“ਇੱਕ ਸਾਲ ਦੇ ਅੰਦਰ ਅੰਦਰ ਅਸੀਂ ਆਪਣੇ ਕਈ ਜਾਨਵਰ ਨੂੰ ਚੀਤੇ ਦਾ ਨਿਵਾਲਾ ਬਣਦੇ ਦੇਖਿਆ। ਉਹ ਰਾਤ ਵੇਲ਼ੇ ਆਉਂਦੇ ਹਨ ਅਤੇ ਸਾਡੇ ਜਾਨਵਰਾਂ ਨੂੰ ਖਿੱਚ ਕੇ ਲੈ ਜਾਂਦੇ ਹਨ,” ਆਜੜੀ ਗੌਰ ਸਿੰਘ ਠਾਕੁਰ ਕਹਿੰਦੇ ਹਨ। ਇੱਥੋਂ ਤੱਕ ਕਿ ਸਾਡਾ ਭੁਟੀਆ ਕੁੱਤਾ, ਸ਼ੇਰੂ ਵੀ ਉਨ੍ਹਾਂ ਨੂੰ ਦੂਰ ਨਹੀਂ ਭਜਾ ਪਾਉਂਦਾ, ਉਹ ਗੱਲ ਪੂਰੀ ਕਰਦੇ ਹਨ।
ਅਸੀਂ ਹਿਮਾਲਿਆ ਦੀ ਪਰਬਤ ਲੜੀ ਗੰਗੋਤਰੀ ਦੀ ਟੀਸੀ ‘ਤੇ ਖੜ੍ਹੇ ਆਪਸ ਵਿੱਚ ਗੱਲ ਕਰ ਰਹੇ ਹਾਂ। ਉਨ੍ਹਾਂ ਦੇ ਇਸ ਇੱਜੜ ਵਿੱਚ ਸੱਤ ਪਰਿਵਾਰਾਂ ਦੇ ਡੰਗਰ ਸ਼ਾਮਲ ਹਨ, ਇਹ ਪਰਿਵਾਰ ਉੱਤਰਕਾਸ਼ੀ ਜ਼ਿਲ੍ਹੇ ਦੇ ਸੌਰਾ ਪਿੰਡ ਦੇ ਆਸਪਾਸ ਦੇ ਰਹਿਣ ਵਾਲ਼ੇ ਹਨ। ਗੌਰ ਸਿੰਘ ਵੀ ਇਸੇ ਪਿੰਡ ਦੇ ਵਸਨੀਕ ਹਨ ਜੋ ਇੱਥੋਂ ਕਰੀਬ 2,000 ਮੀਟਰ ਹੇਠਾਂ ਵੱਸਿਆ ਹੈ। ਉਨ੍ਹਾਂ ਨੂੰ ਡੰਗਰ ਚਰਾਉਣ ਦਾ ਠੇਕਾ ਮਿਲ਼ਿਆ ਹੋਇਆ ਹੈ ਜੋ ਸਾਲ ਦੇ 9 ਮਹੀਨਿਆਂ ਤੱਕ ਚੱਲ਼ਣਾ ਹੈ। ਮੀਂਹ ਆਵੇ ਭਾਵੇਂ ਬਰਫ਼ ਡਿੱਗੇ ਉਨ੍ਹਾਂ ਨੂੰ ਡੰਗਰ ਚਰਾਉਣ ਲਈ ਬਾਹਰ ਨਿਕਲ਼ਣਾ ਹੀ ਪੈਂਦਾ ਹੈ, ਉਨ੍ਹਾਂ ਨੂੰ ਇਕੱਠਿਆਂ ਕਰਕੇ ਗਿਣਤੀ ਵੀ ਮਾਰਨੀ ਪੈਂਦੀ ਹੈ।
