"ਅਸੀਂ ਇੱਥੇ ਆਉਣ ਵਾਸਤੇ ਸੇਠਾਂ (ਖੇਤ-ਮਾਲਕਾਂ) ਕੋਲੋਂ 1,000 ਰੁਪਇਆ ਉਧਾਰ ਚੁੱਕਿਆ। ਇਹਦੇ ਬਦਲੇ ਵਿੱਚ ਅਸੀਂ ਉਨ੍ਹਾਂ ਦੇ ਖੇਤਾਂ ਵਿੱਚ 4-5 ਦਿਨ ਕੰਮ ਕਰਾਂਗੀਆਂ," 45 ਸਾਲਾ ਵਿਜੈਬਾਈ ਗੰਗਰੋਦੇ ਨੇ ਕਿਹਾ। ਉਹ ਨੀਲੇ ਅਤੇ ਸੰਤਰੀ ਰੋਗਣ ਨਾਲ਼ ਰੰਗੇ ਉਸ ਟੈਂਪੂ ਵਿੱਚ ਸਵਾਰ ਹੋ ਕੇ ਨਾਸਿਕ ਵਿਖੇ 23 ਜਨਵਰੀ ਦੀ ਦੁਪਹਿਰ ਨੂੰ ਹੀ ਅੱਪੜ ਗਈ, ਜੋ ਕਿ ਮੁੰਬਈ ਤੋਂ ਤਿਆਰ ਵਾਹਨ ਜੱਥੇ (ਮਾਰਚ) ਵਿੱਚ ਸ਼ਾਮਲ ਹੋਣ ਲਈ ਸ਼ਹਿਰ ਦੇ ਗੋਲਫ ਕਲੱਬ ਮੈਦਾਨ ਵਿੱਚ ਸਭ ਤੋਂ ਪਹਿਲਾਂ ਪੁੱਜਿਆ ਸੀ।
ਵਿਜੈਬਾਈ ਦੀ 41 ਸਾਲਾ ਚਚੇਰੀ ਭੈਣ, ਤਾਰਾਬਾਈ ਜਾਧਵ ਵੀ, ਨਾਸਿਕ ਜਿਲ੍ਹੇ ਦੇ ਡਿੰਡੋਰੀ ਤਾਲੁਕਾ ਵਿੱਚ ਪੈਂਦੇ ਆਪਣੇ ਪਿੰਡ ਮੋਹਾਦੀ ਤੋਂ ਉਨ੍ਹਾਂ ਦੇ ਨਾਲ਼ ਹੀ ਸਫ਼ਰ ਕਰ ਰਹੀ ਸਨ। ਉਹ ਦੋਵੇਂ ਉੱਥੇ ਬਤੌਰ ਖੇਤ ਮਜ਼ਦੂਰ ਕੰਮ ਕਰਦੀਆਂ ਹਨ ਅਤੇ 200-250 ਦਿਹਾੜੀ ਪਾਉਂਦੀਆਂ ਹਨ।
ਚਚੇਰੀ ਭੈਣ ਮਹਾਰਾਸ਼ਟਰ ਦੇ ਨੰਦੇੜ, ਨੰਦੁਰਬਾਰ, ਨਾਸਿਕ ਅਤੇ ਪਾਲਘਰ ਜਿਲ੍ਹਿਆਂ ਤੋਂ ਇਕੱਠੇ ਹੋਏ ਕਰੀਬ ਉਨ੍ਹਾਂ 15,000 ਕਿਸਾਨਾਂ ਵਿੱਚ ਸ਼ਾਮਲ ਹੋਣ ਲਈ ਨਾਸਿਕ ਆਈ ਜੋ ਨਵੇਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ 180 ਕਿਲੋਮੀਟਰ ਦੂਰ ਸਥਿਤ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਜਾ ਰਹੇ ਹਨ। "ਅਸੀਂ ਆਪਣੀ ਉਪਜੀਵਿਕਾ (ਰੋਜੀ-ਰੋਟੀ) ਵਾਸਤੇ ਮਾਰਚ ਕਰ ਰਹੇ ਹਾਂ," ਤਾਰਾਬਾਈ ਨੇ ਕਿਹਾ।
25-26 ਜਨਵਰੀ ਨੂੰ ਦੱਖਣ ਮੁੰਬਈ ਵਿੱਚ ਰਾਜਪਾਲ ਦੇ ਅਵਾਸ, ਰਾਜਭਵਨ ਤੱਕ ਧਰਨਾ ਅਤੇ ਮਾਰਚ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਵੱਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ਼ ਇਕਜੁਟਤਾ ਜ਼ਾਹਰ ਕਰਨ ਲਈ ਕੀਤਾ ਗਿਆ। ਮਹਾਰਾਸ਼ਟਰ ਦੇ 21 ਜਿਲ੍ਹਿਆਂ ਦੇ ਕਿਸਾਨ ਜਿਨ੍ਹਾਂ ਨੂੰ ਕੁੱਲ ਭਾਰਤੀ ਕਿਸਾਨ ਸਭਾ (AIKS) ਦੁਆਰਾ ਲਾਮਬੰਦ ਕੀਤਾ ਗਿਆ ਹੈ, ਮੁੰਬਈ ਅੰਦਰ ਇਨ੍ਹਾਂ ਧਰਨਿਆਂ ਵਾਸਤੇ ਇਕੱਠੇ ਹੋ ਰਹੇ ਹਨ।
ਦੋ ਮਹੀਨਿਆਂ ਤੋਂ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਲੱਖਾਂ-ਲੱਖ ਕਿਸਾਨ, ਦਿੱਲੀ ਦੀਆਂ ਸਰਹੱਦਾਂ ਦੀਆਂ ਪੰਜ ਥਾਵਾਂ 'ਤੇ ਧਰਨਾ ਜਮਾਈ ਬੈਠੇ ਹਨ। ਉਹ ਉਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ।
ਤਿੰਨ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਵਿਜੈਬਾਈ ਅਤੇ ਤਾਰਾਬਾਈ ਨੇ, ਜੋ ਇੱਕ ਪਿਛੜੇ ਕਬੀਲੇ ਕੋਲੀ ਮਾਲਹਾਰ ਆਦਿਵਾਸੀ ਭਾਈਚਾਰੇ ਤੋਂ ਹਨ, ਮੁੰਬਈ ਜਾਣ ਆਉਣ ਵਾਸਤੇ ਇਸ ਕਿਰਾਏ ਦੇ ਟੈਂਪੂ ਵਿੱਚ ਸੀਟ ਬਦਲੇ 1000 ਰੁਪਏ ਦਿੱਤੇ। ਉਨ੍ਹਾਂ ਨੇ ਇਹ ਰਕਮ ਉਧਾਰ ਲਈ ਕਿਉਂਕਿ ਉਨ੍ਹਾਂ ਕੋਲ਼ ਕੋਈ ਬਚਤ ਪੂੰਜੀ ਨਹੀਂ ਸੀ। "ਸਾਡੇ ਕੋਲ਼ ਤਾਲਾਬੰਦੀ (ਕੋਵਿਡ-19) ਦੌਰਾਨ ਕੋਈ ਕੰਮ ਨਹੀਂ ਸੀ," ਤਾਰਾਬਾਈ ਨੇ ਕਿਹਾ। "ਰਾਜ ਸਰਕਾਰ ਨੇ ਹਰੇਕ ਪਰਿਵਾਰ ਲਈ 20 ਕਿਲੋ ਮੁਫਤ ਕਣਕ ਦੇਣ ਦਾ ਵਾਅਦਾ ਕੀਤਾ ਪਰ ਸਿਰਫ਼ 10 ਕਿਲੋ ਹੀ ਵੰਡੀ ਗਈ।"
