"ਸਾਨੂੰ ਇੰਝ ਤਿੱਲ-ਤਿੱਲ ਮਾਰਨ ਨਾਲ਼ੋਂ ਚੰਗਾ ਰੱਬ ਸਾਨੂੰ ਇੱਕੋ ਹੀਲੇ ਮਾਰ ਮੁਕਾਏ," ਅਜ਼ਹਰ ਖਾਨ ਕਹਿੰਦੇ ਹਨ, ਜੋ ਇੱਕ ਕਿਸਾਨ ਹਨ ਅਤੇ ਉਨ੍ਹਾਂ ਨੇ 26 ਮਈ ਨੂੰ ਸੁੰਦਰਬਨ ਵਿੱਚ ਮੌਸੁਨੀ ਟਾਪੂ ਨੂੰ ਆਪਣੀ ਚਪੇਟ ਵਿੱਚ ਲੈਣ ਵਾਲ਼ੀਆਂ ਚੱਕਰਵਾਤੀ ਲਹਿਰਾਂ ਵਿੱਚ ਆਪਣੀ ਜ਼ਮੀਨ ਗੁਆ ਦਿੱਤੀ।
ਉਸ ਦੁਪਹਿਰ ਨੂੰ ਉੱਚੀਆਂ ਲਹਿਰਾਂ ਦੇ ਰੂਪ ਵਿੱਚ ਬੰਗਾਲ ਦੀ ਖਾੜੀ ਵਿੱਚ ਉੱਠੇ ਤੂਫਾਨ ਨੇ ਮੁਰੀਗੰਗਾ ਨਦੀ ਵਿੱਚ ਉੱਚੀਆਂ ਲਹਿਰਾਂ ਪੈਦਾ ਕੀਤੀ, ਜੋ ਸਧਾਰਣ ਲਹਿਰਾਂ ਨਾਲ਼ੋਂ 1-2 ਮੀਟਰ ਉੱਚੀਆਂ ਸਨ। ਪਾਣੀ ਨੇ ਬੰਨ੍ਹਾਂ ਨੂੰ ਤੋੜ ਸੁੱਟਿਆ ਅਤੇ ਨੀਵੇਂ ਟਾਪੂਆਂ ਵਿੱਚ ਪਾਣੀ ਭਰ ਗਿਆ, ਜਿਸ ਕਰਕੇ ਘਰਾਂ ਅਤੇ ਖੇਤੀ ਨੂੰ ਭਾਰੀ ਨੁਕਸਾਨ ਪੁੱਜਿਆ।
26 ਮਈ ਦੁਪਹਿਰ ਤੋਂ ਠੀਕ ਪਹਿਲਾਂ ਆਇਆ ਤੂਫਾਨ ਚੱਕਰਵਾਤ ਯਾਸ ਦੁਆਰਾ ਪੈਦਾ ਕੀਤਾ ਗਿਆ ਸੀ, ਜਦੋਂ ਉਹਨੇ ਓੜੀਸਾ ਵਿੱਚ ਬਲਾਸੌਰ ਨੇੜੇ ਲੈਂਡਫਾਲ (ਜ਼ਮੀਨ ਦਾ ਧੱਸਣਾ) ਬਣਾਇਆ- ਜੋ ਇਲਾਕਾ ਮੌਸੁਨੀ ਦੇ ਦੱਖਣ-ਪੱਛਮ ਸਿਰੇ ਤੋਂ ਕਰੀਬ 65 ਮੀਲ ਸਮੁੰਦਰੀ ਦੂਰੀ 'ਤੇ ਹੈ। ਇਹ ਇੱਕ ਬਹੁਤ ਭਿਅੰਕਰ ਚੱਕਰਵਾਤੀ ਤੂਫਾਨ ਸੀ ਜਿਹਨੇ 130-140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ਼ ਹਵਾ ਦੀ ਗਤੀ ਪੈਦਾ ਕੀਤੀ।
"ਅਸੀਂ ਤੂਫਾਨ ਆਉਂਦਾ ਦੇਖ ਲਿਆ ਅਤੇ ਸੋਚਿਆ ਕਿ ਸਾਨੂੰ ਆਪਣਾ ਮਾਲ-ਅਸਬਾਬ ਚੁੱਕਣ ਦਾ ਸਮਾਂ ਮਿਲ਼ ਹੀ ਜਾਵੇਗਾ ਪਰ ਪਾਣੀ ਪੂਰੀ ਰਫ਼ਤਾਰ ਨਾਲ਼ ਸਾਡੇ ਪਿੰਡ ਵੱਲ ਭੱਜਿਆ ਆਇਆ," ਮਜੌਰਾ ਬੀਬੀ ਕਹਿੰਦੀ ਹਨ ਜੋ ਬਗਦੰਗਾ ਮੌਜ਼ਾ (ਪਿੰਡ) ਤੋਂ ਹਨ। ਉਹ ਮੂਰੀਗੰਗਾ ਦੇ ਬੰਨ੍ਹ, ਪੱਛਮੀ ਮੌਸੁਨੀ ਦੇ ਨੇੜੇ ਰਹਿੰਦੀ ਹਨ। "ਅਸੀਂ ਆਪਣੀਆਂ ਜਾਨਾਂ ਬਚਾ ਕੇ ਭੱਜੇ ਪਰ ਅਸੀਂ ਆਪਣੀਆਂ ਵਸਤਾਂ ਨਾ ਬਚਾ ਸਕੇ। ਸਾਡੇ ਵਿੱਚੋਂ ਕਈ ਆਪਣੀਆਂ ਜਾਨਾਂ ਬਚਾਉਣ ਖਾਤਰ ਰੁੱਖਾਂ 'ਤੇ ਜਾ ਚੜ੍ਹੇ।"
ਲਗਾਤਾਰ ਪੈਂਦੇ ਮੀਂਹ ਕਾਰਨ ਟਾਪੂ ਦੇ ਚਾਰ ਪਿੰਡਾਂ- ਬਗਦੰਗਾ, ਬਲਿਆਰਾ, ਕੁਸੁਮਤਲਾ ਅਤੇ ਮੌਸੁਨੀ ਦੀਆਂ ਬੇੜੀਆਂ ਅਤੇ ਕਿਸ਼ਤੀਆਂ ਵੀ ਤਿੰਨ ਦਿਨਾਂ ਲਈ ਰੁੱਕ ਗਈਆਂ। 29 ਮਈ ਦੀ ਸਵੇਰ ਜਦੋਂ ਮੈਂ ਮੌਸੁਨੀ ਪੁੱਜਿਆ ਤਾਂ ਮੈਂ ਦੇਖਿਆ ਪੂਰਾ ਇਲਾਕਾ ਪਾਣੀ ਨਾਲ਼ ਡੁੱਬਿਆ ਪਿਆ ਸੀ।
"ਮੇਰੀ ਜ਼ਮੀਨ ਖਾਰੇ ਪਾਣੀ ਵਿੱਚ ਡੁੱਬ ਗਈ," ਅਭਿਲਾਸ਼ ਸਰਦਰ ਨੇ ਕਿਹਾ, ਜਿਨ੍ਹਾਂ ਨੂੰ ਮੈਂ ਬਗਦੰਗਾ ਦੀ ਠ੍ਹਾਰ (ਪਨਾਹ) ਵਿੱਚ ਮਿਲ਼ਿਆ। "ਅਸੀਂ ਕਿਸਾਨਾਂ ਨੇ ਆਪਣੀ ਰੋਜ਼ੀਰੋਟੀ ਗੁਆ ਲਈ," ਉਨ੍ਹਾਂ ਨੇ ਕਿਹਾ। "ਹੁਣ ਮੈਂ ਆਉਣ ਵਾਲ਼ੇ ਤਿੰਨ ਸਾਲਾਂ ਤੱਕ ਆਪਣੀ ਜ਼ਮੀਨ ਨਹੀਂ ਵਾਹ (ਖੇਤੀ ਨਹੀਂ) ਸਕਾਂਗਾ। ਇਹਨੂੰ ਦੋਬਾਰਾ ਜਰਖੇਜ਼ ਹੋਣ ਵਿੱਚ ਸੱਤ ਸਾਲਾਂ ਤੱਕ ਦਾ ਸਮਾਂ ਲੱਗ ਸਕਦਾ ਹੈ।"
ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜਿਲ੍ਹੇ ਦੇ ਨਾਮਖਾਨਾ ਬਲਾਕ ਵਿੱਚ, ਨਦੀਆਂ ਅਤੇ ਸਮੁੰਦਰ ਨਾਲ਼ ਘਿਰੇ ਟਾਪੂ, ਮੌਸੁਨੀ ਵਿੱਚ ਯਾਸ ਦੁਆਰਾ ਮਚਾਈ ਤਬਾਹੀ ਇੱਥੇ ਆਉਣ ਵਾਲ਼ੀਆਂ ਬਿਪਤਾਵਾਂ ਦੀ ਲੜੀ ਵਿੱਚ ਸਭ ਤੋਂ ਤਾਜ਼ਾ ਹੈ।
