"ਟਰੈਕਟਰ ਦੀ ਇੱਕ ਟਰਾਲੀ ਨੇ ਪਿੰਡ ਦੇ ਚਾਰੇ ਪਾਸੇ ਚੱਕਰ ਲਗਾਇਆ ਅਤੇ ਸਾਰਿਆਂ ਅੱਗੇ ਬੇਨਤੀ ਕੀਤੀ ਕਿ ਉਹ ਧਰਨਾ ਸਥਲ 'ਤੇ ਭੇਜਣ ਲਈ ਜੋ ਕੁਝ ਵੀ ਦੇ ਸਕਦੇ ਹਨ ਉਹ ਜਮ੍ਹਾ ਕਰ ਦੇਣ। ਮੈਂ 500 ਰੁਪਏ, ਤਿੰਨ ਲੀਟਰ ਦੁੱਧ ਅਤੇ ਇੱਕ ਕੌਲੀ ਖੰਡ ਦਿੱਤੀ," ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਪੇਟਵਾੜ ਪਿੰਡ ਦੀ 34 ਸਾਲਾ ਸੋਨੀਆ ਪੇਟਵਾੜ ਨੇ ਦੱਸਿਆ।

ਨਾਰਨੌਂਦ ਤਹਿਸੀਲ ਵਿੱਚ ਸਥਿਤ ਉਨ੍ਹਾਂ ਦੇ ਪਿੰਡ ਵਿੱਚ ਦਸੰਬਰ 2020 ਦੇ ਅੱਧ ਵਿੱਚ ਪਹਿਲੀ ਵਾਰ ਰਾਸ਼ਨ ਇਕੱਠਾ ਕੀਤਾ ਗਿਆ ਸੀ। ਇਹ ਰਾਸ਼ਨ ਪੇਟਵਾੜ ਤੋਂ 105 ਕਿਲੋਮੀਟਰ ਦੂਰ, ਦਿੱਲੀ-ਹਰਿਆਣਾ ਸੀਮਾ 'ਤੇ ਸਥਿਤ ਟੀਕਰੀ ਕਿਸਾਨ ਪ੍ਰਦਰਸ਼ਨਕਾਰੀਆਂ ਲਈ ਭੇਜਿਆ ਗਿਆ, ਜਿੱਥੇ ਕਿਸਾਨ ਕੇਂਦਰ ਸਰਕਾਰ ਦੁਆਰਾ ਪਾਸ ਤਿੰਨੋਂ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ਼ 26 ਨਵੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ।

"ਮੇਰੇ ਕੋਲ਼ ਬਹੁਤੇ ਪੈਸੇ ਨਹੀਂ ਸਨ। ਸੋ ਮੈਂ ਲੱਕੜ (ਬਾਲਣ) ਦੇ ਟੁੱਕੜੇ ਦਿੱਤੇ", ਸੋਨੀਆ ਦੇ ਵੱਡੇ ਪਰਿਵਾਰ ਦੀ 60 ਸਾਲਾ ਮੈਂਬਰ ਸ਼ਾਂਤੀ ਦੇਵੀ ਨੇ ਕਿਹਾ। "ਉਦੋਂ ਠੰਡ ਪੈ ਰਹੀ ਸੀ। ਮੈਂ ਸੋਚਿਆ, ਪ੍ਰਦਰਸ਼ਨਕਾਰੀ ਲੱਕੜ ਬਾਲ਼ ਕੇ ਖੁਦ ਨੂੰ ਨਿੱਘਾ ਰੱਖ ਸਕਦੇ ਹਨ।"

ਜਨਵਰੀ ਦੀ ਸ਼ੁਰੂਆਤ ਵਿੱਚ ਦੂਜੀ ਵਾਰ ਪੇਟਵਾੜ ਵਿੱਚ ਟਰੈਕਟਰ-ਟਰਾਲੀ ਆਏ ਸਨ। "ਜਦੋਂ ਵੀ ਕੋਈ ਵਿਅਕਤੀ ਵਿਰੋਧ ਪ੍ਰਦਰਸ਼ਨ ਲਈ ਰਵਾਨਾ ਹੁੰਦਾ ਹੈ, ਤਾਂ ਪਿੰਡ ਦੀ ਹਰੇਕ ਔਰਤ ਉਹਨੂੰ ਕੁਝ ਨਾ ਕੁਝ ਦਿੰਦੀ," ਸੋਨੀਆ ਨੇ ਦੱਸਿਆ। ਡੰਗਰ ਪਾਲਣ ਵਾਲੀਆਂ ਔਰਤਾਂ ਦੁੱਧ ਦੇ ਕੇ ਮਦਦ ਕਰਦੀਆਂ ਸਨ। ਇਹ ਪਰਦੇ ਪਿੱਛਿਓਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਦਾ ਉਨ੍ਹਾਂ ਦਾ ਆਪਣਾ ਤਰੀਕਾ ਹੈ।