ਇਹ ਪਹਿਲੀ ਵਾਰ ਨਹੀਂ ਹੈ ਕਿ ਵਿਜੈਬਾਈ ਅਤੇ ਤਾਰਾਬਾਈ ਧਰਨੇ ਵਿੱਚ ਮਾਰਚ ਕਰ ਰਹੀਆਂ ਹਨ। "ਅਸੀਂ ਸਾਲ 2018 ਦੇ ਮਾਰਚ ਅਤੇ 2019 ਦੇ ਮਾਰਚ ਮਹੀਨੇ ਵੀ ਆ ਚੁੱਕੀਆਂ ਹਾਂ," ਉਨ੍ਹਾਂ ਨੇ ਮਾਰਚ 2018 ਨੂੰ ਨਾਸਿਕ ਤੋਂ ਮੁੰਬਈ ਤੱਕ ਦੇ ਲੰਬੇ ਕਿਸਾਨ ਮਾਰਚ ਦਾ ਹਵਾਲਾ ਦਿੰਦਿਆਂ ਕਿਹਾ, ਅਤੇ ਫਰਵਰੀ 2019 ਦੀ ਉਸ ਰੈਲੀ ਵਿੱਚ ਹਿੱਸਾ ਲਿਆ, ਜਦੋਂ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੇ ਮਾਲਿਕਾਨੇ ਹੱਕਾਂ, ਪੈਦਾਵਾਰ ਲਈ ਵਾਜਬ ਮਿਹਨਤਾਨੇ, ਕਰਜਾ-ਛੋਟ ਅਤੇ ਸੋਕੇ ਦੀ ਮਾਰ ਤੋਂ ਰਾਹਤ ਸਬੰਧੀ ਮੰਗਾਂ ਲਈ ਅਵਾਜ਼ ਬੁਲੰਦ ਕੀਤੀ ਸੀ। ਨਾਸਿਕ ਤੋਂ ਇਨ੍ਹਾਂ ਨਵੇਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਜਾਣ ਵਾਲਾ ਇਹ ਕੋਈ ਪਹਿਲਾ ਜੱਥਾ ਵੀ ਨਹੀਂ ਹੈ। 21 ਦਸੰਬਰ 2020 ਨੂੰ, ਨਾਸਿਕ ਤੋਂ ਕਰੀਬ 2,000 ਕਿਸਾਨ ਇਕੱਠੇ ਹੋਏ, ਜਿਨ੍ਹਾਂ ਵਿੱਚੋਂ 1,000 ਕਿਸਾਨ ਦਿੱਲੀ ਦੇ ਬਾਹਰਵਾਰ ਧਰਨੇ 'ਤੇ ਬੈਠੇ ਆਪਣੇ ਉੱਤਰ ਦੇ ਸਾਥੀਆਂ ਵਿੱਚ ਸ਼ਾਮਲ ਹੋਣ ਲਈ ਅੱਗੇ ਰਵਾਨਾ ਹੋਏ।
"ਸਾਡੇ ਆਦਿਵਾਸੀਆਂ ਲਈ ਆਪਣੀ ਗੱਲ ਸੁਣਾਏ ਜਾਣ ਲਈ ਸਿਰਫ਼ ਮਾਰਚ (ਆਪਣੇ ਹੱਕਾਂ ਲਈ) ਕਰਨਾ ਹੀ ਇੱਕ-ਮਾਤਰ ਜ਼ਰੀਆ ਹੈ। ਇਹੀ ਸਮਾਂ ਹੈ, ਜਦੋਂ ਅਸੀਂ ਆਪਣੀਆਂ ਅਵਾਜਾਂ ਸੁਣਾਵਾਂਗੇ," ਵਿਜੈਬਾਈ ਨੇ ਤਾਰਾਬਾਈ ਦੇ ਨਾਲ਼ ਗੋਲਫ ਕਲੱਬ ਮੈਦਾਨ ਵਿੱਚ AIKS ਦੇ ਆਗੂਆਂ ਦੇ ਭਾਸ਼ਣ ਸੁਣਨ ਲਈ ਰਾਹ ਬਣਾਉਂਦਿਆਂ ਕਿਹਾ।
