉਹ ਇੱਕ-ਦੋ ਘੰਟੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿਆ ਕਰਦੇ, ਪਰ ਹੁਣ ''ਮਜ਼ਦੂਰ ਥੋੜ੍ਹੀ ਦੇਰ ਨਾਲ਼ ਆਉਂਦੇ ਹਨ,'' ਉਹ ਦੱਸਦੇ ਹਨ। ਕਲ਼ੀਆਂ ਨੂੰ ਤੋੜਨ ਵਾਸਤੇ ਉਹ ਮਜ਼ਦੂਰਾਂ ਨੂੰ ਦਿਹਾੜੀ 'ਤੇ ਰੱਖਦੇ ਹਨ ਤੇ ਉਨ੍ਹਾਂ ਨੂੰ 50 ਰੁਪਏ ਘੰਟੇ ਦੇ ਹਿਸਾਬ ਨਾਲ਼ ਜਾਂ ਕਦੇ-ਕਦੇ 35 ਤੇ 50 ਰੁਪਏ ''ਡੱਬੇ'' ਦੇ ਹਿਸਾਬ ਨਾਲ਼ ਵੀ ਭੁਗਤਾਨ ਕਰਦੇ ਹਨ, ਜਿਸ ਵਿੱਚ ਇੱਕ ਕਿਲੋ ਫੁੱਲ ਸਮਾਉਂਦੇ ਹਨ।
ਪਾਰੀ ਦੀ ਪਿਛਲੀ ਫੇਰੀ ਦੇ 12 ਮਹੀਨਿਆਂ ਅੰਦਰ ਫੁੱਲਾਂ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਫੁੱਲਾਂ ਦੀ ਕੀਮਤ ਇਤਰ ਬਣਾਉਣ ਵਾਲ਼ੀਆਂ ਫ਼ੈਕਟਰੀਆਂ ਤੈਅ ਕਰਦੀਆਂ ਹਨ। ਜਦੋਂ ਚਮੇਲੀ ਦੇ ਫੁੱਲ ਵੱਡੀ ਮਾਤਰਾ ਵਿੱਚ ਉਪਲਬਧ ਹੁੰਦੇ ਹਨ ਤਾਂ ਫ਼ੈਕਟਰੀਆਂ ਇਹਨੂੰ ਥੋਕ ਮਾਤਰਾ ਵਿੱਚ ਖਰੀਦਦੀਆਂ ਹਨ। ਫ਼ੁੱਲਾਂ ਦੀ ਕੀਮਤ ਆਮ ਤੌਰ 'ਤੇ 120 ਰੁਪਏ ਤੋਂ ਲੈ ਕੇ 220 ਰੁਪਏ ਪ੍ਰਤੀ ਕਿਲੋ ਦੇ ਆਸ-ਪਾਸ ਹੁੰਦੀ ਹੈ। ਗਣਪਤੀ ਦੇ ਮੁਤਾਬਕ ਜੇ ਕਿਲੋ ਫੁੱਲਾਂ ਦੀ ਕੀਮਤ 200 ਰੁਪਏ ਦੇ ਆਸਪਾਸ ਰਹੇ ਤਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਹੁੰਦਾ।
ਜਦੋਂ ਫੁੱਲਾਂ ਦੀ ਮੰਗ ਬਹੁਤ ਜ਼ਿਆਦਾ ਹੋਵੇ ਤੇ ਉਹਦੇ ਮੁਕਾਬਲੇ ਵਿੱਚ ਪੈਦਾਵਾਰ ਘੱਟ ਤਾਂ ਚਮੇਲੀ ਦੀਆਂ ਕਲ਼ੀਆਂ ਕਾਫ਼ੀ ਮਹਿੰਗੀਆਂ ਵਿਕਦੀਆਂ ਹਨ। ਤਿਓਹਾਰਾਂ ਦੇ ਮੌਸਮ ਵਿੱਚ ਇਹ ਕਲ਼ੀਆਂ 1,000 ਰੁਪਏ ਪ੍ਰਤੀ ਕਿਲੋ ਤੱਕ ਵਿਕਦੀਆਂ ਹਨ। ਪਰ ਪੌਦੇ ਨਾ ਤਾਂ ਕੈਲੰਡਰ ਦੀ ਭਾਸ਼ਾ ਜਾਣਦੇ ਹਨ ਤੇ ਨਾ ਹੀ ' ਮੁਹੂਰਤ ਨਾਲ਼ ' ਅਤੇ ' ਕਾਰੀ ਨਾਲ਼ ' -ਭਾਵ ਸ਼ਗਨ ਤੇ ਬਦਸ਼ਗਨ ਨੂੰ ਹੀ ਜਾਣਦੇ ਹਨ।
ਉਹ ਕੁਦਰਤ ਦੇ ਨਿਯਮਾਂ ਮੁਤਾਬਕ ਚੱਲਦੇ ਹਨ। ਪਰ ਜਦੋਂ ਤੇਜ਼ ਧੁੱਪ ਲੱਗਣ ਤੋਂ ਬਾਅਦ ਮੀਂਹ ਪੈਂਦਾ ਹੈ ਤਾਂ ਜ਼ਮੀਨ ਫੁੱਲਾਂ ਨਾਲ਼ ਟਹਿਕਣ ਲੱਗਦੀ ਹੈ। ''ਫਿਰ ਤੁਸੀਂ ਜਿੱਧਰ ਵੀ ਨਜ਼ਰ ਘੁਮਾਓਗੇ, ਚਮੇਲੀ ਹੀ ਚਮੇਲੀ ਨਜ਼ਰੀਂ ਪਏਗੀ। ਤੁਸੀਂ ਫੁੱਲਾਂ ਨੂੰ ਖਿੜਨ ਤੋਂ ਨਹੀਂ ਰੋਕ ਸਕਦੇ, ਰੋਕ ਸਕਦੇ ਹੋ?'' ਗਣਪਤੀ ਮੁਸਕਰਾਉਂਦਿਆਂ ਕਹਿੰਦੇ ਹਨ।
''ਟਨਾਂ ਦੇ ਟਨ ਚਮੇਲੀ ਦੇ ਫੁੱਲ ਖਿੜਦੇ ਹਨ। ਪੰਜ ਟਨ, ਛੇ ਟਨ, ਸੱਤ ਟਨ ਤੱਕ ਨਹੀਂ, ਕਦੇ ਕਦੇ 10 ਟਨ ਤੱਕ ਫੁੱਲ ਆ ਜਾਂਦੇ ਹਨ!'' ਉਹ ਦੱਸਦੇ ਹਨ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਫੁੱਲ ਇਤਰ ਬਣਾਉਣ ਵਾਲ਼ੀਆਂ ਫ਼ੈਕਟਰੀਆਂ ਨੂੰ ਭੇਜ ਦਿੱਤੇ ਜਾਂਦੇ ਹਨ।
ਹਾਰ ਤੇ ਲੜੀਆਂ ਬਣਾਉਣ ਲਈ ਇਨ੍ਹਾਂ ਫੁੱਲਾਂ ਨੂੰ 300 ਰੁਪਏ ਕਿਲੋ ਤੱਕ ਦੇ ਭਾਅ ਵੇਚਿਆ ਜਾਂਦਾ ਹੈ। ''ਪਰ ਜਦੋਂ ਕਲ਼ੀਆਂ ਬਹੁਤੀ ਮਾਤਰਾ ਵਿੱਚ ਤੋੜ ਲਈਆਂ ਜਾਣ ਤਾਂ ਉਹਦੇ ਬਾਅਦ ਬਾਮੁਸ਼ਕਲ ਹੀ ਇੱਕ ਕਿਲੋ ਫੁੱਲ ਨਿਕਲ਼ ਪਾਉਂਦੇ ਹਨ। ਅਜਿਹੇ ਮੌਕੇ ਸਪਲਾਈ ਘੱਟ ਹੋਣ ਕਾਰਨ ਕੀਮਤਾਂ ਅਸਮਾਨ ਛੂੰਹਣ ਲੱਗਦੀਆਂ ਹਨ। ਮੰਗ ਬਹੁਤ ਜ਼ਿਆਦਾ ਵਧਣ ਦੀ ਹਾਲਤ ਵਿੱਚ 10 ਕਿਲੋ ਚਮੇਲੀ ਬਦਲੇ 15,000 ਰੁਪਏ ਵੀ ਮਿਲ਼ ਸਕਦੇ ਹੁੰਦੇ ਹਨ। ਇਸ ਤੋਂ ਵਧੀਆ ਕਮਾਈ ਹੋਰ ਕੀ ਹੋ ਸਕਦੀ ਹੈ?'' ਚਲਾਕੀ ਭਰੀ ਮੁਸਕਾਨ ਉਨ੍ਹਾਂ ਦੀਆਂ ਅੱਖਾਂ ਤੋਂ ਹੁੰਦੀ ਹੋਈ ਚਿਹਰੇ 'ਤੇ ਫਿਰ ਜਾਂਦੀ ਹੈ। ''ਤਦ ਮੈਂ ਗਾਹਕਾਂ ਵਾਸਤੇ ਕੁਰਸੀਆਂ ਕਿਉਂ ਖਿੱਚਾਂਗਾ, ਵਧੀਆ ਖਾਣੇ ਦਾ ਬੰਦੋਬਸਤ ਕਿਉਂ ਕਰਾਂਗਾ, ਉਦੋਂ ਤਾਂ ਮੈਂ ਇੱਥੇ ਬਹਿ ਕੇ ਬੱਸ ਇੰਟਰਵਿਊ ਦਿਆ ਕਰਾਂਗਾ!''
ਅਸਲ ਗੱਲ ਤਾਂ ਇਹ ਹੈ ਕਿ ਉਹ ਇੰਝ ਕਰ ਹੀ ਨਹੀਂ ਸਕਦੇ ਤੇ ਨਾ ਹੀ ਉਨ੍ਹਾਂ ਦੀ ਪਤਨੀ। ਉਨ੍ਹਾਂ ਕੋਲ਼ ਕਰਨ ਲਈ ਹੋਰ ਬਹੁਤ ਸਾਰੇ ਕੰਮ ਹਨ। ਸਭ ਤੋਂ ਵੱਧ ਮਿਹਨਤ ਉਨ੍ਹਾਂ ਨੂੰ ਇਸ ਖ਼ੁਸ਼ਬੂਦਾਰ ਫ਼ਸਲ ਲਈ ਮਿੱਟੀ ਤਿਆਰ ਕਰਨ ਵਿੱਚ ਲੱਗਦੀ ਹੈ। ਆਪਣੇ ਬਚੇ ਹੋਏ ਡੇਢ ਏਕੜ ਖੇਤ ਵਿੱਚ ਗਣਪਤੀ ਨੇ ਅਮਰੂਦ ਬੀਜੇ ਹੋਏ ਹਨ। ''ਅੱਜ ਸਵੇਰੇ ਹੀ ਮੈਂ 50 ਕਿਲੋ ਅਮਰੂਦ ਤੋੜ ਕੇ ਮੰਡੀ ਵੇਚਣ ਲੈ ਗਿਆ ਸਾਂ, ਜੋ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵਿਕੇ। ਤੇਲ ਦਾ ਖਰਚਾ ਕੱਢ ਕੇ ਵੀ ਮੈਨੂੰ 800 ਰੁਪਏ ਦੇ ਕਰੀਬ ਲਾਭ ਹੋਇਆ। ਜਦੋਂ ਇੱਥੇ ਅਮਰੂਦ ਆਮ ਨਹੀਂ ਸੀ ਮਿਲ਼ਦਾ ਹੁੰਦਾ, ਉਦੋਂ ਖਰੀਦਦਾਰ ਖ਼ੁਦ ਅਮਰੂਦ ਤੋੜਨ ਮੇਰੇ ਖੇਤ ਆਉਂਦੇ ਤੇ ਬਦਲੇ ਵਿੱਚ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਪੈਸੇ ਦੇ ਜਾਂਦੇ। ਉਹ ਦਿਨ ਹੁਣ ਬੀਤ ਚੁੱਕੇ ਨੇ...''
