ਚਾਂਦੀ ਰੰਗੇ ਤੇ ਲਿਸ਼ਕਣੇ ਦਿਨ, 39 ਸਾਲਾ ਸੁਨੀਤਾ ਰਾਣੀ ਕਰੀਬ 30 ਔਰਤਾਂ ਦੇ ਇੱਕ ਸਮੂਹ ਨਾਲ਼ ਗੱਲ ਕਰ ਰਹੀ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਵਾਸਤੇ ਵੱਡੀ ਗਿਣਤੀ ਵਿੱਚ ਘਰੋਂ ਬਾਹਰ ਨਿਕਲ਼ ਕੇ, ਅਣਮਿੱਥੀ ਹੜਤਾਲ਼ 'ਤੇ ਬੈਠਣ ਲਈ ਪ੍ਰੇਰਿਤ ਕਰ ਰਹੀ ਹਨ। '' ਕਾਮ ਪੱਕਾ, ਨੌਕਰੀ ਕੱਚੀ, '' ਸੁਨੀਤਾ ਨਾਅਰਾ ਮਾਰਦੀ ਹਨ। '' ਨਹੀਂ ਚਲੇਗੀ, ਨਹੀਂ ਚਲੇਗੀ ! '' ਬਾਕੀ ਔਰਤਾਂ ਇੱਕੋ ਸੁਰ ਵਿੱਚ ਜਵਾਬ ਦਿੰਦੀਆਂ ਹਨ।
ਸੋਨੀਪਤ ਸ਼ਹਿਰ ਵਿੱਚ, ਦਿੱਲੀ-ਹਰਿਆਣਾ ਹਾਈਵੇਅ ਨਾਲ਼ ਲੱਗੇ ਸਿਵਲ ਹਸਪਤਾਲ ਦੇ ਬਾਹਰ ਘਾਹ ਦੇ ਇੱਕ ਮੈਦਾਨ ਵਿੱਚ, ਲਾਲ ਕੱਪੜੇ ਪਾਈ (ਹਰਿਆਣਾ ਅੰਦਰ ਇਹੀ ਉਨ੍ਹਾਂ ਦੀ ਵਰਦੀ ਹੈ) ਇਹ ਔਰਤਾਂ ਇੱਕ ਧੁਰੀ 'ਤੇ ਬੈਠੀਆਂ ਹਨ ਅਤੇ ਸੁਨੀਤਾ ਦਾ ਭਾਸ਼ਣ ਸੁਣ ਰਹੀਆਂ ਹਨ, ਜੋ ਉਨ੍ਹਾਂ ਨੂੰ ਉਹ ਦਿੱਕਤਾਂ ਗਿਣਾ ਰਹੀ ਹਨ ਜਿਨ੍ਹਾਂ ਬਾਰੇ ਉਹ ਸਾਰੀਆਂ ਹੀ ਜਾਣਦੀਆਂ ਹਨ।
ਇਹ ਸਾਰੀਆਂ ਮਹਿਲਾ ਆਸ਼ਾ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ ਹਨ, ਜੋ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ (ਐੱਨਆਰਐੱਚਐੱਮ) ਦੀਆਂ ਪੈਦਲ ਸਿਪਾਹੀ ਹਨ ਅਤੇ ਭਾਰਤ ਦੀ ਗ੍ਰਾਮੀਣ ਅਬਾਦੀ ਨੂੰ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਨਾਲ਼ ਜੋੜਨ ਵਾਲ਼ੀਆਂ ਅਹਿਮ ਕੜੀਆਂ ਵੀ ਹਨ। ਪੂਰੇ ਦੇਸ਼ ਅੰਦਰ 10 ਲੱਖ ਤੋਂ ਵੱਧ ਆਸ਼ਾ ਵਰਕਰ ਹਨ ਅਤੇ ਉਹ ਅਕਸਰ ਕਿਸੇ ਨਵੀ ਸਿਹਤ ਸਬੰਧੀ ਲੋੜਾਂ ਅਤੇ ਸੰਕਟਕਾਲੀਨ ਹਾਲਤ ਵਿੱਚ ਹਾਜ਼ਰ ਹੋਣ ਵਾਲ਼ੀਆਂ ਪਹਿਲੀ ਸਿਹਤ ਸੇਵਾ ਕਰਮੀ ਹੁੰਦੀਆਂ ਹਨ।
ਉਨ੍ਹਾਂ ਦੇ ਹਿੱਸੇ ਵਿੱਚ 12 ਮੁੱਢਲੇ ਕਾਰਜ ਆਉਂਦੇ ਹਨ ਅਤੇ 60 ਤੋਂ ਵੱਧ ਹੋਰ ਛੋਟੇ-ਮੋਟੇ ਕੰਮ ਆਉਂਦੇ ਹਨ, ਜਿਸ ਵਿੱਚ ਪੋਸ਼ਣ, ਸਵੱਛਤਾ ਅਤੇ ਸੰਕਰਮਣ ਰੋਗਾਂ ਬਾਰੇ ਜਾਣਕਾਰੀ ਦੇਣ ਤੋਂ ਲੈ ਕੇ ਤਪੇਦਿਕ ਦੇ ਰੋਗੀਆਂ ਦੇ ਇਲਾਜ 'ਤੇ ਨਿਗਾਹ ਰੱਖਣਾ ਅਤੇ ਸਿਹਤ ਲਖਾਇਕਾਂ ਦਾ ਰਿਕਾਰਡ ਰੱਖਣਾ ਸ਼ਾਮਲ ਹੈ।
ਉਹ ਇਹ ਸਭ ਕੰਮ ਕਰਨ ਤੋਂ ਇਲਾਵਾ ਹੋਰ ਵੀ ਬੜਾ ਕੁਝ ਕਰਦੀਆਂ ਹਨ। ਪਰ, ਸੁਨੀਤਾ ਕਹਿੰਦੀ ਹਨ,''ਇਨ੍ਹਾਂ ਝੰਜਟਾਂ ਕਾਰਨ ਉਹੀ ਚੀਜ਼ ਪਿਛਾਂਹ ਰਹਿ ਜਾਂਦੀ ਹੈ ਜਿਹਦੀ ਸਾਨੂੰ ਟ੍ਰਨਿੰਗ ਦਿੱਤੀ ਜਾਂਦੀ ਹੈ, ਭਾਵ ਮਾਵਾਂ ਅਤੇ ਨਵਜਾਤ ਬੱਚਿਆਂ ਦੇ ਸਿਹਤ ਅੰਕੜਿਆਂ ਵਿੱਚ ਸੁਧਾਰ ਕਰਨਾ।'' ਸੁਨੀਤਾ ਸੋਨੀਪਤ ਜ਼ਿਲ੍ਹੇ ਦੇ ਨਾਥੂਪੁਰ ਜ਼ਿਲ੍ਹੇ ਵਿੱਚ ਕੰਮ ਕਰਦੀ ਹਨ ਅਤੇ ਪਿੰਡ ਦੀਆਂ ਉਨ੍ਹਾਂ ਤਿੰਨ ਆਸ਼ਾ ਵਰਕਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੇ ਸਿਰ 2,953 ਲੋਕਾਂ ਦਾ ਧਿਆਨ ਰੱਖਣ ਦੀ ਜ਼ਿੰਮੇਦਾਰੀ ਹੈ।
