ਜਿਓਂ ਹੀ ਰੇਲ ਦਾਦਰ ਸਟੇਸ਼ਨ ਅਪੜਦੀ ਹੈ, ਤੁਲਸੀ ਭਗਤ ਤਿਆਰੀ ਕੱਸ ਲੈਂਦੀ ਹਨ। ਉਨ੍ਹਾਂ ਕੋਲ਼ ਦੋ ਪੰਡਾਂ ਹਨ, ਪੁਰਾਣੀ ਸਾੜੀਆਂ ਵਿੱਚ ਬੰਨ੍ਹੇ ਪੱਤਿਆਂ ਨਾਲ਼ ਭਰੀਆਂ 35-35 ਕਿਲੋ ਦੀਆਂ ਦੋ ਪੰਡਾਂ- ਜਿਨ੍ਹਾਂ ਨੂੰ ਇੱਕ ਵੇਲ਼ੇ ਰੇਲ ਵਿੱਚੋਂ ਪਲੇਟਫ਼ਾਰਮ ਵੱਲ ਵਗਾਹ ਬਾਹਰ ਮਾਰਦੀ ਹਨ, ਰੇਲ ਅਜੇ ਵੀ ਚੱਲ ਹੀ ਰਹੀ ਹੁੰਦੀ ਹੈ। ''ਰੇਲ ਨੂੰ ਹਾਲਟ 'ਤੇ ਲੱਗਣ ਤੋਂ ਪਹਿਲਾਂ ਜੇ ਅਸੀਂ ਇਸ ਬੋਝਾ (ਭਾਰ) ਨੂੰ ਇੰਝ ਬਾਹਰ ਨਾ ਸੁੱਟੀਏ ਤਾਂ ਸਾਡੇ ਲਈ ਇੰਨੇ ਵੱਡੇ ਭਾਰ ਨੂੰ ਲੈ ਕੇ ਉਤਰਨਾ ਨਾਮੁਮਕਿਨ ਹੋ ਜਾਂਦਾ ਹੈ ਜਦੋਂ ਇੰਨੀ ਸਾਰੀ ਭੀੜ ਰੇਲ ਵਿੱਚ ਚੜ੍ਹਨ ਦੀ ਉਡੀਕ ਕਰ ਰਹੀ ਹੋਵੇ,'' ਉਹ ਕਹਿੰਦੀ ਹਨ।
ਫਿਰ ਹੇਠਾਂ ਉੱਤਰ ਕੇ ਤੁਲਸੀ ਪਲੇਟਫ਼ਾਰਮ 'ਤੇ ਸੁੱਟੀਆਂ ਪੰਡਾਂ ਵੱਲ ਜਾਂਦੀ ਹਨ, ਇੱਕ ਪੰਡ ਨੂੰ ਆਪਣੇ ਸਿਰ 'ਤੇ ਟਿਕਾਈ ਪੈਰ-ਮਿਧਵੀਂ ਲੋਕਾਂ ਦੀ ਭੀੜ ਵਿੱਚੋਂ ਦੀ ਰਾਹ ਬਣਾਉਂਦੀ ਹੋਈ ਫੁੱਲ ਮੰਡੀ ਦੇ ਰਾਹ ਪੈਂਦੀ ਹਨ ਜੋ ਕਿ ਸਟੇਸ਼ਨ ਦੇ ਬਾਹਰ ਇੱਕ ਗਲ਼ੀ ਵਿੱਚ ਹੈ। ਉੱਥੇ ਪਹੁੰਚ ਕੇ, ਉਹ ਆਪਣੇ ਪੱਕੇ ਟਿਕਾਣੇ 'ਤੇ ਪੰਡ ਲਾਹ ਦਿੰਦੀ ਹਨ। ਫਿਰ ਉਹ ਦੂਜੀ ਪੰਡ ਲੈਣ ਲਈ ਦੋਬਾਰਾ ਪਲੇਟਫ਼ਾਰਮ ਵੱਲ ਤੁਰ ਪੈਂਦੀ ਹਨ। ''ਇੱਕੋ ਹੀਲੇ ਮੈਂ ਇੱਕ ਪੰਡ ਹੀ ਸਿਰ 'ਤੇ ਚੁੱਕ ਸਕਦੀ ਹਾਂ,'' ਉਹ ਕਹਿੰਦੀ ਹਨ। ਰੇਲਵੇ ਸਟੇਸ਼ਨ ਤੋਂ ਫੁੱਲ ਮੰਡੀ ਤੱਕ ਦੋਵਾਂ ਪੰਡਾਂ ਨੂੰ ਲਾਹੁਣ ਵਿੱਚ ਉਨ੍ਹਾਂ ਨੂੰ ਕਰੀਬ ਅੱਧਾ ਘੰਟਾ ਲੱਗਦਾ ਹੈ।