ਗਣਪਤੀ ਚਮੇਲੀ ਦੇ ਫੁੱਲ ਬੀਜਣ ਤੋਂ ਪਹਿਲਾਂ ਜ਼ਮੀਨ ਤਿਆਰ ਕਰਨ ਤੇ ਪੌਦਿਆਂ ਦੀ ਪਨੀਰੀ ਖਰੀਦਣ ਵਿੱਚ ਸਾਲ ਦਾ ਕਰੀਬ ਇੱਕ ਲੱਖ ਰੁਪਿਆ ਨਿਵੇਸ਼ ਕਰਦੇ ਹਨ। ਇੱਕ ਵਾਰੀ ਕੀਤਾ ਗਿਆ ਇਹ ਨਿਵੇਸ਼ ਆਉਣ ਵਾਲ਼ੇ 10 ਸਾਲਾਂ ਲਈ ਕਾਫ਼ੀ ਰਹਿੰਦਾ ਹੈ। ਹਰੇਕ ਸਾਲ ਮੱਲੀ ਦਾ ਮੌਸਮ 8 ਮਹੀਨਿਆਂ ਤੱਕ ਚੱਲਦਾ ਹੈ- ਸਧਾਰਣ ਤੌਰ 'ਤੇ ਮਾਰਚ ਤੋਂ ਲੈ ਕੇ ਨਵੰਬਰ ਤੱਕ। ਇਸ ਮੌਸਮ ਵਿੱਚ ਚੰਗੇ ਦਿਨ ਅਤੇ ਬੜੇ ਚੰਗੇ ਦਿਨ ਵੀ ਆਉਂਦੇ ਹਨ, ਪਰ ਅਜਿਹੇ ਦਿਨਾਂ ਦੀ ਗਿਣਤੀ ਵੀ ਘੱਟ ਨਹੀਂ ਰਹਿੰਦੀ ਜਦੋਂ ਪੌਦਿਆਂ 'ਤੇ ਇੱਕ ਵੀ ਕਲ਼ੀ ਨਹੀਂ ਆਉਂਦੀ। ਗਣਪਤੀ ਦੱਸਦੇ ਹਨ ਕਿ ਚਮੇਲੀ ਦੇ ਮੌਸਮ ਵਿੱਚ ਉਨ੍ਹਾਂ ਨੂੰ ਇੱਕ ਏਕੜ ਤੋਂ ਮਹੀਨੇ ਦਾ ਕੁੱਲ 30,000 ਰੁਪਏ ਦਾ ਮੁਨਾਫ਼ਾ ਹੋ ਜਾਂਦਾ ਹੈ।
ਇਸ ਖ਼ੁਲਾਸੇ ਬਾਰੇ ਦੱਸਦਿਆਂ ਉਹ ਇਸ ਨਾਲ਼ੋਂ ਕਿਤੇ ਵੱਧ ਖ਼ੁਸ਼ਹਾਲ ਪ੍ਰਤੀਤ ਹੁੰਦੇ ਹਨ। ਦੂਸਰੇ ਕਿਸਾਨਾਂ ਵਾਂਗਰ ਹੀ ਉਹ ਆਪਣੀ ਤੇ ਆਪਣੀ ਪਤਨੀ ਦੀ ਮਜ਼ਦੂਰੀ ਨੂੰ ਲਾਗਤ ਵਿੱਚ ਨਹੀਂ ਗਿਣਦੇ। ਜੇਕਰ ਉਨ੍ਹਾਂ ਨੇ ਉਸ ਮਜ਼ਦੂਰੀ ਨੂੰ ਵੀ ਗਿਣਿਆ ਹੁੰਦਾ ਤਾਂ ਕਿੰਨੇ ਪੈਸੇ ਬਣਦੇ? ''ਹਰ ਰੋਜ਼ ਮੈਂ 500 ਰੁਪਏ ਦੀ ਦਿਹਾੜੀ ਜਿੰਨੀ ਮਿਹਨਤ ਕਰਦਾ ਹਾਂ ਤੇ ਮੇਰੀ ਪਤਨੀ ਦੀ ਦਿਹਾੜੀ 300 ਰੁਪਏ ਹੁੰਦੀ ਹੈ।'' ਜੇ ਉਹ ਇਹਨੂੰ ਗਿਣਨ ਤਾਂ ਉਨ੍ਹਾਂ ਦਾ ਮਹੀਨੇ ਦਾ ਹੋਣ ਵਾਲ਼ਾ 30,000 ਰੁਪਏ ਦਾ ਮੁਨਾਫ਼ਾ ਘੱਟ ਕੇ ਮਹਿਜ 6,000 ਰੁਪਏ ਰਹਿ ਜਾਵੇਗਾ
ਉਹ ਕਹਿੰਦੇ ਹਨ,''ਇੰਨਾ ਮੁਨਾਫ਼ਾ ਵੀ ਤੁਹਾਨੂੰ ਉਦੋਂ ਹੀ ਮਿਲ਼ਦਾ ਹੈ, ਜਦੋਂ ਤੁਸੀਂ ਕਿਸਮਤਵਾਨ ਹੋਵੋ।'' ਇਹ ਗੱਲ ਅਸੀਂ ਉਨ੍ਹਾਂ ਦੀ ਮੋਟਰ ਵਾਲ਼ੇ ਕਮਰੇ ਵਿੱਚ ਬੈਠਿਆਂ ਗੱਲਬਾਤ ਦੌਰਾਨ ਭਾਂਪੀ ਕਿ ਕਿਸਮਤ ਦੇ ਨਾਲ਼-ਨਾਲ਼ ਕੁਝ ਰਸਾਇਣਾਂ ਦਾ ਵੀ ਮਹੱਤਵ ਹੈ।
*****
ਮੋਟਰ ਸ਼ੈੱਡ ਦਰਅਸਲ ਇੱਕ ਛੋਟਾ ਜਿਹਾ ਕਮਰਾ ਹੈ ਜੋ ਦੁਪਹਿਰ ਵੇਲ਼ੇ ਕੁੱਤਿਆਂ ਦਾ ਅਰਾਮ ਘਰ ਬਣ ਜਾਂਦਾ ਹੈ। ਇੱਕ ਖੂੰਜੇ ਵਿੱਚ ਮੁਰਗੀਆਂ ਦਾ ਝੁੰਡ ਵੀ ਰੱਖਿਆ ਗਿਆ ਹੈ- ਮੇਰੀ ਸਭ ਤੋਂ ਪਹਿਲਾਂ ਨਜ਼ਰ ਉਨ੍ਹਾਂ ਵੱਲੋਂ ਦਿੱਤੇ ਇੱਕ ਆਂਡੇ 'ਤੇ ਹੀ ਗਈ। ਗਣਪਤੀ ਬੜੇ ਮਲ੍ਹਕੜੇ ਜਿਹੇ ਆਂਡਾ ਚੁੱਕਦੇ ਹਨ ਤੇ ਆਪਣੀ ਤਲ਼ੀ 'ਤੇ ਟਿਕਾ ਲੈਂਦੇ ਹਨ। ਫ਼ਰਸ਼ 'ਤੇ ਕੀਟਨਾਸ਼ਕਾਂ ਦੀਆਂ ਢੇਰ ਸਾਰੀਆਂ ਖਾਲੀ ਬੋਤਲਾਂ ਇੱਧਰ-ਓਧਰ ਖਿੰਡੀਆਂ ਪਈਆਂ ਹਨ। ਇਹ ਥਾਂ ਵਰਤੇ ਜਾ ਚੁੱਕੇ ਰਸਾਇਣਾਂ ਦੇ ਕਿਸੇ ਵਰਕਸ਼ਾਪ ਜਿਹੀ ਲੱਗ ਰਹੀ ਹੈ। ਇਹ ਸਾਰੇ ਰਸਾਇਣ ਬੜੇ ਅਹਿਮ ਹਨ, ਗਣਪਤੀ ਬੜੇ ਠਰ੍ਹੰਮੇ ਨਾਲ਼ ਦੱਸਦੇ ਹੋਏ ਕਹਿੰਦੇ ਹਨ ਕਿ ਇਨ੍ਹਾਂ ਦੀ ਵਰਤੋਂ ਨਾਲ਼ ਹੀ ਫੁੱਲ ਆਉਂਦੇ ਹਨ- '' ਪਲਿਚੂ '' ਭਾਵ ਚਿੱਟੀ ਚਮੇਲੀ ਦੇ ਫੁੱਲ ਜਿਨ੍ਹਾਂ ਦੀ ਮਹਿਕ ਬੜੀ ਤੇਜ਼ ਹੁੰਦੀ ਹੈ ਤੇ ਟਹਿਣੀਆਂ ਥੋੜ੍ਹੀਆਂ ਮੋਟੀਆਂ ਹੁੰਦੀਆਂ ਹਨ।
ਗਣਪਤੀ ਮੈਨੂੰ ਸਵਾਲ ਕਰਦੇ ਹਨ,''ਇਨ੍ਹਾਂ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?'' ਉਨ੍ਹਾਂ ਨੇ ਆਪਣੇ ਹੱਥ ਵਿੱਚ ਕੁਝ ਡੱਬੇ ਫੜ੍ਹੇ ਹੋਏ ਹਨ। ਮੈਂ ਵਾਰੋ-ਵਾਰੀ ਉਨ੍ਹਾਂ ਦੇ ਨਾਮ ਪੜ੍ਹਦੀ ਹਾਂ। ਗਣਪਤੀ ਦੱਸਣ ਲੱਗਦੇ ਹਨ,''ਇਹ ਲਾਲ ਕੀਟਾਂ ਨੂੰ ਮਾਰਨ ਦੇ ਕੰਮ ਆਉਂਦਾ ਹੈ, ਇਹ ਕੀਟਾਣੂਆਂ ਲਈ ਹੈ ਤੇ ਹਰ ਤਰ੍ਹਾਂ ਦੇ ਕੀਟਾਂ ਨੂੰ ਮਾਰ ਮੁਕਾਉਂਦਾ ਹੈ। ਚਮੇਲੀ ਦੇ ਪੌਦਿਆਂ 'ਤੇ ਵੰਨ-ਸੁਵੰਨੇ ਕੀਟ ਹਮਲਾ ਕਰਦੇ ਹਨ।''
ਗਣਪਤੀ ਦੇ ਸਲਾਹਕਾਰ ਉਨ੍ਹਾਂ ਦੇ ਬੇਟੇ ਹਨ। ''ਉਹ ਕੀੜੇਮਾਰ ਦਵਾਈਆਂ ਵੇਚਣ ਵਾਲ਼ੀ ਇੱਕ ਦੁਕਾਨ ' ਮਰੁੰਧੂ ਕੜਈ ' 'ਤੇ ਕੰਮ ਕਰਦਾ ਹੈ,'' ਉਹ ਦੱਸਦੇ ਹਨ। ਤੁਰਦੇ-ਫਿਰਦੇ ਅਸੀਂ ਤੇਜ਼ ਧੁੱਪ ਵਿੱਚ ਬਾਹਰ ਨਿਕਲਦੇ ਹਾਂ, ਜੋ ਕਿ ਚਿੱਟੇ ਚਮੇਲੀ ਦੇ ਫੁੱਲਾਂ ਜਿੰਨੀ ਹੀ ਲਿਸ਼ਕਣੀ ਹੁੰਦੀ ਹੈ। ਕੁੱਤੇ ਦਾ ਇੱਕ ਕਤੂਰਾ ਬਾਹਰ ਗਿੱਲੀ ਮਿੱਟੀ 'ਤੇ ਲੋਟਣੀਆਂ ਲਾਉਂਦਾ ਦਿਖਾਈ ਦੇ ਰਿਹਾ ਹੈ, ਗਿੱਲੀ ਮਿੱਟੀ ਕਾਰਨ ਉਹਦੀ ਜੱਤ ਥੋੜ੍ਹੀ ਲਾਲ ਹੋ ਗਈ ਹੈ। ਇੱਕ ਹੋਰ ਭੂਰੇ ਰੰਗ ਦਾ ਕੁੱਤਾ ਸ਼ੈੱਡ ਦੇ ਨੇੜੇ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ। ਮੈਂ ਉਨ੍ਹਾਂ ਨੂੰ ਪੁੱਛਦੀ ਹਾਂ,''ਤੁਸੀਂ ਇਨ੍ਹਾਂ ਨੂੰ ਕੀ ਕਹਿ ਕੇ ਬੁਲਾਉਂਦੇ ਹੋ।'' ਜਵਾਬ ਵਿੱਚ ਉਹ ਹੌਲੀ ਜਿਹੀ ਹੱਸਦੇ ਹੋਏ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ 'ਕਰੁੱਪੂ' ਕਹਿੰਦਾ ਹਾਂ ਅਤੇ ਉਹ ਭੱਜੇ ਆਉਂਦੇ ਹਨ।'' ਤਮਿਲ ਵਿੱਚ ਕਰੁੱਪੂ ਦਾ ਮਤਲਬ ਕਾਲ਼ਾ ਹੁੰਦਾ ਹੈ ਪਰ ਇਹ ਕੁੱਤੇ ਕਾਲ਼ੇ ਤਾਂ ਨਹੀਂ ਹਨ, ਮੈਂ ਉਨ੍ਹਾਂ ਨੂੰ ਕਹਿੰਦੀ ਹਾਂ।
''ਜੋ ਵੀ ਹੋਵੇ, ਪਰ ਉਹ ਭੱਜ ਕੇ ਮੇਰੇ ਕੋਲ਼ ਹੀ ਆਉਂਦੇ ਹਨ,'' ਗਣਪਤੀ ਹੱਸਦਿਆਂ ਕਹਿੰਦੇ ਹਨ ਤੇ ਇੱਕ ਦੂਸਰੇ ਕਮਰੇ ਵਿੱਚ ਆ ਜਾਂਦੇ ਹਨ, ਜੋ ਥੋੜ੍ਹਾ ਵੱਡਾ ਹੈ। ਉਸ ਵਿੱਚ ਨਾਰੀਅਲਾਂ ਦੇ ਢੇਰ ਲੱਗੇ ਹੋਏ ਹਨ ਅਤੇ ਪੱਕ ਕੇ ਪੀਲ਼ੇ ਹੋਏ ਅਮਰੂਦਾਂ ਦੀ ਭਰੀ ਇੱਕ ਬਾਲਟੀ ਵੀ ਪਈ ਹੈ। ''ਮੇਰੀ ਗਾਂ ਇਨ੍ਹਾਂ ਨੂੰ ਖਾ ਜਾਵੇਗੀ। ਫਿਲਹਾਲ ਤਾਂ ਉਹ ਉਸ ਖੇਤ ਵਿੱਚ ਚਰ ਰਹੀ ਹੈ।'' ਨੇੜੇ ਹੀ ਕੁਝ ਦੇਸੀ ਮੁਰਗੀਆਂ ਚੋਗਾ ਚੁਗਣ ਵਿੱਚ ਮਸ਼ਰੂਫ਼ ਹਨ।
ਉਹ ਮੈਨੂੰ ਸਟੋਰ ਤੋਂ ਖਰੀਦੀ ਖਾਦ ਦਿਖਾਉਣ ਲੱਗਦੇ ਹਨ- ਇੱਕ ਵੱਡੀ ਸਾਰੀ ਅਤੇ ਚਿੱਟੀ ਡੋਲਨੁਮਾ ਬਾਲ਼ਟੀ ਵਿੱਚ 'ਸੋਇਲ ਕੰਡੀਸ਼ਨਰ', ਜਿਹਦੀ ਕੀਮਤ 800 ਰੁਪਏ ਹੈ, ਸਲਫਰ ਗ੍ਰੇਨਯੂਲਸ ਅਤੇ ਕੁਝ ਜੈਵ ਖਾਦਾਂ ਰੱਖੀਆਂ ਹੋਈਆਂ ਹਨ। ''ਮੈਂ ਚਾਹੁੰਦਾ ਹਾਂ ਕਿ ਕਾਰਤੀਗਈ ਮਾਸਮ (15 ਨਵੰਬਰ ਤੋਂ 15 ਦਸੰਬਰ) ਦੌਰਾਨ ਚੰਗੀ ਉਪਜ ਹੋਵੇ। ਉਸ ਸਮੇਂ ਕੀਮਤ ਕਾਫ਼ੀ ਉੱਚੀ ਰਹਿੰਦੀ ਹੈ, ਕਿਉਂਕਿ ਇਹ ਵਿਆਹਾਂ ਦਾ ਮੌਸਮ ਹੁੰਦਾ ਹੈ।'' ਬਾਹਰ ਦੇ ਸ਼ੈੱਡ ਦੇ ਇੱਕ ਗ੍ਰੇਨਾਇਟ ਦੇ ਖੰਭੇ ਨਾਲ਼ ਢੋਅ ਲਾ ਕੇ ਬਹਿੰਦਿਆਂ ਮੁਸਕਰਾਉਂਦਿਆਂ ਉਹ ਮੈਨੂੰ ਚੰਗੀ ਖੇਤੀ ਕਰਨ ਦਾ ਰਾਜ ਦੱਸਣ ਲੱਗਦੇ ਹਨ,''ਤੁਹਾਨੂੰ ਪੌਦਿਆਂ ਦੀ ਇੱਜ਼ਤ ਕਰਨੀ ਹੋਵੇਗੀ। ਜੇ ਤੁਸੀਂ ਇੰਝ ਕਰ ਲੈਂਦੇ ਹੋ ਤਦ ਹੀ ਉਹ ਵੀ ਅੱਗਿਓਂ ਤੁਹਾਡੀ ਇੱਜ਼ਤ ਕਰਨਗੇ।''