“ਇੱਥੇ ਕੋਈ 400 ਭੇਡਾਂ ਅਤੇ 100 ਬੱਕਰੀਆਂ ਹਨ,” 48 ਸਾਲਾ ਇੱਕ ਦੂਜੇ ਆਜੜੀ, ਹਰਦੇਵ ਸਿੰਘ ਠਾਕੁਰ ਦਾ ਕਹਿਣਾ ਹੈ ਜੋ ਇੱਥੇ ਪਹਾੜੀ ‘ਤੇ ਖਿੰਡੇ-ਪੁੰਡੇ ਇੱਜੜ ਦਾ ਧਿਆਨ ਰੱਖ ਰਹੇ ਹਨ। “ਹੋ ਸਕਦਾ ਥੋੜ੍ਹੀਆਂ ਵੱਧ-ਘੱਟ ਹੋਣ,” ਉਹ ਜਾਨਵਰਾਂ ਦੀ ਸਟੀਕ ਗਿਣਤੀ ਬਾਰੇ ਕਹਿੰਦੇ ਹਨ। ਹਰਦੇਵ ਇੱਜੜ ਚਰਾਉਣ ਦਾ ਕੰਮ ਕੋਈ 15 ਸਾਲਾਂ ਤੋਂ ਕਰਦੇ ਆ ਰਹੇ ਹਨ। “ਕੁਝ ਆਜੜੀ ਅਤੇ ਕਾਮੇ ਦੋ ਹਫ਼ਤਿਆਂ ਲਈ ਆਉਂਦੇ ਹਨ ਤੇ ਵਾਪਸ ਚਲੇ ਜਾਂਦੇ ਹਨ, ਕੁਝ ਮੇਰੇ ਵਾਂਗਰ ਇੱਥੇ ਹੀ ਰਹਿ ਜਾਂਦੇ ਹਨ,” ਉਹ ਗੱਲ ਪੂਰੀ ਕਰਦੇ ਹਨ।
ਇਹ ਅਕਤੂਬਰ ਦਾ ਮਹੀਨਾ ਹੈ ਅਤੇ ਉੱਤਰਾਖੰਡ ਦੇ ਗੜ੍ਹਵਾਲ ਹਿਮਾਲਿਆ ਦੀ ਗੰਗੋਤਰੀ ਲੜੀ ‘ਤੇ ਪੈਂਦੀ ਚਰਾਂਦ ‘ਚੂਲੀ ਟੋਪ’ ‘ਤੇ ਕਾਫ਼ੀ ਸਰਦ ਹਵਾ ਚੱਲ਼ ਰਹੀ ਹੈ ਜਿਓਂ ਘਾਹ ਨੂੰ ਚੀਰਦੀ ਹੋਵੇ। ਇੱਜੜ ਨੂੰ ਹਿੱਕਦੇ, ਚਾਰਦੇ ਇਨ੍ਹਾਂ ਬੰਦਿਆਂ ਨੇ ਕੰਬਲ ਦੀ ਬੁੱਕਲ ਮਾਰੀ ਹੋਈ ਹੈ। ਇਹ ਕਾਫ਼ੀ ਵਧੀਆ ਚਰਾਂਦ ਹੈ, ਆਜੜੀਆਂ ਦਾ ਕਹਿਣਾ ਹੈ, ਬਰਫ਼ ਦੇ ਬੰਨ੍ਹੇ-ਬੰਨ੍ਹੇ ਵਗਦੀ ਇੱਕ ਪਤਲੀ ਜਿਹੀ ਧਾਰਾ ਜਾਨਵਰਾਂ ਲਈ ਪਾਣੀ ਦਾ ਵਧੀਆ ਤੇ ਯਕੀਨੀ ਸ੍ਰੋਤ ਹੈ। ਸੱਪ ਵਾਂਗਰ ਵਲ਼ੇਵੇਂ ਖਾਂਦੀ ਇਹ ਧਾਰਾ 2,000 ਮੀਟਰ ਟੇਡੇ-ਮੇਢੇ ਰਸਤਿਓਂ ਹੇਠਾਂ ਉਤਰ ਕੇ ਭਿਲੰਗਾਨਾ ਨਦੀ ਵਿੱਚ ਮਿਲ਼ ਜਾਂਦੀ ਹੈ, ਜੋ ਖ਼ੁਦ ਵੀ ਭਾਗੀਰਥੀ ਦੀ ਇੱਕ ਸਹਾਇਕਕ ਨਦੀ ਹੈ।
