ਪ੍ਰਕਾਸ਼ ਭਗਤ ਐਲੂਮੀਨੀਅਮ ਦੇ ਵੱਡਾ ਸਾਰੇ ਭਾਂਡੇ 'ਤੇ ਝੁਕਦਾ ਹੈ ਅਤੇ ਆਲੂ-ਮਟਰ ਦੇ ਸ਼ੋਰਬੇ ਨੂੰ ਕੜਛੀ ਨਾਲ਼ ਹਿਲਾਉਂਦਾ ਹੈ। ਉਹ ਆਪਣੀ ਪੂਰੀ ਦੇਹ ਦਾ ਭਾਰ ਖੱਬੇ ਪੈਰ 'ਤੇ ਪਾਉਂਦਾ ਹੈ, ਸੱਜਾ ਪੈਰ ਹਵਾ ਵਿੱਚ ਝੂਲਦਾ ਹੈ, ਡਾਂਗ ਦੀ ਵਰਤੋਂ ਕਰਦਿਆਂ ਸੰਤੁਲਨ ਬਣਾਉਂਦਾ ਹੈ।
"ਮੈਨੂੰ ਲੱਗਦਾ ਹੈ, ਮੇਰੀ ਉਮਰ ਦਸ ਸਾਲਾਂ ਦੀ ਸੀ ਜਦੋਂ ਤੋਂ ਮੈਂ ਡੰਡੇ ਸਹਾਰੇ ਤੁਰਦਾ ਆ ਰਿਹਾ ਹਾਂ," 52 ਸਾਲ ਦੇ ਭਗਤ ਦਾ ਕਹਿਣਾ ਹੈ। "ਬਚਪਨ ਵੇਲੇ ਮੈਂ ਆਪਣੀ ਲੱਤ ਫੜ੍ਹ ਕੇ ਤੁਰਿਆ ਕਰਦਾ ਸਾਂ। ਮੇਰੇ ਮਾਪੇ ਦੱਸਦੇ ਹਨ ਕਿ ਮੇਰੀ ਕੋਈ ਨਾੜ ਖਿੱਚੀ ਗਈ ਸੀ।"
ਭਗਤ ਦੀ ਵਿਕਲਾਂਗਤਾ ਨੇ ਉਹਦੇ ਸੰਕਲਪ 'ਤੇ ਕੋਈ ਅਸਰ ਨਾ ਪਾਇਆ। ਮਹਾਂਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਤਾਲੁਕਾ ਵਿੱਚ ਪੈਂਦੇ ਉਹਦੇ ਪਿੰਡ ਪਾਨਗਾਓਂ ਦੇ ਕਈ ਲੋਕਾਂ ਨੇ ਜਦੋਂ ਦਿੱਲੀ ਨੂੰ ਜਾ ਰਹੇ ਵਾਹਨ ਮੋਰਚੇ ਦੇ ਜੱਥੇ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ, ਤਾਂ ਉਹਨੂੰ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਦੋਬਾਰਾ ਸੋਚਣਾ ਨਹੀਂ ਪਿਆ। "ਇੱਥੇ ਮੈਂ ਇੱਕ ਕਾਰਨ ਕਰਕੇ ਹਾਂ," ਸ਼ੋਰਬੇ ਦਾ ਸੁਆਦ ਚੱਖਦਿਆਂ, ਉਹ ਕਹਿੰਦਾ ਹੈ।
ਦਿੱਲੀ ਵਿੱਚ, ਇਸ ਸਾਲ ਸਤੰਬਰ ਵਿੱਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼ ਰਾਸ਼ਟਰੀ ਰਾਜਧਾਨੀ ਦੀਆਂ ਸੀਮਾਵਾਂ ਦੇ ਨਾਲ਼ ਲੱਗਦੀਆਂ ਤਿੰਨ ਵੱਖੋ-ਵੱਖ ਥਾਵਾਂ 'ਤੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ਼ ਆਪਣੀ ਹਮਾਇਤ ਅਤੇ ਇਕਜੁੱਟਤਾ ਪ੍ਰਗਟ ਕਰਨ ਲਈ 21 ਦਸੰਬਰ ਨੂੰ ਮੌਟੇ ਤੌਰ 'ਤੇ 14,00 ਕਿਲੋਮੀਟਰ ਦੂਰ ਸਥਿਤ ਦਿੱਲੀ ਜਾਣ ਵਾਲੇ ਜੱਥੇ ਵਿੱਚ ਭਾਗ ਲੈਣ ਲਈ ਮਹਾਂਰਾਸ਼ਟਰ ਦੇ ਕਰੀਬ 2,000 ਕਿਸਾਨ ਨਾਸ਼ਿਕ ਵਿੱਚ ਇਕੱਠੇ ਹੋਏ।
ਪਾਰਗਾਓਂ ਪਿੰਡ ਵਿੱਚੋਂ 39 ਜਣਿਆਂ ਨੇ ਸ਼ਾਮਲ ਹੋਣ ਦਾ ਇਰਾਦਾ ਕੀਤਾ। "ਇਸ ਦੇਸ਼ ਦੇ ਕਿਸਾਨਾਂ ਨਾਲ਼ ਧੋਖਾ ਕੀਤਾ ਜਾ ਰਿਹਾ ਹੈ," ਭਗਤ ਕਹਿੰਦਾ ਹੈ। "ਉਨ੍ਹਾਂ ਵਿੱਚੋਂ ਬਹੁਤੇਰਿਆਂ ਨੂੰ ਉਨ੍ਹਾਂ ਦੀ ਪੈਦਾਵਰ ਦੇ ਵਾਜਬ (ਯਕੀਨੀ) ਭਾਅ ਮਿਲ਼ਣੇ ਚਾਹੀਦੇ ਹਨ। ਇਹ ਖੇਤੀ ਕਨੂੰਨ ਉਨ੍ਹਾਂ ਨੂੰ ਕਰਜ਼ੇ ਦੀਆਂ ਡੂੰਘਾਣਾ ਵਿੱਚ ਖਿੱਚ ਲੈਣਗੇ। ਕਿਸਾਨ ਨੂੰ ਵੱਡੀਆਂ ਕੰਪਨੀਆਂ ਦੇ ਸੰਰਖਣ/ਨਿਗਰਾਨੀ ਵਿੱਚ ਰੱਖਿਆ ਜਾਵੇਗਾ, ਜੋ ਉਨ੍ਹਾਂ ਦਾ ਸ਼ੋਸ਼ਣ ਕਰਨਗੀਆਂ। ਇਨ੍ਹਾਂ ਖੇਤੀ ਕਨੂੰਨਾਂ ਦੇ ਲਾਗੂ ਹੋਣ ਨਾਲ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਤੁਰਤ-ਫੁਰਤ ਨੁਕਸਾਨ ਹੋ ਸਕਦਾ ਹੈ, ਅਤੇ ਇਹੀ ਕਾਰਨ ਹੈ ਕਿ ਇਸ ਪ੍ਰਦਰਸ਼ਨ ਵਿੱਚ ਉਨ੍ਹਾਂ ਦਾ ਦਬਦਬਾ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਦੇਸ਼ ਦੇ ਬਾਕੀ ਕਿਸਾਨ ਇਨ੍ਹਾਂ ਕਨੂੰਨਾਂ ਤੋਂ ਪ੍ਰਭਾਵਤ ਨਹੀਂ ਹੋਣਗੇ।"
ਭਗਤ ਖੁਦ ਇੱਕ ਮਛੇਰਾ ਹੈ। "ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਮੇਰਾ ਕਿਸਾਨ ਹੋਣਾ ਹੀ ਕਿਉਂ ਜ਼ਰੂਰੀ ਹੈ?" ਉਹ ਪੁੱਛਦਾ ਹੈ। "ਬਹੁਤੇ ਲੋਕ ਨਹੀਂ ਜਾਣਦੇ ਕਿ ਖੇਤੀ ਹੀ ਗ੍ਰਾਮੀਣ ਅਰਥਚਾਰੇ ਨੂੰ ਚਲਾਉਂਦੀ ਹੈ। ਜੇਕਰ ਲੋਕ ਸੰਘਰਸ਼ ਕਰ ਰਹੇ ਹਨ ਤਾਂ ਮੇਰੀ ਮੱਛੀ ਕੌਣ ਖਰੀਦੇਗਾ?"