ਗਣਪਤੀ ਗੱਲਾਂ ਨੂੰ ਘੜ੍ਹਨਾ ਜਾਣਦੇ ਹਨ। ਉਨ੍ਹਾਂ ਮੁਤਾਬਕ ਖੇਤ ਇੱਕ ਰੰਗਮੰਚ ਹਨ ਜਿੱਥੇ ਹਰ ਰੋਜ਼ ਕੋਈ ਨਾ ਕੋਈ ਨਵਾਂ ਨਾਟਕ ਖੇਡਿਆ ਜਾਂਦਾ ਹੈ। ''ਕੱਲ੍ਹ ਰਾਤ 9:45 ਦੀ ਹੀ ਗੱਲ ਲਓ, ਖੇਤਾਂ ਵੱਲ ਚਾਰ ਸੂਰ ਆ ਧਮਕੇ। ਕਰੁੱਪੂ ਉੱਥੇ ਹੀ ਸੀ, ਉਹਨੇ ਸੂਰਾਂ ਨੂੰ ਦੇਖਿਆ। ਦਰਅਸਲ ਸੂਰ ਪੱਕੇ ਅਮਰੂਦਾਂ ਦੀ ਮਹਿਕ ਸੁੰਘ ਇੱਧਰ ਖਿੱਚੇ ਤੁਰੇ ਆਏ ਸਨ। ਕਰੁੱਪੂ ਨੇ ਉਨ੍ਹਾਂ ਵਿੱਚੋਂ ਤਿੰਨ ਸੂਰਾਂ ਨੂੰ ਅੱਗੇ ਲੱਗ ਭਜਾਇਆ ਤੇ ਚੌਥਾ ਆਪਣੇ ਆਪ ਹੀ ਓਧਰ ਭੱਜ ਗਿਆ,'' ਉਨ੍ਹਾਂ ਨੇ ਮੁੱਖ ਸੜਕੋਂ ਪਾਰ ਮੰਦਰ ਤੇ ਖੁੱਲ੍ਹੇ ਖੇਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ। ''ਤੁਸੀਂ ਕੀ ਕਰ ਸਕਦੇ ਹੋ? ਕਾਫ਼ੀ ਪਹਿਲਾਂ ਇੱਥੇ ਹੋਰ ਵੀ ਖ਼ਤਰਨਾਕ ਜਾਨਵਰ ਆਉਂਦੇ-ਲੂੰਬੜੀਆਂ- ਪਰ ਹੁਣ ਉਹ ਨਹੀਂ ਆਉਂਦੇ।''
ਜੇ ਸੂਰ ਨਾ ਆਉਣ ਤਾਂ ਕੀਟ ਉਡੇ ਆਉਂਦੇ ਹਨ। ਚਮੇਲੀ ਦੇ ਖੇਤ ਵਿੱਚ ਤੁਰਦਿਆਂ ਗਣਪਤੀ ਖੋਲ੍ਹ ਕੇ ਇਸ ਬਾਰੇ ਦੱਸਣ ਲੱਗਦੇ ਹਨ ਕਿ ਤਾਜ਼ਾ ਖਿੜੇ ਫੁੱਲਾਂ 'ਤੇ ਕੀੜੇ ਕਿੰਨੀ ਤੇਜ਼ੀ ਨਾਲ਼ ਫ਼ੈਲਦੇ ਹਨ ਤੇ ਘਾਤਕ ਹਮਲਾ ਕਰਦੇ ਹਨ। ਉਹਦੇ ਬਾਅਦ ਉਹ ਹਵਾ ਵਿੱਚ ਪੌਦਿਆਂ ਦੇ ਉਗਣ ਲਈ ਜ਼ਰੂਰੀ ਥਾਂ ਤੇ ਰੂਪਰੇਖਾ ਵਾਹੁਣ ਦੀ ਕੋਸ਼ਿਸ਼ ਕਰਦੇ ਹਨ ਤੇ ਗੱਲਾਂ-ਗੱਲਾਂ ਵਿੱਚ ਮੈਨੂੰ ਖ਼ੁਸ਼ ਕਰਨ ਲਈ ਮੋਤੀਨੁਮਾ ਫੁੱਲ ਤੋੜ ਲੈਂਦੇ ਹਨ। ਉਹ ਖ਼ੁਦ ਵੀ ਉਨ੍ਹਾਂ ਨੂੰ ਸੁੰਘਦੇ ਹਨ, ''ਮਦੁਰਈ ਦੇ ਮੱਲੀ ਦੀ ਮਹਿਕ ਸਭ ਤੋਂ ਉੱਤਮ ਹੁੰਦੀ ਹੈ,'' ਆਪਣਾ ਅੰਦਾਜ਼ਾ ਲਾ ਕੇ ਉਹ ਕਹਿੰਦੇ ਹਨ।
ਮੈਂ ਸਹਿਮਤੀ ਵਿੱਚ ਸਿਰ ਹਿਲਾਉਂਦੀ ਹਾਂ। ਇਹਦੀ ਖ਼ੁਸ਼ਬੂ ਵਾਕਿਆ ਮਦਹੋਸ਼ ਕਰਨ ਵਾਲ਼ੀ ਹੈ ਤੇ ਵਾਹਣ ਦੀ ਲਾਲ ਮਿੱਟੀ 'ਤੇ ਤੁਰਨਾ ਤੇ ਮਿੱਟੀ ਵਿੱਚ ਮੌਜੂਦ ਕੰਕਰਾਂ ਨੂੰ ਆਪਣੇ ਪੈਰਾਂ ਹੇਠ ਮਹਿਸੂਸ ਕਰਨਾ, ਖੇਤੀ ਦੀਆਂ ਬਾਰੀਕੀਆਂ ਬਾਰੇ ਗਣਪਤੀ ਕੋਲ਼ੋਂ ਤੇ ਉਨ੍ਹਾਂ ਦੀ ਪਤਨੀ ਪਿਚਈਅੰਮਾ ਕੋਲ਼ੋਂ ਤਜ਼ਰਬਿਆਂ ਬਾਰੇ ਸੁਣਨਾ ਤੇ ਇਸ ਪੂਰੇ ਮਾਹੌਲ ਨੂੰ ਮਹਿਸੂਸ ਕਰਨਾ ਆਪਣੇ-ਆਪ ਵਿੱਚ ਗੌਰਵ ਦੀ ਗੱਲ ਰਹੀ। ''ਅਸੀਂ ਕੋਈ ਬਹੁਤੇ ਵੱਡੇ ਜ਼ਿਮੀਂਦਾਰ ਤਾਂ ਨਹੀਂ, ਅਸੀਂ ਚਿੰਨ ਸਮਸਾਰੀ (ਛੋਟੇ ਕਿਸਾਨ) ਹਾਂ। ਅਸੀਂ ਅਰਾਮ ਨਾਲ਼ ਵਿਹਲੇ ਬਹਿ ਕੇ ਜੀਵਨ ਨਹੀਂ ਗੁਜ਼ਾਰ ਸਕਦੇ। ਮੇਰੀ ਪਤਨੀ ਵੀ ਦੂਜੇ ਮਜ਼ਦੂਰਾਂ ਨਾਲ਼ ਕੰਮ ਕਰਦੀ ਹੈ। ਇਸੇ ਤਰ੍ਹਾਂ ਹੀ ਸਾਡਾ ਗੁਜ਼ਾਰਾ ਹੁੰਦਾ ਜਾਂਦਾ ਹੈ।''
*****
ਇਸ ਇਲਾਕੇ ਵਿੱਚ ਚਮੇਲੀ ਕੋਈ 2,000 ਸਾਲਾਂ ਤੋਂ ਬੀਜੀ ਜਾਂਦੀ ਰਹੀ ਹੈ ਤੇ ਇਹਦਾ ਆਪਣਾ ਹੀ ਵਿਲੱਖਣ ਇਤਿਹਾਸ ਵੀ ਰਿਹਾ ਹੈ। ਕਿਸੇ ਮਾਲ਼ਾ ਵਿੱਚ ਚਿਣੇ ਫੁੱਲ ਵਾਂਗਰ ਹੀ ਤਮਿਲ-ਇਤਿਹਾਸ ਅੰਦਰ ਚਮੇਲੀ ਦਾ ਜ਼ਿਕਰ ਆਉਂਦਾ ਹੈ। ਸੰਗਮ ਕਾਲ ਦੇ ਸਾਹਿਤ ਵਿੱਚ 100 ਤੋਂ ਵੱਧ ਵਾਰ ਮੁੱਲਈ (ਜਿਵੇਂ ਕਿ ਉਸ ਕਾਲ ਵਿੱਚ ਚਮੇਲੀ ਨੂੰ ਕਿਹਾ ਜਾਂਦਾ ਸੀ) ਦਾ ਜ਼ਿਕਰ ਮਿਲ਼ਦਾ ਹੈ। ਹਵਾਈ-ਅਧਾਰਤ ਸੰਗਮ ਤਮਿਲ ਦੀ ਵਿਦੂਸ਼ੀ ਅਤੇ ਅਨੁਵਾਦਕ ਵੈਦੇਹੀ ਹਰਬਰਟ ਮੁਤਾਬਕ, ਤਮਿਲ ਇਤਿਹਾਸ ਵਿੱਚ ਇਸ ਫੁੱਲ ਦੀਆਂ ਅੱਡ-ਅੱਡ ਕਿਸਮਾਂ ਦਾ ਉਲੇਖ ਵੀ ਮਿਲ਼ਦਾ ਹੈ। ਵੈਦੇਹੀ ਨੇ 300 ਈਸਵੀ ਪੂਰਵ ਤੋਂ 250 ਈਸਵੀ ਦੇ ਵਿਚਕਾਰ ਲਿਖੇ ਗਏ ਸੰਗਮ-ਯੁੱਗ ਦੀਆਂ ਸਾਰੀਆਂ 18 ਕਿਤਾਬਾਂ ਨੂੰ ਨਾ ਸਿਰਫ਼ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ, ਸਗੋਂ ਬਿਨਾ ਕੋਈ ਪੈਸਾ ਲਏ ਉਨ੍ਹਾਂ ਨੂੰ ਆਨਲਾਈਨ ਉਪਲਬਧ ਕਰਾਉਣ ਦਾ ਮਹੱਤਵਪੂਰਨ ਕੰਮ ਵੀ ਕੀਤਾ ਹੈ।
ਉਹ ਦੱਸਦੀ ਹਨ ਕਿ ਮੱਲੀਗਈ ਸ਼ਬਦ ਤੋਂ ਹੀ ਮੁੱਲਈ ਸ਼ਬਦ ਦੀ ਉਤਪਤੀ ਹੋਈ ਹੈ। ਇਹੀ ਤਬਦੀਲ ਹੋ ਕੇ ਹੁਣ ਮੱਲੀ ਬਣ ਗਿਆ ਹੈ। ਸੰਗਮ ਸਾਹਿਤ ਵਿੱਚ ਮੁੱਲਈ ਨੂੰ ਪੰਜ ਅੰਦਰੂਨੀ ਭੂ-ਦ੍ਰਿਸ਼ਾਂ ' ਅਕਮ ਤਿਨਈਸ ' ਵਿੱਚੋਂ ਇੱਕ ਦੱਸਿਆ ਗਿਆ ਹੈ। ਇਹ ਵਣਾਂ ਅਤੇ ਉਨ੍ਹਾਂ ਨਾਲ਼ ਜੁੜੀਆਂ ਜ਼ਮੀਨਾਂ ਵੱਲ ਇਸ਼ਾਰਾ ਕਰਦਾ ਹੈ। ਬਾਕੀ ਚਾਰਾਂ ਦੇ ਨਾਮ ਵੀ ਫੁੱਲਾਂ ਜਾਂ ਰੁੱਖਾਂ ਦੇ ਨਾਮ 'ਤੇ ਹਨ। ਇਹ ਹਨ- ਕੁਰਿੰਜੀ (ਪਹਾੜ), ਮਰੂਤਮ (ਖੇਤ), ਨੇਤਲ (ਸਮੁੰਦਰੀ ਤਟ) ਅਤੇ ਪਲਈ (ਖੁਸ਼ਕ ਬੀਆਬਾਨ)।
ਆਪਣੇ ਬਲਾਗ ਵਿੱਚ ਵੈਦੇਹੀ ਜ਼ਿਕਰ ਕਰਦੀ ਹਨ ਕਿ ਸੰਗਮ ਲੇਖਕ ''ਅਕਮ ਤਿਨਈਸ ਨੂੰ ਕਵਿਤਾ ਵਿੱਚਲਾ ਪ੍ਰਭਾਵ ਪੈਦਾ ਕਰਨ ਲਈ ਵਰਤਿਆ ਕਰਦੇ ਸਨ।'' ਉਹ ਕਹਿੰਦੀ ਹਨ,''ਇਹ ਰੂਪਕ ਅਤੇ ਉਪਮਾਵਾਂ ਕਿਸੇ ਖ਼ਾਸ ਦ੍ਰਿਸ਼ ਨੂੰ ਪੇਸ਼ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਹਨ। ਬਨਸਪਤੀਆਂ, ਪਸ਼ੂ-ਪੰਛੀ ਤੇ ਕਿਸੇ ਖ਼ਾਸ ਦ੍ਰਿਸ਼ ਦੀ ਵਰਤੋਂ ਵੀ ਕਵਿਤਾ ਵਿੱਚ ਇਸਤੇਮਾਲ ਕਿਸੇ ਕਿਰਦਾਰ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਭਾਵਨਾਵਾਂ ਦੇ ਪ੍ਰਗਟਾਵੇ ਲਈ ਹੁੰਦਾ ਹੈ।'' ਮੁੱਲਈ ਭੂ-ਦ੍ਰਿਸ਼ ਵਿੱਚ ਦਰਜ ਇਨ੍ਹਾਂ ਆਇਤਾਂ ਦਾ ਵਿਸ਼ਾ ਹੈ ''ਧੀਰਜ ਨਾਲ਼ ਉਡੀਕ ਕਰਨਾ।'' ਭਾਵ ਨਾਇਕਾ ਬੜੇ ਧੀਰਜ ਨਾਲ਼ ਯਾਤਰਾ ਤੋਂ ਮੁੜਨ ਵਾਲ਼ੇ ਆਪਣੇ ਪ੍ਰੇਮੀ ਦੇ ਆਉਣ ਦੀ ਉਡੀਕ ਕਰ ਰਹੀ ਹੈ।
2,000 ਸਾਲ ਪੁਰਾਣੀ ਇਸ ਆਇਨਕੁਰੂਨੂਰੂ ਕਵਿਤਾ ਵਿੱਚ, ਆਦਮੀ ਆਪਣੀ ਪ੍ਰੇਮਿਕਾ ਦੀ ਸੁੰਦਰਤਾ ਮਾਣਨ ਲਈ ਤਰਸਦਾ ਜਾਪਦਾ ਹੈ:
ਕੋਈ ਮੋਰ ਤੇਰੇ ਵਾਂਗ ਨਾਚ ਕਰੇ ਜਿਓਂ
ਕੋਈ ਚਮੇਲੀ ਤੇਰੇ ਵਾਲ਼ਾਂ ਦੀ ਲਟ ਹੋਵੇ
ਮਹਿਕੇ ਵਾਂਗਰ ਸੁਗੰਧ ਕਿਸੇ
ਜਿਓਂ ਕੋਈ ਹਿਰਨੀ ਤੇਰੀਆਂ ਸਹਿਮੀਆਂ
ਅੱਖਾਂ ਵਿੱਚ ਝਾਕਦੀ ਹੋਵੇ
ਤੇਰੇ ਸਹਿਮ ਬਾਰੇ ਸੋਚਦਿਆਂ ਹੀ ਮੈਂ
ਘਰ ਭੱਜ ਆਉਂਦਾ ਹਾਂ
ਮੇਰੀ ਪਿਆਰੀ ਮਾਨਸੂਨ ਦੀ ਬੱਦਲੀ
ਵਾਂਗਰ ਉਡਦੀ ਜਾਂਦੀ ਜਿਓਂ।
OldTamilPoetry.com ਨੂੰ ਚਲਾਉਣ ਵਾਲ਼ੀਆਂ ਸੰਗਮ ਯੁੱਗ ਦੀਆਂ ਕਵਿਤਾਵਾਂ ਦੇ ਅਨੁਵਾਦਕ ਚੈਂਤਿਲ ਨਾਥਨ ਕਹਿੰਦੇ ਹਨ, "ਮੈਨੂੰ ਸੰਗਮ ਕਵਿਤਾ ਵਿੱਚ ਜ਼ਿਕਰ ਕੀਤੇ ਗਏ ਸੱਤ ਮਹਾਨ ਸਰਪ੍ਰਸਤਾਂ ਵਿੱਚੋਂ ਇੱਕ, ਚੀਫ਼ ਪਰੀ ਬਾਰੇ ਪ੍ਰਸਿੱਧ ਯਾਦਾਂ ਵਿੱਚ ਇੱਕ ਹੋਰ ਕਵਿਤਾ ਮਿਲੀ ਹੈ। ਚੈਂਤਿਲ ਕਹਿੰਦੇ ਹਨ, ਇਹ ਇੱਕ ਲੰਬੀ ਕਵਿਤਾ ਹੈ, ਪਰ ਇਹ ਚਾਰ ਲਾਈਨਾਂ ਸੁੰਦਰ ਅਤੇ ਢੁਕਵੀਆਂ ਹਨ।
ਪਰੀ, ਜਿਹਦੀ ਪ੍ਰਸਿੱਧੀ ਦੂਰ ਤੱਕ ਸੀ
ਫੈਲੀ ਹੋਈ
ਉਹਨੇ ਆਪਣਾ ਰਾਜਸੀ ਰਥ ਤਿਆਗ
ਦਿੱਤਾ ਸੀ,
ਜਿਸ
‘
ਤੇ ਟੱਲੀਆਂ ਲਮਕਦੀਆਂ ਸੀ
ਕਿਉਂਕਿ
ਖਿੜਦੀਆਂ ਚਮੇਲੀਆਂ ਦੀ ਲਤਾ ਨੇ
ਉਹਨੂੰ
ਕੀਲ਼ ਲਿਆ ਸੀ
ਜੋ
ਬਗ਼ੈਰ ਕਿਸੇ ਸਹਾਰੇ ਉਤਾਂਹ
ਚੜ੍ਹ
ਰਹੀਆਂ ਸਨ
ਹਾਲਾਂਕਿ,
ਉਹਦੀ ਪ੍ਰਸ਼ੰਸਾ ਵਿੱਚ ਗੀਤ
ਗਾਉਣਾ
ਅਸੰਭਵ ਹੈ...