ਕਿਸਾਨਾਂ ਦਾ ਧਰਨਾ ਹੁਣ ਤੀਸਰੇ ਮਹੀਨੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਹਜਾਰਾਂ ਪ੍ਰਦਰਸ਼ਨਕਾਰੀ-ਪੁਰਖ ਅਤੇ ਔਰਤਾਂ-ਹਾਲੇ ਤੀਕਰ ਦਿੱਲੀ ਦੀਆਂ ਸਰਹੱਦਾਂ-ਮੁੱਖ ਰੂਪ ਨਾਲ਼ ਟੀਕਰੀ ਅਤੇ ਸਿੰਘੂ (ਦਿੱਲੀ-ਹਰਿਆਣਾ ਸੀਮਾ) ਅਤੇ ਗਾਜੀਪੁਰ (ਦਿੱਲੀ-ਉੱਤਰ ਪ੍ਰਦੇਸ਼ ਸੀਮਾ) 'ਤੇ ਇਕੱਠੇ ਹਨ।

ਮੈਂ ਪਹਿਲੀ ਵਾਰ ਸੋਨੀਆ ਨਾਲ਼ 3 ਫਰਵਰੀ ਦੀ ਦੁਪਹਿਰ ਨੂੰ ਟੀਕਰੀ ਵਿੱਚ ਮਿਲੀ ਸਾਂ। ਉਹ ਧਰਨੇ 'ਤੇ ਪੇਟਵਾੜ-ਕਰੀਬ 10,000 ਲੋਕਾਂ ਦੀ ਅਬਾਦੀ (ਮਰਦਮਸ਼ੁਮਾਰੀ 2011) ਵਾਲੇ ਪਿੰਡ-ਦੀਆਂ 150 ਔਰਤਾਂ ਦੇ ਇੱਕ ਸਮੂਹ ਦੇ ਨਾਲ਼ ਸਨ, ਪਰ ਉਦੋਂ ਉਹ ਵਾਪਸ ਜਾਣ ਦੀ ਤਿਆਰ ਕਰ ਰਹੀ ਸਨ। "ਵਿਰੋਧ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਦ ਜੋਸ਼ ਆ ਜਾਂਦਾ ਹੈ," ਉਨ੍ਹਾਂ ਨੇ ਮੈਨੂੰ ਦੱਸਿਆ ਸੀ, ਜਦੋਂ ਮੈਂ 7 ਫਰਵਰੀ ਨੂੰ ਪੇਟਵਾੜ ਵਿੱਚ ਉਨ੍ਹਾਂ ਨਾਲ਼ ਮਿਲੀ ਸਾਂ।

Sonia (left) and her family give their share of land in Petwar village (right) to their relatives on rent. They mainly grow wheat and rice there
PHOTO • Sanskriti Talwar
Sonia (left) and her family give their share of land in Petwar village (right) to their relatives on rent. They mainly grow wheat and rice there
PHOTO • Sanskriti Talwar

ਸੋਨੀਆ (ਖੱਬੇ) ਅਤੇ ਉਨ੍ਹਾਂ ਦਾ ਪਰਿਵਾਰ ਪਿੰਡ ਵਿੱਚ ਆਪਣੇ ਹਿੱਸੇ ਦੀ ਜ਼ਮੀਨ (ਸੱਜੇ) ਆਪਣੇ ਰਿਸ਼ਤੇਦਾਰਾਂ ਨੂੰ ਕਿਰਾਏ ' ਤੇ ਦਿੰਦੀ ਹਨ। ਉਸ ' ਤੇ ਉਹ ਮੁੱਖ ਤੌਰ ਰੂਪ ਨਾਲ਼ ਕਣਕ ਅਤੇ ਚੌਲ ਦੀ ਕਾਸ਼ਤ ਕਰਦੇ ਹਨ

"ਹੁਣ ਅਸੀਂ ਇੱਕ ਅਲੱਗ ਸਮੇਂ ਵਿੱਚ ਰਹਿ ਰਹੇ ਹਾਂ, ਉਸ ਤੋਂ ਉਲਟ ਜਦੋਂ ਔਰਤਾਂ ਨੂੰ ਕੁਝ ਵੀ ਕਰਨ ਤੋਂ ਰੋਕ ਦਿੱਤਾ ਜਾਂਦਾ ਸੀ," ਸੋਨੀਆ ਨੇ ਕਿਹਾ। " ਸਾਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣਾ ਪਵੇਗਾ। ਜੇਕਰ ਔਰਤਾਂ ਪਿਛਾਂਹ ਹੱਟ ਜਾਣ, ਤਾਂ ਇਹ ਅੰਦਲੋਨ ਅੱਗੇ ਕਿਵੇਂ ਵੱਧੇਗਾ?"

