ਇਹ ਪੈਨਲ '
ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ
ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਤਿਣਕਾ ਤਿਣਕਾ ਸਹੇਜਦੀਆਂ ਆਪਣਾ ਜੀਵਨ
ਉਹ ਤੜਕੇ 4 ਵਜੇ ਦੀ ਜਾਗਦੀ ਪਈ ਹੈ। ਇੱਕ ਘੰਟੇ ਬਾਅਦ ਉਹ ਛੱਤੀਸਗੜ੍ਹ ਦੇ ਸਰਗੁਜਾ ਜੰਗਲ ਦੇ ਤੇਂਦੂ ਪੱਤੇ ਤੋੜ ਰਹੀ ਹੈ। ਇਸ ਵੇਲ਼ੇ ਪੂਰੇ ਰਾਜ ਦੀਆਂ ਅੱਡੋ-ਅੱਡੋ ਥਾਵਾਂ 'ਤੇ ਹਜ਼ਾਰਾਂ-ਹਜ਼ਾਰ ਆਦਿਵਾਸੀ ਇਹੀ ਕੰਮ ਕਰ ਰਹੇ ਹਨ। ਬੀੜੀ ਬਣਾਉਣ ਵਿੱਚ ਵਰਤੀਂਦੇ ਇਨ੍ਹਾਂ ਪੱਤਿਆਂ ਨੂੰ ਤੋੜਨ ਲਈ, ਪੂਰਾ ਪਰਿਵਾਰ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ।
ਜੇ ਦਿਨ ਚੰਗਾ ਰਿਹਾ ਤਾਂ ਇਨ੍ਹਾਂ ਦਾ ਛੇ ਮੈਂਬਰੀ ਟੱਬਰ 90 ਰੁਪਏ ਤੱਕ ਕਮਾ ਸਕਦਾ ਹੈ। ਤੇਂਦੂ ਦੇ ਸੀਜ਼ਨ ਦੇ ਦੋ ਬੇਹਤਰੀਨ ਹਫ਼ਤਿਆਂ ਅੰਦਰ ਉਹ ਜਿੰਨਾ ਕੁ ਕਮਾਉਂਦੇ ਹਨ, ਓਨਾ ਅਗਲੇ ਤਿੰਨ ਮਹੀਨਿਆਂ ਵਿੱਚ ਵੀ ਨਹੀਂ ਕਮਾ ਪਾਉਂਦੇ। ਇਸਲਈ ਜਦੋਂ ਤੱਕ ਇਹ ਪੱਤੇ ਮੌਜੂਦ ਰਹਿੰਦੇ ਹਨ, ਉਹ ਇਨ੍ਹਾਂ ਤੋਂ ਵੱਧ ਤੋਂ ਵੱਧ ਕਮਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਛੇ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਰੋਜ਼ੀਰੋਟੀ ਵਾਸਤੇ ਨਵੇਂ ਦਾਅਪੇਚ ਘੜ੍ਹਨੇ ਪੈਣਗੇ। ਇਸ ਇਲਾਕੇ ਵਿੱਚ ਰਹਿਣ ਵਾਲ਼ਾ ਲਗਭਗ ਹਰੇਕ ਪਰਿਵਾਰ ਇਸ ਸਮੇਂ ਜੰਗਲ ਵਿੱਚ ਦਿੱਸ ਰਿਹਾ ਹੈ। ਤੇਂਦੂ ਪੱਤੇ ਆਦਿਵਾਸੀ ਅਰਥਚਾਰੇ ਲਈ ਖ਼ਾਸ ਮਹੱਤਵ ਰੱਖਦੇ ਹਨ।