ਪ੍ਰਸਵ ਤੋਂ ਪਹਿਲਾਂ ਅਤੇ ਪ੍ਰਸਵ ਤੋਂ ਬਾਅਦ ਦੀ ਜੱਚਾ-ਬੱਚਾ ਦੇਖਭਾਲ਼ ਕਰਨ ਤੋਂ ਇਲਾਵਾ, ਆਸ਼ਾ ਵਰਕਰ ਕਮਿਊਨਿਟੀ ਸਿਹਤ ਕਰਮੀ ਵੀ ਹਨ, ਜੋ ਸਰਕਾਰ ਦੀਆਂ ਪਰਿਵਾਰ ਨਿਯੋਜਨ ਦੀਆਂ ਨੀਤੀਆਂ, ਗਰਭਨਿਰੋਧਕ ਅਤੇ ਗਰਭਧਾਰਨ ਦਰਮਿਆਨ ਰੱਖੇ ਜਾਣ ਵਾਲ਼ੇ ਅੰਤਰ ਸਬੰਧੀ ਜਾਗਰੂਕਤਾ ਵੀ ਫ਼ੈਲਾਉਂਦੀਆਂ ਹਨ। ਸਾਲ 2006 ਵਿੱਚ ਜਦੋਂ ਆਸ਼ਾ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ ਉਦੋਂ ਤੋਂ ਹੀ ਉਨ੍ਹਾਂ ਨੇ ਨਵਜਾਤ ਬਾਲਾਂ ਦੀ ਮੌਤ ਦਰ ਨੂੰ ਘੱਟ ਕਰਨ ਵਿੱਚ ਕੇਂਦਰੀ ਭੂਮਿਕਾ ਅਦਾ ਕੀਤੀ ਹੈ ਅਤੇ 2006 ਵਿੱਚ ਪ੍ਰਤੀ 1,000 ਜੀਵਤ ਬਾਲਾਂ ਦੇ ਜਨਮ ਮਗਰ ਹੋਣ ਵਾਲ਼ੀ 57 ਮੌਤਾਂ ਦੀ ਦਰ ਨੂੰ ਘਟਾ ਕੇ 2017 ਵਿੱਚ 33 ਮੌਤਾਂ 'ਤੇ ਲੈ ਆਂਦਾ ਸੀ। ਸਾਲ 2005-06 ਤੋਂ 2015-16 ਦਰਮਿਆਨ, ਪ੍ਰਸਵ-ਪੂਰਵ ਦੇਖਭਾਲ਼ ਕਵਰੇਜ ਲਈ ਲੱਗਣ ਵਾਲ਼ੇ ਚਾਰ ਦੌਰੇ ਜਾਂ ਪ੍ਰਤੀਸ਼ਤ ਵਿੱਚ ਗੱਲ ਕਰੀਏ ਤਾਂ 37 ਪ੍ਰਤੀਸ਼ਤ ਤੋਂ ਵੱਧ ਕੇ 51 ਪ੍ਰਤੀਸ਼ਤ ਤੱਕ ਹੋ ਗਏ ਅਤੇ ਸੰਸਥਾਗਤ ਪ੍ਰਸਵ 39 ਫ਼ੀਸਦ ਤੋਂ ਵੱਧ ਕੇ 79 ਫ਼ੀਸਦ ਹੋ ਗਿਆ ਹੈ।
ਸੁਨੀਤਾ ਅੱਗੇ ਕਹਿੰਦੀ ਹਨ,''ਅਸੀਂ ਜੋ ਚੰਗਾ ਕੰਮ ਕੀਤਾ ਹੈ ਅਤੇ ਜੋ ਕੁਝ ਕਰ ਸਕਦੇ ਹਾਂ, ਸਾਡੀ ਉਸ ਕਾਬਲੀਅਤ ਨੂੰ ਅੱਖੋਂ-ਪਰੋਖੇ ਕਰਕੇ ਸਾਨੂੰ ਲਗਾਤਾਰ ਸਰਵੇਖਣ ਫ਼ਾਰਮ ਭਰਨ ਦੇ ਕੰਮ 'ਤੇ ਡਾਹ ਦਿੱਤਾ ਜਾਂਦਾ ਹੈ।''
''ਜਖ਼ੌਲੀ ਪਿੰਡ ਦੀ ਆਸ਼ਾ ਵਰਕਰ, 42 ਸਾਲਾ ਨੀਤੂ (ਬਦਲਿਆ ਨਾਮ) ਕਹਿੰਦੀ ਹਨ,''ਸਾਨੂੰ ਹਰ ਦਿਨ ਇੱਕ ਨਵੀਂ ਰਿਪੋਰਟ ਜਮ੍ਹਾ ਕਰਨੀ ਪੈਂਦੀ ਹੈ। ਇੱਕ ਦਿਨ ਏਐੱਨਐੱਮ (ਸਹਾਇਕ ਨਰਸ ਦਾਈ, ਜਿਹਨੂੰ ਆਸ਼ਾ ਰਿਪੋਰਟ ਕਰਦੀਆਂ ਹਨ) ਸਾਨੂੰ ਉਨ੍ਹਾਂ ਸਾਰੀਆਂ ਔਰਤਾਂ ਦਾ ਸਰਵੇਖਣ ਕਰਨ ਲਈ ਕਹਿੰਦੀ ਹੈ ਜਿਨ੍ਹਾਂ ਨੂੰ ਪ੍ਰਸਵ-ਪੂਰਵ ਦੇਖਭਾਲ਼ ਦੀ ਲੋੜ ਹੈ ਅਤੇ ਅਗਲੇ ਦਿਨ ਅਸੀਂ ਸੰਸਥਾਗਤ ਪ੍ਰਸਵ ਦੀ ਗਿਣਤੀ ਬਾਰੇ ਜਾਣਕਾਰੀ ਇਕੱਠਿਆਂ ਕਰਦੀਆਂ ਹਾਂ, ਉਸ ਤੋਂ ਅਗਲੇ ਦਿਨ ਸਾਨੂੰ (ਕੈਂਸਰ, ਸ਼ੂਗਰ ਅਤੇ ਦਿਲ ਸਬੰਧੀ ਰੋਗਾਂ ਦੇ ਕੰਟਰੋਲ ਦੇ ਹਿੱਸੇ ਦੇ ਰੂਪ ਵਿੱਚ) ਹਰ ਕਿਸੇ ਦੇ ਬਲੱਡ-ਪ੍ਰੈਸ਼ਰ ਦਾ ਰਿਕਾਰਡ ਰੱਖਣਾ ਪੈਂਦਾ ਹੈ। ਉਹਦੇ ਬਾਅਦ ਵਾਲ਼ੇ ਦਿਨ, ਸਾਨੂੰ ਚੋਣ ਕਮਿਸ਼ਨ ਲਈ ਬੂਥ ਪੱਧਰੀ ਅਧਿਕਾਰੀ ਦਾ ਸਰਵੇਖਣ ਕਰਨ ਲਈ ਕਿਹਾ ਜਾਂਦਾ ਹੈ। ਇਹ ਚੱਕਰ ਕਦੇ ਨਹੀਂ ਮੁੱਕਦਾ।''
ਨੀਤੂ ਦਾ ਅੰਦਾਜ਼ਾ ਹੈ ਕਿ ਸਾਲ 2006 ਵਿੱਚ ਜਦੋਂ ਭਰਤੀ ਹੋਈ ਸੀ, ਉਨ੍ਹਾਂ ਨੇ ਆਪਣੇ 700 ਹਫ਼ਤੇ ਕੰਮ ਦੇ ਲੇਖੇ ਲਾਏ ਹੋਣਗੇ ਅਤੇ ਛੁੱਟੀ ਸਿਰਫ਼ ਬੀਮਾਰੀ ਦੀ ਹਾਲਤ ਵਿੱਚ ਜਾਂ ਤਿਓਹਾਰਾਂ ਮੌਕੇ ਹੀ ਮਿਲ਼ੀ। ਉਨ੍ਹਾਂ ਦੇ ਚਿਹਰੇ 'ਤੇ ਥਕਾਵਟ ਦੀਆਂ ਲੀਕਾਂ ਨਜ਼ਰੀਂ ਪੈਂਦੀਆਂ ਹਨ, ਹਾਲਾਂਕਿ 8,259 ਵਸੋਂ ਵਾਲ਼ੇ ਉਨ੍ਹਾਂ ਦੇ ਪਿੰਡ ਵਿੱਚ ਨੌ ਆਸ਼ਾ ਵਰਕਰਾਂ ਹਨ। ਉਹ ਅਨੀਮਿਆ ਜਾਗਰੂਕਤਾ ਅਭਿਆਨ ਮੁੱਕਣ ਤੋਂ ਇੱਕ ਘੰਟੇ ਬਾਅਦ ਹੜਤਾਲ ਦੀ ਥਾਂ 'ਤੇ ਪੁੱਜੀਆਂ ਸਨ। ਘਰੋ-ਘਰੀ ਜਾ ਕੇ ਕਰਨ ਵਾਲ਼ੇ ਕੰਮਾਂ ਦੀ ਸੂਚੀ ਲੰਬੀ ਹੈ, ਜਿਹਨੂੰ ਕਰਨ ਲਈ ਆਸ਼ਾ ਵਰਕਰਾਂ ਨੂੰ ਕਿਸੇ ਵੀ ਸਮੇਂ ਆਖ ਦਿੱਤਾ ਜਾਂਦਾ ਹੈ, ਮਿਸਾਲ ਵਜੋਂ- ਪਿੰਡ ਵਿੱਚ ਕੁੱਲ ਕਿੰਨੇ ਘਰ ਪੱਕੇ ਉਸਰੇ ਹਨ ਉਨ੍ਹਾਂ ਦੀ ਗਿਣਤੀ ਮਾਰੋ, ਕਿਸੇ ਭਾਈਚਾਰੇ ਦੇ ਕੋਲ਼ ਮੌਜੂਦ ਗਾਵਾਂ ਅਤੇ ਮੱਝਾਂ ਦੀ ਗਿਣਤੀ ਕਰਨੀ ਆਦਿ ਸ਼ਾਮਲ ਹੈ।
