''ਕੋਈ ਸਮੱਸਿਆ ਨਹੀਂ। ਕੁਝ ਵੀ ਅਸਧਾਰਣ ਨਹੀਂ। ਸਾਰਾ ਕੁਝ ਠੀਕ-ਠਾਕ ਸੀ। ਜ਼ਿੰਦਗੀ ਆਮ ਜਿਹੇ ਢੰਗ ਨਾਲ਼ ਗੁਜ਼ਰ ਰਹੀ ਸੀ,'' 33 ਸਾਲਾ ਦਿਨੇਸ਼ ਚੰਦਰ ਸੁਥਾਰ ਕਹਿੰਦੇ ਹਨ, ਜੋ ਆਪਣੇ ਪਰਿਵਾਰ ਦੇ ਐਨ ਵਿਚਕਾਰ ਫ਼ਾਈਲਾਂ ਅਤੇ ਰਿਪੋਰਟਾਂ ਲਈ ਬੈਠੇ ਹਨ ਅਤੇ ਚੇਤੇ ਕਰ ਰਹੇ ਹਨ ਕਿ ਇਸ ਅਣਕਿਆਸੀ ਘਟਨਾ ਤੋਂ ਪਹਿਲਾਂ ਰੋਜ਼ਮੱਰਾ ਦੇ ਹਾਲਾਤ ਕਿਹੋ ਜਿਹੇ ਸਨ।
ਰਾਜਸਥਾਨ ਦੇ ਬਾਂਸੀ ਪਿੰਡ ਵਿੱਚ ਸਥਿਤ ਸੁਥਾਰ ਘਰ ਦੀ ਕੰਧ 'ਤੇ ਉਨ੍ਹਾਂ ਦੀ ਮਰਹੂਮ ਪਤਨੀ ਦੀ ਤਸਵੀਰ ਲਮਕ ਰਹੀ ਹੈ। ਭਾਵਨਾ ਦੇਵੀ ਦੀ ਤਸਵੀਰ ਉਹੀ ਵਾਲ਼ੀ ਹੈ ਜੋ ਦਿਨੇਸ਼ ਕੋਲ਼ ਮੌਜੂਦ ਫ਼ਾਈਲਾਂ ਵਿੱਚ ਹੈ। ਇਹ ਤਸਵੀਰ 2015 ਵਿੱਚ ਉਨ੍ਹਾਂ ਦੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਖਿੱਚੀ ਗਈ ਸੀ ਅਤੇ ਇਹਨੂੰ ਇੱਕ ਸਰਕਾਰੀ ਯੋਜਨਾ ਦੇ ਬਿਨੈ ਪੱਤਰ ਵਿੱਚ ਚਿਪਕਾਇਆ ਗਿਆ ਸੀ।
ਪੰਜ ਸਾਲ ਬੀਤ ਚੁੱਕੇ ਹਨ, ਦਿਨੇਸ਼ ਇਨ੍ਹਾਂ ਕਾਗ਼ਜ਼ਾਂ ਅਤੇ ਤਸਵੀਰਾਂ ਨੂੰ ਆਪਣੇ ਕੋਲ਼ ਸਾਂਭੀ ਬੈਠੇ ਹਨ, ਜੋ ਉਨ੍ਹਾਂ ਦੇ ਛੋਟੇ ਜਿਹੇ ਵਿਆਹੁਤਾ ਜੀਵਨ ਦੀ ਨਿਸ਼ਾਨੀਆਂ ਹਨ। ਉਹ ਦੋ ਲੜਕਿਆਂ- ਤਿੰਨ ਸਾਲਾ ਚਿਰਾਗ ਅਤੇ ਦੇਵਾਂਸ ਦੇ ਪਿਤਾ ਹਨ। ਬੜੀ ਸਾਦੜੀ ਨਗਰਪਾਲਿਕਾ ਦੇ 50 ਬਿਸਤਰਿਆਂ ਵਾਲ਼ੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਵਿਖੇ ਨਸਬੰਦੀ ਦੀ ਪ੍ਰਕਿਰਿਆ ਦੌਰਾਨ ਆਂਦਰ ਵਿੱਚ ਹੋਏ ਛੇਕ ਕਾਰਨ ਭਾਵਨਾ ਦੀ ਮੌਤ ਹੋਈ, ਉਦੋਂ ਦੇਵਾਂਸ਼ ਸਿਰਫ਼ 29 ਦਿਨਾਂ ਦਾ ਸੀ ਅਤੇ ਉਹਦਾ ਨਾਮ ਵੀ ਨਹੀਂ ਰੱਖਿਆ ਗਿਆ ਸੀ।
ਦਿਨੇਸ਼- ਜਿਨ੍ਹਾਂ ਕੋਲ਼ ਬੀਐੱਡ ਦੀ ਡਿਗਰੀ ਹੈ ਉਹ ਬਾਂਸੀ ਤੋਂ ਛੇ ਕਿਲੋਮੀਟਰ ਦੂਰ, ਬੜਵਾਲ ਦੇ ਇੱਕ ਨਿੱਜੀ ਸਕੂਲ ਵਿੱਚ ਬਤੌਰ ਅਧਿਆਪਕ 15,000 ਰੁਪਏ ਕਮਾਉਂਦੇ ਹਨ- ਉਹ ਘਟਨਾਵਾਂ ਦੇ ਉਨ੍ਹਾਂ ਸਿਰਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਆਪਸ ਵਿੱਚ ਜੋੜਨ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਕਾਰਨਾਂ ਨੇ ਉਨ੍ਹਾਂ ਦਾ ਘਰ ਉਜਾੜ ਦਿੱਤਾ ਅਤੇ ਅੰਤ ਵਿੱਚ ਖ਼ੁਦ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ।
''ਕੀ ਜੇ ਮੈਂ ਓਪਰੇਸ਼ਨ ਲਈ ਰਾਜ਼ੀ ਨਾ ਹੁੰਦਾ ਤਾਂ ਉਹਦੀ ਮੌਤ ਨੂੰ ਟਾਲ਼ਿਆ ਜਾ ਸਕਦਾ ਸੀ? ਮੈਂ ਡਾਕਟਰਾਂ 'ਤੇ ਯਕੀਨ ਕਰ ਲਿਆ ਜੋ ਲਗਾਤਾਰ ਕਹਿ ਰਹੇ ਸਨ ਕਿ ਸਾਰਾ ਕੁਝ ਠੀਕ ਹੈ? ਮੈਨੂੰ ਹੋਰ ਜਾਣਕਾਰੀ ਮੰਗਣੀ ਚਾਹੀਦੀ ਸੀ। ਮੈਨੂੰ ਓਪਰੇਸ਼ਨ ਲਈ ਸਹਿਮਤ ਹੀ ਨਹੀਂ ਹੋਣਾ ਚਾਹੀਦਾ ਸੀ ਅਤੇ ਨਾ ਹੀ ਕਿਸੇ 'ਤੇ ਇੰਝ ਭਰੋਸਾ ਹੀ ਕਰਨਾ ਚਾਹੀਦਾ ਸੀ। ਇਹ ਮੇਰੀ ਗ਼ਲਤੀ ਹੈ,'' ਦਿਨੇਸ਼ ਕਹਿੰਦੇ ਹਨ, ਜੋ 24 ਜੁਲਾਈ, 2019 ਨੂੰ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਤੋਂ ਕਈ ਵਾਰੀ ਇਨ੍ਹਾਂ ਤਸੀਹੇ ਦਿੰਦੇ ਵਿਚਾਰਾਂ ਨਾਲ਼ ਜੂਝਦੇ ਰਹੇ ਹਨ।
ਮੌਤ ਤੋਂ ਇੱਕ ਮਹੀਨੇ ਪਹਿਲਾਂ (ਬਾਮੁਸ਼ਕਲ ਇੱਕ ਮਹੀਨਾ), 25 ਜੂਨ, 2019 ਨੂੰ 25 ਸਾਲਾ ਭਾਵਨਾ ਨੇ ਇੱਕ ਸਿਹਤਮੰਦ ਬੱਚੇ, ਦੇਵਾਂਸ਼ ਨੂੰ ਜਨਮ ਦਿੱਤਾ ਸੀ। ਦੂਸਰੀ ਗਰਭਅਵਸਥਾ ਅਤੇ ਪ੍ਰਸਵ ਪਹਿਲਾਂ ਵਾਂਗਰ ਹੀ ਨੌਰਮਲ ਸੀ। ਚਿੱਤੌੜਗੜ ਜ਼ਿਲ੍ਹੇ ਦੇ ਬੜੀ ਸਾਦੜੀ ਬਲਾਕ ਵਿੱਚ ਪੈਂਦੀ ਬੜੀ ਸਾਦੜੀ ਸੀਐੱਚਸੀ ਵਿਖੇ ਉਨ੍ਹਾਂ ਦੀਆਂ ਰਿਪੋਰਟਾਂ, ਜਾਂਚ ਅਤੇ ਇੱਥੋਂ ਤੱਕ ਕਿ ਪ੍ਰਸਵ ਵੀ ਨੌਰਮਲ ਹੀ ਸੀ, ਇਹ ਸੀਐੱਚਸੀ ਉਨ੍ਹਾਂ ਦੇ ਪਿੰਡ ਤੋਂ ਕਰੀਬ 60 ਕਿਲੋਮੀਟਰ ਦੂਰ ਹੈ।
ਪ੍ਰਸਵ ਤੋਂ ਕਰੀਬ 20 ਦਿਨ ਬਾਅਦ, ਭਾਵਨਾ ਜਦੋਂ ਬਾਂਸੀ ਪਿੰਡ (ਜਿਹਦੀ ਅਬਾਦੀ ਕਰੀਬ 3,883 ਹੈ) ਵਿੱਚ ਆਪਣੀ ਮਾਂ ਦੇ ਘਰ ਸੀ ਤਾਂ ਇੱਕ ਆਸ਼ਾ ਵਰਕਰ ਨੇ ਉਨ੍ਹਾਂ ਨੂੰ ਨਿਯਮਤ ਜਾਂਚ ਅਤੇ ਲਹੂ ਜਾਂਚ ਕਰਾਉਣ ਲਈ ਸੀਐੱਚਸੀ ਆਉਣ ਨੂੰ ਕਿਹਾ ਸੀ। ਭਾਵਨਾ ਨੂੰ ਕੋਈ ਕਮਜ਼ੋਰ ਨਹੀਂ ਸੀ, ਪਰ ਉਨ੍ਹਾਂ ਨੇ ਉਹਦੇ ਨਾਲ਼ ਜਾਣ ਦਾ ਇਰਾਦਾ ਕੀਤਾ। ਉਨ੍ਹਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ਼ ਗਈ। ''ਆਸ਼ਾ ਵਰਕਰ ਜਦੋਂ ਸਾਡੇ ਘਰ ਆਈ ਤਾਂ ਉਨ੍ਹਾਂ ਨੇ ਓਪਰੇਸ਼ਨ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ,'' ਭਾਵਨਾ ਦੀ ਮਾਂ ਨੇ ਦਿਨੇਸ਼ ਨੂੰ ਦੱਸਿਆ ਸੀ।
ਜਾਂਚ ਅਤੇ ਪਰੀਖਣਾਂ ਤੋਂ ਬਾਅਦ ਆਸ਼ਾ ਵਰਕਰ ਅਤੇ ਉੱਥੇ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਨ੍ਹਾਂ ਨੂੰ ਨਸਬੰਦੀ ਦਾ ਓਪਰੇਸ਼ਨ ਕਰਾਉਣ ਦੀ ਸਲਾਹ ਦਿੱਤੀ।
''ਉਨ੍ਹਾਂ ਦੇ ਪਹਿਲਾਂ ਹੀ ਦੋ ਬੱਚੇ ਸਨ ਅਤੇ ਕਿਉਂਕਿ ਇਹ ਜੋੜਾ ਪਰਿਵਾਰ ਨਿਯੋਜਨ ਜਾਂ ਜਨਮ ਕੰਟਰੋਲ ਦੀ ਕਿਸੀ ਵੀ ਪੱਧਤੀ ਨੂੰ ਅਪਣਾ ਨਹੀਂ ਰਿਹਾ ਸੀ, ਇਸਲਈ ਓਪਰੇਸ਼ਨ ਕਰਨਾ ਬੇਹਤਰ ਸੀ। ਝੰਜਟ ਖ਼ਤਮ, '' ਡਾਕਟਰ ਅਤੇ ਆਸ਼ਾ ਵਰਕਰ ਨੇ ਉਨ੍ਹਾਂ ਦੀ ਮਾਂ ਦੇ ਸਾਹਮਣੇ ਭਾਵਨਾ ਨੂੰ ਕਿਹਾ ਸੀ।
ਜਦੋਂ 10 ਪੜ੍ਹੀ ਭਾਵਨਾ ਨੇ ਕਿਹਾ ਕਿ ਉਹ ਘਰ ਜਾ ਕੇ ਇਸ ਵਿਸ਼ੇ ਬਾਰੇ ਆਪਣੇ ਪਤੀ ਨਾਲ਼ ਵਿਚਾਰ ਕਰੇਗੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਫ਼ੌਰਨ ਓਪਰੇਸ਼ਨ ਕਰਨਾ ਸਭ ਤੋਂ ਚੰਗਾ ਰਹੇਗਾ। ''ਉਨ੍ਹਾਂ ਦੀ ਸੀਐੱਚਸੀ ਵਿਖੇ ਉਸ ਦਿਨ ਨਸਬੰਦੀ ਕੈਂਪ ਲਗਾਇਆ ਗਿਆ ਸੀ। ਇਸਲਈ ਉਨ੍ਹਾਂ ਨੇ ਉਸੇ ਦਿਨ ਓਪਰੇਸ਼ਨ ਕਰਾਉਣ ਲਈ ਭਾਵਨਾ ਨੂੰ ਪ੍ਰੇਰਿਤ ਕਰਨ ਲਈ ਇਹ ਕਿਹਾ ਉਹ ਉਂਜ ਵੀ ਪ੍ਰਸਵ ਤੋਂ ਬਾਅਦ ਰਾਜ਼ੀ ਹੋ ਰਹੀ ਹੈ ਅਤੇ ਜੇਕਰ ਉਹ ਹੁਣੇ ਹੀ ਓਪਰੇਸ਼ਨ ਕਰਵਾ ਲੈਂਦੀ ਹਨ ਤਾਂ ਉਨ੍ਹਾਂ ਨੂੰ ਬਾਰ-ਬਾਰ ਓਪਰੇਸ਼ਨ ਦੀ ਪਰੇਸ਼ਾਨੀ ਵਿੱਚੋਂ ਦੀ ਲੰਘਣਾ ਨਹੀਂ ਪਵੇਗਾ,'' ਦਿਨੇਸ਼ ਨੇ ਡਾਕਟਰ ਦੁਆਰਾ ਕਹੀ ਗਈ ਗੱਲ ਨੂੰ ਚੇਤੇ ਕਰਦਿਆਂ ਦੱਸਿਆ। ਪਤਨੀ ਦਾ ਫ਼ੋਨ ਆਉਣ ਤੋਂ ਬਾਅਦ ਉਹ ਸਕੂਲ ਤੋਂ ਸਿੱਧੇ ਸੀਐੱਚਸੀ ਪਹੁੰਚੇ ਸਨ।
''ਬੜਾ ਅਜੀਬ ਜਾਪ ਰਿਹਾ ਸੀ। ਸੱਚ ਕਹਾਂ ਤਾਂ ਅਸੀਂ ਅਸਲ ਵਿੱਚ ਨਸਬੰਦੀ ਕਰਾਉਣ ਬਾਰੇ ਸੋਚਿਆ ਹੀ ਨਹੀਂ ਸੀ। ਅਸੀਂ ਬਾਅਦ ਵਿੱਚ ਕਦੇ ਇੰਝ ਕਰ ਲੈਂਦੇ, ਪਰ ਮੈਂ ਇਹ ਸਭ ਪਹਿਲੀ ਵਾਰ ਸੁਣ ਰਿਹਾ ਸਾਂ ਅਤੇ ਮੈਂ ਆਪਣੀ ਸਹਿਮਤੀ ਦੇ ਦਿੱਤੀ,'' ਦਿਨੇਸ਼ ਦੱਸਦੇ ਹਨ।
''ਇਹਦੇ ਬਾਅਦ ਕੁਝ ਵੀ ਪਹਿਲਾਂ ਜਿਹਾ ਨਹੀਂ ਰਿਹਾ,'' ਉਨ੍ਹਾਂ ਨੇ ਕਿਹਾ।
ਭਾਵਨਾ ਉਨ੍ਹਾਂ ਪੰਜ ਔਰਤਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ 16 ਜੁਲਾਈ, 2019 ਨੂੰ ਬੜੀ ਸਾਦੜੀ ਦੇ ਸੀਐੱਚਸੀ ਵਿਖੇ ਪੱਕੀ ਨਸਬੰਦੀ ਦਾ ਓਪਰੇਸ਼ਨ ਕਰਵਾਇਆ ਸੀ। ਐੱਮਬੀਬੀਐੱਸ ਡਾਕਟਰ ਦੁਆਰਾ ਮਿਨੀਲੈਪ ਪ੍ਰਕਿਰਿਆ ਦੀ ਵਰਤੋਂ ਕਰਦਿਆਂ, ਸਭ ਤੋਂ ਪਹਿਲਾਂ ਉਨ੍ਹਾਂ ਦੀ ਹੀ ਨਸਬੰਦੀ ਕੀਤੀ ਗਈ। ਚਾਰ ਹੋਰ ਔਰਤਾਂ ਨੂੰ ਉਨ੍ਹਾਂ ਦੇ ਓਪਰੇਸ਼ਨ ਦੇ ਦੋ ਘੰਟਿਆਂ ਬਾਅਦ ਛੁੱਟੀ ਦੇ ਦਿੱਤੀ ਗਈ। ਭਾਵਨਾ ਨੂੰ ਜਦੋਂ ਤਿੰਨ ਘੰਟੇ ਬਾਅਦ ਹੋਸ਼ ਆਇਆ ਤਾਂ ਉਨ੍ਹਾਂ ਦੇ ਢਿੱਡ ਵਿੱਚ ਪੀੜ੍ਹ ਹੋ ਰਹੀ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਇੰਜੈਕਸ਼ਨ ਦਿੱਤਾ ਅਤੇ ਪੂਰੀ ਰਾਤ ਸੀਐੱਚਸੀ ਵਿਖੇ ਰਹਿਣ ਲਈ ਕਿਹਾ ਕਿਉਂਕਿ ਉਨ੍ਹਾਂ ਦਾ ਬਲੈਡ ਪ੍ਰੈਸ਼ਰ ਕਾਫ਼ੀ ਜ਼ਿਆਦਾ ਸੀ। ਅਗਲੇ ਦਿਨ ਵੀ ਉਨ੍ਹਾਂ ਦੀ ਢਿੱਡ ਪੀੜ੍ਹ ਘੱਟ ਨਾ ਹੋਈ ਪਰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
''ਉਸੇ ਡਾਕਟਰ ਨੇ ਮੈਨੂੰ ਖਰ੍ਹਵੇ ਜਿਹੇ ਕਿਹਾ, ਓਪਰੇਸ਼ਨ ਤੋਂ ਬਾਅਦ ਪੀੜ੍ਹ ਹੋਣੀ ਆਮ ਗੱਲ ਹੈ; ਉਨ੍ਹਾਂ ਨੂੰ ਘਰ ਲੈ ਜਾਓ,'' ਦਿਨੇਸ਼ ਚੇਤੇ ਕਰਦੇ ਹਨ।
ਰਾਤ ਦੌਰਾਨ ਭਾਵਨਾ ਦਾ ਢਿੱਡ ਸੁੱਜ ਗਿਆ ਅਤੇ ਪੀੜ੍ਹ ਅਸਹਿ ਹੋ ਗਈ। ਐਕਸ-ਰੇ ਅਤੇ ਸੋਨੇਗ੍ਰਾਫ਼ੀ ਤੋਂ ਬਾਅਦ ਭਾਵਨਾ ਨੂੰ ਮੁੜ ਹਸਪਤਾਲ ਭਰਤੀ ਕਰ ਲਿਆ ਗਿਆ। ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਕਿ ਕੀ ਗ਼ਲਤ ਹੋਇਆ ਹੈ। ਅਗਲੇ ਤਿੰਨ ਦਿਨਾਂ ਤੱਕ, ਉਨ੍ਹਾਂ ਨੂੰ ਇੱਕ ਦਿਨ ਵਿੱਚ ਆਈਵੀ ਫਲੂਇਡ ਦੀਆਂ ਛੇ ਬੋਤਲਾਂ ਚਾੜ੍ਹੀਆਂ ਗਈਆਂ। ਦੋ ਦਿਨਾਂ ਤੱਕ ਉਨ੍ਹਾਂ ਨੂੰ ਰੋਟੀ ਦੀ ਇੱਕ ਬੁਰਕੀ ਖਾਣ ਤੱਕ ਦੀ ਇਜਾਜ਼ਤ ਨਾ ਦਿੱਤੀ ਗਈ। ਢਿੱਡ ਦੀ ਸੋਜ ਕੁਝ ਘੱਟ ਹੋਈ, ਪਰ ਦੋਬਾਰਾ ਫਿਰ ਸੋਜ ਪੈ ਗਈ।
ਓਪਰੇਸ਼ਨ ਦੇ ਪੰਜ ਦਿਨਾਂ ਬਾਅਦ, ਰਾਤ ਨੂੰ ਕਰੀਬ 10 ਵਜੇ, ਨਸਬੰਦੀ ਕਰਨ ਵਾਲ਼ੇ ਡਾਕਟਰ ਨੇ ਦਿਨੇਸ਼ ਨੂੰ ਦੱਸਿਆ ਕਿ ਭਾਵਨਾ ਦੇ ਅਗਲੇਰੇ ਇਲਾਜ ਲਈ ਉਨ੍ਹਾਂ ਨੂੰ ਕਰੀਬ 95 ਕਿਲੋਮੀਟਰ ਦੂਰ, ਉਦੈਪੁਰ ਦੇ ਸਰਕਾਰੀ ਹਸਪਤਾਲ ਵਿੱਚ ਤਬਦੀਲ ਕਰਨਾ ਹੋਵੇਗਾ। ''ਉਨ੍ਹਾਂ ਨੇ ਨਿੱਜੀ ਗੱਡੀ ਮੰਗਵਾਈ, ਜਿਹਦਾ 1500 ਰੁਪਏ ਕਿਰਾਇਆ ਅਸੀਂ ਹੀ ਦਿੱਤਾ ਅਤੇ ਸੀਐੱਚਸੀ ਤੋਂ ਆਪਣੇ ਇੱਕ ਕੰਪਾਊਂਡਰ ਨੂੰ ਵੀ ਸਾਡੇ ਨਾਲ਼ ਭੇਜਿਆ। ਪਰ ਸਮੱਸਿਆ ਕੀ ਸੀ? ਮੈਂ ਉਦੋਂ ਤੱਕ ਨਹੀਂ ਜਾਣ ਪਾਇਆ। ਓਪਰੇਸ਼ਨ ਨਾਲ਼ ਜੁੜੀ ਸਮੱਸਿਆ ਸੀ। ਬੱਸ ਇੰਨਾ ਹੀ ਜਾਣਦਾ ਸੀ।''
ਰਾਤ ਦੇ 2 ਵਜੇ ਜਦੋਂ ਉਹ ਉਦੈਪੁਰ ਦੇ ਮਹਾਰਾਣਾ ਭੂਪਾਲ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚੇ ਤਾਂ ਦੋਬਾਰਾ ਤਾਜ਼ਾ ਐਕਸ-ਰੇ ਕੀਤਾ ਗਿਆ ਅਤੇ ਉਨ੍ਹਾਂ ਨੂੰ ਇੱਕ ਮਹਿਲਾਵਾਂ ਅਤੇ ਬੱਚਿਆਂ ਦੇ ਵੱਖਰੇ ਵਾਰਡ ਵਿੱਚ ਜਾਣ ਲਈ ਕਿਹਾ ਗਿਆ। ਉੱਥੇ, ਭਾਵਨਾ ਨੂੰ ਫਿਰ ਤੋਂ ਭਰਤੀ ਦੀ ਪ੍ਰਕਿਰਿਆ ਵਿੱਚੋਂ ਦੀ ਲੰਘਣਾ ਪਿਆ।
ਦਿਨੇਸ਼ ਨੂੰ ਉਦੋਂ ਪਹਿਲੀ ਵਾਰ ਓਪਰੇਸ਼ਨ ਦੌਰਾਨ ਕਿਸੇ ਭਿਅੰਕਰ ਗ਼ਲਤੀ ਹੋਈ ਹੋਣ ਬਾਰੇ ਮਹਿਸੂਸ ਹੋਇਆ ਜਦੋਂ ਭਾਵਨਾ ਦੇ ਇਲਾਜ ਲਈ ਹੱਥ ਪਾਉਣ ਤੋਂ ਝਿਜਕਦੇ ਡਾਕਟਰ ਨੇ ਕਿਹਾ,''ਅਸੀਂ ਇੱਥੇ ਦੂਸਰੇ ਹਸਪਤਾਲਾਂ ਦੀਆਂ ਗ਼ਲਤੀਆਂ ਦਾ ਇਲਾਜ ਨਹੀਂ ਕਰਦੇ।''
ਅਖ਼ੀਰ, 22 ਜੁਲਾਈ ਨੂੰ ਉਨ੍ਹਾਂ ਨੂੰ ਭਰਤੀ ਕਰਨ ਅਤੇ ਸੋਨੋਗ੍ਰਾਫ਼ੀ ਕਰਾਉਣ ਬਾਅਦ, ਦਿਨੇਸ਼ ਨੂੰ ਦੱਸਿਆ ਗਿਆ ਕਿ ਦੋ ਓਪਰੇਸ਼ਨ ਫ਼ੌਰਨ ਕੀਤੇ ਜਾ ਰਹੇ ਹਨ- ਪਹਿਲਾ, ਉਨ੍ਹਾਂ ਦੀ ਮਲ਼ ਨੂੰ ਬਾਹਰ ਕੱਢਣ ਲਈ ਇੱਕ ਟਿਊਬ ਪਾਉਣ ਅਤੇ ਦੂਸਰਾ ਇਨ੍ਹਾਂ ਦੀ ਛੇਕ ਵਾਲ਼ੀ ਆਂਦਰ ਦੀ ਮੁਰੰਮਤ ਕਰਨ ਲਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਆਉਣ ਵਾਲ਼ੇ 48 ਘੰਟੇ ਕਾਫ਼ੀ ਨਾਜ਼ੁਕ ਹਨ।
ਓਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਦਿਨੇਸ਼ ਨੂੰ ਦੱਸਿਆ ਕਿ ਬੜੀ ਸਾਦੜੀ ਦੇ ਸੀਐੱਚਸੀ ਵਿਖੇ ਉਨ੍ਹਾਂ ਦੀ ਪਤਨੀ ਦੀ ਨਸਬੰਦੀ ਪ੍ਰਕਿਰਿਆ ਦੌਰਾਨ, ਡਾਕਟਰ ਵੱਲੋਂ ਵਰਤੀਂਦੇ ਚਾਕੂ ਦੇ ਵੱਜਣ ਕਰਕੇ ਭਾਵਨਾ ਦੀ ਆਂਦਰ ਵਿੱਚ ਛੇਕ ਹੋ ਗਿਆ ਸੀ ਅਤੇ ਇਸੇ ਕਾਰਨ ਕਰਕੇ ਉਨ੍ਹਾਂ ਦਾ ਮਲ਼ ਉਨ੍ਹਾਂ ਦੇ ਢਿੱਡ ਰਾਹੀਂ ਨਿਕਲਕ਼ ਰਿਹਾ ਸੀ ਅਤੇ ਪੂਰੇ ਸਰੀਰ ਵਿੱਚ ਸੰਕਰਮਣ ਹੋ ਗਿਆ ਸੀ।
ਅਗਲੇ 48 ਘੰਟਿਆਂ ਲਈ, ਭਾਵਨਾ ਨੂੰ ਨਿਰੀਖਣ ਵਿੱਚ ਰੱਖਿਆ ਗਿਆ। ਉਨ੍ਹਾਂ ਦੇ ਬੱਚੇ ਆਪਣੇ ਦਾਦਾ-ਦਾਦੀ ਦੇ ਨਾਲ਼ ਸਨ। ਉਨ੍ਹਾਂ ਦੇ ਪਤੀ ਚਾਹ ਅਤੇ ਪਾਣੀ ਪੀ ਪੀ ਗੁਜ਼ਾਰਾ ਕਰਦੇ ਹੋਏ ਵੀ ਭਾਵਨਾ ਦੀ ਸਿਹਤ ਵਿੱਚ ਕੁਝ ਚੰਗੇ ਸੁਧਾਰ ਹੋਏ ਹੋਣ ਦੀ ਉਡੀਕ ਕਰਦੇ ਰਹੇ। ਪਰ ਭਾਵਨਾ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਅਤੇ 24 ਜੁਲਾਈ, 2019 ਨੂੰ ਸ਼ਾਮਲ 7:15 ਵਜੇ ਉਨ੍ਹਾਂ ਦੀ ਮੌਤ ਹੋ ਗਈ।
ਚਿਤੌੜਗੜ੍ਹ ਵਿੱਚ ਹਾਲਤ ਗ਼ੈਰ-ਸਰਕਾਰੀ ਸੰਗਠਨ ਪ੍ਰਯਾਸ ਨੇ ਮਨੁੱਖੀ ਅਧਿਕਾਰ ਕਨੂੰਨ ਨੈੱਟਵਰਕੀ ਦੇ ਨਾਲ਼ ਰਲ਼ ਕੇ ਇਸ ਮਾਮਲੇ ਨੂੰ ਚੁੱਕਿਆ ਅਤੇ ਦਸੰਬਰ 2019 ਵਿੱਚ ਇਸ ਮਾਮਲੇ ਦੇ ਤੱਥਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੇਖਿਆ ਕਿ ਭਾਵਨਾ ਦੀ ਨਸਬੰਦੀ, ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੁਆਰਾ ਨਿਰਧਾਰਤ ਮਹਿਲਾ ਅਤੇ ਪੁਰਸ਼ ਨਸਬੰਦੀ ਸੇਵਾਵਾਂ ਦੇ ਮਿਆਰਾਂ (2006) ਦਾ ਸਪੱਸ਼ਟ ਉਲੰਘਣ ਕਰਦਿਆਂ ਕੀਤੀ ਗਈ ਸੀ।
