ਉਹ ਸਿਰਫ਼ ਆਪਣਾ ਨਾਮ ਲਿਖ-ਪੜ੍ਹ ਸਕਦੀ ਹਨ। ਉਹ ਬੜੇ ਹੀ ਮਾਣ ਨਾਲ ਦੇਵਨਾਗਰੀ ਵਿੱਚ ਧਿਆਨ ਪੂਰਵਕ ਸ਼ਬਦ ਵਾਹੁੰਦੀ ਹਨ: ਗੋ-ਪ-ਲੀ। ਫਿਰ ਉਹ ਬੜੇ ਹੀ ਪਿਆਰ ਨਾਲ ਹੱਸਦੀ ਹਨ।
ਚਾਰ ਬੱਚਿਆਂ ਦੀ 38 ਸਾਲਾ ਮਾਂ, ਗੋਪਲੀ ਗਾਮੇਤੀ ਦਾ ਕਹਿਣਾ ਹੈ ਕਿ ਔਰਤਾਂ ਜੇ ਇੱਕ ਵਾਰ ਆਪਣੇ ਮਨ 'ਚ ਕੁਝ ਠਾਣ ਲੈਣਾ ਤਾਂ ਕੁਝ ਵੀ ਕਰ ਸਕਦੀਆਂ ਹਨ ।
ਉਦੈਪੁਰ ਜ਼ਿਲ੍ਹੇ ਦੇ ਗੋਗੁੰਡਾ ਬਲਾਕ ਦੇ ਕਾਰਦਾ ਪਿੰਡ ਦੇ ਬਾਹਰਵਾਹ ਲਗਭਗ 30 ਘਰਾਂ ਦੇ ਇਕ ਸਮੂਹ ਵਿੱਚ ਰਹਿੰਦੀ ਗੋਪਲੀ ਨੇ ਆਪਣੇ ਚਾਰੋਂ ਬੱਚਿਆਂ ਨੂੰ ਭਾਈਚਾਰੇ ਦੀਆਂ ਹੋਰ ਔਰਤਾਂ ਦੀ ਮਦਦ ਨਾਲ ਘਰ ਵਿੱਚ ਹੀ ਜਨਮ ਦਿੱਤਾ। ਆਪਣੇ ਚੌਥੇ ਬੱਚੇ, ਭਾਵ ਤੀਜੀ ਧੀ ਨੂੰ ਜਨਮ ਦੇਣ ਤੋਂ ਕੁਝ ਮਹੀਨੇ ਬਾਅਦ ਉਹ ਪਹਿਲੀ ਵਾਰ ਟਿਊਬਲ ਲਿਗੇਸ਼ਨ (ਨਲ਼ਬੰਦੀ) ਦੀ ਪ੍ਰਕਿਰਿਆ ਲਈ ਹਸਪਤਾਲ ਗਈ।
"ਇਹ ਸਮਾਂ ਇਸ ਗੱਲ ਨੂੰ ਸਵੀਕਾਰ ਕਰਨ ਦਾ ਸੀ ਕਿ ਸਾਡਾ ਪਰਿਵਾਰ ਪੂਰਾ ਹੋ ਚੁੱਕਿਆ ਹੈ," ਉਹ ਕਹਿੰਦੀ ਹਨ। ਗੋਗੁੰਡਾ ਕਮਿਊਨਿਟੀ ਹੈਲਥ ਸੈਂਟਰ (CHC) ਵਿੱਚ ਆਉਣ ਵਾਲੀ ਇੱਕ ਹੈਲਥ ਵਰਕਰ ਨੇ ਉਨ੍ਹਾਂ ਨੂੰ 'ਆਪ੍ਰੇਸ਼ਨ' ਬਾਰੇ ਸਲਾਹ ਦਿੱਤੀ ਜਿਸ ਨਾਲ ਅਗਲੀਆਂ ਗਰਭ-ਅਵਸਥਾਵਾਂ ਨੂੰ ਰੋਕਿਆ ਜਾ ਸਕਦਾ ਸੀ। ਇਹ ਬਿਲਕੁਲ ਮੁਫ਼ਤ ਸੀ। ਇਸ ਦੇ ਲਈ ਉਹਨਾਂ ਨੂੰ ਸਿਰਫ਼ 30 ਕਿਲੋਮੀਟਰ ਦੂਰ ਸਥਿਤ ਕਮਿਊਨਿਟੀ ਹੈਲਥ ਸੈਂਟਰ (CHC) ਜਾਣਾ ਪੈਣਾ ਸੀ, ਜੋ ਕਿ ਚਾਰ ਪ੍ਰਾਇਮਰੀ ਹੈਲਥ ਸੈਂਟਰਾਂ (PHCs) ਦੁਆਰਾ ਸੰਭਾਲ਼ੇ ਜਾਂਦੇ ਪਿੰਡਾਂ ਦੀਆਂ ਲੋੜਾਂ ਦੀ ਪੂਰਤੀ ਲਈ ਸਰਕਾਰ ਦੁਆਰਾ ਸੰਚਾਲਿਤ ਇੱਕ ਪੇਂਡੂ ਹਸਪਤਾਲ ਹੈ।
ਕਈ ਵਾਰ ਉਨ੍ਹਾਂ ਨੇ ਘਰ ਵਿੱਚ ਇਹ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਪਤੀ ਨੇ ਕੋਈ ਖ਼ਿਆਲ ਨਾ ਕੀਤਾ। ਆਪਣੀ ਸਭ ਤੋਂ ਛੋਟੀ ਬੱਚੀ ਨੂੰ ਦੁੱਧ ਚੁੰਘਾਉਂਦੇ ਹੋਏ, ਆਪਣੇ ਫ਼ੈਸਲੇ ਨੂੰ ਵਿਚਾਰਦੇ ਹੋਏ ਉਨ੍ਹਾਂ ਨੇ ਕਈ ਮਹੀਨਿਆਂ ਤੱਕ ਆਪਣੇ ਆਪ ਨੂੰ ਮਜ਼ਬੂਤ ਕੀਤਾ।
"ਇੱਕ ਦਿਨ ਮੈਂ ਬੱਸ ਇੰਨਾ ਕਹਿੰਦੀ ਹੋਈ ਘਰੋਂ ਬਾਹਰ ਨਿਕਲ਼ੀ ਕਿ ਮੈਂ ਆਪਣੀਆਂ ਟਿਊਬਾਂ ਬੰਨ੍ਹਵਾਉਣ (ਨਲ਼ਬੰਦੀ) ਲਈ ਦਵਾਖਾਨੇ (ਕਲੀਨਿਕ) ਜਾ ਰਹੀ ਹਾਂ," ਪੁਰਾਣੀਆਂ ਗੱਲ਼ਾਂ ਚੇਤੇ ਕਰਦਿਆਂ ਉਹ ਮੁਸਕਰਾ ਪੈਂਦੀ ਹਨ। ਉਹ ਟੁੱਟੀ-ਫੁੱਟੀ ਹਿੰਦੀ ਅਤੇ ਭੀਲੀ ਬੋਲ਼ਦੀ ਹਨ। "ਮੇਰੇ ਪਤੀ ਅਤੇ ਮੇਰੀ ਸੱਸ ਮੇਰੇ ਮਗ਼ਰ ਭੱਜੇ ਆਏ।" ਸੜਕ 'ਤੇ ਸਿਰਫ਼ ਥੋੜ੍ਹੀ ਜਿਹੀ ਬਹਿਸ ਹੋਈ, ਕਿਉਂਕਿ ਇਹ ਸਪੱਸ਼ਟ ਸੀ ਕਿ ਗੋਪਲੀ ਆਪਣੇ ਫ਼ੈਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਦ੍ਰਿੜ੍ਹ ਸਨ। ਫਿਰ ਉਨ੍ਹਾਂ ਨੇ ਇਕੱਠਿਆਂ ਗੋਗੁੰਡਾ CHC ਲਈ ਬੱਸ ਲਈ, ਜਿੱਥੋਂ ਗੋਪਲੀ ਦੀ ਸਰਜਰੀ ਹੋਈ।
ਉਹ ਦੱਸਦੀ ਹਨ ਕਿ ਉਸੇ ਦਿਨ ਹੋਰ ਔਰਤਾਂ ਵੀ ਟਿਊਬਲ ਲਿਗੇਸ਼ਨ (ਨਲ਼ਬੰਦੀ) ਲਈ CHC ਆਈਆਂ ਹੋਈਆਂ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਚੇਤਾ ਕਿ ਉਸ ਦਿਨ ਕੋਈ ਨਲ਼ਬੰਦੀ ਕੈਂਪ ਲੱਗਿਆ ਸੀ ਜਾਂ ਨਹੀਂ, ਨਾ ਹੀ ਇੰਨਾ ਯਾਦ ਹੈ ਕਿ ਉਸ ਦਿਨ CHC ਵਿੱਚ ਹੋਰ ਕਿੰਨੀਆਂ ਔਰਤਾਂ ਆਈਆਂ ਸਨ। ਪੇਂਡੂ ਸਿਹਤ ਕੇਂਦਰਾਂ ਵਿਖੇ ਸਿਹਤ ਕਰਮੀਆਂ ਦੀ ਕਿੱਲਤ ਨੂੰ ਪੂਰਿਆਂ ਕਰਨ ਲਈ ਛੋਟੇ ਕਸਬਿਆਂ ਵਿੱਚ ਨਲ਼ਬੰਦੀ\ਨਸਬੰਦੀ ਕੈਂਪ ਲਾਏ ਜਾਂਦੇ ਹਨ। ਪਰ ਇਨ੍ਹਾਂ ਕੈਂਪਾਂ ਵਿੱਚ ਮਾੜੇ ਸਾਫ਼-ਸਫ਼ਾਈ ਪ੍ਰਬੰਧ ਅਤੇ ਗਰਭਨਿਰੋਧਕ (ਨਲ਼ਬੰਦੀ) ਲਈ ਮਿੱਥੇ ਟੀਚਿਆਂ ਸਬੰਧੀ ਦ੍ਰਿਸ਼ਟੀਕੋਣ ਸਾਲਾਂ ਤੋਂ ਤੀਬਰ ਬਹਿਸ ਦਾ ਵਿਸ਼ਾ ਰਿਹਾ ਹੈ।
ਟਿਊਬਲ ਲਿਗੇਸ਼ਨ ਅਬਾਦੀ ਨਿਯੰਤਰਣ ਦੀ ਇੱਕ ਸਥਾਈ ਵਿਧੀ ਹੈ, ਜਿਸ ਵਿੱਚ ਔਰਤ ਦੀਆਂ ਫੈਲੋਪੀਅਨ ਨਸਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਇਹ 30 ਮਿੰਟਾਂ ਦੀ ਸਰਜੀਕਲ ਪ੍ਰਕਿਰਿਆ ਹੈ, ਜਿਸ ਨੂੰ ‘ਟਿਊਬਲ ਨਲ਼ਬੰਦੀ’ ਜਾਂ ਫਿਰ ‘ਮਾਦਾ ਨਲ਼ਬੰਦੀ’ ਵੀ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ 2015 ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਮਾਦਾ ਨਲ਼ਬੰਦੀ ਨੂੰ ਵਿਸ਼ਵ ਭਰ ਵਿੱਚ ਸਭ ਤੋਂ ਪ੍ਰਸਿੱਧ ਗਰਭ-ਨਿਰੋਧਕ ਤਰੀਕਾ ਮੰਨਿਆ ਗਿਆ ਹੈ, ਜਿਸ ਵਿੱਚ 19 ਫ਼ੀਸਦ ਔਰਤਾਂ (ਵਿਆਹੁਤਾ ਜਾਂ ਸਹਿ-ਰਹਿਣ ਵਾਲ਼ੀਆਂ) ਨੇ ਇਸੇ ਵਿਧੀ ਨੂੰ ਚੁਣਿਆ ਹੈ।
ਪੰਜਵੇਂ ਨੈਸ਼ਨਲ ਫੈਮਿਲੀ ਹੈਲਥ ਸਰਵੇ (2019-21) ਮੁਤਾਬਿਕ ਪੂਰੇ ਭਾਰਤ ਵਿੱਚ 15 ਤੋਂ 49 ਸਾਲ ਦੀ ਉਮਰ ਦੀਆਂ 37.9 ਫ਼ੀਸਦ ਔਰਤਾਂ (ਵਿਆਹੁਤਾ ) ਟਿਊਬਲ ਲਿਗੇਸ਼ਨ ਦੀ ਚੋਣ ਕਰਦੀਆਂ ਹਨ।
ਗੋਪਲੀ ਲਈ ਇਹ ਇੱਕ ਵਿਦਰੋਹੀ ਕਦਮ ਸੀ, ਇੱਕ ਅਜਿਹੀ ਔਰਤ ਲਈ ਜਿਨ੍ਹਾਂ ਨੇ ਸੰਤਰੀ ਰੰਗੀ ਚੁੰਨ੍ਹੀਂ ਨਾਲ਼ ਘੁੰਡ ਵੀ ਕੁਝ ਇਸ ਤਰੀਕੇ ਨਾਲ਼ ਕੱਢਿਆ ਹੈ ਕਿ ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਨਜ਼ਰ ਨਹੀਂ ਆਉਂਦੀਆਂ। ਗੋਪਲੀ ਚੌਥੇ ਬੱਚੇ ਦੇ ਜਨਮ ਤੋਂ ਬਾਅਦ ਪੂਰੀ ਤਰ੍ਹਾਂ ਥੱਕ ਗਈ ਸਨ। ਉਨ੍ਹਾਂ ਦਾ ਇਹ ਫ਼ੈਸਲਾ ਚੰਗੀ ਸਿਹਤ ਲਈ ਤਾਂ ਸੀ ਹੀ ਪਰ ਮੁੱਖ ਤੌਰ ਤੇ ਇਹ ਇਕ ਵਿੱਤੀ ਫ਼ੈਸਲਾ ਸੀ।
ਉਨ੍ਹਾਂ ਦੇ ਪਤੀ ਸੋਹਨਰਾਮ ਸੂਰਤ ਵਿੱਚ ਇੱਕ ਪਰਵਾਸੀ ਮਜ਼ਦੂਰ ਹਨ ਅਤੇ ਸਾਲ ਦਾ ਜ਼ਿਆਦਾਤਰ ਸਮਾਂ ਬਾਹਰ ਹੀ ਰਹਿੰਦੇ ਹਨ ਅਤੇ ਹਰੇਕ ਹੋਲੀ ਤੇ ਦੀਵਾਲੀ ਦੇ ਤਿਉਹਾਰਾਂ ਦੌਰਾਨ ਸਿਰਫ਼ ਇੱਕ ਮਹੀਨੇ ਲਈ ਹੀ ਘਰ ਆਉਂਦੇ ਹਨ। ਉਨ੍ਹਾਂ ਦੇ ਚੌਥੇ ਬੱਚੇ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਜਦੋਂ ਉਹ ਘਰ ਵਾਪਸ ਆਏ, ਗੋਪਲੀ ਨੇ ਦੁਬਾਰਾ ਗਰਭਵਤੀ ਨਾ ਹੋਣ ਦਾ ਦ੍ਰਿੜ੍ਹ ਇਰਾਦਾ ਕਰ ਰੱਖਿਆ ਸੀ।
"ਬੱਚਿਆਂ ਦੇ ਪਾਲਣ-ਪੋਸ਼ਣ ਦੀ ਲੋੜ ਵੇਲ਼ੇ ਆਦਮੀ ਕਦੇ ਵੀ ਕੋਲ ਨਹੀਂ ਹੁੰਦੇ," ਆਪਣੇ ਇੱਟਾਂ ਦੀਆਂ ਕੰਧਾਂ ਤੇ ਪਰਾਲੀ ਦੀ ਛੱਤ ਦੇ ਘਰ ਦੇ ਠੰਡੇ ਫਰਸ਼ 'ਤੇ ਬੈਠੀ ਗੋਪਲੀ ਦੱਸਦੀ ਹਨ। ਮੱਕੀ ਦੇ ਥੋੜ੍ਹੇ ਜਿਹੇ ਦਾਣੇ ਫਰਸ਼ 'ਤੇ ਸੁੱਕਣ ਲ਼ਈ ਫੈਲਾਏ ਹੋਏ ਹਨ। ਸੋਹਨਰਾਮ ਉਨ੍ਹਾਂ ਦੀ ਹਰ ਗਰਭ-ਅਵਸਥਾ ਦੌਰਾਨ ਘਰੋਂ ਬਾਹਰ ਹੀ ਰਹੇ, ਜਦਕਿ ਗੋਪਲੀ ਨੇ ਆਪਣੀ ਹਰ ਗਰਭ-ਅਵਸਥਾ ਦਾ ਪੂਰਾ ਸਮਾਂ ਆਪਣੇ ਖੇਤਾਂ (ਅੱਧਾ ਵਿੱਘਾ) ਅਤੇ ਦੂਜਿਆਂ ਦੇ ਖੇਤਾਂ 'ਤੇ ਕੰਮ ਕੀਤਾ ਅਤੇ ਘਰ ਦੀ ਦੇਖਭਾਲ ਕੀਤੀ। "ਸਾਡੇ ਕੋਲ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਅਕਸਰ ਲੋੜੀਂਦੇ ਪੈਸੇ ਨਹੀਂ ਹੁੰਦੇ ਹਨ, ਇਸ ਲਈ ਹੋਰ ਬੱਚੇ ਪੈਦਾ ਕਰਨ ਦਾ ਕੀ ਮਤਲਬ ?"
ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੇ ਕੋਈ ਹੋਰ ਗਰਭ-ਨਿਰੋਧਨ ਵਿਧੀ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸ਼ਰਮਾ ਜਾਂਦੀ ਹਨ। ਉਹ ਆਪਣੇ ਪਤੀ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੀ ਪਰ ਉਹ ਕਹਿੰਦੀ ਹਨ ਕਿ ਉਨ੍ਹਾਂ ਦੇ ਸਮਾਜ ਵਿੱਚ ਔਰਤਾਂ ਆਮ ਤੌਰ 'ਤੇ ਇਹੀ ਸਮਝਦੀਆਂ ਹਨ ਕਿ ਮਰਦਾਂ ਕੋਲ਼ੋਂ ਕਿਸੇ ਵੀ ਤਰ੍ਹਾਂ ਦੇ ਗਰਭ-ਨਿਰੋਧਕ ਦੀ ਤਵੱਕੋ ਰੱਖਣਾ ਵਿਅਰਥ ਹੈ।
*****
ਕਾਰਦਾ ਪਿੰਡ ਰੋਇਦਾ ਪੰਚਾਇਤ ਦਾ ਹਿੱਸਾ ਹੈ ਜੋ ਕਿ ਅਰਾਵਲੀ ਦੀਆਂ ਹੇਠਲੀਆਂ ਪਹਾੜੀਆਂ 'ਤੇ ਪੈਂਦਾ ਹੈ ਅਤੇ ਰਾਜਸਮੰਦ ਜ਼ਿਲ੍ਹੇ ਦੇ ਸੈਰ-ਸਪਾਟੇ ਵਾਲੇ ਕੁੰਭਲਗੜ੍ਹ ਕਿਲ੍ਹੇ ਤੋਂ ਸਿਰਫ਼ 35 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਕਾਰਦਾ ਦੇ ਗਾਮੇਤੀ 15-20 ਪਰਿਵਾਰਾਂ ਦਾ ਇੱਕ ਵੱਡਾ ਸਮੂਹ ਹਨ ਜੋ ਇੱਕ ਅਨੁਸੂਚਿਤ ਕਬੀਲੇ, ਭੀਲ-ਗਾਮੇਤੀ ਭਾਈਚਾਰੇ ਨਾਲ ਤਾਅਲੁੱਕ ਰੱਖਦੇ ਹਨ। ਪਿੰਡ ਦੇ ਬਾਹਰਵਾਰ ਵਸੇ ਹੋਏ ਹਰੇਕ ਪਰਿਵਾਰ ਕੋਲ ਇੱਕ ਵਿੱਘੇ ਤੋਂ ਘੱਟ ਜ਼ਮੀਨ ਹੈ। ਇਸ ਸਮੂਹ ਵਿੱਚੋਂ ਲਗਭਗ ਕਿਸੇ ਵੀ ਔਰਤ ਨੇ ਸਕੂਲੀ ਪੜ੍ਹਾਈ ਪੂਰੀ ਨਹੀਂ ਕੀਤੀ, ਮਰਦਾਂ ਵਿੱਚੋਂ ਵੀ ਕਿਸੇ-ਕਿਸੇ ਨੇ ਹੀ ਪੂਰੀ ਕੀਤੀ ਹੈ।
ਜੂਨ ਦੇ ਅਖੀਰ ਤੋਂ ਸਤੰਬਰ ਮਹੀਨੇ ਤੱਕ ਮਾਨਸੂਨ ਦੇ ਮਹੀਨੇ, ਜਦੋਂ ਉਹ ਕਣਕ ਉਗਾਉਣ ਲਈ ਆਪਣੇ ਖੇਤ ਜੋਤਦੇ ਹਨ, ਨੂੰ ਛੱਡ ਕੇ ਮਰਦ ਕਦੇ ਹੀ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਘਰ ਨਹੀਂ ਰਹਿੰਦੇ ਹਨ। ਖ਼ਾਸਕਰ ਕੋਵਿਡ-19 ਲੌਕਡਾਊਨ ਦੇ ਔਖੇ ਮਹੀਨਿਆਂ ਤੋਂ ਬਾਅਦ ਜ਼ਿਆਦਾਤਰ ਮਰਦ ਸਾੜੀਆਂ ਕੱਟਣ ਵਾਲੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਸੂਰਤ ਵਿੱਚ ਹੀ ਰਹਿ ਗਏ ਹਨ- ਜਿੱਥੇ ਕੱਪੜੇ ਦੇ ਵੱਡੇ ਥਾਨਾਂ ਨੂੰ ਹੱਥੀ ਛੇ-ਛੇ ਮੀਟਰ ਦੀਆਂ ਲੰਬਾਈਆਂ ਵਿੱਚ ਕੱਟਿਆ ਜਾਂਦਾ ਹੈ ਅਤੇ ਫਿਰ ਕਿਨਾਰਿਆਂ ’ਤੇ ਮਣਕੇ ਜਾਂ ਗੋਟਾ ਲਗਾਇਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਗ਼ੈਰ-ਕੁਸ਼ਲ ਮਜ਼ਦੂਰੀ ਹੈ ਜਿਸ ਬਦਲੇ ਉਨ੍ਹਾਂ ਨੂੰ 350-400 ਰੁਪਏ ਦਿਹਾੜੀ ਮਿਲ਼ਦੀ ਹੈ।
ਗੋਪਲੀ ਦੇ ਪਤੀ ਸੋਹਨਰਾਮ ਅਤੇ ਦੂਜੇ ਗਾਮੇਤੀ ਮਰਦ ਦੱਖਣੀ ਰਾਜਸਥਾਨ ਦੇ ਉਨ੍ਹਾਂ ਲੱਖਾਂ ਮਰਦ ਵਰਕਰਾਂ ਵਿੱਚੋਂ ਇੱਕ ਹਨ ਜੋ ਜ਼ਿਆਦਾਤਰ ਔਰਤਾਂ ਦੀ ਆਬਾਦੀ ਨੂੰ ਪਿੱਛੇ ਛੱਡ ਕੇ ਕਈ ਸਾਲਾਂ ਤੋਂ ਸੂਰਤ, ਅਹਿਮਦਾਬਾਦ, ਮੁੰਬਈ, ਜੈਪਰ ਅਤੇ ਨਵੀਂ ਦਿੱਲੀ ਵਿੱਚ ਕੰਮ ਕਰਨ ਲਈ ਪਰਵਾਸ ਕਰ ਗਏ ਹਨ।
ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਕੋਰੀਆਂ ਅਨਪੜ੍ਹ ਅਤੇ ਅੱਧ-ਪੜ੍ਹੀਆਂ ਔਰਤਾਂ ਨੇ ਆਪਣੀ ਸਿਹਤ-ਸੰਭਾਲ ਦੇ ਵਿਕਲਪਾਂ ਦੀ ਚੋਣ ਅਤੇ ਖ਼ੁਦ ਫੈਸਲਾ ਲੈਣਾ ਸਿੱਖ ਲਿਆ ਹੈ।