ਇੱਕ ਸਾਲ ਪਹਿਲਾਂ- 20 ਮਈ 2020 ਨੂੰ- ਅੰਫਨ ਚੱਕਰਵਾਤ ਨੇ ਸੁੰਦਰਬਨ ਤਬਾਹ ਕਰ ਸੁੱਟਿਆ। ਉਸ ਤੋਂ ਪਹਿਲਾਂ, ਬੁਲਬੁਲ (2019) ਅਤੇ ਆਲਿਆ (2009) ਚੱਕਰਵਾਤਾਂ ਨੇ ਟਾਪੂਆਂ 'ਤੇ ਤਾਂਡਵ ਰੱਚਿਆ। ਆਲਿਆ ਨੇ ਤਾਂ ਮੌਸੁਨੀ ਦੀ 30-35 ਫੀਸਦ ਜ਼ਮੀਨ ਬਰਬਾਦ ਕਰ ਸੁੱਟੀ, ਜਿਸ ਕਾਰਨ ਮਿੱਟੀ ਵਿੱਚ ਹੋਏ ਖਾਰੇਪਣ ਦੇ ਵਾਧੇ ਕਾਰਨ ਇਹਦੇ ਦੱਖਣੀ ਤੱਟ ਦਾ ਕਾਫੀ ਸਾਰਾ ਹਿੱਸਾ ਖੇਤੀਬਾੜੀ ਦੇ ਅਯੋਗ ਬਣ ਗਿਆ।
ਮਾਹਰਾਂ ਨੇ ਤਾੜਿਆ ਹੈ ਕਿ ਇਹ ਨਾ ਸਿਰਫ਼ ਸਮੁੰਦਰ ਦੀ ਸਤ੍ਹਾ ਦੇ ਵੱਧਦੇ ਤਾਪਮਾਨ-ਗਲੋਬਲ ਵਾਰਮਿੰਗ ਦੇ ਸੂਚਕ ਹਨ- ਸਗੋਂ ਸਮੁੰਦਰੀ ਕੰਢਿਆਂ ਦੀ ਸਤ੍ਹਾ ਦੇ ਤਾਪਮਾਨ ਵਿੱਚ ਹੋਣ ਵਾਲ਼ਾ ਵਾਧਾ ਵੀ ਜੋ ਬੰਗਾਲ ਦੀ ਖਾੜੀ ਵਿੱਚ ਚੱਕਰਵਾਤਾਂ ਨੂੰ ਤੇਜ਼ ਕਰਨ ਲਈ ਪ੍ਰਭਾਵਤ ਕਰ ਰਹੇ ਹਨ। ਭਾਰਤ ਦੇ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ 2006 ਦੇ ਇੱਕ ਅਧਿਐਨ ਮੁਤਾਬਕ ਮਈ, ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਇੱਕ ਭਿਅੰਕਰ ਚੱਕਰਵਾਤੀ ਤੂਫਾਨ ਦੀ ਅਵਸਥਾ ਵਿੱਚ ਤੀਬਰਤਾ ਦੀ ਦਰ ਵੱਧ ਗਈ ਹੈ।
ਯਾਸ ਤੋਂ ਪਹਿਲਾਂ, ਟਾਪੂ ਦਾ 70 ਫੀਸਦੀ ਰਕਬਾ ਭਾਵ 6,000 ਏਕੜ ਤੋਂ ਵੱਧ ਹਿੱਸਾ ਜੋ ਸਾਰੇ ਦਾ ਸਾਰਾ ਵਾਹੀਯੋਗ ਸੀ, ਸਰਲ ਦਾਸ ਕਹਿੰਦੇ ਹਨ, ਜਿਨ੍ਹਾਂ ਦੀ ਬਗਦੰਗਾ ਵਿੱਚ 5 ਏਕੜ ਜ਼ਮੀਨ ਹੈ। "ਹੁਣ ਸਿਰਫ਼ 70-80 ਏਕੜ ਜ਼ਮੀਨ ਹੀ ਹੈ ਜੋ ਖੁਸ਼ਕ ਬਚੀ ਹੈ।"