ਪਰ ਇਹ ਤਾਂ ਤੁਲਸੀ ਦੇ ਉਸ ਕੰਮ ਦੇ ਦਿਨ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੈ ਜੋ ਕੰਮ ਲਗਾਤਾਰ 32 ਘੰਟੇ ਤੀਕਰ ਲੰਬਾ ਹੋਣ ਵਾਲ਼ਾ ਹੈ। ਇਸ ਸਮੇਂ ਦੌਰਾਨ, ਉਹ ਘੱਟੋ-ਘੱਟ 70 ਕਿਲੋ ਭਾਰ ਦੇ ਨਾਲ਼ 200 ਕਿਲੋਮੀਟਰ ਦਾ ਸਫ਼ਰ ਕਰਦੀ ਹਨ। ਅਖ਼ੀਰ 32 ਘੰਟਿਆਂ ਦੀ ਇਸ ਤਪੱਸਿਆ ਬਦਲੇ ਸਿਰਫ਼ 400 ਰੁਪਏ ਹੀ ਕਮਾਉਂਦੀ ਹਨ।
ਕੰਮ ਦੀ ਇਸ ਦਿਹਾੜੀ ਦੀ ਸ਼ੁਰੂਆਤ ਸਵੇਰੇ 7 ਵਜੇ ਹੁੰਦੀ ਹੈ ਜਦੋਂ ਉਹ ਆਪਣੇ ਘਰ ਦੇ ਨੇੜਲੇ ਜੰਗਲ ਵਿੱਚ ਪਲਾਸ਼ ਦੇ ਪੱਤੇ ਇਕੱਠੇ ਕਰਨ ਜਾਂਦੀ ਹਨ, ਉਨ੍ਹਾਂ ਦਾ ਘਰ ਜੋ ਮੁੰਬਈ ਸ਼ਹਿਰ ਦੇ ਉੱਤਰ ਪਾਸੇ ਪੈਂਦੇ ਠਾਣੇ ਜ਼ਿਲ੍ਹੇ ਦੇ ਮੁਰਬੀਚਾਪਾੜਾ ਵਿਖੇ ਪੈਂਦਾ ਹੈ। ਉਹ 3 ਵਜੇ ਦੇ ਕਰੀਬ ਘਰ ਵਾਪਸ ਮੁੜਦੀ ਹਨ, ਆਪਣੇ ਪਰਿਵਾਰ ਲਈ ਰਾਤ ਦੀ ਰੋਟੀ ਤਿਆਰ ਕਰਦੀ ਹਨ (''ਸਮਾਂ ਮਿਲ਼ੇ ਤਾਂ ਮੈਂ ਰੋਟੀ ਖਾ ਲੈਂਦੀ ਹਾਂ ਪਰ ਮੈਂ ਬੱਸ ਨਹੀਂ ਛੱਡ ਸਕਦੀ''), ਪੱਤਿਆਂ ਨੂੰ ਬੜੇ ਕਰੀਨੇ ਨਾਲ਼ ਇੱਕ ਦੂਜੇ ਨਾਲ਼ ਜੋੜ ਜੋੜ ਕੇ ਦੱਥੀਆਂ ਬਣਾਉਂਦੀ ਹਨ, ਫਿਰ ਆਪਣੀ ਬਸਤੀ ਤੋਂ ਆਸਨਗਾਓਂ ਸਟੇਸ਼ਨ ਜਾਣ ਵਾਸਤੇ ਬੱਸ (ਕਈ ਵਾਰੀ ਸਾਂਝਾ ਆਟੋ ਜੇ ਬੱਸ ਛੁੱਟ ਜਾਵੇ ਤਾਂ) ਫੜ੍ਹਦੀ ਹਨ, ਇਹ ਸਟੇਸ਼ਨ 19 ਕਿਲੋਮੀਟਰ ਦੂਰ ਹੈ ਅਖ਼ੀਰ 'ਤੇ ਉਹ ਰਾਤੀਂ 8:30 ਵਜੇ ਸੈਂਟਰਲ ਲਾਈਨ ਰੇਲ ਫੜ੍ਹਦੀ ਹਨ।
ਠੀਕ ਦੋ ਘੰਟੇ ਬਾਅਦ, ਉਹ ਦੱਖਣੀ-ਸੈਂਟਰਲ ਮੁੰਬਈ ਦੇ ਦਾਦਰ ਸਟੇਸ਼ਨ ਵਿਖੇ ਹੁੰਦੀ ਹਨ ਜੋ ਆਸਨਗਾਓਂ ਤੋਂ ਕਰੀਬ 75 ਕਿਲੋਮੀਟਰ ਦੂਰ ਹੈ। ਜਿਸ ਵੇਲ਼ੇ ਉਹ ਗਲ਼ੀ (ਸਟੇਸ਼ਨ ਦੇ ਮਗਰਲੇ ਪਾਸੇ) ਦੀ ਆਪਣੇ ਨਿਰਧਾਰਤ ਥਾਂ 'ਤੇ ਜਾ ਬਹਿੰਦੀ ਹਨ ਤਾਂ ਰਾਤ ਦੇ 11 ਵੱਜ ਚੁੱਕੇ ਹੁੰਦੇ ਹਨ, ਅਜਿਹੀਆਂ ਕਈ ਔਰਤਾਂ ਵੀ ਨਾਲ਼ ਹੁੰਦੀਆਂ ਹਨ ਜੋ ਠਾਣੇ ਅਤੇ ਪਾਲਘਰ ਜ਼ਿਲ੍ਹਿਆਂ ਦੀਆਂ ਬੀਹੜ ਬਸਤੀਆਂ ਤੋਂ ਆਉਂਦੀਆਂ ਹਨ।
