''ਗਟਰ ਕੋਈ 20 ਫੁੱਟ ਡੂੰਘਾ ਸੀ। ਪਹਿਲਾਂ ਪਰੇਸ਼ ਅੰਦਰ ਵੜ੍ਹਿਆ। ਉਹਨੇ ਦੋ-ਤਿੰਨ ਬਾਲ਼ਟੀਆਂ ਗੰਦ ਬਾਹਰ ਕੱਢਿਆ; ਫਿਰ ਉਹ ਉਤਾਂਹ ਚੜ੍ਹ ਆਇਆ, ਰਤਾ ਕੁ ਸਾਹ ਲਿਆ ਤੇ ਦੋਬਾਰਾ ਅੰਦਰ ਵੜ੍ਹ ਗਿਆ। ਜਿਓਂ ਹੀ ਉਹ ਅੰਦਰ ਵੜ੍ਹਿਆ ਉਹਨੇ ਚੀਕ ਮਾਰੀ...
''ਸਾਨੂੰ ਕੁਝ ਪੱਲੇ ਨਾ ਪਿਆ ਕਿ ਹੋਇਆ ਕੀ ਹੈ, ਇਸਲਈ ਗਾਲਸਿੰਗ ਭਾਈ ਅੰਦਰ ਵੜ੍ਹਿਆ। ਪਰ ਅੰਦਰ ਖ਼ਾਮੋਸ਼ੀ ਛਾਈ ਹੋਈ ਸੀ। ਇਸਲਈ ਫਿਰ ਅੰਦਰ ਵੜ੍ਹਨ ਦੀ ਅਗਲੀ ਵਾਰੀ ਅਨੀਪ ਭਾਈ ਦੀ ਆਈ। ਹੁਣ ਅੰਦਰ ਵੜ੍ਹੇ ਤਿੰਨਾਂ ਵਿੱਚੋਂ ਕਿਸੇ ਨੇ ਕੋਈ ਅਵਾਜ਼ ਨਾ ਕੱਢੀ। ਇਸਲਈ, ਉਨ੍ਹਾਂ ਨੇ ਮੇਰੇ ਦੁਆਲ਼ੇ ਰੱਸੀ ਬੰਨ੍ਹੀ ਗਈ ਤੇ ਮੈਨੂੰ ਅੰਦਰ ਭੇਜਿਆ ਗਿਆ। ਕਿਸੇ ਨੇ ਮੈਨੂੰ ਆਪਣਾ ਹੱਥ ਫੜ੍ਹਾਇਆ; ਮੈਨੂੰ ਪਤਾ ਨਾ ਚੱਲਿਆ ਉਹ ਹੱਥ ਕਿਹਦਾ ਸੀ। ਪਰ ਜਿਓਂ ਹੀ ਮੈਂ ਹੱਥ ਨੂੰ ਕੱਸ ਕੇ ਫੜ੍ਹਿਆ ਤਾਂ ਉਹ ਮੈਨੂੰ ਬਾਹਰ ਵੱਲ ਨੂੰ ਖਿੱਚਣ ਲੱਗੇ ਤੇ ਓਸ ਵੇਲ਼ੇ ਮੈਂ ਬੇਹੋਸ਼ ਹੋ ਗਿਆ,'' ਭਾਵੇਸ਼ ਇੱਕੋ-ਸਾਹ ਬੋਲਦੇ ਹਨ।
ਜਦੋਂ ਅਸੀਂ ਭਾਵੇਸ਼ ਨੂੰ ਮਿਲ਼ੇ ਤਾਂ ਉਦੋਂ ਉਨ੍ਹਾਂ ਦੇ ਭਰਾ, ਪਰੇਸ਼ ਦੀ ਮੌਤ ਹੋਇਆਂ ਮਸਾਂ ਇੱਕ ਹਫ਼ਤਾ ਹੋਇਆ ਸੀ। ਉਨ੍ਹਾਂ ਨੇ ਆਪਣੇ ਭਰਾ ਤੇ ਦੋ ਹੋਰ ਕਾਮਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ ਸੀ। ਉਸ ਦੁਖਾਂਤ ਨੂੰ ਬਿਆਨ ਕਰਦਿਆਂ ਉਨ੍ਹਾਂ ਦਾ ਦਰਦ ਛਲਕ-ਛਲਕ ਪੈਂਦਾ ਹੈ, ਉਨ੍ਹਾਂ ਦੀ ਅਵਾਜ਼ ਵਿੱਚ ਅੰਤਾਂ ਦੀ ਮਾਸੂਮੀ ਤੇ ਨਿਰਾਸ਼ਾ ਸੀ।
20 ਸਾਲਾ ਭਾਵੇਸ਼ ਕਟਾਨਾ ਜੋ ਗੁਜਰਾਤ ਦੇ ਦਾਹੌਦ ਜ਼ਿਲ੍ਹੇ ਦੇ ਪਿੰਡ ਖਰਸਾਨਾ ਦੇ ਵਾਸੀ ਹਨ, 'ਖ਼ੁਸ਼ਕਿਸਮਤ' ਰਹੇ ਜੋ ਇਸ ਹਾਦਸੇ ਵਿੱਚੋਂ ਜ਼ਿਊਂਦੇ ਬੱਚ ਨਿਕਲ਼ੇ। ਭਾਵੇਸ਼, ਉਨ੍ਹਾਂ ਪੰਜ ਵਿਅਕਤੀਆਂ ਵਿੱਚੋਂ ਜਿਊਂਦੇ ਬਚਾ ਲਏ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਹਨ। ਇਹ ਪੰਜੋ ਵਿਅਕਤੀ ਆਦਿਵਾਸੀ ਸਨ ਜੋ ਭਰੁੱਚ ਜ਼ਿਲ੍ਹੇ ਦੀ ਦਹੇਜ ਗ੍ਰਾਮ ਪੰਚਾਇਤ ਦੇ ਜ਼ਹਿਰੀਲੇ ਸੀਵਰੇਜ ਚੈਂਬਰ ਨੂੰ ਸਾਫ਼ ਕਰਨ ਉਤਰੇ ਸਨ। ਇਸ ਹਾਦਸੇ ਵਿੱਚੋਂ ਦੂਜਾ ਜਿਊਂਦਾ ਬਚਿਆ ਵਿਅਕਤੀ, 18 ਸਾਲਾ ਜਿਗਨੇਸ਼ ਪਰਮਾਰ ਹੈ ਜੋ ਦਾਹੌਦ ਦੇ ਬਾਲੇਂਡੀਆ-ਪੇਠਾਪੁਰ ਦਾ ਵਾਸੀ ਹੈ।