ਟਾਪੂ 'ਤੇ ਰਹਿੰਦੇ ਤਕਰੀਬਨ 22,000 ਲੋਕ (ਮਰਦਮਸ਼ੁਮਾਰੀ 2011 ਮੁਤਾਬਕ) ਚੱਕਰਵਾਤ ਦੁਆਰਾ ਪ੍ਰਭਾਵਤ ਹੋਏ ਹਨ, ਦਾਸ ਅੱਗੇ ਦੱਸਦੇ ਹਨ, ਜੋ ਬਗਦੰਗਾ ਦੇ ਸਹਿਕਾਰੀ ਸਕੂਲ ਵਿੱਚ ਵੀ ਕੰਮ ਕਰਦੇ ਹਨ। ''ਟਾਪੂ ਦੇ ਕਰੀਬ 400 ਘਰ ਅਜਿਹੇ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਮਲ਼ੀਆਮੇਟ ਹੋ ਗਿਆ ਅਤੇ 2,000 ਘਰਾਂ ਨੂੰ ਨੁਕਸਾਨ ਪੁੱਜਾ ਹੈ।'' ਜ਼ਿਆਦਾਤਰ ਡੰਗਰ-ਪਸ਼ੂ, ਮੁਰਗੀਆਂ ਅਤੇ ਮੱਛੀਆਂ, ਸਭ ਤਬਾਹ ਹੋ ਗਿਆ, ਉਹ ਕਹਿੰਦੇ ਹਨ।
ਤੂਫਾਨ ਤੋਂ ਬਾਅਦ ਮੌਸੁਮੀ ਵਿੱਚ ਪੀਣ ਵਾਲ਼ੇ ਪਾਣੀ ਦੇ ਮੁੱਖ ਸ੍ਰੋਤ ਬੰਬੀਆਂ (ਟਿਊਬਵੈੱਲਾਂ) ਤੱਕ ਪਹੁੰਚਣਾ ਮੁਸ਼ਕਲ ਬਣ ਗਿਆ ਹੈ। "ਕਈ ਟਿਊਬਵੈੱਲ ਪਾਣੀ ਹੇਠ ਹਨ। ਨੇੜਲੇ ਟਿਊਬਵੈੱਲ ਤੱਕ ਅਪੜਨ ਲਈ ਅਸੀਂ ਲੱਕ ਤੱਕ ਡੂੰਘੇ ਚਿੱਕੜ ਵਿੱਚ ਪੰਜ ਕਿਲੋਮੀਟਰ ਤੁਰ ਰਹੇ ਹਾਂ," ਜਯਨਲ ਸਰਦਰ ਕਹਿੰਦੇ ਹਨ।
ਮੌਸੁਨੀ ਦੇ ਲੋਕਾਂ ਨੂੰ ਇਹੋ ਜਿਹੀਆਂ ਤਬਾਹੀਆਂ ਵਿੱਚ ਜਿਊਂਦੇ ਰਹਿਣ ਦਾ ਢੰਗ ਸਿੱਖਣਾ ਹੀ ਹੋਵੇਗਾ, ਜਯੋਤਿੰਦਰਨਰਾਇਣ ਲਾਹਿਰੀ ਕਹਿੰਦੇ ਹਨ, ਇੱਕ ਸੰਰਖਣਵਾਦੀ ਅਤੇ ਸੁਧੁ ਸੁੰਦਰਨ ਚਰਚਾ ਦੇ ਸੰਪਾਦਕ ਹਨ ਜੋ ਸੁੰਦਰਬਨ ਅਤੇ ਇਹਦੇ ਲੋਕਾਂ 'ਤੇ ਅਧਾਰਤ ਇੱਕ ਤਿਮਾਹੀ ਰਸਾਲਾ ਹੈ। "ਉਨ੍ਹਾਂ ਨੂੰ ਜਿਊਂਦੇ ਰਹਿਣ ਦੇ ਨਵੇਂ ਦਾਅਪੇਚਾਂ ਨੂੰ ਅਪਣਾਉਣਾ ਚਾਹੀਦਾ ਹੈ, ਜਿਵੇਂ ਹੜ੍ਹ ਦਾ ਮੁਕਾਬਲਾ ਕਰਨ ਵਾਲ਼ੇ ਘਰਾਂ ਦਾ ਨਿਰਮਾਣ।"