ਇੱਥੇ ਬਹਿ ਕੇ, ਤੁਲਸੀ ਹੋਰ ਪੱਤਿਆਂ ਦੀ ਦੱਥੀਆਂ ਬਣਾਉਣ ਲੱਗਦੀ ਹਨ, ਥੋੜ੍ਹੀ ਦੇਰ ਅਰਾਮ ਕਰਦੀ ਹਨ ਅਤੇ ਗਾਹਕਾਂ ਦੇ ਆਉਣ ਦੀ ਉਡੀਕ ਕਰਦੀ ਹਨ। ਸਾਜਰੇ 4 ਵਜੇ ਗਾਹਕ ਆਉਣੇ ਸ਼ੁਰੂ ਹੋ ਜਾਂਦੇ ਹਨ- ਉਨ੍ਹਾਂ ਵਿੱਚੋਂ ਖ਼ਾਸ ਕਰਕੇ ਅਜਿਹੇ ਫੇਰੀ ਵਾਲ਼ੇ ਹੁੰਦੇ ਹਨ ਜੋ ਫੁੱਲ, ਕੁਲਫੀ, ਭੇਲ੍ਹ ਵੇਚਦੇ ਹਨ ਅਤੇ ਇਨ੍ਹਾਂ ਪੱਤਿਆਂ ਦਾ ਇਸਤੇਮਾਲ ਆਪਣਾ ਸਮਾਨ ਵਲ੍ਹੇਟਣ ਜਾਂ ਕਟੋਰੀਆਂ ਬਣਾਉਣ ਲਈ ਕਰਦੇ ਹਨ। 80 ਪੱਤਿਆਂ ਦੀ ਇੱਕ ਦੱਥੀ 5 ਰੁਪਏ ਵਿੱਚ ਵਿਕਦੀ ਹੈ, ਕਈ ਵਾਰੀ 5 ਰੁਪਏ ਤੋਂ ਵੀ ਘੱਟ ਵਿੱਚ। ਤੁਲਸੀ ਅਜਿਹੀਆਂ 80 ਦੱਥੀਆਂ ਵੇਚਦੀ ਹਨ, ਭਾਵ ਕੁੱਲ 6,400 ਪੱਤੇ। ਜਦੋਂ ਅਖ਼ੀਰਲਾ ਗਾਹਕ ਜਾਂਦਾ ਹੈ ਤਾਂ ਸਵੇਰ ਦੇ 11 ਵੱਜ ਚੁੱਕੇ ਹੁੰਦੇ ਹਨ, ਇੱਕ ਵਾਰ ਫਿਰ ਤੁਲਸੀ ਮੁਰਬੀਚਾਪਾੜਾ ਜਾਣ ਵਾਸਤੇ ਰੇਲ ਫੜ੍ਹਦੀ ਹਨ ਅਤੇ ਦੁਪਹਿਰ 3 ਵਜੇ ਘਰ ਅੱਪੜਦੀ ਹਨ।
32 ਘੰਟੇ ਚੱਲਣ ਵਾਲ਼ੀ ਇਹ ਦਿਹਾੜੀ ਇੱਕ ਮਹੀਨੇ ਵਿੱਚ ਕਰੀਬ 15 ਵਾਰੀ ਆਉਂਦੀ ਹੈ- ਇਸ ਪੂਰੇ ਕੰਮ ਬਦਲੇ ਵੀ ਤੁਲਸੀ ਮਹੀਨੇ ਦਾ ਕੁੱਲ 6,000 ਰੁਪਿਆ ਹੀ ਕਮਾਉਂਦੀ ਹਨ, ਜਿਸ ਵਿੱਚੋਂ ਬੱਸ, ਟੈਂਪੂ ਅਤੇ ਰੇਲ ਰਾਹੀਂ ਸਫ਼ਰ ਕਰਨ 'ਤੇ ਹਰ ਵਾਰੀ 60 ਰੁਪਏ ਖਰਚਾ ਆਉਂਦਾ ਹੈ।
ਜਦੋਂ ਕਦੇ, ਮੀਂਹ ਪੈ ਜਾਵੇ ਤਾਂ ਉਹ ਇਨ੍ਹਾਂ ਪੱਤਿਆਂ ਨੂੰ ਧਸਈ ਪਿੰਡ ਦੀ ਮੰਡੀ ਲੈ ਜਾਂਦੀ ਹਨ ਜੋ ਉਨ੍ਹਾਂ ਦੀ ਬਸਤੀ ਤੋਂ 44 ਕਿਲੋਮੀਟਰ ਦੂਰ ਹੈ, ਪਰ ਉੱਥੇ ਗਾਹਕ ਟਾਂਵੇ-ਟਾਂਵੇ ਹੀ ਹੁੰਦੇ ਹਨ। 32 ਘੰਟਿਆਂ ਦੀਆਂ ਇਨ੍ਹਾਂ ਦਿਹਾੜੀਆਂ ਵਿੱਚੋਂ ਉਹ ਕਈ ਵਾਰੀ 'ਛੁੱਟੀ' ਕਰ ਲੈਂਦੀ ਹਨ ਅਤੇ ਘਰ ਦੇ ਕੰਮ ਨਬੇੜਨ ਦੇ ਨਾਲ਼ ਨਾਲ਼ ਉਹ ਆਪਣੇ ਪਾੜਾ ਦੇ ਨੇੜਲੇ ਖੇਤਾਂ ਵਿੱਚ ਕੰਮ 'ਤੇ ਲੱਗ ਜਾਂਦੀ ਹਨ ਜਿੱਥੇ ਉਹ ਹਰੀਆਂ ਮਿਰਚਾਂ, ਬੈਂਗਣ ਅਤੇ ਹੋਰ ਸਬਜ਼ੀਆਂ ਦੀ ਤੁੜਾਈ ਕਰਦੀ ਹਨ।
