ਹਾਲੇ ਸਵੇਰ ਦੇ 6 ਹੀ ਵਜੇ ਹਨ ਤੇ ਗੁਮਮਿਦੀਪੁੰਡੀ ਦੀ ਸਰਨਯਾ ਬਲਰਾਮਨ ਆਪਣੇ ਘਰੋਂ ਨਿਕਲ਼ਣ ਦੀ ਤਿਆਰੀ ਵਿੱਚ ਹਨ। ਚੇਨੱਈ ਦੇ ਨੇੜੇ ਤਿਰੂਵੱਲੂਰ ਜ਼ਿਲ੍ਹੇ ਦੇ ਇਸ ਛੋਟੇ ਜਿਹੇ ਕਸਬੇ ਦੇ ਰੇਲਵੇ ਸਟੇਸ਼ਨ 'ਤੇ ਉਹ ਆਪਣੇ ਤਿੰਨ ਬੱਚਿਆਂ ਦੇ ਨਾਲ਼ ਇੱਕ ਲੋਕਲ ਟ੍ਰੇਨ ਵਿੱਚ ਸਵਾਰ ਹੁੰਦੀ ਹੈ। ਕੋਈ ਦੋ ਘੰਟੇ ਬਾਅਦ ਉਹ 40 ਕਿਲੋਮੀਟਰ ਦੂਰੀ ਦੇ ਇਸ ਸਫ਼ਰ ਨੂੰ ਤੈਅ ਕਰਦੀ ਹੋਈ ਚੇਨੱਈ ਸੈਂਟਰਲ ਸਟੇਸ਼ਨ ਅਪੜਦੀ ਹੈ। ਇੱਥੋਂ, ਇਹ ਮਾਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਦੂਸਰੀ ਲੋਕਲ ਟ੍ਰੇਨ ਰਾਹੀਂ 10-12 ਕਿਲੋਮੀਟਰ ਦੀ ਬਾਕੀ ਦੀ ਦੂਰੀ ਤੈਅ ਕਰਦੀ ਹੈ।
ਸ਼ਾਮੀਂ 4 ਵਜੇ ਉਨ੍ਹਾਂ ਦੀ ਵਾਪਸੀ ਦੀ ਯਾਤਰਾ ਸ਼ੁਰੂ ਹੁੰਦੀ ਹੈ ਤੇ ਉਹ ਸਾਰੇ ਘਰੇ ਵਾਪਸ ਪਹੁੰਚਦੇ ਹਨ ਤਾਂ ਸ਼ਾਮ ਦੇ 7 ਵਜ ਚੁੱਕੇ ਹੁੰਦੇ ਹਨ।
ਘਰੋਂ ਸਕੂਲ ਅਤੇ ਸਕੂਲੋਂ ਘਰ ਆਉਣ-ਜਾਣ ਦੀ 100 ਕਿਲੋਮੀਟਰ ਤੋਂ ਵੀ ਵੱਧ ਦੀ ਇਹ ਯਾਤਰਾ ਉਨ੍ਹਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਕਰਨੀ ਪੈਂਦੀ ਹੈ। ਸਰਨਯਾ ਵਾਸਤੇ ਇਹ ਕਿਸੇ ਉਪਲਬਧੀ ਨਾਲ਼ੋਂ ਘੱਟ ਨਹੀਂ। ਉਹ ਕਹਿੰਦੀ ਹਨ,''ਪਹਿਲਾਂ (ਵਿਆਹ ਤੋਂ ਪਹਿਲਾਂ) ਮੈਂ ਇਹ ਤੱਕ ਨਹੀਂ ਜਾਣਦੀ ਸੀ ਕਿ ਬੱਸ ਜਾਂ ਟ੍ਰੇਨ ਵਿੱਚ ਸਵਾਰ ਕਿਵੇਂ ਹੋਣਾ ਹੁੰਦਾ ਹੈ। ਮੈਨੂੰ ਇਹ ਤੱਕ ਨਹੀਂ ਪਤਾ ਹੁੰਦਾ ਸੀ ਕਿ ਉਤਰਨਾ ਕਿੱਥੇ ਹੈ।''