ਔਰਤਾਂ ਇਸ ਸੰਘਰਸ਼ ਵਿੱਚ ਪੂਰੇ ਮਨ ਨਾਲ਼ ਭਾਗ ਲੈ ਰਹੀਆਂ ਹਨ, ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੈਂਬਰ ਜਸਬੀਰ ਕੌਰ ਨੱਟ ਨੇ ਕਿਹਾ। "ਪਿੰਡਾਂ ਤੋਂ ਪਿੰਨੀ (ਮਿਠਾਈ) ਭੇਜ ਕੇ ਜਾਂ ਇੱਥੇ ਮੌਜੂਦ ਲੋਕਾਂ ਨੂੰ ਖੁਆਉਣ ਲਈ ਰਾਸ਼ਨ ਇਕੱਠਾ ਕਰਕੇ- ਔਰਤਾਂ ਹਰ ਤਰੀਕੇ ਨਾਲ਼ ਯੋਗਦਾਨ ਪਾ ਰਹੀਆਂ ਹਨ।"

ਸੋਨੀਆ ਅਤੇ ਉਨ੍ਹਾਂ ਦੇ ਪਤੀ, 43 ਸਾਲਾ ਵਰਿੰਦਰ ਹਰਿਆਣਆ ਦੇ ਜਾਟ ਭਾਈਚਾਰੇ ਨਾਲ਼ ਸਬੰਧਤ ਹਨ। ਪੇਟਵਾੜ ਵਿੱਚ ਵਰਿੰਦਰ ਦੇ ਪਿਤਾ ਅਤੇ ਉਨ੍ਹਾਂ ਦੇ ਪੰਜ ਭਰਾਵਾਂ ਵਿੱਚੋਂ ਹਰੇਕ ਦੇ ਕੋਲ਼ 1.5 ਏਕੜ ਜ਼ਮੀਨ ਹੈ। ਉਨ੍ਹਾਂ ਵਿੱਚੋਂ ਚਾਰ, ਜਿਨ੍ਹਾਂ ਵਿੱਚ ਸੋਨੀਆ ਦੇ ਸਹੁਰਾ ਸਾਹਬ ਵੀ ਸ਼ਾਮਲ ਹਨ, ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੇ ਪੁੱਤਾਂ ਦੇ ਕੋਲ਼ ਚਲੀ ਗਈ ਹੈ। ਵਰਿੰਦਰ, ਜੋ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹਨ, ਅਤੇ ਉਨ੍ਹਾਂ ਦੇ ਭਰਾ ਹੁਣ ਸਾਂਝੇ ਰੂਪ ਨਾਲ਼ ਆਪਣੇ ਪਿਤਾ ਦੀ ਭੂਮੀ ਦੇ ਮਾਲਕ ਹਨ।

"ਜਦੋਂ ਮੈਂ 20 ਸਾਲਾਂ ਦੀ ਸਾਂ, ਤਾਂ ਮੇਰੇ ਪਤੀ ਦੀ ਮੌਤ ਹੋ ਗਈ," ਸ਼ਾਂਤੀ ਨੇ ਦੱਸਿਆ, ਜੋ ਵਰਿੰਦਰ ਦੇ ਇੱਕ ਚਾਚਾ ਦੀ ਵਿਧਵਾ ਹਨ। ਉਨ੍ਹਾਂ ਦਾ ਵਿਆਹ 14 ਸਾਲਾਂ ਦੀ ਉਮਰ ਵਿੱਚ ਹੀ ਹੋ ਗਿਆ ਸੀ। "ਉਦੋਂ ਤੋਂ, ਮੈਂ ਆਪਣੇ  ਹਿੱਸੇ ਦੀ ਜ਼ਮੀਨ 'ਤੇ ਖੇਤੀ ਕਰ ਰਹੀ ਹਾਂ।" ਸ਼ਾਂਤੀ, ਜੋ ਸੋਨੀਆ ਦੇ ਘਰ ਦੇ ਐਨ ਨੇੜੇ ਰਹਿੰਦੀ ਹਨ, ਜਦੋਂ ਮੈਂ ਉੱਥੇ ਸਾਂ ਤਾਂ ਉਹ ਉਨ੍ਹਾਂ ਨੂੰ ਮਿਲ਼ਣ ਆਈ ਹੋਈ ਸਨ।