ਉਹ ਪੂਰਾ ਸਾਲ ਖੇਤਾਂ ਵਿੱਚ ਜਿੰਨਾ ਕੰਮ ਨਹੀਂ ਕਰਦੀ ਹੋਣੀ, ਮਾਨਸੂਨ ਦੌਰਾਨ ਓਨਾ ਹੀ ਵੱਧ ਕੰਮ ਉਨ੍ਹਾਂ ਨੂੰ ਖੇਤਾਂ ਵਿੱਚ ਕਰਨਾ ਪੈਂਦਾ। ਆਮ ਦਿਨਾਂ ਵਿੱਚ ਉਹ ਮਹੀਨੇ ਦੇ 10 ਦਿਨ ਖੇਤਾਂ ਵਿੱਚ ਕੰਮ ਕਰਦੀ ਹਨ ਅਤੇ ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲ਼ਦੀ ਹੈ। ''ਅਸੀਂ ਮੀਂਹ ਦੌਰਾਨ ਦਾਦਰ ਮੰਡੀ ਵਿੱਚ ਨਹੀਂ ਬਹਿ ਸਕਦੇ। ਸਾਰਾ ਕੁਝ ਗਿੱਲਾ ਹੁੰਦਾ ਹੈ। ਇਸਲਈ ਜੂਨ ਤੋਂ ਸਤੰਬਰ ਤੱਕ ਮੈਂ ਬਾਮੁਸ਼ਕਲ ਹੀ ਕਦੇ ਉੱਥੇ ਜਾਂਦੀ ਹਾਂ,'' ਉਹ ਕਹਿੰਦੀ ਹਨ।
ਮੁਰਬੀਚਾਪਾੜਾ ਬਸਤੀ ਦੇ 200 ਪਰਿਵਾਰਾਂ ਅਤੇ ਨੇੜਲੇ ਪਿੰਡਾਂ ਤੋਂ ਕਰੀਬ 30 ਅਜਿਹੀਆਂ ਔਰਤਾਂ ਹਨ ਜੋ ਪਲਾਸ਼ ਦੇ ਪੱਤੇ ਤੋੜਦੀਆਂ ਅਤੇ ਵੇਚਦੀਆਂ ਹਨ। ਉਹ ਸ਼ਹਾਪੁਰ ਜਾਂ ਦਾਦਰ ਦੇ ਬਜ਼ਾਰਾਂ ਵਿੱਚ ਨਿੰਮ ਦੇ ਪੱਤੇ, ਬੇਰੀਆਂ ਅਤੇ ਇਮਲੀ ਵੇਚਣ ਦੇ ਨਾਲ਼ ਨਾਲ਼ ਜੰਗਲ ਦੇ ਕਈ ਹੋਰ ਵੰਨ-ਸੁਵੰਨੇ ਉਤਪਾਦ ਵੀ ਵੇਚਦੀਆਂ ਹਨ। ਇਨ੍ਹਾਂ ਪਿੰਡਾਂ ਦੇ ਬਹੁਤ ਸਾਰੇ ਬਾਸ਼ਿੰਦੇ ਖੇਤ ਮਜ਼ਦੂਰੀ, ਰਾਜਗਿਰੀ ਜਾਂ ਮੱਛੀ ਫੜ੍ਹਨ ਦਾ ਕੰਮ ਕਰਦੇ ਹਨ।
ਤੁਲਸੀ ਜਿਨ੍ਹਾਂ ਦੀ ਉਮਰ 36 ਸਾਲ ਹੈ, 15 ਸਾਲ ਦੀ ਉਮਰ ਤੋਂ ਹੀ ਪਲਾਸ਼ ਪੱਤਿਆਂ ਨੂੰ ਚੁਗਣ ਦਾ ਕੰਮ ਕਰਦੀ ਆਈ ਹਨ। ਉਨ੍ਹਾਂ ਨੇ ਆਪਣੀ ਮਾਂ ਨੂੰ ਤੇ ਫਿਰ ਵੱਡੀ ਭੈਣ ਨੂੰ ਇਹੀ ਕੰਮ ਕਰਦੇ ਦੇਖਿਆ ਹੈ, ਉਹ ਖ਼ੁਦ ਵੀ ਪੱਤਿਆਂ ਦੀ ਦੱਥੀਆਂ ਬਣਾਉਣ ਵਿੱਚ ਮਦਦ ਕਰਿਆ ਕਰਦੀ। ''ਮੈਂ ਕਦੇ ਸਕੂਲ ਨਹੀਂ ਗਈ, ਆਪਣੀ ਮਾਂ ਨੂੰ ਤਾਉਮਰ ਇਹੀ ਕੰਮ ਕਰਦੇ ਦੇਖਿਆ ਹੈ ਸੋ ਇਹੀ ਮੇਰੀ ਪੜ੍ਹਾਈ ਹੈ ਅਤੇ ਮੈਂ ਇਹੀ ਕੁਝ ਸਿੱਖਿਆ ਹੈ,'' ਉਹ ਕਹਿੰਦੀ ਹਨ।
