"ਰੇਲ ਗੱਡੀ ਸਿਰਫ਼ ਪੰਜ ਮਿੰਟ ਹੀ ਰੁਕਦੀ ਹੈ, ਉਦੋਂ ਸਾਨੂੰ ਕਾਹਲੀ ਦੇਣੀ ਭੀੜ ਵਿੱਚੋਂ ਰਾਹ ਬਣਾਉਂਦੇ ਹੋਏ ਅੰਦਰ ਜਾਣਾ ਪੈਂਦਾ ਹੈ ਅਤੇ ਜਲਦੀ ਚੜ੍ਹਨਾ ਪੈਂਦਾ ਹੈ। ਕਈ ਵਾਰ ਰੇਲ ਗੱਡੀ ਅੱਗੇ ਵਧਣ ਲੱਗਦੀ ਹੈ, ਅਜਿਹੇ ਮਾਮਲਿਆਂ ਵਿੱਚ ਸਾਨੂੰ ਪਲੇਟਫਾਰਮ 'ਤੇ ਹੀ ਕੁਝ ਬੰਡਲ ਛੱਡਣੇ ਪੈਂਦੇ ਹਨ।" ਸਾਰੰਗਾ ਰਾਜਭੋਈ ਰੱਸੀ ਬਣਾਉਣ ਵਾਲ਼ੀ ਇੱਕ ਔਰਤ ਹਨ ਅਤੇ ਉਹ ਨਾ-ਚਾਹੁੰਦੇ ਹੋਏ ਆਪਣੇ ਪਿੱਛੇ ਜੋ ਬੰਡਲ ਛੱਡਦੀ ਹਨ, ਉਹ ਕੱਪੜਾ ਫ਼ੈਕਟਰੀਆਂ ਵੱਲੋਂ ਕੂੜੇ ਵਿੱਚ ਕੱਢੇ ਰੇਸ਼ੇ ਹਨ, ਜਿਨ੍ਹਾਂ ਤੋਂ ਉਨ੍ਹਾਂ ਵਰਗੀਆਂ ਔਰਤਾਂ ਰੱਸੀਆਂ ਬਣਾਉਂਦੀਆਂ ਅਤੇ ਵੇਚਦੀਆਂ ਹਨ। ਇਨ੍ਹਾਂ ਰੱਸੀਆਂ ਦੀ ਵਰਤੋਂ ਗਊਆਂ ਅਤੇ ਮੱਝਾਂ ਨੂੰ ਬੰਨ੍ਹਣ, ਟਰੱਕਾਂ ਅਤੇ ਟਰੈਕਟਰਾਂ ਵਿੱਚ ਸਾਮਾਨ ਲਿਜਾਣ ਅਤੇ ਕੱਪੜੇ ਸੁੱਕਣੇ ਪਾਉਣ ਲਈ ਕੀਤੀ ਜਾਂਦੀ ਹੈ।
" ਹਮਾਰਾ ਖਾਨਦਾਨੀ ਹੈ ," ਸੰਤਰਾ ਰਾਜਭੋਈ ਕਹਿੰਦੀ ਹਨ। ਉਹ ਅਹਿਮਦਾਬਾਦ ਦੇ ਵਟਵਾ ਵਿਖੇ ਮਿਊਂਸਪਲ ਹਾਊਸਿੰਗ ਬਲਾਕ ਵਿੱਚ ਆਪਣੇ ਘਰ ਦੇ ਨੇੜੇ ਇੱਕ ਖੁੱਲੀ ਥਾਂ 'ਤੇ ਬੈਠੀ ਹੋਈ ਸਿੰਥੈਟਿਕ ਫਾਈਬਰ ਧਾਗੇ ਦੇ ਢੇਰ ਤੋਂ ਗੰਝਲਾਂ ਸੁਲਝਾਉਣ ਵਿੱਚ ਰੁੱਝੀ ਹੋਈ ਹਨ।
ਸਾਰੰਗਾ ਅਤੇ ਸੰਤਰਾ ਗੁਜਰਾਤ ਦੇ ਰਾਜਭੋਈ ਖ਼ਾਨਾਬਦੀ ਭਾਈਚਾਰੇ ਨਾਲ਼ ਸਬੰਧਤ ਹਨ। ਉਹ ਇਸ ਰਹਿੰਦ-ਖੂੰਹਦ ਰੇਸ਼ਿਆਂ ਨੂੰ ਖਰੀਦਣ ਤੇ ਲਿਆਉਣ ਲਈ ਅਹਿਮਦਾਬਾਦ ਸ਼ਹਿਰ ਤੋਂ ਸੂਰਤ ਤੱਕ ਰੇਲ ਗੱਡੀ ਰਾਹੀਂ ਯਾਤਰਾ ਕਰਦੀਆਂ ਹਨ। ਫਿਰ ਇਨ੍ਹਾਂ ਰੇਸ਼ਿਆਂ ਤੋਂ ਰੱਸੀਆਂ ਬਣਾਈਆਂ ਜਾਂਦੀਆਂ ਹਨ। ਇਸ ਕੰਮ ਲਈ ਉਹ ਰਾਤ ਦੇ ਗਿਆਰ੍ਹਾਂ ਵਜੇ ਘਰੋਂ ਨਿਕਲ਼ਦੀਆਂ ਹਨ ਤੇ ਅਗਲੇ ਦਿਨ ਸ਼ਾਮੀਂ 7 ਵਜੇ ਘਰੇ ਵੜ੍ਹਦੀਆਂ ਹਨ। ਇਸ ਦੌਰਾਨ ਉਹ ਛੋਟੇ ਬੱਚਿਆਂ ਨੂੰ ਰਿਸ਼ਤੇਦਾਰਾਂ ਕੋਲ਼ ਛੱਡ ਦਿੰਦੀਆਂ ਹਨ।
ਕਈ ਵਾਰ ਰੇਲ ਗੱਡੀ ਆਪਣੀ ਮੰਜ਼ਲ 'ਤੇ ਸਵੇਰ ਦੇ ਇੱਕ ਜਾਂ ਦੋ ਵਜੇ ਪਹੁੰਚਦੀ ਹੈ। ਇਸ ਲਈ ਰੇਲ ਗੱਡੀ ਤੋਂ ਉਤਰਨ ਵਾਲ਼ੀਆਂ ਔਰਤਾਂ ਉੱਥੇ ਰੇਲਵੇ ਪਲੇਟਫਾਰਮ 'ਤੇ ਹੀ ਸੌਂ ਜਾਂਦੀਆਂ ਹਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਪਰੇਸ਼ਾਨ ਵੀ ਕੀਤਾ ਜਾਂਦਾ ਹੈ। "ਸਾਨੂੰ ਥਾਣੇ ਲਿਜਾਇਆ ਜਾਂਦਾ ਹੈ ਅਤੇ ਤਿੰਨ ਤੋਂ ਚਾਰ ਘੰਟੇ ਪੁੱਛਗਿੱਛ ਕੀਤੀ ਜਾਂਦੀ ਹੈ। ਪੁਲਿਸ ਗ਼ਰੀਬਾਂ ਨੂੰ ਜਲਦੀ ਫੜ੍ਹ ਲੈਂਦੀ ਹੈ। ਜੇ ਉਹ ਚਾਹੁੰਣ ਤਾਂ ਸਾਨੂੰ ਬੰਦੀ ਵੀ ਬਣਾ ਸਕਦੇ ਹੁੰਦੇ ਹਨ," ਕਰੁਣਾ ਕਹਿੰਦੀ ਹਨ।
ਕਰੁਣਾ, ਸੰਤਰਾ ਅਤੇ ਸਾਰੰਗਾ ਵਟਵਾ ਕਸਬੇ ਦੀ ਚਾਰ ਮਾਲਿਆ ਮਿਊਂਸਪਲ ਹਾਊਸਿੰਗ ਕਲੋਨੀ ਦੇ ਗੁਆਂਢ ਵਿੱਚ ਰਹਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਨਿਯਮਤ ਪਾਣੀ ਅਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਹਨ। ਬਹੁਤ ਜੱਦੋਜਹਿਦ ਤੋਂ ਬਾਅਦ ਸਾਨੂੰ ਬਿਜਲੀ ਦਾ ਕੁਨੈਕਸ਼ਨ ਮਿਲ਼ਿਆ।
ਇਹ ਔਰਤਾਂ ਰਾਜਭੋਈ ਭਾਈਚਾਰੇ ਨਾਲ਼ ਸਬੰਧਤ ਹਨ। ਇਸ ਭਾਈਚਾਰੇ ਦੀਆਂ ਔਰਤਾਂ ਰਵਾਇਤੀ ਤੌਰ 'ਤੇ ਰੱਸੀ ਬੁਣਦੀਆਂ ਹਨ ਜਦੋਂ ਕਿ ਮਰਦ ਕੰਨਾਂ ਦੀ ਸਫਾਈ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਭਾਈਚਾਰਾ ਸਾਲਾਂ ਤੋਂ ਸਰਕਾਰ ਵੱਲੋਂ ਪਛਾਣ ਪਾਉਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਲੜ ਰਿਹਾ ਹੈ। ਰਾਜਭੋਈ ਇੱਕ ਖ਼ਾਨਾਬਦੀ ਭਾਈਚਾਰਾ ਹੈ,"ਪਰ ਸਾਡੀ ਜਾਤੀ ਨਿਗਮ (ਗੁਜਰਾਤੀ ਖ਼ਾਨਾਬਦੀ ਅਤੇ ਡਿਨੋਟੀਫਾਈਡ ਕਬਾਇਲੀ ਵਿਕਾਸ ਨਿਗਮ) ਦੇ ਅਧੀਨ ਸੂਚੀਬੱਧ ਨਹੀਂ ਹੈ," ਰਾਜੇਸ਼ ਰਾਜਭੋਈ ਕਹਿੰਦੇ ਹਨ, ਜੋ ਭਾਈਚਾਰੇ ਦੇ ਮੁਖੀ ਜਾਂ ਨੇਤਾ ਹਨ।
ਖ਼ਾਨਾਬਦੀ ਭਾਈਚਾਰਿਆਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਹੋਰ ਯੋਜਨਾਵਾਂ ਉਪਲਬਧ ਕਰਵਾਉਣਾ ਇੰਨੀ ਸੌਖੀ ਪ੍ਰਕਿਰਿਆ ਨਹੀਂ ਹੈ ਕਿਉਂਕਿ "ਸਾਡਾ ਭਾਈਚਾਰਾ ਉੱਥੇ 'ਰਾਜਭੋਈ' ਦੀ ਬਜਾਏ 'ਭੋਇਰਾਜ' ਵਜੋਂ ਸੂਚੀਬੱਧ ਹੈ। ਇਸ ਨਾਲ਼ ਸਾਡੇ ਲਈ ਸਰਕਾਰੀ ਕੰਮਕਾਜ ਦੇ ਮਾਮਲੇ 'ਚ ਮੁਸ਼ਕਲਾਂ ਪੈਦਾ ਹੋਈਆਂ ਹੀ ਰਹਿੰਦੀਆਂ ਨੇ।''
ਗੁਜਰਾਤ ਸਰਕਾਰ ਦੀ ਵੈੱਬਸਾਈਟ 'ਤੇ ਮਿਲੀ 28 ਖ਼ਾਨਾਬਦੀ ਕਬੀਲਿਆਂ ਅਤੇ 12 ਡਿਨੋਟੀਫਾਈਡ ਕਬੀਲਿਆਂ ਦੀ ਸੂਚੀ ਤੋਂ ਰਾਜਭੋਈ ਜਾਂ ਭੋਇਰਾਜ ਭਾਈਚਾਰੇ ਦਾ ਨਾਮ ਵੀ ਗਾਇਬ ਹੈ। ਭਾਰਤ ਦੇ ਡਿਨੋਟੀਫਾਈਡ ਕਬੀਲਿਆਂ, ਖ਼ਾਨਾਬਦੋਸ਼ ਕਬੀਲਿਆਂ ਅਤੇ ਅਰਧ-ਖ਼ਾਨਾਬਦੀ ਕਬੀਲਿਆਂ (ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ) ਦੀ ਡਰਾਫਟ ਸੂਚੀ ਵਿੱਚ ਸਿਰਫ਼ ਗੁਜਰਾਤ ਦਾ 'ਭੋਈ' ਭਾਈਚਾਰਾ ਸੂਚੀਬੱਧ ਹੈ। ਗੁਜਰਾਤ ਰਾਜ ਵਿੱਚ, ਭੋਇਰਾਜ ਭਾਈਚਾਰੇ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ਵਿੱਚ ਸੂਚੀਬੱਧ ਕੀਤਾ ਗਿਆ ਹੈ। "ਸਾਡੇ ਭਾਈਚਾਰੇ ਦੇ ਲੋਕਾਂ ਨੂੰ ਗੁਜਰਾਤ ਤੋਂ ਬਾਹਰ ਸਲਾਤ-ਘੇਰਾ ਵੀ ਕਿਹਾ ਜਾਂਦਾ ਹੈ। ਉੱਥੇ ਉਹ ਮਿਲ-ਪੱਥਰ ਅਤੇ ਪੀਹਣ ਵਾਲ਼ੇ ਪੱਥਰ ਬਣਾਉਣ ਵਿੱਚ ਲੱਗੇ ਹੋਏ ਹਨ," ਰਾਜੇਸ਼ ਕਹਿੰਦੇ ਹਨ। ਸਲਾਤ-ਘੇਰਾ ਵੀ ਇੱਕ ਖ਼ਾਨਾਬਦੀ ਕਬੀਲਾ ਹੈ ਜਿਸਦਾ ਨਾਮ ਵੈੱਬਸਾਈਟ 'ਤੇ ਸੂਚੀਬੱਧ ਹੈ।
*****
ਇਨ੍ਹਾਂ ਔਰਤਾਂ ਨੂੰ ਰੱਸੀ ਬਣਾਉਣ ਲਈ ਲੋੜੀਂਦੀ ਬੁਨਿਆਦੀ ਸਮੱਗਰੀ, ਰੇਸ਼ੇ ਲਿਆਉਣ ਲਈ ਸੂਰਤ ਸ਼ਹਿਰ ਦੀਆਂ ਟੈਕਸਟਾਈਲ ਫ਼ੈਕਟਰੀਆਂ ਵਿੱਚ ਜਾਣਾ ਪੈਂਦਾ ਹੈ। "ਤੁਹਾਨੂੰ ਮਨੀਨਗਰ ਅਤੇ ਮਨੀਨਗਰ ਤੋਂ ਕਿਮ ਜਾਣਾ ਪੈਂਦਾ ਹੈ। ਅਸੀਂ ਰੇਸ਼ੇ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਖਰੀਦਦੇ ਹਾਂ," ਸਾਰੰਗਾ ਨੇ ਕਿਹਾ, ਸਾਡੇ ਨਾਲ਼ ਗੱਲ ਕਰਦਿਆਂ ਉਨ੍ਹਾਂ ਦੇ ਦੰਦ ਪਾਨ ਪੀਹਣ ਵਿੱਚ ਮਸ਼ਰੂਫ਼ ਹੁੰਦੇ ਹਨ ਤੇ ਹੱਥ ਮੁਸਲਸਲ ਰੇਸ਼ਿਆਂ ਨੂੰ ਸੁਲਝਾਉਣ ਲੱਗੇ ਹੋਏ ਹਨ।
ਅਹਿਮਦਾਬਾਦ ਦੇ ਮਨੀਨਗਰ ਤੋਂ ਸੂਰਤ ਦੇ ਕਿਮ ਵਿਚਾਲੇ ਲਗਭਗ 230 ਕਿਲੋਮੀਟਰ ਦੀ ਦੂਰੀ ਹੈ। ਉਨ੍ਹਾਂ ਕੋਲ਼ ਇਸ ਦੂਰੀ ਨੂੰ ਪੂਰਾ ਕਰਨ ਲਈ ਰੇਲ ਗੱਡੀ ਰਾਹੀਂ ਯਾਤਰਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ; ਪਰ ਟਿਕਟਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। "ਅਸੀਂ ਟਿਕਟਾਂ ਨਹੀਂ ਖਰੀਦਦੇ," ਸਾਰੰਗਾ ਆਪਣੇ ਮੂੰਹ ਵਿੱਚੋਂ ਪਾਨ ਦਾ ਰਸ ਪੂੰਝਦਿਆਂ ਹੱਸਦੇ ਹੋਏ ਕਹਿੰਦੀ ਹਨ। ਕਿਮ ਰੇਲਵੇ ਸਟੇਸ਼ਨ 'ਤੇ ਉਤਰਨ ਤੋਂ ਬਾਅਦ ਇਹ ਔਰਤਾਂ ਰਿਕਸ਼ੇ 'ਚ ਸਵਾਰ ਹੋ ਕੇ ਉੱਥੋਂ ਟੈਕਸਟਾਈਲ ਫ਼ੈਕਟਰੀਆਂ ਵੱਲ ਜਾਂਦੀਆਂ ਹਨ।