ਸੋਨੀਆ ਦੇ ਸਹੁਰੇ ਦੇ ਇੱਕ ਹੋਰ ਭਰਾ ਦੀ ਵਿਧਵਾ, ਵਿੱਦਿਆ ਦੇਵੀ ਨੇ ਮੈਨੂੰ ਕਿਹਾ,"ਅਸੀਂ ਪਹਿਲਾਂ ਸਾਰਾ ਕੰਮ ਹੱਥੀਂ ਕਰਦੇ ਸਾਂ। ਹੁਣ ਬਹੁਤੇਰਾ ਕੰਮ ਬਿਜਲੀ ਰਾਹੀਂ ਹੋਣ ਲੱਗਿਆ ਹੈ।" ਵਿੱਦਿਆ,ਜੋ ਹੁਣ 60 ਸਾਲਾਂ ਦੀ ਹਨ, ਯਾਦ ਕਰਦੀ ਹਨ ਕਿ ਕਿਵੇਂ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ 4 ਵਜੇ ਹੁੰਦੀ ਸ। "ਅਸੀਂ ਕਣਕ ਪੀਹ ਕੇ ਆਟਾ ਤਿਆਰ ਕਰਦੇ, ਫਿਰ ਡੰਗਰਾਂ ਨੂੰ ਖੁਆਉਂਦੇ ਅਤੇ ਗਾਵਾਂ ਦਾ ਦੁੱਧ ਚੋਂਦੇ ਸਾਂ। ਉਹਦੇ ਬਾਅਦ ਪੂਰੇ ਪਰਿਵਾਰ ਲਈ ਰੋਟੀ-ਟੁੱਕੜ ਤਿਆਰ ਕਰਦੇ ਸਾਂ।"

Left: Vidya Devi does not farm anymore, but supports the farmers' protests. Right: Shanti Devi started working on her family's land when she was 20 years old
PHOTO • Sanskriti Talwar
Left: Vidya Devi does not farm anymore, but supports the farmers' protests. Right: Shanti Devi started working on her family's land when she was 20 years old
PHOTO • Sanskriti Talwar

ਖੱਬੇ : ਵਿੱਦਿਆ ਦੇਵੀ ਹੁਣ ਖੇਤੀ ਨਹੀਂ ਕਰਦੀ, ਪਰ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹਨ। ਸੱਜੇ : ਸ਼ਾਂਤੀ ਦੇਵੀ ਨੇ 20 ਸਾਲ ਦੀ ਉਮਰੇ ਆਪਣੇ ਪਰਿਵਾਰ ਦੀ ਜ਼ਮੀਨ ' ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ

ਸਵੇਰ ਕਰੀਬ 8 ਵਜੇ ਚਾਰ ਕਿਲੋਮੀਟਰ ਪੈਦਲ ਤੁਰ ਕੇ ਖੇਤਾਂ ਨੂੰ ਜਾਂਦੀ ਸਾਂ, ਵਿੱਦਿਆ ਦੇਵੀ ਨੇ ਦੱਸਿਆ। "ਅਸੀਂ ਉੱਥੇ- ਗੋਡੀ, ਬੀਜਾਈ ਅਤੇ ਵਾਢੀ ਦਾ ਕੰਮ ਕਰਦੇ ਅਤੇ ਤਿਰਕਾਲੀਂ 6 ਵਜੇ ਘਰ ਵਾਪਸ ਮੁੜਦੇ ਸਾਂ।" ਉਸ ਤੋਂ ਬਾਅਦ ਉਹ ਔਰਤਾਂ ਡੰਗਰਾਂ ਨੂੰ ਚਾਰਾ ਦਿੰਦੀਆਂ, ਰਾਤ ਦੀ ਰੋਟੀ ਬਣਾਉਂਦੀਆਂ ਅਤੇ 10 ਵਜੇ ਸੌਂ ਜਾਂਦੀਆਂ ਸਨ। "ਅਗਲੇ ਦਿਨ ਫਿਰ ਉਹ ਚੱਕਰ ਦਹੁਰਾਇਆ ਜਾਂਦਾ," ਉਨ੍ਹਾਂ ਨੇ ਕਿਹਾ।