ਕਰੀਬ 20 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਤੁਲਸੀ ਨੇ ਦਾਦਰ ਤੱਕ ਦੀ ਲੰਬੀ ਯਾਤਰਾ ਕੀਤੀ। ''ਮੈਨੂੰ ਨਹੀਂ ਚੇਤਾ ਉਦੋਂ ਮੈਂ ਕਿੰਨੇ ਸਾਲਾਂ ਦੀ ਰਹੀ ਹੋਵਾਂਗੀ, ਮੈਂ ਆਪਣੀ ਮਾਂ ਦੇ ਨਾਲ਼ ਗਈ ਸਾਂ। ਮੈਂ ਪੱਤਿਆਂ ਦੀਆਂ ਭਰੀਆਂ ਪੰਡਾਂ ਨਹੀਂ ਸਾਂ ਚੁੱਕ ਸਕਦੀ, ਇਸਲਈ ਮੈਂ ਰੋਟੀ ਅਤੇ ਦਾਤੀ ਵਾਲ਼ਾ ਝੋਲ਼ਾ ਚੁੱਕੀ ਰੱਖਿਆ,'' ਉਹ ਚੇਤੇ ਕਰਦੀ ਹਨ। ''ਉਸ ਤੋਂ ਪਹਿਲਾਂ, ਮੈਂ ਬੱਸ ਰਾਹੀਂ ਹੀ ਸਫ਼ਰ ਕੀਤਾ ਸੀ। ਰੇਲ ਵਿੱਚ ਸਵਾਰ ਔਰਤਾਂ ਸਾਡੇ ਨਾਲ਼ੋਂ ਮੁਖ਼ਤਲਿਫ਼ ਸਨ। ਮੈਂ ਹੈਰਾਨ ਸਾਂ ਦੇਖ ਕਿ ਇਹ ਕਿਹੋ ਜਿਹੀ ਦੁਨੀਆ ਹੈ... ਦਾਦਰ ਸਟੇਸ਼ਨ ਵਿਖੇ, ਜਿੱਧਰ ਦੇਖੋ ਲੋਕ ਹੀ ਲੋਕ ਸਨ। ਮੈਂ ਸਹਿਮ ਗਈ ਤੇ ਮੇਰਾ ਦਮ ਘੁੱਟਣ ਲੱਗਾ। ਮੈਂ ਆਪਣੀ ਮਾਂ ਦੀ ਸਾੜੀ ਦਾ ਪੱਲੂ ਫੜ੍ਹ ਕੇ ਤੁਰ ਰਹੀ ਸਾਂ, ਇੰਨੀ ਭੀੜ ਵਿੱਚ ਮੈਂ ਇਕੱਲਿਆਂ ਤੁਰ ਹੀ ਨਹੀਂ ਸਾਂ ਸਕਦੀ। ਬੱਸ ਹੌਲ਼ੀ-ਹੌਲ਼ੀ ਮੈਂ ਇਸ ਸਭ ਦੀ ਆਦੀ ਹੁੰਦੀ ਚਲੀ ਗਈ।''
17 ਸਾਲ ਦੀ ਉਮਰੇ ਜਦੋਂ ਤੁਲਸੀ ਦਾ ਵਿਆਹ ਹੋਇਆ ਤਾਂ ਉਹ ਮੁਰਬੀਚਾਪਾੜਾ ਰਹਿਣ ਆ ਗਈ; ਉਨ੍ਹਾਂ ਦੇ ਮਾਪੇ ਦੋਵੇਂ ਹੀ ਖੇਤ ਮਜ਼ਦੂਰ ਸਨ ਜੋ ਇੱਥੋਂ ਇੱਕ ਕਿਲੋਮੀਟਰ ਦੂਰ ਪੈਂਦੇ ਪਿੰਡ ਅਵਕਲਵਾੜੀ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਸਹੁਰਾ ਪਰਿਵਾਰ ਉਨ੍ਹਾਂ 97 ਮਾ ਠਾਕੁਰ ਆਦਿਵਾਸੀ ਪਰਿਵਾਰਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ 1971-72 ਵਿੱਚ ਨੇੜਲੀ ਭਾਤਸਾ ਸਿੰਜਾਈ ਪ੍ਰੋਜੈਕਟ ਦੇ ਕਾਰਨ ਉਜੜਨਾ ਪਿਆ ਸੀ। (ਦੇਖੋ 'Many families just vanished ').