ਉਨ੍ਹਾਂ ਨਾਲ਼ ਕੰਮ ਕਰਨ ਵਾਲ਼ਿਆਂ ਵਿੱਚੋਂ 20 ਸਾਲਾ ਅਨੀਪ ਪਰਮਾਰ ਵੀ ਜਿਗਨੇਸ਼ ਦੀ ਪਿੰਡੋਂ ਹੀ ਸਨ; 25 ਸਾਲਾ ਗਾਲਸਿੰਗ ਮੁੰਨਿਆ ਦਾਹੌਦ ਦੇ ਦਾਂਤਗੜ੍ਹ-ਚਾਕਲਿਆ ਦੇ ਵਾਸੀ ਸਨ; ਅਤੇ 24 ਸਾਲਾ ਪਰੇਸ਼ ਕਟਾਰਾ ਆਪਣੇ ਭਰਾ ਭਾਵੇਸ਼ ਨਾਲ਼ ਉਸੇ ਪਿੰਡ ਵਿੱਚ ਰਹਿੰਦਾ ਸੀ। ਇਨ੍ਹਾਂ ਤਿੰਨਾਂ ਦੀ ਮੌਤ ਸੀਵਰ ਅੰਦਰ ਸਾਹ ਘੁੱਟਣ ਨਾਲ਼ ਹੋਈ। (ਮਰਨ ਵਾਲ਼ਿਆਂ ਦੀਆਂ ਉਮਰਾਂ ਉਨ੍ਹਾਂ ਦੇ ਅਧਾਰ ਕਾਰਡਾਂ 'ਚੋਂ ਲਈਆਂ ਗਈਆਂ ਹਨ ਜਿਨ੍ਹਾਂ ਨੂੰ ਅਨਿਸ਼ਚਿਤ ਅਨੁਮਾਨ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਹੇਠਲੇ ਪੱਧਰ ਦੇ ਕਰਮਚਾਰੀ ਅਕਸਰ ਅਧੀਰ ਹੋ ਕੇ ਮਨਮਾਨੇ ਢੰਗ ਨਾਲ਼ ਕਾਗ਼ਜ਼ ਤਿਆਰ ਕਰਦੇ ਹਨ)।
ਸੋਚਣ ਵਾਲ਼ੀ ਗੱਲ ਹੈ ਕਿ ਇਹ ਪੰਜੋ ਆਦਿਵਾਸੀ ਪਿੰਡਾਂ ਤੋਂ 325-330 ਕਿਲੋਮੀਟਰ ਦੂਰ ਸਥਿਤ ਦਹੇਜ ਵਿਖੇ ਸੀਵਰ ਸਾਫ਼ ਕਰ ਹੀ ਕਿਉਂ ਰਹੇ ਸਨ? ਉਨ੍ਹਾਂ ਵਿੱਚੋਂ ਦੋ ਕਿਸੇ ਹੋਰ ਗ੍ਰਾਮ ਪੰਚਾਇਤ ਅਧੀਨ ਮਹੀਨੇਵਾਰ ਅਦਾਇਗੀਆਂ 'ਤੇ ਕੰਮ ਕਰਨ ਵਾਲ਼ੇ ਵਰਕਰ ਸਨ ਤੇ ਬਾਕੀ ਦੇ- ਜਿਨ੍ਹਾਂ ਦੇ ਪਰਿਵਾਰਾਂ ਨੂੰ ਦਿਹਾੜੀ-ਧੱਪੇ ਦੇ ਕੰਮਾਂ ਦੀ ਸੀਮਾ (ਦਾਇਰੇ) ਬਾਰੇ ਜ਼ਿਆਦਾ ਕੁਝ ਨਹੀਂ ਪਤਾ ਸੀ ਤੇ ਨਾ ਹੀ ਇਹ ਪਤਾ ਸੀ ਕਿ ਉਹ ਕਿਹਦੇ ਅਧੀਨ ਕੰਮ ਕਰ ਰਹੇ ਸਨ। ਉਹ ਸਾਰੇ ਭੀਲ ਆਦਿਵਾਸੀ ਸਮੂਹ ਤੇ ਬੇਹੱਦ ਹਾਸ਼ੀਆਗਤ ਤਬਕਿਆਂ ਨਾਲ਼ ਤਾਅਲੁੱਕ ਰੱਖਦੇ ਹਨ।
ਉਹ ਤ੍ਰਾਸਦੀ 4 ਅਪ੍ਰੈਲ 2023 ਨੂੰ ਵਾਪਰੀ। ''ਇੱਕ ਬੰਦਾ ਅੰਦਰ ਸੀ,'' ਚੇਤੇ ਕਰਦਿਆਂ ਜਿਗਨੇਸ਼ ਕਹਿੰਦੇ ਹਨ, ਜੋ ਉਸ ਦਿਨ ਨਾਲ਼ ਲੱਗਦੇ ਚੈਂਬਰ ਦੀ ਸਫ਼ਾਈ ਕਰ ਰਹੇ ਸਨ। ''ਸਾਹ ਨਾਲ਼ ਜ਼ਹਿਰੀਲੀ ਗੈਸ ਉਹਦੇ ਅੰਦਰ ਚਲੀ ਗਈ ਤੇ ਉਹ ਨਿਢਾਲ਼ ਹੋ ਗਿਆ। ਜਦੋਂ ਉਹਨੂੰ ਬਚਾਉਣ ਲਈ ਗਾਲਸਿੰਗ ਅੰਦਰ ਵੜ੍ਹਿਆ ਤਾਂ ਗੈਸ ਨੇ ਉਹਨੂੰ ਵੀ ਨਾ ਬਖ਼ਸ਼ਿਆ। ਉਹ ਅੰਦਰ ਹੀ ਡਿੱਗ ਗਿਆ। ਉਨ੍ਹਾਂ ਦੋਵਾਂ ਨੂੰ ਬਚਾਉਣ ਖ਼ਾਤਰ ਅਨੀਪ ਅੰਦਰ ਵੜ੍ਹਿਆ, ਪਰ ਹਵਾੜ੍ਹ ਇੰਨੀ ਤੇਜ਼ ਸੀ, ਉਹਨੂੰ ਚੱਕਰ ਆਇਆ ਤੇ ਉਹ ਬੇਸੁੱਧ ਹੋ ਗਿਆ।''
''ਅਸੀਂ ਉਨ੍ਹਾਂ ਨੂੰ ਬਚਾਉਣ ਲਈ ਚੀਕਦੇ ਰਹੇ। ਸਾਡੀਆਂ ਚੀਕਾਂ ਸੁਣ ਪਿੰਡ-ਵਾਸੀ ਆਏ। ਉਨ੍ਹਾਂ ਨੇ ਪੁਲਿਸ ਤੇ ਫਾਇਰ-ਬ੍ਰਿਗੇਡ ਬੁਲਾਈ। ਜਦੋਂ ਭਾਵੇਸ਼ ਅੰਦਰ ਵੜ੍ਹਿਆ ਸੀ ਤਾਂ ਉਹ ਵੀ ਗੈਸ ਕਾਰਨ ਬੇਹੋਸ਼ ਹੋ ਗਿਆ ਹੋਇਆ ਸੀ। ਜਦੋਂ ਉਨ੍ਹਾਂ ਨੂੰ ਬਾਹਰ ਖਿੱਚਿਆ ਗਿਆ, ਤਾਂ ਉਹ ਭਾਵੇਸ਼ ਨੂੰ ਪਹਿਲਾਂ ਪੁਲਿਸ ਸਟੇਸ਼ਨ ਲੈ ਗਏ। ਜਦੋਂ ਉਹਨੂੰ ਹੋਸ਼ ਆਈ, ਪੁਲਿਸ ਉਹਨੂੰ ਹਸਪਤਾਲ ਲੈ ਗਈ,'' ਜਿਗਨੇਸ਼ ਗੱਲ ਜਾਰੀ ਰੱਖਦੇ ਹਨ।