39 ਸਾਲਾ ਆਸ਼ਾ ਵਰਕਰ, ਛਵੀ ਕਸ਼ਅਪ ਦਾ ਕਹਿਣਾ ਹੈ,''2017 ਵਿੱਚ ਮੇਰੇ ਆਸ਼ਾ ਵਰਕਰ ਬਣਨ ਦੇ ਸਿਰਫ਼ ਤਿੰਨ ਸਾਲਾਂ ਦੇ ਅੰਦਰ, ਮੇਰਾ ਕੰਮ ਤਿੰਨ ਗੁਣਾ ਵੱਧ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਲਗਭਗ ਸਾਰੇ ਕੰਮ ਕਾਗ਼ਜ਼ੀ ਹਨ,'' ਛਵੀ ਸਿਵਲ ਹਸਪਤਾਲ ਤੋਂ 8 ਕਿਲੋਮੀਟਰ ਦੂਰ ਸਥਿਤ ਆਪਣੇ ਪਿੰਡ ਬਹਲਗੜ੍ਹ ਤੋਂ ਇਸ ਹੜਤਾਲ ਵਿੱਚ ਹਿੱਸਾ ਲੈਣ ਆਈ ਹਨ। ਉਹ ਕਹਿੰਦੀ ਹਨ,''ਜਦੋਂ ਸਰਕਾਰ ਦੁਆਰਾ ਸਾਡੇ ਸਿਰ ਮੜ੍ਹਿਆ ਗਿਆ ਹਰ ਨਵਾਂ ਸਰਵੇਖਣ ਪੂਰਾ ਹੋ ਜਾਂਦਾ ਹੈ ਫਿਰ ਕਿਤੇ ਜਾ ਕੇ ਅਸੀਂ ਆਪਣਾ ਅਸਲੀ ਕੰਮ ਸ਼ੁਰੂ ਕਰਦੀਆਂ ਹਾਂ।''
ਵਿਆਹ ਤੋਂ 15 ਸਾਲਾਂ ਬਾਅਦ ਤੱਕ, ਛਵੀ ਆਪਣੇ ਘਰੋਂ ਕਦੇ ਇਕੱਲਿਆਂ ਬਾਹਰ ਨਹੀਂ ਨਿਕਲ਼ੀ ਸਨ, ਇੱਥੋਂ ਤੱਕ ਕਿ ਹਸਪਤਾਲ ਜਾਣ ਲਈ ਵੀ ਨਹੀਂ। 2016 ਵਿੱਚ ਜਦੋਂ ਇੱਕ ਆਸ਼ਾ ਸੁਕਵਧਾ (facilitator) ਉਨ੍ਹਾਂ ਦੇ ਪਿੰਡ ਆਏ ਅਤੇ ਅਤੇ ਆਸ਼ਾ-ਵਰਕਰਾਂ ਦੁਆਰਾ ਕੀਤੇ ਜਾਣ ਵਾਲ਼ੇ ਕੰਮਾਂ ਬਾਬਤ ਇੱਕ ਕਾਰਜਸ਼ਾਲਾ ਅਯੋਜਿਤ ਕੀਤੀ ਸੀ, ਤਾਂ ਛਵੀ ਨੇ ਵੀ ਆਪਣਾ ਨਾਮਾਂਕਣ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਕਾਰਜਸ਼ਾਲਾਵਾਂ ਤੋਂ ਬਾਅਦ, ਸੁਕਵਧਾ 18 ਤੋਂ 45 ਸਾਲ ਦੀ ਉਮਰ ਦੀਆਂ ਤਿੰਨ ਵਿਆਹੁਤਾ ਔਰਤਾਂ ਦੇ ਨਾਵਾਂ ਨੂੰ ਸੂਚੀਬੱਧ ਕਰਦੇ ਹਨ ਜਿਨ੍ਹਾਂ ਨੇ ਘੱਟ ਤੋਂ ਘੱਟ 8ਵੀਂ ਤੱਕ ਪੜ੍ਹਾਈ ਕੀਤੀ ਹੋਵੇ ਅਤੇ ਜੋ ਕਮਿਊਨਿਟੀ ਸਿਹਤ ਸਵੈ-ਸੇਵਕਾ ਦੇ ਰੂਪ ਵਿੱਚ ਕੰਮ ਕਰਨ ਵਿੱਚ ਰੁਚੀ ਰੱਖਦੀਆਂ ਹੋਣ।
ਛਵੀ ਨੂੰ ਇਸ ਕੰਮ ਵਿੱਚ ਰੁਚੀ ਸੀ ਅਤੇ ਉਹ ਯੋਗ ਵੀ ਸਨ, ਪਰ ਉਨ੍ਹਾਂ ਦੇ ਪਤੀ ਨੇ ਕਿਹਾ ਇਤਰਾਜ਼ ਜਤਾਇਆ। ਉਹ (ਪਤੀ) ਬਹਲਗੜ੍ਹ ਵਿੱਚ ਇੰਦਰਾ ਕਲੋਨੀ ਦੇ ਇੱਕ ਨਿੱਜੀ ਹਸਪਤਾਲ ਦੇ ਨਰਸਿੰਗ ਸਟਾਫ਼ ਟੀਮ ਵਿੱਚ ਹਨ ਅਤੇ ਹਫ਼ਤੇ ਵਿੱਚ ਦੋ ਦਿਨ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ। ਛਵੀ ਦੱਸਦੀ ਹਨ,''ਸਾਡੇ ਦੋ ਬੇਟੇ ਹਨ। ਮੇਰੇ ਪਤੀ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਜੇ ਅਸੀਂ ਦੋਵੇਂ ਹੀ ਕੰਮ ਖ਼ਾਤਰ ਬਾਹਰ ਚਲੇ ਜਾਵਾਂਗੇ ਤਾਂ ਉਨ੍ਹਾਂ ਦੀ ਦੇਖਭਾਲ਼ ਕੌਣ ਕਰੇਗਾ।'' ਕੁਝ ਮਹੀਨਿਆਂ ਬਾਅਦ, ਜਦੋਂ ਪੈਸੇ ਦੀ ਤੰਗੀ ਆਉਣ ਲੱਗੀ ਤਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਨੌਕਰੀ ਕਰਨ ਲਈ ਕਿਹਾ। ਉਨ੍ਹਾਂ ਨੇ ਅਗਲੀ ਭਰਤੀ ਮੁਹਿੰਮ ਦੌਰਾਨ ਬਿਨੈ ਕੀਤਾ ਅਤੇ ਛੇਤੀ ਹੀ ਪਿੰਡ ਦੀ ਗ੍ਰਾਮ ਸਭਾ ਦੁਆਰਾ ਬਹਲਗੜ੍ਹ ਦੇ 4,196 ਨਿਵਾਸੀਆਂ ਲਈ ਪੰਜ ਆਸ਼ਾਵਾਂ ਵਿੱਚੋਂ ਇੱਕ ਵਜੋਂ ਉਨ੍ਹਾਂ ਨੂੰ ਪੁਸ਼ਟ ਕਰ ਦਿੱਤਾ ਗਿਆ।
ਛਵੀ ਦੱਸਦੀ ਹਨ, ''ਇੱਕ ਜੋੜੇ ਵਜੋਂ, ਸਾਡਾ ਇੱਕੋ ਹੀ ਨਿਯਮ ਹੈ। ਜੇ ਉਹ ਰਾਤ ਦੀ ਡਿਊਟੀ 'ਤੇ ਹੁੰਦੇ ਹਨ ਅਤੇ ਮੈਨੂੰ ਫ਼ੋਨ ਆਉਂਦਾ ਹੈ ਕਿ ਕਿਸੇ ਔਰਤ ਨੂੰ ਜੰਮਣ-ਪੀੜ੍ਹਾਂ ਲੱਗੀਆਂ ਹਨ ਅਤੇ ਉਹਨੂੰ ਹਸਪਤਾਲ ਲਿਜਾਣ ਦੀ ਲੋੜ ਹੈ, ਅਜਿਹੀ ਹਾਲਤ ਵਿੱਚ ਮੈਂ ਬੱਚਿਆਂ ਨੂੰ ਛੱਡ ਕੇ ਨਾ ਜਾ ਸਕਦੀ ਹੋਵਾਂ ਤਾਂ ਮੈਂ ਜਾਂ ਤਾਂ ਐਂਬੂਲੈਂਸ ਨੂੰ ਫ਼ੋਨ ਕਰਦੀ ਹਾਂ ਜਾਂ ਕਿਸੇ ਹੋਰ ਆਸ਼ਾ ਵਰਕਰ ਨੂੰ ਇਹ ਕੰਮ ਕਰਨ ਲਈ ਕਹਿੰਦੀ ਹਾਂ।''