ਸਾਲ 2010 ਵਿੱਚ ਜਦੋਂ ਤੁਲਸੀ ਕਰੀਬ 28 ਸਾਲਾਂ ਦੀ ਸਨ ਤਾਂ ਉਨ੍ਹਾਂ ਦੇ ਪਤੀ ਸੰਤੋਸ਼ ਦੀ ਇੱਕ ਬੀਮਾਰੀ ਕਾਰਨ ਮੌਤ ਹੋ ਗਈ। ਉਹ ਕਹਿੰਦੀ ਹਨ ਕਿ ਉਨ੍ਹਾਂ ਨੂੰ ਬਵਾਸੀਰ ਸੀ। ਮੁਰਬੀਚਾਪਾੜਾ ਵਿੱਚ ਕੋਈ ਪ੍ਰਾਇਮਰੀ ਸਿਹਤ ਕੇਂਦਰ ਨਹੀਂ ਹੈ, ਸਭ ਤੋਂ ਨੇੜਲਾ ਸਰਕਾਰੀ ਹਸਪਤਾਲ ਵੀ 21 ਕਿਲੋਮੀਟਰ ਦੂਰ ਸ਼ਹਾਪੁਰ ਵਿਖੇ ਹੀ ਹੈ। ਉਹ ਇਲਾਜ ਕਰਾਉਣਾ ਚਾਹੁੰਦੇ ਸਨ। ਤੁਲਸੀ ਦੱਸਦੀ ਹਨ,''ਉਹ ਪਰਿਵਾਰ ਇੱਕ ਵੱਡਾ ਸਹਾਰਾ ਸਨ, ਆਰਥਿਕ ਤੌਰ 'ਤੇ ਅਤੇ ਭਾਵਨਾਤਮਕ ਤੌਰ 'ਤੇ ਵੀ। ਉਨ੍ਹਾਂ ਦੇ ਜਾਣ ਬਾਅਦ ਸਾਡੀ ਦੇਖਭਾਲ਼ ਕਰਨ ਵਾਲ਼ਾ ਕੋਈ ਨਾ ਰਿਹਾ। ਪਰ ਉਨ੍ਹਾਂ ਦੇ ਜਾਣ ਮਗਰੋਂ ਮੈਂ ਖ਼ੁਦ ਨੂੰ ਬੇਸਹਾਰਾ ਅਤੇ ਕਮਜ਼ੋਰ ਮਹਿਸੂਸ ਨਾ ਹੋਣ ਦਿੱਤਾ। ਇਕੱਲੀ ਔਰਤ ਨੂੰ ਮਜ਼ਬੂਤ ਹੀ ਹੋਣਾ ਚਾਹੀਦਾ ਹੈ। ਨਹੀਂ ਤਾਂ ਪਤਾ ਨਹੀਂ ਕੀ ਦਾ ਕੀ ਹੋ ਜਾਵੇ?''
ਤੁਲਸੀ ਨੂੰ ਆਪਣੇ ਚਾਰਾਂ ਬੱਚਿਆਂ ਦਾ ਇਕੱਲਿਆਂ ਹੀ ਪਾਲਣ-ਪੋਸ਼ਣ ਕਰਨਾ ਪਿਆ। ਜਦੋਂ ਉਹ ਕੰਮ 'ਤੇ ਜਾਂਦੀ ਤਾਂ ਬੱਚਿਆਂ ਨੂੰ ਪਾੜਾ ਵਿਖੇ ਆਪਣੇ ਦਿਓਰ ਘਰ ਛੱਡ ਜਾਂਦੀ (ਜਦੋਂ ਉਨ੍ਹਾਂ ਦੇ ਪਤੀ ਛੋਟੇ ਹੀ ਸਨ ਤਾਂ ਉਨ੍ਹਾਂ ਦੇ ਮਾਪਿਆਂ ਦੀ ਮੌਤ ਹੋ ਗਈ।)
ਤੁਲਸੀ ਦੀ ਵੱਡੀ ਧੀ, ਮੁੰਨੀ ਜੋ ਹੁਣ 16 ਸਾਲਾਂ ਦੀ ਹੋ ਗਈ ਹੈ, ਕਹਿੰਦੀ ਹੈ,''ਅਸੀਂ ਮਾਂ ਨੂੰ ਬਹੁਤ ਘੱਟ ਹੀ ਘਰੇ ਦੇਖਿਆ ਹੋਣਾ। ਉਹ ਨਾ ਤਾਂ ਕਦੇ ਛੁੱਟੀ ਕਰਦੀ ਹੈ ਤੇ ਨਾ ਹੀ ਕਦੇ ਥੱਕਦੀ ਹੀ ਹੈ। ਅਸੀਂ ਉਹਦੀ ਮਿਹਨਤ ਨੂੰ ਦੇਖ ਕੇ ਹੈਰਾਨ ਹੁੰਦੇ ਹਾਂ।'' ਮੁੰਨੀ 10ਵੀਂ ਵਿੱਚ ਪੜ੍ਹਦੀ ਹੈ। ''ਮੈਂ ਨਰਸ ਬਣਨਾ ਚਾਹੁੰਦੀ ਹਾਂ।'' ਛੋਟੀ ਧੀ, ਗੀਤਾ 8ਵੀਂ ਜਮਾਤ; ਛੋਟਾ ਬੇਟਾ, ਮਹੇਂਦਰ 6ਵੀਂ ਜਮਾਤ ਵਿੱਚ ਹੈ।