ਤਬਾਹੀ ਸੰਭਾਵਤ ਇਲਾਕਿਆਂ ਜਿਵੇਂ ਮੌਸੁਨੀ ਦੇ ਲੋਕ ਸਰਕਾਰੀ ਰਾਹਤ 'ਤੇ ਨਿਰਭਰ ਨਹੀਂ ਕਰਦੇ। ''ਉਹ ਤਿਆਰ-ਬਰ-ਤਿਆਰ ਰਹਿ ਕੇ ਹੀ ਬੱਚਦੇ ਹਨ।"
ਪੱਛਮੀ ਬੰਗਾਲ ਸਰਕਾਰ ਨੇ ਮੁਲਾਂਕਣ ਕੀਤਾ ਹੈ ਕਿ ਪੂਰੇ ਰਾਜ ਅੰਦਰ ਘੱਟੋ-ਘੱਟ 96,650 ਹੈਕਟੇਅਰ (238,830 ਏਕੜ) ਖੜ੍ਹੀਆਂ ਫਸਲਾਂ ਹੜ੍ਹਾਂ ਦੀ ਬਲ਼ੀ ਚੜ੍ਹ ਗਈਆਂ। ਮੌਸੁਨੀ ਅੰਦਰ, ਜਿੱਥੇ ਖੇਤੀਬਾੜੀ ਹੀ ਗੁਜ਼ਾਰੇ ਇੱਕ ਇਕਲੌਤਾ ਵਸੀਲਾ ਹੈ, ਹੁਣ ਚੀਜ਼ਾਂ ਬਦ ਤੋਂ ਬਦਤਰ ਹੋ ਜਾਣਗੀਆਂ ਕਿਉਂਕਿ ਇੱਥੋਂ ਦੀ ਬਹੁਤੇਰੀ ਜਰਖੇਜ਼ ਜ਼ਮੀਨ ਖਾਰੇ ਪਾਣੀ ਦੀ ਮਾਰ ਹੇਠ ਆ ਗਈ ਹੈ।
ਜਿੱਥੇ ਟਾਪੂਵਾਸੀ ਅਜੇ ਵੀ ਚੱਕਰਵਾਤ ਯਾਸ ਦੁਆਰਾ ਪਿੱਛੇ ਛੱਡੀ ਤਬਾਹੀ ਨੂੰ ਦੇਖਣ ਆ ਰਹੇ ਹਨ, ਆਈਐੱਮਡੀ ਨੇ 11 ਜੂਨ ਨੂੰ ਉੱਤਰੀ ਬੰਗਾਲ ਦੀ ਖਾੜੀ ਵਿੱਚ ਇੱਕ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ, ਜੋ ਸੁੰਦਰਬਨ ਵਿੱਚ ਭਾਰੀ ਮੀਂਹ ਲਿਆ ਸਕਦਾ ਹੈ।
ਬਗਦੰਗਾ ਵਿੱਚ, ਭਾਵੇਂਕਿ, ਬੀਬੀਜਾਨ ਬੀਬੀ ਦੀ ਚਿੰਤਾ ਵੱਧ ਗੰਭੀਰ ਹੈ। "ਇੱਕ ਵਾਰ ਜਦੋਂ ਪਾਣੀ ਲੱਥਣਾ ਹੈ," ਉਹ ਕਹਿੰਦੀ ਹਨ, " ਗੋਰਖਾ (ਭਾਰਤੀ ਕੋਬਰਾ) ਨੇ ਸਾਡੇ ਘਰਾਂ ਵਿੱਚ ਵੜ੍ਹਨਾ ਸ਼ੁਰੂ ਕਰ ਦਵੇਗਾ। ਅਸੀਂ ਸਹਿਮੇ ਬੈਠੇ ਹਾਂ।"
ਤਰਜਮਾ: ਕਮਲਜੀਤ ਕੌਰ