ਸਰਨਯਾ ਦੀਆਂ ਅਜ਼ਮਾਇਸ਼ਾਂ ਉਨ੍ਹਾਂ ਦੇ ਆਪਣੇ ਤਿੰਨ ਬੱਚਿਆਂ ਲਈ ਹੈ, ਜੋ ਜਨਮ ਤੋਂ ਹੀ ਮਨਾਖੇ ਰਹੇ। ਪਹਿਲੀ ਵਾਰ ਜਦੋਂ ਉਹ ਘਰੋਂ ਨਿਕਲ਼ੀ ਤਦ ਇੱਕ ਮਾਮੀ (ਬਜ਼ੁਰਗ ਔਰਤ) ਉਨ੍ਹਾਂ ਨੂੰ ਰਾਹ-ਦਿਖਾਉਣ ਲਈ ਉਨ੍ਹਾਂ ਦੇ ਨਾਲ਼-ਨਾਲ਼ ਗਈ। ਬੱਚਿਆਂ ਦੇ ਨਾਲ਼ ਆਪਣੀ ਉਸ ਯਾਤਰਾ ਨੂੰ ਚੇਤੇ ਕਰਦਿਆਂ ਉਹ ਸਰਨਯਾ ਕਹਿੰਦੀ ਹਨ,''ਅਗਲੇ ਦਿਨ ਜਦੋਂ ਮੈਂ ਉਨ੍ਹਾਂ ਨੂੰ ਆਪਣੇ ਨਾਲ਼ ਚੱਲਣ ਨੂੰ ਕਿਹਾ ਸੀ ਤਦ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਈ ਹੋਰ ਕੰਮ ਕਰਨੇ ਸਨ। ਮੈਂ ਬੜਾ ਰੋਈ ਸਾਂ। ਉਸ ਸਫ਼ਰ ਦੌਰਾਨ ਮੈਨੂੰ ਬੜੀਆਂ ਘਾਲਣਾ ਘਾਲਣੀਆਂ ਪਈਆਂ ਸਨ।''
ਉਨ੍ਹਾਂ ਨੇ ਧਾਰ ਲਿਆ ਸੀ ਕਿ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਸਿੱਖਿਆ ਜ਼ਰੂਰ ਦਿਵਾਏਗੀ, ਪਰ ਉਨ੍ਹਾਂ ਦੇ ਇਲਾਕੇ ਦੇ ਨੇੜੇ-ਤੇੜੇ ਮਨਾਖੇ ਬੱਚਿਆਂ ਲਈ ਸਕੂਲ ਨਹੀਂ ਸਨ। ਉਹ ਦੱਸਦੀ ਹਨ,''ਸਾਡੇ ਘਰ ਦੇ ਨੇੜੇ ਹੀ ਇੱਕ ਵੱਡਾ ਸਾਰਾ ਨਿੱਜੀ ਸਕੂਲ ਹੈ। ਮੈਂ ਉੱਥੇ ਗਈ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਦਾਖ਼ਲ ਕਰਨ ਲਈ ਕਿਹਾ। ਅੱਗਿਓਂ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਮੇਰੇ ਬੱਚਿਆਂ ਨੂੰ ਸਕੂਲ ਦਾਖਲ ਕਰਦੇ ਹਨ ਤਾਂ ਦੂਜੇ ਬੱਚੇ ਇਨ੍ਹਾਂ ਬੱਚਿਆਂ ਦੀਆਂ ਅੱਖਾਂ ਤੇ ਪੈਂਸਿਲ ਜਾਂ ਹੋਰ ਤਿੱਖੀਆਂ ਚੀਜ਼ਾਂ ਨਾਲ਼ ਛੇੜਛਾੜ ਕਰ ਸਕਦੇ ਹਨ ਤੇ ਅਜਿਹੀ ਹਾਲਤ ਵਿੱਚ ਸਕੂਲ ਕੋਈ ਜ਼ਿੰਮੇਦਾਰੀ ਨਹੀਂ ਲੈ ਸਕੇਗਾ।''