ਸਾਰੇ ਵਾਹਨਾਂ ਦੇ ਇਕੱਠੇ ਹੋ ਜਾਣ ਤੋਂ ਬਾਅਦ, ਕਾਫ਼ਲਾ ਉਸੇ ਸ਼ਾਮ 6 ਵਜੇ ਨਾਸਿਕ ਤੋਂ ਰਵਾਨਾ ਹੋਇਆ। ਨਾਸਿਕ ਜਿਲ੍ਹੇ ਦੇ ਲਗਾਤਪੁਰੀ ਤਾਲੁਕਾ ਵਿਖੇ ਘੰਟਾਦੇਵੀ ਮੰਦਰ ਵਿੱਚ, ਕਾਫ਼ਲੇ ਨੇ ਰਾਤ ਦੀ ਠਾਰ੍ਹ ਲਈ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੇ ਲਈ ਘਰੋਂ ਹੀ ਸਧਾਰਣ ਭੋਜਨ ਜਿਸ ਵਿੱਚ ਬਾਜਰੇ ਦੀ ਰੋਟੀ ਅਤੇ ਲਸਣ ਦੀ ਚਟਣੀ ਪੱਲੇ ਬੰਨ੍ਹ ਲਿਆਂਦੀ ਸੀ। ਰਾਤ ਦੀ ਰੋਟੀ ਤੋਂ ਬਾਅਦ, ਉਨ੍ਹਾਂ ਨੇ ਮੰਦਰ ਵਿੱਚ ਭੁੰਜੇ ਵਿਛੀਆਂ ਤਿਰਪਾਲਾਂ ਉੱਤੇ ਹੀ ਮੋਟੇ ਕੰਬਲ ਵਿਛਾਏ ਅਤੇ ਸੌਂ ਗਏ। ਉੱਥੋਂ ਅਜ਼ਾਦ ਮੈਦਾਨ ਕਰੀਬ 135 ਕਿਲੋਮੀਟਰ ਦੂਰ ਸੀ।
ਅਗਲੇ ਦਿਨ, ਲਗਾਤਪੁਰੀ ਦੇ ਨੇੜੇ ਕਸਾਰਾ ਘਾਟ ਤੱਕ ਪੈਦਲ ਜਾਣ ਅਤੇ ਮੁੰਬਈ-ਨਾਸਿਕ ਹਾਈਵੇਅ ਤੱਕ ਪੁੱਜਣ ਦੀ ਯੋਜਨਾ ਸੀ। ਸਵੇਰੇ 8 ਵਜੇ ਜਿਓਂ ਹੀ ਉਹ ਰਵਾਨਾ ਹੋਣ ਲਈ ਤਿਆਰ ਹੋਏ, ਖੇਤ ਮਜ਼ਦੂਰਾਂ ਦੇ ਇੱਕ ਦਲ ਨੇ ਖੇਤੀ ਖੇਤਰ ਵਿੱਚ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵਿਚਾਰ-ਚਰਚਾ ਕੀਤੀ। "ਭਾਵੇਂ ਮੇਰੇ ਪੁੱਤਰ ਅਤੇ ਧੀ ਦੋਵਾਂ ਨੇ ਆਪਣੀਆਂ ਡਿਗਰੀਆਂ ਮੁਕੰਮਲ ਕਰ ਲਈਆਂ ਹਨ, ਫਿਰ ਵੀ ਉਹ 100-150 ਰੁਪਏ ਦੀ ਮਾਮੂਲੀ ਦਿਹਾੜੀ ਖਾਤਰ ਖੇਤਾਂ ਵਿੱਚ ਕੰਮ ਕਰ ਰਹੇ ਹਨ," 48 ਸਾਲਾ ਮੁਕੁੰਦਾ ਕੋਨਗਿਲ ਨੇ ਕਿਹਾ, ਜੋ ਕਿ ਨਾਸਿਕ ਜਿਲ੍ਹੇ ਦੇ ਤ੍ਰਿਬਾਕੇਸ਼ਵਰ ਤਾਲੁਕਾ ਵਿੱਚ ਪੈਂਦੇ ਨੰਦੁਰਕਿਪਾੜਾ ਪਿੰਡ ਤੋਂ ਹਨ। ਮੁਕੁੰਦਾ ਦੇ ਪੁੱਤਰ ਨੇ ਬੀ.ਕਾਮ ਦੀ ਡਿਗਰੀ ਅਤੇ ਉਨ੍ਹਾਂ ਦੀ ਧੀ ਨੇ ਬੀ.ਐੱਡ ਦੀ ਪੜ੍ਹਾਈ ਕੀਤੀ ਹੈ, ਪਰ ਹੁਣ ਉਹ ਦੋਵੇਂ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਨ। "ਨੌਕਰੀਆਂ ਵੀ ਸਿਰਫ਼ ਗੈਰ-ਆਦਿਵਾਸੀਆਂ ਨੂੰ ਹੀ ਮਿਲ਼ਦੀਆਂ ਹਨ," ਮੁਕੁੰਦਾ ਦਾ ਕਹਿਣਾ ਹੈ, ਉਹ ਵਾਰਲੀ (ਵਰਲੀ) ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ, ਜੋ ਇੱਕ ਪਿਛੜਿਆ ਕਬੀਲਾ ਹੈ।
"ਮੇਰੇ ਪੁੱਤਰ ਨੇ ਆਪਣੇ ਕਾਲਜ ਵਿੱਚ ਸਖ਼ਤ ਮਿਹਨਤ ਕੀਤੀ ਅਤੇ ਹੁਣ ਉਹ ਹਰ ਰੋਜ਼ ਖੇਤਾਂ ਵਿੱਚ ਕੰਮ ਕਰਦਾ ਹੈ," 47 ਸਾਲਾ ਜਾਨੀਬਾਈ ਡੰਗਾਰੇ ਨੇ ਕਿਹਾ, ਉਹ ਵੀ ਨੰਦੁਰਕਿਪਾੜਾ ਦੇ ਵਾਰਲੀ ਆਦਿਵਾਸੀ ਹਨ। "ਮੇਰੀ ਧੀ ਨੇ ਆਪਣੀ ਪੰਦਰ੍ਹਵੀਂ (15ਵੀਂ ਜਮਾਤ, ਮਤਲਬ ਬੀ.ਏ. ਦੀ ਡਿਗਰੀ) ਮੁਕੰਮਲ ਕਰ ਲਈ ਹੈ। ਉਹਨੇ ਤ੍ਰਿਬਾਕੇਸ਼ਵਰ ਵਿੱਚ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਾਸਤੇ ਕਿਤੇ ਕੋਈ ਕੰਮ ਨਹੀਂ ਸੀ। ਉਹ ਮੈਨੂੰ ਛੱਡ ਕੇ ਮੁੰਬਈ ਨਹੀਂ ਜਾਣਾ ਚਾਹੁੰਦੀ ਸੀ। ਇੱਕ ਤਾਂ ਉਹ ਸ਼ਹਿਰ ਬਹੁਤ ਦੂਰ ਹੈ ਅਤੇ ਦੂਸਰਾ ਉਹਨੂੰ ਘਰ ਦੇ ਬਣੇ ਖਾਣੇ ਦੀ ਯਾਦ ਵੀ ਆਵੇਗੀ," ਉਨ੍ਹਾਂ ਨੇ ਆਪਣੀਆਂ ਬਚੀਆਂ ਭਾਕਰੀ (ਰੋਟੀਆਂ) ਬੰਨ੍ਹਦਿਆਂ ਅਤੇ ਟੈਂਪੂ ਵਿੱਚ ਆਪਣਾ ਝੋਲਾ ਰੱਖਦਿਆਂ ਕਿਹਾ।
ਕਿਸਾਨ ਅਤੇ ਖੇਤ ਮਜ਼ਦੂਰ, ਆਪਣੇ ਝੰਡਿਆਂ ਨੂੰ ਫੜ੍ਹੀ ਅਤੇ ਨਵੇਂ ਖੇਤੀ ਕਨੂੰਨਾਂ ਖਿਲਾਫ਼ ਨਾਅਰੇ ਬੁਲੰਦ ਕਰਦੇ ਘਾਟ ਤੋਂ ਹਾਈਵੇਅ ਤੱਕ 12 ਕਿਲੋਮੀਟਰ ਪੈਦਲ ਤੁਰੇ। ਉਨ੍ਹਾਂ ਦੀ ਮੰਗ ਨਾ ਸਿਰਫ਼ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕੀਤੇ ਜਾਣ ਅਤੇ ਨਵੇਂ ਮਜ਼ਦੂਰ ਨਿਯਮਾਂ ਨੂੰ ਲੈ ਕੇ ਹੀ ਹੈ ਸਗੋਂ ਉਹ ਘੱਟੋਘੱਟ ਸਮਰਥਨ ਮੁੱਲ (MSP) ਸਬੰਧੀ ਕਨੂੰਨ ਬਣਾਏ ਜਾਣ ਅਤੇ ਦੇਸ਼ਵਿਆਪੀ ਸਰਕਾਰੀ ਖਰੀਦ ਸੁਵਿਧਾਵਾਂ ਦੀ ਤੈਅਸ਼ੁਦਾ ਗਰੰਟੀ ਵੀ ਉਨ੍ਹਾਂ ਦੀ ਮੰਗ ਦਾ ਹਿੱਸਾ ਹੈ, AIKS ਦੇ ਪ੍ਰਧਾਨ, ਅਸ਼ੋਕ ਧਾਵਲੇ ਨੇ ਕਿਹਾ। "ਇਸ ਮਾਰਚ ਦਾ ਕੇਂਦਰ ਸਰਕਾਰ ਦੀਆਂ ਨਵ-ਉਦਾਰਵਾਦੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਦਿੱਲੀ ਅੰਦਰ ਅਤੇ ਪੂਰੇ ਦੇਸ਼ ਅੰਦਰ ਲੱਖਾਂ ਕਿਸਾਨਾਂ ਦੇ ਦੇਸ਼ਵਿਆਪੀ ਇਤਿਹਾਸਕ ਸੰਘਰਸ਼ ਲਈ ਇੱਕ ਮਹੱਤਵਪੂਰਨ ਯੋਗਦਾਨ ਹੈ," ਧਾਵਲੇ ਨੇ ਕਿਹਾ, ਜੋ ਦਲ ਦੇ ਨਾਲ਼ ਯਾਤਰਾ ਕਰ ਰਹੇ ਹਨ।
ਹਾਈਵੇਅ ਪੁੱਜਣ ਤੋਂ ਬਾਅਦ, ਕਿਸਾਨ ਵਾਹਨਾਂ ਵਿੱਚ ਆਪਣੀਆਂ ਸੀਟਾਂ 'ਤੇ ਬੈਠੇ ਅਤੇ ਠਾਣੇ ਵੱਲ ਨੂੰ ਅੱਗੇ ਵਧੇ। ਰਸਤੇ ਵਿੱਚ ਕਈ ਸੰਗਠਨਾਂ ਨੇ ਉਨ੍ਹਾਂ ਨੂੰ ਪਾਣੀ ਦੀਆਂ ਬੋਤਲਾਂ, ਸਨੈਕਸ ਅਤੇ ਬਿਸਕੁਟ ਦਿੱਤੇ। ਦੁਪਹਿਰ ਦੇ ਖਾਣੇ ਲਈ ਉਹ ਠਾਣੇ ਦੇ ਗੁਰਦੁਆਰੇ ਰੁੱਕੇ।
24 ਜਨਵਰੀ ਨੂੰ ਸ਼ਾਮ ਦੇ 7 ਵੱਜੇ ਸਨ ਜਦੋਂ ਜੱਥਾ ਮੁੰਬਈ ਦੇ ਦੱਖਣ ਵਿੱਚ ਅਜ਼ਾਦ ਮੈਦਾਨ ਪੁੱਜਿਆ। ਥੱਕੇ, ਪਰ ਬਰਕਰਾਰ ਜੋਸ਼ ਦੇ ਨਾਲ਼, ਪਾਲਘਰ ਜਿਲ੍ਹੇ ਦੇ ਕੁਝ ਕਿਸਾਨ ਟਰਪਾ, ਜੋ ਕਿ ਆਦਿਵਾਸੀ ਪਰੰਪਰਾਗਤ ਵਾਯੂ ਸਾਜ ਹੈ, ਦੀ ਧੁਨ 'ਤੇ ਥਿਰਕਦੇ ਅਤੇ ਗਾਉਂਦੇ ਹੋਏ ਮੈਦਾਨ ਵਿੱਚ ਦਾਖਲ ਹੋਏ।
"ਮੈਂ ਭੁੱਖੀ ਹਾਂ। ਮੇਰਾ ਪੂਰਾ ਜਿਸਮ ਦੁੱਖ ਰਿਹਾ ਹੈ, ਪਰ ਮੈਂ ਥੋੜ੍ਹਾ ਭੋਜਨ ਖਾਣ ਅਤੇ ਅਰਾਮ ਕਰਨ ਤੋਂ ਬਾਅਦ ਠੀਕ ਹੋ ਜਾਊਂਗੀ," ਵਿਜੈਬਾਈ ਨੇ ਖੇਤ ਮਜ਼ਦੂਰਾਂ ਦੇ ਆਪਣੇ ਦਲ ਦੇ ਨਾਲ਼ ਬੈਠਦਿਆਂ ਕਿਹਾ। "ਇਹ ਸਾਡੇ ਲਈ ਨਵਾਂ ਨਹੀਂ ਹੈ," ਉਨ੍ਹਾਂ ਨੇ ਕਿਹਾ। "ਅਸੀਂ ਪਹਿਲਾਂ ਵੀ ਮਾਰਚ ਕੀਤਾ ਹੈ ਅਤੇ ਦੋਬਾਰਾ ਵੀ ਮਾਰਚ ਕਰਾਂਗੇ।"
ਤਰਜਮਾ - ਕਮਲਜੀਤ ਕੌਰ