ਸਭ ਤੋਂ ਵੱਡਾ ਬੇਟਾ, 18 ਸਾਲਾ ਕਾਸ਼ੀਨਾਥ, ਸ਼ਹਾਪੁਰ ਦੇ ਡੋਲਖਾਂਬ ਪਿੰਡ ਦੇ ਨਿਊ ਇੰਗਲਿਸ਼ ਹਾਈ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਹੈ। ਕਾਸ਼ੀਨਾਥ ਉੱਥੇ ਹਾਸਟਲ ਵਿੱਚ ਰਹਿੰਦਾ ਹੈ। ਉਹ ਕਹਿੰਦਾ ਹੈ,''ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਕਿਤੇ ਚੰਗੀ ਤਨਖ਼ਾਹ ਵਾਲ਼ੀ ਨੌਕਰੀ ਕਰਨੀ ਚਾਹੁੰਦਾ ਹਾਂ।'' ਉਹਦੀ ਸਲਾਨਾ ਫ਼ੀਸ ਕੋਈ 2,000 ਰੁਪਏ ਹੈ ਅਤੇ ਸਾਲ ਵਿੱਚ ਦੋ ਵਾਰੀ ਪੇਪਰਾਂ ਦੀ ਫ਼ੀਸ ਲਈ 300 ਰੁਪਿਆ ਵਾਧੂ ਦੇਣਾ ਪੈਂਦਾ ਹੈ। ਤੁਲਸੀ ਦੱਸਦੀ ਹਨ,''ਮੈਨੂੰ ਸਿਰਫ਼ ਕਾਸ਼ੀਨਾਥ ਦੀ ਹੀ ਫ਼ੀਸ ਭਰਨੀ ਪੈਂਦੀ ਹੈ ਬਾਕੀ ਦੇ ਬੱਚੇ ਜ਼ਿਲ੍ਹਾ ਪਰਿਸ਼ਦ ਸਕੂਲ ਪੜ੍ਹਦੇ ਹਨ। (ਮੁਰਬੀਚਾਪਾੜਾ ਤੋਂ ਦੋ ਕਿਲੋਮੀਟਰ ਦੂਰ, ਸਾਰੰਗਪੁਰੀ ਪਿੰਡ ਵਿਖੇ)। ਮੈਨੂੰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਦੇ ਖ਼ਰਚਿਆਂ ਨੂੰ ਲੈ ਕੇ ਚਿੰਤਾ ਤਾਂ ਹੁੰਦੀ ਹੈ ਪਰ ਮੈਂ ਚਾਹੁੰਦੀ ਹਾਂ ਮੇਰੇ ਬੱਚੇ ਵਧੀਆ ਸਿੱਖਿਆ ਗ੍ਰਹਿਣ ਕਰਨ। ਸਾਡੀ ਜਿਲ੍ਹਣ ਭਰੀ ਜ਼ਿੰਦਗੀ ਵਿੱਚੋਂ ਨਿਕਲ਼ਣ ਦਾ ਇੱਕੋ-ਇੱਕ ਰਸਤਾ ਹੈ- ਪੜ੍ਹਾਈ।''
ਉਨ੍ਹਾਂ ਦੇ ਘਰੇ (ਸਾਲ 2011 ਵਿੱਚ ਇੰਦਰਾ ਅਵਾਸ ਯੋਜਨਾ ਤਹਿਤ ਅਲਾਟ ਹੋਇਆ) ਜਦੋਂ ਅਸੀਂ ਤੁਲਸੀ ਨਾਲ਼ ਗੱਲ ਕਰ ਰਹੇ ਹੁੰਦੇ ਹਾਂ ਉਹ ਪੱਤਿਆਂ ਦੀ ਤੁੜਾਈ ਵਾਸਤੇ ਜਾਣ ਲਈ ਤਿਆਰ ਹੋਣ ਲੱਗਦੀ ਹਨ। ਉਹ ਆਪਣੇ ਨਾਲ਼ ਕੱਪੜੇ ਦਾ ਝੋਲ਼ਾ ਰੱਖਦੀ ਹਨ ਜਿਸ ਵਿੱਚ ਦਾਤੀ ਅਤੇ ਪੱਤੇ ਵਲ੍ਹੇਟਣ ਵਾਸਤੇ ਪੁਰਾਣੀਆਂ ਸਾੜੀਆਂ ਰੱਖੀਆਂ ਹੁੰਦੀਆਂ ਹਨ।
ਉਸ ਰਾਤ 8:30 ਵਜੇ, ਉਹ ਇੱਕ ਵਾਰ ਫਿਰ ਦਾਦਰ ਜਾਣ ਲਈ ਦੋ ਘੰਟਿਆਂ ਦੇ ਰੇਲ ਦੇ ਸਫ਼ਰ 'ਤੇ ਨਿਕਲ਼ ਪੈਂਦੀ ਹਨ। ਫਿਰ, ਹਨ੍ਹੇਰੇ ਵਿੱਚ ਹੀ ਫੁੱਲ ਮੰਡੀ ਦੀ ਸੜਕ 'ਤੇ ਬਹਿ ਕੇ, ਉਹ ਪੱਤਿਆਂ ਦੀਆਂ ਦੱਥੀਆਂ ਨੂੰ ਇਕੱਠਿਆਂ ਕਰਨ ਲੱਗਦੀ ਹਨ। ਸੜਕ 'ਤੇ ਕਿਸੇ ਵੀ ਤਰ੍ਹਾਂ ਦੀ ਢੁਕਵੀਂ ਰੌਸ਼ਨੀ ਦਾ ਬੰਦੋਬਸਤ ਨਹੀਂ ਹੈ, ਇਸਲਈ ਲੰਘਦੇ ਜਾਂਦੇ ਵਾਹਨਾਂ ਦੀ ਲਾਈਟਾਂ ਹੀ ਇਸ ਹਨ੍ਹੇਰੇ ਨੂੰ ਚੀਰਦੀਆਂ ਹਨ। ਉਹ ਕਹਿੰਦੀ ਹਨ,''ਅਸੀਂ (ਔਰਤਾਂ) ਇੰਝ ਬਾਹਰ (ਮੁੱਖ ਮੰਡੀ ਤੋਂ ਦੂਰ) ਬੈਠਦੀਆਂ ਹਾਂ। ਪਰ ਰਾਤ ਵੇਲ਼ੇ ਸਾਨੂੰ ਮੰਡੀ ਦੇ ਅੰਦਰ ਵੀ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ। ਮੈਨੂੰ ਕਾਰਾਂ ਦੀ ਭੀੜ, ਹਵਾੜ ਅਤੇ ਧੂੰਏ ਵਿੱਚ ਸਹਿਜ ਮਹਿਸੂਸ ਨਹੀਂ ਹੁੰਦਾ। ਭਾਵੇਂ ਸਾਡਾ ਪਾੜਾ ਇਸ ਥਾਂ ਦੇ ਮੁਕਾਬਲੇ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਪਰ ਉੱਥੇ ਖੁੱਲ੍ਹੀ ਥਾਂ, ਖੁੱਲ੍ਹੀ ਹਵਾ ਵਿੱਚ ਘਰ ਜਿਹਾ ਮਹਿਸੂਸ ਹੁੰਦਾ ਰਹਿੰਦਾ ਹੈ। ਪਰ, ਉੱਥੇ ਰਹਿ ਕੇ ਅਸੀਂ ਕਮਾਈ ਨਹੀਂ ਕਰ ਸਕਦੇ ਅਤੇ ਬਗ਼ੈਰ ਪੈਸਿਆਂ ਦੇ ਗੁਜ਼ਾਰਾ ਕਿਵੇਂ ਕਰੀਏ? ਇਸਲਈ ਸਾਨੂੰ ਸ਼ਹਿਰ ਆਉਣਾ ਪੈਂਦਾ ਹੈ।''
ਰਾਤ ਵੇਲ਼ੇ ਜਦੋਂ ਤੁਲਸੀ ਦਾਦਰ ਬਜ਼ਾਰ ਵਿੱਚ ਆਪਣੀਆਂ ਸਹੇਲੀਆਂ/ਸਹਿਕਰਮੀਆਂ ਨਾਲ਼ ਹੁੰਦੀ ਹਨ ਤਾਂ 7 ਰੁਪਏ ਦੀ ਚਾਹ ਪੀ ਕੇ ਹੀ ਗੁਜ਼ਾਰਾ ਚਲਾਉਂਦੀ ਹਨ ਜਾਂ ਫਿਰ ਕਦੇ-ਕਦਾਈਂ ਘਰੋਂ ਪੱਲੇ ਬੰਨ੍ਹ ਕੇ ਲਿਆਂਦੀ ਭਾਖਰੀ ਅਤੇ ਭਾਜੀ ਖਾਂਦੀ ਹਨ। ਕਦੇ-ਕਦਾਈਂ ਆਪਣੀ ਸਹੇਲੀ ਦੇ ਟਿਫਨ ਵਿੱਚੋਂ ਇੱਕ ਬੁਰਕੀ ਤੋੜ ਲੈਂਦੀ ਹਨ। ਅਗਲੀ ਸਵੇਰ ਜਦੋਂ ਤੱਕ ਪੂਰੇ ਦੇ ਪੂਰੇ ਪੱਤੇ ਵਿਕ ਨਹੀਂ ਜਾਂਦੇ, ਉਹ ਉਡੀਕ ਕਰਦੀ ਰਹਿੰਦੀ ਹਨ। ''ਮੈਂ ਇਸ ਬੋਝੇ ਨੂੰ ਵਾਪਸ ਘਰੇ ਨਹੀਂ ਲਿਜਾ ਸਕਦੀ ਹੁੰਦੀ,'' ਉਹ ਕਹਿੰਦੀ ਹਨ।
ਇਸ ਤੋਂ ਬਾਅਦ, ਦੋਬਾਰਾ ਰੇਲ ਰਾਹੀਂ ਆਸਨਗਾਓਂ ਤੱਕ ਦੀ ਦੋ ਘੰਟਿਆਂ ਦੀ ਯਾਤਰਾ। ''ਸਾਡਾ ਚਾਰ ਔਰਤਾਂ ਦਾ ਸਮੂਹ ਹੈ (ਜੋ ਨਾਲ਼ ਹੀ ਸਫ਼ਰ ਤੇ ਕੰਮ ਵੀ ਕਰਦੀਆਂ ਹਨ)। ਸਫ਼ਰ ਦੌਰਾਨ ਇੱਕ ਦੂਜੀ ਨਾਲ਼ ਦੁੱਖ-ਸੁੱਖ ਸਾਂਝਾ ਕਰ ਲੈਂਦੀਆਂ ਹਾਂ, ਆਪੋ-ਆਪਣੇ ਘਰਾਂ ਦੇ ਮਸਲਿਆਂ 'ਤੇ ਗੱਲਾਂ ਕਰਕੇ ਮਨ ਹੌਲ਼ਾ ਕਰ ਲੈਂਦੀਆਂ ਹਾਂ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਵੀ ਸਾਡੀ ਵਿਚਾਰ-ਚਰਚਾ ਚੱਲਦੀ ਰਹਿੰਦੀ ਹੈ,'' ਤੁਲਸੀ ਕਹਿੰਦੀ ਹਨ। ''ਪਰ ਇਹ ਗੱਲਬਾਤ ਬਹੁਤੀ ਲੰਬੀ ਨਹੀਂ ਚੱਲਦੀ। ਥਕੇਵੇਂ ਦੀਆਂ ਮਾਰੀਆਂ ਅਸੀਂ ਛੇਤੀ ਹੀ ਨੀਂਦ ਵੱਸ ਪੈ ਜਾਂਦੀਆਂ ਹਾਂ।''
ਤਰਜਮਾ: ਕਮਲਜੀਤ ਕੌਰ