''ਕਿਸੇ ਵੀ ਤਰ੍ਹਾਂ ਦੇ ਨੁਕਸਾਨੇ ਰੇਸ਼ਿਆਂ (ਹੋਰ ਚੀਜ਼ਾਂ) ਨੂੰ ਲਾਂਭੇ ਰੱਖਿਆ ਜਾਂਦਾ ਹੈ। ਮਜ਼ਦੂਰ ਇਸ ਨੂੰ ਸਾਨੂੰ ਜਾਂ ਕਬਾੜੀਆਂ ਨੂੰ ਵੇਚਦੇ ਹਨ, ਜੋ ਘੁੰਮ-ਫਿਰ ਕੇ ਫਿਰ ਸਾਨੂੰ ਵੇਚ ਦਿੰਦੇ ਹਨ," 47 ਸਾਲਾ ਗੀਤਾ ਰਾਜਭੋਈ ਕਹਿੰਦੀ ਹਨ। ਪਰ ਹਰ ਰੇਸ਼ਾ ਕੰਮ ਵੀ ਨਹੀਂ ਆਉਂਦਾ, ਕਰੁਣਾ ਦੱਸਦੀ ਹਨ; "ਕਪਾਹ ਦਾ ਰੇਸ਼ਾ ਸਾਡੇ ਕਿਸੇ ਕੰਮ ਦਾ ਨਹੀਂ। ਅਸੀਂ ਸਿਰਫ਼ ਰੇਸਮ (ਸਿੰਥੈਟਿਕ ਰੇਸ਼ਮ) ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਸਮੱਗਰੀਆਂ ਦੀ ਵਰਤੋਂ ਕਰਕੇ ਕੱਪੜੇ ਬਣਾਉਣ ਵਾਲ਼ੀਆਂ ਫ਼ੈਕਟਰੀਆਂ ਸਿਰਫ਼ ਕਿਮ ਸਿਟੀ ਵਿੱਚ ਹਨ।
ਕਈ ਵਾਰ ਕੱਚਾ ਮਾਲ਼ (ਰੇਸ਼ੇ) ਆਪਸ ਵਿੱਚ ਉਲਝਿਆ ਹੁੰਦਾ ਹੈ। ਗੀਤਾ ਕਹਿੰਦੀ ਹਨ ਕਿ ਅਜਿਹੇ ਰੇਸ਼ਿਆਂ ਦੀ ਕੀਮਤ ਘੱਟ ਹੁੰਦੀ ਹੈ। ਇਸ ਦੀ ਇੱਕ ਕਿਲੋ ਦੀ ਕੀਮਤ 15 ਰੁਪਏ ਤੋਂ 27 ਰੁਪਏ ਵਿਚਾਲੇ ਹੁੰਦੀ ਹੈ। ਸੋਫੇ, ਬਿਸਤਰੇ ਅਤੇ ਤਕੀਏ ਬਣਾਉਣ ਵਿੱਚ ਵਰਤੇ ਜਾਣ ਵਾਲ਼ੇ ਚਿੱਟੇ ਰੇਸ਼ੇ ਮਹਿੰਗੇ ਹੁੰਦੇ ਹਨ, ਜੋ 40 ਰੁਪਏ ਕਿਲੋ ਦੇ ਹਿਸਾਬ ਨਾਲ਼ ਵਿਕਦੇ ਹਨ।
''ਇੱਕ ਔਰਤ 100 ਕਿਲੋ ਫਾਈਬਰ ਲਿਆ ਸਕਦੀ ਹੈ। ਕਈ ਵਾਰੀਂ ਉਹਨੂੰ 25 ਕਿਲੋ ਤੇ ਕਈ ਵਾਰੀਂ ਸਿਰਫ਼ 10 ਕਿਲੋ ਹੀ ਮਿਲ਼ਦਾ ਹੈ," ਸੰਤਰਾ ਕਹਿੰਦੀ ਹਨ। ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਹਾਨੂੰ ਇੰਨਾ ਮਿਲ਼ੇਗਾ। ਬਹੁਤ ਸਾਰੇ ਲੋਕ ਫਾਈਬਰ ਦੀ ਭਾਲ਼ ਵਿੱਚ ਆਉਂਦੇ ਹਨ। ਪਰ ਹਰ ਕਿਸੇ ਕੋਲ਼ ਲੋੜੀਂਦਾ ਫਾਈਬਰ ਉਪਲਬਧ ਨਹੀਂ ਵੀ ਹੁੰਦਾ।