ਉਨ੍ਹਾਂ ਭਲ਼ਾ ਹਸਪਤਾਲ ਲਿਜਾਣ ਤੋਂ ਪਹਿਲਾਂ ਉਹਦੇ ਹੋਸ਼ ਵਿੱਚ ਆਉਣ ਦੀ ਉਡੀਕ ਕਿਉਂ ਕੀਤੀ? ਇਸ ਗੱਲ ਦਾ ਕਿਸੇ ਕੋਲ਼ ਕੋਈ ਜਵਾਬ ਨਹੀਂ। ਬਾਵਜੂਦ ਇਹਦੇ, ਭਾਵੇਸ਼ ਜਿਊਂਦਾ ਬੱਚ ਗਿਆ ਸੀ।
*****
ਅਨੀਪ, ਦਹੇਜ ਵਿਖੇ ਆਪਣੇ ਵਿਆਹ ਤੋਂ ਪਹਿਲਾਂ ਤੋਂ ਕੰਮ ਕਰਦੇ ਰਹੇ ਸਨ। 2019 ਵਿੱਚ ਵਿਆਹ ਤੋਂ ਫ਼ੌਰਨ ਬਾਅਦ ਹੀ ਉਨ੍ਹਾਂ ਦੀ ਪਤਨੀ, ਰਮੀਲਾ ਬੇਨ ਨੇ ਵੀ ਆਪਣੇ ਪਤੀ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ''ਮੈਂ ਸਵੇਰੇ 8 ਵਜੇ ਕੰਮ 'ਤੇ ਜਾਇਆ ਕਰਦੀ,'' ਉਹ ਚੇਤੇ ਕਰਦੀ ਹਨ। ਆਪਣੇ ਪਤੀ ਦੀ ਮੌਤ ਵੇਲ਼ੇ ਉਹ ਨਾਲ਼ ਕਿਉਂ ਨਹੀਂ ਸਨ, ਇਸ ਗੱਲ ਦੇ ਜਵਾਬ ਵਿੱਚ ਉਹ ਕਹਿੰਦੀ ਹਨ,''ਦੁਪਿਹਰ ਦੀ ਰੋਟੀ ਖਾ ਕੇ ਕਰੀਬ 11 ਵਜੇ ਉਹ ਇਕੱਲੇ ਹੀ ਕੰਮ 'ਤੇ ਜਾਂਦੇ ਤੇ ਤਲਾਤੀ ਸਾਹਬ ਜਾਂ ਸਰਪੰਚ ਜੋ ਕੰਮ ਕਰਨ ਨੂੰ ਕਹਿੰਦੇ, ਉਹ ਕਰਨ ਲਿਆ ਕਰਦੇ।''
''ਸ਼ੁਰੂ-ਸ਼ੁਰੂ ਵਿੱਚ ਅਸੀਂ ਇਕੱਠਿਆਂ ਰਲ਼ ਗਟਰ ਸਾਫ਼ ਕਰਿਆ ਕਰਦੇ,'' ਉਹ ਕਹਿੰਦੀ ਹਨ,''ਅਸੀਂ ਵਿਆਹ ਤੋਂ ਬਾਅਦ 4 ਮਹੀਨਿਆਂ ਤੱਕ ਗਟਰ ਸਾਫ਼ ਕੀਤੇ ਹੋਣ। ਫਿਰ ਉਨ੍ਹਾਂ ਨੇ ਸਾਨੂੰ 'ਟਰੈਕਟਰ ਦਾ ਕੰਮ' ਕਰਨ ਨੂੰ ਕਿਹਾ। ਅਸੀਂ ਟਰੈਕਟਰ ਚਲਾਉਂਦੇ ਤੇ ਪੂਰੇ ਪਿੰਡ ਦੇ ਗੇੜ੍ਹੇ ਲਾਉਂਦੇ ਤੇ ਲੋਕੀਂ ਆਪੋ-ਆਪਣਾ ਕੂੜਾ ਟਰਾਲੀ ਵਿੱਚ ਸੁੱਟ ਦਿਆ ਕਰਦੇ। ਫਿਰ ਮੈਂ ਕੂੜੇ ਵਿੱਚੋਂ ਫ਼ਾਲਤੂ ਸਮਾਨ ਅੱਡ ਕਰਿਆ ਕਰਦੀ। ਦਹੇਜ ਵਿਖੇ, ਅਸੀਂ ਵੱਡੇ-ਵੱਡੇ ਗਟਰ ਵੀ ਸਾਫ਼ ਕੀਤੇ ਹਨ। ਤੁਸੀਂ ਨਿੱਜੀ ਗਟਰ ਦੇਖੇ ਹਨ ਜਿਨ੍ਹਾਂ ਦੇ ਕਈ-ਕਈ ਹਿੱਸੇ ਹੁੰਦੇ ਹਨ? ਮੈਂ ਰੱਸੀ ਨਾਲ਼ ਬਾਲਟੀ ਬੰਨ੍ਹਿਆ ਕਰਦੀ ਤੇ ਗੰਦਗੀ ਬਾਹਰ ਖਿੱਚਦੀ,'' ਕੰਮ ਬਾਰੇ ਦੱਸਦਿਆਂ ਉਹ ਕਹਿੰਦੀ ਹਨ।
''ਉਹ ਦਿਹਾੜੀ ਦੇ 400 ਰੁਪਏ ਦਿਆ ਕਰਦੇ,'' ਰਮੀਲਾ ਬੇਨ ਕਹਿੰਦੀ ਹਨ,''ਜਦੋਂ-ਕਦੇ ਮੈਂ ਜਾਇਆ ਕਰਦੀ ਮੈਨੂੰ ਵੀ 400 ਰੁਪਏ ਦਿਹਾੜੀ ਮਿਲ਼ਦੀ। ਚਾਰ ਮਹੀਨਿਆਂ ਤੋਂ ਬਾਅਦ ਉਹ ਸਾਨੂੰ ਹਰ ਮਹੀਨੇਵਾਰ ਭੁਗਤਾਨ ਕਰਨ ਲੱਗੇ। ਪਹਿਲਾਂ 9,000, ਫਿਰ 12,000 ਤੇ ਅਖ਼ੀਰ 15,000 ਰੁਪਏ।'' ਅਨੀਪ ਤੇ ਗਾਲਸਿੰਗ ਦਹੇਜ ਗ੍ਰਾਮ ਪੰਚਾਇਤ ਵਾਸਤੇ ਸਾਲਾਂ-ਬੱਧੀ ਮਹੀਨੇਵਾਰ ਭੁਗਤਾਨ 'ਤੇ ਕੰਮ ਕਰਦੇ ਰਹੇ ਸਨ। ਪੰਚਾਇਤ ਵੱਲੋਂ ਉਨ੍ਹਾਂ ਨੂੰ ਰਹਿਣ ਵਾਸਤੇ ਇੱਕ ਕਮਰਾ ਵੀ ਦਿੱਤਾ ਗਿਆ ਸੀ।
ਨੌਕਰੀ 'ਤੇ ਰੱਖੇ ਜਾਣ ਤੋਂ ਪਹਿਲਾਂ ਕੀ ਉਨ੍ਹਾਂ ਕੋਲ਼ੋਂ ਕਿਸੇ ਲਿਖਤੀ ਇਕਰਾਰਨਾਮੇ 'ਤੇ ਹਸਤਾਖ਼ਰ ਕਰਵਾਏ ਸਨ?
