''ਅਸੀਂ ਕਰੋਨਾ ਬਾਰੇ ਜਾਣਦੇ ਹਾਂ, ਪਰ ਕੰਮ ਕਰਨਾ ਬੰਦ ਨਹੀਂ ਕਰ ਸਕਦੇ। ਸਾਨੂੰ ਕਿਸਾਨਾਂ ਵਾਸਤੇ ਕੰਮ ਕਰਨਾ ਪੈਣਾ ਹੈ। ਸਾਡੇ ਲਈ ਅਤੇ ਕਿਸਾਨਾਂ ਲਈ ਖੇਤੀ ਹੀ ਜੀਊਂਦੇ ਬਚਣ ਦੀ ਉਮੀਦ ਹੈ। ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਜੀਵਾਂਗੇ ਕਿਵੇਂ?'' ਸ਼ੁਭਦਰਾ ਸਾਹੂ ਨੇ ਕਿਹਾ।
ਸ਼ੁਭਦਰਾ ਇੱਕ ਠੇਕੇਦਾਰ ਹਨ, ਜੋ ਛੱਤੀਸਗੜ੍ਹ ਦੇ ਧਮਤਰੀ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ, ਬਲਿਆਰਾ ਪਿੰਡ ਦੀਆਂ 30 ਖੇਤ ਮਜ਼ਦੂਰਾਂ ਦੀ ਇੱਕ ਟੀਮ ਦੀ ਅਗਵਾਈ ਕਰਦੀ ਹਨ।
ਦਿਨ ਸ਼ਾਇਦ 20 ਜੁਲਾਈ ਦਾ ਸੀ, ਜਦੋਂ ਇੱਕ ਦੁਪਹਿਰ ਸਾਡੀ ਉਨ੍ਹਾਂ ਨਾਲ਼ ਮੁਲਾਕਾਤ ਹੋਈ, ਜਿੱਥੇ ਇੱਕ ਟਰੈਕਟਰ ਨੇ ਉਨ੍ਹਾਂ ਨੂੰ ਝੋਨੇ ਦੇ ਖੇਤਾਂ ਵੱਲ ਨੂੰ ਜਾਂਦੀ ਇੱਕ ਪਹੀ 'ਤੇ ਲਾਹਿਆ ਸੀ। ਉਹ ਇੱਕ ਖੇਤ ਤੋਂ ਦੂਸਰੇ ਖੇਤ ਕੰਮ ਕਰਨ ਜਾ ਰਹੀਆਂ ਸਨ ਅਤੇ ਹੜਬੜੀ ਵਿੱਚ ਸਨ, ਕਿਉਂਕਿ ਝੋਨੇ ਦੀ ਪਨੀਰੀ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਲਾਉਣੀ ਜ਼ਰੂਰੀ ਸੀ।
''ਅਸੀਂ ਪ੍ਰਤੀ ਏਕੜ 4,000 ਰੁਪਏ ਕਮਾਉਂਦੀਆਂ ਹਾਂ ਅਤੇ ਇਕੱਠਿਆਂ ਰਲ਼-ਮਿਲ਼ ਕੇ ਜਿਵੇਂ ਕਿਵੇਂ ਕਰਕੇ ਹਰ ਰੋਜ਼ 2 ਏਕੜ ਪਨੀਰੀ ਲਾ ਲੈਂਦੀਆਂ ਹਾਂ,'' ਸੁਭਦਰਾ ਨੇ ਕਿਹਾ। ਇੰਝ ਕਰਕੇ ਸਮੂਹ ਦੀ ਹਰੇਕ ਔਰਤ ਨੂੰ 260 ਰੁਪਏ ਦਿਹਾੜੀ ਬਣਦੀ ਹੈ।
ਸਾਉਣੀ ਦੇ ਮੌਸਮ ਵਿੱਚ ਇਹ ਝੋਨਾ ਬੀਜਣ ਦਾ ਸਮਾਂ ਹੁੰਦਾ ਹੈ ਅਤੇ ਜਦੋਂ ਅਸੀਂ ਮਿਲ਼ੇ ਸਾਂ ਉਹ ਕਰੀਬ 20-25 ਏਕੜ ਵਿੱਚ ਪਨੀਰੀ ਲਾ ਚੁੱਕੀਆਂ ਸਨ। ਇਹ ਕੰਮ ਹੋਰ ਕਈ ਦਿਨਾਂ ਤੱਕ ਜਾਰੀ ਰਹੇਗਾ।