"ਉਹ ਤਿਰਕਾਲਾਂ ਤੋਂ ਪਹਿਲਾਂ ਕਦੇ ਵੀ ਖੇਤਾਂ ਤੋਂ ਵਾਪਸ ਨਾ ਮੁੜਦੀਆਂ," ਸੋਨੀਆ ਨੇ ਇਹ ਜੋੜਦਿਆਂ ਕਿਹਾ ਕਿ ਹੁਣ ਔਰਤ ਕਿਸਾਨਾਂ ਲਈ ਕੰਮ ਅਸਾਨ ਹੋ ਗਿਆ ਹੈ। "ਹੁਣ ਫ਼ਸਲਾਂ ਨੂੰ ਵੱਢਣ, ਕੀਟ-ਨਾਸ਼ਕਾਂ ਦਾ ਛਿੜਕਾਓ ਕਰਨ ਲਈ ਮਸ਼ੀਨ ਆ ਗਈ ਹੈ, ਅਤੇ ਟਰੈਕਟਰ ਵੀ ਕਾਫੀ ਸਾਰਾ ਕੰਮ ਕਰਦੇ ਹਨ। ਪਰ ਤੁਹਾਨੂੰ ਅਜੇ ਵੀ ਇਸ ਸਭ 'ਤੇ ਪੈਸਾ ਖ਼ਰਚਣਾ ਪੈਂਦਾ ਹੈ।"

ਵਿੱਦਿਆ ਦਾ ਪਰਿਵਾਰ ਹੁਣ ਆਪਣੀ 1.5 ਏਕੜ ਜ਼ਮੀਨ 'ਤੇ ਖੇਤੀ ਨਹੀਂ ਕਰਦਾ ਹੈ। "ਅਸੀਂ 23 ਸਾਲ ਇਹ ਕੰਮ ਪਹਿਲਾਂ ਛੱਡ ਦਿੱਤਾ ਸੀ। ਮੇਰੇ ਪਤੀ ਦੀ ਮੌਤ ਹੋ ਗਈ ਅਤੇ ਮੈਂ ਸਦਾ ਬੀਮਾਰ ਰਹਿਣ ਲੱਗੀ। ਮੇਰੇ ਬੇਟੇ ਨੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਦ ਸਕੂਲ ਵਿੱਚ (ਬਤੌਰ ਅਧਿਆਪਕ) ਆਪਣੇ ਪਿਤਾ ਦੀ ਨੌਕਰੀ ਲੈ ਲਈ," ਉਨ੍ਹਾਂ ਨੇ ਦੱਸਿਆ।

ਵਿੱਦਿਆ ਦੇ ਪਰਿਵਾਰ ਦੇ ਮਾਲਿਕਾਨੇ ਵਾਲੀ ਜਮੀਨ ਸ਼ਾਂਤੀ ਅਤੇ ਉਨ੍ਹਾਂ ਦੇ 39 ਸਾਲਾ ਬੇਟੇ, ਪਵਨ ਕੁਮਾਰ ਦੇ ਕੋਲ਼ ਕਿਰਾਏ 'ਤੇ ਹੈ। ਪਿਛਲੇ ਦੋ ਵਰ੍ਹਿਆਂ ਤੋਂ, ਸੋਨੀਆ ਦੇ ਪਰਿਵਾਰ ਨੇ ਵੀ ਆਪਣੀ 1.5 ਏਕੜ ਜ਼ਮੀਨ ਸ਼ਾਂਤੀ ਅਤੇ ਪਵਨ ਨੂੰ 60,000 ਰੁਪਏ ਸਲਾਨਾ ਕਿਰਾਏ 'ਤੇ ਦੇ ਛੱਡੀ ਹੈ-ਇਹ ਆਮਦਨੀ ਵਰਿੰਦਰ ਅਤੇ ਉਨ੍ਹਾਂ ਦੇ ਭਰਾ ਦੁਆਰਾ ਸਾਂਝੀ ਵੰਡ ਲਈ ਜਾਂਦੀ ਹੈ। ਸ਼ਾਂਤੀ ਅਤੇ ਪਵਨ ਕਿਰਾਏ ਦੀ ਜ਼ਮੀਨ ਦੇ ਛੋਟੇ ਜਿਹੇ ਟੁਕੜੇ 'ਤੇ ਆਪਣੇ ਪਰਿਵਾਰ ਦੀ ਖਪਤ ਵਾਸਤੇ ਸਬਜੀਆਂ ਅਤੇ ਫਲ ਉਗਾਉਂਦੇ ਹਨ ਅਤੇ ਇਸ ਵਿੱਚ ਕੁਝ ਵੱਡੇ ਟੱਬਰਾਂ ਨੂੰ ਵੀ ਦੇ ਦਿੰਦੇ ਹਨ।