ਉਨ੍ਹਾਂ ਦੇ ਰਿਸ਼ਤੇਦਾਰ ਦੁਚਿੱਤੀ ਵਿੱਚ ਸਨ। ਉਨ੍ਹਾਂ ਵੀ ਕੋਈ ਵੀ ਨਹੀਂ ਜਾਣਦਾ ਸੀ ਕਿ ਮਰਨ ਵਾਲ਼ੇ ਕਾਮਿਆਂ ਨੂੰ ਨਗਰਨਿਗਮ ਦੇ ਅਦਾਰਿਆਂ ਵੱਲੋਂ ਰੱਖੇ ਗਏ ਨਿੱਜੀ ਠੇਕੇਦਾਰਾਂ ਵੱਲੋਂ ਕੰਮ ਦਿੱਤਾ ਗਿਆ ਸੀ ਜਾਂ ਨਹੀਂ। ਨਾ ਹੀ ਕੋਈ ਇਹ ਹੀ ਜਾਣਦਾ ਹੈ ਕਿ ਉਹ ਪੰਚਾਇਤ ਵੱਲੋਂ ਠੇਕੇ 'ਤੇ ਰੱਖੇ ਗਏ ਸਨ ਜਾਂ ਫਿਰ ਪੱਕੇ ਹੀ ਸਨ।
''ਕਾਗ਼ਜ਼ ਜਾਂ ਲੈਟਰਹੈੱਡ 'ਤੇ ਕੋਈ ਨਾ ਕੋਈ ਲਿਖਤੀ ਸਬੂਤ ਤਾਂ ਜ਼ਰੂਰ ਰਿਹਾ ਹੋਵੇਗਾ ਪਰ ਉਹ ਜ਼ਰੂਰ ਹੀ ਅਨੀਪ ਦੀ ਜੇਬ੍ਹ ਵਿੱਚ ਹੋਵੇਗਾ,'' ਅਨੀਪ ਦੇ ਪਿਤਾ, ਝਾਲੂ ਭਾਈ ਕਹਿੰਦੇ ਹਨ। ਦੋ ਜੀਵਤ ਬਚੇ ਕਾਮਿਆਂ-ਭਾਵੇਸ਼ ਤੇ ਜਿਗਨੇਸ਼ ਦਾ ਕੀ, ਜਿਨ੍ਹਾਂ ਦੀ ਨੌਕਰੀ ਮੁਕਾਬਲਤਨ ਥੋੜ੍ਹੀ ਨਵੀਂ ਹੈ? ''ਹਸਤਾਖ਼ਰ ਕੀਤਾ ਕਿਤੇ ਕੋਈ ਲਿਖਤੀ ਸਬੂਤ ਨਹੀਂ ਸੀ। ਸਾਨੂੰ ਕੰਮ 'ਤੇ ਬੁਲਾਇਆ ਜਾਂਦਾ ਤੇ ਅਸੀਂ ਚਲੇ ਜਾਂਦੇ,'' ਭਾਵੇਸ਼ ਕਹਿੰਦੇ ਹਨ।
ਭਾਵੇਸ਼ ਨੂੰ ਉੱਥੇ ਕੰਮ ਕਰਦਿਆਂ ਦਸ ਦਿਨ ਹੋ ਗਏ ਸਨ, ਉਦੋਂ ਹੀ ਦੁਖਾਂਤ ਵਾਪਰਿਆ। ਉਸ ਦਿਨ ਜਿਗਨੇਸ਼ ਤੇ ਪਰੇਸ਼ ਨੂੰ ਕੰਮ ਕਰਨ ਸੱਦਿਆ ਗਿਆ। ਇਹ ਉਨ੍ਹਾਂ ਦੇ ਕੰਮ ਦਾ ਪਹਿਲਾ ਦਿਨ ਸੀ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਕੰਮ ਦੇ ਖ਼ਾਸੇ ਬਾਰੇ ਬਿਲਕੁਲ ਵੀ ਕੋਈ ਅੰਦਾਜ਼ਾ ਹੀ ਨਹੀਂ ਸੀ।
ਪਰੇਸ਼ ਦੀ ਮਾਂ, 51 ਸਾਲਾ ਸਪਨਾ ਬੇਨ ਫੁੱਟ-ਫੁੱਟ ਰੋਂਦਿਆਂ ਕਹਿੰਦੀ ਹਨ: ''ਪਰੇਸ਼ ਇਹ ਕਹਿੰਦਿਆਂ ਘਰੋਂ ਨਿਕਲ਼ਿਆ ਕਿ ਪੰਚਾਇਤ ਵਿੱਚ ਕੋਈ ਕੰਮ ਹੈ ਤੇ ਉਨ੍ਹਾਂ ਨੇ ਉਹਨੂੰ ਕਿਸੇ ਕੰਮ ਲਈ ਉੱਥੇ (ਦਹੇਜ ਵਿਖੇ) ਬੁਲਾਇਆ ਹੈ। ਉਹਦਾ ਭਰਾ (ਭਾਵੇਸ਼) ਪਹਿਲਾਂ ਹੀ 10 ਦਿਨਾਂ ਤੋਂ ਉੱਥੇ ਸੀ। ਗਾਲਸਿੰਗ ਭਾਈ ਦੇ ਉਹਨੂੰ ਫ਼ੋਨ ਕੀਤਾ ਸੀ। ਤੁਹਾਨੂੰ 500 ਰੁਪਏ ਦਿਹਾੜੀ ਮਿਲ਼ਗੀ, ਇਹੀ ਗੱਲ ਭਾਵੇਸ਼ ਤੇ ਪਰੇਸ਼ ਨੇ ਦੱਸੀ ਸੀ। ਉਨ੍ਹਾਂ ਨੇ ਵਿੱਚੋਂ ਕਿਸੇ ਨੂੰ ਸਾਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਸੀਵਰ ਸਾਫ਼ ਕਰਨੇ ਸਨ। ਸਾਨੂੰ ਕਿਵੇਂ ਪਤਾ ਲੱਗਦਾ ਕਿ ਕੰਮ ਕਿੰਨੇ ਦਿਨਾਂ ਦਾ ਸੀ? ਸਾਨੂੰ ਕਿਵੇਂ ਪਤਾ ਲੱਗਦਾ ਉਨ੍ਹਾਂ ਉੱਥੇ ਕਿਹੜਾ ਕੰਮ ਕਰਨਾ ਸੀ?'' ਉਹ ਭਰੇ ਗੱਚ ਨਾਲ਼ ਪੁੱਛਦੀ ਹਨ।
ਓਧਰ ਗਾਲਸਿੰਗ ਮੁਨਿਆ ਦੇ ਘਰ, 26 ਸਾਲਾ ਕਨੀਤਾ ਬੇਨ ਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਪਤੀ ਕੀ ਕੰਮ ਕਰਦੇ ਹਨ। ''ਮੈਂ ਘਰੋਂ ਬਾਹਰ ਨਹੀਂ ਨਾ ਨਿਕਲ਼ਦੀ,'' ਉਹ ਕਹਿੰਦੀ ਹਨ,''ਉਹ ਕਿਹਾ ਕਰਦੇ,'ਮੈਂ ਪੰਚਾਇਤ ਵਿਖੇ ਕੰਮ ਕਰਨ ਜਾ ਰਿਹਾ ਹਾਂ' ਤੇ ਚਲੇ ਜਾਂਦੇ। ਉਹ ਕਦੇ ਵੀ ਮੈਨੂੰ ਆਪਣੇ ਕੰਮ ਬਾਰੇ ਨਾ ਦੱਸਦੇ। ਸੱਤ ਸਾਲਾਂ ਤੋਂ ਉਹ ਇਹੀ ਕੰਮ ਕਰਦੇ ਆਏ ਸਨ। ਉਹ ਆਪਣੇ ਕੰਮ ਬਾਰੇ ਕਦੇ ਵੀ ਮੇਰੇ ਨਾਲ਼ ਕੋਈ ਗੱਲ ਨਾ ਕਰਦੇ, ਕੰਮ 'ਤੇ ਵਾਪਸ ਘਰੇ ਆ ਕੇ ਵੀ ਸ਼ਾਂਤ ਬਣੇ ਰਹਿੰਦੇ,'' ਉਹ ਕਹਿੰਦੀ ਹਨ।
ਪੰਚਾਇਤ ਬਾਰੇ ਜਾਣਨ ਤੋਂ ਇਲਾਵਾ, ਇਨ੍ਹਾਂ ਪੰਜਾਂ ਪਰਿਵਾਰਾਂ ਦਾ ਕੋਈ ਵੀ ਮੈਂਬਰ ਇਹ ਨਹੀਂ ਜਾਣਦਾ ਸੀ ਕਿ ਉਨ੍ਹਾਂ ਦੇ ਬੇਟੇ, ਪਤੀ, ਭਰਾ ਜਾਂ ਭਤੀਜੇ ਕੰਮ ਕੀ ਕਰਦੇ ਸਨ। ਝਾਲੂ ਭਾਈ ਨੂੰ ਅਨੀਪ ਦੀ ਮੌਤ ਤੋਂ ਬਾਅਦ ਹੀ ਇਹ ਪਤਾ ਚੱਲਿਆ ਕਿ ਉਨ੍ਹਾਂ ਦਾ ਬੇਟਾ ਕੰਮ ਕੀ ਕਰਦਾ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਪੈਸੇ ਦੀ ਸਖ਼ਤ ਲੋੜ ਕਾਰਨ ਉਹ ਇਹ ਕੰਮ ਕਰਨ ਲੱਗੇ ਹੋਣਗੇ। ਝਾਲੂ ਭਾਈ ਕਹਿੰਦੇ ਹਨ,''ਪੰਸਾਯਤਨੂ ਕੋਮ ਏਤਲੇ ਭੂੰਡ ਉਠਾਵਨੁ ਕੇਹ ਤੋ ਭੂੜ ਉਠਾਊਂ ਪੜ। (ਪੰਚਾਇਤ ਹੇਠ ਕੰਮ ਕਰਨ ਦਾ ਮਤਲਬ ਕਿ ਜੇ ਉਹ ਸਾਨੂੰ ਕਹਿਣਗੇ ਤਾਂ ਸਾਨੂੰ ਸੂਰ ਦੀ ਲਾਸ਼ ਵੀ ਚੁੱਕਣੀ ਪਵੇਗੀ। ਨਹੀਂ ਤਾਂ ਉਹ ਸਾਨੂੰ ਕੰਮ ਤੋਂ ਕੱਢ ਦੇਣਗੇ। ਉਹ ਸਾਨੂੰ ਘਰ ਭੇਜ ਦੇਣਗੇ...''
