ਅੱਜ, ਇੱਕ ਵਾਰ ਫਿਰ ਤੋਂ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਸ਼ਵ ਅਨੁਵਾਦ ਦਿਵਸ ਮਨਾ ਰਿਹਾ ਹੈ ਤੇ ਆਪਣੇ ਅਨੁਵਾਦਕਾਂ ਦੀ ਟੀਮ ਵੱਲੋਂ ਮਾਰੀਆਂ ਮੱਲ੍ਹਾਂ ਲਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਅਨੁਵਾਦਕਾਂ ਦੀ ਸਾਡੀ ਇਹ ਟੀਮ ਕਿਸੇ ਵੀ ਹੋਰ ਪੱਤਰਕਾਰੀ ਵੈੱਬਸਾਈਟ ਨਾਲ਼ੋਂ ਬਿਹਤਰ ਹੈ। ਜਿੱਥੋਂ ਤੱਕ ਮੈਂ ਦੱਸ ਸਕਦਾ ਹਾਂ ਪਾਰੀ (PARI) ਦੁਨੀਆ ਦੀ ਵਿਆਪਕ ਬਹੁ-ਭਾਸ਼ਾਈ ਪੱਤਰਕਾਰੀ ਵੈੱਬਸਾਈਟ ਹੈ, ਵੈਸੇ ਜੇ ਕਿਤੇ ਮੈਨੂੰ ਇਸ ਗੱਲ ਨੂੰ ਦਰੁੱਸਤ ਕਰਨਾ ਪਿਆ ਤਾਂ ਵੀ ਮੈਨੂੰ ਖ਼ੁਸ਼ੀ ਹੀ ਹੋਵੇਗੀ। 170 ਅਨੁਵਾਦਕਾਂ ਦੀ ਇਸ ਸ਼ਾਨਦਾਰ ਟੀਮ ਦੀ ਮਦਦ ਨਾਲ਼ ਪਾਰੀ ਹਰ ਸਟੋਰੀ ਨੂੰ 14 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਦੀ ਹੈ। ਬੇਸ਼ੱਕ, ਅਜਿਹੇ ਵੀ ਮੀਡੀਆ ਹਾਊਸ ਹਨ ਜੋ 40 ਭਾਸ਼ਾਵਾਂ ਵਿੱਚ ਆਪਣਾ ਆਊਟਪੁੱਟ ਦਿੰਦੇ ਹਨ। ਪਰ ਉਨ੍ਹਾਂ ਅੰਦਰ ਇੱਕ ਮਜ਼ਬੂਤ ਦਰਜੇਬੰਦੀ ਹੈ। ਕੁਝ ਭਾਸ਼ਾਵਾਂ ਨੂੰ ਹੋਰਨਾਂ ਭਾਸ਼ਾਵਾਂ ਮੁਕਾਬਲੇ ਓਨੀ ਬਰਾਬਰੀ ਹਾਸਲ ਨਹੀਂ।
ਨਾਲ਼ ਹੀ, ਹਰ ਸਟੋਰੀ ਨੂੰ ਇੰਨੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਨ ਮਗਰ ਸਾਡਾ ‘ ਭਾਰਤ ਦੀ ਹਰੇਕ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈ ’ ਸਿਧਾਂਤ ਕੰਮ ਕਰਦਾ ਹੈ। ਇਹ ਸਿਧਾਂਤ ਸਾਰੀਆਂ ਭਾਸ਼ਾਵਾਂ ਵਿਚਾਲੇ ਸਮਾਨਤਾ ਸਿਰਜਣ ਦਾ ਕੰਮ ਕਰਦਾ ਹੈ। ਜੇ ਕੋਈ ਸਟੋਰੀ ਇੱਕ ਭਾਸ਼ਾ ਵਿੱਚ ਪ੍ਰਕਾਸ਼ਤ ਹੁੰਦੀ ਹੈ ਤਾਂ ਸਾਡੇ ਵੱਲੋਂ ਉਹਨੂੰ 14 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਨਾ ਲਾਜ਼ਮੀ ਰਹਿੰਦਾ ਹੈ। ਛੱਤੀਸਗੜ੍ਹੀ ਇਸ ਸਾਲ ਪਾਰੀ ਭਾਸ਼ਾ ਪਰਿਵਾਰ ਵਿੱਚ ਸ਼ਾਮਲ ਕੀਤੀ ਗਈ ਹੈ। ਭੋਜਪੁਰੀ ਦੀ ਵਾਰੀ ਆਉਣ ਵਾਲ਼ੀ ਹੈ।
ਅਸੀਂ ਮੰਨਦੇ ਹਾਂ ਕਿ ਸਮੁੱਚੇ ਸਮਾਜ ਅੰਦਰ ਬਰਾਬਰੀ ਦਾ ਭਾਵ ਲਿਆਉਣ ਲਈ ਭਾਰਤ ਦੀ ਹਰੇਕ ਭਾਸ਼ਾ ਨੂੰ ਹੱਲ੍ਹਾਸ਼ੇਰੀ ਦੇਣੀ ਜ਼ਰੂਰੀ ਹੈ। ਇਸ ਦੇਸ਼ ਦੀ ਭਾਸ਼ਾਈ ਅਮੀਰੀ ਨੇ ਇੱਕ ਪੁਰਾਣੀ ਕਹਾਵਤ ਵਿੱਚ ਆਪਣਾ ਯੋਗਦਾਨ ਪਾਇਆ ਹੈ, ਜਿਸ ਮੁਤਾਬਕ ਜੇ ਹਰ ਤਿੰਨ ਜਾਂ ਚਾਰ ਕਿਲੋਮੀਟਰ ਦੀ ਵਿੱਥ 'ਤੇ ਪਾਣੀ ਦਾ ਸੁਆਦ ਬਦਲਦਾ ਹੈ ਤਾਂ ਇਹ ਵੀ ਲਾਜ਼ਮੀ ਹੈ ਕਿ ਹਰ 12-15 ਕਿਲੋਮੀਟਰ ਦੀ ਵਿੱਥ 'ਤੇ ਵੱਖਰੀ ਜ਼ੁਬਾਨ ਸੁਣਨ ਨੂੰ ਮਿਲ਼ੇ।
ਪਰ ਬਾਵਜੂਦ ਇਹਦੇ ਅਸੀਂ ਬਹੁਤੇ (ਉਸ ਸਬੰਧ ਵਿੱਚ) ਸੁਰਖ਼ਰੂ ਨਹੀਂ ਰਹਿ ਸਕਦੇ। ਅਜਿਹੇ ਸਮੇਂ ਤਾਂ ਬਿਲਕੁਲ ਵੀ ਨਹੀਂ, ਜਦੋਂ ਪੀਪਲਜ਼ ਲਿੰਗਿਵਸਿਟਕ ਸਰਵੇਅ ਆਫ਼ ਇੰਡੀਆ ਸਾਨੂੰ ਦੱਸਦਾ ਹੋਵੇ ਕਿ ਤਕਰੀਬਨ 800 ਜਿਊਂਦੀਆਂ ਭਾਸ਼ਾਵਾਂ ਵਾਲ਼ੇ ਇਸ ਦੇਸ਼ ਨੇ ਪਿਛਲੇ 50 ਸਾਲਾਂ ਵਿੱਚ 225 ਜ਼ੁਬਾਨਾਂ ਨੂੰ ਮਰਦੇ ਦੇਖਿਆ ਹੈ। ਅਸੀਂ ਉਸ ਸਮੇਂ ਵੀ ਸੁਰਖ਼ਰੂ ਨਹੀਂ ਬਹਿ ਸਕਦੇ ਜਦੋਂ ਸੰਯੁਕਤ ਰਾਸ਼ਟਰ ਇਹ ਦਾਅਵਾ ਕਰਦਾ ਹੋਵੇ ਕਿ ਇਸ ਸਦੀ ਦੇ ਅਖ਼ੀਰ ਤੀਕਰ ਦੁਨੀਆ ਦੀਆਂ 90-95 ਫ਼ੀਸਦ ਬੋਲੀਆਂ ਲੁਪਤ ਹੋ ਜਾਣਗੀਆਂ ਜਾਂ ਉਨ੍ਹਾਂ ਦਾ ਵਜੂਦ ਖ਼ਤਰੇ ਵਿੱਚ ਪੈ ਜਾਵੇਗਾ। ਜਦੋਂ ਦੁਨੀਆ ਭਰ ਵਿੱਚ ਹਰ ਪੰਦਰਵੇਂ ਦਿਨ ਇੱਕ ਭਾਸ਼ਾ ਮਰ ਰਹੀ ਹੋਵੇ ਤਾਂ ਅਸੀਂ ਸੁਰਖ਼ਰੂ ਬਹਿ ਵੀ ਕਿਵੇਂ ਸਕਦੇ ਹਾਂ।