ਉੱਚੇ ਪਹਾੜੀਂ ਸੈਂਕੜੇ ਡੰਗਰਾਂ ਦਾ ਧਿਆਨ ਰੱਖਣਾ ਕਾਫ਼ੀ ਖ਼ਤਰੇ ਭਰਿਆ ਕੰਮ ਹੈ। ਰੁੱਖਾਂ ਦੀਆਂ ਝਿੜੀਆਂ, ਵੱਡੀਆਂ ਚੱਟਾਨਾਂ ਅਤੇ ਉੱਬੜ-ਖਾਬੜ ਢਲਾਣਾਂ ਦੋ ਲੱਤਾਂ ਵਾਲ਼ੇ ਜਾਂ ਚਾਰ ਲੱਤਾਂ ਵਾਲ਼ੇ ਸ਼ਿਕਾਰੀਆਂ ਦੇ ਘਾਤ ਲਾਉਣ ਦਾ ਸੁਖਾਲਾ ਰਾਹ ਹੈ। ਫਿਰ ਸਰਦ ਮੌਸਮ ਜਾਂ ਬੀਮਾਰੀਆਂ ਕਾਰਨ ਭੇਡਾਂ ਜਾਂ ਬੱਕਰੀਆਂ ਦੇ ਮਰਨ ਦਾ ਖ਼ਦਸ਼ਾ ਵੀ ਸਤਾਉਂਦਾ ਰਹਿੰਦਾ ਹੈ। “ਅਸੀਂ ਤੰਬੂਆਂ ਵਿੱਚ ਰਹਿੰਦੇ ਹਾਂ ਤੇ ਆਪਣੇ ਆਲ਼ੇ-ਦੁਆਲ਼ੇ ਇਨ੍ਹਾਂ ਜਾਨਵਰ ਨੂੰ ਬੰਨ੍ਹ ਦਈਦਾ ਹੈ। ਅਸੀਂ ਆਪਣੇ ਨਾਲ਼ ਦੋ ਕੁੱਤੇ ਰੱਖੇ ਹੋਏ ਹਨ ਪਰ ਚੀਤੇ ਛੋਟੇ ਲੇਲਿਆਂ ਜਾਂ ਮੇਮਣਿਆਂ ਨੂੰ ਸ਼ਿਕਾਰ ਬਣਾਉਂਦੇ ਹਨ,” ਹਰਦੇਵ ਕਹਿੰਦੇ ਹਨ, ਜਿਨ੍ਹਾਂ ਦੀਆਂ ਇਸ ਇੱਜੜ ਵਿੱਚ 50 ਭੇਡਾਂ ਹਨ; ਗੌਰ ਸਿੰਘ ਦੀਆਂ 40 ਭੇਡਾਂ ਹਨ।
ਦੋ ਆਜੜੀ ਅਤੇ ਉਨ੍ਹਾਂ ਦੇ ਦੋ ਸਹਾਇਕ ਸਵੇਰੇ 5 ਵਜੇ ਉੱਠ ਖੜ੍ਹੇ ਹਨ, ਹਿੱਕਦੇ ਹੋਏ ਇੱਜੜ ਨੂੰ ਅੱਗੇ ਤੋਰਦੇ ਹਨ ਅਤੇ ਪਹਾੜੀ ਦੀ ਚੜ੍ਹਾਈ ਚੜਨ ਲੱਗੇ ਹਨ। ਸ਼ੇਰੂ ਇੱਕ ਬਹੁਤ ਵਧੀਆ ਸਹਾਇਕ ਹੈ, ਜੋ ਇੱਕੋ ਥਾਂ ਝੁੰਡ ਬਣਾ ਕੇ ਘਾਹ ਚਰਨ ਵਾਲ਼ੀਆਂ ਭੇਡਾਂ ਅਤੇ ਬੱਕਰੀਆਂ ਨੂੰ ਖਿੰਡਾ ਦਿੰਦਾ ਹੈ ਤਾਂ ਜੋ ਹਰ ਕੋਈ ਸੌਖਿਆਂ ਚਰ ਸਕੇ।