ਜੋ ਲੋਕ ਮਾਰੇ ਗਏ ਜੋ ਇਸ ਕੰਮ ਵਿੱਚ ਨਵੇਂ ਆਏ ਸਨ, ਕੀ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨਾਲ਼ ਕੀ ਹੋਣ ਵਾਲ਼ਾ ਹੈ? ਭਾਵੇਸ਼ ਤੇ ਜਿਗਨੇਸ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਸੀ। ਭਾਵੇਸ਼ ਦੱਸਦੇ ਹਨ,''ਗਾਲਸਿੰਗ ਭਾਈ ਨੇ ਮੈਨੂੰ ਦੱਸਿਆ ਕਿ ਉਹ ਤੈਨੂੰ ਦਿਹਾੜੀ ਦੇ 500 ਰੁਪਏ ਦੇਣਗੇ। ਉਨ੍ਹਾਂ ਕਿਹਾ ਕਿ ਗਟਰ ਸਫ਼ਾਈ ਦਾ ਕੰਮ ਹੋਵੇਗਾ।'' ਜਿਗਨੇਸ਼ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਹਿੰਦੇ ਹਨ,''ਅਨੀਪ ਨੇ ਮੈਨੂੰ ਸੱਦਿਆ ਸੀ। ਮੈਂ ਗਿਆ ਤੇ ਉਨ੍ਹਾਂ ਨੂੰ ਸਵੇਰੇ ਹੀ ਕੰਮ 'ਤੇ ਲਵਾ ਦਿੱਤਾ।''
ਜਿਗਨੇਸ਼ ਨੂੰ ਛੱਡ ਕੇ ਬਾਕੀ ਕੋਈ ਵੀ ਮਿਡਲ ਸਕੂਲ ਦੀ ਪੜ੍ਹਾਈ ਤੋਂ ਅੱਗੇ ਨਹੀਂ ਪੜ੍ਹ ਸਕਿਆ ਸੀ। ਜਿਗਨੇਸ਼ ਇੱਕ ਬਾਹਰੀ ਵਿਦਿਆਰਥੀ ਦੇ ਰੂਪ ਵਿੱਚ ਗੁਜਰਾਤੀ ਪ੍ਰੋਗਰਾਮ ਵਿੱਚ ਬੀਏ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਵਿੱਚੋਂ ਸਾਰੇ ਇਸ ਹਕੀਕਤ ਦਾ ਸਾਹਮਣਾ ਕਰ ਚੁੱਕੇ ਸਨ ਕਿ ਉਨ੍ਹਾਂ ਵਾਸਤੇ ਗ਼ਰੀਬੀ 'ਚੋਂ ਬਾਹਰ ਨਿਕਲ਼ਣ ਦਾ ਇੱਕੋ-ਇੱਕ ਰਾਹ ਗਟਰ ਥਾਣੀਂ ਹੋ ਕੇ ਜਾਂਦਾ ਹੈ। ਉਨ੍ਹਾਂ ਨੇ ਘਰੇ ਲੋਕਾਂ ਦਾ ਢਿੱਡ ਭਰਨਾ ਸੀ ਤੇ ਬੱਚਿਆਂ ਨੂੰ ਪੜ੍ਹਾਉਣਾ ਸੀ।
*****
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨਸੀਐੱਸਕੇ) ਦੀ 2022-23 ਦੀ ਸਲਾਨਾ ਰਿਪੋਰਟ ਮੁਤਾਬਕ, 1993 ਤੋਂ 2022 ਦਰਮਿਆਨ ਗੁਜਰਾਤ ਵਿਖੇ ਸੀਵਰਾਂ ਦੀ ਸਫ਼ਾਈ ਕਰਦਿਆਂ 153 ਲੋਕ ਮਾਰੇ ਗਏ। ਤਮਿਲਨਾਡੂ ਵਿਖੇ ਇਸੇ ਵਕਫ਼ੇ ਦੌਰਾਨ ਮਾਰੇ ਗਏ 220 ਲੋਕਾਂ ਦੇ ਅੰਕੜਿਆਂ ਤੋਂ ਬਾਅਦ ਗੁਜਰਾਤ ਦੂਜੇ ਨੰਬਰ 'ਤੇ ਹੈ।
ਹਾਲਾਂਕਿ, ਮੌਤਾਂ ਦੀ ਅਸਲੀ ਸੰਖਿਆ ਜਾਂ ਇੱਥੋਂ ਤੱਕ ਕਿ ਸੈਪਟਿਕ ਟੈਂਕ ਤੇ ਸੀਵਰਾਂ ਦੀ ਸਫ਼ਾਈ ਵਿੱਚ ਲੱਗੇ ਲੋਕਾਂ ਦੀ ਸੰਖਿਆ ਦੇ ਬਾਰੇ ਵਿੱਚ ਕੋਈ ਪ੍ਰਮਾਣਿਕ ਅੰਕੜੇ ਇਕੱਠੇ ਕਰਨਾ ਹਾਲੇ ਤੱਕ ਔਖ਼ਾ ਕੰਮ ਹੈ। ਹਾਲਾਂਕਿ, ਗੁਜਰਾਤ ਦੇ ਸਮਾਜਿਕ ਨਿਆ ਤੇ ਅਧਿਕਾਰਤਾ ਮੰਤਰੀ ਨੇ ਰਾਜ ਵਿਧਾਨਮੰਡਲ ਨੂੰ ਸੂਚਨਾ ਦਿੰਦਿਆਂ ਦੱਸਿਆ ਕਿ 2021 ਤੇ 2023 ਦਰਮਿਆਨ ਕੁੱਲ 11 ਸਫ਼ਾਈ ਕਰਮੀਆਂ ਦੀ ਮੌਤ ਹੋਈ ਜਿਨ੍ਹਾਂ ਵਿੱਚੋਂ ਸੱਤ ਜਣੇ ਜਨਵਰੀ 2021 ਤੇ ਜਨਵਰੀ 2022 ਵਿਚਾਲੇ ਮਾਰੇ ਗਏ ਤੇ ਬਾਕੀ ਚਾਰ ਲੋਕਾਂ ਦੀ ਮੌਤ ਜਨਵਰੀ 2022 ਤੇ ਜਨਵਰੀ 2023 ਦਰਮਿਆਨ ਹੋਈ ਸੀ।
ਜੇ ਅਸੀਂ ਪਿਛਲੇ ਦੋ ਮਹੀਨਿਆਂ ਵਿੱਚ ਰਾਜ ਦੇ ਅੱਠ ਸਫ਼ਾਈ ਕਰਮੀਆਂ ਦੀ ਮੌਤ ਦੇ ਅੰਕੜੇ ਵੀ ਜੋੜ ਲਈਏ ਤਾਂ ਕੁੱਲ ਗਿਣਤੀ ਵੱਧ ਜਾਵੇਗੀ। ਜਿੱਥੇ ਮਾਰਚ ਵਿੱਚ ਰਾਜਕੋਟ ਵਿੱਚ ਦੋ ਲੋਕਾਂ ਦੀ ਮੌਤ ਹੋਈ, ਅਪ੍ਰੈਲ ਵਿੱਚ ਦਹੇਜ ਵਿਖੇ ਤਿੰਨ ਲੋਕ ਮਾਰੇ ਗਏ (ਜਿਵੇਂ ਕਿ ਇਸ ਲੇਖ ਵਿੱਚ ਦਰਜ ਕੀਤਾ ਗਿਆ ਹੈ) ਤੇ ਉਸੇ ਮਹੀਨੇ ਢੋਲਕਾ ਵਿਖੇ ਦੋ ਅਤੇ ਥਰਾਦ ਵਿਖੇ ਇੱਕ ਮੌਤ ਹੋਈ।
ਕੀ ਉਨ੍ਹਾਂ ਕੋਲ਼ ਸੁਰੱਖਿਆ ਉਪਕਰਣ ਸਨ?