ਜਦੋਂ ਇੱਕ ਭਾਸ਼ਾ ਮਰਦੀ ਹੈ ਤਾਂ ਉਹਦੇ ਨਾਲ਼ ਸਾਡੇ ਸਮਾਜ ਦਾ ਇੱਕ ਹਿੱਸਾ ਮਰ ਜਾਂਦਾ ਹੈ। ਸਾਡਾ ਸੱਭਿਆਚਾਰ, ਸਾਡਾ ਇਤਿਹਾਸ ਵੀ ਮਰ ਜਾਂਦਾ ਹੈ। ਇਹਦੇ ਮਰਨ ਨਾਲ਼ ਯਾਦਾਂ, ਸੰਗੀਤ, ਮਿੱਥ, ਗੀਤ, ਕਹਾਣੀਆਂ, ਕਲਾ, ਸ਼ਬਦਾਂ ਦਾ ਬ੍ਰਹਿਮੰਡ, ਮੌਖਿਕ ਪਰੰਪਰਾਵਾਂ ਤੇ ਜਿਊਣ ਦਾ ਵਿਲੱਖਣ ਢੰਗ ਵੀ ਮੁੱਕ ਜਾਂਦਾ ਹੈ। ਇਸ ਦੇ ਮਰਨ ਨਾਲ਼ ਦੁਨੀਆ ਦੇ ਇੱਕ ਖ਼ਾਸ ਭਾਈਚਾਰੇ ਦੀ ਸਮਰੱਥਾ ਤੇ ਦੁਨੀਆ ਨਾਲ਼ ਉਹਦਾ ਰਿਸ਼ਤਾ, ਉਹਦੀ ਪਛਾਣ ਤੇ ਮਾਣ-ਸਨਮਾਨ ਸਭ ਨੂੰ ਖੋਰਾ ਲੱਗਣ ਲੱਗਦਾ ਹੈ। ਇੱਕ ਭਾਈਚਾਰੇ ਦੀ ਵੰਨ-ਸੁਵੰਨਤਾ-ਜੋ ਪਹਿਲਾਂ ਤੋਂ ਹੀ ਖ਼ਤਰੇ ਹੇਠ ਹੈ- ਦੇਸ਼ 'ਚੋਂ ਹਮੇਸ਼ਾਂ ਲਈ ਗਾਇਬ ਹੋ ਜਾਂਦੀ ਹੈ। ਸਾਡਾ ਚੁਗਿਰਦਾ, ਸਾਡੀ ਰੋਜ਼ੀਰੋਟੀ ਅਤੇ ਲੋਕਤੰਤਰ ਇਹ ਸਾਰਾ ਤਾਣਾ-ਬਾਣਾ ਸਾਡੀਆਂ ਭਾਸ਼ਾਵਾਂ ਦੇ ਭਵਿੱਖ ਨਾਲ਼ ਬੜੇ ਗੁੰਝਲਦਾਰ ਰੂਪ ਨਾਲ਼ ਜੁੜੇ ਹੋਏ ਹਨ।
ਭਾਸ਼ਾਵਾਂ ਆਪਣੇ ਨਾਲ਼ ਵੰਨ-ਸੁਵੰਨਤਾ ਦਾ ਜੋ ਸਮੁੰਦਰ ਲਿਆਉਂਦੀਆਂ ਹਨ, ਉਹ ਭਾਵੇਂ ਕਦੇ ਵੀ ਇੰਨਾ ਡੂੰਘਾ ਨਾ ਜਾਪਿਆ ਹੋਵੇ। ਫਿਰ ਵੀ, ਉਨ੍ਹਾਂ ਦੀ ਹਾਲਤ ਕਦੇ ਵੀ ਇੰਨੀ ਬੇਯਕੀਨੀ ਭਰਪੂਰ ਨਹੀਂ ਰਹੀ।
ਪਾਰੀ ਭਾਰਤੀ ਭਾਸ਼ਾਵਾਂ ਦਾ ਜਸ਼ਨ ਕਹਾਣੀਆਂ, ਕਵਿਤਾਵਾਂ ਤੇ ਗੀਤਾਂ ਦੇ ਜ਼ਰੀਏ ਮਨਾਉਂਦੀ ਹੈ। ਇਸ ਸਭ ਵਿੱਚ ਅਨੁਵਾਦਕ ਬਿਹਤਰੀਨ ਭੂਮਿਕਾ ਨਿਭਾਉਂਦੇ ਹਨ। ਇਹ ਕਹਾਣੀਆਂ ਅਜਿਹੇ ਖ਼ਜ਼ਾਨੇ ਹਨ ਜੋ ਪੇਂਡੂ ਭਾਰਤ ਦੇ ਬੀਹੜ, ਦੂਰ-ਦੁਰਾਡੇ ਖਿੱਤਿਆਂ ਵਿੱਚ ਰਹਿਣ ਵਾਲ਼ੇ ਹਾਸ਼ੀਆਗਤ ਭਾਈਚਾਰਿਆਂ 'ਚੋਂ ਹੁੰਦੇ ਹੋਏ ਸਾਡੇ ਤੱਕ ਪਹੁੰਚੇ ਹਨ, ਜਿਨ੍ਹਾਂ ਖਿੱਤਿਆਂ ਵਿੱਚ ਹਰ ਕੋਈ ਆਪਣੀ ਵਿਲੱਖਣ ਭਾਸ਼ਾ ਬੋਲਦਾ ਹੈ। ਸਮਰਪਿਤ ਅਨੁਵਾਦਕਾਂ ਦੀ ਸਾਡੀ ਟੀਮ ਅਜਿਹੀਆਂ ਕਹਾਣੀਆਂ ਨੂੰ ਆਪੋ-ਆਪਣੀਆਂ ਭਾਸ਼ਾਵਾਂ ਵਿੱਚ ਢਾਲ਼ ਕੇ- ਨਵੇਂ ਖਰੜਿਆਂ ਤੇ ਅਖਾਉਤਾਂ ਨਾਲ਼ ਲੈਸ ਕਰਕੇ, ਆਪਣੀ ਜੱਦੀ ਥਾਂ ਤੋਂ ਦੂਰ ਵੱਸਦੇ ਇਲਾਕਿਆਂ ਨੂੰ ਸਮਝਣ ਦੀ ਪ੍ਰਕਿਰਿਆ ਵਿੱਚ- ਇਨ੍ਹਾਂ ਕਹਾਣੀਆਂ ਨੂੰ ਪੂਰੇ ਦੇਸ਼ ਸਾਹਮਣੇ ਲਿਆਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਭਾਰਤੀ ਭਾਸ਼ਾਵਾਂ ਦੇ ਅਨੁਵਾਦ ਦਾ ਇਹ ਕੰਮ ਸਿਰਫ਼ ਭਾਸ਼ਾ ਬਦਲਣਾ ਨਹੀਂ ਹੁੰਦਾ। ਪਾਰੀ ਦੀ ਭਾਸ਼ਾਈ ਦੁਨੀਆ ਵਿਭਿੰਨਤਾ ਦੇ ਇੱਕ ਵਿਸ਼ਾਲ ਦਰਸ਼ਨ ਦੇ ਜ਼ਰੀਏ ਸਾਹਮਣੇ ਆਉਂਦੀ ਹੈ।
ਅੱਜ ਸਾਡੇ ਅਨੁਵਾਦਕਾਂ ਦੀ ਟੀਮ ਇਸ ਦੇਸ਼ ਵਿੱਚ ਰਚੇ ਗਏ ਸਾਹਿਤ ਦੇ ਅਥਾਹ ਸਮੁੰਦਰ ਵਿੱਚ ਤਾਰੀ ਮਾਰ ਕੇ ਭਾਰਤ ਦੀਆਂ ਉਨ੍ਹਾਂ ਭਾਸ਼ਾਵਾਂ ਰੂਪੀ ਮੋਤੀ ਕੱਢ ਲਿਆਈ ਹੈ, ਜਿਨ੍ਹਾਂ ਭਾਸ਼ਾਵਾਂ ਵਿੱਚ ਅਸੀਂ ਕੰਮ ਕਰਦੇ ਹਾਂ: ਅਸਾਮੀ, ਬੰਗਾਲੀ, ਛੱਤੀਸਗੜ੍ਹੀ, ਹਿੰਦੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਓੜੀਆ, ਪੰਜਾਬੀ, ਤਮਿਲ, ਤੇਲਗੂ ਤੇ ਉਰਦੂ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਅਨੇਕਤਾ ਵਿੱਚ ਏਕਤਾ, ਅਨੇਕਤਾ ਵਿੱਚ ਹੀ ਖੇੜਾ ਜ਼ਰੂਰ ਪਸੰਦ ਆਵੇਗਾ।
ਪੰਜਾਬੀ ਵਿੱਚ ਅਸੀਂ ਸੁਰਜੀਤ ਪਾਤਰ ਦੀ ਕਵਿਤਾ 'ਜੁਰਮਾਨਾ' ਲੈ ਕੇ ਆਏ ਹਾਂ ਜਿਸ ਵਿੱਚ ਕਵੀ ਮੌਜੂਦਾ ਸਮੇਂ ਮਾਂ-ਬੋਲੀ 'ਤੇ ਹੁੰਦੇ ਹਮਲਿਆਂ ਤੇ ਬੱਚਿਆਂ ਕੋਲ਼ੋਂ ਖੋਹੀ ਜਾਂਦੀ ਮਾਂ-ਬੋਲੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਾ ਹੈ। ਕਵੀ ਇਸ ਕਵਿਤਾ ਵਿੱਚ ਮਾਂ-ਬੋਲੀ ਤੋਂ ਸੱਖਣੇ ਰਹਿ ਜਾਣ ਵਾਲ਼ੇ ਬੱਚੇ ਅਤੇ ਉਹਦੇ ਮਾਪਿਆਂ ਦੇ ਦਰਦ ਨੂੰ ਬਿਆਨ ਕਰਦਾ ਹੈ।