ਪੂਰਨਾਨੂਰ 200, ਸਤਰ 9-12
ਜੈਸਮੀਨਮ ਸੰਬਾਕ ਮੱਲੀ ਕਿਸਮ ਦਾ ਵਿਗਿਆਨਕ ਨਾਮ ਹੈ ਜੋ ਅੱਜ ਤਾਮਿਲਨਾਡੂ ਵਿੱਚ ਵਿਆਪਕ ਤੌਰ 'ਤੇ ਉਗਾਈ ਜਾਂਦੀ ਹੈ। ਰਾਜ ਖੁੱਲ੍ਹੇ ਫੁੱਲਾਂ ਦੀ ਕਾਸ਼ਤ ਵਿੱਚ (ਕੱਟੇ ਹੋਏ ਫੁੱਲਾਂ ਦੇ ਉਲਟ) ਦੇਸ਼ ਦੀ ਅਗਵਾਈ ਕਰਦਾ ਹੈ। ਅਤੇ ਜੈਸਮੀਨ ਦੇ ਉਤਪਾਦਨ ਵਿੱਚ ਇੱਕ ਸਪੱਸ਼ਟ ਮੋਹਰੀ ਹੋਣ ਦੇ ਨਾਤੇ, ਭਾਰਤ ਵਿੱਚ ਉਗਾਏ ਗਏ ਕੁੱਲ 240,000 ਟਨ ਵਿੱਚੋਂ 180,000 ਟਨ ਜੈਸਮੀਨ ਦਾ ਯੋਗਦਾਨ ਪਾਉਂਦਾ ਹੈ।
ਮਦੁਰਈ ਮੱਲੀ - ਜਿਸ ਦੇ ਨਾਮ ਦਾ ਭੂਗੋਲਿਕ ਸੰਕੇਤ ਹੈ - ਦੀਆਂ ਕਈ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਵਿਚੋਂ : 'ਡੂੰਘੀ ਖੁਸ਼ਬੂ, ਮੋਟੀਆਂ ਪੱਤੀਆਂ, ਲੰਮੀਆਂ ਡੰਡੀਆਂ, ਕਲ਼ੀਆਂ ਦਾ ਦੇਰ ਨਾਲ਼ ਖੁੱਲ੍ਹਣਾ, ਪੰਖੜੀ ਦੇ ਰੰਗ ਦੇਰੀ ਨਾਲ਼ ਉਡਣਾ ਅਤੇ ਗੁਣਵੱਤਾ ਨੂੰ ਬਣਾਈ ਰੱਖਣਾ (ਲੰਮਾ ਟਿਕਾਊਪਣ)।'
ਜੈਸਮੀਨ ਦੀਆਂ ਹੋਰ ਕਿਸਮਾਂ ਦੇ ਵੀ ਦਿਲਚਸਪ ਨਾਮ ਹਨ। ਮਦੁਰਈ ਮੱਲੀ ਤੋਂ ਇਲਾਵਾ, ਉਹ ਗੁੰਡੂ ਮੱਲੀ, ਅਵਰ ਓਰੂ ਮੱਲੀ, ਅੰਬੂ ਮੱਲੀ, ਰਾਮਬਨਮ, ਮਦਨਬਨਮ, ਇਰਵਾਂਚੀ, ਇਰੁਵਾਚਿਪੂ, ਕਸਤੂਰੀ ਮੱਲੀ, ਓਸੀ ਮੱਲੀ ਅਤੇ ਸਿੰਗਲ ਮੋਗਰਾ ਵਜੋਂ ਜਾਣੇ ਜਾਂਦੀ ਹੈ।
ਹਾਲਾਂਕਿ, ਮਦੁਰਈ ਮੱਲੀ ਸਿਰਫ ਮਦੁਰਈ ਤੱਕ ਹੀ ਸੀਮਤ ਨਹੀਂ ਹੈ, ਇਹ ਵਿਰੁਧੁਨਗਰ, ਥੈਨੀ, ਡਿੰਡੀਗੁਲ ਅਤੇ ਸਿਵਾਗੰਗਾਈ ਸਮੇਤ ਕਈ ਜ਼ਿਲ੍ਹਿਆਂ ਵਿੱਚ ਵੱਧ ਰਹੀ ਹੈ। ਸਾਰੇ ਫੁੱਲ ਤਾਮਿਲਨਾਡੂ ਦੀ 2.8 ਪ੍ਰਤੀਸ਼ਤ ਖੇਤੀਬਾੜੀ ਵਾਲ਼ੀ ਜ਼ਮੀਨ 'ਤੇ ਇਕੱਠੇ ਉਗਾਏ ਜਾਂਦੇ ਹਨ, ਜਦੋਂ ਕਿ ਚਮੇਲੀ ਦੀਆਂ ਕਿਸਮਾਂ ਇਸ ਜ਼ਮੀਨ ਦੇ 40 ਪ੍ਰਤੀਸ਼ਤ ਹਿੱਸੇ 'ਤੇ ਕਾਬਜ਼ ਹਨ। ਹਰ ਛੇ ਵਿੱਚੋਂ ਇੱਕ ਚਮੇਲੀ ਦੇ ਖੇਤ - ਯਾਨੀ ਕਿ, ਰਾਜ ਦੇ ਕੁੱਲ 13,719 ਹੈਕਟੇਅਰ ਵਿੱਚੋਂ 1,666 - ਮਦੁਰਾਈ ਖੇਤਰ ਵਿੱਚ ਹੈ।
ਹਾਲਾਂਕਿ ਇਹ ਅੰਕੜੇ ਕਾਗਜ਼ਾਂ 'ਤੇ ਬਹੁਤ ਵਧੀਆ ਦਿਖਾਈ ਦਿੰਦੇ ਹਨ, ਪਰ ਅਸਲ ਵਿੱਚ, ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਕਿਸਾਨ ਨੂੰ ਘਬਰਾਹਟ ਵਿੱਚ ਪਾ ਦਿੰਦਾ ਹੈ। ਮਟੂਥਵਾਨੀ ਫੁੱਲਾਂ ਦੇ ਬਾਜ਼ਾਰ ਵਿੱਚ (ਸਤੰਬਰ 2022 ਅਤੇ ਦਸੰਬਰ 2021 ਵਿੱਚ) 120 ਰੁਪਏ ਪ੍ਰਤੀ ਕਿਲੋ ਦੇ ਆਧਾਰ ਮੁੱਲ ਤੋਂ ਲੈ ਕੇ 3,000 ਰੁਪਏ ਅਤੇ 4,000 ਰੁਪਏ ਤੱਕ, ਬੇਤੁਕੇ ਅਤੇ ਅਸਥਿਰ ਰੇਟ ਥਾਂ-ਥਾਂ 'ਤੇ ਹਨ।
*****
ਫੁੱਲਾਂ ਦੀ ਫਸਲ ਲਾਟਰੀ ਵਾਂਗ ਹੁੰਦੀ ਹੈ। ਇਹ ਸਮੇਂ ਤੇ ਨਿਰਭਰ ਕਰਦਾ ਹੈ। "ਜੇ ਤਿਉਹਾਰ ਦੇ ਦੌਰਾਨ ਤੁਹਾਡੇ ਪੌਦਿਆਂ ਨੂੰ ਫੁੱਲ-ਫੁਲਾਕਾ ਪੈਂਦਾ ਹੈ, ਤਾਂ ਤੁਹਾਨੂੰ ਲਾਭ ਹੋਵੇਗਾ। ਨਹੀਂ ਤਾਂ ਤੁਹਾਡੇ ਬੱਚੇ ਇਸ ਕੰਮ ਨੂੰ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਪਏਗਾ। ਉਹ ਕੀ ਕਰ ਸਕਦੇ ਹਨ? ਉਹ ਆਪਣੇ ਮਾਪਿਆਂ ਨੂੰ ਸੰਘਰਸ਼ ਕਰਦੇ ਦੇਖ ਕੇ ਵੀ ਇੰਝ ਕਿਵੇਂ ਕਰ ਸਕਦੇ ਹਨ?'' ਗਣਪਤੀ ਨੇ ਜਵਾਬ ਦੀ ਉਡੀਕ ਨਾ ਕਰਦੇ ਹੋਏ ਪੁੱਛਿਆ। ਉਨ੍ਹਾਂ ਨੇ ਗੱਲ ਜਾਰੀ ਰੱਖਦਿਆਂ ਅੱਗੇ ਕਿਹਾ: ''ਛੋਟੇ ਕਿਸਾਨ ਵੱਡੇ ਕਿਸਾਨਾਂ ਨਾਲ਼ ਮੁਕਾਬਲਾ ਨਹੀਂ ਕਰ ਸਕਦੇ। ਵੱਡੇ ਖੇਤਾਂ ਦੇ ਮਾਲਕ ਮਜ਼ਦੂਰਾਂ ਨੂੰ ਦਸ ਰੁਪਏ ਜ਼ਿਆਦਾ ਦੇ ਸਕਦੇ ਹਨ ਜਦੋਂ ਉਨ੍ਹਾਂ ਨੂੰ 50 ਕਿੱਲੋ ਫੁੱਲ ਤੋੜਨ ਲਈ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਉਹ ਨਾਸ਼ਤਾ ਦੇ ਸਕਦੇ ਹਨ। ਕੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ?"