ਅਨੀਪ ਦੀ 21 ਸਾਲਾ ਪਤਨੀ ਰਮੀਲਾ ਬੇਨ ਵੱਲੋਂ ਭਰੁੱਚ ਪੁਲਿਸ ਸਟੇਸ਼ਨ ਵਿਖੇ ਦਰਜ ਕਰਾਈ ਐੱਫ਼ਆਈਆਰ ਇਸ ਸਵਾਲ ਦਾ ਜਵਾਬ ਦਿੰਦੀ ਹੈ: ''ਸਰਪੰਚ ਜੈਦੀਪ ਸਿੰਗ ਰਾਣਾ ਤੇ ਉਸ ਸਰਪੰਚ ਦੇ ਪਤੀ ਮਹੇਸ਼ ਭਾਈ ਗੋਹਿਲ ਜਾਣਦੇ ਸਨ ਕਿ ਜੇ ਮੇਰੇ ਪਤੀ ਅਤੇ ਉਨ੍ਹਾਂ ਦੇ ਨਾਲ਼ ਦੇ ਬਾਕੀ ਲੋਕ... ਬਗ਼ੈਰ ਕਿਸੇ ਸੁਰੱਖਿਆ ਉਪਕਰਣ ਦੇ 20 ਫੁੱਟ ਡੂੰਘੇ ਹਵਾੜ ਛੱਡਦੇ ਸੀਵਰ ਵਿੱਚ ਵੜ੍ਹੇ, ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਹੈ ਤੇ ਫਿਰ ਵੀ ਉਨ੍ਹਾਂ ਨੂੰ ਕੋਈ ਸੁਰੱਖਿਆ ਉਪਕਰਣ ਉਪਲਬਧ ਨਹੀਂ ਕਰਾਇਆ ਗਿਆ।'' (ਉਪ ਸਰਪੰਚ ਇੱਕ ਔਰਤ ਹੈ ਤੇ ਜਿਵੇਂ ਕਿ ਰੂੜੀਵਾਦੀ ਸਮਾਜਾਂ ਵਿੱਚ ਅਕਸਰ ਹੁੰਦਾ ਹੈ, ਉਨ੍ਹਾਂ ਦੇ ਪਤੀ ਆਪਣੀ ਪਤਨੀ ਦੇ ਅਹੁੱਦੇ ਦੀ ਤਾਕਤ ਦਾ ਇਸਤੇਮਾਲ ਕਰ ਰਹੇ ਸਨ)।
ਹੱਥੀਂ ਮੈਲ਼ਾ ਢੋਹਣ ਵਾਲ਼ਿਆਂ ਦੇ ਕੰਮ ਦੀ ਮਨਾਹੀ ਤੇ ਉਨ੍ਹਾਂ ਦਾ ਮੁੜ-ਵਸੇਬਾ ਐਕਟ, 2013 ਤਹਿਤ ਹੱਥੀਂ ਮੈਲ਼ਾ ਢੋਹਣ ਵਾਲ਼ਿਆਂ ਦੇ ਰੁਜ਼ਗਾਰ ਖ਼ੁਸ਼ਕ ਪਖ਼ਾਨਿਆਂ ਦਾ ਨਿਰਮਾਣ (ਪਾਬੰਦੀ) ਐਕਟ, 1993 ਦਾ ਵਿਸਤਾਰ ਕਰਦਿਆਂ ਹੋਇਆਂ ਮਨੁੱਖ ਵੱਲੋਂ ਸੀਵਰ ਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਨੂੰ ਪੂਰੀ ਤਰ੍ਹਾਂ ਪ੍ਰਤੀਬੰਧਤ ਤੇ ਮਨੁੱਖੀ ਸ਼ਾਨ ਵਿਰੁੱਧ ਐਲਾਨਿਆ ਗਿਆ। ਹਾਲਾਂਕਿ, ਇਹ ਸਾਰਾ ਕੁਝ ਸਿਰਫ਼ ਕਾਗ਼ਜ਼ਾਂ ਵਿੱਚ ਹੀ ਦਰਜ ਹੈ। ਉਹੀ ਕਨੂੰਨ ''ਖ਼ਤਰੇ ਭਰੇ ਸਫ਼ਾਈ ਕੰਮਾਂ'' ਵਿੱਚ ਲੱਗੇ ਹੋਏ ਲੋਕਾਂ ਤੇ ਸੁਰੱਖਿਆ ਉਪਕਰਣ ਦੇ ਉਨ੍ਹਾਂ ਦੇ ਅਧਿਕਾਰਾਂ ਨੂੰ ਰੇਖਾਂਕਿਤ ਵੀ ਕਰਦਾ ਹੈ। ਕਨੂੰਨ ਮੁਤਾਬਕ, ਜੇ ਮਾਲਕ, ਕਰਮਚਾਰੀ ਦੀ ਸੁਰੱਖਿਆ ਵਾਸਤੇ ਜ਼ਰੂਰੀ ਸੁਰੱਖਿਆ ਤੇ ਹੋਰ ਸਫ਼ਾਈ ਉਪਕਰਣ ਉਪਲਬਧ ਕਰਾਉਣ ਦੀ ਆਪਣੀ ਜ਼ਿੰਮੇਦਾਰੀ ਦਾ ਉਲੰਘਣ ਕਰਦਾ ਹੈ ਤਾਂ ਇਹ ਇਕ ਗ਼ੈਰ-ਜ਼ਮਾਨਤੀ ਅਪਰਾਧ ਹੈ।
ਰਮੀਲਾ ਬੇਨ ਦੀ ਐੱਫ਼ਆਈਆਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦਹੇਜ ਗ੍ਰਾਮ ਪੰਚਾਇਤ ਦੇ ਸਰਪੰਚ ਤੇ ਉਪ ਸਰਪੰਚ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ, ਨਾਲ਼਼ ਹੀ ਦੋਵਾਂ ਨੇ ਜ਼ਮਾਨਤ ਦੀ ਅਰਜ਼ੀ ਵੀ ਲਾ ਦਿੱਤੀ। ਉਨ੍ਹਾਂ ਦੀ ਜ਼ਮਾਨਤ ਦਾ ਕੀ ਬਣਿਆ, ਇਸ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।
*****
''ਆਗਲ ਪਾਛਲ ਕੋਈ ਨਥ। ਆ ਪੰਚ ਸੋਕਰਾ ਸ। ਕਈ ਨਥ ਪਾਲ ਪੋਸ ਕਰਵਾ ਮਾਰੇ।'' (ਮੇਰਾ ਆਪਣਾ ਕੋਈ ਨਹੀਂ ਰਿਹਾ। ਇਹ ਪੰਜ ਬੱਚੇ ਹਨ। ਬੱਚਿਆਂ ਦੀ ਪੜ੍ਹਾਈ ਤੇ ਸਾਡੇ ਖਾਣ-ਪੀਣ ਦਾ ਧਿਆਨ ਰੱਖਦੇ ਸਨ। ਹੁਣ ਇੰਝ ਕਰਨ ਵਾਲ਼ਾ ਕੋਈ ਨਹੀਂ ਰਿਹਾ)। ਇਹ ਕਹਿੰਦਿਆਂ ਦੀ ਗਾਲਸਿੰਗ ਦੀ ਪਤਨੀ ਕਨੀਤਾ ਬੇਨ ਦਾ ਗੱਚ ਭਰ ਆਇਆ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੀਆਂ ਪੰਜ ਧੀਆਂ ਦੇ ਨਾਲ਼ ਆਪਣੇ ਸਹੁਰੇ ਘਰ ਹੀ ਰਹਿੰਦੀ ਹਨ; ਸਭ ਤੋਂ ਵੱਡੀ ਧੀ ਕਿਨਲ 9 ਸਾਲ ਦੀ ਸਭ ਤੋਂ ਛੋਟੀ ਮੁਸ਼ਕਲ ਅਜੇ ਇੱਕ ਸਾਲ ਦੀ ਹੈ। ਗਾਲਸਿੰਗ ਦੀ 54 ਸਾਲਾ ਮਾਂ, ਬਦੂੜੀ ਬੇਨ ਕਹਿੰਦੀ ਹਨ,''ਮੇਰੇ ਚਾਰ ਬੇਟੇ ਹਨ। ਦੋ ਸੂਰਤ ਵਿੱਚ ਹਨ। ਉਹ ਕਦੇ ਸਾਨੂੰ ਮਿਲ਼ਣ ਨਹੀਂ ਆਉਂਦੇ। ਵੱਡਾ ਬੇਟਾ ਸਾਰਿਆਂ ਤੋਂ ਅੱਡ ਰਹਿੰਦਾ ਹੈ। ਉਹ ਸਾਡਾ ਢਿੱਡ ਭਰਨਗੇ? ਅਸੀਂ ਆਪਣੇ ਸਭ ਤੋਂ ਛੋਟੇ ਬੇਟੇ ਗਾਲਸਿੰਗ ਨਾਲ਼ ਰਹਿੰਦੇ ਸਾਂ। ਹੁਣ ਉਹ ਵੀ ਚਲਾ ਗਿਆ ਹੈ। ਹੁਣ ਸਾਡਾ ਕੌਣ ਹੈ?''
21 ਸਾਲ ਦੀ ਉਮਰੇ ਵਿਧਵਾ ਹੋਣ ਵਾਲ਼ੀ ਰਮੀਲਾ ਬੇਨ, ਕੁੱਖ ਅੰਦਰ ਪਲ਼ ਰਹੇ ਛੇ ਮਹੀਨਿਆਂ ਦੇ ਬੱਚੇ ਨੂੰ ਲੈ ਕੇ ਪਰੇਸ਼ਾਨ ਤੇ ਦੁਖੀ ਹਨ। ''ਹੁਣ ਮੈਂ ਕਿਵੇਂ ਰਹੂੰਗੀ? ਕੌਣ ਸਾਡੇ ਖਾਣ-ਪੀਣ ਦਾ ਖ਼ਿਆਲ ਰੱਖੇਗਾ? ਪਰਿਵਾਰ ਵਿੱਚ ਕੁਝ ਲੋਕ ਹਨ, ਪਰ ਅਸੀਂ ਉਨ੍ਹਾਂ ਸਹਾਰੇ ਕਦੋਂ ਤੱਕ ਰਹਾਂਗੇ?'' ਉਹ ਆਪਣੇ ਪਤੀ ਦੇ ਪੰਜ ਭਰਾਵਾਂ, ਆਪਣੀ ਨਨਾਣ ਤੇ ਅਨੀਪ ਦੇ ਮਾਪਿਆਂ ਬਾਰੇ ਕਹਿ ਰਹੇ ਹਨ।
''ਹੁਣ ਮੈਂ ਇਸ ਬੱਚੇ ਦਾ ਕੀ ਕਰਾਂ? ਸਾਡਾ ਧਿਆ ਕੌਣ ਰੱਖੇਗਾ? ਮੈਂ ਇਕੱਲੀ ਔਰਤ ਕਿੱਧਰ ਨੂੰ ਜਾਵਾਂ?'' ਉਹ ਰਾਜਸਥਾਨ ਤੋਂ ਹਨ, ਪਰ ਉੱਥੇ ਵਾਪਸ ਨਹੀਂ ਜਾ ਸਕਦੀ। ''ਮੇਰੇ ਪਿਤਾ ਬੁੱਢੇ ਹੋ ਗਏ ਹਨ ਤੇ ਕੰਮ ਨਹੀਂ ਕਰ ਸਕਦੇ। ਉਹ ਖੇਤੀ ਵੀ ਨਹੀਂ ਕਰ ਸਕਦੇ। ਉਨ੍ਹਾਂ ਕੋਲ਼ ਨਾ-ਮਾਤਰ ਜ਼ਮੀਨ ਹੈ ਤੇ ਮੇਰਾ ਪਰਿਵਾਰ ਕਾਫ਼ੀ ਵੱਡਾ ਹੈ। ਮੇਰੇ ਚਾਰ ਭਾਈ ਤੇ ਛੇ ਭੈਣਾਂ ਹਨ। ਮੈਂ ਆਪਣੇ ਮਾਪਿਆਂ ਕੋਲ਼ ਵਾਪਸ ਕਿਵੇਂ ਚਲੀ ਜਾਵਾਂ?'' ਇੰਨਾਂ ਕਹਿੰਦਿਆਂ ਉਹ ਆਪਣੇ ਢਿੱਡ ਵੱਲ ਦੇਖਦੀ ਜਾ ਰਹੀ ਸਨ। ਗਰਭਅਵਸਥਾ ਦਾ ਛੇਵਾਂ ਮਹੀਨਾ ਚੱਲ ਰਿਹਾ ਹੈ।
ਅਨੀਪ ਦੀ 10 ਸਾਲਾ ਭੈਣ ਜਾਗ੍ਰਿਤੀ ਸਾਨੂੰ ਇਹ ਦੱਸਦਿਆਂ ਰੋਣ ਲੱਗੀ,''ਅਨੀਪ ਮੇਰੇ ਲਈ ਕਿਤਾਬਾਂ ਲੈ ਕੇ ਆਇਆ ਕਰਦਾ।''