ਸਰਨਯਾ ਨੇ ਉੱਥੋਂ ਦੇ ਅਧਿਆਪਕਾਂ ਦੀ ਸਲਾਹ ਲਈ ਤੇ ਖ਼ਾਸ ਤੌਰ 'ਤੇ ਮਨਾਖੇ ਬੱਚਿਆਂ ਲਈ ਖੋਲ੍ਹੇ ਗੇ ਸਕੂਲਾਂ ਦੀ ਭਾਲ਼ ਵਿੱਚ ਨਿਕਲ਼ ਤੁਰੀ। ਚੇਨੱਈ ਵਿਖੇ ਮਨਾਖੇ ਬੱਚਿਆਂ ਲਈ ਸਿਰਫ਼ ਇੱਕੋ ਹੀ ਸਰਕਾਰੀ ਸਕੂਲ ਹੈ ਜੋ ਪੂਨਮੱਲੀ (ਜਿਹਨੂੰ ਪੂਨਮੱਲੇ) ਵੀ ਕਿਹਾ ਜਾਂਦਾ ਹੈ) ਵਿਖੇ ਸਥਿਤ ਹੈ ਤੇ ਇਹ ਸਕੂਲ ਉਨ੍ਹਾਂ ਦੇ ਘਰੋਂ ਕੋਈ 40 ਕਿਲੋਮੀਟਰ ਦੂਰ ਹੈ। ਉਨ੍ਹਾਂ (ਸਰਨਯਾ) ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸ਼ਹਿਰ ਦੇ ਕਿਸੇ ਨਿੱਜੀ ਸਕੂਲ ਕਰਾਉਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਖਾਤਰ ਉੱਥੇ ਵੀ ਜਾਣਦਾ ਫ਼ੈਸਲਾ ਕੀਤਾ।
ਉਹ ਉਨ੍ਹਾਂ ਦਿਨਾਂ ਬਾਰੇ ਦੱਸਦੀ ਹਨ,''ਮੈਨੂੰ ਨਹੀਂ ਪਤਾ ਸੀ ਕਿੱਧਰ ਜਾਵਾਂ।'' ਇੱਕ ਨੌਜਵਾਨ ਔਰਤ ਜਿਹਨੇ ''ਵਿਆਹ ਤੋਂ ਪਹਿਲਾਂ ਆਪਣਾ ਬਹੁਤੇਰਾ ਸਮਾਂ ਘਰੇ ਰਹਿ ਕੇ ਬਿਤਾਇਆ ਸੀ,'' ਹੁਣ ਆਪਣੇ ਬੱਚਿਆਂ ਵਾਸਤੇ ਸਕੂਲ ਦੀ ਭਾਲ਼ ਵਿੱਚ ਭਟਕਣ ਨਿਕਲ਼ ਪਈ ਸੀ। ਉਹ ਅੱਗੇ ਦੱਸਦੀ ਹਨ,''ਵਿਆਹ ਤੋਂ ਬਾਅਦ ਵੀ ਮੈਂ ਕਦੇ ਇਕੱਲੇ ਸਫ਼ਰ ਕਰਨਾ ਨਹੀਂ ਸਿੱਖਿਆ ਸੀ।''
ਦੱਖਣੀ ਚੇਨੱਈ ਦੇ ਅਡਯਾਰ ਵਿਖੇ, ਸਰਨਯਾ ਨੂੰ ਬੋਲ਼ੇ ਤੇ ਨਜ਼ਰੋਂ ਸੱਖਣੇ ਬੱਚਿਆਂ ਲਈ ਬਣਾਇਆ ਗਿਆ ਸੇਂਟ ਲੁਇਸ ਸਕੂਲ ਫ਼ਾਰ ਡੈਫ ਐਂਡ ਬਲਾਇੰਡ ਮਿਲ਼ ਗਿਆ ਤੇ ਉੱਥੇ ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਦਾਖ਼ਲ ਕਰਾ ਦਿੱਤਾ। ਬਾਅਦ ਵਿੱਚ, ਉਨ੍ਹਾਂ ਨੇ ਆਪਣੀ ਧੀ ਨੂੰ ਲਿਟਲ ਫਲਾਵਰ ਕੌਨਵੈਂਟ ਹਾਇਰ ਸੈਕੰਡਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਜੋ ਨੇੜਲੇ ਹੀ ਜੀ.ਐੱਨ. ਚੇਟੀ ਰੋਡ 'ਤੇ ਸਥਿਤ ਹੈ। ਫਿ਼ਲਹਾਲ, ਉਨ੍ਹਾਂ ਦਾ ਵੱਡਾ ਬੇਟਾ ਐੱਮ. ਮੇਸ਼ਾਕ 8ਵੀਂ ਅਤੇ ਦੂਸਰਾ ਬੇਟਾ ਐੱਮ. ਮਨਸੇ 6ਵੀਂ ਜਮਾਤ ਵਿੱਚ ਹੈ। ਧੀ ਐੱਮ. ਲੇਬਨਾ ਸਭ ਤੋਂ ਛੋਟੀ ਹੈ ਤੇ ਤੀਜੀ ਜਮਾਤ ਵਿੱਚ ਪੜ੍ਹਦੀ ਹੈ।
ਹਾਲਾਂਕਿ, ਬੱਚਿਆਂ ਨੂੰ ਸਕੂਲ ਪੜ੍ਹਨ ਲਈ ਉਨ੍ਹਾਂ ਨੂੰ ਟ੍ਰੇਨ ਰਾਹੀਂ ਲੰਬੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ ਜੋ ਕਿ ਥਕਾ ਸੁੱਟਣ ਵਾਲ਼ਾ, ਤਣਾਓ ਭਰਿਆ ਤੇ ਕਸ਼ਟ ਭਰਿਆ ਕੰਮ ਹੈ। ਵੱਡੇ ਬੇਟੇ ਨੂੰ ਸੈਂਟ੍ਰਲ ਚੇਨੱਈ ਜਾਣ ਦੇ ਰਸਤੇ ਅਕਸਰ ਦੌਰੇ ਪੈਂਦੇ ਰਹਿੰਦੇ ਹਨ। ਉਹ ਕਹਿੰਦੀ ਹਨ,''ਮੈਨੂੰ ਨਹੀਂ ਪਤਾ ਕਿ ਉਹਦੇ ਨਾਲ਼ ਕੀ ਪਰੇਸ਼ਾਨੀ ਹੈ... ਉਹਨੂੰ ਅਚਾਨਕ ਦੌਰੇ ਪੈਣ ਲੱਗਦੇ ਹਨ। ਮੈਂ ਉਹਨੂੰ ਆਪਣੀ ਗੋਦ ਵਿੱਚ ਸਮਾਂ ਲੈਂਦੀ ਹਾਂ ਤਾਂ ਕਿ ਕੋਈ ਉਹਨੂੰ ਦੇਖ ਨਾ ਲਵੇ। ਕੁਝ ਸਮੇਂ ਤੱਕ ਮੈਂ ਉਹਨੂੰ ਆਪਣੇ ਕਲਾਵੇ ਵਿੱਚ ਹੀ ਲਈ ਰੱਖਦੀ ਹਾਂ।''
ਉਨ੍ਹਾਂ ਦੇ ਬੱਚਿਆਂ ਵਾਸਤੇ ਰਹਾਇਸ਼ੀ ਸਕੂਲਾਂ ਦਾ ਬਦਲ ਵੀ ਕੰਮ ਨਹੀਂ ਆਉਣਾ ਸੀ। ਉਨ੍ਹਾਂ ਦੇ ਵੱਡੇ ਬੇਟੇ ਨੂੰ ਦੇਖਭਖਾਲ਼ ਦੀ ਲੋੜ ਪੈਂਦੀ ਹੈ। ''ਉਹਨੂੰ ਇੱਕ ਦਿਨ ਵਿੱਚ ਤਿੰਨ ਜਾਂ ਚਾਰ ਵਾਰ ਦੌਰੇ ਪੈਂਦੇ ਹਨ,'' ਉਹ ਦੱਸਦੀ ਹਨ ਤੇ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ,''ਜਦੋਂ ਤੱਕ ਮੈਂ ਮਨਾਸੇ ਦੇ ਕੋਲ਼ ਨਾ ਬੈਠਾਂ ਉਹ ਖਾਣਾ ਨਹੀਂ ਖਾਂਦਾ।''
*****
ਸਰਨਯਾ ਦਾ ਵਿਆਹ ਉਨ੍ਹਾਂ ਦੇ ਮਾਮਾ, ਮੁੱਤੂ ਨਾਲ਼ ਹੀ ਕਰ ਦਿੱਤਾ ਗਿਆ ਜਦੋਂ ਉਹ ਮਹਿਜ਼ 17 ਸਾਲਾਂ ਦੀ ਸਨ। ਖ਼ੂਨ ਦੇ ਰਿਸ਼ਤਿਆਂ ਵਿੱਚ ਇੰਝ ਵਿਆਹ ਕਰ ਦਿੱਤਾ ਜਾਣਾ ਤਮਿਲਨਾਡੂ ਦੇ ਰੇਡੀ ਭਾਈਚਾਰੇ ਲਈ ਆਮ ਗੱਲ ਹੈ। ਰੇਡੀ, ਰਾਜ ਵਿੱਚ ਹੋਰ ਪਿਛੜਾ ਵਰਗ (ਓਬੀਸੀ) ਵਿੱਚ ਸ਼ਾਮਲ ਹੈ। ਰੇਡੀ, ਰਾਜ ਵਿੱਚ ਹੋਰ ਪਿਛੜਾ ਵਰਗ (ਓਬੀਸੀ) ਵਿੱਚ ਸ਼ਾਮਲ ਹਨ। ''ਮੇਰੇ ਪਿਤਾ ਪਰਿਵਾਰਕ ਪਰੰਪਰਾ ਨੂੰ ਨਹੀਂ ਤੋੜਨਾ ਚਾਹੁੰਦੇ ਸਨ, ਇਸਲਈ ਉਨ੍ਹਾਂ ਨੇ ਮੇਰਾ ਵਿਆਹ ਮੇਰੇ ਮਾਮਾ ਨਾਲ਼ ਕਰ ਦਿੱਤਾ,'' ਉਹ ਦੱਸਦੀ ਹਨ। ''ਮੈਂ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੀ ਸਾਂ। ਮੇਰੇ ਚਾਰ ਮਾਮੇ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਮਾਮਾ ਹੀ ਮੇਰਾ ਪਤੀ ਸੀ।''
ਜਦੋਂ ਸਰਨਯਾ 25 ਸਾਲਾਂ ਦੀ ਹੋਈ ਤਦ ਤੱਕ ਉਹ ਤਿੰਨ ਬੱਚਿਆਂ ਦੀ ਮਾਂ ਬਣ ਚੁੱਕੀ ਸਨ। ਤਿੰਨੋਂ ਬੱਚੇ ਜਨਮ ਤੋਂ ਹੀ ਮਨਾਖੇ ਸਨ। ਉਹ ਕਹਿੰਦੀ ਹਨ,''ਜਦੋਂ ਮੈਂ ਆਪਣੇ ਸਭ ਤੋਂ ਵੱਡੇ ਬੇਟੇ ਨੂੰ ਜਨਮ ਦਿੱਤਾ ਉਦੋਂ ਤੱਕ ਮੈਂ ਇਹ ਨਹੀਂ ਜਾਣਦੀ ਸਾਂ ਕਿ ਬੱਚੇ ਇੰਝ ਮਨਾਖੇ ਵੀ ਜਨਮ ਲੈਂਦੇ ਹਨ। ਜਦੋਂ ਉਹ ਪੈਦਾ ਹੋਇਆ ਤਦ ਮੇਰੀ ਉਮਰ ਸਿਰਫ਼ 17 ਸਾਲ ਦੀ ਸੀ। ਉਹਦੀਆਂ ਅੱਖਾਂ ਕਿਸੇ ਗੁੱਡੇ (ਪੁਤਲੇ) ਵਾਂਗਰ ਸਨ। ਮੈਂ ਸਿਰਫ਼ ਬਜ਼ੁਰਗ ਲੋਕਾਂ ਨੂੰ ਹੀ ਇਸ ਹਾਲ ਵਿੱਚ ਦੇਖਿਆ ਸੀ।''
ਕਰੀਬ 21 ਸਾਲ ਦੀ ਉਮਰੇ ਮੇਰਾ ਦੂਜਾ ਬੇਟਾ ਪੈਦਾ ਹੋਇਆ। ਸਰਨਯਾ ਕਹਿੰਦੀ ਹਨ,''ਮੈਨੂੰ ਉਮੀਦ ਸੀ ਕਿ ਘੱਟੋ-ਘੱਟ ਉਹ ਤਾਂ ਸਧਾਰਣ ਪੈਦਾ ਹੋਵੇਗਾ, ਪਰ ਪੰਜਵੇਂ ਮਹੀਨਿਆਂ ਦੇ ਅੰਦਰ-ਅੰਦਰ ਮੈਨੂੰ ਇਹ ਅਹਿਸਾਸ ਹੋ ਗਿਆ ਜਿਵੇਂ ਉਹ ਦੇਖਣ ਵਿੱਚ ਸਮਰੱਥ ਨਹੀਂ ਸੀ।'' ਜਦੋਂ ਦੂਜਾ ਬੇਟਾ ਹਾਲੇ ਦੋ ਸਾਲ ਦਾ ਹੀ ਹੋਇਆ ਸੀ ਤਦ ਸਰਨਯਾ ਦੇ ਪਤੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਕੋਮਾ ਵਿੱਚ ਚਲੇ ਗਏ। ਜਦੋਂ ਉਹ ਠੀਕ ਹੋਏ ਤਾਂ ਉਨ੍ਹਾਂ (ਸਰਨਯਾ) ਦੇ ਪਿਤਾ ਨੇ ਉਨ੍ਹਾਂ ਨੂੰ ਮੈਕੇਨਿਕ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਦਿੱਤੀ, ਜਿੱਥੇ ਉਹ ਟਰੱਕਾਂ ਦੀ ਮੁਰੰਮਤ ਦਾ ਕੰਮ ਕਰਦੇ।
ਘਟਨਾ ਨੂੰ ਦੋ ਸਾਲ ਬੀਤਣ ਬਾਅਦ ਸਰਨਯਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ''ਅਸੀਂ ਸੋਚਿਆ ਸੀ ਹੋਵੇ ਨਾ ਹੋਵੇ ਸਾਡੀ ਧੀ ਤਾਂ ਤੰਦਰੁਸਤ ਹੋਵੇਗੀ...'' ਉਨ੍ਹਾਂ ਨੇ ਕੰਬਦੀ ਅਵਾਜ਼ ਵਿੱਚ ਗੱਲ ਜਾਰੀ ਰੱਖੀ ਤੇ ਕਿਹਾ,''ਲੋਕਾਂ ਨੇ ਮੇਰੇ ਤਿੰਨੋਂ ਬੱਚਿਆਂ ਦੀ ਇਸ ਤਰੀਕੇ ਨਾਲ਼ ਹੋਈ ਪੈਦਾਇਸ਼ ਮਗਰਲਾ ਕਾਰਨ ਸਾਡੇ ਖ਼ੂਨ ਦੇ ਰਿਸ਼ਤੇ ਵਿੱਚ ਹੋਣ ਵਾਲ਼ੇ ਵਿਆਹ ਨੂੰ ਦੱਸਿਆ। ਉਨ੍ਹਾਂ ਕਿਹਾ ਇਸੇ ਕਾਰਨ ਕਰਕੇ ਮੇਰੇ ਬੱਚੇ ਦੇਖਣ ਵਿੱਚ ਅਸਮਰੱਥ ਹਨ। ਕਾਸ਼, ਮੈਨੂੰ ਇਹ ਗੱਲ ਪਹਿਲਾਂ ਪਤਾ ਹੁੰਦੀ।''
ਉਨ੍ਹਾਂ ਦੇ ਵੱਡੇ ਬੇਟੇ ਨੂੰ ਮਾਨਸਿਕ ਪਰੇਸ਼ਾਨੀ ਹੈ ਜਿਸ ਕਾਰਨ ਕਰਕੇ ਉਨ੍ਹਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਤੇ ਉਹਦੇ ਇਲਾਜ ਵਿੱਚ ਹਰ ਮਹੀਨੇ 1.500 ਰੁਪਏ ਦਾ ਖਰਚਾ ਹੁੰਦਾ ਹੈ। ਦੋਵਾਂ ਬੇਟਿਆਂ ਦੇ ਸਕੂਲ ਦੀ ਸਲਾਨਾ ਫੀਸ 8,000 ਰੁਪਏ ਲੱਗਦੀ ਹੈ। ਬੇਟੀ ਦੇ ਸਕੂਲ ਦੀ ਪੜ੍ਹਾਈ ਮੁਫ਼ਤ ਹੈ। ਉਹ ਕਹਿੰਦੀ ਹਨ,''ਮੇਰੇ ਪਤੀ ਸਾਡਾ ਸਾਰਿਆਂ ਦਾ ਖ਼ਿਆਲ ਰੱਖਦੇ ਸਨ। ਉਹ 500-600 ਰੁਪਏ ਦਿਹਾੜੀ ਕਮਾਉਂਦੇ ਸਨ।''
ਸਾਲ 2021 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪਤੀ ਦੀ ਮੌਤ ਹੋਣ ਤੋਂ ਬਾਅਦ ਹੀ ਸਰਨਯਾ ਉਸੇ ਇਲਾਕੇ ਵਿੱਚ ਸਥਿਤ ਆਪਣੇ ਪੇਕੇ ਪਰਿਵਾਰ ਰਹਿਣ ਆ ਗਈ। ਉਹ ਕਹਿੰਦੀ ਹਨ,''ਹੁਣ ਮੇਰੇ ਮਾਪੇ ਹੀ ਮੇਰਾ ਸਹਾਰਾ ਹਨ। ਆਪਣੇ ਬੱਚਿਆਂ ਬੱਚਿਆਂ ਦੀ ਦੇਖਭਾਲ ਮੈਨੂੰ ਇਕੱਲਿਆਂ ਹੀ ਕਰਨੀ ਪੈਂਦੀ ਹੈ ਤੇ ਮੈਂ ਹੱਸਣਾ ਤੱਕ ਭੁੱਲ ਗਈ ਹਾਂ।''