ਦੂਸਰੇ ਛੋਟੇ ਕਿਸਾਨਾਂ ਵਾਂਗਰ ਉਨ੍ਹਾਂ ਨੂੰ ਵੀ ਵੱਡੇ ਵਪਾਰੀਆਂ ਦੇ ਕੋਲ਼ ਆਸਰਾ (ਅਡਈਕਲਮ) ਲੈਣਾ ਪੈਂਦਾ ਹੈ। "ਫੁੱਲ-ਫੁਲਾਕਾ ਪੈਣ ਸਮੇਂ, ਮੈਂ ਕਈ ਵਾਰ ਸਵੇਰੇ, ਦੁਪਹਿਰ, ਸ਼ਾਮ ਨੂੰ ਫੁੱਲਾਂ ਦੀਆਂ ਥੈਲੀਆਂ ਲੈ ਕੇ ਬਾਜ਼ਾਰ ਜਾਂਦਾ ਹਾਂ। ਉਤਪਾਦਾਂ ਨੂੰ ਵੇਚਣ ਵਿੱਚ ਮੈਨੂੰ ਵਪਾਰੀਆਂ ਦੀ ਮਦਦ ਦੀ ਲੋੜ ਰਹਿੰਦੀ ਹੈ," ਗਣਪਤੀ ਦੱਸਦੇ ਹਨ। ਜੈਸਮੀਨ ਦੀ ਵਿਕਰੀ ਵਿੱਚੋਂ ਖੱਟੇ ਹਰ ਰੁਪਏ ਬਦਲੇ ਵਪਾਰੀ ਨੂੰ 10 ਪੈਸੇ ਦਾ ਕਮਿਸ਼ਨ ਮਿਲਦਾ ਹੈ।
ਪੰਜ ਸਾਲ ਪਹਿਲਾਂ ਗਣਪਤੀ ਨੇ ਮਦੁਰਾਈ ਦੇ ਫੁੱਲਾਂ ਦੇ ਵਿਕਰੇਤਾ ਪੂਕਕਾਦਾਈ ਰਾਮਚੰਦਰਨ ਤੋਂ ਕੁਝ ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਮਦੁਰਈ ਫਲਾਵਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਫੁੱਲ ਵੇਚ ਕੇ ਪੈਸੇ ਅਦਾ ਕੀਤੇ। ਅਜਿਹੇ ਲੈਣ-ਦੇਣ ਵਿੱਚ ਕਮਿਸ਼ਨ ਜ਼ਿਆਦਾ ਹੋਵੇਗਾ ਅਤੇ ਇਹ 10 ਫੀਸਦੀ ਤੋਂ ਵਧ ਕੇ 12.5 ਫੀਸਦੀ ਹੋ ਜਾਵੇਗਾ।
ਛੋਟੇ ਕਿਸਾਨ ਹੋਰ ਆਗਤਾਂ ਦੇ ਨਾਲ਼ ਕੀਟਨਾਸ਼ਕਾਂ ਨੂੰ ਖਰੀਦਣ ਲਈ ਥੋੜ੍ਹੇ ਸਮੇਂ ਦੇ ਕਰਜ਼ੇ ਵੀ ਲੈਂਦੇ ਹਨ। ਪੌਦਿਆਂ ਅਤੇ ਕੀੜਿਆਂ ਵਿਚਕਾਰ ਟਕਰਾਅ ਲਗਾਤਾਰ ਹੁੰਦਾ ਰਹਿੰਦਾ ਹੈ। ਵਿਅੰਗਾਤਮਕ ਗੱਲ ਇਹ ਹੈ ਕਿ ਭਾਵੇਂ ਰਾਗੀ ਇੱਕ ਸਖ਼ਤ ਫਸਲ ਹੈ, ਪਰ ਇਸ ਵਿੱਚ ਹਾਥੀਆਂ ਦੀ ਭਰਮਾਰ ਹੁੰਦੀ ਹੈ। ਨਤੀਜੇ ਵਜੋਂ, ਉਨ੍ਹਾਂ ਨੇ ਇਸ ਦੀ ਬਜਾਏ ਫੁੱਲ ਉਗਾਉਣੇ ਸ਼ੁਰੂ ਕਰ ਦਿੱਤੇ ਹਨ। ਮਦੁਰਈ ਦੇ ਫੁੱਲਾਂ ਵਾਲੇ ਪੌਦਿਆਂ ਨੂੰ ਕਲੀ ਦੇ ਕੀੜੇ, ਫੁੱਲਾਂ ਦੇ ਕੀਟ, ਪੱਤੇ ਛੇਦਕ ਅਤੇ ਕੀਟ ਕੀੜਿਆਂ ਦੀ ਸਮੱਸਿਆ ਹੈ। ਇਨ੍ਹਾਂ ਨਾਲ਼ ਫੁੱਲ ਦਾ ਰੰਗ ਖਤਮ ਹੋ ਜਾਂਦਾ ਹੈ ਅਤੇ ਪੌਦਿਆਂ ਦਾ ਨੁਕਸਾਨ ਹੋ ਜਾਂਦਾ ਹੈ, ਜਿਸ ਨਾਲ਼ ਕਿਸਾਨ ਪ੍ਰੇਸ਼ਾਨ ਹੋ ਜਾਂਦੇ ਹਨ।
ਗਣਪਤੀ ਦੇ ਘਰ ਤੋਂ ਥੋੜ੍ਹੀ ਦੂਰ ਤੀਰੂਮਲ ਪਿੰਡ ਵਿੱਚ ਅਸੀਂ ਦੇਖਿਆ ਕਿ ਸਾਰਾ ਖੇਤ ਬਰਬਾਦ ਹੋ ਗਿਆ ਸੀ ਅਤੇ ਇਹਦੇ ਤਬਾਹ ਹੋਣ ਨਾਲ਼ ਸੁਪਨੇ ਵੀ ਤਬਾਹ ਹੋਏ। ਇਹ ਮੱਲੀ ਥੋਟਮ (ਚਮੇਲੀ ਦਾ ਖੇਤ) 50 ਸਾਲਾ ਆਰ ਚਿਨੰਮਾ ਅਤੇ ਉਨ੍ਹਾਂ ਦੇ ਪਤੀ ਰਾਮਰ ਦਾ ਹੈ। ਉਨ੍ਹਾਂ ਦੇ ਦੋ ਸਾਲਾਂ ਦੀ ਉਮਰ ਦੇ ਪੌਦੇ ਚਿੱਟੇ ਜੈਸਮੀਨ ਸਨ। ਪਰ ਇਹ ਸਾਰੇ "ਦੂਜੀ ਕਿਸਮ ਦੇ ਫੁੱਲ ਹਨ, ਉਨ੍ਹਾਂ ਨੂੰ ਬਹੁਤ ਘੱਟ ਕੀਮਤ ਮਿਲਦੀ ਹੈ," ਉਹ ਕਹਿੰਦੇ ਹਨ। ਉਹ ਰੋਗੀ ਹਨ, ਉਹ ਠੰਡਾ ਸਾਹ ਲੈਂਦੇ ਹੋਏ ਮੂੰਹ ‘ਚੋਂ ਚਿਕ-ਚਿਕ ਦੀ ਅਵਾਜ਼ ਕੱਢਦਿਆਂ, ਆਪਣਾ ਸਿਰ ਹਿਲਾਉਂਦਿਆਂ ਕਹਿੰਦੇ ਹਨ,"ਫੁੱਲ ਖਿੜਦੇ ਨਹੀਂ। ਉਹ ਵੱਡੇ ਵੀ ਨਹੀਂ ਹੁੰਦੇ।"
ਹਾਲਾਂਕਿ, ਇਸ ਵਿੱਚ ਸ਼ਾਮਲ ਮਿਹਨਤ ਹਰ ਕਿਸੇ ਨੂੰ ਪਰੇਸ਼ਾਨ ਕਰਦੀ ਹੈ। ਵਡੇਰੀ ਉਮਰ ਦੀਆਂ ਔਰਤਾਂ, ਛੋਟੇ ਬੱਚੇ, ਕਾਲਜ ਜਾਣ ਵਾਲ਼ੀਆਂ ਕੁੜੀਆਂ – ਇਹ ਸਾਰੀਆਂ ਹੀ ਕਲੀਆਂ ਚੁਣਦੀਆਂ ਹਨ। ਚਿਨੰਮਾ ਸਾਡੇ ਨਾਲ਼ ਗੱਲ ਕਰਦੀ ਹੋਈ ਹੌਲੀ-ਹੌਲੀ ਸ਼ਾਖਾਵਾਂ ਨੂੰ ਹਿਲਾਉਂਦੀ ਹਨ, ਕਲ਼ੀਆਂ ਨੂੰ ਟਟੋਲੀ ਫਿਰਦੀ ਹਨ, ਉਨ੍ਹਾਂ ਨੂੰ ਤੋੜਦੀ ਹੋਈ ਉਨ੍ਹਾਂ ਨੂੰ ਕੰਡਾਂਗੀ ਸ਼ੈਲੀ ਵਿੱਚ ਬੰਨ੍ਹੀ ਆਪਣੀ ਸਾੜ੍ਹੀ ਵਿੱਚ ਰੱਖਦੀ ਜਾਂਦੀ ਹਨ। ਉਨ੍ਹਾਂ ਦੇ ਪਤੀ ਰਾਮਰ ਨੇ ਖੇਤਾਂ ਵਿੱਚ ਬਹੁਤ ਸਾਰੇ ਕੀਟਨਾਸ਼ਕ ਛਿੜਕਣ ਦੀ ਕੋਸ਼ਿਸ਼ ਕੀਤੀ। "ਉਹਨਾਂ ਨੇ ਬਹੁਤ ਸਾਰੀਆਂ 'ਵਜ਼ਨ ਵਾਲ਼ੀਆਂ ਦਵਾਈਆਂ' ਦੀ ਵਰਤੋਂ ਕੀਤੀ, ਜੋ ਕਿ ਆਮ ਦਵਾਈਆਂ ਨਹੀਂ ਸਨ। ਇਨ੍ਹਾਂ ਦੀ ਕੀਮਤ 450 ਰੁਪਏ ਪ੍ਰਤੀ ਲੀਟਰ ਹੈ। ਪਰ ਕਿਸੇ ਵੀ ਚੀਜ਼ ਨੇ ਕੰਮ ਨਹੀਂ ਕੀਤਾ! ਗੱਲ ਉਸ ਹੱਦ ਤਕ ਪਹੁੰਚ ਗਈ ਕਿ ਦੁਕਾਨ ਦੇ ਮਾਲਕ ਨੇ ਉਸ ਨੂੰ ਕਿਹਾ ਕਿ ਹੁਣ ਪੈਸੇ ਬਰਬਾਦ ਨਾ ਕਰੋ।" ਫਿਰ ਰਾਮਰ ਨੇ ਚਿਨੰਮਾ ਨੂੰ ਕਿਹਾ, "ਚਲੋ ਪੌਦਿਆਂ ਨੂੰ ਉਖਾੜ ਸੁੱਟ ਦੇਈਏ। ਸਾਡਾ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।''
ਚਿਨੰਮਾ ਨੇ ਕਿਹਾ, ਇਸੇ ਲਈ ਉਸ ਦਾ ਪਤੀ ਖੇਤ ਵਿੱਚ ਨਹੀਂ ਸੀ। ਉਹ ਕਹਿੰਦੇ ਹਨ, " ਵਾਹੀਤੇਰੀਚਲ '' , ਤਾਮਿਲ ਸ਼ਬਦ ਦਾ ਸ਼ਾਬਦਿਕ ਅਰਥ ਹੈ ਪੇਟ ਦੀ ਜਲਣ, ਜੋ ਕੁੜੱਤਣ ਅਤੇ ਈਰਖਾ ਨੂੰ ਦਰਸਾਉਂਦਾ ਹੈ। "ਜੇ ਦੂਜਿਆਂ ਨੂੰ ਇਕ ਕਿੱਲੋ ਚਮੇਲੀ ਲਈ 600 ਰੁਪਏ ਮਿਲਦੇ ਹਨ, ਤਾਂ ਸਾਨੂੰ 100 ਰੁਪਏ ਮਿਲਦੇ ਹਨ। ਉਨ੍ਹਾਂ ਨੇ ਟਹਿਣੀਆਂ ਨੂੰ ਨਾਜ਼ੁਕਤਾ ਨਾਲ਼ ਫੜ ਲਿਆ ਅਤੇ ਹੇਠਾਂ ਲੱਗੀਆਂ ਕਲ਼ੀਆਂ ਤੱਕ ਪਹੁੰਚਣ ਲਈ ਲੱਕ ਨੂੰ ਝੁਕਾ ਲਿਆ। "ਜੇ ਸਾਡੇ ਕੋਲ਼ ਚੰਗੀ ਫਸਲ ਹੈ, ਤਾਂ ਸਾਨੂੰ ਵੱਡੇ ਪੌਦੇ ਦੇ ਫੁੱਲਾਂ ਨੂੰ ਤੋੜਨ ਵਿੱਚ ਕਈ ਮਿੰਟ ਲੱਗਣਗੇ। ਪਰ ਹੁਣ..." ਅਤੇ ਉਹ ਤੇਜ਼ੀ ਨਾਲ਼ ਅਗਲੇ ਵੱਲ ਵੱਧ ਜਾਂਦੀ ਹਨ।
ਗਣਪਤੀ ਕਹਿੰਦੇ ਹਨ, ਉਪਜ ਬਹੁਤ ਸਾਰੇ ਕਾਰਕਾਂ 'ਤੇ ਨਿਰਭਰ ਕਰਦੀ ਹੈ, ਆਪਣਾ ਤੌਲੀਆ ਆਪਣੇ ਮੋਢੇ 'ਤੇ ਸੁੱਟਦੇ ਹੋਏ ਅਤੇ ਚਿਨੰਮਾ ਦੇ ਪੌਦਿਆਂ ਵੱਲ ਆਪਣਾ ਹੱਥ ਵਧਾਉਂਦੇ ਹੋਏ ਕਹਿੰਦੇ ਹਨ। "ਇਹ ਕਿਸਾਨ ਦੀ ਮਿੱਟੀ, ਵਿਕਾਸ, ਹੁਨਰ ਦੇ ਅਨੁਸਾਰ ਵੱਖ-ਵੱਖ ਹੁੰਦਾ ਹੈ। ਤੁਸੀਂ ਇਸ ਨੂੰ ਇੱਕ ਬੱਚੇ ਵਾਂਗ ਪਾਲੋਗੇ," ਉਹ ਫਿਰ ਕਹਿੰਦੇ ਹਨ। "ਤੁਸੀਂ ਇਹ ਨਹੀਂ ਸੁਣ ਸਕਦੇ ਕਿ ਬੱਚੇ ਨੇ ਕੀ ਕਹਿਣਾ ਹੈ, ਕੀ ਤੁਸੀਂ ਕਹਿ ਸਕਦੇ ਹੋ? ਤੁਹਾਨੂੰ ਸਹਿਜ-ਗਿਆਨ ਨਾਲ਼ ਉਡੀਕ ਕਰਨੀ ਪਵੇਗੀ ਅਤੇ ਜਵਾਬ ਦੇਣਾ ਪਵੇਗਾ। ਇੱਕ ਬੱਚੇ ਦੀ ਤਰ੍ਹਾਂ, ਇੱਕ ਪੌਦਾ ਰੋ ਨਹੀਂ ਸਕਦਾ। ਪਰ ਜੇ ਤੁਹਾਡੇ ਕੋਲ਼ ਤਜ਼ਰਬਾ ਹੈ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ...। ਜੇ ਇਹ ਬੀਮਾਰ ਹੈ, ਪਤਿਤ ਹੋ ਰਿਹਾ ਹੈ, ਜਾਂ ਮਰ ਰਿਹਾ ਹੈ।"
ਇਹਨਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਰਸਾਇਣਾਂ ਦੇ ਕਾਕਟੇਲ ਰਾਹੀਂ 'ਠੀਕ' ਹੋ ਜਾਂਦੀਆਂ ਹਨ। ਮੈਂ ਜੈਵਿਕ ਤੌਰ 'ਤੇ ਜੈਸਮੀਨ ਉਗਾਉਣ ਬਾਰੇ ਸੁਣਿਆ ਹੈ। ਉਨ੍ਹਾਂ ਦੀ ਪ੍ਰਤੀਕ੍ਰਿਆ ਛੋਟੇ ਕਿਸਾਨ ਦੀ ਦੁਬਿਧਾ ਨੂੰ ਫੜਦੀ ਹੈ। "ਤੁਸੀਂ ਅਜਿਹਾ ਕਰ ਸਕਦੇ ਹੋ, ਪਰ ਇਸ ਦੇ ਹੋਰ ਵੀ ਖਤਰੇ ਹਨ। ਗਣਪਤੀ ਕਹਿੰਦੇ ਹਨ, "ਮੈਂ ਜੈਵਿਕ ਖੇਤੀ ਦੀ ਸਿਖਲਾਈ ਲਈ ਸੀ। "ਪਰ ਇਸ ਦੇ ਲਈ ਸਭ ਤੋਂ ਵਧੀਆ ਰੇਟ ਕੌਣ ਦੇਵੇਗਾ?" ਉਹ ਤਿੱਖੇ ਲਹਿਜੇ ਵਿੱਚ ਪੁੱਛਦੇ ਹਨ।
"ਰਸਾਇਣਕ ਖਾਦ ਚੰਗੀ ਉਪਜ ਦਿੰਦੀ ਹੈ। ਅਤੇ ਇਹ ਸੌਖਾ ਹੈ। ਜੈਵਿਕ ਭੰਬਲਭੂਸੇ ਵਿੱਚ ਪਾਉਣ ਵਾਲਾ ਹੈ – ਜੇ ਤੁਸੀਂ ਸਾਰੀਆਂ ਸਮੱਗਰੀਆਂ ਨੂੰ ਟੱਬ ਵਿੱਚ ਭਿਉਂ ਕੇ ਧਿਆਨ ਨਾਲ਼ ਛਿੜਕਦੇ ਹੋ ਅਤੇ ਫੇਰ ਇਸਨੂੰ ਬਾਜ਼ਾਰ ਵਿੱਚ ਲੈ ਜਾਂਦੇ ਹੋ, ਤਾਂ ਕੀਮਤਾਂ ਵਿੱਚ ਕੋਈ ਫਰਕ ਨਹੀਂ ਹੈ! ਇਹ ਸਹੀ ਨਹੀਂ ਹੈ ਕਿਉਂਕਿ ਜੈਵਿਕ ਚਮੇਲੀ ਵੱਡੀ ਅਤੇ ਚਮਕਦਾਰ ਹੁੰਦੀ ਹੈ। ਜੇ ਇਸਦਾ ਰੇਟ ਜ਼ਿਆਦਾ ਬੇਹਤਰ ਨਹੀਂ ਮਿਲਦਾ – ਉਦਾਹਰਨ ਲਈ, ਕੀਮਤ ਨੂੰ ਦੁੱਗਣਾ ਕਰ ਦੇਣਾ – ਤਾਂ ਇਹ ਮੇਰੇ ਸਮੇਂ ਅਤੇ ਕੋਸ਼ਿਸ਼ ਦੇ ਲਾਇਕ ਨਹੀਂ ਹੈ। "
ਆਪਣੀ ਘਰੇਲੂ ਵਰਤੋਂ ਵਾਸਤੇ, ਉਹ ਜੈਵਿਕ ਸਬਜ਼ੀਆਂ ਉਗਾਉਂਦੇ ਹਨ। "ਸਿਰਫ਼ ਸਾਡੇ ਲਈ ਅਤੇ ਮੇਰੀ ਵਿਆਹੀ ਹੋਈ ਧੀ ਲਈ ਜੋ ਅਗਲੇ ਪਿੰਡ ਵਿੱਚ ਰਹਿੰਦੀ ਹੈ। ਮੈਂ ਰਸਾਇਣਾਂ ਤੋਂ ਵੀ ਦੂਰ ਰਹਿਣਾ ਚਾਹੁੰਦਾ ਹਾਂ। ਉਹ ਕਹਿੰਦੇ ਹਨ ਕਿ ਇਹਦੇ ਬਹੁਤ ਸਾਰੇ ਮਾੜੇ ਪ੍ਰਭਾਵ ਹਨ। ਮਜ਼ਬੂਤ ਕੀਟਨਾਸ਼ਕਾਂ ਦੇ ਹੱਦੋਂ ਵੱਧ ਸੰਪਰਕ ਦੇ ਕਰਕੇ, ਬਿਨਾਂ ਸ਼ੱਕ ਤੁਹਾਡੀ ਸਿਹਤ ਪ੍ਰਭਾਵਿਤ ਹੋਵੇਗੀ। ਪਰ ਇਸ ਦਾ ਬਦਲ ਕੀ ਹੈ?'' ਉਹ ਪੁੱਛਦੇ ਹਨ।
*****
ਗਣਪਤੀ ਦੀ ਪਤਨੀ ਪਿਚਈਅੰਮਾ ਕੋਲ਼ ਕੋਈ ਵਿਕਲਪ ਨਹੀਂ ਸੀ। ਉਹ ਸਾਰਾ ਦਿਨ ਕੰਮ ਕਰਦੇ ਹਨ। ਇਹ ਉਨ੍ਹਾਂ ਲੋਕਾਂ ਦੀ ਤਾਕਤ ਹੈ ਜੋ ਹਾਰ ਸਮੇਂ ਮੁਸਕਰਾਉਂਦੇ ਹਨ। ਪਾਰੀ ਅਗਸਤ 2022 ਦੇ ਅੰਤ ਵਿੱਚ ਉਨ੍ਹਾਂ ਦੇ ਘਰ ਮਿਲ਼ਣ ਗਈ। ਇਹ ਸਾਡੀ ਦੂਜੀ ਮੁਲਾਕਾਤ ਸੀ। ਵਿਹੜੇ ਵਿੱਚ ਸੋਫੇ ਤੇ, ਨਿੰਮ ਦੇ ਦਰੱਖਤ ਦੀ ਠੰਡੀ ਛਾਂ ਵਿੱਚ ਬੈਠ ਕੇ, ਉਹ ਆਪਣੇ ਕੰਮ ਦੇ ਦਿਨ ਦਾ ਵਰਣਨ ਕਰਦੀ ਹਨ।
" ਆਡਾ ਪਾਕਾ , ਮਾਦਾ ਪਾਕਾ , ਮੱਲੀਗਾਪੂ ਥੋਟਮ ਪਾਕਾ , ਪੂਵਾ ਪਾਰਿਕਾ , ਸਮਾਇਕਾ , ਪੁਲਾਈਗਲਾ ਅੰਨੂਪਿਵਿਦਾ... (ਬੱਕਰੀਆਂ , ਗਾਵਾਂ ਅਤੇ ਚਮੇਲੀ ਦੇ ਖੇਤਾਂ ਦੀ ਦੇਖਭਾਲ ਕਰਨਾ ; ਚਮੇਲੀ ਨੂੰ ਤੋੜਨਾ ; ਖਾਣਾ ਪਕਾਉਣਾ , ਬੱਚਿਆਂ ਨੂੰ ਸਕੂਲ ਭੇਜਣਾ...]। ਇਹ ਇੱਕ ਸਾਹ ਲੈਣ ਵਾਲ਼ੀ ਪੱਟੀ ਹੈ।
45 ਸਾਲਾ ਪਿਚਈਅੰਮਾ ਕਹਿੰਦੀ ਹਨ, ਬੱਚਿਆਂ ਲਈ ਅਣਥੱਕ ਕੋਸ਼ਿਸ਼ਾਂ ਹਨ। "ਮੇਰਾ ਬੇਟਾ ਅਤੇ ਬੇਟੀ ਦੋਵੇਂ ਚੰਗੀ ਤਰ੍ਹਾਂ ਪੜ੍ਹੇ-ਲਿਖੇ ਅਤੇ ਗ੍ਰੈਜੂਏਟ ਹਨ.' ਉਹ ਆਪ ਸਕੂਲ ਨਹੀਂ ਗਈ ਅਤੇ ਆਪਣੇ ਮਾਪਿਆਂ ਦੇ ਫਾਰਮ 'ਤੇ ਕੰਮ ਕਰਦੀ ਰਹੀ ਜਦੋਂ ਉਹ ਛੋਟੀ ਹੁੰਦੀ ਸੀ ਅਤੇ ਹੁਣ ਆਪਣੇ ਫਾਰਮ 'ਤੇ ਕੰਮ ਕਰਦੀ ਹਨ। ਉਹ ਆਪਣੇ ਕੰਨਾਂ ਅਤੇ ਨੱਕ ਵਿੱਚ ਕੁਝ ਗਹਿਣੇ ਪਹਿਨਦੀ ਹਨ; ਗਲੇ ਵਿੱਚ ਹਲਦੀ ਦੀ ਡੋਰ (ਮੰਗਲਸੂਤਰ) ਹੈ।
ਜਿਸ ਦਿਨ ਅਸੀਂ ਉਨ੍ਹਾਂ ਨੂੰ ਮਿਲੇ, ਉਹ ਖੇਤ ਵਿੱਚੋਂ ਨਦੀਨ ਪੁੱਟ ਰਹੀ ਸਨ। ਇਹ ਇੱਕ ਮੁਸ਼ਕਿਲ ਕੰਮ ਹੈ। ਸਾਰਾ ਦਿਨ, ਤੁਹਾਨੂੰ ਝੁਕੇ ਰਹਿਣਾ ਪੈਂਦਾ ਹੈ ਅਤੇ ਛੋਟੇ-ਛੋਟੇ ਕਦਮ ਚੁੱਕਣੇ ਪੈਂਦੇ ਹਨ ਅਤੇ ਕੰਮ ਕਰਨਾ ਪੈਂਦਾ ਹੈ। ਤੁਹਾਨੂੰ ਗਰਮ ਧੁੱਪ ਵਿੱਚ ਕੰਮ ਕਰਨਾ ਪਏਗਾ। ਪਰ ਉਨ੍ਹਾਂ ਨੂੰ ਸਾਡੀ ਭਾਵ ਆਪਣੇ ਮਹਿਮਾਨਾਂ ਦੀ ਫ਼ਿਕਰ ਹੋ ਰਹੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਕ੍ਰਿਪਾ ਕਰਕੇ ਕੁਝ ਖਾਓ। ਗਣਪਤੀ ਸਾਡੇ ਲਈ ਅਮਰੂਦ ਫਲ ਅਤੇ ਨਾਰੀਅਲ ਪਾਣੀ ਲੈ ਕੇ ਆਏ। ਉਨ੍ਹਾਂ ਨੇ ਦੱਸਿਆ, "ਜਦੋਂ ਅਸੀਂ ਫਲ ਖਾ ਰਹੇ ਸੀ ਅਤੇ ਨਾਰੀਅਲ ਪਾਣੀ ਪੀ ਰਹੇ ਸੀ, ਤਾਂ ਉਨ੍ਹਾਂ ਦੱਸਿਆ ਕਿ ਕੁਝ ਪੜ੍ਹੇ-ਲਿਖੇ ਲੋਕ ਅਤੇ ਨੌਜਵਾਨ ਪਿੰਡ ਛੱਡ ਸ਼ਹਿਰ ਚਲੇ ਗਏ। ਇੱਥੋਂ ਦੀ ਜ਼ਮੀਨ ਘੱਟੋ ਘੱਟ 10 ਲੱਖ ਰੁਪਏ ਪ੍ਰਤੀ ਏਕੜ ਵਿੱਚ ਵੇਚੀ ਜਾਂਦੀ ਹੈ। ਜੇ ਇਹ ਮੁੱਖ ਸੜਕ ਦੇ ਕਾਫ਼ੀ ਨੇੜੇ ਹੈ, ਤਾਂ ਇਹ ਚਾਰ ਗੁਣਾ ਰੇਟ 'ਤੇ ਵਿਕੇਗੀ। "ਫਿਰ ਇਸ ਨੂੰ ਘਰਾਂ ਲਈ 'ਪਲਾਟ' ਦੇ ਰੂਪ ਵਿੱਚ ਵੇਚਿਆ ਜਾਂਦਾ ਹੈ।''
ਜਿਨ੍ਹਾਂ ਕੋਲ਼ ਜ਼ਮੀਨ ਹੈ, ਉਨ੍ਹਾਂ ਵਿੱਚ ਵੀ ਲਾਭ ਦੀ ਗਾਰੰਟੀ ਤਾਂ ਹੀ ਹੁੰਦੀ ਹੈ ਜੇ ਪਰਿਵਾਰ ਆਪਣੀ 'ਮੁਫ਼ਤ' ਮਜ਼ਦੂਰੀ ਕਰੇ। ਗਣਪਤੀ ਮੰਨਦੇ ਹਨ ਕਿ ਔਰਤਾਂ ਦਾ ਵੱਡਾ ਹਿੱਸਾ ਹੁੰਦਾ ਹੈ। ਜੇ ਤੁਸੀਂ ਕਿਸੇ ਹੋਰ ਲਈ ਇੰਨਾ ਹੀ ਕੰਮ ਕਰੋ ਤਾਂ ਕਿੰਨੀ ਦਿਹਾੜੀ ਹੋਵੇਗੀ, ਮੈਂ ਪਿਚਈਅੰਮਾ ਨੂੰ ਪੁੱਛਿਆ। ਜਵਾਬ ਮਿਲ਼ਿਆ, "300 ਰੁਪਏ। ਅਤੇ ਇਸ ਦਿਹਾੜੀ ਵਿੱਚ ਉਹਨਾਂ ਦਾ ਘਰ ਦਾ ਕੰਮ ਸ਼ਾਮਲ ਨਹੀਂ ਹੈ, ਨਾ ਹੀ ਇਸ ਵਿੱਚ ਉਹ ਕੰਮ ਸ਼ਾਮਲ ਹੈ ਜੋ ਉਹ ਆਪਣੇ ਪਸ਼ੂਆਂ ਦਾ ਪ੍ਰਬੰਧਨ ਕਰਨ ਲਈ ਕਰਦੀ ਹਨ।
ਮੈਂ ਪੁੱਛਿਆ, "ਕੀ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਆਪਣੇ ਪਰਿਵਾਰ ਦੇ ਘੱਟੋ-ਘੱਟ 15,000 ਰੁਪਏ ਬਚਾ ਲੈਂਦੇ ਹੋ? ਗਣਪਤੀ ਦੀ ਤਰ੍ਹਾਂ, ਉਹ ਆਸਾਨੀ ਨਾਲ਼ ਸਹਿਮਤ ਹੋ ਜਾਂਦੀ ਹਨ। ਮੈਂ ਮਜ਼ਾਕ ਨਾਲ਼ ਸੁਝਾਅ ਦਿੰਦੀ ਹਾਂ ਕਿ ਉਨ੍ਹਾਂ ਨੂੰ ਇਹ ਰਕਮ ਅਦਾ ਕੀਤੀ ਜਾਣੀ ਚਾਹੀਦੀ ਹੈ। ਸਾਰੇ ਹੱਸ ਪਏ, ਪਿਚਈਅੰਮਾ ਕਾਫੀ ਦੇਰ ਤੱਕ ਹੱਸਦੀ ਰਹੀ।
ਫਿਰ ਪਿਆਰਾ ਜਿਹਾ ਹੱਸਦਿਆਂ ਉਨ੍ਹਾਂ ਮੈਨੂੰ ਮੇਰੀ ਧੀ ਬਾਰੇ ਪੁੱਛਿਆ। ਉਨ੍ਹਾਂ ਪੁੱਛਿਆ ਕਿ ਮੈਨੂੰ ਉਹਦੇ ਵਿਆਹ ਮੌਕੇ ਕਿੰਨਾ ਸੋਨਾ ਬਣਾਉਣਾ ਪਏਗਾ। "ਇੱਥੇ ਅਸੀਂ ਸੋਨੇ ਦੀਆਂ 50 ਗਿੰਨੀਆਂ ਦਿੰਦੇ ਹਾਂ। ਜਦੋਂ ਸਾਡੇ ਦੋਹਤੇ-ਦੋਹਤੀਆਂ ਜਨਮ ਲੈਂਦੇ ਹਨ, ਤਾਂ ਅਸੀਂ ਇੱਕ ਸੋਨੇ ਦੀ ਚੇਨ ਅਤੇ ਚਾਂਦੀ ਦੀ ਪਾਇਲ ਬਣਾਉਂਦੇ ਹਾਂ। ਜਦੋਂ ਕੰਨ ਵਿੰਨ੍ਹਿਆ ਜਾਂਦਾ ਹੈ, ਤਾਂ ਦਾਅਵਤ ਲਈ ਬੱਕਰਾ ਬਣਾਇਆ ਜਾਂਦਾ ਹੈ। ਇਹ ਸਭ ਕੁਝ ਸਾਡੀ ਕਮਾਈ ਵਿਚੋਂ ਹੀ ਹੁੰਦਾ ਹੈ। ਹੁਣ ਮੈਨੂੰ ਦੱਸੋ, ਕੀ ਮੈਂ ਆਪਣੀ ਤਨਖਾਹ ਲੈ ਸਕਦੀ ਹਾਂ?"