ਭਾਵੇਸ਼ ਤੇ ਪਰੇਸ਼ ਜਦੋਂ ਛੋਟੇ ਹੁੰਦੇ ਸਨ ਤਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਤਿੰਨ ਹੋਰ ਭਰਾਵਾਂ, ਦੋ ਭਾਬੀਆਂ, ਇੱਕ ਮਾਂ ਤੇ ਇੱਕ ਛੋਟੀ ਭੈਣ ਨੂੰ ਮਿਲ਼ਾ ਕੇ ਉਨ੍ਹਾਂ ਦਾ ਪਰਿਵਾਰ ਬਣਦਾ ਹੈ। ਉਨ੍ਹਾਂ ਦੀ 16 ਸਾਲਾ ਭੈਣ ਭਾਵਨਾ ਕਹਿੰਦੀ ਹੈ,''ਪਰੇਸ਼ ਤੇ ਮੇਰਾ ਬੜਾ ਪਿਆਰ ਸੀ। ਮੇਰਾ ਭਰਾ ਮੈਨੂੰ ਕਿਹਾ ਕਰਦਾ ਸੀ ਕਿ ਜੇਕਰ ਮੈਂ 12ਵੀਂ ਪਾਸ ਕਰ ਲਈ ਤਾਂ ਉਹ ਮੈਨੂੰ ਅੱਗੇ ਪੜ੍ਹਾਵੇਗਾ। ਉਹਨੇ ਇਹ ਵੀ ਕਿਹਾ ਸੀ ਕਿ ਉਹ ਮੈਨੂੰ ਇੱਕ ਫ਼ੋਨ ਖ਼ਰੀਦ ਦੇ ਦੇਵੇਗਾ।'' ਭਾਵਨਾ ਨੇ ਇਸੇ ਸਾਲ 12ਵੀਂ ਦੇ ਪੇਪਰ ਦਿੱਤੇ ਹਨ।
ਗਾਲਸਿੰਗ, ਪਰੇਸ਼ ਤੇ ਅਨੀਪ ਦੇ ਪਰਿਵਾਰਾਂ ਨੂੰ ਰਾਜ ਸਰਕਾਰ ਵੱਲੋਂ 10 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਪਰ ਇਹ ਵੱਡੇ ਪਰਿਵਾਰ ਹਨ, ਜਿਨ੍ਹਾਂ ਨੇ ਆਪਣੇ ਕਮਾਊ ਬੱਚਿਆਂ ਨੂੰ ਗੁਆ ਲਿਆ ਹੋਇਆ ਹੈ। ਬਾਕੀ, ਇਹ ਚੈੱਕ ਵੀ ਵਿਧਵਾਵਾਂ ਦੇ ਨਾਮ ਹੀ ਆਏ ਹਨ, ਪਰ ਉਹ ਪੈਸਿਆਂ ਬਾਰੇ ਕੁਝ ਨਹੀਂ ਜਾਣਦੀਆਂ ਸਨ। ਸਿਰਫ਼ ਪੁਰਸ਼ ਹੀ ਜਾਣਦੇ ਸਨ।
ਅਖ਼ੀਰ, ਆਦਿਵਾਸੀਆਂ ਦਾ ਇਹ ਭਾਈਚਾਰਾ ਇਸ ਕੰਮ ਨੂੰ ਕਰਨ ਲਈ ਕਿਵੇਂ ਮਜ਼ਬੂਰ ਹੋ ਗਿਆ? ਜਦੋਂਕਿ ਆਦਿਵਾਸੀ ਲੋਕ ਤਾਂ ਕੁਦਰਤੀ ਸ੍ਰੋਤਾਂ 'ਤੇ ਹੀ ਨਿਰਭਰ ਹੋ ਕੇ ਰਹਿੰਦੇ ਹਨ। ਕੀ ਉਨ੍ਹਾਂ ਕੋਲ਼ ਜ਼ਮੀਨ ਨਹੀਂ ਸੀ? ਰੁਜ਼ਗਾਰ ਦੇ ਦੂਸਰੇ ਮੌਕੇ ਨਹੀਂ ਸਨ?
ਅਨੀਪ ਦੇ ਮੋਟਾ ਬਾਪਾ (ਵੱਡੇ ਤਾਇਆ) ਕਹਿੰਦੇ ਹਨ,''ਸਾਡੇ ਪਰਿਵਾਰਾਂ ਵਿੱਚ, ਸਾਡੇ ਕੋਲ਼ ਜ਼ਮੀਨ ਦੇ ਛੋਟੇ-ਛੋਟੇ ਟੁਕੜੇ ਹਨ। ਮੇਰੇ ਪਰਿਵਾਰ ਕੋਲ਼ ਭਾਵੇਂ ਦੱਸ ਏਕੜ ਜ਼ਮੀਨ ਹੋਵੇ, ਪਰ ਫਿਰ ਉਸ ਜ਼ਮੀਨ 'ਤੇ ਨਿਰਭਰ ਰਹਿਣ ਵਾਲ਼ੇ ਲੋਕਾਂ ਦੀ ਗਿਣਤੀ 300 ਹੋਵੇਗੀ। ਅਜਿਹੇ ਹਾਲਾਤਾਂ ਵਿੱਚ ਤੁਹਾਡਾ ਗੁਜ਼ਾਰਾ ਕਿਵੇਂ ਚੱਲੇਗਾ? ਤੁਹਾਨੂੰ ਮਜ਼ਦੂਰੀ ਕਰਨ ਨੂੰ ਮਜ਼ਬੂਰ ਹੋਣਾ ਹੀ ਪਵੇਗਾ। ਸਾਡੀ ਜ਼ਮੀਨ ਸਾਡਾ ਢਿੱਡ ਤਾਂ ਭਰ ਸਕਦੀ ਹੈ ਪਰ ਵੇਚਣ ਵਾਸਤੇ ਸਾਡੇ ਕੋਲ਼ ਕੁਝ ਨਹੀਂ ਬੱਚਦਾ।''
ਕੀ ਅਜਿਹੇ ਕੰਮ ਕਾਰਨ ਉਨ੍ਹਾਂ ਨੂੰ ਸਮਾਜਿਕ ਪੱਖਪਾਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ?
ਇਹਦੇ ਜਵਾਬ ਵਿੱਚ ਪਰੇਸ਼ ਦੇ ਮੋਟਾ ਬਾਪਾ ਬਚੂਭਾਈ ਕਟਾਰਾ ਕਹਿੰਦੇ ਹਨ,''ਹਕੀਕਤ ਵਿੱਚ ਕਲੰਕ ਜਿਹੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਪਰ ਹੁਣ ਅਜਿਹਾ ਕੁਝ ਵਾਪਰ ਰਿਹਾ ਹੈ, ਤਾਂ ਸਾਨੂੰ ਲੱਗਣ ਲੱਗਾ ਹੈ ਜਿਵੇਂ ਇਹ ਮਲੀਨ ਕੰਮ ਕਰਨਾ ਨਹੀਂ ਚਾਹੀਦਾ।''
''ਪਰ ਇੰਨਾ ਸੋਚ ਕੇ ਗੁਜ਼ਾਰਾ ਕਿਵੇਂ ਚੱਲੇਗਾ...?''
ਇਹ ਸਟੋਰੀ ਮੂਲ਼ ਰੂਪ ਵਿੱਚ ਗੁਜਰਾਤੀ ਵਿੱਚ ਲਿਖੀ ਗਈ ਸੀ ਤੇ ਪ੍ਰਤਿਸ਼ਠਾ ਪਾਂਡਿਆ ਵੱਲੋਂ ਇਹਦਾ ਅੰਗਰੇਜ਼ੀ ਅਨੁਵਾਦ ਕੀਤਾ ਗਿਆ ਹੈ।
ਤਰਜਮਾ: ਕਮਲਜੀਤ ਕੌਰ