ਐਸਲਾਵਤ ਬਨਿਆ ਨਾਇਕ, ਸਵੇਰੇ 9 ਵਜੇ ਕਰੀਬ 150 ਗਾਵਾਂ ਦੇ ਇੱਜੜ ਨੂੰ ਹੈਦਰਾਬਾਦ-ਸ਼੍ਰੀਸ਼ੈਲਮ ਰਾਜਮਾਗਰ ਦੇ ਪਾਰ ਸਥਿਤ ਵਟਵਰਲਾਪੱਲੇ ਪਿੰਡ ਦੇ ਨੇੜੇ ਦੀ ਚਰਾਂਦ ਵਿਖੇ ਹਿੱਕ ਲੈ ਜਾਂਦੇ ਹਨ। ਉਹ ਪੂਰਬੀ ਘਾਟ ਦੇ ਨੱਲਾਮਾਲਾ ਰੇਂਜ ਵਿੱਚ ਸਥਿਤ ਅਮਰਾਬਾਦ ਟਾਈਗਰ ਰਿਜ਼ਰਵ ਦੇ ਮੁੱਖ ਜ਼ੋਨ ਵਿੱਚ ਪ੍ਰਵੇਸ਼ ਕਰਦੇ ਹਨ, ਜਿੱਥੇ ਕੁਝ ਗਾਵਾਂ ਘਾਹ ਚਰਦੀਆਂ ਹਨ ਤੇ ਕੁਝ ਨਰਮ-ਨਰਮ ਪੱਤਿਆਂ ਲੱਦੀਆਂ ਟਹਿਣੀਆਂ ਤੀਕਰ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਹਨ।
75 ਸਾਲਾ ਨਾਇਕ ਲੰਬਾਡੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਇੱਥੋਂ ਦੇ ਦੂਜੇ ਪਸ਼ੂ-ਪਾਲਕਾਂ ਵਾਂਗਰ ਉਹ ਵੀ ਤੁਰੂਪੁ ਪਸ਼ੂ ਪਾਲ਼ਦੇ ਹਨ। ਲੰਬਾਡੀ (ਪਿਛੜਿਆ ਕਬੀਲਾ), ਯਾਦਵ (ਗੋਲਾ) (ਓਬੀਸੀ) ਤੇ ਚੇਂਚੂ (ਅਤਿ-ਕਮਜ਼ੋਰ ਕਬੀਲਾ ਸਮੂਹ)ਤੁਰੂਪੁ ਨੂੰ ਪਾਲਣ ਵਾਲ਼ੇ ਰਵਾਇਤੀ ਭਾਈਚਾਰੇ ਹਨ। ਇਨ੍ਹਾਂ ਪਸ਼ੂਆਂ ਦੇ ਸਿੰਙ ਛੋਟੇ ਤੇ ਤਿੱਖੇ ਹੁੰਦੇ ਹਨ ਤੇ ਖ਼ੁਰ ਵੀ ਸਖ਼ਤ ਤੇ ਖ਼ਾਸੇ ਮਜ਼ਬੂਤ ਹੁੰਦੇ ਹਨ। ਉਹ ਗਿੱਲੀ, ਚਿੱਕੜ ਭਰੀ ਭੋਇੰ ਤੇ ਸੁੱਕੀ ਪਥਰੀਲੀ ਜ਼ਮੀਨ ਜਿਹੇ ਅੱਡ-ਅੱਡ ਤਰ੍ਹਾਂ ਦੇ ਇਲਾਕਿਆਂ ਵਿੱਚ ਸੌਖਿਆਂ ਹੀ ਤੁਰਦੇ ਰਹਿੰਦੇ ਹਨ ਤੇ ਵਜ਼ਨਦਾਰ ਚੀਜ਼ਾਂ ਵੀ ਸੌਖਿਆਂ ਹੀ ਚੁੱਕ ਤੇ ਖਿੱਚ ਲੈਂਦੇ ਹਨ। ਉਹ ਪਾਣੀ ਦੇ ਘਾਟ ਨਾਲ਼ ਜੂਝ ਰਹੇ ਇਸ ਇਲਾਕੇ ਦੀ ਗਰਮੀ ਨੂੰ ਵੀ ਲੰਬੇ ਸਮੇਂ ਤੱਕ ਝੱਲ ਸਕਦੇ ਹਨ।