*****
ਮੈਨੂੰ ਪਤਾ ਲੱਗਾ ਕਿ ਜੈਸਮੀਨ ਦੇ ਨੌਜਵਾਨ ਕਿਸਾਨਾਂ ਤੋਂ ਉਸ ਸ਼ਾਮ ਦੀ ਤਨਖਾਹ ਖੇਤੀਬਾੜੀ ਲਈ ਇੱਕ ਵਧੀਆ ਅਤੇ ਜ਼ਰੂਰੀ ਪੂਰਕ ਸੀ। ਇਹ ਇੱਕ ਸਥਿਰ ਆਮਦਨੀ ਹੈ, ਚਾਹੇ ਇਹ ਕੰਮ ਦੇ ਬੋਝ ਨੂੰ ਦੁੱਗਣਾ ਵੀ ਕਰ ਦੇਵੇ। ਛੇ ਸਾਲ ਪਹਿਲਾਂ, ਮੈਂ ਮਦੁਰਾਈ ਜ਼ਿਲ੍ਹੇ ਦੇ ਉਸਿਲਮਪੱਤੀ ਤਾਲੁਕ ਦੇ ਨਾਡੂਮੂਦੁਲਾਈਕੁਲਮ ਪਿੰਡ ਦੇ ਝੋਨੇ ਦੇ ਕਿਸਾਨਾਂ ਜੈਬਲ ਅਤੇ ਪੋਧੂਮਾਨੀ ਤੋਂ ਵੀ ਇਹੀ ਤਰਕ ਸੁਣਿਆ ਸੀ। ਇਸ ਯਾਤਰਾ 'ਤੇ, ਅਗਸਤ 2022 ਵਿੱਚ, ਜਯਾਬਲ ਨੇ ਮੈਨੂੰ ਆਪਣੇ ਬਚਪਨ ਦੇ ਦੋਸਤ ਅਤੇ ਜੈਸਮੀਨ ਕਿਸਾਨ ਐਮ ਪਾਂਡੀ ਨਾਲ਼ ਜਾਣ-ਪਛਾਣ ਕਰਵਾਈ, ਜਿਸ ਨੇ ਅਰਥਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਅਤੇ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਲਿਮਟਿਡ (ਟੀਏਐਸਐਮਏਸੀ) ਵਿੱਚ ਪੂਰੇ ਸਮੇਂ ਦੀ ਨੌਕਰੀ ਕੀਤੀ ਹੈ, ਜਿਸ ਕੋਲ਼ ਰਾਜ ਵਿੱਚ ਭਾਰਤੀ-ਨਿਰਮਿਤ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਵੇਚਣ ਦੇ ਵਿਸ਼ੇਸ਼ ਅਧਿਕਾਰ ਹਨ।
40 ਸਾਲਾ ਪਾਂਡੀ ਹਮੇਸ਼ਾ ਕਿਸਾਨ ਨਹੀਂ ਸਨ। ਉਹ ਸਾਨੂੰ ਆਪਣੇ ਖੇਤਾਂ ਦੀ ਕਹਾਣੀ ਦੱਸਣਾ ਸ਼ੁਰੂ ਕਰਦੇ ਹਨ, ਖੇਤ ਜੋ ਉਹਨਾਂ ਦੇ ਪਿੰਡ ਤੋਂ 10 ਮਿੰਟ ਦੀ ਦੂਰੀ 'ਤੇ ਸਥਿਤ ਹਨ। ਅਸੀਂ ਮੀਲਾਂ-ਬੱਧੀ ਹਰੀਆਂ-ਪਹਾੜੀਆਂ, ਜਲ-ਸਰਾਵਾਂ ਅਤੇ ਜਗਮਗ ਕਰਦੀ ਚਿੱਟੀ ਚਮੇਲੀ ਨਾਲ਼ ਘਿਰੇ ਹੋਏ ਹਾਂ।
"ਮੈਂ ਆਪਣੀ ਪੜ੍ਹਾਈ ਤੋਂ ਬਾਅਦ 18 ਸਾਲ ਪਹਿਲਾਂ TASMAC ਵਿੱਚ ਸ਼ਾਮਲ ਹੋਇਆ ਸੀ। ਮੈਂ ਅਜੇ ਵੀ ਉੱਥੇ ਕੰਮ ਕਰਦਾ ਹਾਂ ਅਤੇ ਸਵੇਰੇ ਆਪਣੇ ਚਮੇਲੀ ਦੇ ਖੇਤਾਂ ਦੀ ਦੇਖਭਾਲ ਕਰਦਾ ਹਾਂ।" 2016 ਵਿੱਚ, ਨਵੀਂ ਚੁਣੀ ਗਈ ਮੁੱਖ ਮੰਤਰੀ ਅਤੇ ਏਆਈਏਡੀਐਮਕੇ ਸੁਪਰੀਮੋ ਜੇ ਜੈਲਲਿਤਾ ਨੇ ਤਸਮਾਕ ਦੇ ਕੰਮ ਦੇ ਘੰਟਿਆਂ ਨੂੰ 12 ਤੋਂ ਘਟਾ ਕੇ 10 ਘੰਟੇ ਕਰ ਦਿੱਤਾ ਸੀ। ਜਦੋਂ ਵੀ ਉਹ ਉਸ ਦਾ ਨਾਂ ਲੈਂਦਾ ਸੀ, ਉਹ ਉਸ ਨੂੰ 'ਮੰਬੂਮਿਗੂ ਪੁਰਾਚੀ ਥਲਾਈਵੀ ਅੰਮਾ ਅਵਰਗਲ' (ਸਤਿਕਾਰਯੋਗ ਕ੍ਰਾਂਤੀਕਾਰੀ ਨੇਤਾ, ਅੰਮਾ) ਕਹਿੰਦਾ ਸੀ, ਇੱਕ ਅਜਿਹਾ ਸਿਰਲੇਖ ਜੋ ਸਤਿਕਾਰਯੋਗ ਅਤੇ ਰਸਮੀ ਹੈ। ਉਸਦੇ ਫੈਸਲੇ ਨੇ ਉਸਦੀ ਸਵੇਰ ਨੂੰ ਖਾਲੀ ਕਰ ਦਿੱਤਾ, ਕਿਉਂਕਿ ਹੁਣ ਉਸਨੂੰ ਦੁਪਹਿਰ 12 ਵਜੇ (ਸਵੇਰੇ 10 ਵਜੇ ਦੀ ਬਜਾਏ) ਕੰਮ 'ਤੇ ਜਾਣਾ ਪੈਂਦਾ ਸੀ। ਉਦੋਂ ਤੋਂ ਬਚਾਏ ਗਏ ਉਹ ਦੋ ਘੰਟੇ ਉਨ੍ਹਾਂ ਦੀ ਧਰਤੀ ਨੂੰ ਸਮਰਪਿਤ ਕੀਤੇ ਗਏ ਹਨ।
ਪਾਂਡੀ ਆਪਣੀਆਂ ਦੋਵੇਂ ਨੌਕਰੀਆਂ ਬਾਰੇ ਸਪੱਸ਼ਟਤਾ ਅਤੇ ਦ੍ਰਿੜਤਾ ਨਾਲ਼ ਗੱਲ ਕਰਦਾ ਹੈ, ਪਰ ਉਹ ਆਪਣੇ ਚਮੇਲੀ ਦੇ ਖੇਤਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਦਾ ਹੈ। "ਦੇਖੋ, ਮੈਂ ਇਕ ਕਰਮਚਾਰੀ ਹਾਂ ਅਤੇ ਮੈਂ ਆਪਣੇ ਫਾਰਮ ਵਿੱਚ ਕੰਮ ਕਰਨ ਲਈ 10 ਕਾਮਿਆਂ ਨੂੰ ਰੱਖਦਾ ਹਾਂ।" ਉਨ੍ਹਾਂ ਦੀ ਆਵਾਜ਼ ਵਿੱਚ ਇਕ ਸ਼ਾਂਤ ਮਾਣ ਸੀ। "ਪਰ, ਖੇਤੀ ਹੁਣ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਤੁਹਾਡੇ ਕੋਲ਼ ਜ਼ਮੀਨ ਹੈ। ਕੀੜੇਮਾਰ ਦਵਾਈਆਂ ਸੈਂਕੜੇ ਰੁਪਏ ਵਿੱਚ, ਹਜ਼ਾਰਾਂ ਰੁਪਏ ਵਿੱਚ ਵੇਚੀਆਂ ਜਾਂਦੀਆਂ ਹਨ। ਮੈਂ ਭੁਗਤਾਨ ਪ੍ਰਾਪਤ ਕਰਕੇ ਪ੍ਰਬੰਧਨ ਕਰ ਸਕਦਾ ਹਾਂ। ਨਹੀਂ ਤਾਂ, ਖੇਤੀ ਕਰਨਾ ਬਹੁਤ ਔਖਾ ਹੈ।
ਉਹ ਕਹਿੰਦੇ ਹਨ ਕਿ ਜੈਸਮੀਨ ਦੀ ਖੇਤੀ ਕਰਨਾ ਅਜੇ ਵੀ ਮੁਸ਼ਕਿਲ ਹੈ। ਨਾਲ਼ ਹੀ, ਤੁਹਾਨੂੰ ਪੌਦਿਆਂ ਦੇ ਆਸ-ਪਾਸ ਆਪਣੇ ਜੀਵਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ। "ਤੂੰ ਕਿਤੇ ਵੀ ਨਹੀਂ ਜਾ ਸਕਦਾ। ਤੁਹਾਨੂੰ ਸਵੇਰੇ ਫੁੱਲ ਤੋੜਨ ਅਤੇ ਉਨ੍ਹਾਂ ਨੂੰ ਬਾਜ਼ਾਰ ਲਿਜਾਣ ਲਈ ਉਥੇ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਅੱਜ ਤੁਸੀਂ ਇੱਕ ਕਿੱਲੋ ਫੁੱਲ ਪ੍ਰਾਪਤ ਕਰ ਸਕਦੇ ਹੋ। ਅਗਲੇ ਹਫਤੇ ਇਹ 50 ਹੋ ਸਕਦੀ ਹੈ। ਤੁਹਾਨੂੰ ਕਿਸੇ ਵੀ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਹੈ!"
ਪਾਂਡੀ ਹੌਲੀ ਹੌਲੀ ਇੱਕ ਏਕੜ ਵਿੱਚ ਚਮੇਲੀ ਦੇ ਪੌਦੇ ਸ਼ਾਮਲ ਕਰ ਰਿਹਾ ਹੈ। ਉਹ ਕਹਿੰਦੇ ਹਨ ਕਿ ਇੱਕ ਕਿਸਾਨ ਨੂੰ ਕਈ ਘੰਟਿਆਂ ਲਈ ਚਮੇਲੀ ਦੇ ਪੌਦਿਆਂ ਬਾਰੇ ਭੜਾਸ ਕੱਢਣੀ ਪੈਂਦੀ ਹੈ। "ਮੈਂ ਅੱਧੀ ਰਾਤ ਦੇ ਕਰੀਬ ਆਪਣੇ ਕੰਮ ਤੋਂ ਵਾਪਸ ਆ ਜਾਵਾਂਗਾ। ਮੈਂ ਸਵੇਰੇ 5 ਵਜੇ ਉੱਠਦਾ ਹਾਂ ਅਤੇ ਇੱਥੇ ਮੈਦਾਨ 'ਤੇ। ਮੇਰੀ ਪਤਨੀ ਸਾਡੇ ਦੋਵਾਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਮੇਰੇ ਨਾਲ਼ ਸ਼ਾਮਲ ਹੋ ਜਾਂਦੀ ਹੈ। ਕੀ ਮੈਂ ਸਫਲ ਹੋਵਾਂਗਾ ਜੇ ਅਸੀਂ ਇੱਧਰ-ਉੱਧਰ ਤੁਰਦੇ-ਫਿਰਦੇ, ਸੌਂਦੇ ਹਾਂ? ਅਤੇ ਕੀ ਮੈਂ 10 ਹੋਰ ਲੋਕਾਂ ਨੂੰ ਨੌਕਰੀਆਂ ਦੇ ਸਕਦਾ ਸੀ?
ਜੇ ਸਾਰਾ ਏਕੜ ਪੂਰੀ ਤਰ੍ਹਾਂ ਫੁੱਲ-ਫੁਲਾਕਾ ਪੈ ਰਿਹਾ ਹੈ - ਪਾਂਡੀ ਆਪਣੇ ਹੱਥਾਂ ਨਾਲ਼ ਫੁੱਲ-ਫੁਲਾਕਾ ਪੈਣ ਦੀ ਸੰਪੂਰਨਤਾ 'ਤੇ ਜ਼ੋਰ ਦਿੰਦਾ ਹੈ - "ਤਾਂ ਫਿਰ ਤੁਹਾਨੂੰ 20-30 ਮਜ਼ਦੂਰਾਂ ਦੀ ਲੋੜ ਹੈ।" ਜੇ ਸਿਰਫ ਇੱਕ ਕਿਲੋ ਹੈ - ਫੁੱਲਾਂ ਦੇ ਖਤਮ ਹੋਣ ਤੋਂ ਬਾਅਦ - ਪਾਂਡੀ ਅਤੇ ਉਨ੍ਹਾਂ ਦੀ ਪਤਨੀ ਸ਼ਿਵਗਾਮੀ ਅਤੇ ਉਨ੍ਹਾਂ ਦੇ ਦੋ ਬੱਚੇ ਤੋੜ ਣਗੇ। "ਹੋਰ ਖੇਤਰਾਂ ਵਿੱਚ ਘੱਟ ਰੇਟ ਹੋ ਸਕਦਾ ਹੈ, ਪਰ ਇਹ ਇੱਕ ਉਪਜਾਊ ਖੇਤਰ ਹੈ ਜਿਸ ਵਿੱਚ ਬਹੁਤ ਸਾਰੇ ਝੋਨੇ ਦੇ ਖੇਤ ਹਨ। ਕਾਮਿਆਂ ਦੀ ਬਹੁਤ ਜ਼ਿਆਦਾ ਮੰਗ ਹੈ। ਤੁਹਾਨੂੰ ਉਨ੍ਹਾਂ ਨੂੰ ਚੰਗੀ ਤਨਖਾਹ ਦੇਣੀ ਪਵੇਗੀ, ਅਤੇ ਉਨ੍ਹਾਂ ਲਈ ਚਾਹ ਅਤੇ ਵਾਦਾ ਲਿਆਉਣਾ ਪਏਗਾ..."