ਝੋਨੇ ਦੀ ਖੇਤੀ ਵਿੱਚ ਚੰਗਾ ਝਾੜ ਨਹੀਂ ਮਿਲ਼ਦਾ। "ਝੋਨੇ ਦੀ ਕਾਸ਼ਤ ਲਈ ਅਸੀਂ ਪ੍ਰਤੀ ਏਕੜ ਕਰੀਬ 25,000 ਰੁਪਏ ਖਰਚ ਕਰਦੇ ਹਾਂ," ਸ਼ਾਂਤੀ ਨੇ ਕਿਹਾ। ਕਣਕ 'ਤੇ ਉਨ੍ਹਾਂ ਨੂੰ ਘੱਟ ਖਰਚਾ ਕਰਨਾ ਪੈਂਦਾ ਹੈ। "ਕਣਕ ਨੂੰ ਚੌਲ ਵਾਂਗ ਬਹੁਤੇ ਪਾਣੀ, ਖਾਦ ਤੇ ਕੀਟਨਾਸ਼ਕਾਂ ਦੀ ਲੋੜ ਨਹੀਂ ਹੁੰਦੀ। ਇੱਕ ਏਕੜ ਜ਼ਮੀਨ 10,000 ਰੁਪਏ ਵਿੱਚ ਤਿਆਰ ਹੋ ਜਾਂਦੀ ਹੈ। ਅਤੇ ਜੇਕਰ ਮੀਂਹ ਨੇ ਫ਼ਸਲ ਨੂੰ ਨੁਕਸਾਨ ਨਾ ਪਹੁੰਚਾਇਆ, ਤਾਂ ਅਸੀਂ ਪੈਦਾਵਾਰ ਨੂੰ ਚੰਗੀ ਕੀਮਤ 'ਤੇ ਵੇਚ ਸਕਦੇ ਹਾਂ," ਉਨ੍ਹਾਂ ਨੇ ਕਿਹਾ ਅਤੇ ਨਾਲ਼ ਇਹ ਜੋੜਦਿਆਂ ਵੀ ਕਿਹਾ ਕਿ 2020 ਵਿੱਚ ਹਰਿਆਣਾ ਦਾ ਕਿਸਾਨ ਇੱਕ ਕੁਇੰਟਲ ਕਣਕ, 1840 ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਵੇਚ ਸਕਦਾ ਸੀ।

Sunita (left) hasn't been to Tikri yet. She gets news about the protests on her phone. Her mother-in-law, Shanti (right), went to Tikri in mid-January
PHOTO • Sanskriti Talwar
Sunita (left) hasn't been to Tikri yet. She gets news about the protests on her phone. Her mother-in-law, Shanti (right), went to Tikri in mid-January
PHOTO • Sanskriti Talwar

ਸੁਨੀਤਾ (ਖੱਬੇ) ਹਾਲੇ ਤੱਕ ਟੀਕਰੀ ਨਹੀਂ ਗਈ ਹਨ। ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਦੀ ਖਬਰ ਆਪਣੇ ਫੋਨ ' ਤੇ ਮਿਲ਼ਦੀ ਹੈ। ਉਨ੍ਹਾਂ ਦੀ ਸੱਸ, ਸ਼ਾਂਤੀ (ਸੱਜੇ), ਅੱਧ ਜਨਵਰੀ ਨੂੰ ਟੀਕਰੀ ਗਈ ਸਨ

ਸ਼ਾਂਤੀ, ਵਿੱਦਿਆ ਅਤੇ ਸੋਨੀਆ ਧਰਨਾ-ਸਥਲ 'ਤੇ ਮਹਿਲਾ ਕਿਸਾਨ ਦਿਵਸ ਮੌਕੇ ਭਾਗ ਲੈਣ ਲਈ, ਕਿਰਾਏ ਦੀ ਇੱਕ ਬੱਸ ਰਾਹੀਂ 18 ਜਨਵਰੀ ਨੂੰ ਪਹਿਲੀ ਵਾਰ ਟੀਕਰੀ ਗਈ ਸਨ।

"ਅਸੀਂ ਕਿਸਾਨਾਂ ਦਾ ਸਮਰਥਨ ਕਰਨ ਗਏ ਸਾਂ, ਕਿਉਂਕਿ ਫ਼ਸਲਾਂ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ। ਅਸੀਂ ਤੈਅ ਕੀਮਤ 'ਤੇ ਆਪਣੀ ਫ਼ਸਲ ਵੇਚ ਨਹੀਂ ਪਾਵਾਂਗੇ। ਸਾਨੂੰ ਗੁਲਾਮ ਬਣਾਇਆ ਜਾ ਰਿਹਾ ਹੈ। ਇਸੇ ਲਈ ਕਿਸਾਨ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ," ਵਿੱਦਿਆ ਨੇ ਕਿਹਾ। "ਅਸੀਂ ਹੁਣ ਖੇਤੀ ਨਹੀਂ ਕਰ ਸਕਦੇ, ਪਰ ਅਸੀਂ ਸਾਰੇ ਇੱਕੋ ਟੱਬਰ ਵਿੱਚੋਂ ਹਾਂ।"

ਸੋਨੀਆ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਚਾਹੁੰਦੀ ਸਨ। "ਜਿਨ੍ਹਾਂ ਕੋਲ਼ ਵੱਡੇ ਖੇਤ ਹਨ ਉਹ ਇੱਕ ਜਾਂ ਦੋ ਸਾਲ ਤੱਕ ਆਪਣੀ ਫ਼ਸਲ ਦਾ  ਭੰਡਾਰਣ ਕਰ ਸਕਦੇ ਹਨ, ਜਾਂ ਜਦੋਂ ਕੀਮਤਾਂ ਬੇਹਤਰ ਹੋਣ ਉਦੋਂ ਉਨ੍ਹਾਂ ਨੂੰ ਵੇਚ ਸਕਦੇ ਹਨ। ਪਰ ਛੋਟੇ ਜੋਤਦਾਰਾਂ ਨੂੰ ਫ਼ਸਲ ਵੇਚਣ ਤੋਂ ਪਹਿਲਾਂ ਹੀ ਅਗਲੇ ਸੀਜਨ ਦੀ ਚਿੰਤਾ ਵੱਢ-ਵੱਢ ਖਾਣ ਲੱਗਦੀ ਹੈ," ਸੋਨੀਆ ਨੇ ਕਿਹਾ। "ਕਦੋਂ ਤੱਕ ਉਹ (ਸਰਕਾਰ) ਸਾਨੂੰ ਲਮਕਾਈ ਰੱਖੇਗੀ ਅਤੇ ਇਨ੍ਹਾਂ ਖੇਤੀ ਕਨੂੰਨਾਂ ਦੇ ਮੁੱਦੇ ਨੂੰ ਹੱਲ ਨਹੀਂ ਕਰੇਗੀ?"

ਇਨ੍ਹਾਂ ਕਨੂੰਨਾਂ ਨੂੰ ਹੀ ਕੇਂਦਰ ਸਰਕਾਰ ਨੇ ਪਹਿਲੀ ਦਫਾ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ। ਜਿਨ੍ਹਾਂ ਤਿੰਨਾਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020

Vegetables and fruits, planted by Shanti in small patches of the family lands, are plucked by the women for consumption at home
PHOTO • Sanskriti Talwar
Vegetables and fruits, planted by Shanti in small patches of the family lands, are plucked by the women for consumption at home
PHOTO • Sanskriti Talwar

ਸ਼ਾਂਤੀ ਦੁਆਰਾ ਪਰਿਵਾਰ ਦੀ ਛੋਟੀ ਜਿਹੀ ਜੋਤ ' ਤੇ ਬੀਜੀਆਂ ਗਈਆਂ ਸਬਜੀਆਂ ਅਤੇ ਫਲਾਂ ਨੂੰ ਔਰਤਾਂ ਘਰਾਂ ਵਿੱਚ ਵਰਤਣ ਲਈ ਤੋੜਦੀਆਂ ਹੋਈਆਂ

ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।

ਪਵਨ ਦੀ 32 ਸਾਲਾ ਪਤਨੀ, ਸੁਨੀਆਤ ਇੱਕ ਗ੍ਰਹਿਣੀ ਹਨ ਜੋ ਹਾਲੇ ਤੀਕਰ ਟੀਕਰੀ ਨਹੀਂ ਗਈ ਹਨ ਕਿਉਂਕਿ ਉਨ੍ਹਾਂ ਦੇ ਦੋ ਛੋਟੇ ਬੇਟੇ ਹਨ। ਉਹ ਘੱਟ ਤੋਂ ਘੱਟ ਇੱਕ ਵਾਰ ਧਰਨਾ ਸਥਲ ਦਾ ਦੌਰਾਨ ਕਰਨਾ ਲੋਚਦੀ ਹਨ। "ਉੱਥੇ ਜੋ ਕੁਝ ਹੋ ਰਿਹਾ ਹੈ ਮੈਨੂੰ ਪਤਾ ਹੈ। ਮੈਂ ਖ਼ਬਰਾਂ 'ਤੇ ਨਜ਼ਰ ਰੱਖਦੀ ਹਾਂ ਅਤੇ ਇਹਨੂੰ ਸ਼ੋਸ਼ਲ ਮੀਡੀਆ 'ਤੇ ਦੇਖਦੀ ਹਾਂ," ਉਨ੍ਹਾਂ ਨੇ ਮੈਨੂੰ ਦੱਸਿਆ। 26 ਜਨਵਰੀ ਨੂੰ, ਉਨ੍ਹਾਂ ਨੇ ਆਪਣੇ ਫੋਨ 'ਤੇ ਦਿੱਲੀ ਵਿੱਚ ਕਿਸਾਨਾਂ ਦੁਆਰਾ ਗਣਤੰਤਰ ਦਿਵਸ ਮੌਕੇ ਕੱਢੀ ਗਈ ਟਰੈਕਟਰ ਮਾਰਚ ਦੌਰਾਨ ਹੋਈਆਂ ਝੜਪਾਂ ਦੀ ਰਿਪੋਰਟ ਵੀ ਦੇਖੀ ਸੀ।