ਉਨ੍ਹਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵਨਾ ਨੂੰ ਵਰਗਲਾ ਕੇ ਕਮਿਊਨਿਟੀ ਸਿਹਤ ਕੇਂਦਰ ਲਿਆਂਦਾ ਗਿਆ ਅਤੇ ਬਿਨਾ ਕਿਸੇ ਪੂਰਵ ਸੂਚਨਾ ਦਿੱਤਿਆਂ ਜਾਂ ਸਲਾਹ ਕੀਤਿਆਂ ਉਨ੍ਹਾਂ ਦੀ ਪੱਕੀ ਨਸਬੰਦੀ ਕਰ ਦਿੱਤੀ ਗਈ। ਓਪਰੇਸ਼ਨ ਤੋਂ ਬਾਅਦ ਵੀ, ਸੀਐੱਚਸੀ ਦੇ ਡਾਕਟਰਾਂ ਨੇ ਉਨ੍ਹਾਂ ਦੇ ਪਰਿਵਾਰ ਵਾਲ਼ਿਆਂ ਨੂੰ ਆਪਣੀ ਲਾਪਰਵਾਹੀ ਦੇ ਫ਼ਲਸਰੂਪ ਆਂਦਰ ਵਿੱਚ ਹੋਣ ਵਾਲ਼ੇ ਛੇਕ ਬਾਰੇ ਸੂਚਿਤ ਨਹੀਂ ਕੀਤਾ ਅਤੇ ਉਹਨੂੰ ਠੀਕ ਕਰਨ ਲਈ ਕੋਈ ਸਰਜੀਕਲ ਦਖਲ ਨਹੀਂ ਦਿੱਤਾ। ਇਸ ਤੋਂ ਇਲਾਵਾ, ਸੀਐੱਚਸੀ ਜਾਂ ਉਦੈਪੁਰ ਹਸਪਤਾਲ ਵਿੱਚ ਕਿਸੇ ਨੇ ਵੀ ਉਨ੍ਹਾਂ ਨੂੰ ਸਰਕਾਰ ਦੀ ਪਰਿਵਾਰ ਨਿਯੋਜਨ ਮੁਆਵਜਾ ਯੋਜਨਾ, 2013 ਬਾਰੇ ਨਹੀਂ ਦੱਸਿਆ, ਜਿਹਦੇ ਤਹਿਤ ਟਿਊਬਾਂ ਬੰਨ੍ਹਣ ਪ੍ਰਕਿਰਿਆ (ਨਸਬੰਦੀ) ਤੋਂ ਤੁਰੰਤ ਬਾਅਦ ਹੋਈ ਮੌਤ ਵਾਸਤੇ 2 ਲੱਖ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਕਰ ਸਕਦਾ ਹੈ।
ਪ੍ਰਯਾਸ ਦੀ ਨਿਰਦੇਸ਼ਕ ਛਾਇਆ ਪਚੌਲੀ ਦੱਸਦੀ ਹਨ ਕਿ ਭਾਵਨਾ ਦਾ ਮਸਲਾ ਇਸ ਗੱਲ ਦੀ ਕਲਾਸਿਕ ਉਦਾਹਰਣ ਹੈ ਕਿ ਨਸਬੰਦੀ ਬਾਰੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕਰਦਿਆਂ ਨਸਬੰਦੀ 'ਕੈਂਪਾਂ' ਦਾ ਨਿਸ਼ਾਨਾ ਹਾਸਲ ਕਰਨ ਦਾ ਦ੍ਰਿਸ਼ਟੀਕੋਣ ਕੀ ਹੈ ਅਤੇ ਔਰਤਾਂ ਦੀ ਸਿਹਤ ਅਤੇ ਅਧਿਕਾਰਾਂ ਨਾਲ਼ ਕਿਸ ਹੱਦ ਤੱਕ ਸਮਝੌਤਾ ਕੀਤਾ ਜਾ ਰਿਹਾ ਹੈ।
''ਇੱਕ ਔਰਤ ਨੂੰ ਵਿਚਾਰ ਕਰਨ, ਸੋਚਣ ਅਤੇ ਮੁੜ-ਵਿਚਾਰ ਕਰਨ ਲਈ ਕਾਫ਼ੀ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਕਿ ਉਹਨੂੰ ਅਤੇ ਉਹਦੇ ਜੀਵਨਸਾਥੀ ਨੂੰ ਇਸ ਕਾਰਨ ਕਰਕੇ ਸਰਜਰੀ ਕਰਾਉਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਫਲਾਣੀ-ਫਲਾਣੀ ਥਾਂ ਇੱਕ ਕੈਂਪ ਚੱਲ ਰਿਹਾ ਹੈ ਜਾਂ ਉੱਚ ਅਧਿਕਾਰੀਆਂ ਦੇ ਸਿਰ ਇਸ ਕੰਮ ਨੂੰ ਨੇਪੜੇ ਚਾੜ੍ਹਨ ਲਈ ਔਰਤਾਂ ਇਕੱਠੀਆਂ ਕਰਨ ਦਾ ਦਬਾਅ ਹੈ। ਸਰਕਾਰ ਕਹਿ ਸਕਦੀ ਹੈ ਕਿ ਉਹ ਹੁਣ 'ਟੀਚੇ' ਨਾਲ਼ ਨਹੀਂ ਚੱਲਦੇ ਹਨ ਫਿਰ ਵੀ ਅਸੀਂ ਜਾਣਦੇ ਹਾਂ ਕਿ ਔਰਤਾਂ ਨੂੰ ਨਸਬੰਦੀ ਲਈ ਮਨਾਉਣ ਲਈ ਸਿਹਤ ਕਰਮਚਾਰੀਆਂ 'ਤੇ ਜ਼ੋਰ ਪਾਇਆ ਜਾਂਦਾ ਹੈ ਅਤੇ ਜ਼ਿਲ੍ਹਾ (ਪ੍ਰਸ਼ਾਸਨ) ਨੂੰ ਉਹਦੇ ਕੋਲ਼ ਕੀਤੀ ਗਈ ਨਸਬੰਦੀ ਦੀ ਗਿਣਤੀ ਦੇ ਅਧਾਰ 'ਤੇ ਅਨੁਮਾਨ ਲਾਇਆ ਜਾਂਦਾ ਹੈ, ਸਗੋਂ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲ਼ੇ ਜ਼ਿਲ੍ਹਿਆਂ ਨੂੰ ਸਰਕਾਰ ਦੁਆਰਾ ਸਨਮਾਨਤ ਵੀ ਕੀਤਾ ਜਾਂਦਾ ਹੈ। ਇਹ ਪ੍ਰਥਾ ਬੰਦ ਹੋਣੀ ਚਾਹੀਦੀ ਹੈ।
''ਕੈਂਪ ਚਲਾ ਕੇ ਟੀਚੇ ਹਾਸਲ ਕਰਨ ਦਾ ਇਹ ਦ੍ਰਿਸ਼ਟੀਕੋਣ ਸਹੀ ਮਾਅਨਿਆਂ ਵਿੱਚ ਬੰਦ ਹੋਣਾ ਚਾਹੀਦਾ ਹੈ, ਸਿਰਫ਼ ਸੁਰੱਖਿਅਤ ਸਰਜਰੀ ਨੂੰ ਸੁਵਿਧਾਜਨਕ ਬਣਾਉਣ ਲਈ ਨਹੀਂ ਸਗੋਂ ਕਿਸੇ ਪੇਚੀਦਗੀ ਨੂੰ ਦੂਰ ਕਰਨ ਲਈ ਨਸਬੰਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੇਹਤਰ ਦੇਖਭਾਲ਼ ਲਈ ਵੀ,'' ਪਚੌਲੀ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਅੱਗੇ ਕਹਿੰਦੀ ਹਨ। ''ਇਹਦੀ ਬਜਾਇ, ਨਸਬੰਦੀ ਨੂੰ ਪ੍ਰਾਇਮਰੀ ਸਿਹਤ ਸੇਵਾ ਦੇ ਅੰਦਰ ਇੱਕ ਨਿਯਮਤ ਗਤੀਵਿਧੀ ਦੇ ਰੂਪ ਵਿੱਚ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਿਹਤ ਅਧਿਕਾਰੀਆਂ ਨੂੰ ਸਲਾਹ ਦੇ ਕੌਸ਼ਲ ਨਾਲ਼ ਲੈਸ ਕਰਨ ਦੀ ਲੋੜ ਹੈ, ਜਿਹਨੂੰ ਦੇਖਭਾਲ਼ ਦੇ ਲਾਜ਼ਮੀ ਤੱਤ ਦੇ ਰੂਪ ਵਿੱਚ ਹੱਲ੍ਹਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ।''
ਰਾਜਸਥਾਨ ਵਿੱਚ ਆਪਣੇ ਕੰਮ ਦੌਰਾਨ, ਪ੍ਰਯਾਸ ਨੇ ਔਰਤਾਂ ਦੇ ਅਜਿਹੇ ਕਈ ਮਾਮਲੇ ਦੇਖੇ ਹਨ, ਜਿਨ੍ਹਾਂ ਦੀ ਨਸਬੰਦੀ ਅਸਫ਼ਲ ਰਹੀ, ਪਰ ਉਨ੍ਹਾਂ ਨੇ ਕਦੇ ਵੀ ਮੁਆਵਜ਼ੇ ਦਾ ਦਾਅਵਾ ਇਸਲਈ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਇਹਦੇ ਹੱਕਦਾਰ ਹਨ।
''ਅਕਸਰ, ਔਰਤਾਂ ਨੂੰ ਨਸੰਬਦੀ ਲਈ ਰਾਜ਼ੀ ਕਰ ਲਿਆ ਜਾਂਦਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨਸਾਥੀ/ਪਰਿਵਾਰ ਨੂੰ ਇਸ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੇ ਬਗ਼ੈਰ ਹੀ ਇਸ ਪ੍ਰਕਿਰਿਆ ਵਿੱਚ ਅਸਲ ਵਿੱਚ ਕੀ-ਕੀ ਹੁੰਦਾ ਹੈ। ਵਿਰਲੇ ਮਾਮਲਿਆਂ ਵਿੱਚ ਪੈਦਾ ਹੋਣ ਵਾਲ਼ੀਆਂ ਪੇਚੀਦਗੀਆਂ 'ਤੇ ਕਦੇ ਚਰਚਾ ਨਹੀਂ ਕੀਤੀ ਜਾਂਦੀ ਹੈ ਅਤੇ ਨਾ ਹੀ ਔਰਤਾਂ ਨੂੰ ਇਹਦੇ ਲਈ ਕਦੇ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਕਦੇ ਵੀ ਇਹ ਸਲਾਹ ਨਹੀਂ ਦਿੱਤੀ ਜਾਂਦੀ ਹੈ ਕਿ ਜੇਕਰ ਨਸਬੰਦੀ ਅਸਫ਼ਲ ਰਹੀ ਜਾਂ ਸਿਹਤ ਸਬੰਧੀ ਕਈ ਪੇਚੀਦਗੀਆਂ ਪੈਦਾ ਹੋਈਆਂ, ਉਦੋਂ ਉਸ ਹਾਲਤ ਵਿੱਚ ਕੀ ਕਰਨਾ ਹੈ। ਸ਼ਾਇਦ ਹੀ ਉਨ੍ਹਾਂ ਨੂੰ ਕਦੇ ਮੁਆਵਜ਼ੇ ਬਾਰੇ ਸੂਚਿਤ ਕੀਤਾ ਜਾਂਦਾ ਹੈ ਕਿ ਅਸਫ਼ਲਤਾ, ਮੌਤ ਜਾਂ ਪੇਚੀਦਗੀ ਦੇ ਮਾਮਲੇ ਵਿੱਚ ਉਹ ਇਹਦਾ ਦਾਅਵਾ ਕਰ ਸਕਦੀਆਂ ਹਨ,'' ਪਚੌਲੀ ਦੱਸਦੀ ਹਨ।
ਇਸ ਤਰ੍ਹਾਂ ਦੇ ਹਰ ਮਿਆਰ ਦੇ ਉਲੰਘਣ ਤੋਂ ਪ੍ਰਭਾਵਤ ਹੋਣ ਦੇ ਬਾਵਜੂਦ, ਦਿਨੇਸ਼ ਨੇ ਆਪਣੇ ਪਰਿਵਾਰ ਦੇ ਨੁਕਸਾਨ ਨੂੰ ਧੀਰਜ ਨਾਲ਼ ਪ੍ਰਵਾਨ ਕਰ ਲਿਆ ਹੈ। ਹੁਣ ਉਹ ਆਪਣੀ ਅਧਿਆਪਕ ਦੇ ਕਾਰਜ ਵਿੱਚ ਵਾਪਸ ਮੁੜਨ ਅਤੇ ਆਪਣੇ ਲਈ ਲੰਚ ਪੈਕ ਕਰਨ ਲਈ ਸੰਘਰਸ਼ ਕਰ ਰਹੇ ਹਨ। ''ਇੱਕ ਦਿਨ ਮੈਂ ਖਾਲੀ ਲੰਚਬਾਕਸ ਲੈ ਕੇ ਚਲਾ ਗਿਆ ਸਾਂ,'' ਉਹ ਮੁਸਕਰਾਉਂਦਿਾਂ ਕਹਿੰਦੇ ਹਨ।
ਇਹ ਸੁਥਾਰ ਪਰਿਵਾਰ ਲਈ ਕਦੇ ਨਾ ਪੂਰਿਆ ਜਾਣ ਵਾਲ਼ਾ ਘਾਟਾ ਹੈ, ਪਰ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਸਿਰਿਓਂ ਸ਼ੁਰੂਆਤ ਕਰਨੀ ਪਵੇਗੀ। ਉਹ ਆਪਣੇ ਪੱਕੇ ਘਰ ਵਿੱਚ ਕੁਝ ਨਿਰਮਾਣ ਕਾਰਜ ਕਰਾ ਰਹੇ ਹਨ। ਟੈਲੀਵਿਯਨ ਚੱਲ ਰਿਹਾ ਹੈ, ਇੱਕ ਕੋਨੇ ਵਿੱਚੋਂ ਕੂੰਡੀ ਸੋਟੇ ਦੀ ਅਵਾਜ਼ ਆ ਰਹੀ ਹੈ ਅਤੇ ਗੁਆਂਢ ਦੀਆਂ ਔਰਤਾਂ ਦੇਵਾਂਸ਼ ਦੀ ਦੇਖਭਾਲ਼ ਕਰ ਰਹੀਆਂ ਹਨ।
ਪਰਿਵਾਰ ਨੇ ਭਾਵਨਾ ਦੇ ਇਲਾਜ ਤੋਂ ਲੈ ਕੇ ਉਨ੍ਹਾਂ ਦੀ ਮੌਤ ਤੱਕ ਦੇ ਦਿਨਾਂ ਵਿੱਚ ਦਵਾਈ ਅਤੇ ਆਵਾਜਾਈ 'ਤੇ 25,000 ਰੁਪਏ ਖਰਚ ਕੀਤੇ ਅਤੇ ਦਿਨੇਸ਼ ਨੂੰ ਇਸ ਬਰਬਾਦੀ ਲਈ ਜੋ ਵੀ ਨਿਆ ਮਿਲ਼ ਸਕਦਾ ਹੈ ਉਹਨੂੰ ਪਾਉਣ ਲਈ ਦ੍ਰਿੜ ਸੰਕਲਪ ਹਨ। 2 ਲੱਖ ਰੁਪਏ ਦੇ ਮੁਆਵਜ਼ੇ ਲਈ ਉਨ੍ਹਾਂ ਦਾ ਬਿਨੈ ਚਿਤੌੜਗੜ੍ਹ ਦੇ ਮੁੱਖ ਮੈਡੀਕਲ ਅਧਿਕਾਰੀ ਦਫ਼ਤਰ ਵਿੱਚ ਪੈਂਡਿੰਗ ਹੈ। ''ਮੇਰੇ ਕੋਲ਼ ਜੋ ਕੁਝ ਵੀ ਸੀ, ਮੈਂ ਖ਼ਰਚ ਕਰ ਦਿੱਤਾ,'' ਉਹ ਕਹਿੰਦੇ ਹਨ। ''ਜੇ ਉਹ ਇੱਥੇ ਹੁੰਦੀ ਤਾਂ ਚੰਗਾ ਸੀ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