ਅੱਧ ਜੁਲਾਈ ਵਿੱਚ ਕਿਸੇ ਹੋਰ ਦਿਨ, ਧਮਤਰੀ ਸ਼ਹਿਰ ਤੋਂ ਕਰੀਬ 15 ਕਿਲੋਮੀਟਰ ਦੂਰ, ਕੋਲਿਯਰੀ-ਖਰੇਂਗਾ ਪਿੰਡ ਦੀ ਸੜਕ 'ਤੇ, ਅਸੀਂ ਖੇਤ ਮਜ਼ਦੂਰਾਂ ਦੇ ਦੂਜੇ ਸਮੂਹ ਨੂੰ ਮਿਲ਼ੇ। ''ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਭੁੱਖੇ ਮਰ ਜਾਵਾਂਗੇ। ਅਸੀਂ (ਕੋਵਿਡ-19 ਦੇ ਖ਼ਤਰੇ ਕਾਰਨ) ਘਰੇ ਮਹਿਫ਼ੂਜ ਰਹਿਣ ਦਾ ਸੁੱਖ ਨਹੀਂ ਭੋਗ ਸਕਦੇ,'' ਧਮਤਰੀ ਬਲਾਕ ਦੇ ਘਰੇਂਗਾ ਪਿੰਡ ਦੀ ਭੂਖਿਨ ਸਾਹੂ ਨੇ ਕਿਹਾ। ਉਹ 24 ਮਜ਼ਦੂਰਾਂ ਦੇ ਇੱਕ ਦਲ ਦੀ ਨੇਤਾ-ਠੇਕੇਦਾਰ ਹਨ। ''ਅਸੀਂ ਮਜ਼ਦੂਰ ਹਾਂ ਅਤੇ ਸਾਡੇ ਕੋਲ਼ ਹੱਥਾਂ ਪੈਰਾਂ ਦੇ ਇਲਾਵਾ ਕੁਝ ਵੀ ਨਹੀਂ। ਪਰ ਕੰਮ ਕਰਦੇ ਸਮੇਂ, ਅਸੀਂ ਦੇਹ ਤੋਂ ਦੂਰੀ ਦਾ ਪਾਲਣ ਕਰਦੇ ਹਾਂ...''
ਉਹ ਅਤੇ ਹੋਰ ਔਰਤਾਂ ਸੜਕ ਦੇ ਦੋਵੀਂ ਪਾਸੀਂ ਬੈਠੀਆਂ ਸਨ ਅਤੇ ਦੁਪਹਿਰ ਦੇ ਖਾਣੇ ਵਿੱਚ ਚੌਲ਼, ਦਾਲ਼ ਅਤੇ ਸਬਜ਼ੀ ਖਾ ਰਹੀਆਂ ਸਨ, ਜੋ ਉਹ ਘਰੋਂ ਲਿਆਈਆਂ ਸਨ। ਉਹ ਸਵੇਰੇ 4 ਵਜੇ ਉੱਠਦੀਆਂ, ਖਾਣਾ ਪਕਾਉਂਦੀਆਂ ਅਤੇ ਘਰ ਦੇ ਬਾਕੀ ਕੰਮ ਨਬੇੜਦੀਆਂ ਹਨ ਅਤੇ ਸਵੇਰ ਦਾ ਨਾਸ਼ਤਾ ਕਰ ਸਵੇਰੇ 6 ਵਜੇ ਖੇਤ ਪਹੁੰਚ ਜਾਂਦੀਆਂ ਹਨ। ਉਹ 12 ਘੰਟਿਆਂ ਬਾਅਦ, ਸ਼ਾਮੀਂ 6 ਵਜੇ ਵਾਪਸ ਘਰ ਮੁੜਦੀਆਂ ਹਨ। ਫਿਰ ਤੋਂ ਉਹੀ ਕੰਮ, ਖਾਣਾ ਪਕਾਉਣਾ, ਖੁਆਉਣਾ ਅਤੇ ਖਾਣਾ; ਭੂਖਿਨ ਨੇ ਆਪਣੇ ਅਤੇ ਹੋਰਨਾਂ ਔਰਤਾਂ ਦੇ ਰੋਜ਼ਮੱਰਾ ਦੇ ਕੰਮਾਂ ਬਾਰੇ ਦੱਸਿਆ।
''ਅਸੀਂ ਹਰ ਰੋਜ਼ ਕਰੀਬ ਕਰੀਬ ਦੋ ਏਕੜ ਵਿੱਚ ਪਨੀਰੀ ਲਾਉਂਦੇ ਹਾਂ ਅਤੇ 3,500 ਰੁਪਏ ਪ੍ਰਤੀ ਏਕੜ ਕਮਾਉਂਦੇ ਹਾਂ,'' ਭੂਖਿਨ ਨੇ ਕਿਹਾ। ਹਰ ਸਮੂਹ ਪ੍ਰਤੀ ਏਕੜ (ਧਮਤਰੀ ਵਿਖੇ ਇਸ ਮੌਸਮ ਵਿੱਚ) ਪਨੀਰੀ ਲਾਉਣ ਦਾ ਠੇਕਾ ਆਪਣੇ ਹਿਸਾਬ ਨਾਲ਼ ਲੈਂਦੇ ਹਨ ਜਿਵੇਂ 3,500 ਰੁਪਏ ਤੋਂ ਲੈ ਕੇ 4,000 ਰੁਪਏ ਤੱਕ ਅਤੇ ਕਿੰਨਾ ਠੇਕਾ ਲੈਣਾ ਹੈ ਇਹ ਗੱਲ ਸਮੂਹ ਵਿੱਚ ਮਜ਼ਦੂਰਾਂ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ।