ਗਣਤੰਤਰ ਦਿਵਸ ਤੋਂ ਤੁਰੰਤ ਬਾਅਦ, ਪੇਟਵਾੜ ਵਿੱਚ ਇੱਕ ਜਨਤਕ ਬੈਠਕ ਸੱਦੀ ਗਈ ਸੀ, ਜਿਸ ਵਿੱਚ ਇਸ ਗੱਲ 'ਤੇ ਚਰਚਾ ਹੋਈ ਅਤੇ ਫੈਸਲਾ ਲਿਆ ਗਿਆ ਕਿ ਪਿੰਡ ਵਾਲੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕਿਵੇਂ ਜਾਰੀ ਰੱਖਣਗੇ। "ਹੁਣ ਉਨ੍ਹਾਂ ਨੇ (ਧਰਨਿਆਂ 'ਤੇ) ਕਿੱਲ ਠੋਕ/ਗੱਡ ਦਿੱਤੇ ਹਨ। ਕੀ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ਼ ਨਜਿੱਠਣ ਦਾ ਇਹੀ ਤਰੀਕਾ ਹੈ?" ਵਿੱਦਿਆ ਨੇ ਇਨ੍ਹਾਂ ਘਟਨਾਵਾਂ 'ਤੇ ਆਪਣੀ ਨਰਾਜ਼ਗੀ ਪ੍ਰਗਟ ਕਰਦਿਆਂ ਮੈਨੂੰ ਕਿਹਾ।

"ਸਾਡੇ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਧਰਨੇ 'ਤੇ ਰੁਕਣਾ ਚਾਹੁੰਦੀਆਂ ਹਨ। ਪਰ ਸਾਡੇ 'ਤੇ ਕਈ ਜਿੰਮੇਵਾਰੀਆਂ ਹਨ। ਸਾਡੇ ਬੱਚੇ ਵੱਡੇ ਹੋ ਰਹੇ ਹਨ। ਸਾਨੂੰ ਉਨ੍ਹਾਂ ਵਾਸਤੇ ਭੋਜਨ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਸਕੂਲ ਭੇਜਣਾ ਪੈਂਦਾ ਹੈ," ਸੋਨੀਆ ਨੇ ਕਿਹਾ। ਉਨ੍ਹਾਂ ਦੀਆਂ ਤਿੰਨ ਧੀਆਂ ਗਭਰੇਟ ਉਮਰ ਵਿੱਚ ਹਨ ਅਤੇ ਪੁੱਤ ਸੱਤ ਵਰ੍ਹਿਆਂ ਦਾ ਹੈ। "ਜੇਕਰ ਜ਼ਰੂਰੀ ਹੋਇਆ ਤਾਂ ਅਸੀਂ ਬੱਚਿਆਂ ਨੂੰ ਆਪਣੇ ਨਾਲ਼ ਲੈ ਜਾਵਾਂਗੇ," ਸੁਨੀਤਾ ਨੇ ਕਿਹਾ।

ਸੋਨੀਆ ਦਾ ਮੰਨਣਾ ਹੈ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ। "ਇਹ ਸੰਘਰਸ਼ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ। ਸਾਡੇ ਵਿੱਚੋਂ ਹਰੇਕ ਕੋਈ ਇਸਨੂੰ ਅੱਗੇ ਤੋਰ ਰਿਹਾ ਹੈ ਅਤੇ ਇਹਨੂੰ ਮਜ਼ਬੂਤ ਬਣਾ ਰਿਹਾ ਹੈ।"

ਤਰਜਮਾ - ਕਮਲਜੀਤ ਕੌਰ

Sanskriti Talwar

سنسکرتی تلوار، نئی دہلی میں مقیم ایک آزاد صحافی ہیں اور سال ۲۰۲۳ کی پاری ایم ایم ایف فیلو ہیں۔

کے ذریعہ دیگر اسٹوریز Sanskriti Talwar
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur