'' ਏਈ ਗਾਛ, ਏਈ ਘੋਰ, ਏਈ ਮਾਟੀਰ ਜੇ ਮਾਯਾ, ਸੇਈ ਮਾਯਾ ਲਿਏ ਆਮਰਾ ਕੁਥਾਯ ਜਾਬੋ ?'' (ਇਹ ਰੁੱਖ-ਪੌਦੇ, ਇਹ ਘਰ, ਮਿੱਟੀ ਦੀ ਇਸ ਨਰਮ ਮਹਿਕ ਨੂੰ ਛੱਡ ਕੇ ਅਸੀਂ ਕਿੱਧਰ ਨੂੰ ਜਾਵਾਂਗੇ?)''
ਆਪਨਕੁਰੀ ਹੇਮਬ੍ਰਮ ਦੁਖੀ ਵੀ ਹਨ ਤੇ ਗੁੱਸੇ ਨਾਲ਼ ਭਰੀ-ਪੀਤੀ ਵੀ। ਉਨ੍ਹਾਂ ਦੀ ਨਜ਼ਰਾਂ ਚੁਫ਼ੇਰੇ ਘੁੰਮਣ ਲੱਗਦੀਆਂ ਹੈ, ਜਦੋਂ ਇਹ ਸੰਤਾਲ ਆਦਿਵਾਸੀ ਕਹਿੰਦੀ ਹੈ,''ਇਹ ਸਭ ਮੇਰਾ ਹੈ।'' 40 ਸਾਲਾਂ ਦੀ ਇਹ ਔਰਤ ਜ਼ਮੀਨ 'ਤੇ ਲਾਏ ਨਿਸ਼ਾਨਾਂ ਵੱਲ ਇਸ਼ਾਰਾ ਕਰਦਿਆਂ ਦੱਸਦੀ ਹੈ,''ਮੇਰੇ ਕੋਲ਼ ਮੇਰੀ ਆਪਣੀ ਜ਼ਮੀਨ ਹੈ।'' ਉਨ੍ਹਾਂ ਦੇ ਇਸ 5-6 ਵਿਘਾ (ਡੇਢ ਏਕੜ ਦੇ ਕਰੀਬ) ਖੇਤ ਵਿੱਚ ਜ਼ਿਆਦਾਤਰ ਕਰਕੇ ਝੋਨੇ ਦੀ ਖੇਤੀ ਹੁੰਦੀ ਹੈ।
''ਕੀ ਸਰਕਾਰ ਮੇਰਾ ਉਹ ਸਭ ਮੋੜ ਸਕੇਗੀ ਜੋ ਮੈਂ ਇੰਨੇ ਸਾਲਾਂ ਵਿੱਚ ਇੱਥੇ ਬਣਾਇਆ ਹੈ?'' ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੀ ਦੇਵਚਾ ਪਾਚਾਮੀ (ਜਿਹਨੂੰ ਦੇਊਚਾ ਪਾਚਾਮੀ ਵੀ ਕਿਹਾ ਜਾਂਦਾ ਹੈ) ਰਾਜ ਕੋਲ਼ਾ ਖਣਨ ਪ੍ਰੋਜੈਕਟ ਕਾਰਨ ਬਦਕਿਸਮਤੀ ਨਾਲ਼ 10 ਪਿੰਡਾਂ ਦਾ ਵਜੂਦ ਹੀ ਖ਼ਤਮ ਹੋ ਜਾਵੇਗਾ, ਜਿਸ ਵਿੱਚ ਆਪਨਕੁਰੀ ਦਾ ਪਿੰਡ ਹਰਿਨਸਿੰਗਾ ਵੀ ਸ਼ਾਮਲ ਹੈ।
"ਅਸੀਂ ਆਪਣੇ ਘਰ ਅਤੇ ਦੁਨੀਆ ਨੂੰ ਛੱਡ ਕੇ ਕਿੱਧਰ ਨੂੰ ਜਾਵਾਂਗੇ?" ਆਪਨਕੁਰੀ ਦ੍ਰਿੜਤਾ ਨਾਲ਼ ਕਹਿੰਦੀ ਹਨ,''ਅਸੀਂ ਕਿਤੇ ਨਹੀਂ ਜਾਵਾਂਗੇ।" ਉਹ ਉਨ੍ਹਾਂ ਔਰਤਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਖਾਣ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਵਿੱਚ ਸਰਗਰਮੀ ਨਾਲ਼ ਹਿੱਸਾ ਲਿਆ ਸੀ। ਉਨ੍ਹਾਂ ਵਾਂਗ, ਬਹੁਤ ਸਾਰੀਆਂ ਹੋਰ ਔਰਤਾਂ ਮੀਟਿੰਗਾਂ ਕਰਨ, ਰੋਸ ਮਾਰਚ ਕੱਢਣ ਅਤੇ ਪੁਲਿਸ ਅਤੇ ਸੱਤਾਧਾਰੀ ਪਾਰਟੀ ਦੀ ਸਾਂਝੀ ਤਾਕਤ ਦਾ ਮੁਕਾਬਲਾ ਕਰਨ ਵਿੱਚ ਸਰਗਰਮੀ ਨਾਲ਼ ਹਿੱਸਾ ਲੈ ਰਹੀਆਂ ਹਨ। ਉਹ ਰਸੋਈ ਅਤੇ ਖੇਤੀ ਵਿੱਚ ਕੰਮ ਆਉਣ ਵਾਲ਼ੇ ਔਜ਼ਾਰਾਂ– ਜਿਵੇਂ ਕਿ ਡੰਡੇ, ਝਾੜੂ ਅਤੇ ਕਟਾਰਿਆ ਨਾਲ਼ ਲੈਸ ਰਹਿੰਦੀਆਂ ਹਨ।