ਪੁਸ਼ਪਾ ਗਾਮੇਤੀ, ਜੋ ਆਪਣੇ 30ਵੇਂ ਸਾਲ ਵਿੱਚ ਹਨ ਅਤੇ ਤਿੰਨ ਬੱਚਿਆਂ ਦੀ ਮਾਂ, ਜਿਨ੍ਹਾਂ ਵਿੱਚੋਂ ਇੱਕ ਕਿਸ਼ੋਰ ਲੜਕਾ ਵੀ ਸ਼ਾਮਿਲ ਹੈ ਜਿਸ ਨੂੰ ਮਹਾਂਮਾਰੀ ਤੋਂ ਕੁਝ ਪਹਿਲਾਂ ਬਾਲ ਮਜ਼ਦੂਰੀ ਵਿਰੋਧੀ ਕਾਰਕੁੰਨਾਂ ਦੁਆਰਾ ਵਾਪਸ ਲਿਆਂਦਾ ਗਿਆ ਸੀ, ਦਾ ਕਹਿਣਾ ਹੈ ਕਿ ਔਰਤਾਂ ਨੂੰ ਹਾਲਾਤਾਂ ਮੁਤਾਬਕ ਖ਼ੁਦ ਨੂੰ ਢਾਲ਼ਣਾ ਪਿਆ।
ਪਹਿਲਾਂ ਜਦੋਂ ਕਦੇ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਤਾਂ ਔਰਤਾਂ ਘਬਰਾ ਜਾਂਦੀਆਂ ਸਨ। ਉਹ ਹਾਲਾਤ ਔਰਤਾਂ ਦੇ ਉਸ ਸਮੇਂ ਦੇ ਡਰ ਦੇ ਤਜ਼ਰਬਿਆਂ ਨੂੰ ਬਿਆਨ ਕਰਦੀ ਹਨ ਜਦੋਂ ਕਈ ਹਫ਼ਤਿਆਂ ਤੱਕ ਬੱਚਿਆਂ ਦਾ ਬੁਖ਼ਾਰ ਨਾ ਉਤਰਦਾ ਜਾਂ ਜਦੋਂ ਖੇਤਾਂ ਵਿੱਚ ਕੰਮ ਦੌਰਾਨ ਲੱਗੀ ਵੱਡੀ ਸੱਟ ਕਰਾਨ ਖੂਨ ਵਗਣਾ ਬੰਦ ਨਾ ਹੁੰਦਾ ਤਾਂ ਉਹ ਦਹਿਸ਼ਤ ਨਾਲ਼ ਸੁੰਨ ਪੈ ਜਾਂਦੀਆਂ। "ਸਾਡੇ ਮਰਦ ਘਰ ਨਾ ਹੁੰਦੇ ਜਿਸ ਕਾਰਨ ਨਾ ਤਾਂ ਸਾਡੇ ਕੋਲ ਇਨ੍ਹਾਂ ਖ਼ਰਚਿਆਂ ਲਈ ਪੈਸੇ ਹੁੰਦੇ ਤੇ ਨਾ ਹੀ ਸਾਨੂੰ ਕਿਸੇ ਕਲੀਨਿਕ ਜਾਣ ਕੋਈ ਵਾਹਨ ਹੀ ਫੜ੍ਹਨਾ ਆਉਂਦਾ ਸੀ," ਪੁਸ਼ਪਾ ਕਹਿੰਦੀ ਹਨ। "ਹੌਲ਼ੀ-ਹੌਲ਼ੀ ਅਸੀਂ ਸਭ ਕੁਝ ਸਿੱਖ ਲਿਆ।"
ਪੁਸ਼ਪਾ ਦਾ ਵੱਡਾ ਬੇਟਾ, ਕਿਸ਼ਨ, ਇੱਕ ਵਾਰ ਫਿਰ ਕੰਮ ਕਰਨ ਲੱਗ ਗਿਆ ਹੈ, ਇਸ ਵਾਰ ਗੁਆਂਢੀ ਪਿੰਡ ਵਿੱਚ ਇੱਕ ਜ਼ਮੀਨ ਦੀ ਖੁਦਾਈ ਕਰਨ ਵਾਲੀ ਮਸ਼ੀਨ ਦੇ ਡਰਾਈਵਰ ਦੇ ਸਹਾਇਕ ਵਜੋਂ। ਆਪਣੇ ਛੋਟੇ ਬੱਚਿਆਂ, 5 ਸਾਲਾਂ ਮੰਜੂ ਅਤੇ 6 ਸਾਲਾ ਮਨੋਹਰ, ਲਈ ਪੁਸ਼ਪਾ ਨੇ 5 ਕਿਲੋਮੀਟਰ ਦੂਰ ਰੋਇਦਾ ਪਿੰਡ ਦੀ ਆਂਗਨਵਾੜੀ ਤੱਕ ਜਾਣਾ ਸਿੱਖ ਲਿਆ।
"ਸਾਡੇ ਵੱਡੇ ਬੱਚਿਆਂ ਲਈ ਆਂਗਨਵਾੜੀ ਤੋਂ ਸਾਨੂੰ ਕੁਝ ਨਹੀਂ ਮਿਲਿਆ," ਉਹ ਕਹਿੰਦੀ ਹਨ। ਪਰ ਪਿਛਲੇ ਸਾਲਾਂ ਵਿੱਚ ਕਾਰਦਾ ਦੀਆਂ ਜਵਾਨ ਮਾਵਾਂ ਨੇ ਰੋਇਦਾ ਵੱਲ ਜਾਣ ਵਾਲੇ ਘੁਮਾਵਦਾਰ ਹਾਈਵੇਅ ’ਤੇ ਸਾਵਧਾਨੀ ਨਾਲ ਚੜ੍ਹਨਾ ਸਿੱਖਿਆ। ਹੁਣ ਇਹ ਆਂਗਨਵਾੜੀ ਛੋਟੇ ਬੱਚਿਆਂ ਦੀਆਂ ਇਨ੍ਹਾਂ ਮਾਵਾਂ ਅਤੇ ਛੋਟੇ ਬੱਚਿਆਂ ਨੂੰ ਗਰਮ ਭੋਜਨ ਪਰੋਸਦੀਆਂ ਸਨ। ਉਹ ਮੰਜੂ ਨੂੰ ਆਪਣੀ ਕਮਰ 'ਤੇ ਚੁੱਕ ਲੈਂਦੀ ਜਾਂ ਕਦੇ-ਕਦੇ ਉਨ੍ਹਾਂ ਨੂੰ ਕੋਈ ਵਾਹਨ ਮਿਲ ਜਾਂਦਾ।
"ਇਹ ਕੋਰੋਨਾ ਤੋਂ ਪਹਿਲਾਂ ਦੀ ਗੱਲ ਹੈ," ਪੁਸ਼ਪਾ ਕਹਿੰਦੀ ਹਨ। ਲੌਕਡਾਊਨ ਤੋਂ ਬਾਅਦ ਮਈ 2021 ਤੱਕ ਔਰਤਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਕੀ ਇਹ ਆਂਗਨਵਾੜੀਆਂ ਦੁਬਾਰਾ ਚੱਲ ਪਈਆਂ ਹਨ ਜਾਂ ਨਹੀਂ।
ਜਦੋਂ ਕਿਸ਼ਨ ਨੇ 5ਵੀਂ ਜਮਾਤ ਤੋਂ ਬਾਅਦ ਸਕੂਲ ਛੱਡਿਆ ਅਤੇ ਅਚਾਨਕ ਇੱਕ ਦੋਸਤ ਨਾਲ ਸੂਰਤ ਵਿੱਚ ਕੰਮ ਕਰਨ ਲਈ ਚਲਾ ਗਿਆ ਤਾਂ ਪੁਸ਼ਪਾ ਨੇ ਮਹਿਸੂਸ ਕੀਤਾ ਕਿ ਬੱਚਿਆਂ ਨਾਲ ਸਬੰਧਿਤ ਪਰਿਵਾਰ ਦੇ ਸਮੂਹਿਕ ਫ਼ੈਸਲੇ ਉੱਤੇ ਉਸ ਦਾ ਕੰਟਰੋਲ ਨਹੀਂ ਹੈ। ਉਹ ਕਹਿੰਦੀ ਹਨ, "ਪਰ ਮੈਂ ਛੋਟੇ ਬੱਚਿਆਂ ਬਾਰੇ ਫ਼ੈਸਲੇ ਆਪਣੇ ਹੱਥ ਹੇਠ ਰੱਖਣ ਦੀ ਕੋਸ਼ਿਸ਼ ਕਰ ਰਹੀ ਹਾਂ।"