ਅਮਰਾਬਾਦ ਉਪ-ਜ਼ਿਲ੍ਹਾ ਕਿਉਂਕਿ ਇਨ੍ਹਾਂ ਪਿੰਡਾਂ ਦੇ ਪੂਰਬ ਵਿੱਚ ਤੇਲੰਗਾਨਾ-ਕਰਨਾਟਕ ਸੀਮਾ 'ਤੇ ਸਥਿਤ ਹੈ, ਜਿੱਥੇ ਕਈ ਕਿਸਾਨ ਇਨ੍ਹਾਂ ਗਾਵਾਂ ਨੂੰ ਖ਼ਰੀਦਣ ਆਉਂਦੇ ਹਨ ਤੇ ਕਿਉਂਕਿ ਇਨ੍ਹਾਂ ਪਸ਼ੂਆਂ ਦੇ ਸਰੀਰ 'ਤੇ ਡੱਬੇ (ਧੱਬੇਦਾਰ) ਬਣੇ ਹੁੰਦੇ ਹਨ, ਇਸਲਈ ਇੱਥੇ ਲੋਕ ਉਨ੍ਹਾਂ ਨੂੰ 'ਪੋਡਾ ਤੁਰੂਪੁ' ਕਹਿੰਦੇ ਹਨ- ਤੇਲੁਗੂ ਵਿੱਚ 'ਪੋਡਾ' ਦਾ ਅਰਥ ਹੈ ਧੱਬਾ ਤੇ 'ਤੁਰੂਪੁ' ਦਾ ਮਤਲਬ ਹੁੰਦਾ ਹੈ ਪੂਰਬ। ਪੋਡਾ ਤੁਰੂਪੁ ਛੋਟੇ ਤੇ ਗ਼ਰੀਬ ਕਿਸਾਨਾਂ ਲਈ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ, ਜੋ ਕਿਸਾਨ ਟ੍ਰੈਕਟਰ ਅਤੇ ਹੋਰ ਖੇਤੀ ਸੰਦਾਂ ਦਾ ਖ਼ਰਚਾ ਨਹੀਂ ਝੱਲ ਸਕਦੇ।
ਹਰ ਸਾਲ ਦੀਵਾਲੀ ਦੇ ਕੁਝ ਹਫ਼ਤਿਆਂ ਬਾਅਦ, ਆਮ ਤੌਰ 'ਤੇ ਨਵੰਬਰ ਮਹੀਨੇ ਵਿੱਚ ਵਪਾਰੀ ਤੇ ਕਿਸਾਨ ਸਥਾਨਕ ਤਿਓਹਾਰ ਕੁਰੂਮੂਰਤੀ ਜਤਾਰਾ ਮੌਕੇ ਵੱਛਿਆਂ ਦੇ ਵਪਾਰ ਵਾਸਤੇ ਇਕੱਠੇ ਹੁੰਦੇ ਹਨ। ਇਹ ਵਪਾਰ ਇੱਕ ਮਹੀਨੇ ਤੱਕ ਚੱਲਣ ਵਾਲ਼ੇ ਮੇਲੇ ਦਾ ਹਿੱਸਾ ਹੈ, ਜੋ ਲੱਖਾਂ ਯਾਤਰੂਆਂ ਨੂੰ ਆਕਰਸ਼ਤ ਕਰਦਾ ਹੈ ਤੇ ਅਮਰਾਬਾਦ ਤੋਂ ਕਰੀਬ 150 ਕਿਲੋਮੀਟਰ ਦੂਰ ਅਯੋਜਿਤ ਕੀਤਾ ਜਾਂਦਾ ਹੈ। ਵਪਾਰੀ, ਨਾਇਕ ਜਿਹੇ ਪਸ਼ੂ-ਪਾਲਕਾਂ ਪਾਸੋਂ 25,000-30,000 ਰੁਪਏ ਪ੍ਰਤੀ ਜੋੜੀ ਦੇ ਹਿਸਾਬ ਨਾਲ਼ ਖਰੀਦੇ ਗਏ 12 ਤੋਂ 18 ਮਹੀਨਿਆਂ ਦੇ ਵੱਛਿਆਂ ਨੂੰ ਵੇਚਦੇ ਹਨ। ਨਾਇਕ ਮੇਲੇ ਵਾਸਤੇ ਕਰੀਬ ਪੰਜ ਜੋੜੀ ਪਸ਼ੂ ਵੇਚਦੇ ਹਨ ਅਤੇ ਕਦੇ-ਕਦਾਈਂ ਸਾਲ ਦੇ ਬਾਕੀ ਦਿਨੀਂ ਇੱਕ-ਦੋ ਜੋੜੀਆਂ ਹੀ ਵੇਚਦੇ ਹਨ। ਮੇਲੇ ਵਿੱਚ ਵਿਕ੍ਰੇਤਾ-ਕਿਸਾਨ ਇੱਕ ਜੋੜੀ ਵੱਛਿਆਂ ਦੇ 25,000 ਰੁਪਏ ਤੋਂ 45,000 ਰੁਪਏ ਤੱਕ ਦਿੰਦੇ ਹਨ। ਕਦੇ-ਕਦਾਈਂ ਵਪਾਰੀ ਵੀ ਕਿਸਾਨ ਹੀ ਹੁੰਦੇ ਹਨ, ਜੋ ਨਾ ਵਿਕਣ ਵਾਲ਼ੇ ਪਸ਼ੂਆਂ ਨੂੰ ਆਪਣੇ ਨਾਲ਼ ਵਾਪਸ ਪਿੰਡ ਲੈ ਜਾਂਦੇ ਹਨ ਤੇ ਵਿਕਰੀ ਦੀ ਉਡੀਕ ਵਿੱਚ ਪੂਰਾ ਸਾਲ ਆਪਣੇ ਨਾਲ਼ ਹੀ ਰੱਖੀ ਰੱਖਦੇ ਹਨ।
ਹਾਲਾਂਕਿ, ਪਸ਼ੂਆਂ ਦਾ ਪਾਲਣ-ਪੋਸ਼ਣ ਕਾਫ਼ੀ ਸਮਾਂ-ਖਪਾਊ ਕੰਮ ਹੋ ਸਕਦਾ ਹੈ। ਅਮਰਾਬਾਦ ਇੱਕ ਸੁੱਕਾ ਤੇ ਪਤਝੜੀ ਜੰਗਲ ਹੈ ਜੋ ਝਾੜੀਆਂ, ਘਾਹ ਤੇ ਬਾਂਸ ਦੇ ਬੂਟਿਆਂ ਨਾਲ਼ ਕੱਜਿਆ ਹੋਇਆ ਹੈ। ਜੂਨ ਤੋਂ ਅਕਤੂਬਰ ਤੱਕ, ਰਿਜ਼ਰਵ ਦੇ ਮੱਧਵਰਤੀ ਇਲਾਕੇ ਵਿੱਚ ਲੋੜੀਂਦਾ ਚਾਰਾ ਉਪਲਬਧ ਰਹਿੰਦਾ ਹੈ। ਪਰ ਨਵੰਬਰ ਤੋਂ ਬਾਅਦ ਚਰਾਂਦਾਂ ਸੁੱਕਣ ਲੱਗਦੀਆਂ ਹਨ ਤੇ ਜੰਗਲ ਦੇ ਮੁੱਖ ਇਲਾਕੇ ਵਿੱਚ ਦਾਖ਼ਲੇ 'ਤੇ ਜੰਗਲਾਤ ਵਿਭਾਗ ਵੱਲੋਂ ਲਾਈ ਪਾਬੰਦੀ ਦੇ ਕਾਰਨ ਪਸ਼ੂਆਂ ਵਾਸਤੇ ਚਾਰਾ ਲੱਭਣਾ ਮੁਸ਼ਕਲ ਹੋ ਜਾਂਦਾ ਹੈ।
ਇਸ ਥਾਂ ਦੇ ਬੰਦ ਹੋ ਜਾਣ ਕਰਕੇ, ਨਾਇਕ ਆਪਣੇ ਪਿੰਡ ਮੰਨਾਨੂਰ ਤੋਂ ਕਰੀਬ 25 ਕਿਲੋਮੀਟਰ ਦੂਰ, ਤੇਲੰਗਾਨਾ ਦੇ ਮਾਹਬੂਬਨਗਰ ਨਗਰ (ਹੁਣ ਨਗਰਕੁਰਨੂਲ) ਦੇ ਅਮਰਾਬਾਦ ਮੰਡਲ ਵਿੱਚ ਪੈਂਦੇ ਆਪਣੀ ਭੈਣ ਦੇ ਪਿੰਡ ਵਟਵਰਲਪੱਲੀ ਚਲੇ ਜਾਂਦੇ ਹਨ। ਉੱਥੇ, ਉਨ੍ਹਾਂ ਨੇ ਜੰਗਲ ਦੇ ਇੱਕ ਹਿੱਸੇ ਦੇ ਨਾਲ਼ ਕਰਕੇ ਮੌਸਮੀ ਵਰਤੋਂ ਵਾਸਤੇ ਖਲਿਹਾਨ ਜਿਹਾ ਬਣਾਇਆ ਹੋਇਆ ਹੈ ਜਿੱਥੇ ਜਾਨਵਰ ਚਰ ਸਕਦੇ ਹਨ।
ਤਰਜਮਾ: ਕਮਲਜੀਤ ਕੌਰ