ਸਰਨਯਾ ਦੇ ਪਿਤਾ ਇੱਕ ਪਾਵਰਲੂਮ ਫ਼ੈਕਟਰੀ ਵਿੱਚ ਕੰਮ ਕਰਦੇ ਹਨ ਤੇ ਮਹੀਨੇ ਦਾ 15,000 ਰੁਪਏ ਕਮਾਉਂਦੇ ਹਨ। ਇਸ ਵਾਸਤੇ ਉਨ੍ਹਾਂ ਨੂੰ ਦਿਹਾੜੀ ਤੋੜਨ ਦੀ ਛੋਟ ਨਹੀਂ। ਉਨ੍ਹਾਂ ਦੀ ਮਾਂ ਨੂੰ ਹਰ ਮਹੀਨੇ ਅਪੰਗਤਾ ਦੀ ਪੈਨਸ਼ਨ ਵਜੋਂ 1,000 ਰੁਪਏ ਮਿਲ਼ਦੇ ਹਨ। ਸਰਨਯਾ ਕਹਿੰਦੀ ਹਨ,''ਮੇਰੇ ਪਿਤਾ ਹੁਣ ਬੁੱਢੇ ਹੋ ਰਹੇ ਹਨ। ਉਹ ਮਹੀਨੇ ਦੇ 30 ਦੇ 30 ਦਿਨ ਕੰਮ ਨਹੀਂ ਕਰ ਸਕਦੇ ਤੇ ਇਸਲਈ ਸਾਡਾ ਖ਼ਰਚਾ ਚੁੱਕਣ ਲਈ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਆਉਂਦੀ ਹੈ। ਮੈਨੂੰ ਹਰ ਵੇਲ਼ੇ ਆਪਣੇ ਬੱਚਿਆਂ ਦੇ ਨਾਲ਼ ਰਹਿਣਾ ਪੈਂਦਾ ਹੈ। ਇਸਲਈ ਮੈਂ ਆਪ ਵੀ ਕਿਤੇ ਕੰਮ ਕਰਨ ਨਹੀਂ ਜਾ ਸਕਦੀ।'' ਹਾਂ ਜੇਕਰ ਕਿਤੇ ਪੱਕੀ ਸਰਕਾਰੀ ਨੌਕਰੀ ਮਿਲ਼ ਜਾਵੇ ਤਾਂ ਇੱਕ ਮਦਦ ਹੋ ਸਕਦੀ ਹੈ। ਉਨ੍ਹਾਂ ਨੇ ਕਈ ਥਾਵੇਂ ਬਿਨੈ ਕੀਤਾ ਹੋਇਆ ਹੈ, ਪਰ ਅਜੇ ਤੱਕ ਕਿਸੇ ਪਾਸਿਓਂ ਸੁੱਖ ਦੀ ਖ਼ਬਰ ਨਹੀਂ ਆਈ।
ਸਰਨਯਾ ਨੂੰ ਰੋਜ਼ਮੱਰਾ ਦੀਆਂ ਇਨ੍ਹਾਂ ਸਮੱਸਿਆਵਾਂ ਨਾਲ਼ ਦੋ-ਚਾਰ ਹੁੰਦੇ-ਹੁੰਦੇ ਕਈ ਵਾਰੀਂ ਆਤਮ-ਹੱਤਿਆ ਤੱਕ ਦਾ ਵਿਚਾਰ ਵੀ ਆ ਜਾਂਦਾ ਹੈ। ''ਮੈਂ ਸਿਰਫ਼ ਆਪਣੀ ਧੀ ਲਈ ਜਿਓਂ ਰਹੀ ਹਾਂ,'' ਉਹ ਕਹਿੰਦੀ ਹਨ। ''ਉਹ ਮੈਨੂੰ ਕਹਿੰਦੀ,'ਸਾਡੇ ਪਿਤਾ ਨੇ ਤਾਂ ਸਾਨੂੰ ਛੱਡ ਦਿੱਤਾ। ਪਰ ਤੂੰ ਸਾਡੇ ਲਈ ਕੁਝ ਸਾਲ ਤਾਂ ਜੀ ਲੈ, ਫਿਰ ਭਾਵੇਂ ਚਲੀ ਜਾਵੀਂ'।''
ਇਹ ਸਟੋਰੀ ਮੂਲ਼ ਰੂਪ ਵਿੱਚ ਤਮਿਲ ਭਾਸ਼ਾ ਵਿੱਚ ਲਿਖੀ ਗਈ ਸੀ ਤੇ ਫਿਰ ਐੱਸ. ਸੈਨਥਾਲੀਰ ਨੇ ਇਹਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।
ਤਰਜਮਾ: ਕਮਲਜੀਤ ਕੌਰ