ਇਸੇ ਤਰ੍ਹਾਂ, ਮਹੂਏ ਦੇ ਫੁੱਲ ਚੁਗਣ ਦਾ ਕੰਮ ਵੀ ਜਿੰਨਾ ਅਹਿਮ ਹੈ ਓਨਾ ਹੀ ਅਹਿਮ ਹੈ ਚਿਰੋਂਜੀ (ਇਮਲੀ) ਇਕੱਠੀ ਕਰਨਾ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਦਿਵਾਸੀ ਪਰਿਵਾਰ, ਆਪਣੀ ਅੱਧੀ ਤੋਂ ਵੱਧ ਆਮਦਨੀ ਲਈ ਬਗ਼ੈਰ ਇਮਾਰਤੀ ਲੱਕੜੀ ਦੇ ਜੰਗਲੀਂ ਉਤਪਾਦਾਂ (NTFP) 'ਤੇ ਨਿਰਭਰ ਰਹਿੰਦੇ ਹਨ। ਪਰ ਉਨ੍ਹਾਂ ਨੂੰ ਉਤਪਾਦ ਦੇ ਮੁੱਲ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਮਿਲ਼ ਪਾਉਂਦਾ ਹੈ। ਇਕੱਲੇ ਮੱਧ ਪ੍ਰਦੇਸ਼ ਵਿੱਚ, ਇਸ ਤਰ੍ਹਾਂ ਦੇ ਉਤਪਾਦ ਦਾ ਮੁੱਲ ਸਲਾਨਾ ਘੱਟ ਤੋਂ ਘੱਟ 2,000 ਕਰੋੜ ਰੁਪਏ ਹੈ।
ਸਟੀਕ ਅੰਕੜਿਆਂ ਦਾ ਮਿਲ਼ਣਾ ਕੁਝ ਕੁਝ ਮੁਸ਼ਕਲ ਹੈ ਕਿਉਂਕਿ ਰਾਜ ਸਰਕਾਰ ਨੇ ਹੁਣ ਜੰਗਲਾਂ ਦੀ ਘੇਰਾਬੰਦੀ ਕਰ ਦਿੱਤੀ ਹੈ। ਪਰ, ਰਾਸ਼ਟਰੀ ਪੱਧਰ 'ਤੇ ਐੱਨਟੀਐੱਫ਼ਪੀ ਦਾ ਮੁੱਲ 15,000 ਕਰੋੜ ਰੁਪਏ ਤੋਂ ਵੱਧ ਹੈ।
ਆਦਿਵਾਸੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਤੋਂ ਕਾਫ਼ੀ ਘੱਟ ਮਿਲ਼ਦਾ ਹੈ। ਉਨ੍ਹਾਂ ਲਈ ਇਹੀ ਜ਼ਿੰਦਗੀ ਦਾ ਸਹਾਰਾ ਹੈ ਅਤੇ ਹੋ ਸਕਦਾ ਹੈ ਕਿ ਇਹ ਜੀਵਨ ਲਈ ਵੀ ਕਾਫ਼ੀ ਨਾ ਹੋਵੇ। ਅਸਲੀ ਕਮਾਈ ਆੜ੍ਹਤੀਆਂ, ਵਪਾਰੀਆਂ ਅਤੇ ਸ਼ਾਹੂਕਾਰਾਂ ਵਗੈਰਾ ਦੀ ਹੁੰਦੀ ਹੈ। ਪਰ ਐੱਨਟੀਐੱਫਪੀ ਨੂੰ ਇਕੱਠਾ ਕਰਨ, ਪ੍ਰੋਸੈਸ ਕਰਨ ਅਤੇ ਬਜ਼ਾਰ ਤੱਕ ਪਹੁੰਚਾਉਣ ਦਾ ਕੰਮ ਕੌਣ ਕਰਦਾ ਹੈ? ਪੇਂਡੂ ਔਰਤਾਂ ਹੀ ਹਨ ਜੋ ਇਹ ਸਾਰੇ ਕੰਮ ਕਰਦੀਆਂ ਹਨ। ਉਹ ਇਸ ਤਰ੍ਹਾਂ ਦੇ ਜੰਗਲੀ ਉਤਪਾਦਾਂ ਨੂੰ ਥੋਕ ਵਿੱਚ ਇਕੱਠਾ ਕਰਦੀਆਂ ਹਨ। ਇਸ ਵਿੱਚ ਇਲਾਜ ਸਬੰਧੀ ਜੜ੍ਹੀਆਂ-ਬੂਟੀਆਂ ਵੀ ਸ਼ਾਮਲ ਹੁੰਦੀਆਂ ਹਨ ਜੋਕਿ ਸੰਸਾਰ ਪੱਧਰ 'ਤੇ ਅਰਬਾਂ ਡਾਲਰਾਂ ਦਾ ਵਪਾਰ ਹੈ। ਇੱਕ ਪਾਸੇ ਜਿੱਥੇ ਇਹ ਵਪਾਰ ਤੇਜ਼ੀ ਨਾਲ਼ ਪੈਰ ਪਸਾਰ ਰਿਹਾ ਹੈ, ਓਧਰ ਹੀ ਦੂਜੇ ਹੱਥ ਇਨ੍ਹਾਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਗਿਰਾਵਟ ਨਾਲ਼ ਜੂਝ ਰਿਹਾ ਹੈ। ਇਹਦੇ ਲਈ ਉਹ ਨੈੱਟਵਰਕ ਜ਼ਿੰਮੇਦਾਰ ਹੈ ਜੋ ਇਨ੍ਹਾਂ ਦੀ ਕਿਰਤ ਦਾ ਸ਼ੋਸ਼ਣ ਕਰਦਾ ਹੈ।
ਜਿਓਂ ਜਿਓਂ ਜੰਗਲੀ ਭੂਮੀ ਘੱਟਦੀ ਜਾਂਦੀ ਹੈ, ਇਨ੍ਹਾਂ ਔਰਤਾਂ ਲਈ ਕੰਮ ਮਿਲ਼ਣਾ ਓਨਾ ਹੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਨ੍ਹਾਂ ਦੇ ਪੈਦਲ ਤੁਰਨ ਦੇ ਰਸਤੇ ਅਤੇ ਕੰਮ ਹੋਰ ਔਖ਼ੇਰੇ ਅਤੇ ਲੰਬੇ ਹੁੰਦੇ ਜਾਂਦੇ ਹਨ। ਆਦਿਵਾਸੀ ਭਾਈਚਾਰਿਆਂ ਦੇ ਅੰਦਰ ਜਿਵੇਂ-ਜਿਵੇਂ ਗ਼ਰੀਬੀ ਵੱਧ ਰਹੀ ਹੈ, ਉਵੇਂ ਉਵੇਂ ਐੱਨਟੀਐੱਫ਼ਪੀ 'ਤੇ ਉਨ੍ਹਾਂ ਦੀ ਨਿਰਭਰਤਾ ਵੀ ਵੱਧਦੀ ਜਾਂਦੀ ਹੈ ਅਤੇ ਉਨ੍ਹਾਂ ਦੀ ਜ਼ਿੰਮੇਦਾਰੀਆਂ ਵੀ ਵੱਧ ਰਹੀਆਂ ਹਨ। ਓੜੀਸਾ ਵਿੱਚ ਇਸ ਤਰ੍ਹਾਂ ਦਾ ਕੰਮ ਕਰਨ ਵਾਲ਼ੀਆਂ ਔਰਤਾਂ ਇੱਕ ਦਿਨ ਵਿੱਚ ਤਿੰਨ ਤੋਂ ਚਾਰ ਕਿਲੋਮੀਟਰ ਪੈਦਲ ਤੁਰਦੀਆਂ ਹਨ। ਉਹ 15 ਘੰਟੇ ਜਾਂ ਉਸ ਤੋਂ ਵੱਧ ਸਮੇਂ ਤੱਕ ਕੰਮੇ ਲੱਗੀਆਂ ਰਹਿੰਦੀਆਂ ਹਨ। ਪੂਰੇ ਦੇਸ਼ ਦੀਆਂ ਲੱਖਾਂ-ਲੱਖ ਗ਼ਰੀਬ ਆਦਿਵਾਸੀ ਔਰਤਾਂ ਹੀ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਵਿੱਚ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ। ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਜੰਗਲ ਸੁਰੱਖਿਆਕਰਮੀਆਂ, ਵਪਾਰੀਆਂ, ਪੁਲਿਸ, ਵਿਰੋਧੀ ਪ੍ਰਸ਼ਾਸਕਾਂ ਅਤੇ ਅਕਸਰ ਹੀ ਅਣਉੱਚਿਤ ਕਨੂੰਨਾਂ ਕਾਰਨ ਉਤਪੀੜਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਝਾੜੂ ਬਣਾਉਂਦੀਆਂ ਇਹ ਔਰਤਾਂ ਆਂਧਰਾ ਪ੍ਰਦੇਸ਼ ਦੇ ਵਿਜਯਨਗਰ ਦੀਆਂ ਹਨ। ਰਾਜ ਦੇ ਕਾਫ਼ੀ ਸਾਰੇ ਆਦਿਵਾਸੀ ਪਰਿਵਾਰਾਂ ਦੀ ਅੱਧੀ ਤੋਂ ਵੱਧ ਆਮਦਨੀ ਸਿੱਧੇ-ਸਿੱਧੇ ਗ਼ੈਰ-ਇਮਾਰਤੀ ਲੱਕੜ ਵਾਲ਼ੇ ਜੰਗਲੀ ਉਤਪਾਦਾਂ ਨੂੰ ਵੇਚਣ ਨਾਲ਼ ਹੀ ਹੁੰਦੀ ਹੈ। ਗ਼ੈਰ-ਆਦਿਵਾਸੀ ਭਾਈਚਾਰਿਆਂ ਦੇ ਕਾਫ਼ੀ ਸਾਰੇ ਗ਼ਰੀਬਾਂ ਨੂੰ ਵੀ ਰੋਜ਼ੀਰੋਟੀ ਵਾਸਤੇ ਐੱਨਟੀਐੱਫਪੀ ਦੀ ਲੋੜ ਪੈਂਦੀ ਹੈ।
ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਦੀ ਇਹ ਔਰਤ ਬਹੁਗੁਣੀ ਹੈ। ਉਹ ਸਿਰਫ਼ ਭਾਂਡੇ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਦਾ ਕੰਮ ਹੀ ਨਹੀਂ ਕਰਦੀ। ਇਹ ਤਾਂ ਉਨ੍ਹਾਂ ਦਾ ਪਰਿਵਾਰਕ ਕਾਰੋਬਾਰ ਹੈ। ਉਹ ਰੱਸੀ, ਟੋਕਰੀ ਅਤੇ ਝਾੜੂ ਵੀ ਬਣਾਉਂਦੀ ਹੈ। ਉਨ੍ਹਾਂ ਦੇ ਕੋਲ਼ ਉਤਪਾਦਾਂ ਦਾ ਇੱਕ ਹੈਰਾਨੀਜਨਕ ਭੰਡਾਰਨ ਹੈ। ਉਹ ਵੀ ਇੱਕ ਅਜਿਹੇ ਖੇਤਰ ਵਿੱਚ ਰਹਿੰਦਿਆਂ ਹੋਇਆਂ ਜਿੱਥੇ ਹੁਣ ਜੰਗਲ ਕਰੀਬ ਕਰੀਬ ਗਾਇਬ ਹੋ ਚੁੱਕੇ ਹਨ। ਉਹ ਇਹ ਵੀ ਜਾਣਦੀਆਂ ਹਨ ਕਿ ਖ਼ਾਸ ਤਰ੍ਹਾਂ ਦੀਆਂ ਮਿੱਟੀਆਂ ਕਿੱਥੇ ਮਿਲ਼ਣਗੀਆਂ। ਇਨ੍ਹਾਂ ਦਾ ਗਿਆਨ ਅਤੇ ਕੰਮ ਵਿਲੱਖਣ ਹਨ; ਪਰ ਇਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਤਰਸਯੋਗ ਹੈ।
ਤਰਜਮਾ: ਕਮਲਜੀਤ ਕੌਰ