ਇਹ ਸਰਦੀਆਂ ਦੀ ਦੁਪਹਿਰ ਹੈ ਅਤੇ ਹਰੀਨਸਿੰਗਾ ਪਿੰਡ ਵਿੱਚ ਧੁੱਪ ਪੂਰੀ ਚਮਕਾਂ ਮਾਰ ਰਹੀ ਹੈ। ਆਪਨਕੁਰੀ ਆਪਣੀ ਗੁਆਂਢਣ ਲਬਸਾ ਦੇ ਘਰ ਦੇ ਵਿਹੜੇ ਵਿੱਚ ਖੜ੍ਹੀ ਹੈ ਅਤੇ ਸਾਡੇ ਸਾਰਿਆਂ ਨਾਲ਼ ਗੱਲਬਾਤ ਕਰ ਰਹੀ ਹਨ। ਇਸ ਘਰ ਦੇ ਕਮਰੇ ਇੱਟਾਂ ਦੇ ਬਣੇ ਹੋਏ ਹਨ ਅਤੇ ਛੱਤ ਖਪਰੈਲਾਂ ਦੀ। ਇਹ ਘਰ ਪਿੰਡ ਦੀ ਡਿਓੜੀ ਵਿੱਚ ਸਥਿਤ ਹੈ।
"ਇਸ ਤੋਂ ਪਹਿਲਾਂ ਕਿ ਉਹ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ, ਉਨ੍ਹਾਂ ਨੂੰ ਸਾਡੀ ਜਾਨ ਲੈਣੀ ਪਵੇਗੀ," ਲਬਸਾ ਹੇਮਬ੍ਰਮ ਸਾਡੀ ਗੱਲਬਾਤ ਵਿੱਚ ਸ਼ਾਮਲ ਹੁੰਦੇ ਹੋਏ ਕਹਿੰਦੀ ਹਨ। ਗੱਲ ਕਰਦੇ ਵੇਲ਼ੇ ਉਹ ਦੁਪਹਿਰ ਦਾ ਖਾਣਾ ਵੀ ਖਾ ਰਹੀ ਹਨ, ਜਿਸ ਵਿੱਚ ਗਿੱਲੇ ਚੌਲ਼ ਤੇ ਰਾਤ ਦੀ ਬਚੀ-ਖੁਚੀ ਸਬਜ਼ੀ ਹੈ। 40 ਸਾਲਾ ਲਬਾਸਾ ਇੱਕ ਕ੍ਰਸ਼ਰ ਵਿੱਚ ਕੰਮ ਕਰਦੀ ਹਨ ਜਿੱਥੇ ਪੱਥਰਾਂ ਦੇ ਛੋਟੇ-ਛੋਟੇ ਟੁਕੜੇ ਕੀਤੇ ਜਾਂਦੇ ਹਨ। ਕ੍ਰਸ਼ਰ ਵਿੱਚ ਦਿਹਾੜੀ 200 ਤੋਂ 400 ਰੁਪਏ ਦੇ ਵਿਚਕਾਰ ਹੀ ਮਿਲ਼ਦੀ ਹੈ।
ਹਰੀਨਸਿੰਗਾ ਇੱਕ ਕਬਾਇਲੀ ਬਹੁਲਤਾ ਵਾਲ਼ਾ ਪਿੰਡ ਹੈ। ਪਿੰਡ ਵਿੱਚ ਕੁਝ ਦਲਿਤ ਹਿੰਦੂ ਅਤੇ ਕਥਿਤ ਉੱਚ ਜਾਤੀ ਦੇ ਪ੍ਰਵਾਸੀ ਮਜ਼ਦੂਰ ਵੀ ਰਹਿੰਦੇ ਹਨ ਜੋ ਕਈ ਸਾਲ ਪਹਿਲਾਂ ਓਡੀਸ਼ਾ ਤੋਂ ਆ ਕੇ ਵੱਸ ਗਏ ਸਨ।
ਆਪਨਕੁਰੀ, ਲਬਸਾ ਅਤੇ ਕਈ ਹੋਰ ਆਦਿਵਾਸੀਆਂ ਦੀਆਂ ਜ਼ਮੀਨਾਂ ਵਿਸ਼ਾਲ ਦੇਵਚਾ-ਪਾਚਾਮੀ-ਦੀਵਾਨਗੰਜ-ਹਰੀਨਸਿੰਗਾ ਕੋਲ਼ਾ ਬਲਾਕ ਦੇ ਉੱਪਰ ਸਥਿਤ ਹਨ। ਪੱਛਮੀ ਬੰਗਾਲ ਪਾਵਰ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਅਧੀਨ ਇਹ ਪ੍ਰਾਜੈਕਟ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਹ ਓਪਨ-ਕਾਸਟ (ਇੱਕ ਮਾਈਨਿੰਗ ਤਕਨੀਕ ਜਿਸ ਵਿੱਚ ਖਣਿਜਾਂ ਨੂੰ ਜ਼ਮੀਨ ਦੇ ਇੱਕ ਖੁੱਲ੍ਹੇ ਟੋਏ ਤੋਂ ਕੱਢਿਆ ਜਾਂਦਾ ਹੈ) ਕੋਲ਼ੇ ਦੀ ਇਹ ਖਾਣ ਏਸ਼ੀਆ ਵਿੱਚ ਸਭ ਤੋਂ ਵੱਡੀ ਅਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਖਾਣ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ 12.31 ਵਰਗ ਕਿਲੋਮੀਟਰ ਜਾਂ 3,400 ਏਕੜ ਵਿੱਚ ਫੈਲਿਆ ਹੋਵੇਗਾ।
ਇਹ ਮਾਈਨਿੰਗ ਪ੍ਰੋਜੈਕਟ ਬੀਰਭੂਮ ਜ਼ਿਲ੍ਹੇ ਦੇ ਮੁਹੰਮਦ ਬਾਜ਼ਾਰ ਬਲਾਕ ਵਿੱਚ ਹਾਟਗਛਾ, ਮਕਦੂਮਨਗਰ, ਬਹਾਦੁਰਗੰਜ, ਹਰੀਨਸਿੰਘਾ, ਚੰਦਾ, ਸਾਲੂਕਾ, ਦੀਵਾਨਗੰਜ, ਅਲੀਨਗਰ, ਕਾਬਿਲਨਗਰ ਅਤੇ ਨਿਸ਼ਚਿੰਤਪੁਰ ਮੌਜ਼ਾ ਦੀਆਂ ਜ਼ਮੀਨਾਂ ਨੂੰ ਨਿਗਲ਼ ਜਾਵੇਗਾ।
ਇਹ ਔਰਤਾਂ, ਦੇਵਚਾ ਪਾਚਾਮੀ ਖਾਣ ਵਿਰੋਧੀ ਲੋਕ-ਅੰਦੋਲਨ ਦਾ ਹਿੱਸਾ ਹਨ। ਲਬਸਾ ਕਹਿੰਦੀ ਹਨ,''ਅਸੀਂ (ਪਿੰਡ ਵਾਸੀ) ਇਸ ਵਾਰ ਇੱਕਜੁਟ ਹਾਂ। ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ 'ਤੇ ਵੀ ਕਿਸੇ ਬਾਹਰ ਵਾਲ਼ੇ ਦਾ ਕੋਈ ਹੱਕ ਨਹੀਂ ਹੋਊਗਾ। ਇਹਦੀ ਹਿਫ਼ਾਜਤ ਲਈ ਅਸੀਂ ਆਪਣੀ ਜਾਨ ਦੀ ਬਾਜੀ ਤੱਕ ਲਾ ਦਿਆਂਗੇ।''
ਇਹ ਪ੍ਰਾਜੈਕਟ ਉਨ੍ਹਾਂ ਵਰਗੇ ਹਜ਼ਾਰਾਂ ਸਥਾਨਕ ਲੋਕਾਂ ਨੂੰ ਬੇਜ਼ਮੀਨੇ ਅਤੇ ਬੇਘਰ ਕਰ ਦੇਵੇਗਾ। ਜਿਵੇਂ ਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਗਲੇ ''ਸੌ ਸਾਲਾਂ ਤੱਕ ਪੱਛਮ ਬੰਗਾਲ ਨੂੰ ਵਿਕਾਸ ਦੀ 'ਰੌਸ਼ਨੀ' ਵਿੱਚ ਨੁਹਾ ਦਿਆਂਗੇ,'',, ਇਸ ਵਿੱਚ ਉਨ੍ਹਾਂ ਦਾ ਕੋਈ ਭਰੋਸਾ ਹੀ ਨਹੀਂ ਹੈ।
ਇਸ ਚਕਾਚੌਂਧ ਹੇਠਾਂ ਅਸਲ ਵਿੱਚ ਹਨ੍ਹੇਰੇ ਦਾ ਨਿਵਾਸ ਹੈ, ਜੋ ਇਨ੍ਹਾਂ ਖਾਣਾਂ ਹੇਠ ਦੱਬੇ ਕੋਲ਼ੇ ਜਿੰਨਾ ਹੀ ਕਾਲ਼ਾ ਤੇ ਸੰਘਣਾ ਹੈ। ਇਸ ਪ੍ਰੋਜੈਕਟ ਦਾ ਵਾਤਾਵਰਣ 'ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ।
ਦਸੰਬਰ 2021 ਵਿੱਚ ਪ੍ਰਕਾਸ਼ਿਤ ਇੱਕ ਬਿਆਨ ਵਿੱਚ, ਪੱਛਮੀ ਬੰਗਾਲ ਦੇ ਬਹੁਤ ਸਾਰੇ ਮਹੱਤਵਪੂਰਨ ਲੋਕਾਂ, ਜਿਨ੍ਹਾਂ ਵਿੱਚ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਅਤੇ ਵਾਤਾਵਰਣ ਕਾਰਕੁਨ ਵੀ ਸ਼ਾਮਲ ਹਨ, ਨੇ ਇਸ ਪ੍ਰੋਜੈਕਟ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ। "ਓਪਨ-ਪਿਟ/ਕਾਸਟ ਕੋਲ਼ੇ ਦੀ ਖੁਦਾਈ ਵਿੱਚ, ਲੱਖਾਂ ਸਾਲਾਂ ਵਿੱਚ ਬਣੀ ਮਿੱਟੀ ਦੀ ਉੱਪਰਲੀ ਪਰਤ ਸਥਾਈ ਤੌਰ 'ਤੇ ਨਸ਼ਟ ਹੋ ਕੇ ਬੇਕਾਰ ਮਲਬੇ ਵਿੱਚ ਤਬਦੀਲ ਹੋ ਸਕਦੀ ਹੈ। ਇਸ ਨਾਲ਼ ਨਾ ਸਿਰਫ ਜ਼ਮੀਨ ਖਿਸਕਣ ਦੀ ਸੰਭਾਵਨਾ ਵਧੇਗੀ, ਸਗੋਂ ਜ਼ਮੀਨੀ ਅਤੇ ਜਲ-ਜੀਵਾਂ ਦੇ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਮਾਨਸੂਨ ਦੇ ਮੌਸਮ ਦੌਰਾਨ ਇਹ ਮਲਬਾ ਵਹਿ ਕੇ ਉਸ ਇਲਾਕੇ ਦੀਆਂ ਨਦੀਆਂ ਦੇ ਤਲ 'ਚ ਇਕੱਠਾ ਹੋ ਜਾਵੇਗਾ, ਜਿਸ ਕਾਰਨ ਅਚਾਨਕ ਅਤੇ ਬਿਨਾਂ ਵਜ੍ਹਾ ਹੜ੍ਹ ਆਉਣ ਦਾ ਖਤਰਾ ਬਣਿਆ ਰਹੇਗਾ। [...] ਇਹ ਮਲਬਾ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦੇ ਕੁਦਰਤੀ ਪੱਧਰ ਅਤੇ ਪ੍ਰਵਾਹ ਵਿੱਚ ਵਿਘਨ ਪਾਏਗਾ ਅਤੇ ਖੇਤੀਬਾੜੀ ਅਤੇ ਜੰਗਲੀ ਉਤਪਾਦਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਅਤੇ ਪੂਰੇ ਖੇਤਰ ਦੇ ਵਾਤਾਵਰਣ ਸੰਤੁਲਨ ਨੂੰ ਵਿਗਾੜ ਦੇਵੇਗਾ।"
ਪ੍ਰਦਰਸ਼ਨ ਕਰ ਰਹੀਆਂ ਔਰਤਾਂ ਵਿਰੋਧ ਪ੍ਰਦਰਸ਼ਨ ਵਿੱਚ ਧਾਮਸਾ ਅਤੇ ਮਦਾਲ ਦੀ ਵਰਤੋਂ ਵੀ ਕਰ ਰਹੀਆਂ ਹਨ। ਧਾਮਸਾ ਅਤੇ ਮਦਾਲ ਸਿਰਫ਼ ਸਾਜ਼ ਹੀ ਨਹੀਂ ਹਨ, ਇਹ ਕਬਾਇਲੀ ਭਾਈਚਾਰੇ ਦੇ ਸੰਘਰਸ਼ਾਂ ਦੇ ਇਤਿਹਾਸ ਨਾਲ਼ ਵੀ ਡੂੰਘੇ ਤੌਰ 'ਤੇ ਜੁੜੇ ਹੋਏ ਹਨ। ਉਨ੍ਹਾਂ ਦੇ ਜੀਵਨ ਅਤੇ ਵਿਰੋਧ ਦੇ ਪ੍ਰਤੀਕਾਂ ਦੀਆਂ ਥਾਪਾਂ ਉਨ੍ਹਾਂ ਦੇ ਨਾਅਰਿਆਂ ਦੀਆਂ ਸੁਰਾਂ ਨਾਲ਼ ਮਿਲ਼ਦੀਆਂ ਹਨ - "ਅਬੂਆ ਦੀਸਮ , ਅਬੂਆ ਰਾਜ [ਸਾਡੀ ਧਰਤੀ, ਸਾਡਾ ਰਾਜ]।''
ਇਨ੍ਹਾਂ ਸੰਘਰਸ਼ਸ਼ੀਲ ਔਰਤਾਂ ਅਤੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਰ ਸਥਾਨਕ ਪਿੰਡ ਵਾਸੀਆਂ ਨਾਲ਼ ਇੱਕਮੁੱਠਤਾ ਦਰਸਾਉਣ ਲਈ, ਮੈਂ ਦੇਵਚਾ ਪਾਚਾਮੀ ਦਾ ਦੌਰਾ ਕੀਤਾ ਅਤੇ ਇਨ੍ਹਾਂ ਰੇਖਾਚਿੱਤਰਾਂ ਨੂੰ ਝਰੀਟਿਆ। ਮੈਂ ਉਨ੍ਹਾਂ ਨੂੰ ਉਨ੍ਹਾਂ ਝੂਠੇ ਵਾਅਦਿਆਂ ਦਾ ਜ਼ਿਕਰ ਕਰਦੇ ਹੋਏ ਸੁਣਿਆ ਜੋ ਸਰਕਾਰ ਨੇ ਉਨ੍ਹਾਂ ਨਾਲ਼ ਕੀਤੇ ਸਨ- ਸਾਰਿਆਂ ਲਈ ਮਕਾਨ, ਮੁੜ ਵਸੇਬੇ ਵਾਲ਼ੀ ਕਲੋਨੀ ਵਿੱਚ ਕੰਕਰੀਟ ਦੀਆਂ ਸੜਕਾਂ ਦੀ ਉਸਾਰੀ, ਪਿੰਡ ਵਾਸੀਆਂ ਲਈ ਪੀਣ ਵਾਲ਼ੇ ਪਾਣੀ ਦੀਆਂ ਸਹੂਲਤਾਂ, ਬਿਜਲੀ ਸਪਲਾਈ, ਸਿਹਤ ਕੇਂਦਰ, ਬੱਚਿਆਂ ਲਈ ਸਕੂਲ, ਆਵਾਜਾਈ ਸਹੂਲਤਾਂ ਅਤੇ ਹੋਰ ਬਹੁਤ ਸਾਰੇ ਵਾਅਦੇ।
ਇਹ ਵਿਡੰਬਨਾ ਹੀ ਹੈ ਕਿ ਅਜ਼ਾਦੀ ਦੇ ਇੰਨੇ ਸਾਲਾਂ ਬਾਅਦ, ਜਿਹੜੀਆਂ ਸਹੂਲਤਾਂ ਸਾਨੂੰ ਬੁਨਿਆਦੀ ਅਧਿਕਾਰਾਂ ਦੇ ਤੌਰ 'ਤੇ ਮਿਲ਼ਣੀਆਂ ਚਾਹੀਦੀਆਂ ਸਨ, ਉਹ ਸਾਨੂੰ ਮੁਆਵਜ਼ਾ ਜਾਂ ਸੌਦੇ ਦੇ ਰੂਪ ਵਿੱਚ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ।
ਜਿਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਆਪਣੀਆਂ ਜ਼ਮੀਨਾਂ ਨਹੀਂ ਛੱਡਣਗੇ, ਉਹ 'ਬੀਰਭੂਮ ਜਮੀਂ-ਜੀਬਨ-ਜੀਬਿਕਾ-ਕੁਦਰਤ ਬਚਾਓ ਮਹਾਂਸਭਾ' ਦੀ ਸਰਪ੍ਰਸਤੀ ਹੇਠ ਇਕੱਠੇ ਹੋ ਗਏ ਹਨ। ਸ਼ਹਿਰੀ ਖੇਤਰਾਂ ਦੇ ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਵੀ ਲਗਾਤਾਰ ਦੇਵਚਾ ਦਾ ਦੌਰਾ ਕਰ ਰਹੀਆਂ ਹਨ ਅਤੇ ਇਸ ਜ਼ਮੀਨ ਪ੍ਰਾਪਤੀ ਦਾ ਵਿਰੋਧ ਕਰਨ ਵਾਲਿਆਂ ਨੂੰ ਆਪਣਾ ਸਮਰਥਨ ਦੇ ਰਹੀਆਂ ਹਨ। ਇਨ੍ਹਾਂ ਵਿੱਚ ਸੀਪੀਆਈ (ਐੱਮ-ਐੱਲ), ਜੈ ਕਿਸਾਨ ਅੰਦੋਲਨ ਅਤੇ ਮਨੁੱਖੀ ਅਧਿਕਾਰ ਸੰਗਠਨ ਏਕੁਸ਼ੇਰ ਡਾਕ ਪ੍ਰਮੁੱਖ ਹਨ।
ਹਰੀਨਸਿੰਗਾ ਦੀ ਰਹਿਣ ਵਾਲ਼ੀ ਸੁਸ਼ੀਲਾ ਰਾਉਤ ਨੇ ਪਾਟੀ ਹੋਈ ਤਰਪਾਲ ਨਾਲ਼ ਬਣੇ ਆਪਣੇ ਅਸਥਾਈ ਟਾਇਲਟ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਜਾਓ ਅਤੇ ਆਪਣੀ ਸਰਕਾਰ ਨੂੰ ਇਹ ਤਸਵੀਰ ਦਿਖਾਓ।''
