ਰੇਲ ਫੜ੍ਹਨ ਦੀ ਮੇਰੀ ਬੇਚੈਨੀ ਹੁਣ ਨਵੀਂ ਦਿੱਲੀ ਕਾਲਕਾ ਸ਼ਤਾਬਦੀ ਸਪੈਸ਼ਲ ਦੀ ਸੀਟ 'ਤੇ ਮੇਰੇ ਨਾਲ਼ ਬੈਠੀ ਸੁੱਖ ਦਾ ਸਾਹ ਲੈ ਰਹੀ ਸੀ। ਜਿਓਂ ਹੀ ਗੜ-ਗੜ ਕਰਦੀ ਰੇਲ ਪਲੇਟਫ਼ਾਰਮ ਤੋਂ ਦੂਰ ਹੋਣ ਲੱਗੀ, ਪਹੀਏ ਦੀ ਨੀਰਸ ਹੁੰਦੀ ਲੈਅ ਦੇ ਨਾਲ਼ ਮੇਰੇ ਵਿਚਾਰਾਂ ਵਾਂਗ ਮੇਰੇ ਆਸ-ਪਾਸ ਦੀਆਂ ਚੀਜ਼ਾਂ ਵੀ ਅਰਾਮ ਦੀ ਮੁਦਰਾ ਵਿੱਚ ਆਉਣ ਲੱਗੀਆਂ। ਸਭ ਸ਼ਾਂਤ ਹੋ ਗਿਆ ਪਰ ਉਹ ਨਾ ਹੋਈ। ਰੇਲ ਦੀ ਗਤੀ ਫੜ੍ਹਨ ਦੇ ਨਾਲ਼-ਨਾਲ਼ ਉਹਦੀ ਬੇਚੈਨੀ ਵੀ ਗਤੀ ਫੜ੍ਹਨ ਲੱਗੀ।
ਸਭ ਤੋਂ ਪਹਿਲਾਂ, ਉਹ ਹਵਾ ਨਾਲ਼ ਉੱਡਦੇ ਜਾਂਦੇ ਆਪਣੇ ਦਾਦਾ ਦੇ ਵਾਲ਼ਾਂ ਨੂੰ ਕੰਘੀ ਕਰਨ ਵਿੱਚ ਮਸ਼ਰੂਫ਼ ਸੀ। ਜਦੋਂ ਅਸੀਂ ਕੁਰੂਕਸ਼ੇਤਰ ਅੱਪੜੇ ਤਾਂ ਖਿੜਕੀ ਤੋਂ ਬਾਹਰ ਸੂਰਜ ਬਿਨਾਂ ਨਿਸ਼ਾਨਾਤ ਛੱਡੇ ਗਾਇਬ ਹੋ ਚੁੱਕਿਆ ਸੀ। ਹੁਣ ਉਹ ਕੁਰਸੀ (ਰੇਲ ਦੀ ਸੀਟ) ਦੀ ਬਾਂਹ ਨਾਲ਼ ਆਰ੍ਹੇ ਲੱਗੀ ਹੋਈ ਸੀ, ਇੱਕ ਪਲ ਉਹ ਬਾਂਹ ਨੂੰ ਉਤਾਂਹ ਚੁੱਕਦੀ ਤੇ ਅਗਲੇ ਹੀ ਪਲ ਠਾਹ ਕਰਦਿਆਂ ਹੇਠਾਂ ਕਰ ਦਿੰਦੀ। ਇੱਧਰ ਮੈਨੂੰ ਉਸ ਪੀਲ਼ੀ ਰੌਸ਼ਨੀ ਦੀ ਤਾਂਘ ਉੱਠ ਰਹੀ ਸੀ ਜਿਹਨੂੰ ਸੂਰਜ ਆਪਣੇ ਨਾਲ਼ ਲੈ ਛਿਪਣ ਹੋ ਗਿਆ ਸੀ ਅਤੇ ਸਾਨੂੰ ਹਨ੍ਹੇਰੇ ਵਿੱਚ ਛੱਡ ਗਿਆ ਸੀ।
ਪਰ ਇਸ ਘਿਰੇ ਹਨ੍ਹੇਰੇ ਨਾਲ਼ ਉਹਦੀ ਊਰਜਾ 'ਤੇ ਨਾਮਾਤਰ ਅਸਰ ਹੀ ਪਿਆ। ਹੁਣ ਉਹ ਆਪਣੀ ਮਾਂ ਦੀ ਗੋਦੀ ਵਿੱਚ ਖੜ੍ਹੀ ਸੀ ਆਉਣ ਵਾਲ਼ੇ ਦਿਨ ਵਾਂਗਰ... ਚਿੱਟੀ ਧਾਰੀਦਾਰ ਨੀਲ਼ੀ ਫਰ਼ਾਕ ਵਿੱਚ ਮਲਬੂਸ। ਉਹ ਨੌਜਵਾਨ ਔਰਤ ਆਪਣੀ ਬੱਚੀ ਨੂੰ ਬਾਹਾਂ ਵਿੱਚ ਕੱਸੀ ਹੋਰ ਹੋਰ ਉਚੇਰਾ ਕਰ ਰਹੀ ਸੀ ਤਾਂ ਕਿ ਉਹ ਵਧੀਆ ਨਜ਼ਾਰਾ ਮਾਣ ਸਕੇ। ਬੱਚੀ ਨੇ ਉਤਾਂਹ ਵੱਲ ਦੇਖਿਆ, ਮੈਂ ਵੀ ਉਹਦੀਆਂ ਨਜ਼ਰਾਂ ਦਾ ਪਿੱਛਾ ਕਰਨ ਲੱਗਿਆ। ਸਾਡੀਆਂ ਨਜ਼ਰਾਂ ਉਹਦੇ ਸਿਰ 'ਤੇ ਲੱਗੇ ਸਵਿੱਚਾਂ ਵੱਲ ਗੱਡੀਆਂ ਗਈਆਂ। ਉਹ ਇੱਕ ਹੱਥ ਦੇ ਆਸਰੇ ਆਪਣੀ ਮਾਂ ਦੀ ਗੋਦੀ ਵਿੱਚੋਂ ਥੋੜ੍ਹੀ ਹੋਰ ਉੱਚੀ ਹੋਣ ਲੱਗੀ ਤੇ ਫਿਰ ਉਹਨੇ ਆਪਣੇ ਦੂਸਰੇ ਹੱਥ ਨਾਲ਼ ਕੋਸ਼ਿਸ਼ ਕੀਤੀ ਤੇ ਸਵਿੱਚ ਦਬਾਇਆ... ਕਮਾਲ ਹੋ ਗਿਆ!
ਪੀਲੇ ਰੰਗ ਦੀ ਲੋਅ ਉਹਦੇ ਚਿਹਰੇ 'ਤੇ ਪਸਰ ਗਈ। ਇਹ ਸੂਰਜ ਹੀ ਤਾਂ ਸੀ, ਜੋ ਉਹਦੀਆਂ ਅੱਖਾਂ ਵਿੱਚ ਲੁਕਿਆ ਹੋਇਆ ਸੀ ਅਤੇ ਦੋਬਾਰਾ ਚੜ੍ਹ ਆਇਆ ਸੀ। ਉਹਨੇ ਦੂਸਰਾ ਸਵਿਚ ਦਬਾਇਆ। ਦੂਸਰੀ ਰੌਸ਼ਨੀ ਉਹਦੇ ਪੂਰੇ ਸਰੀਰ 'ਤੇ ਪਸਰ ਗਈ। ਉਹ ਖੜ੍ਹੀ ਸੀ ਤੇ ਰੌਸ਼ਨੀ ਉਹਦੀਆਂ ਅੱਖਾਂ ਵਿੱਚੋਂ ਦੀ ਹੁੰਦੀ ਹੋਈ ਵਹਿ ਰਹੀ ਸੀ, ਚਿਹਰੇ 'ਤੇ ਮੁਸਕਾਨ ਖਿੰਡਾਈ ਅਤੇ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਪੀਲ਼ੇ ਬਲਬ ਦੇ ਐਨ ਥੱਲੇ ਟਿਕਾਈ, ਉਹ ਖੜ੍ਹੀ ਸੀ... ਉਹ ਖੜ੍ਹੀ ਸੀ।
ਮੇਰੀ ਇਸ ਨੰਨ੍ਹੀ ਜਿਹੀ ਹਮਰਾਹੀ ਦੁਆਰਾ ਰੁਸ਼ਨਾਏ ਇਸ ਦ੍ਰਿਸ਼ ਤੋਂ ਪ੍ਰਭਾਵਤ ਹੋ ਕੇ ਮੈਂ ਨਿਦਾ ਫਾਜ਼ਲੀ ਦੀਆਂ ਸਤਰਾਂ ਬੁੜਬੁੜਾਈਆਂ-
ਬੱਚੇ ਕੇ ਛੋਟੇ ਹਾਥੋਂ ਕੋ ਚਾਂਦ
ਸਿਤਾਰੇ ਛੂਨੇ ਦੋਟ
ਦੋ-ਚਾਰ ਕਿਤਾਬੇ ਪੜ੍ਹ ਕਰ ਯੇ ਭੀ ਹਮ
ਜੈਸੇ ਹੋ ਜਾਏਂਗੇ।
''
ਆਓ ਬੱਚਿਆਂ ਦੇ ਛੋਟੇ ਹੱਥਾਂ ਨੂੰ,
ਛੂਹਣ ਦੇਈਏ ਚੰਨ ਤੇ ਸਿਤਾਰੇ
ਪੜ੍ਹ ਕੁਝ ਕਿਤਾਬਾਂ,
ਉਹ ਵੀ ਹੋ ਜਾਣਗੇ ਸਾਡੇ ਜਿਹੇ।
ਤਰਜਮਾ: ਕਮਲਜੀਤ ਕੌਰ