ਗਰਭਵਤੀ ਔਰਤਾਂ ਨੂੰ ਪ੍ਰਸਵ ਲਈ ਹਸਪਤਾਲ ਪਹੁੰਚਾਉਣਾ ਉਨ੍ਹਾਂ ਸਾਰੇ ਕੰਮਾਂ ਵਿੱਚੋਂ ਇੱਕ ਹੈ ਜੋ ਆਸ਼ਾ ਵਰਕਰਾਂ ਨੂੰ ਹਰ ਹਫ਼ਤੇ ਕਰਨਾ ਪੈਂਦਾ ਹੈ। ''ਪਿਛਲੇ ਹਫ਼ਤੇ, ਮੈਨੂੰ ਗਰਭਅਵਸਥਾ ਦੇ ਪੂਰੇ ਦਿਨੀਂ ਬੈਠੀ ਇੱਕ ਔਰਤ ਦਾ ਫ਼ੋਨ ਆਇਆ ਕਿ ਉਹਨੂੰ ਜੰਮਣ-ਪੀੜ੍ਹਾਂ ਹੋਰ ਰਹੀਆਂ ਹਨ ਅਤੇ ਉਹ ਚਾਹੁੰਦੀ ਹੈ ਕਿ ਮੈਂ ਉਹਨੂੰ ਹਸਪਤਾਲ ਲੈ ਜਾਵਾਂ। ਪਰ ਮੈਂ ਨਹੀਂ ਜਾ ਸਕਦੀ ਸਾਂ, ਸੋਨੀਪਤ ਦੀ ਰਾਇ ਤਹਿਸੀਲ ਦੇ ਬੜ ਖਾਲਸਾ ਪਿੰਡ ਦੀ ਇੱਕ ਆਸ਼ਾ ਵਰਕਰ ਸ਼ੀਤਲ (ਬਦਲਿਆ ਨਾਮ) ਦੱਸਦੀ ਹਨ। ''ਉਸੇ ਹਫ਼ਤੇ ਮੈਨੂੰ ਅਯੂਸ਼ਮਾਨ ਕੈਂਪ ਦਾ ਸੰਚਾਲਨ ਕਰਨ ਲਈ ਕਿਹਾ ਗਿਆ ਸੀ।'' ਇੱਥੇ 32 ਸਾਲਾ ਸ਼ੀਤਲ, ਅਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਹਵਾਲਾ ਦੇ ਰਹੀ ਹਨ। ਉਹ ਇਸ ਸਕੀਮ ਲਈ ਯੋਗ ਬਣਦੇ ਪਿੰਡ ਦੇ ਹਰ ਉਸ ਵਿਅਕਤੀ ਦੇ ਫ਼ਾਰਮ ਅਤੇ ਰਿਕਾਰਡ ਰੱਖ ਰਹੀ ਹਨ ਅਤੇ ਭਰੇ ਬੈਗ ਸਣੇ ਕੈਂਪ ਵਿੱਚ ਹੀ ਅਟਕੀ ਹੋਈ ਰਹੀ, ਕਿਉਂਕਿ ਉਨ੍ਹਾਂ ਨੂੰ ਏਐੱਨਐੱਮ (ਜਿਹਨੂੰ ਉਹ ਰਿਪੋਰਟ ਕਰਦੀ ਹਨ) ਪਾਸੋਂ ਇਹ ਆਦੇਸ਼ ਮਿਲ਼ਿਆ ਸੀ ਕਿ ਬਾਕੀ ਸਾਰੇ ਕੰਮ ਛੱਡ ਕੇ ਅਯੂਸ਼ਮਾਨ ਯੋਜਨਾ ਦੇ ਕੰਮ ਨੂੰ ਤਰਜੀਹ ਦੇਣੀ ਹੈ।
ਸ਼ੀਤਲ ਕਹਿੰਦੀ ਹਨ,''ਮੈਂ ਇਸ ਗਰਭਵਤੀ ਔਰਤ ਦਾ ਯਕੀਨ ਜਿੱਤਣ ਲਈ ਸ਼ੁਰੂ ਤੋਂ ਹੀ ਬਹੁਤ ਮਿਹਨਤ ਕੀਤੀ ਸੀ, ਜਦੋਂ ਉਹ ਦੋ ਸਾਲ ਪਹਿਲਾਂ ਵਿਆਹ ਕੇ ਇਸ ਪਿੰਡ ਵਿੱਚ ਆਈ ਸੀ। ਉਦੋਂ ਤੋਂ ਹੀ ਮੈਂ ਹਰ ਮੌਕੇ ਉਹਦੇ ਨਾਲ਼ ਹੀ ਹੋਇਆ ਕਰਦੀ ਸਾਂ; ਜਿਸ ਵਿੱਚ ਉਹਦੀ ਸੱਸ ਨੂੰ ਮਨਾਉਣਾ ਤੱਕ ਸ਼ਾਮਲ ਸੀ ਕਿ ਉਹ ਮੈਨੂੰ ਪਰਿਵਾਰ ਨਿਯੋਜਨ ਬਾਰੇ ਉਹਨੂੰ ਸਮਝਾਉਣ ਦੀ ਇਜਾਜ਼ਤ ਦੇਣ, ਉਹਨੂੰ ਅਤੇ ਉਹਦੇ ਪਤੀ ਨੂੰ ਇਹ ਸਮਝਾਉਣ ਤੱਕ ਕਿ ਉਹ ਬੱਚਾ ਪੈਦਾ ਕਰਨ ਲਈ ਦੋ ਸਾਲ ਤੱਕ ਉਡੀਕ ਕਰਨ ਅਤੇ ਫਿਰ ਉਹਦੇ ਗਰਭਵਤੀ ਹੋਣ ਦੇ ਪੂਰੇ ਸਮੇਂ ਦੌਰਾਨ ਮੈਂ ਉਹਦੇ ਸੰਪਰਕ ਵਿੱਚ ਰਹੀ। ਮੈਨੂੰ ਇਸ ਵਾਰ ਵੀ ਉਹਦੇ ਕੋਲ਼ ਹੋਣਾ ਚਾਹੀਦਾ ਸੀ।
ਇਹਦੀ ਬਜਾਇ, ਉਨ੍ਹਾਂ ਨੇ ਫ਼ੋਨ 'ਤੇ ਹੀ ਅੱਧੇ ਘੰਟੇ ਤੱਕ ਉਸ ਫ਼ਿਕਰਮੰਦ ਪਰਿਵਾਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਦੇ ਬਗ਼ੈਰ ਡਾਕਟਰ ਕੋਲ਼ ਜਾਣ ਨੂੰ ਰਾਜ਼ੀ ਹੀ ਨਹੀਂ ਸੀ। ਅੰਤ ਵਿੱਚ, ਉਹ ਉਸੇ ਦੁਆਰਾ ਬੁਲਾਈ ਐਂਬੂਲੈਂਸ ਵਿੱਚ ਸਵਾਰ ਹੋ ਕੇ ਹਸਪਤਾਲ ਤੱਕ ਗਏ। ਸੁਨੀਤਾ ਰਾਣੀ ਕਹਿੰਦੀ ਹਨ,''ਅਸੀਂ ਮਿਹਨਤ ਕਰਕੇ ਮਸਾਂ ਜੋ ਭਰੋਸਾ ਦਾ ਘੇਰਾ ਬਣਾਉਂਦੇ ਹਾਂ, ਉਸ ਵਿੱਚ ਵਿਘਨ ਪੈ ਜਾਂਦਾ ਹੈ।''