ਉਨ੍ਹਾਂ ਦੇ ਪਤੀ ਨਟੂਰਾਮ ਇਸ ਸਮੇਂ ਕਾਰਦਾ ਵਿਖੇ ਹੀ ਰਹਿ ਕੇ ਕੰਮ ਕਰਨ ਵਾਲ਼ੇ ਇਕਲੌਤੇ ਮਰਦ ਹਨ। 2020 ਦੀਆਂ ਗਰਮੀਆਂ ਵੇਲ਼ੇ ਲੌਕਡਾਊਨ ਤੋਂ ਦੁਖੀ ਪਰਵਾਸੀ ਮਜ਼ਦੂਰਾਂ ਅਤੇ ਸੂਰਤ ਪੁਲਿਸ ਵਿਚਕਾਰ ਝੜਪ ਹੋ ਗਈ ਜਿਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਕਾਰਦਾ ਦੇ ਹੀ ਆਸ-ਪਾਸ ਕੰਮ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਹਨ।
ਗੋਪਲੀ ਨੇ ਪੁਸ਼ਪਾ ਨੂੰ ਟਿਊਬਲ ਲਿਗੇਸ਼ਨ ਦੇ ਫਾਇਦੇ ਦੱਸੇ। ਇਨ੍ਹਾਂ ਔਰਤਾਂ ਨੇ ਆਪ੍ਰੇਸ਼ਨ ਤੋਂ ਬਾਅਦ ਦੇਖਭਾਲ ਨਾ ਰੱਖਣ ਕਾਰਨ ਹੋਣ ਵਾਲੀਆਂ ਮੈਡੀਕਲ ਸਮੱਸਿਆਵਾਂ (ਜ਼ਖ਼ਮਾਂ 'ਤੇ ਇਨਫੈਕਸ਼ਨ, ਅੰਤੜੀਆਂ 'ਚ ਰੁਕਾਵਟ ਜਾਂ ਅੰਤੜੀਆਂ ਦੀਆਂ ਹੋਰ ਸਮੱਸਿਆਵਾਂ ਅਤੇ ਬਲੈਡਰ ਨੂੰ ਨੁਕਸਾਨ ਸਮੇਤ) ਜਾਂ ਇਸ ਵਿਧੀ ਵਿੱਚ ਗਰਭ ਨਿਰੋਧਕ ਵਿੱਚ ਅਸਫ਼ਲਤਾ ਦੀ ਸੰਭਾਵਨਾ ਬਾਰੇ ਨਹੀਂ ਸੁਣਿਆ ਹੈ। ਨਾ ਹੀ ਗੋਪਲੀ ਇਹ ਸਮਝਣ ਵਿੱਚ ਸਮਰੱਥ ਹਨ ਕਿ ਨਲ਼ਬੰਦੀ\ਨਸਬੰਦੀ ਸਰਜਰੀਆਂ ਇੱਕ ਟੀਚੇ ਨਾਲ ਚੱਲਣ ਵਾਲੀ ਆਬਾਦੀ ਕੰਟਰੋਲ ਰਣਨੀਤੀ ਦਾ ਹਿੱਸਾ ਹਨ। "ਇਹ ਚਿੰਤਾ ਦਾ ਖਾਤਮਾ ਹੈ," ਉਹ ਬੱਸ ਇੰਨਾ ਹੀ ਕਹਿੰਦੀ ਹਨ।
ਪੁਸ਼ਪਾ ਦੇ ਵੀ ਤਿੰਨੇ ਬੱਚੇ ਘਰ ਵਿੱਚ ਹੀ ਹੋਏ ਸਨ; ਭਾਈਚਾਰੇ ਦੀ ਇੱਕ ਭਰਜਾਈ ਜਾਂ ਬਜ਼ੁਰਗ ਔਰਤ ਨਾੜੂਏ ਨੂੰ ਕੱਟ ਦਿੰਦੀ ਅਤੇ ਇਸ ਨੂੰ 'ਲੱਛੇ ਧਾਗੇ' ਨਾਲ ਬੰਨ੍ਹ ਦਿਆ ਕਰਦੀ ਸੀ, ਇਹ ਉਹੀ ਮੋਟਾ ਧਾਗਾ ਹੁੰਦਾ ਹੈ ਜੋ ਹਿੰਦੂਆਂ ਦੁਆਰਾ ਗੁੱਟ 'ਤੇ ਬੰਨ੍ਹਿਆ ਜਾਂਦਾ ਹੈ।
ਗੋਪਲੀ ਦੀ ਕਹਿਣਾ ਹੈ ਕਿ ਨੌਜਵਾਨ ਗਾਮੇਤੀ ਔਰਤਾਂ ਜ਼ੋਖ਼ਮ ਭਰੀ ਹੋਮ ਡਿਲੀਵਰੀ ’ਚੋਂ ਨਹੀਂ ਗੁਜ਼ਰਨਗੀਆਂ। ਉਨ੍ਹਾਂ ਦੀ ਇਕਲੌਤੀ ਨੂੰਹ ਗਰਭਵਤੀ ਹੈ। "ਅਸੀਂ ਉਸ ਦੀ ਸਿਹਤ ਜਾਂ ਸਾਡੇ ਪੋਤੇ-ਪੋਤੀ ਦੀ ਸਿਹਤ ਦਾ ਜ਼ੋਖ਼ਮ ਨਹੀਂ ਉਠਾਵਾਂਗੇ।"
ਜੱਚਾ (ਹੋਣ ਵਾਲ਼ੀ ਮਾਂ) ਜੋ ਕਿ ਆਪਣੇ 18ਵੇਂ ਸਾਲ ਵਿੱਚ ਹੈ, ਇਸ ਸਮੇਂ ਅਰਵਾਲੀ ਦੇ ਉੱਚੇ ਪਿੰਡ ਵਿੱਚ ਆਾਪਣੇ ਨਾਨਕੇ ਘਰ ਹੈ ਜਿੱਥੋਂ ਐਮਰਜੈਂਸੀ ਹੋਣ ਦੀ ਸੂਰਤ ਵਿੱਚ ਯਕਦਮ ਬਾਹਰ ਨਿਕਲਣਾ ਮੁਸ਼ਕਿਲ ਹੈ। "ਜਦੋਂ ਜਣੇਪੇ ਦਾ ਸਮਾਂ ਹੋਵੇਗਾ, ਅਸੀਂ ਉਸ ਨੂੰ ਇੱਥੇ ਲੈ ਆਵਾਂਗੇ ਅਤੇ ਦੋ ਜਾਂ ਤਿੰਨ ਔਰਤਾਂ ਉਸ ਨੂੰ ਟੈਂਪੂ ਵਿੱਚ ਦਵਾਖਾਨੇ ਤੱਕ ਲੈ ਜਾਣਗੀਆਂ।" ਟੈਂਪੂ ਤੋਂ ਗੋਪਲੀ ਦਾ ਮਤਲਬ ਹੈ ਜਨਤਕ ਆਵਾਜਾਈ ਦੇ ਸਾਧਨ ਵਜੋਂ ਵਰਤਿਆ ਜਾਣ ਵਾਲਾ ਤਿੰਨ ਪਹੀਆ ਸਾਧਨ।
"ਵੈਸੇ ਵੀ ਅੱਜ ਦੀਆਂ ਕੁੜੀਆਂ ਦਰਦ ਸਹਿਣ ਨਹੀਂ ਕਰ ਸਕਦੀਆਂ," ਗੋਪਲੀ ਹੱਸਦੀ ਹਨ ਅਤੇ ਹੁੱਝ ਮਾਰ ਕੇ ਦੂਜੀਆਂ ਔਰਤਾਂ ਨੂੰ ਵੀ ਹਸਾ ਦਿੰਦੀ ਹਨ ਜੋ ਉਨ੍ਹਾਂ ਦੀਆਂ ਗੁਆਢਣਾਂ ਅਤੇ ਆਲ਼ੇ-ਦੁਆਲ਼ੇ ਦੇ ਰਿਸ਼ਤੇਦਾਰ ਔਰਤਾਂ ਹਨ।