ਜੁਰਮਾਨਾ
ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ ।
ਸਭ ਕਲ ਕਲ ਕਰਦੀਆਂ ਨਦੀਆਂ ਦਾ ।
ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ
ਆਪਣਾ ਹੀ ਤਰਾਨਾ ਹੁੰਦਾ ਹੈ ।
ਪਰ ਸੁਣਿਆਂ ਹੈ ਇਸ ਧਰਤੀ 'ਤੇ
ਇੱਕ ਐਸਾ ਦੇਸ਼ ਵੀ ਹੈ
ਜਿਸ ਅੰਦਰ
ਬੱਚੇ ਜੇ ਆਪਣੀ ਮਾਂ ਬੋਲੀ ਬੋਲਣ
ਜੁਰਮਾਨਾ ਹੁੰਦਾ ਹੈ ।
ਤੇ ਹੋਰ ਸਿਤਮ
ਕਿ ਮਾਂ ਆਖੇ :
ਚੱਲ ਕੋਈ ਨਹੀਂ
ਜੇ ਮੇਰੇ ਬੋਲ ਵਿਸਾਰ ਕੇ ਵੀ
ਮੇਰੇ ਪੁੱਤ ਨੂੰ ਅਹੁਦਾ ਮਿਲ਼ ਜਾਵੇ
ਤਾਂ ਵੀ ਇਹ ਸੌਦਾ ਮਹਿੰਗਾ ਨਹੀਂ ।
ਤੇ ਬਾਪ ਕਹੇ :
ਚੱਲ ਠੀਕ ਹੀ ਹੈ।
ਜੇ ਏਥੇ ਏਸ ਸਕੂਲ 'ਚ ਹੀ
ਜੁਰਮਾਨਾ ਦੇ ਕੇ ਛੁੱਟ ਜਾਈਏ ।
ਜੀਵਨ ਜੁਰਮਾਨਾ ਨਾ ਹੋਵੇ ।
ਉਹ ਦੇਸ਼ ਨਿਕਰਮਾ ਸਾਡਾ ਹੈ ।
ਉਹ ਧਰਤ ਨਿਮਾਣੀ ਏਹੀ ਹੈ ।
ਤੇ ਉਹ ਪਤਵੰਤੇ ਦਾਨਿਸ਼ਵਰ
ਉਹ ਨੇਤਾ, ਰਹਿਬਰ ਤੇ ਸ਼ਾਇਰ
ਉਹ ਅਸੀਂ ਹੀ ਹਾਂ ।
ਜਿੰਨ੍ਹਾ ਦੇ ਹੁੰਦਿਆਂ ਇਹ ਹੋਇਆ ।
ਜਾਂ ਜਿਨ੍ਹਾ ਕਰਕੇ ਇਹ ਹੋਇਆ ।
ਕਿ ਭੋਲ਼ੇ ਮਾਪਿਆਂ ਦੇ ਦਿਲ 'ਤੇ
ਨਿਰਮੋਹੀ ਇਬਾਰਤ ਲਿਖੀ ਗਈ ।
ਤੇ ਹੌਲ਼ੀ ਹੌਲ਼ੀ ਇਹ ਹੋਇਆ
ਮੇਰੀ ਬੋਲੀ ਦੇ ਕਈ ਲਫ਼ਜ਼ ਜਿਵੇਂ
ਲੱਜਿਤ ਜਿਹੇ ਹੋ ਕੇ ਪਹਿਲਾਂ ਤਾਂ
ਦਰਵਾਜ਼ਿਓਂ ਬਾਹਰ ਖੜ੍ਹੇ ਰਹੇ ।
ਫਿਰ ਸੇਜਲ ਨੈਣ ਨਿਵਾ ਆਪਣੇ
ਨਾ ਜਾਣੇ ਕਿੱਧਰ ਚਲੇ ਗਏ ।
ਕਵੀ: ਸੁਰਜੀਤ ਪਾਤਰ
ਸ੍ਰੋਤ: https://www.babushahi.com/punjabi/printnews.php?id=43844