ਭੂਖਿਨ ਦੇ ਪਤੀ ਕੁਝ ਸਾਲ ਪਹਿਲਾਂ ਮਜ਼ਦੂਰੀ ਕਰਨ ਲਈ ਭੋਪਾਲ ਗਏ ਪਰ ਮੁੜੇ ਕਦੇ ਵੀ ਨਹੀ। ''ਉਨ੍ਹਾਂ ਨੇ ਸਾਨੂੰ ਇਕੱਲਿਆਂ ਪਿਛਾਂਹ ਛੱਡ ਦਿੱਤਾ। ਉਨ੍ਹਾਂ ਨਾਲ਼ ਮੁੜ ਕਦੇ ਰਾਬਤਾ ਨਹੀਂ ਹੋਇਆ,'' ਉਨ੍ਹਾਂ ਨੇ ਦੱਸਿਆ। ਉਨ੍ਹਾਂ ਦਾ ਬੇਟਾ ਕਾਲਜ ਵਿੱਚ ਹੈ ਅਤੇ ਭੂਖਿਨ ਦੀ ਹੀ ਕਮਾਈ ਨਾਲ਼ ਉਨ੍ਹਾਂ ਦੋ ਜੀਆਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ।
ਉਸ ਸੜਕ 'ਤੇ ਅਸੀਂ ਖੇਤ ਮਜ਼ਦੂਰਾਂ ਦੇ ਇੱਕ ਹੋਰ ਸਮੂਹ ਨੂੰ ਮਿਲ਼ੇ- ਜਿਸ ਵਿੱਚ ਬਹੁਤੇਰੀਆਂ ਔਰਤਾਂ ਅਤੇ ਟਾਂਵੇ-ਟਾਂਵੇ ਪੁਰਸ਼ ਸਨ ਜੋ ਪਨੀਰੀ ਚੁੱਕੀ ਖੇਤਾਂ ਵੱਲ ਜਾ ਰਹੇ ਸਨ। ''ਇਹੀ ਸਾਡੀ ਆਮਦਨੀ ਦਾ ਸ੍ਰੋਤ ਹੈ। ਇਸਲਈ ਸਾਨੂੰ ਕੰਮ ਕਰਨਾ ਹੀ ਪੈਣਾ ਹੈ। ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਫ਼ਸਲ ਕੌਣ ਉਗਾਵੇਗਾ? ਹਰ ਕਿਸੇ ਨੂੰ ਖਾਣ ਨੂੰ ਰੋਟੀ ਤਾਂ ਚਾਹੀਦੀ ਹੀ ਹੈ,'' ਧਮਤਰੀ ਬਲਾਕ ਦੇ ਦੱਰੀ ਪਿੰਡ ਦੀ ਠੇਕੇਦਾਰ ਸਬਿਤਾ ਸਾਹੂ ਨੇ ਕਿਹਾ। ''ਜੇ ਅਸੀਂ ਕਰੋਨਾ ਤੋਂ ਡਰਾਂਗੇ ਤਾਂ ਅਸੀਂ ਕੰਮ ਤਾਂ ਕਰ ਹੀ ਨਹੀਂ ਪਾਵਾਂਗੇ। ਫਿਰ ਸਾਡੇ ਬੱਚਿਆਂ ਦੇ ਢਿੱਡ ਕੌਣ ਭਰੇਗਾ? ਸਾਡਾ ਕੰਮ (ਪਨੀਰੀ ਲਾਉਣ ਦਾ) ਹੀ ਕੁਝ ਅਜਿਹਾ ਹੈ ਕਿ ਅਸੀਂ ਵੈਸੇ ਵੀ ਦੇਹ ਤੋਂ ਦੂਰੀ ਬਣਾਈ ਰੱਖਦੇ ਹਾਂ।'' ਜੁਲਾਈ ਦੇ ਅੱਧ ਵਿੱਚ, ਜਦੋਂ ਮੈਂ ਉਨ੍ਹਾਂ ਨਾਲ਼ ਮਿਲ਼ਿਆ ਸਾਂ, ਤਦ ਸਬਿਤਾ ਅਤੇ ਉਨ੍ਹਾਂ ਦੇ ਸਮੂਹ ਦੀਆਂ 30 ਔਰਤਾਂ 3,600 ਰੁਪਏ ਪ੍ਰਤੀ ਏਕੜ ਦੀ ਦਰ ਨਾਲ਼ 25 ਏਕੜ ਵਿੱਚ ਪਨੀਰੀ ਲਾ ਚੁੱਕੀਆਂ ਸਨ।
''ਕੋਈ ਕੰਮ (ਜਦੋਂ ਤਾਲਾਬੰਦੀ ਸਿਖ਼ਰ 'ਤੇ ਸੀ) ਉਪਲਬਧ ਨਹੀਂ ਸੀ। ਉਸ ਸਮੇਂ ਸਾਰਾ ਕੁਝ ਬੰਦ ਸੀ। ਫਿਰ ਸਾਉਣੀ ਦਾ ਮੌਸਮ ਆਇਆ ਅਤੇ ਅਸੀਂ ਕੰਮ 'ਤੇ ਵਾਪਸ ਆ ਗਏ,'' ਖਰੇਂਗਾ ਪਿੰਡ ਦੀ ਇੱਕ ਖੇਤ ਮਜ਼ਦੂਰ, ਹਿਰੌਂਡੀ ਸਾਹੂ ਨੇ ਕਿਹਾ।
ਧਮਤਰੀ ਦੇ ਕਿਰਤ ਵਿਭਾਗ ਦੇ ਇੱਕ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਤਾਲਾਬੰਦੀ ਦੌਰਾਨ, 20 ਜੁਲਾਈ ਤੱਕ, ਕਰੀਬ 1,700 ਲੋਕ ਦੇਸ਼ ਦੇ ਵੱਖੋ-ਵੱਖ ਹਿੱਸਿਆਂ ਤੋਂ ਧਮਤਰੀ (ਜ਼ਿਲ੍ਹੇ) ਪਰਤ ਆਏ ਸਨ। ਇਨ੍ਹਾਂ ਵਿੱਚ ਵਿਦਿਆਰਥੀ, ਨੌਕਰੀ ਕਰਨ ਵਾਲ਼ੇ ਲੋਕ ਅਤੇ 700 ਦੇ ਕਰੀਬ ਪ੍ਰਵਾਸੀ ਮਜ਼ਦੂਰ ਸ਼ਾਮਲ ਸਨ। ਛੱਤੀਸਗੜ੍ਹ ਵਿੱਚ ਹੁਣ ਤੱਕ ਕੋਵਿਡ-19 ਦੇ 10,500 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਧਮਤਰੀ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ, ਡਾ. ਡੀ.ਕੇ. ਤੁਰੇ ਨੇ ਮੈਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦੇ ਹੁਣ ਤੱਕ 48 ਮਾਮਲੇ ਗਿਆਨ ਵਿੱਚ ਹਨ।
ਹਿਰੌਂਡੀ ਦੇ ਇਸ ਸਮੂਹ ਵਿੱਚ ਦੱਰੀ ਪਿੰਡ ਤੋਂ ਚੰਦ੍ਰਿਕਾ ਸਾਹੂ ਵੀ ਸਨ। ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤ ਹੈ; ਇੱਕ ਕਾਲਜ ਵਿੱਚ ਹੈ, ਬਾਕੀ ਦੋ 10ਵੀਂ ਅਤੇ 12ਵੀਂ ਜਮਾਤ ਵਿੱਚ ਹਨ। ''ਮੇਰੇ ਪਤੀ ਵੀ ਇੱਕ ਮਜ਼ਦੂਰ ਹੀ ਸਨ, ਪਰ ਇੱਕ ਦਿਨ ਹਾਦਸੇ ਵਿੱਚ ਉਨ੍ਹਾਂ ਦੀ ਲੱਤ ਟੁੱਟ ਗਈ। ਉਹਦੇ ਬਾਅਦ ਉਹ ਕੰਮ ਨਹੀਂ ਕਰ ਪਾਏ ਅਤੇ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਆਤਮਹੱਤਿਆ ਕਰ ਲਈ,'' ਉਨ੍ਹਾਂ ਨੇ ਦੱਸਿਆ। ਚੰਦ੍ਰਿਕਾ ਅਤੇ ਉਨ੍ਹਾਂ ਦੇ ਬੱਚੇ ਬੱਸ ਇਸੇ ਕਮਾਈ ਸਿਰ ਜਿਊਂਦੇ ਹਨ; ਉਨ੍ਹਾਂ ਨੂੰ ਵਿਧਵਾ ਪੈਨਸ਼ਨ ਦੇ ਰੂਪ ਵਿੱਚ 350 ਰੁਪਏ ਮਹੀਨਾ ਮਿਲ਼ਦੇ ਹਨ ਅਤੇ ਪਰਿਵਾਰ ਕੋਲ਼ ਬੀਪੀਐੱਲ ਰਾਸ਼ਨ ਕਾਰਡ ਵੀ ਹੈ।
ਅਸੀਂ ਜਿੰਨਿਆਂ ਵੀ ਮਜ਼ਦੂਰਾਂ ਨਾਲ਼ ਗੱਲ ਕੀਤੀ, ਉਹ ਸਾਰੇ ਕੋਵਿਡ-19 ਬਾਰੇ ਜਾਣਦੇ ਸਨ; ਕਈਆਂ ਨੇ ਕਿਹਾ ਕਿ ਉਹ ਪਰਵਾਹ ਨਹੀਂ ਕਰਦੇ, ਜਦੋਂਕਿ ਬਾਕੀਆਂ ਨੇ ਕਿਹਾ ਕਿ ਉਂਝ ਵੀ ਉਹ ਕੰਮ ਕਰਦੇ ਵੇਲ਼ੇ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਦੇ ਹੀ ਹਨ, ਇਸਲਈ ਇਹ ਠੀਕ ਹੈ। ''ਅਸੀਂ ਰੜ੍ਹੇ ਮੈਦਾਨੀਂ ਸਿੱਧੇ ਸੂਰਜ ਹੇਠ ਕੰਮ ਕਰਦੇ ਹਾਂ, ਇਸਲਈ ਸਾਨੂੰ ਕਰੋਨਾ ਹੋਣ ਦੀ ਸੰਭਾਵਨਾ ਵੀ ਘੱਟ ਹੈ,'' ਸਬਿਤਾ ਦੀ ਟੀਮ ਦੇ ਇੱਕ ਪੁਰਸ਼ ਮਜ਼ਦੂਰ, ਭੁਜਬਲ ਸਾਹੂ ਨੇ ਕਿਹਾ। ''ਇੱਕ ਵਾਰ ਹੋ ਗਿਆ ਤਾਂ ਇਹ ਤੁਹਾਡੀ ਜਾਨ ਲੈ ਲਵੇਗਾ,'' ਉਨ੍ਹਾਂ ਨੇ ਕਿਹਾ। ''ਪਰ ਅਸੀਂ ਇਸ ਤੋਂ ਡਰਦੇ ਵੀ ਨਹੀਂ ਕਿਉਂਕਿ ਅਸੀਂ ਮਜ਼ਦੂਰ ਹਾਂ।''
ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਪਨੀਰੀ ਲਾਉਣ ਦਾ ਕੰਮ 15 ਦਿਨਾਂ ਤੱਕ ਜਾਰੀ ਰਹੇਗਾ। ''ਉਹਦੇ ਬਾਅਦ ਕੋਈ ਕੰਮ ਨਹੀਂ ਹੋਣਾ।'' ਧਮਤਰੀ ਅਤੇ ਕੁਰੂਦ ਹੀ ਜ਼ਿਲ੍ਹੇ ਦੇ ਅਜਿਹੇ ਬਲਾਕ ਹਨ ਜਿੱਥੇ ਥੋੜ੍ਹੀ-ਬਹੁਤ ਸਿੰਜਾਈ ਦੀ ਸੁਵਿਧਾ ਹੈ, ਇਸਲਈ ਇੱਥੋਂ ਦੇ ਕਿਸਾਨ ਦੋ ਗੇੜਾਂ ਵਿੱਚ ਝੋਨਾ ਬੀਜਦੇ ਹਨ ਅਤੇ ਖੇਤੀ ਦਾ ਕੰਮ ਦੋ ਮੌਸਮਾਂ ਤੱਕ ਉਪਲਬਧ ਹੁੰਦਾ ਹੈ। ''ਸਾਨੂੰ ਹੋਰ ਕੰਮ ਦੀ ਲੋੜ ਹੈ,'' ਭੁਜਬਲ ਨੇ ਕਿਹਾ।
ਤਰਜਮਾ: ਨਿਰਮਲਜੀਤ ਕੌਰ