ਇਹ ਇੱਜੜ ਚਰਾਂਦਾਂ ਦੀ ਭਾਲ਼ ਵਿੱਚ ਰੋਜ਼ ਦਾ 20 ਕਿਲੋਮੀਟਰ ਦਾ ਪੈਂਡਾ ਮਾਰਦਾ ਹੈ, ਕਈ ਵਾਰੀ ਇਸ ਤੋਂ ਵੀ ਵੱਧ। ਵੱਧ ਉੱਚਾਈ ‘ਤੇ ਘਾਹ ਅਕਸਰ ਬਰਫ਼ ਦੀ ਪੱਕੀ ਪਰਤ ਦੇ ਹੇਠਾਂ ਪਾਇਆ ਜਾਂਦਾ ਹੈ। ਪਰ ਅਜਿਹੀ ਚਰਾਂਦ ਲੱਭਣਾ ਜਿੱਥੇ ਪਾਣੀ ਦੀ ਧਾਰ ਵੀ ਵੱਗਦੀ ਹੋਵੇ ਆਪਣੇ ਆਪ ਵਿੱਚ ਵੱਡੀ ਚੁਣੌਤੀ ਹੈ। ਘਾਹ ਦੀ ਭਾਲ਼ ਵਿੱਚ, ਆਜੜੀ ਉੱਤਰ ਵੱਲ 100 ਕਿਲੋਮੀਟਰ ਦੂਰ, ਭਾਰਤ-ਚੀਨ ਸੀਮਾ ਤੱਕ ਅੱਪੜ ਜਾਂਦੇ ਹਨ।
ਪੁਰਸ਼ ਛੋਟੇ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਕਈ ਵਾਰੀਂ ਉਹ ਚੰਨੀ ਦਾ ਇਸਤੇਮਾਲ ਵੀ ਕਰਦੇ ਹਨ, ਜਿਸ ਤੋਂ ਭਾਵ ਕੱਚੇ ਪੱਥਰਾਂ ਦਾ ਇੱਕ ਵਾੜਾ ਜਿਸ ਵਿੱਚ ਡੰਗਰ ਬੰਨ੍ਹੇ ਜਾਂਦੇ ਹਨ। ਇਹਦੀ ਛੱਤ ਬਣਾਉਣ ਲਈ ਉਹ ਤਿਰਪਾਲ ਦੀ ਵਰਤੋਂ ਕਰਦੇ ਹਨ। ਜਿਵੇਂ ਜਿਵੇਂ ਚਰਾਂਦਾਂ ਦੀ ਭਾਲ਼ ਵਿੱਚ ਉਹ ਉਤਾਂਹ ਚੜ੍ਹਦੇ ਜਾਂਦੇ ਹਨ, ਰੁੱਖ ਪੇਤਲੇ ਪੈਣ ਲੱਗਦੇ ਹਨ ਅਤੇ ਫਿਰ ਖਾਣਾ ਪਕਾਉਣ ਲਈ ਬਾਲ਼ਣ ਦੀ ਭਾਲ਼ ਵਿੱਚ ਉਨ੍ਹਾਂ ਨੂੰ ਕਦੇ ਹੇਠਾਂ ਅਤੇ ਕਦੇ ਉਤਾਂਹ ਜਾਣ ਵਿੱਚ ਕਾਫ਼ੀ ਊਰਜਾ ਖਪਾਉਣੀ ਪੈਂਦੀ ਹੈ।