ਘਰਾਂ ਦੀ ਇਸ ਢਾਣੀ ਵਿੱਚ ਦੋ ਜਾਂ ਤਿੰਨ ਹੋਰ ਔਰਤਾਂ ਨੇ ਵੀ ਨਲ਼ਬੰਦੀ ਕਰਵਾਈ ਸੀ, ਪਰ ਉਹ ਇਸ ਬਾਰੇ ਗੱਲ਼ ਕਰਨ ਤੋਂ ਸੰਗਦੀਆਂ ਹਨ। ਗੋਪਲੀ ਦਾ ਕਹਿਣਾ ਹੈ ਕਿ ਇੱਥੇ ਗਰਭਨਿਰੋਧਕ ਦਾ ਕੋਈ ਹੋਰ ਰੂਪ ਆਮ ਤੌਰ ‘ਤੇ ਵਰਤਿਆ ਨਹੀਂ ਜਾਂਦਾ, ‘ਹੋ ਸਕਦਾ ਹੈ ਨੌਜਵਾਨ ਔਰਤਾਂ ਕਰਦੀਆਂ ਹੋਣ ਕਿਉਂਕਿ ਉਹ ਥੋੜ੍ਹੀਆਂ ਤੇਜ਼ ਹਨ’
ਸਭ ਤੋਂ ਨੇੜਲਾ PHC ਵੀ 10 ਕਿਲੋਮੀਟਰ ਦੂਰ ਨੰਦੇਸ਼ਮਾ ਪਿੰਡ ਵਿੱਚ ਹੈ। ਕਾਰਦਾ ਦੀਆਂ ਨੌਜਵਾਨ ਔਰਤਾਂ ਜਦੋਂ ਗਰਭਵਤੀ ਹੁੰਦੀਆਂ ਹਨ, ਉਹ ਇਸੇ PHC ਵਿੱਚ ਨਾਮ ਦਰਜ ਕਰਵਾਉਂਦੀਆਂ ਹਨ। ਉਹ ਇੱਥੇ ਚੈਕਅੱਪ ਲਈ ਜਾਂਦੀਆਂ ਹਨ ਅਤੇ ਪਿੰਡ ਦਾ ਦੌਰਾ ਕਰਨ ਵਾਲੇ ਸਿਹਤ ਕਰਮੀਆਂ ਤੋਂ ਕੈਲਸ਼ੀਅਮ ਅਤੇ ਆਇਰਨ ਭਰਪੂਰ ਖੁਰਾਕ ਪ੍ਰਾਪਤ ਕਰਦੀਆਂ ਹਨ।
"ਕਾਰਦਾ ਦੀਆਂ ਔਰਤਾਂ ਕਈ ਵਾਰ ਗੋਗੁੰਡਾ CHC ਤੱਕ ਗਰੁੱਪਾਂ ਵਿੱਚ ਹੀ ਜਾਂਦੀਆਂ ਹਨ," ਬਾਮਰੀਬਾਈ ਕਾਲੂਸਿੰਘ ਦੱਸਦੀ ਹਨ, ਜੋ ਰਾਜਪੂਤ ਜਾਤੀ ਨਾਲ ਸਬੰਧਿਤ ਹਨ ਅਤੇ ਪਿੰਡ ਵਿੱਚ ਰਹਿੰਦੀ ਹਨ। ਉਹ ਦਸਦੀ ਹਨ ਕਿ ਗਾਮੇਤੀ ਔਰਤਾਂ ਦੁਆਰਾ ਸਿਹਤ ਬਾਰੇ ਸੁਤੰਤਰ ਫ਼ੈਸਲੇ ਲੈਣ ਦੀ ਜ਼ਰੂਰਤ ਨੇ ਉਨ੍ਹਾਂ ਦੀ ਜ਼ਿੰਦਗ਼ੀ ਨੂੰ ਬਦਲ ਕੇ ਰੱਖ ਦਿੱਤਾ ਹੈ ਜੋ ਪਹਿਲਾਂ ਕਦੇ-ਕਦਾਈਂ ਹੀ ਪਿੰਡੋਂ ਨਿਕਲਦੀਆਂ ਸਨ ਜਦੋਂ ਤੱਕ ਕਿ ਕੋਈ ਮਰਦ ਨਾਲ ਨਾ ਹੁੰਦਾ।
ਕਲਪਨਾ ਜੋਸ਼ੀ, ਆਜੀਵਿਕਾ ਬਿਊਰੋ ਦੀ ਉਦੈਪੁਰ ਇਕਾਈ ਨਾਲ ਸਬੰਧਿਤ ਇੱਕ ਕਮਿਊਨਿਟੀ ਆਰਗੇਨਾਈਜ਼ਰ, ਜਿਹੜਾ ਗਾਮੇਤੀ ਮਰਦਾਂ ਸਮੇਤ ਪਰਵਾਸੀ ਮਜ਼ਦੂਰਾਂ ਨਾਲ ਕੰਮ ਕਰਦਾ ਹੈ, ਕਹਿੰਦੀ ਹਨ ਕਿ ਵੱਡੇ ਪੱਧਰ ਤੇ ਪਰਵਾਸ ਕਰਨ ਵਾਲੇ ਪਿੰਡਾਂ ਵਿੱਚ 'ਪਿੱਛੇ ਰਹਿ ਰਹੀਆਂ' ਔਰਤਾਂ ਵਿੱਚ ਫ਼ੈਸਲੇ ਲੈਣ ਦੀ ਆਤਮ ਨਿਰਭਰਤਾ ਹੌਲ਼ੀ-ਹੌਲ਼ੀ ਉਭਰ ਕੇ ਆਈ ਹੈ। "ਉਹ ਹੁਣ ਜਾਣਦੀਆਂ ਹਨ ਕਿ ਖੁਦ ਐਂਬੂਲੈਂਸ ਨੂੰ ਕਿਵੇਂ ਬੁਲਾਉਣਾ ਹੈ। ਬਹੁਤੀਆਂ ਆਪਣੇ-ਆਪ ਹਸਪਤਾਲ ਚਲੀਆਂ ਜਾਂਦੀਆਂ ਹਨ ਅਤੇ ਸਿਹਤ ਕਰਮਚਾਰੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (NGO) ਦੇ ਪ੍ਰਤੀਨਿਧੀਆਂ ਨਾਲ ਖੁੱਲ੍ਹ ਕੇ ਗੱਲਾਂ ਕਰ ਲੈਂਦੀਆਂ ਹਨ," ਉਹ ਕਹਿੰਦੀ ਹਨ। "ਇੱਕ ਦਹਾਕੇ ਪਹਿਲਾਂ ਹਾਲਾਤ ਬਹੁਤ ਵੱਖਰੇ ਸਨ।" ਉਹ ਦੱਸਦੀ ਹਨ ਕਿ ਪਹਿਲਾਂ ਉਹ ਇਲਾਜ ਸਬੰਧੀ ਹਸਪਤਾਲ ਜਾਣ ਦੀ ਹਰ ਲੋੜ ਨੂੰ ਉਦੋਂ ਤੱਕ ਰੋਕੀ ਰੱਖਦੀਆਂ ਜਦੋਂ ਤੱਕ ਮਰਦ ਵਾਪਸ ਨਾ ਆ ਜਾਂਦੇ।
ਘਰਾਂ ਦੀ ਇਸ ਢਾਣੀ ਵਿੱਚ ਦੋ ਜਾਂ ਤਿੰਨ ਹੋਰ ਔਰਤਾਂ ਨੇ ਵੀ ਨਲ਼ਬੰਦੀ ਕਰਵਾਈ ਸੀ, ਪਰ ਉਹ ਇਸ ਬਾਰੇ ਗੱਲ਼ ਕਰਨ ਤੋਂ ਸੰਗਦੀਆਂ ਹਨ। ਗੋਪਲੀ ਦਾ ਕਹਿਣਾ ਹੈ ਕਿ ਇੱਥੇ ਗਰਭਨਿਰੋਧਕ ਦਾ ਕੋਈ ਹੋਰ ਰੂਪ ਆਮ ਤੌਰ ‘ਤੇ ਵਰਤਿਆ ਨਹੀਂ ਜਾਂਦਾ, “ਹੋ ਸਕਦਾ ਹੈ ਨੌਜਵਾਨ ਔਰਤਾਂ ਕਰਦੀਆਂ ਹੋਣ ਕਿਉਂਕਿ ਉਹ ਥੋੜ੍ਹੀਆਂ ਤੇਜ਼ ਹਨ।” ਉਨ੍ਹਾਂ ਦੀ ਨੂੰਹ ਜੋ ਅੱਜ ਗਰਭਵਤੀ ਹੈ, ਉਸ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੋਇਆ ਸੀ।