ਇੱਥੋਂ ਇੱਕ ਘੰਟਾ ਪੈਦਲ ਚੱਲਣ ਤੋਂ ਬਾਅਦ, ਦੀਵਾਨਗੰਜ ਪਿੰਡ ਪਹੁੰਚਿਆ ਸਕਦਾ ਹੈ, ਜਿੱਥੇ ਅਸੀਂ 8ਵੀਂ ਜਮਾਤ ਦੇ ਵਿਦਿਆਰਥੀ ਹੁਸਨਆਰਾ ਨੂੰ ਮਿਲ਼ਦੇ ਹਾਂ। "ਇੰਨੇ ਦਿਨਾਂ ਤੱਕ, ਸਰਕਾਰ ਨੇ ਸਾਡੇ ਬਾਰੇ ਨਹੀਂ ਸੋਚਿਆ। ਹੁਣ ਉਹ ਕਹਿੰਦੇ ਹਨ ਕਿ ਸਾਡੇ ਘਰਾਂ ਦੇ ਹੇਠਾਂ ਬਹੁਤ ਸਾਰਾ ਕੋਲ਼ਾ ਹੈ। ਆਪਣਾ ਸਾਰਾ ਕੁਝ ਇੱਥੇ ਛੱਡ ਅਸੀਂ ਕਿੱਧਰ ਨੂੰ ਜਾਵਾਂਗੇ?'' ਦੇਵਚਾ ਗੌਰੰਗਿਨੀ ਹਾਈ ਸਕੂਲ ਦੀ ਇਹ ਵਿਦਿਆਰਥਣ ਪੁੱਛਦੀ ਹੈ।
ਉਸ ਨੂੰ ਘਰੋਂ ਸਕੂਲ ਜਾਣ ਅਤੇ ਵਾਪਸ ਆਉਣ ਲਈ ਕੁੱਲ ਤਿੰਨ ਘੰਟੇ ਲੱਗਦੇ ਹਨ। ਉਹ ਕਹਿੰਦੀ ਹੈ ਕਿ ਸਰਕਾਰ ਉਸ ਦੇ ਪਿੰਡ ਵਿੱਚਪ੍ਰਾ ਇਮਰੀ ਸਕੂਲ ਨਹੀਂ ਖੋਲ੍ਹ ਸਕੀ, ਹਾਈ ਸਕੂਲ ਦੀ ਤਾਂ ਗੱਲ ਹੀ ਛੱਡੋ। ਉਹ ਕਹਿੰਦੀ ਹੈ, "ਮੈਂ ਸਕੂਲ ਵਿੱਚ ਬਹੁਤ ਇਕੱਲਾ ਮਹਿਸੂਸ ਕਰਦੀ ਹਾਂ, ਪਰ ਮੈਂ ਪੜ੍ਹਾਈ ਨਹੀਂ ਛੱਡੀ।" ਉਹਦੀਆਂ ਕਈ ਸਹੇਲੀਆਂ ਨੇ ਤਾਲਾਬੰਦੀ ਦੌਰਾਨ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ''ਹੁਣ ਬਾਹਰੋਂ ਆਏ ਅਜਨਬੀ ਲੋਕ ਅਤੇ ਪੁਲਿਸ ਵਾਲ਼ੇ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ, ਇਸ ਲਈ ਮੇਰੇ ਘਰ ਦੇ ਲੋਕ ਡਰੇ ਰਹਿੰਦੇ ਹਨ ਅਤੇ ਮੈਂ ਹੁਣ ਸਕੂਲ ਨਹੀਂ ਜਾ ਸਕਦੀ।''
ਹੁਸਨਆਰਾ ਦੀ ਦਾਦੀ ਲਾਲਬਾਨੂ ਬੀਬੀ ਅਤੇ ਮਾਂ ਮੀਨਾ ਬੀਬੀ ਆਪਣੀ ਗੁਆਂਢਣ ਆਂਤੁਮਾ ਬੀਬੀ ਅਤੇ ਹੋਰ ਔਰਤਾਂ ਨਾਲ਼ ਮਿਲ਼ ਕੇ ਆਪਣੇ ਵਿਹੜੇ ਵਿੱਚ ਚੌਲ਼ ਛੱਟ ਰਹੀਆਂ ਹਨ। ਸਰਦੀਆਂ ਵਿੱਚ ਪਿੰਡ ਦੀਆਂ ਔਰਤਾਂ ਇਸ ਚਾਵਲ ਦਾ ਆਟਾ ਬਣਾ ਕੇ ਵੇਚਣਗੀਆਂ। ਆਂਤੁਮਾ ਬੀਬੀ ਕਹਿੰਦੀ ਹਨ,"ਸਾਡੇ ਦੀਵਾਨਗੰਜ ਵਿੱਚ ਨਾ ਤਾਂ ਚੰਗੀਆਂ ਸੜਕਾਂ ਹਨ, ਨਾ ਹੀ ਕੋਈ ਸਕੂਲ ਅਤੇ ਨਾ ਹੀ ਕੋਈ ਹਸਪਤਾਲ। ਜੇ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਸਾਨੂੰ ਉਸ ਨੂੰ ਦੇਵਚਾ ਲੈ ਕੇ ਜਾਣਾ ਪੈਂਦਾ ਹੈ। ਕੀ ਤੁਸੀਂ ਸਮਝ ਸਕਦੇ ਹੋ ਕਿ ਗਰਭਵਤੀ ਕੁੜੀਆਂ ਨੂੰ ਇੱਥੇ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਹੁਣ ਸਰਕਾਰ ਵਿਕਾਸ ਦੀ ਗੱਲ ਕਰ ਰਹੀ ਹੈ। ਕਿਹੜਾ ਵਿਕਾਸ?''