“ਅਸੀਂ ਸਾਲ ਦੇ ਨੌ ਮਹੀਨੇ ਘਰੋਂ ਦੂਰ ਰਹਿੰਦੇ ਹਾਂ। ਇੱਥੇ (ਚੂਲੀ ਟਾਪ) ਆਉਣ ਤੋਂ ਪਹਿਲਾਂ ਅਸੀਂ ਕਰੀਬ ਛੇ ਮਹੀਨੇ ਗੰਗੋਤਰੀ ਦੇ ਨੇੜੇ ਹਰਸਿਲ, ਵਿਖੇ ਰੁਕੇ ਰਹੇ ਹਾਂ; ਇੱਥੇ ਅਸੀਂ ਕੋਈ ਦੋ ਮਹੀਨਿਆਂ ਤੋਂ ਹਾਂ। ਹੁਣ ਠੰਡ ਵੱਧ ਰਹੀ ਹੈ ਇਸ ਕਰਕੇ ਅਸੀਂ ਉਤਰਾਈ ਕਰਨ ਲੱਗਾਂਗੇ,” ਹਰਦੇਵ ਕਹਿੰਦੇ ਹਨ, ਜੋ ਉੱਤਰਕਾਸ਼ੀ (ਜ਼ਿਲ੍ਹੇ) ਦੇ ਭਟਵਾੜੀ ਜ਼ਿਲ੍ਹਾ ਦੇ ਸੌਰਾ ਪਿੰਡ ਦੇ ਨੇੜਲੀ ਜਮਲੋ ਬਸਤੀ ਵਿਖੇ ਰਹਿੰਦੇ ਹਨ। ਸੌਰਾ ਵਿਖੇ ਉਨ੍ਹਾਂ ਕੋਲ਼ ਇੱਕ ਵਿਘੇ (ਇੱਕ ਵਿਘਾ ਭਾਵ ਏਕੜ ਦਾ ਚੌਥਾਈ ਹਿੱਸਾ) ਤੋਂ ਵੀ ਘੱਟ ਜ਼ਮੀਨ ਹੈ। ਜ਼ਮੀਨ ਦੀ ਸੰਭਾਲ਼ ਉਨ੍ਹਾਂ ਦੀ ਪਤਨੀ ਅਤੇ ਬੱਚੇ ਕਰਦੇ ਹਨ ਜਿੱਥੇ ਉਹ ਆਪਣੀ ਵਰਤੋਂ ਵਾਸਤੇ ਚੌਲ਼ ਅਤੇ ਰਾਜਮਾਂਹ ਉਗਾਉਂਦੇ ਹਨ।
ਸਿਆਲ ਦੇ ਤਿੰਨ ਮਹੀਨੇ, ਜਦੋਂ ਪੈਂਦੀ ਬਰਫ਼ ਤੁਹਾਨੂੰ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੰਦੀ ਹੈ ਤਾਂ ਉਸ ਸਮੇਂ ਇੱਜੜ ਅਤੇ ਆਜੜੀ ਬਹੁਤਾ ਸਮਾਂ ਪਿੰਡ ਦੇ ਨੇੜੇ-ਤੇੜੇ ਹੀ ਰਹਿੰਦੇ ਹਨ। ਉਸ ਸਮੇਂ ਜਾਨਵਰਾਂ ਦੇ ਮਾਲਕਾਂ ਨੂੰ ਆਪਣੇ ਡੰਗਰਾਂ ਦੀ ਸਮੀਖਿਆ ਕਰਨ ਅਤੇ ਜਾਇਜ਼ਾ ਲੈਣ ਦਾ ਮੌਕਾ ਮਿਲ਼ ਜਾਂਦਾ ਹੈ। ਜੇਕਰ ਕਿਸੇ ਦਾ ਜਾਨਵਰ ਗੁੰਮ ਗਿਆ ਹੋਵੇ ਤਾਂ ਆਪਣੇ ਡੰਗਰਾਂ ਦੀ ਦੇਖਭਾਲ਼ ਵਾਸਤੇ ਉਹ ਆਜੜੀ ਨੂੰ ਜੋ ਰਾਸ਼ੀ ਦਿੰਦੇ ਹਨ ਉਸ ਵਿੱਚੋਂ 8,000-10,000 ਦੀ ਕੈਂਚੀ ਫੇਰ ਦਿੰਦੇ ਹਨ। ਸਹਾਇਕਾਂ ਨੂੰ ਆਮ ਤੌਰ 'ਤੇ ਜਿਣਸ ਦੇ ਰੂਪ ਵਿੱਚ ਭੁਗਤਾਨ ਕੀਤਾ ਜਾਂਦਾ ਹੈ- ਇੰਝ ਉਹ 5-10 ਬੱਕਰੀਆਂ ਜਾਂ ਭੇਡਾਂ ਲੈ ਸਕਦੇ ਹੁੰਦੇ ਹਨ।
ਉੱਤਰਾਕਾਸ਼ੀ ਜਿਹੇ ਛੋਟੇ ਕਸਬਿਆਂ ਅਤੇ ਹੈੱਡਕੁਆਰਟਰਾਂ ਵਿੱਚ ਇੱਕ ਬੱਕਰੀ ਜਾਂ ਇੱਕ ਭੇਡ ਕੋਈ 10,000 ਰੁਪਏ ਵਿੱਚ ਵਿਕਦੀ ਹੈ। “ਸਰਕਾਰ (ਹਸਤਾਖਰੀ) ਚਾਹੁੰਣ ਤਾਂ ਸਾਡੇ ਲਈ ਕੁਝ ਨਾ ਕੁਝ ਕਰ ਸਕਦੇ ਹਨ; ਉਹ ਸਾਡੇ ਭੇਡਾਂ ਅਤੇ ਬੱਕਰੀਆਂ ਵੇਚਣ ਵਾਸਤੇ ਸਾਨੂੰ ਪੱਕੀ ਥਾਂ ਬਣਾ ਸਕਦੀ ਹੈ।,” ਗੌਰ ਸਿੰਘ ਕਹਿੰਦੇ ਹਨ ਜੋ ਜ਼ੁਕਾਮ ਨਾਲ਼ ਜੂਝ ਰਹੇ ਹਨ। ਉਹ ਕਹਿੰਦੇ ਹਨ ਕਿ ਜੇ ਉਹ ਬੀਮਾਰ ਪੈ ਜਾਣ ਤਾਂ ਉਨ੍ਹਾਂ ਨੂੰ ਕਿਸੇ ਰਾਹਗੀਰ ਕੋਲ਼ੋਂ ਹੀ ਦਵਾਈ (ਗੋਲ਼ੀ) ਮੰਗਣੀ ਪੈਂਦੀ ਹੈ ਕਿਉਂਕਿ ਉਨ੍ਹਾਂ ਦੇ ਨੇੜੇ-ਤੇੜੇ ਕਿਤੇ ਕੋਈ ਡਾਕਟਰੀ ਸਹਾਇਤਾ ਉਪਲਬਧ ਨਹੀਂ ਹੈ।
“ਇਸ ਕੰਮ ਦੀ ਭਾਲ਼ ਵਿੱਚ ਮੈਂ ਹਿਮਾਚਲ ਪ੍ਰਦੇਸ਼ ਤੋਂ ਕਰੀਬ 2,000 ਕਿਲੋਮੀਟਰ ਦਾ ਪੈਂਡਾ ਮਾਰਿਆ ਹੈ,” 40 ਸਾਲਾ ਸਹਾਇਕ ਗੁਰੂ ਲਾਲ ਕਹਿੰਦੇ ਹਨ, ਜੋ ਸ਼ਿਮਲਾ ਜ਼ਿਲ੍ਹੇ ਦੀ ਡੋਦਰਾ-ਕਵਾਰ ਤਹਿਸੀਲ ਦੇ ਵਾਸੀ ਹਨ। “ਮੇਰੇ ਪਿੰਡ ਵਿੱਚ ਕੋਈ ਕੰਮ ਨਹੀਂ।” ਦਲਿਤ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਲਾਲ ਦਾ ਕਹਿਣਾ ਹੈ ਕਿ ਨੌ ਮਹੀਨਿਆਂ ਦੇ ਇਸ ਕੰਮ ਬਦਲੇ ਉਨ੍ਹਾਂ ਨੂੰ 10 ਬੱਕਰੀਆਂ ਮਿਲ਼ ਜਾਣਗੀਆਂ। ਜਦੋਂ ਉਹ ਆਪਣੀ ਪਤਨੀ ਅਤੇ 10 ਸਾਲਾ ਬੇਟੇ ਕੋਲ਼ ਘਰ ਮੁੜਨਗੇ ਤਾਂ ਉਹ ਜਾਂ ਤਾਂ ਇਨ੍ਹਾਂ (ਬੱਕਰੀਆਂ) ਨੂੰ ਵੇਚ ਦੇਣਗੇ ਜਾਂ ਫਿਰ ਘਰ ਮੁੜਨ ਤੋਂ ਬਾਅਦ ਇਨ੍ਹਾਂ ਦਾ ਪ੍ਰਜਨਨ ਕਰਵਾਉਣਗੇ।
ਕੰਮ ਦੇ ਮੌਕਿਆਂ ਦੀ ਘਾਟ ਨੇ ਹੀ ਹਰਦੇਵ ਲਾਲ ਨੂੰ ਵੀ ਆਜੜੀ ਬਣਾਇਆ। “ਮੇਰੇ ਪਿੰਡ ਦੇ ਲੋਕ ਹੋਟਲਾਂ ਵਿੱਚ ਕੰਮ ਕਰਨ ਲਈ ਮੁੰਬਈ ਚਲੇ ਜਾਂਦੇ ਹਨ। ਪਹਾੜੀ ਇਲਾਕਿਆਂ ਵਿੱਚ ਜਾਂ ਤਾਂ ਠੰਡ ਹੁੰਦੀ ਹੈ ਜਾਂ ਫਿਰ ਮੀਂਹ ਪੈਂਦਾ ਰਹਿੰਦਾ ਹੈ, ਇਸਲਈ ਆਜੜੀ ਵਾਲ਼ਾ ਕੰਮ ਕਰਨ ਨੂੰ ਕੋਈ ਤਿਆਰ ਨਹੀਂ। ਇਹ ਦਿਹਾੜੀ-ਧੱਪੇ ਨਾਲ਼ੋਂ ਵੱਧ ਔਖ਼ਾ ਕੰਮ ਹੈ। ਪਰ ਤੁਸੀਂ ਹੀ ਦੱਸੋ, ਦਿਹਾੜੀ-ਧੱਪੇ ਦਾ ਕੰਮ ਰਹਿ ਹੀ ਕਿਹੜਾ ਗਿਆ?” ਉਹ ਪੁੱਛਦੇ ਹਨ।
ਰਿਪੋਰਟ ਇਸ ਸਟੋਰੀ ਦੀ ਰਿਪੋਰਟਿੰਗ ਵਿੱਚ ਸਾਥ ਤੇ ਮਦਦ ਦੇਣ ਵਾਸਤੇ ਅੰਜਲੀ ਬ੍ਰਾਊਨ ਅਤੇ ਸੰਧਿਆ ਰਾਮਲਿੰਗਮ ਨੂੰ ਸ਼ੁਕਰੀਆ ਅਦਾ ਕਰਦੀ ਹਨ।
ਤਰਜਮਾ: ਕਮਲਜੀਤ ਕੌਰ