*****
ਕਾਰਦਾ ਤੋਂ 15 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਇੱਕ ਪਿੰਡ ਵਿੱਚ ਪਾਰਵਤੀ ਮੇਘਵਾਲ (ਨਾਮ ਬਦਲਿਆ ਗਿਆ ਹੈ) ਦਾ ਕਹਿਣਾ ਹੈ ਕਿ ਇੱਕ ਪਰਵਾਸੀ ਮਜ਼ਦੂਰੀ ਦੀ ਪਤਨੀ ਹੋਣਾ ਹਮੇਸ਼ਾ ਤਣਾਅਪੂਰਨ ਰਿਹਾ। ਉਨ੍ਹਾਂ ਦੇ ਪਤੀ ਗੁਜਰਾਤ ਦੇ ਮੇਹਸਾਨਾ ਵਿਖੇ ਇੱਕ ਜੀਰੇ ਦੀ ਪੈਕਿੰਗ ਵਾਲੀ ਯੂਨਿਟ ਵਿੱਚ ਕੰਮ ਕਰਦੇ ਸੀ। ਥੋੜ੍ਹੇ ਸਮੇਂ ਲਈ ਉਨ੍ਹਾਂ ਨੇ ਵੀ ਮੇਹਸਾਨਾ ਵਿੱਚ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਤੇ ਚਾਹ ਦੀ ਸਟਾਲ ਲਗਾਈ ਪਰ ਉਨ੍ਹਾਂ ਨੂੰ ਆਪਣੇ ਤਿੰਨ ਬੱਚਿਆਂ ਦੀ ਪੜ੍ਹਾਈ ਲਈ ਉਦੈਪੁਰ ਵਾਪਸ ਆਉਣਾ ਪਿਆ।
2018 ਵਿੱਚ ਜਦੋਂ ਉਨ੍ਹਾਂ ਦੇ ਪਤੀ ਘਰੋਂ ਬਾਹਰ ਸਨ ਤਾਂ ਉਹ ਖ਼ੁਦ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਡਿੱਗਦੇ ਸਾਰ ਹੀ ਇੱਕ ਮੇਖ ਉਨ੍ਹਾਂ ਦੇ ਮੱਥੇ ਵਿੱਚ ਖੁਭ ਗਈ। ਉਹ ਦੱਸਦੀ ਹਨ ਕਿ ਸੱਟਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ। ਪਰ ਬਾਅਦ ਵਿੱਚ ਉਹ ਇੱਕ ਅਜਿਹੀ ਮਾਨਸਿਕ ਬੀਮਾਰੀ ਦੀ ਗ੍ਰਿਫ਼ਤ ਵਿੱਚ ਆ ਗਈ ਜੋ ਕਿਸੇ ਨੂੰ ਸਮਝ ਹੀ ਨਹੀਂ ਆਈ।
"ਮੈਂ ਹਮੇਸ਼ਾ ਆਪਣੇ ਪਤੀ ਬਾਰੇ, ਬੱਚਿਆਂ ਬਾਰੇ, ਪੈਸਿਆਂ ਬਾਰੇ ਚਿੰਤਤ ਰਹਿੰਦੀ ਸੀ ਅਤੇ ਫਿਰ ਹਾਦਸਾ ਵਾਪਰ ਗਿਆ," ਉਹ ਕਹਿੰਦੀ ਹਨ। ਉਨ੍ਹਾਂ ਨੂੰ ਮਿਰਗੀ ਦੇ ਅਤੇ ਡੂੰਘੀ ਉਦਾਸੀ ਦੇ ਦੌਰੇ ਪੈਂਦੇ ਸਨ। "ਹਰ ਕੋਈ ਮੇਰੀਆਂ ਚੀਕਾਂ ਅਤੇ ਮੇਰੀਆਂ ਹਰਕਤਾਂ ਤੋਂ ਡਰਿਆ ਹੋਇਆ ਸੀ; ਸਾਰੇ ਪਿੰਡ ਵਿੱਚੋਂ ਕੋਈ ਮੇਰੇ ਨੇੜੇ ਨਾ ਆਉਂਦਾ। ਮੈਂ ਆਪਣੀਆਂ ਸਾਰੀਆਂ ਡਾਕਟਰੀ ਰਿਪੋਰਟਾਂ ਪਾੜ ਦਿੱਤੀਆਂ, ਮੈਂ ਪੈਸਿਆਂ ਵਾਲੇ ਨੋਟ ਪਾੜ ਦਿੱਤੇ, ਮੈਂ ਆਪਣੇ ਕੱਪੜੇ ਪਾੜ ਲਏ..." ਉਹ ਜਾਣਦੀ ਹਨ ਕਿ ਉਨ੍ਹਾਂ ਨੇ ਅਜਿਹੇ ਕੰਮ ਕੀਤੇ ਹਨ ਅਤੇ ਆਪਣੀ ਮਾਨਸਿਕ ਬਿਮਾਰੀ ਬਾਰੇ ਕੁਝ-ਕੁਝ ਸ਼ਰਮ ਜਿਹੀ ਮਹਿਸੂਸ ਕਰਦੀ ਹਨ।
"ਫਿਰ ਲੌਕਡਾਊਨ ਲੱਗ ਗਿਆ ਅਤੇ ਸਭ ਕੁਝ ਦੁਬਾਰਾ ਧੁੰਦਲਾ ਹੋ ਗਿਆ," ਉਹ ਕਹਿੰਦੀ ਹਨ। "ਮੈਂ ਇੱਕ ਵਾਰ ਫਿਰ ਮਾਨਸਿਕ ਰੂਪ ਵਿੱਚ ਟੁੱਟਣ ਹੀ ਵਾਲੀ ਸਾਂ," ਉਨ੍ਹਾਂ ਦੇ ਪਤੀ ਨੂੰ ਮੇਹਸਾਨਾ ਤੋਂ 275 ਕਿਲੋਮੀਟਰ ਤੋਂ ਵੀ ਵੱਧ ਦੂਰ ਤੋਂ ਪੈਦਲ ਘਰ ਆਉਣਾ ਪਿਆ। ਫਿਕਰਾਂ ਨੇ ਪਾਰਵਤੀ ਦੀ ਮਾਨਸਿਕ ਪਰੇਸ਼ਾਨੀ ਦਾ ਸਿਰਾ ਹੀ ਲਾ ਦਿੱਤਾ। ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਵੀ ਉਦੈਪੁਰ ਵਿੱਚ ਸੀ, ਜਿੱਥੋਂ ਉਹ ਇੱਕ ਰੈਸਟੋਰੈਂਟ ਵਿੱਚ ਰੋਟੀਆਂ ਬਣਾਉਣ ਦਾ ਕੰਮ ਕਰਦਾ ਸੀ।