ਆਂਤੁਮਾ ਬੀਬੀ ਤੋਂ, ਸਾਨੂੰ ਜਾਣਕਾਰੀ ਮਿਲ਼ਦੀ ਹੈ ਕਿ ਦੀਵਾਨਗੰਜ ਤੋਂ ਦੇਵਚਾ ਹਸਪਤਾਲ ਪਹੁੰਚਣ ਵਿੱਚ ਲਗਭਗ ਇੱਕ ਘੰਟਾ ਲੱਗਦਾ ਹੈ। ਸਭ ਤੋਂ ਨੇੜਲਾ ਮੁੱਢਲਾ ਸਿਹਤ ਕੇਂਦਰ ਪਾਚਾਮੀ ਵਿੱਚ ਹੈ। ਜਾਂ ਫਿਰ ਮਰੀਜ਼ ਨੂੰ ਮੁਹੰਮਦ ਬਾਜ਼ਾਰ ਦੇ ਸਰਕਾਰੀ ਹਸਪਤਾਲ ਲਿਜਾਣਾ ਪੈਂਦਾ ਹੈ। ਉਸ ਹਸਪਤਾਲ ਤੱਕ ਪਹੁੰਚਣ ਵਿੱਚ ਇੱਕ ਘੰਟਾ ਲੱਗਦਾ ਹੈ। ਜੇਕਰ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤਾਂ ਉਸ ਨੂੰ ਸਿਉੜੀ ਦੇ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ।
ਇਨ੍ਹਾਂ ਔਰਤਾਂ ਦੇ ਪਤੀ ਜ਼ਿਆਦਾਤਰ ਪੱਥਰਾਂ ਦੀਆਂ ਖੱਡਾਂ ਵਿੱਚ ਦਿਹਾੜੀਆਂ ਲਾਉਂਦੇ ਹਨ ਅਤੇ ਇੱਕ ਦਿਨ ਵਿੱਚ ਲਗਭਗ 500 ਤੋਂ 600 ਰੁਪਏ ਦੀ ਕਮਾਈ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਇਸੇ ਆਮਦਨ 'ਤੇ ਗੁਜ਼ਾਰਾ ਕਰਦੇ ਹਨ। ਸਰਕਾਰੀ ਸੂਤਰਾਂ ਮੁਤਾਬਕ ਇਸ ਇਲਾਕੇ ਵਿੱਚ ਕਰੀਬ 3,000 ਖਾਣ ਮਜ਼ਦੂਰ (ਮਾਈਨਰ) ਅਤੇ ਕ੍ਰਸ਼ਰ ਮਜ਼ਦੂਰ ਹਨ। ਉਨ੍ਹਾਂ ਸਾਰਿਆਂ ਨੂੰ ਜ਼ਮੀਨ ਪ੍ਰਾਪਤੀ ਦੇ ਬਦਲੇ ਮੁਆਵਜ਼ੇ ਦੀ ਜ਼ਰੂਰਤ ਹੋਏਗੀ।
ਪਿੰਡ ਦੀਆਂ ਔਰਤਾਂ ਨੂੰ ਚਿੰਤਾ ਹੈ ਕਿ ਪਿੰਡ ਤੋਂ ਉਜਾੜੇ ਜਾਣ ਦੀ ਹਾਲਤ ਵਿੱਚ ਪੱਥਰ ਤੋੜਨ ਤੋਂ ਹੋਣ ਵਾਲ਼ੀ ਉਨ੍ਹਾਂ ਦੀ ਆਮਦਨੀ ਬੰਦ ਹੋ ਜਾਵੇਗੀ। ਸਰਕਾਰ ਵੱਲੋਂ ਨੌਕਰੀਆਂ ਦੇਣ ਦੇ ਵਾਅਦੇ ਨੂੰ ਲੈ ਕੇ ਉਨ੍ਹਾਂ ਨੂੰ ਪਹਿਲਾਂ ਹੀ ਕਈ ਤੌਖ਼ਲੇ ਹਨ। ਉਹ ਕਹਿੰਦੀ ਹਨ ਕਿ ਪਿੰਡ ਵਿੱਚ ਪਹਿਲਾਂ ਹੀ ਅਜਿਹੇ ਪੜ੍ਹੇ ਲਿਖੇ ਨੌਜਵਾਨਾਂ ਦੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਕੋਲ਼ ਕੋਈ ਨੌਕਰੀ ਨਹੀਂ ਹੈ।