ਭਗਤ ਕੇਕੜੇ ਅਤੇ ਝੀਂਗੇ ਫੜ੍ਹਦਾ ਹੈ ਅਤੇ ਪਾਨਵੇਲ ਦੀ ਮੰਡੀ ਵਿੱਚ ਵੇਚਦਾ ਹੈ ਅਤੇ ਮਹੀਨੇ ਦਾ 5000 ਕਮਾਉਂਦਾ ਹੈ। "ਮੇਰੇ ਕੋਲ਼ ਵੱਡੀ, ਆਟੋਮੈਟਿਕ ਕਿਸ਼ਤੀ ਨਹੀਂ ਹੈ," ਉਹ ਕਹਿੰਦਾ ਹੈ। "ਜਦੋਂ ਵੀ ਮੈਂ ਮੱਛੀ ਫੜ੍ਹਨ ਜਾਂਦਾ ਹਾਂ ਤਾਂ ਮੱਛੀ ਫੜ੍ਹਨ ਦੀ ਹਰ ਕਿਰਿਆ ਮੈਂ ਆਪਣੇ ਹੱਥੀਂ ਹੀ ਕਰਦਾ ਹਾਂ। ਬਾਕੀ ਮਛੇਰੇ ਖੜ੍ਹੇ ਹੋ ਕੇ ਦਾਣਾ ਪਾਉਂਦੇ ਹਨ। ਮੈਂ ਆਪਣੀ ਲੱਤ ਦੀ ਸਮੱਸਿਆ ਕਰਕੇ ਕਿਸ਼ਤੀ ਵਿੱਚ ਸੰਤੁਲਨ ਨਹੀਂ ਬਣਾ ਪਾਉਂਦਾ। ਇਸਲਈ ਮੈਨੂੰ ਬੈਠ ਕੇ ਹੀ ਮੱਛੀਆਂ ਫੜ੍ਹਨੀਆਂ ਪੈਂਦੀਆਂ ਹਨ।"
ਭਾਵੇਂ ਕਿ ਉਹ ਮਛੇਰਾ ਹੈ, ਫਿਰ ਵੀ ਉਹ ਬੱਕਰੇ ਦਾ ਗੋਸ਼ਤ ਪਕਾਉਣਾ ਵੱਧ ਪਸੰਦ ਕਰਦਾ ਹੈ। "ਉਹਨੂੰ ਗਾਓਥੀ (ਪੇਂਡੂ ਤਰੀਕਾ) ਵਾਲਾ ਪਸੰਦ ਹੈ," ਇਹ ਸਪੱਸ਼ਟ ਕਰਦਾ ਹੈ। "ਮੈਨੂੰ ਖਾਣਾ ਪਕਾਉਣਾ ਸਦਾ ਤੋਂ ਬਹੁਤ ਪਸੰਦ ਰਿਹਾ ਹੈ," ਉਹ ਦੱਸਦਾ ਹੈ। "ਮੈਂ ਮੇਰੇ ਪਿੰਡ ਦੇ ਵਿਆਹ-ਸਮਾਗਮਾਂ ਵਿੱਚ ਵੰਨ-ਸੁਵੰਨੇ ਪਕਵਾਨ ਬਣਾਉਂਦਾ ਹਾਂ। ਇਸ ਕੰਮ ਵਾਸਤੇ ਮੈਂ ਇੱਕ ਪੈਸਾ ਵੀ ਨਹੀਂ ਲੈਂਦਾ। ਮੈਂ ਮੋਹ ਸਦਕਾ ਇੰਝ ਕਰਦਾ ਹਾਂ। ਜੇਕਰ ਪਿੰਡ ਤੋਂ ਬਾਹਰ ਕੋਈ ਮੈਨੂੰ ਕਿਸੇ ਦਿਨ ਤਿਓਹਾਰ ਵੇਲੇ ਮੈਨੂੰ ਬਤੌਰ ਖਾਨਸਾਮਾ ਬਲਾਉਂਦਾ ਹੈ ਤਾਂ ਵੀ ਮੈਂ ਉਸ ਕੋਲੋਂ ਮੇਰੇ ਆਉਣ-ਜਾਣ ਦਾ ਭਾੜਾ ਹੀ ਲੈਂਦਾ ਹਾਂ। ਇਸਲਈ ਜਦੋਂ ਮੇਰੇ ਪਿੰਡ ਦੇ ਲੋਕਾਂ ਨੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਨਿਸ਼ਚਾ ਕੀਤਾ ਤਾਂ ਮੈਂ ਉਨ੍ਹਾਂ ਵਾਸਤੇ ਖਾਣਾ ਪਕਾਉਣ ਦੀ ਪੇਸ਼ਕਸ਼ ਰੱਖੀ।" ਇਸ ਪ੍ਰਦਰਸ਼ਨ ਮਾਰਚ ਦੌਰਾਨ, ਉਹ ਲਗਭਗ 40 ਲੋਕਾਂ ਦਾ ਖਾਣਾ ਬਣਾਉਂਦਾ ਰਿਹਾ ਹੈ।
ਪਾਰਗਾਓਂ ਦਾ ਨਿਵਾਸੀਆਂ ਨੇ ਜੱਥੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਬੱਸ ਕਿਰਾਏ 'ਤੇ ਲਈ, ਇਹ ਜੱਥਾ ਕੁੱਲ ਭਾਰਤੀ ਕਿਸਾਨ ਸਭਾ ਦੁਆਰਾ ਉਭਾਰਿਆ ਜਾ ਰਿਹਾ ਹੈ, ਜੋ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੁਆਰਾ ਮਾਨਤਾ ਪ੍ਰਾਪਤ ਸਭਾ ਹੈ। ਸੰਤਰੀ-ਰੰਗੀ ਸਵਾਰੀਆਂ ਨਾਲ਼ ਭਰੀ ਬੱਸ ਟੈਂਪੂਆਂ ਅਤੇ ਚੌਪਹੀਆਂ ਦੇ ਕਾਫ਼ਲੇ ਦੇ ਐਨ ਵਿਚਕਾਰ ਖੜ੍ਹੀ ਹੈ। ਬੱਸ ਦੀ ਡਿਗੀ ਵਿੱਚ ਛੇ ਕਿਲੋ ਪਿਆਜ਼ਾਂ, 10 ਕਿਲੋ ਆਲੂਆਂ, 5 ਕਿਲੋ ਟਮਾਟਰਾਂ ਅਤੇ 50 ਕਿਲੋ ਚੌਲਾਂ ਸਣੇ ਖਾਣ-ਪੀਣ ਵਾਲੀਆਂ ਵਸਤਾਂ ਨਾਲ਼ ਭਰੀ ਹੋਈ ਹੈ। ਜਿਸ ਪਲ ਕਾਰਕੁੰਨ ਰੈਲੀ ਕਰਨ ਵਾਸਤੇ ਰੁਕਦੇ ਹਨ, ਭਗਤ ਅਤੇ ਉਹਦੇ ਦੋ ਸਹਿਯੋਗੀ ਆਪਣੇ ਕੰਮੀ ਰੁੱਝ ਜਾਂਦੇ ਹਨ।
ਭਗਤ ਆਪਣੀ ਲੱਕੜ ਦੀ ਡਾਂਗ ਫੜ੍ਹਦਾ ਹੈ ਅਤੇ ਬੱਸ ਦੇ 'ਭੰਡਾਰ-ਘਰ' ਵੱਲ ਜਾਂਦਾ ਹੈ। ਉਹਦਾ ਸਹਿਯੋਗੀ ਖਾਣਾ ਪਕਾਉਣ ਲਈ ਲੋੜੀਂਦੀਆਂ ਚੀਜ਼ਾਂ ਬਾਹਰ ਕੱਢਦਾ ਹੈ, ਜਿਸ ਵਿੱਚ ਭਾਰਾ ਗੈਸ ਸਿਲੰਡਰ ਵੀ ਸ਼ਾਮਲ ਹੈ। 