ਮੇਘਵਾਲ ਇੱਕ ਦਲਿਤ ਭਾਈਚਾਰਾ ਹੈ ਅਤੇ ਪਾਰਵਤੀ ਦਾ ਕਹਿਣਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਪਰਵਾਸੀ ਮਜ਼ਦੂਰਾਂ ਦੁਆਰਾ ਪਿੱਛੇ ਕੱਲੀਆਂ ਛੱਡੀਆਂ ਗਈਆਂ ਔਰਤਾਂ ਨੂੰ ਪਿੰਡ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਕੜਾ ਸੰਘਰਸ਼ ਕਰਨਾ ਪੈਂਦਾ ਹੈ। "ਇੱਕ ਮਾਨਸਿਕ ਬਿਮਾਰੀ ਨਾਲ ਪੀੜਿਤ ਦਲਿਤ ਔਰਤ ਜਾਂ ਮਾਨਸਿਕ ਬਿਮਾਰੀ ਦਾ ਇਤਿਹਾਸ, ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸਥਿਤੀ ਰਹੀ ਹੋਵੇਗੀ ?"
ਪਾਰਵਤੀ ਇੱਕ ਆਂਗਨਵਾੜੀ ਕਰਮਚਾਰੀ ਵਜੋਂ ਅਤੇ ਸਰਕਾਰੀ ਦਫ਼ਤਰ ਵਿੱਚ ਇੱਕ ਸਹਾਇਕ ਵਜੋਂ ਕੰਮ ਕਰਿਆ ਕਰਦੀ ਸਨ। ਦੁਰਘਟਨਾ ਤੋਂ ਬਾਅਦ ਅਤੇ ਮਾੜੀ ਮਾਨਸਿਕ ਸਿਹਤ ਕਾਰਨ ਨੌਕਰੀ ਜਾਰੀ ਰੱਖਣਾ ਮੁਸ਼ਕਿਲ ਸਾਬਤ ਹੋਇਆ।
ਸਾਲ 2020 ਵਿੱਚ ਦੀਵਾਲੀ ਦੇ ਆਸ-ਪਾਸ ਜਦੋਂ ਲੌਕਡਾਊਨ ਹਟਾਇਆ ਗਿਆ ਤਾਂ ਉਨ੍ਹਾਂ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਦੁਬਾਰਾ ਕੰਮ ਕਰਨ ਲਈ ਪਰਵਾਸ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਕਿਸੇ ਪਰਿਵਾਰ ਤੋਂ ਅਤੇ ਇੱਕ ਸਹਿਕਾਰੀ ਸੰਸਥਾ ਤੋਂ ਕਰਜ਼ਾ ਲੈ ਕੇ ਪਾਰਵਤੀ ਨੇ ਆਪਣੇ ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਖੋਲ੍ਹ ਲਈ। ਉਨ੍ਹਾਂ ਦੇ ਪਤੀ ਪਿੰਡ ਵਿੱਚ ਜਾਂ ਨੇੜੇ-ਤੇੜੇ ਦਿਹਾੜੀ 'ਤੇ ਕੰਮ ਲੱਭਣ ਦੀ ਕੋਸ਼ਿਸ਼ ਕਰਦੇ ਹਨ। "ਪਰਵਾਸੀ ਮਜ਼ਦੂਰ ਕੀ ਬੀਵੀ ਨਹੀਂ ਰਹਿਨਾ ਹੈ [ਪਰਵਾਸੀ ਮਜ਼ਦੂਰ ਦੀ ਪਤਨੀ ਨਹੀਂ ਬਣ ਕੇ ਰਹਿਣਾ]," ਉਹ ਕਹਿੰਦੀ ਹਨ। "ਇਹ ਬਹੁਤ ਵੱਡਾ ਮਾਨਸਿਕ ਸਦਮਾ ਹੈ।"
ਕਾਰਦਾ ਵਿੱਚ ਔਰਤਾਂ ਇਸ ਗੱਲ ਨਾਲ ਸਹਿਮਤ ਹਨ ਕਿ ਮਰਦਾਂ ਦੀ ਅਣਹੋਂਦ 'ਚ ਆਪਣੇ-ਆਪ ਰੋਜ਼ੀ-ਰੋਟੀ ਕਮਾਉਣਾ ਲਗਭਗ ਅਸੰਭਵ ਸਾਬਿਤ ਹੋਇਆ ਹੈ। ਗਾਮੇਤੀ ਔਰਤਾਂ ਲਈ ਉਪਲੱਬਧ ਇੱਕੋ-ਇੱਕ ਕੰਮ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੇ ਅਧੀਨ ਆਉਂਦਾ ਹੈ ਅਤੇ ਕਾਰਦਾ ਦੇ ਬਾਹਰਵਾਰ ਰਹਿ ਰਹੇ ਇਸ ਸਮੂਹ ਦੀਆਂ ਔਰਤਾਂ ਨੇ 2021 ਵਿੱਚ ਮੌਨਸੂਨ ਆਉਣ ਤੱਕ 100 ਦਿਨ ਦਾ ਕੰਮ ਪੂਰਾ ਕਰ ਲਿਆ ਹੈ।
ਗੋਪਲੀ ਦਾ ਕਹਿਣਾ ਹੈ, "ਸਾਨੂੰ ਹਰ ਸਾਲ 200 ਦਿਨ ਕੰਮ ਦੀ ਲੋੜ ਹੈ।" ਉਹ ਦੱਸਦੀ ਹਨ ਕਿ ਫਿਲਹਾਲ, ਔਰਤਾਂ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਉਹ ਨੇੜੇ ਦੀਆਂ ਮੰਡੀਆਂ ਵਿੱਚ ਵੇਚ ਸਕਣ; ਇੱਕ ਹੋਰ ਫ਼ੈਸਲਾ ਜੋ ਉਨ੍ਹਾਂ ਨੇ ਮਰਦਾਂ ਦੀ ਸਲਾਹ ਤੋਂ ਬਿਨਾਂ ਲਿਆ ਹੈ। "ਵੈਸੇ ਵੀ, ਸਾਨੂੰ ਖਾਣ ਨੂੰ ਕੁਝ ਪੌਸ਼ਟਿਕ ਭੋਜਨ ਚਾਹੀਦਾ ਹੈ, ਕਿ ਨਹੀਂ ?"
ਪਾਰੀ (PARI) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ 'ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਇੰਦਰਜੀਤ ਸਿੰਘ