ਤਨਜ਼ਿਲਾ ਬੀਬੀ ਝੋਨਾ ਸੁਕਾਉਣ ਦੇ ਕੰਮ ਵਿੱਚ ਲੱਗੀ ਹਨ ਤੇ ਉਨ੍ਹਾਂ ਦੇ ਹੱਥ ਵਿੱਚ ਇੱਕ ਸੋਟਾ ਹੈ ਜਿਹਦੇ ਨਾਲ਼ ਉਹ ਪਰੇਸ਼ਾਨ ਕਰਨ ਵਾਲ਼ੀਆਂ ਬੱਕਰੀਆਂ ਨੂੰ ਭਜਾ ਰਹੀ ਹਨ। ਜਿਓਂ ਹੀ ਉਨ੍ਹਾਂ ਦੀ ਨਜ਼ਰ ਸਾਡੇ 'ਤੇ ਪੈਂਦੀ ਹੈ ਉਹ ਸੋਟੀ ਫੜ੍ਹੀ ਤੇਜ਼ੀ ਨਾਲ਼ ਸਾਡੇ ਵੱਲ ਵੱਧਦੀ ਹੋਈ ਕਹਿੰਦੀ ਹਨ,"ਤੁਸੀਂ ਏਥੋਂ ਸੁਣੋਗੇ ਹੋਰ ਤੇ ਲਿਖੋਗੇ ਹੋਰ। ਤੁਸੀਂ ਸਾਡੇ ਨਾਲ਼ ਇਹ ਖੇਡ ਖੇਡਣ ਕਿਉਂ ਆਉਂਦੇ ਹੋ? ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦਿਆਂ, ਮੈਂ ਆਪਣਾ ਘਰ ਛੱਡਣ ਵਾਲ਼ੀ ਨਹੀਂ ਅਤੇ ਇਹ ਮੇਰਾ ਅੰਤਿਮ ਫ਼ੈਸਲਾ ਹੈ। ਉਹ ਪੁਲਿਸ ਮੁਲਾਜ਼ਮ ਭੇਜ ਕੇ ਸਾਨੂੰ ਪ੍ਰੇਸ਼ਾਨ ਕਰਨਾ ਚਾਹੁੰਦੇ ਨੇ। ਹੁਣ ਉਹ ਹਰ ਰੋਜ਼ ਕਿਸੇ ਨਾ ਕਿਸੇ ਪੱਤਰਕਾਰ ਨੂੰ ਸਾਡੇ ਕੋਲ਼ ਭੇਜ ਰਹੇ ਨੇ।" ਹੋਰ ਉੱਚੀ ਆਵਾਜ਼ ਵਿੱਚ ਉਹ ਸਾਨੂੰ ਦੋਬਾਰਾ ਕਹਿਣ ਲੱਗਦੀ ਹਨ, "ਸਾਡੇ ਕੋਲ਼ ਕਹਿਣ ਲਈ ਸਿਰਫ਼ ਇੱਕੋ ਹੀ ਗੱਲ ਹੈ। ਅਸੀਂ ਕਿਸੇ ਵੀ ਕੀਮਤ 'ਤੇ ਆਪਣੀ ਜ਼ਮੀਨ ਨਹੀਂ ਛੱਡਣ ਵਾਲ਼ੇ।"
ਸਾਲ 2021 ਤੇ 2022 ਵਿੱਚ ਆਪਣੇ ਦੌਰੇ ਵੇਲ਼ੇ, ਮੈਂ ਜਿੰਨੀਆਂ ਔਰਤਾਂ ਨੂੰ ਮਿਲ਼ੀ ਉਹ ਸਾਰੀਆਂ ਆਪਣੀ ਜ਼ਮੀਨ ਨੂੰ ਲੈ ਕੇ ਆਪਣੇ ਅਧਿਕਾਰਾਂ ਵਾਸਤੇ ਸਰਗਰਮੀ ਨਾਲ਼ ਸੰਘਰਸ਼ ਕਰ ਰਹੀਆਂ ਸਨ। ਹਾਲਾਂਕਿ, ਉਹਦੇ ਬਾਅਦ ਤੋਂ ਇਸ ਅੰਦੋਲਨ ਨੇ ਆਪਣੀ ਰਫ਼ਤਾਰ ਗੁਆ ਲਈ ਹੈ, ਪਰ ਵਿਰੋਧ ਦੀ ਉਨ੍ਹਾਂ ਦੀ ਸੁਰ ਅੱਜ ਵੀ ਓਨੀ ਹੀ ਮਜ਼ਬੂਤ ਹੈ। ਅੱਜ ਵੀ ਔਰਤਾਂ ਤੇ ਕੁੜੀਆਂ ਦਾ ਇਸ ਦਾਬੇ ਤੇ ਅਨਿਆ ਵਿਰੁੱਧ ਅਵਾਜ਼ ਬੁਲੰਦ ਕਰਨਾ ਬੰਦ ਨਹੀਂ ਹੋਇਆ। ਇਨਸਾਫ਼ ਦੀ ਉਨ੍ਹਾਂ ਦੀ ਲੜਾਈ 'ਜਲ ਜੰਗਲ ਜ਼ਮੀਨ' ਦੀ ਲੜਾਈ ਹੈ, ਜੋ ਜਾਰੀ ਰਹਿਣ ਵਾਲ਼ੀ ਹੈ।
ਤਰਜਮਾ: ਕਮਲਜੀਤ ਕੌਰ