22 ਦਸੰਬਰ ਦੀ ਬਾਅਦ ਦੁਪਹਿਰ ਨੂੰ ਮਾਲੇਗਾਓਂ ਕਸਬੇ ਵਿੱਚ, ਖਾਣੇ (ਦੁਪਹਿਰ ਦੇ) ਵਿੱਚ ਆਲੂ-ਮਟਰ ਅਤੇ ਚੌਲ ਰਿੰਨ੍ਹੇ ਗਏ ਹਨ। "ਤਿੰਨ ਦਿਨਾਂ ਤੋਂ ਸਾਡੇ ਕੋਲ਼ ਕਾਫੀ ਚੀਜ਼ਾਂ ਦੀ ਸਪਲਾਈ ਹੋਈ ਹੈ," ਭਗਤ, ਬੱਸ ਦੇ ਨਾਲ਼ ਕਰਕੇ ਭੁੰਜੇ ਵਿੱਛੀ ਚਾਦਰ 'ਤੇ ਖੁਦ ਨੂੰ ਠੀਕ ਕਰਦਾ ਹੋਇਆ ਅਤੇ ਨਾਲੇ ਮਾਹਰਾਂ ਵਾਂਗ ਪਿਆਜ ਕੱਟਦਾ ਹੋਇਆ ਸਾਡੇ ਨਾਲ਼ ਗੱਲਾਂ ਕਰਦਾ ਹੋਇਆ ਕਹਿੰਦਾ ਹੈ। "ਸਾਡੇ ਵਿੱਚੋਂ ਜਿਆਦਾਤਰ ਮੱਧ ਪ੍ਰਦੇਸ ਸੀਮਾ ਤੋਂ ਹੀ ਘਰ ਮੁੜ ਆਉਣਗੇ। ਕੁਝ ਦਿੱਲੀ ਤੱਕ ਜਾਣਗੇ। ਅਸੀਂ ਆਪਣੇ ਕੰਮ ਤੋਂ ਬਹੁਤਾ ਚਿਰ ਦੂਰ ਨਹੀਂ ਰਹਿ ਸਕਦੇ।"
ਉਹਦੇ ਪਿੰਡ, ਪਾਰਗਾਓਂ ਦੇ ਬਹੁਤੇ ਵਸਨੀਕ, ਕੌਲੀ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਅਤੇ ਜੀਵਿਕਾ ਵਾਸਤੇ ਮੱਛੀ ਫੜ੍ਹਨ ਦਾ ਹੀ ਕੰਮ ਕਰਦੇ ਹਨ। "ਅਸੀਂ ਇੱਕ ਮਹੀਨੇ ਵਿੱਚ 15 ਦਿਨਾਂ ਵਾਸਤੇ ਸਮੁੰਦਰ ਵਿੱਚ ਜਾਂਦੇ ਹਾਂ। ਅਸੀਂ ਛੋਟੇ ਜਵਾਰ ਵੇਲੇ ਮੱਛੀਆਂ ਨਹੀਂ ਫੜ੍ਹ ਪਾਉਂਦੇ," ਭਗਤ ਕਹਿੰਦਾ ਹੈ। ਇਸ ਸ਼ੁੱਕਰਵਾਰ ਜਾਂ ਸ਼ਨੀਵਾਰ ਉੱਚ-ਜਵਾਰ ਦਾ ਸਮਾਂ ਹੋਣ ਕਰਕੇ ਉਹ ਪਾਰਗਾਓਂ ਮੁੜਨਾ ਚਾਹੁੰਦਾ ਹੈ। "ਅਸੀਂ ਉਹ ਮੌਕਾ ਹੱਥੋਂ ਗੁਆਉਣ ਦਾ ਜੋਖ਼ਮ ਨਹੀਂ ਚੁੱਕ ਸਕਦੇ," ਉਹ ਅੱਗੇ ਕਹਿੰਦਾ ਹੈ। "ਤਾਲਾਬੰਦੀ ਦੌਰਾਨ ਅਸੀਂ ਬਹੁਤ ਫਾਕੇ ਕੱਟੇ ਹਨ। ਅਸੀਂ ਆਪਣੀ ਸੁਰੱਖਿਆ ਖਾਤਰ ਮੱਛੀ ਫੜ੍ਹਨੀ ਛੱਡ ਦਿੱਤੀ ਸੀ। ਅਸੀਂ ਕਰੋਨਾ ਵਾਇਰਸ ਦੇ ਪਕੜ ਵਿੱਚ ਨਹੀਂ ਸਾਂ ਆਉਣਾ ਚਾਹੁੰਦੇ। ਅਤੇ ਪੁਲਿਸ ਵੀ ਮੰਡੀ ਵਿੱਚ ਮੱਛੀਆਂ ਵਿਕਣ ਨਹੀਂ ਸੀ ਦੇ ਰਹੀ। ਹੁਣ ਹੌਲੀ-ਹੌਲੀ ਅਸੀਂ ਆਪਣੇ ਪੈਰਾਂ 'ਤੇ ਮੁੜ ਖੜ੍ਹੇ ਹੋ ਰਹੇ ਹਾਂ। ਅਸੀਂ ਹੁਣ ਹੋਰ ਕੋਈ ਝਟਕਾ ਬਰਦਾਸ਼ਤ ਨਹੀਂ ਕਰ ਸਕਦੇ।"
ਤਾਲਾਬੰਦੀ ਦੇ ਸ਼ੁਰੂਆਤੀ ਪੜਾਵਾਂ ਦੌਰਾਨ, ਪਾਰਗਾਓਂ ਦੇ ਵਾਸੀਆਂ ਨੇ ਪਿੰਡ ਨੂੰ ਪੂਰੀ ਤਰ੍ਹਾਂ ਹੀ ਬੰਦ ਕਰ ਦਿੱਤਾ। "ਰਾਜ ਵੱਲੋਂ ਹਦਾਇਤਾਂ ਵਿੱਚ ਕੁਝ ਛੋਟ ਦਿੱਤੇ ਜਾਣ ਦੇ ਬਾਵਜੂਦ ਵੀ ਅਸੀਂ ਖੁਦ ਨੂੰ ਛੋਟ ਨਾ ਦਿੱਤੀ," ਭਗਤ ਦੱਸਦਾ ਹੈ। "ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਨੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਪਿੰਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ।"
ਉਸ ਪਿੰਡ ਤੋਂ, ਜਿਹਨੇ ਤਾਲਾਬੰਦੀ ਦੌਰਾਨ ਕਿਸੇ ਨੂੰ ਵੀ ਆਪਣੀਆਂ ਸੀਮਾਵਾਂ ਦਾ ਉਲੰਘਣ ਨਹੀਂ ਕਰਨ ਦਿੱਤਾ, 39 ਜਣੇ (ਵਿਅਕਤੀ) ਰਾਜ ਦੇ ਵੱਖੋ-ਵੱਖ ਹਿੱਸਿਆਂ 'ਚੋਂ ਇਕੱਠੇ ਹੋਏ ਕਿਸਾਨਾਂ ਦੇ ਨਾਲ਼ ਹਜਾਰਾਂ ਦੀ ਗਿਣਤੀ ਵਿੱਚ ਬਤੌਰ ਹਮਦਰਦ ਸ਼ਾਮਲ ਹੋਏ। "ਕਿਸਾਨਾਂ ਦੀ ਹਮਾਇਤ ਕਰਨ ਤੋਂ ਪਹਿਲਾਂ ਤੁਸੀਂ ਦੂਜੀ ਵਾਰ ਨਹੀਂ ਸੋਚਦੇ।"
ਟੈਕਸਟ: ਪਾਰਥ ਐੱਮ.ਐੱਨ. ਫ਼ੋਟੋਆਂ : ਸ਼ਰਧਾ ਅਗਰਵਾਲ