ਤਿਆਰੀ ਨਾਲ਼ ਲੈਸ ਹੋ ਕੇ ਆਸ਼ਾ ਵਰਕਰ ਜਦੋਂ ਆਪਣੇ ਕੰਮ ਲਈ ਮੈਦਾਨ ਵਿੱਚ ਉਤਰਦੀਆਂ ਹਨ ਤਾਂ ਅਕਸਰ ਉਨ੍ਹਾਂ ਦਾ ਇੱਕ ਹੱਥ ਬੱਝਾ ਹੁੰਦਾ ਹੈ। ਨਾ ਤਾਂ ਡਰੱਗ ਕਿਟਾਂ ਆਮ ਤੌਰ 'ਤੇ ਉਪਲਬਧ ਹੁੰਦੀਆਂ ਅਤੇ ਨਾ ਹੀ ਦੂਸਰੀਆਂ ਲੋੜ ਦੀ ਚੀਜ਼ਾਂ, ਜਿਵੇਂ ਗਰਭਵਤੀ ਔਰਤਾਂ ਲਈ ਪੈਰਾਸਿਟਾਮੋਲ ਟੈਬਲੇਟ, ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲ਼ੀਆਂ, ਓਰਲ ਰਿਹਾਈਡ੍ਰੇਸ਼ਨ ਸਾਲਟ (ਓਆਰਐੱਸ), ਕੰਡੋਮ, ਖਾਣ ਵਾਲ਼ੀਆਂ ਗਰਭਨਿਰੋਧਕ ਗੋਲ਼ੀਆਂ ਅਤੇ ਪ੍ਰੈਗਨੈਂਸੀ ਕਿੱਟ ਵਗੈਰਾ ਹੀ। ਸੁਨੀਤਾ ਕਹਿੰਦੀ ਹਨ,''ਸਾਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ, ਸਿਰ ਪੀੜ੍ਹ ਦੀ ਗੋਲ਼ੀ ਤੱਕ ਨਹੀਂ। ਅਸੀਂ ਹਰੇਕ ਘਰ ਦੀਆਂ ਲੋੜਆਂ ਮੁਤਾਬਕ ਇੱਕ ਨੋਟ ਤਿਆਰ ਕਰਦੇ ਹਾਂ, ਜਿਵੇਂ ਕਿ ਗਰਭਨਿਰੋਧਕ ਲਈ ਕਿਹੜਾ ਤਰੀਕਾ ਅਪਣਾਇਆ ਜਾ ਰਿਹਾ ਹੈ ਅਤੇ ਫਿਰ ਏਐੱਨਐੱਮ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਲਈ ਇਨ੍ਹਾਂ ਚੀਜ਼ਾਂ ਦਾ ਬੰਦੋਬਸਤ ਕਰਨ।'' ਆਨਲਾਈਨ ਉਪਲਬਧ ਸਰਕਾਰੀ ਰਿਕਾਰਡ ਦੱਸਦੇ ਹਨ ਕਿ ਸੋਨੀਪਤ ਜ਼ਿਲ੍ਹੇ ਅੰਦਰ 1,045 ਆਸ਼ਾ ਵਰਕਰਾਂ ਲਈ ਸਿਰਫ਼ 485 ਡਰੱਗ ਕਿੱਟਾਂ ਹੀ ਜਾਰੀ ਕੀਤੀਆਂ ਗਈਆਂ।
ਆਸ਼ਾ ਵਰਕਰ, ਅਕਸਰ ਆਪਣੇ ਭਾਈਚਾਰੇ ਦੇ ਮੈਂਬਰਾਂ ਕੋਲ਼ ਖਾਲੀ ਹੱਥ ਹੀ ਜਾਂਦੀਆਂ ਹਨ। ਛਵੀ ਦੱਸਦੀ ਹਨ,''ਕਦੇ-ਕਦਾਈਂ ਉਹ ਸਾਨੂੰ ਸਿਰਫ਼ ਆਇਰਨ ਦੀਆਂ ਗੋਲ਼ੀਆਂ ਦੇ ਦਿੰਦੇ ਹਨ, ਕੈਲਸ਼ੀਅਮ ਦੀਆਂ ਵੀ ਨਹੀਂ, ਜਦੋਂਕਿ ਗਰਭਵਤੀ ਔਰਤਾਂ ਨੂੰ ਇਹ ਦੋਵੇਂ ਹੀ ਗੋਲ਼ੀਆਂ ਇਕੱਠੇ ਖਾਣੀਆਂ ਚਾਹੀਦੀਆਂ ਹਨ। ਕਦੇ-ਕਦੇ ਉਹ ਸਾਨੂੰ ਹਰ ਗਰਭਵਤੀ ਔਰਤ ਦੇ ਹਿਸਾਬ ਨਾਲ਼ ਸਿਰਫ਼ 10 ਗੋਲ਼ੀਆਂ ਦਿੰਦੇ ਹਨ, ਜੋ 10 ਦਿਨਾਂ ਵਿੱਚ ਮੁੱਕ ਜਾਂਦੀਆਂ ਹਨ। ਔਰਤਾਂ ਜਦੋਂ ਸਾਡੇ ਕੋਲ਼ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਦੇਣ ਲਈ ਸਾਡੇ ਕੋਲ਼ ਕੁਝ ਵੀ ਨਹੀਂ ਹੁੰਦਾ।''
ਕਦੇ-ਕਦਾਈਂ ਤਾਂ ਉਨ੍ਹਾਂ ਨੂੰ ਖ਼ਰਾਬ ਗੁਣਵੱਤਾ ਵਾਲ਼ੇ ਉਤਪਾਦ ਫੜ੍ਹਾ ਦਿੱਤੇ ਜਾਂਦੇ ਹਨ। ਸੁਨੀਤਾ ਕਹਿੰਦੀ ਹਨ,''ਮਹੀਨਿਆਂ ਬੱਧੀ ਕੋਈ ਸਪਲਾਈ ਨਾ ਹੋਣ ਤੋਂ ਬਾਅਦ, ਸਾਨੂੰ ਮਾਲਾ-ਐੱਨ (ਗਰਭਨਿਰੋਧਕ ਗੋਲ਼ੀਆਂ) ਦੇ ਭਰੇ ਬਕਸੇ, ਉਨ੍ਹਾਂ ਦੀ ਮਿਆਦ ਪੁੱਗਣ ਤੋਂ ਇੱਕ ਮਹੀਨੇ ਪਹਿਲਾਂ ਇਸ ਆਦੇਸ਼ ਨਾਲ਼ ਫੜ੍ਹਾ ਦਿੱਤੇ ਜਾਂਦੇ ਹਨ ਕਿ ਇਨ੍ਹਾਂ ਨੂੰ ਜਿੰਨੇ ਛੇਤੀ ਸੰਭਵ ਹੋ ਸਕੇ ਵੰਡ ਦਿਓ।'' ਮਾਲਾ-ਐੱਨ ਦੀ ਵਰਤੋਂ ਕਰਨ ਵਾਲ਼ੀਆਂ ਔਰਤਾਂ ਦੀ ਪ੍ਰਤੀਕਿਰਿਆ ਵੱਲ ਸ਼ਾਇਦ ਹੀ ਕਦੇ ਧਿਆਨ ਦਿੱਤਾ ਜਾਂਦਾ ਹੈ, ਜਿਹਨੂੰ (ਰਿਕਾਰਡਾਂ) ਆਸ਼ਾ ਵਰਕਰਾਂ ਦੁਆਰਾ ਬੜੀ ਮਿਹਨਤ ਨਾਲ਼ ਰਿਕਾਰਡ ਕੀਤਾ ਜਾਂਦਾ ਹੈ।
ਹੜਤਾਲ ਦੇ ਦਿਨ ਦੁਪਹਿਰ ਤੱਕ, ਵਿਰੋਧ ਪ੍ਰਦਰਸ਼ਨ ਲਈ 50 ਆਸ਼ਾ ਵਰਕਰ ਇਕੱਠੀਆਂ ਹੋ ਗਈਆਂ। ਹਸਤਾਲ ਦੀ ਓਪੀਡੀ ਦੇ ਨਾਲ਼ ਦੀ ਦੁਕਾਨ ਤੋਂ ਚਾਹ ਮੰਗਵਾਈ ਗਈ। ਜਦੋਂ ਕੋਈ ਪੁੱਛਦਾ ਕਿ ਪੈਸੇ ਕੌਣ ਦੇਣ ਜਾ ਰਿਹਾ ਹੈ ਤਾਂ ਨੀਤੂ ਮਜ਼ਾਕ ਉਡਾਉਂਦਿਆਂ ਕਹਿੰਦੀ ਹਨ ਕਿ ਘੱਟੋਘੱਟ ਉਹ ਤਾਂ ਨਹੀਂ ਦੇ ਸਕਦੀ, ਕਿਉਂਕਿ ਉਨ੍ਹਾਂ ਨੂੰ ਛੇ ਮਹੀਨਿਆਂ ਤੋਂ ਤਨਖ਼ਾਹ ਹੀ ਨਹੀਂ ਮਿਲ਼ੀ। ਐੱਨਆਰਐੱਚਐੱਮ ਦੀ 2005 ਦੀ ਨੀਤੀ ਮੁਤਾਬਕ ਆਸ਼ਾ ਵਰਕਰ 'ਸਵੈ-ਸੇਵਕ' ਹਨ ਅਤੇ ਉਨ੍ਹਾਂ ਦਾ ਭੁਗਤਾਨ ਉਨ੍ਹਾਂ ਦੁਆਰਾ ਪੂਰੇ ਕੀਤੇ ਜਾਣ ਵਾਲ਼ੇ ਕੰਮਾਂ ਦੀ ਗਿਣਤੀ 'ਤੇ ਅਧਾਰਤ ਹੈ। ਆਸ਼ਾ ਵਰਕਰਾਂ ਨੂੰ ਸੌਂਪੇ ਜਾਣ ਵਾਲ਼ੇ ਵੱਖੋ-ਵੱਖ ਕਾਰਜਾਂ ਵਿੱਚੋਂ ਸਿਰਫ਼ ਪੰਜ ਨੂੰ 'ਰੈਗੂਲਰ ਅਤੇ ਆਵਰਤੀ' ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। ਇਨ੍ਹਾਂ ਕਾਰਜਾਂ ਵਾਸਤੇ ਕੇਂਦਰ ਸਰਕਾਰ ਨੇ ਅਕਤੂਬਰ 2018 ਵਿੱਚ 2,000 ਰੁਪਏ ਦੀ ਕੁੱਲ ਮਹੀਨੇਵਾਰ ਰਾਸ਼ੀ ਦੇਣ 'ਤੇ ਸਹਿਮਤੀ ਜਤਾਈ ਸੀ, ਪਰ ਇਹਦਾ ਵੀ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਆਸ਼ਾ ਵਰਕਰਾਂ ਨੂੰ ਹਰੇਕ ਕੰਮ ਪੂਰਿਆਂ ਹੋਣ 'ਤੇ ਹੀ ਭੁਗਤਾਨ ਕੀਤਾ ਜਾਂਦਾ ਹੈ। ਉਹ ਤਪੇਦਿਕ ਦੇ ਰੋਗੀਆਂ ਨੂੰ ਲਗਾਤਾਰ 6 ਤੋਂ 9 ਮਹੀਨਿਆਂ ਤੱਕ ਪ੍ਰਤੀਰੋਧਕ ਦਵਾਈ ਦੇਣ ਬਦਲੇ 5000 ਰੁਪਏ ਅਤੇ ਓਆਰਐੱਸ ਦਾ ਇੱਕ ਪੈਕਟ ਵੰਡਣ ਬਦਲੇ ਇੱਕ ਰੁਪਿਆ ਕਮਾ ਸਕਦੀਆਂ ਹਨ। ਪਰਿਵਾਰ ਨਿਯੋਜਨ ਸਬੰਧੀ ਮਾਮਲਿਆਂ ਵਿੱਚ ਪੈਸੇ ਉਦੋਂ ਹੀ ਮਿਲ਼ਦੇ ਹਨ ਜਦੋਂ ਔਰਤਾਂ ਦੀ ਨਸਬੰਦੀ/ਨਲ਼ਬੰਦੀ ਕਰਵਾਈ ਜਾਵੇ, ਉਨ੍ਹਾਂ ਨੂੰ ਦੋ ਬੱਚਿਆਂ ਵਿਚਾਲੇ ਫ਼ਰਕ ਰੱਖਣ ਦੀ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਮਹਿਲਾ ਨਸਬੰਦੀ ਜਾਂ ਪੁਰਸ਼ ਨਸਬੰਦੀ ਦੀ ਸੁਵਿਧਾ ਦੇਣ ਬਦਲੇ, ਆਸ਼ਾ ਵਰਕਰਾਂ ਨੂੰ 200-300 ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਦਿੱਤੇ ਜਾਂਦੇ ਹਨ, ਜਦੋਂਕਿ ਕੰਡੋਮ, ਖਾਣ ਵਾਲ਼ੀਆਂ ਗਰਭਨਿਰੋਧਕ ਗੋਲ਼ੀਆਂ ਅਤੇ ਐਮਰਜੈਂਸੀ ਗਰਭਨਿਰੋਧਕ ਗੋਲ਼ੀਆਂ ਦੇ ਹਰੇਕ ਪੈਕਟ ਦੀ ਸਪਲਾਈ ਮਗਰ ਉਨ੍ਹਾਂ ਨੂੰ ਸਿਰਫ਼ ਇੱਕ ਰੁਪਿਆ ਹੀ ਮਿਲ਼ਦਾ ਹੈ। ਪਰਿਵਾਰ ਨਿਯੋਜਨ ਦੇ ਸਧਾਰਣ ਮਸ਼ਵਰੇ ਵਾਸਤੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲ਼ਦਾ, ਹਾਲਾਂਕਿ ਆਸ਼ਾ ਵਰਕਰਾਂ ਲਈ ਇਹ ਇੱਕ ਲਾਜ਼ਮੀ, ਥਕਾਊ ਅਤੇ ਸਮਾਂ-ਖਪਾਊ ਕੰਮ ਹੈ।
ਰਾਸ਼ਟਰ-ਵਿਆਪੀ ਅਤੇ ਇਲਾਕਾਈ ਪੱਧਰ 'ਤੇ ਕਈ ਹੜਤਾਲਾਂ ਤੋਂ ਬਾਅਦ, ਵੱਖ-ਵੱਖ ਰਾਜਾਂ ਨੇ ਆਪੋ-ਆਪਣੀਆਂ ਆਸ਼ਾ ਵਰਕਰਾਂ ਨੂੰ ਇੱਕ ਨਿਰਧਾਰਤ ਤਨਖ਼ਾਹ ਦੇਣੀ ਸ਼ੁਰੂ ਕਰ ਦਿੱਤੀ ਹੈ। ਪਰ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦੀ ਇਹ ਤਨਖ਼ਾਹ ਵੀ ਅੱਡੋ-ਅੱਡ ਹੈ; ਜਿੱਥੇ ਕਰਨਾਟਕ ਵਿਖੇ ਉਨ੍ਹਾਂ ਨੂੰ 4000 ਰੁਪਏ ਦਿੱਤੇ ਜਾਂਦੇ ਹਨ, ਉੱਥੇ ਆਂਧਰਾ ਪ੍ਰਦੇਸ਼ ਵਿਖੇ 10,000 ਰੁਪਏ ਮਿਲ਼ਦੇ ਹਨ; ਹਰਿਆਣਾ ਵਿੱਚ, ਜਨਵਰੀ 2018 ਤੋਂ ਹਰੇਕ ਆਸ਼ਾ ਵਰਕਰ ਨੂੰ ਰਾਜ ਸਰਕਾਰ ਵੱਲੋਂ ਤਨਖ਼ਾਹ ਦੇ ਰੂਪ ਵਿੱਚ 4,000 ਰੁਪਏ ਮਿਲ਼ਦੇ ਹਨ।
''ਐੱਨਆਰਐੱਚਐੱਮ ਦੀ ਨੀਤੀ ਮੁਤਾਬਕ, ਹਫ਼ਤੇ ਵਿੱਚ ਚਾਰ ਤੋਂ ਪੰਜ ਦਿਨ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਪਰ ਕਿਸੇ ਨੂੰ ਇੰਨਾ ਤੱਕ ਚੇਤਾ ਨਹੀਂ ਹੋਣਾ ਕਿ ਉਹਨੇ ਅਖ਼ੀਰਲੀ ਵਾਰੀ ਛੁੱਟੀ ਕਦੋਂ ਲਈ ਸੀ ਅਤੇ ਸਾਨੂੰ ਕਿਹੜੇ ਢੰਗ ਨਾਲ਼ ਆਰਥਿਕ ਸਹਾਇਤਾ ਮਿਲ਼ ਰਹੀ ਹੈ?'' ਚਰਚਾ ਦੀ ਸ਼ੁਰੂਆਤ ਕਰਦਿਆਂ ਸੁਨੀਆ ਨੇ ਉੱਚੀ ਅਵਾਜ਼ ਵਿੱਚ ਸਵਾਲ ਦਾਗਿਆ। ਹੋਰ ਕਈ ਔਰਤਾਂ ਨੇ ਬੋਲਣਾ ਸ਼ੁਰੂ ਕੀਤਾ। ਕਈ ਔਰਤਾਂ ਨੂੰ ਰਾਜ ਸਰਕਾਰ ਦੁਆਰਾ ਸਤੰਬਰ 2019 ਤੋਂ ਹੀ ਤਨਖ਼ਾਹ ਨਹੀਂ ਦਿੱਤੀ ਗਈ ਹੈ ਅਤੇ ਕਈ ਹੋਰਨਾਂ ਨੂੰ ਵੀ ਪਿਛਲੇ ਅੱਠ ਮਹੀਨਿਆਂ ਤੋਂ ਉਨ੍ਹਾਂ ਦੇ ਕੰਮ-ਅਧਾਰਤ ਭੁਗਤਾਨ ਨਹੀਂ ਕੀਤਾ ਗਿਆ।
ਹਾਲਾਂਕਿ, ਜ਼ਿਆਦਾਤਰ ਨੂੰ ਤਾਂ ਇਹ ਵੀ ਚੇਤਾ ਨਹੀਂ ਹੈ ਕਿ ਉਨ੍ਹਾਂ ਦਾ ਕਿੰਨਾ ਮਿਹਨਤਾਨਾ ਬਕਾਇਆ ਹੈ। ''ਪੈਸਾ ਅਲੱਗ-ਅਲੱਗ ਸਮੇਂ ਵਿੱਚ, ਦੋ ਅਲੱਗ-ਅਲੱਗ ਸ੍ਰੋਤਾਂ- ਰਾਜ ਸਰਕਾਰ ਅਤੇ ਕੇਂਦਰ ਸਰਕਾਰ ਪਾਸੋਂ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਆਉਂਦਾ ਹੈ। ਇਸਲਈ, ਪੂਰਾ ਹਿਸਾਬ-ਕਿਤਾਬ ਚੇਤਾ ਨਹੀਂ ਰਹਿੰਦਾ ਕਿ ਕਿਹੜਾ ਵਾਲ਼ਾ ਭੁਗਤਾਨ ਕਦੋਂ ਤੋਂ ਬਕਾਇਆ ਹੈ।'' ਬਕਾਇਆ ਰਾਸ਼ੀ ਦੀ ਇਸ ਦੇਰੀ, ਕਿਸ਼ਤਾਂ ਦੇ ਭੁਗਤਾਨ ਦੇ ਵਿਅਕਤੀਗਤ ਨੁਕਸਾਨ ਵੀ ਹਨ। ਕਈਆਂ ਨੂੰ ਘਰਾਂ ਵਿੱਚ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ ਕਿ ਕੰਮ ਨੂੰ ਵੇਲੇ-ਕੁਵੇਲੇ ਅਤੇ ਦੇਰ ਤੱਕ ਕਰਨਾ ਪੈਂਦਾ ਹੈ ਪਰ ਪੈਸੇ ਉਹਦੇ ਹਿਸਾਬ ਮੁਤਾਬਕ ਨਹੀਂ ਮਿਲ਼ ਰਹੇ; ਤਾਂ ਕਈਆਂ ਨੇ ਪਰਿਵਾਰ ਦੀ ਦਬਾਅ ਵਿੱਚ ਆ ਕੇ ਇਸ ਪ੍ਰੋਗਰਾਮ ਨੂੰ ਹੀ ਛੱਡ ਦਿੱਤਾ ਹੈ।
ਇਸ ਤੋਂ ਇਲਾਵਾ, ਆਸ਼ਾ ਵਰਕਰਾਂ ਨੂੰ ਖ਼ੁਦ ਆਪਣੇ ਪੈਸੇ ਦੀ ਵਰਤੋਂ ਕਰਦਿਆਂ ਰੋਜ਼ਾਨਾ ਆਉਣ-ਜਾਣ 'ਤੇ ਹੀ 100-250 ਰੁਪਏ ਤੱਕ ਖ਼ਰਚ ਕਰਨੇ ਪੈ ਸਕਦੇ ਹੁੰਦੇ ਹਨ, ਭਾਵੇਂ ਉਸ ਖਰਚੇ ਵਿੱਚ ਅੰਕੜੇ ਇਕੱਠਿਆਂ ਕਰਨ ਲਈ ਵੱਖ-ਵੱਖ ਉਪ-ਕੇਂਦਰਾਂ ਦਾ ਦੌਰਾ ਕਰਨਾ ਹੋਵੇ ਜਾਂ ਫਿਰ ਮਰੀਜ਼ਾਂ ਨੂੰ ਲੈ ਕੇ ਹਸਪਤਾਲ ਹੀ ਕਿਉਂ ਨਾ ਜਾਣਾ ਹੋਵੇ। ਸ਼ੀਤਲ ਕਹਿੰਦੀ ਹਨ,''ਅਸੀਂ ਜਦੋਂ ਪਰਿਵਾਰ ਨਿਯੋਜਨ ਨਾਲ਼ ਸਬੰਧਤ ਬੈਠਕਾਂ ਕਰਨ ਲਈ ਪਿੰਡੋ-ਪਿੰਡੀ ਜਾਂਦੇ ਹਾਂ ਤਾਂ ਲੂੰਹਦੀ ਗਰਮੀ ਅਤੇ ਤੇਜ਼ ਧੁੱਪ ਹੁੰਦੀ ਹੈ ਅਤੇ ਔਰਤਾਂ ਆਮ ਤੌਰ 'ਤੇ ਸਾਡੇ ਵੱਲੋਂ ਹੀ ਠੰਡੇ ਪਾਣੀ ਅਤੇ ਖਾਣ-ਪੀਣ ਦੇ ਬੰਦੋਬਸਤ ਦੀ ਤਵੱਕੋ ਕਰਦੀਆਂ ਹਨ। ਇਸਲਈ, ਅਸੀਂ ਆਪਸ ਵਿੱਚ ਪੈਸਾ ਇਕੱਠਾ ਕਰਦੇ ਹਾਂ ਅਤੇ ਮਾੜੇ-ਮੋਟੇ ਨਾਸ਼ਤੇ ਦੇ ਬੰਦੋਬਸਤ 'ਤੇ ਹੀ 400-500 ਰੁਪਏ ਖ਼ਰਚ ਕਰਦੇ ਹਾਂ। ਜੇ ਅਸੀਂ ਇੰਝ ਨਹੀਂ ਕਰਾਂਗੀਆਂ ਤਾਂ ਔਰਤਾਂ ਆਉਣਗੀਆਂ ਹੀ ਨਹੀਂ।''
ਹੜਤਾਲ 'ਤੇ ਬੈਠਿਆਂ ਦੋ-ਢਾਈ ਘੰਟੇ ਬੀਤ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਸਪੱਸ਼ਟ ਹਨ: ਆਸ਼ਾ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਅਜਿਹਾ ਸਿਹਤ ਕਾਰਡ ਬਣਾਇਆ ਜਾਵੇ ਜਿਸ ਰਾਹੀਂ ਉਹ ਸਰਕਾਰੀ ਸੂਚੀ ਅੰਦਰ ਆਉਂਦੇ ਨਿੱਜੀ ਹਸਪਤਾਲਾਂ ਦੀਆਂ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਣ; ਇਹ ਯਕੀਨੀ ਬਣਾਇਆ ਜਾਵੇ ਕਿ ਉਹ ਪੈਨਸ਼ਨ ਲਈ ਯੋਗ ਹਨ; ਉਨ੍ਹਾਂ ਨੂੰ ਛੋਟੇ-ਛੋਟੇ ਕਾਲਮ ਵਾਲ਼ੀ ਦੋ ਪੰਨਿਆਂ ਦੀ ਬੇਤਰਤੀਬੀ ਸ਼ੀਟ ਫੜ੍ਹਾਉਣ ਦੀ ਬਜਾਇ ਆਪਣੇ ਕੰਮਾਂ ਲਈ ਅਲੱਗ-ਅਲੱਗ ਪ੍ਰੋਫਾਰਮਾ ਦਿੱਤੇ ਜਾਣ; ਅਤੇ ਉਪ-ਕੇਂਦਰਾਂ ਵਿਖੇ ਇੱਕ ਅਲਮਾਰੀ ਦਿੱਤੀ ਜਾਵੇ, ਤਾਂਕਿ ਉਹ ਕੰਡੋਮ ਅਤੇ ਸੈਨਿਟਰੀ ਨੈਪਕਿਨ ਦਾ ਭੰਡਾਰਨ ਆਪਣੇ ਘਰੇ ਹੀ ਰੱਖਣ ਲਈ ਮਜ਼ਬੂਰ ਨਾ ਹੋਣ। ਹੋਲੀ ਤੋਂ ਠੀਕ ਤਿੰਨ ਦਿਨ ਪਹਿਲਾਂ, ਨੀਤੂ ਦੇ ਬੇਟੇ ਨੇ ਉਨ੍ਹਾਂ ਤੋਂ ਆਪਣੀ ਅਲਮਾਰੀ ਵਿੱਚ ਰੱਖੇ ਗੁਬਾਰਿਆਂ ਬਾਰੇ ਪੁੱਛਿਆ ਸੀ, ਜ਼ਾਹਰ ਸੀ ਉਹਦਾ ਮਤਬਲ ਨੀਤੂ ਦੁਆਰਾ ਜਮ੍ਹਾ ਕਰਕੇ ਰੱਖੇ ਕੰਡੋਮਾਂ ਤੋਂ ਸੀ।
ਅਤੇ ਸਭ ਤੋਂ ਵੱਡੀ ਗੱਲ, ਆਸ਼ਾ ਵਰਕਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕੰਮ ਨੂੰ ਸਨਮਾਨ ਅਤੇ ਮਾਨਤਾ ਮਿਲ਼ਣੀ ਚਾਹੀਦੀ ਹੈ।
ਛਵੀ ਦੱਸਦੀ ਹਨ,''ਜ਼ਿਲ੍ਹੇ ਦੇ ਕਈ ਹਸਪਤਾਲਾਂ ਦੇ ਪ੍ਰਸਵ ਕਮਰਿਆਂ ਵਿੱਚ, ਤੁਹਾਨੂੰ ਇੱਕ ਚਿੰਨ੍ਹ ਵਿਖਾਈ ਦਵੇਗਾ, ਜਿਸ ਵਿੱਚ ਲਿਖਿਆ ਹੋਵੇਗਾ 'ਆਸ਼ਾ (ASHAs) ਦਾ ਅੰਦਰ ਆਉਣਾ ਵਰਜਿਤ'। ਅਸੀਂ ਔਰਤਾਂ ਦੇ ਪ੍ਰਸਵ ਕਰਾਉਣ ਖ਼ਾਤਰ ਅੱਧੀ ਰਾਤ ਨੂੰ ਉਨ੍ਹਾਂ ਦੇ ਨਾਲ਼ ਜਾਂਦੇ ਹਾਂ ਅਤੇ ਉਹ ਸਾਨੂੰ ਰੁਕਣ ਲਈ ਕਹਿੰਦੀਆਂ ਹਨ, ਕਿਉਂਕਿ ਉਹ ਪੂਰੀ ਤਰ੍ਹਾਂ ਸੁਰਖਰੂ ਨਹੀਂ ਹੁੰਦੀਆਂ। ਪਰ, ਸਾਨੂੰ ਤਾਂ ਅੰਦਰ ਜਾਣ ਤੱਕ ਦੀ ਆਗਿਆ ਨਹੀਂ ਹੁੰਦੀ। ਹਸਪਤਾਲ ਦੇ ਕਰਮਚਾਰੀ ਕਹਿੰਦੇ ਹਨ,' ਚਲੋ ਅਬ ਨਿਕਲੋ ਯਹਾਂ ਸੇ ''। ਕਰਮਚਾਰੀ ਸਾਡੇ ਨਾਲ਼ ਇੰਝ ਸਲੂਕ ਕਰਦੇ ਹਨ ਜਿਵੇਂ ਅਸੀਂ ਉਨ੍ਹਾਂ ਨਾਲ਼ੋਂ ਹੀਣੇ ਹੋਈਏ।'' ਕਈ ਆਸ਼ਾ ਵਰਕਰ ਉਸ ਜੋੜੇ ਜਾਂ ਪਰਿਵਾਰ ਨਾਲ਼ ਪੂਰੀ ਰਾਤ ਰੁਕਦੀਆਂ ਹਨ, ਹਾਲਾਂਕਿ ਕਈ ਪ੍ਰਾਇਮਰੀ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿਖੇ ਕੋਈ ਉਡੀਕ ਕਮਰਾ ਤੱਕ ਨਹੀਂ ਹੁੰਦਾ।
ਵਿਰੋਧ ਪ੍ਰਦਰਸ਼ਨ ਦੀ ਥਾਂ 'ਤੇ ਹੀ ਦੁਪਹਿਰ ਦੇ ਕਰੀਬ 3 ਵੱਜ ਚੁੱਕੇ ਹਨ ਅਤੇ ਔਰਤਾਂ ਹੁਣ ਬੇਚੈਨ ਹੋਣ ਲੱਗੀਆਂ ਹਨ। ਉਨ੍ਹਾਂ ਨੇ ਆਪੋ-ਆਪਣੇ ਕੰਮੀਂ ਵਾਪਸ ਜਾਣਾ ਪੈਣਾ ਹੈ। ਸੁਨੀਤਾ ਇਹਨੂੰ ਖ਼ਤਮ ਕਰਨ ਵੱਲ ਲਿਜਾਂਦੀ ਹੋਈ: ''ਸਰਕਾਰ ਨੂੰ ਸਾਨੂੰ ਅਧਿਕਾਰਕ ਰੂਪ ਨਾਲ਼ ਕਰਮਚਾਰੀ ਮੰਨਣਾ ਚਾਹੀਦਾ ਹੈ, ਸਵੈ-ਸੇਵਕ ਨਹੀਂ। ਉਨ੍ਹਾਂ ਨੂੰ ਸਾਡੇ ਸਿਰੋਂ ਸਰਵੇਖਣ ਕਰਨ ਦਾ ਬੋਝ ਹਟਾਉਣਾ ਚਾਹੀਦਾ ਹੈ ਤਾਂਕਿ ਅਸੀਂ ਆਪਣਾ ਕੰਮ ਕਰ ਸਕੀਏ। ਸਾਨੂੰ ਸਾਡੇ ਬਕਾਏ ਅਦਾ ਕੀਤੇ ਜਾਣੇ ਚਾਹੀਦੇ ਹਨ।''
ਹੁਣ, ਕਈ ਆਸ਼ਾ ਵਰਕਰ ਇੱਥੋਂ ਉੱਠਣ ਲੱਗੀਆਂ। ਸੁਨੀਤਾ ਆਖ਼ਰੀ ਵਾਰ ਨਾਅਰਾ ਲਾਉਂਦੀ ਹਨ,'' ਕਾਮ ਪੱਕਾ, ਨੌਕਰੀ ਕੱਚੀ। '' ਅੱਗਿਓਂ ਜਵਾਬ ਵਿੱਚ ਔਰਤਾਂ ਪਹਿਲਾਂ ਦੇ ਮੁਕਾਬਲੇ ਹੋਰ ਉੱਚੀ ਅਵਾਜ਼ ਵਿੱਚ: '' ਨਹੀਂ ਚਲੇਗੀ, ਨਹੀਂ ਚਲੇਗੀ '' ਸ਼ੀਤਲ ਆਪਣੇ ਦੁਪੱਟੇ ਨਾਲ਼ ਸਿਰ ਢੱਕਦਿਆਂ ਹੱਸਦੀ ਹੋਈ ਕਹਿੰਦੀ ਹਨ,''ਸਾਡੇ ਕੋਲ਼ ਤਾਂ ਆਪਣੇ ਅਧਿਕਾਰਾਂ ਵਾਸਤੇ ਹੜਤਾਲ 'ਤੇ ਬੈਠਣ ਤੱਕ ਦਾ ਸਮਾਂ ਨਹੀਂ ਹੈ, ਸਾਨੂੰ ਹੜਤਾਲ਼ ਲਈ ਕੈਂਪਾਂ ਅਤੇ ਆਪਣੇ ਸਰਵੇਖਣਾਂ ਵਿਚਾਲਿਓਂ ਸਮਾਂ ਕੱਢਣਾ ਪੈਂਦਾ ਹੈ!'' ਇਹ ਗੱਲ ਕਰਕੇ ਉਹ ਘਰੋ-ਘਰੀ ਜਾ ਕੇ ਆਪਣੇ ਰੋਜ਼ਮੱਰਾ ਦੇ ਦੌਰੇ ਕਰਨ ਲਈ ਮੁੜ ਤੋਂ ਤਿਆਰ-ਬਰ-ਤਿਆਰ ਹੋ ਗਈ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