ਗਰਮੀਆਂ ਦੇ ਮਹੀਨੇ (ਅਪ੍ਰੈਲ ਅਤੇ ਮਈ) ਫੁੱਲਾਂ ਨਾਲ਼ ਭਰਪੂਰ ਹੁੰਦੇ ਹਨ। "ਤੈਨੂੰ 40-50 ਕਿਲੋ ਗ੍ਰਾਮ ਮਿਲ ਜਾਂਦਾ ਹੈ. ਕੀਮਤ ਇੰਨੀ ਮਾੜੀ ਹੁੰਦੀ ਹੈ, ਕਈ ਵਾਰ 70 ਰੁਪਏ ਪ੍ਰਤੀ ਕਿੱਲੋ ਤੱਕ ਵੀ ਘੱਟ ਹੁੰਦੀ ਹੈ। ਹੁਣ ਰੱਬ ਦੀ ਕ੍ਰਿਪਾ ਨਾਲ਼ 'ਸੈਂਟ' ਕੰਪਨੀਆਂ ਨੇ ਰੇਟ ਵਧਾ ਦਿੱਤਾ ਹੈ ਅਤੇ ਉਹ 220 ਰੁਪਏ ਵਿੱਚ ਇੱਕ ਕਿਲੋ ਜੈਸਮੀਨ ਲੈਂਦੀਆਂ ਹਨ। ਜਦੋਂ ਬਾਜ਼ਾਰ ਵਿੱਚ ਬਹੁਤ ਸਾਰੇ ਫੁੱਲ ਹੁੰਦੇ ਹਨ, ਤਾਂ ਇਹ ਸਭ ਤੋਂ ਵਧੀਆ ਕੀਮਤ ਹੁੰਦੀ ਹੈ ਜੋ ਕਿਸਾਨਾਂ ਨੂੰ ਮਿਲ ਸਕਦੀ ਹੈ।
ਉਹ ਫੁੱਲਾਂ ਨੂੰ ਲਗਭਗ 30 ਕਿਲੋਮੀਟਰ ਦੂਰ ਗੁਆਂਢੀ ਡਿੰਡੀਗੁਲ ਜ਼ਿਲ੍ਹੇ ਦੇ ਨੀਲਕੋਟਾਈ ਬਾਜ਼ਾਰ ਵਿੱਚ ਲੈ ਜਾਂਦੇ ਹਨ। "ਮਟੂਥਵਾਨੀ ਵਿੱਚ, ਇਹ ਕਿਲੋ ਵਿੱਚ ਵੇਚਿਆ ਜਾਂਦਾ ਹੈ ਅਤੇ ਨੀਲਾਕੋਟਾਈ ਵਿੱਚ ਇਸਨੂੰ ਬੈਗ ਖਾਤੇ ਵਿੱਚ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਵਪਾਰੀ ਕੋਲ਼ ਹੀ ਬੈਠਾ ਹੈ। ਉਹ ਇੱਕ ਟੈਬ ਰੱਖਦਾ ਹੈ, ਅਤੇ ਤੁਹਾਨੂੰ ਅਣਕਿਆਸੇ ਖਰਚਿਆਂ, ਤਿਉਹਾਰਾਂ, ਅਤੇ ਕਈ ਵਾਰ ਫੁੱਲਾਂ 'ਤੇ ਛਿੜਕਣ ਲਈ ਲੋੜੀਂਦੇ ਰਸਾਇਣਾਂ ਨੂੰ ਖਰੀਦਣ ਲਈ ਐਡਵਾਂਸ ਦਿੰਦਾ ਹੈ।"
ਆਪਣੇ ਸ਼ੈੱਡ ਵਿੱਚ ਸ਼ਾਰਟਸ ਅਤੇ ਇੱਕ ਧਾਰੀਦਾਰ ਟੀ-ਸ਼ਰਟ ਦੀ ਥਾਂ ਲੈਣ ਵਾਲ਼ੀ ਪਾਂਡੀ ਕਹਿੰਦੀ ਹਨ, ਸਪਰੇਅ ਕਰਨਾ ਬਹੁਤ ਮਹੱਤਵਪੂਰਨ ਹੈ। ਮੱਲੀਗੇ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਅਤੇ ਇਹ ਬਹੁਤ ਸਾਰੇ ਕੀੜੇ-ਮਕੌੜਿਆਂ ਨੂੰ ਆਕਰਸ਼ਿਤ ਕਰਦਾ ਹੈ। ਗਣਪਤੀ ਦੇ ਉਲਟ, ਜਿਸ ਦੇ ਬੇਟੇ ਵਿੱਚ ਅੰਦਰੂਨੀ ਮਾਹਰ ਹੈ, ਪਾਂਡੀ ਨੂੰ ਦੁਕਾਨ 'ਤੇ ਜਾਣਾ ਪੈਂਦਾ ਹੈ ਅਤੇ ਵਿਸ਼ੇਸ਼ ਰਸਾਇਣ ਪ੍ਰਾਪਤ ਕਰਨੇ ਪੈਂਦੇ ਹਨ। ਉਹ ਫਰਸ਼ 'ਤੇ ਪਏ ਵਰਤੇ ਗਏ ਕੈਨ ਅਤੇ ਬੋਤਲਾਂ ਦਿਖਾਉਂਦੇ ਹਨ, ਅਤੇ ਸ਼ੈੱਡ ਦੇ ਅੰਦਰੋਂ, ਇੱਕ ਟੈਂਕ ਅਤੇ ਸਪਰੇਅਰ ਨੂੰ ਬਾਹਰ ਲਿਆਉਂਦੇ ਹਨ, ਅਤੇ ਰੋਜ਼ਰ (ਕੀਟਨਾਸ਼ਕ) ਅਤੇ ਆਸਥਾ (ਖਾਦ) ਨੂੰ ਪਾਣੀ ਨਾਲ਼ ਮਿਲਾਉਂਦੇ ਹਨ। ਉਸ ਨੂੰ ਇੱਕ ਏਕੜ ਵਿੱਚ ਇੱਕ ਵਾਰ ਇਲਾਜ ਕਰਨ ਲਈ 500 ਰੁਪਏ ਦਾ ਖਰਚਾ ਆਉਂਦਾ ਹੈ ਅਤੇ ਉਹ ਹਰ ਚਾਰ ਜਾਂ ਪੰਜ ਦਿਨਾਂ ਵਿੱਚ ਮਿਸ਼ਰਣ ਨੂੰ ਦੁਹਰਾਉਂਦਾ ਹੈ। "ਤੁਹਾਨੂੰ ਪੀਕ ਸੀਜ਼ਨ ਵਿੱਚ ਅਤੇ ਛੋਟੇ ਸੀਜ਼ਨ ਵਿੱਚ ਅਜਿਹਾ ਕਰਨਾ ਪੈਂਦਾ ਹੈ। ਹੋਰ ਕੋਈ ਵਿਕਲਪ ਨਹੀਂ ਹੈ..."
ਕਰੀਬ 25 ਮਿੰਟ ਤੱਕ ਨੱਕ 'ਤੇ ਕੱਪੜੇ ਦਾ ਮਾਸਕ ਪਾ ਕੇ ਉਨ੍ਹਾਂ ਨੇ ਆਪਣੇ ਪੌਦਿਆਂ 'ਚ ਕੀਟਨਾਸ਼ਕਾਂ ਅਤੇ ਖਾਦਾਂ 'ਚ ਮਿਲਾ ਕੇ ਪਾਣੀ ਪਾਇਆ। ਸੰਘਣੀਆਂ ਝਾੜੀਆਂ ਵਿਚਕਾਰ ਪੈਦਲ ਚੱਲਦੇ ਹੋਏ, ਜਿਸਦੇ ਪਿਛਲੇ ਪਾਸੇ ਇੱਕ ਭਾਰੀ ਕੰਟ੍ਰੋਪਸ਼ਨ ਲਟਕਿਆ ਹੋਇਆ ਹੈ, ਸ਼ਕਤੀਸ਼ਾਲੀ ਸਪਰੇਅਰ ਹਰ ਪੱਤੇ, ਪੌਦੇ, ਫੁੱਲ ਅਤੇ ਕਲੀ ਨੂੰ ਸਭ ਤੋਂ ਵਧੀਆ ਤਰੀਕੇ ਨਾਲ਼ ਛਿੜਕਦਾ ਹੈ। ਪੌਦੇ ਉਨ੍ਹਾਂ ਦੀ ਕਮਰ ਜਿੰਨੇ ਉੱਚੇ ਹੁੰਦੇ ਹਨ; ਬੂੰਦਾਂ ਉਨ੍ਹਾਂ ਦੇ ਚਿਹਰੇ ਤੱਕ ਪਹੁੰਚਦੀਆਂ ਹਨ। ਮਸ਼ੀਨ ਰੌਲਾ ਪਾਉਂਦੀ ਹੈ, ਅਤੇ ਰਸਾਇਣ ਹਵਾ ਵਿੱਚ ਤੈਰਦਾ ਹੈ। ਪਾਂਡੀ ਪੈਦਲ ਚਲਦੀ ਰਹਿੰਦੀ ਹੈ ਅਤੇ ਛਿੜਕਾਅ ਕਰਦੀ ਰਹਿੰਦੀ ਹੈ, ਕੇਵਲ ਡੱਬੇ ਨੂੰ ਭਰਨ ਲਈ ਰੁਕਣ ਲਈ।
ਫੇਰ, ਜਦੋਂ ਇਸ਼ਨਾਨ ਕਰਕੇ ਉਹ ਇੱਕ ਸਫੈਦ ਕਮੀਜ਼ ਅਤੇ ਇੱਕ ਨੀਲੇ ਰੰਗ ਦੀ ਲੁੰਗੀ ਦੀ ਪਾ ਲੈਂਦੇ ਹਨ, ਤਾਂ ਮੈਂ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਬਾਰੇ ਪੁੱਛਦੀ ਹਾਂ। ਸ਼ਾਂਤੀ ਨਾਲ਼ ਗੱਲ ਕਰਦੇ ਹੋਏ, ਉਹ ਮੈਨੂੰ ਜਵਾਬ ਦਿੰਦੇ ਹਨ: "ਜੇ ਤੁਸੀਂ ਚਮੇਲੀ ਦੀ ਕਾਸ਼ਤ ਵਿੱਚ ਰੁੱਝੇ ਹੋਏ ਹੋ, ਤਾਂ ਤੁਹਾਨੂੰ ਕੁਝ ਵੀ ਕਰਨਾ ਪਏਗਾ। ਜੇ ਤੁਸੀਂ ਸਪਰੇਅ ਨਹੀਂ ਕਰਨਾ ਚਾਹੁੰਦੇ, ਤਾਂ ਤੁਹਾਨੂੰ ਘਰ ਬੈਠਣਾ ਚਾਹੀਦਾ ਹੈ।" ਉਹ ਪ੍ਰਾਰਥਨਾ ਵਾਂਗ ਬੋਲਦੇ ਹੋਏ ਆਪਣੀਆਂ ਹਥੇਲੀਆਂ ਨੂੰ ਇਕੱਠਿਆਂ ਦਬਾਉਂਦੇ ਹਨ।
ਜਿਓਂ ਹੀ ਅਸੀਂ ਅਲਵਿਦਾ ਲੈਣ ਲੱਗਦੇ ਹਾਂ ਤਾਂ ਗਣਪਤੀ ਮੇਰੇ ਹੈਂਡਬੈਗ ਨੂੰ ਅਮਰੂਦਾਂ ਨਾਲ਼ ਭਰ ਦਿੰਦੇ ਹੈ, ਸਾਡੇ ਚੰਗੇ ਸਫ਼ਰ ਦੀ ਕਾਮਨਾ ਕਰਦੇ ਹਨ ਅਤੇ ਮੈਨੂੰ ਵਾਪਸ ਆਉਣ ਲਈ ਕਹਿੰਦੇ ਹਨ। "ਅਗਲੀ ਵਾਰ, ਇਹ ਘਰ ਤਿਆਰ ਹੋ ਜਾਵੇਗਾ," ਉਹ ਆਪਣੇ ਪਿਛਲੇ ਪਾਸੇ ਬਿਨਾਂ ਪਲਾਸਟਰ ਵਾਲੇ ਇੱਟਾਂ ਵਾਲੇ ਘਰ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। "ਫਿਰ ਅਸੀਂ ਉੱਥੇ ਬੈਠਾਂਗੇ ਤੇ ਵਧੀਆ ਜਿਹਾ ਖਾਣਾ ਖਾਵਾਂਗੇ।"
ਖ਼ੁਸ਼ਬੂਦਾਰ ਅਤੇ ਸ਼ਾਨਦਾਰ ਭਵਿੱਖ ਤੇ ਸਾਰੀਆਂ ਬੇਯਕੀਨੀਆਂ ਨਾਲ਼ ਭਰੇ ਕਾਰੋਬਾਰ ਤੇ ਬਜ਼ਾਰ ਦੇ ਕੇਂਦਰ ਵਿੱਚ ਰਹਿਣ ਵਾਲ਼ੇ ਇਨ੍ਹਾਂ ਚਿੱਟੇ ਫੁੱਲਾਂ ਦੀ ਖੇਤੀ ਕਰਦੇ ਹਜ਼ਾਰਾਂ ਕਿਸਾਨਾਂ ਵਾਂਗਰ ਪਾਂਡੀ ਅਤੇ ਗਣਪਤੀ ਦੇ ਸੁਪਨੇ ਅਤੇ ਉਮੀਦਾਂ ਚਮੇਲੀ ਨਾਲ਼ ਬੱਝ ਗਈਆਂ ਹਨ। ਇੱਕ ਅਜਿਹਾ ਸੁਪਨਾ ਜਿਸ ਵਿੱਚ ਪੰਜ ਮਿੰਟਾਂ ਦੇ ਅੰਦਰ ਅੰਦਰ ਹਜ਼ਾਰਾਂ ਰੁਪਏ ਤੇ ਭਾਰੀ ਮਾਤਰਾ ਵਿੱਚ ਮੁਦਰਈ ਮੱਲੀ- ਆਪਣਾ ਮਾਲਕ ਬਦਲ ਲੈਂਦੀ ਹੈ।
ਹਾਲਾਂਕਿ ਇਹ ਕਹਾਣੀ ਕਿਸੇ ਹੋਰ ਦਿਨ ਸੁਣਾਈ ਜਾਵੇਗੀ।
ਇਸ ਖੋਜ ਅਧਿਐਨ ਨੂੰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੁਆਰਾ ਆਪਣੇ ਰਿਸਰਚ ਫੰਡਿੰਗ ਪ੍ਰੋਗਰਾਮ 2020 ਦੇ ਹਿੱਸੇ ਵਜੋਂ ਫੰਡ ਦਿੱਤਾ ਗਿਆ ਸੀ।
ਤਰਜਮਾ : ਕਮਲਜੀਤ ਕੌਰ