ਰੋਜ਼ ਸਵੇਰੇ ਵੱਖੋ ਵੱਖ ਪਿੰਡਾਂ ਤੋਂ ਆਦਿਵਾਸੀ ‘ਤੇ ਦਲਿਤ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਜ਼ਿਲ੍ਹੇ ਵਿੱਚ ਮਾਨਿਕਪੁਰ ਰੇਲਵੇ ਜੰਕਸ਼ਨ 'ਤੇ ਇਕੱਠੇ ਹੁੰਦੇ ਹਨ। 100 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਪਿੰਡਾਂ ਵਿੱਚੋਂ ਲੋਕ ਕਿਰਾਏ ‘ਤੇ ਸਾਂਝੀ ਜੀਪ ਜਾਂ ਆਟੋ ਰਿਕਸ਼ਾ ਕਰ ਕੇ, ਜਾਂ ਸਾਈਕਲਾਂ ‘ਤੇ ਇੱਥੇ ਪਹੁੰਚਦੇ ਹਨ। ਇਹ ਲੋਕ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੀ ਸੀਮਾ ‘ਤੇ ਪੈਂਦੇ ਪਾਠਾ ਜੰਗਲ ਤੋਂ 20-50 ਕਿਲੋ ਵਜ਼ਨੀ ਸੈਂਕੜੇ ਲੱਕੜਾਂ ਦੀਆਂ ਗੱਠਾਂ ਲੈ ਕੇ ਪਹੁੰਚਦੇ ਹਨ।
ਲੱਕੜਾਂ ਨੂੰ ਨੇੜਲੇ ਬਜ਼ਾਰਾਂ ਵਿੱਚ ਵੇਚਣਾ ਹੀ ਇਹਨਾਂ ਪਰਿਵਾਰਾਂ ਲਈ ਕਮਾਈ ਦਾ ਸਾਧਨ ਹਨ। ਹਾਲਾਂਕਿ ਜੰਗਲਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਅਨੁਸਾਰ ਦਰੱਖਤ ਕੱਟਣ ਦੀ ਮਨਾਹੀ ਹੈ, ਪਰ ਸਥਾਨਕ ਲੋਕ, ਜੋ ਆਪਣੀ ਜੀਵਿਕਾ ਲਈ ਇਸ ਕੰਮ ‘ਤੇ ਨਿਰਭਰ ਹਨ, ਕੋਲ ਆਪਣੀ ਕੋਈ ਉਪਜਾਊ ਜ਼ਮੀਨ ਨਹੀਂ ਹੈ। ਇਹਨਾਂ ਦੀ ਕਮਾਈ ਦਾ ਸਾਧਨ ਨੇੜਲੇ ਕਸਬਿਆਂ ਵਿੱਚ ਉਸਾਰੀ ਦੇ ਕੰਮਾਂ ਵਿੱਚ ਦਿਹਾੜੀ-ਧੱਪਾ ਕਰਨਾ ਹੀ ਹੈ।
ਇਹ ਲੋਕ ਤੇਂਦੂ ਅਤੇ ਪਲਾਸ਼ ਲੱਕੜਾਂ ਦੀਆਂ ਗੱਠਾਂ ਮੁਸਾਫ਼ਿਰ ਰੇਲ ਗੱਡੀਆਂ ਰਾਹੀਂ ਮਾਨਿਕਪੁਰ ਤੋਂ, ਕਰਵੀ ਤੋਂ (ਮਾਨਿਕਪੁਰ ਤੋਂ 30 ਕਿਲੋਮੀਟਰ ਦੀ ਦੂਰੀ ‘ਤੇ), ਜਾਂ ਸ਼ੰਕਰਗੜ ਤੋਂ (80 ਕਿਲੋਮੀਟਰ ਦੀ ਦੂਰੀ ‘ਤੇ) ਅਲਾਹਾਬਾਦ ਦੇ ਰਸਤੇ ਵਿੱਚ ਪੈਂਦੇ ਕਸਬਿਆਂ ਵਿੱਚ ਲੈ ਕੇ ਜਾਂਦੇ ਹਨ।
ਐਨੀ ਮਿਹਨਤ ਕਰ ਕੇ ਇਹਨਾਂ ਲੋਕਾਂ ਨੂੰ ਦਿਹਾੜੀ ਦੇ 150-300 ਰੁਪਏ ਹੀ ਮਿਲ਼ਦੇ ਹਨ ਜੋ ਕਿ ਲੱਕੜ ਦੇ ਸੁੱਕੇ ਹੋਣ, ਗੁਣਵੱਤਾ ਅਤੇ ਬਾਲਣ ਦੀ ਮੰਗ ‘ਤੇ ਨਿਰਭਰ ਕਰਦਾ ਹੈ।
ਕਿਸੇ ਵੀ ਲੱਕੜਾਂ ਵੇਚਣ ਵਾਲੇ ਦੇ ਨਾਮ ਦਾ ਇੱਥੇ ਜ਼ਿਕਰ ਨਹੀਂ ਕੀਤਾ ਗਿਆ ਕਿਓਂਕਿ ਉਹ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੇ ਸਨ।
ਤਰਜਮਾ: ਨਵਨੀਤ ਕੌਰ ਧਾਲੀਵਾਲ