ਕਿਮ ਤੋਂ ਅਹਿਮਦਾਬਾਦ ਤੱਕ ਸਾਮਾਨ ਲਿਜਾਣ ਲਈ ਉਨ੍ਹਾਂ ਨੂੰ ''ਕਿਮ ਸ਼ਹਿਰ ਦੀਆਂ ਕਈ ਫ਼ੈਕਟਰੀਆਂ 'ਚ ਘੁੰਮਣਾ ਪੈਂਦਾ ਹੈ ਅਤੇ ਬੁਨਿਆਦੀ ਚੀਜ਼ਾਂ ਖ਼ਰੀਦਣੀਆਂ ਪੈਂਦੀਆਂ ਹਨ। ਫਿਰ ਇਸ ਸਮਾਨ ਨੂੰ ਸਟੇਸ਼ਨ 'ਤੇ ਲਿਜਾਣਾ ਪੈਂਦਾ ਹੈ," ਸਾਰੰਗਾ ਦੱਸਦੀ ਹਨ।
ਸਟੇਸ਼ਨ 'ਤੇ ਉਨ੍ਹਾਂ ਦੇ ਰੇਸ਼ਿਆਂ (ਫਾਈਬਰ) ਦੇ ਵੱਡੇ ਬੰਡਲ ਰੇਲਵੇ ਅਧਿਕਾਰੀਆਂ ਦਾ ਧਿਆਨ ਖਿੱਚਦੇ ਹਨ। "ਜੇ ਕਿਤੇ ਉਹ ਸਾਨੂੰ ਫੜ੍ਹ ਵੀ ਲੈਣ ਤਾਂ ਸਾਡੇ ਹਾੜ੍ਹੇ ਕੱਢਣ 'ਤੇ ਉਹ ਸਾਨੂੰ ਛੱਡ ਵੀ ਦਿੰਦੇ ਹਨ। ਜੇ ਕਿਤੇ ਕੋਈ ਅੜ੍ਹਬ ਅਧਿਕਾਰੀ ਡਿਊਟੀ 'ਤੇ ਹੋਵੇ ਤਾਂ ਸਾਨੂੰ 100-200 ਰੁਪਏ ਦੇਣੇ ਹੀ ਪੈਂਦੇ ਹਨ,'' ਕਰੁਣਾ ਰਾਜਭੋਈ ਕਹਿੰਦੀ ਹਨ,''ਹਰ ਵਾਰ ਜਦੋਂ ਅਸੀਂ 1,000 ਰੁਪਏ ਦਾ ਕੱਚਾ ਮਾਲ ਖਰੀਦਦੇ ਹਾਂ, ਤਾਂ ਸਾਨੂੰ ਯਾਤਰਾ ਤੇ ਹੋਰ ਖਰਚੇ ਮਿਲ਼ਾ ਕੇ ਤਿੰਨ ਸੌ ਰੁਪਏ ਖਰਚਣੇ ਪੈਂਦੇ ਹਨ।" ਕੱਚਾ ਮਾਲ ਉਪਲਬਧ ਹੋਵੇ ਜਾਂ ਨਾ ਹੋਵੇ, 300 ਰੁਪਏ ਦਾ ਖਰਚਾ ਤਾਂ ਸਿਰ 'ਤੇ ਬੋਲਦਾ ਹੀ ਰਹਿੰਦਾ ਹੈ।
30 ਭੁਜਾ ਦੀ ਤਿਆਰ ਰੱਸੀ 80 ਰੁਪਏ ਵਿੱਚ ਤੇ 50 ਭੁਜਾ ਤਿਆਰ ਰੱਸੀ 100 ਰੁਪਏ ਵਿੱਚ ਵਿੱਕਦੀ ਹੈ।
ਔਰਤਾਂ ਆਪਣੇ ਨਾਲ਼ 40-50 ਰੱਸੀਆਂ ਲੈ ਕੇ ਜਾਂਦੀਆਂ ਹਨ। ਮਹਿਮਦਾਬਾਦ, ਆਨੰਦ, ਲਿਮਬਾਚੀ, ਤਾਰਾਪੁਰ, ਕਟਲਾਲ, ਖੇੜਾ, ਗੋਵਿੰਦਪੁਰ, ਮਾਤਰ, ਚਾਂਗਾ, ਪੱਲਾ, ਗੋਮਤੀਪੁਰ ਅਤੇ ਹੋਰ ਥਾਵਾਂ 'ਤੇ ਕਈ ਵਾਰ ਤਾਂ ਸਾਰੀਆਂ ਰੱਸੀਆਂ ਤੇ ਕਈ ਵਾਰੀਂ ਲਗਭਗ 20 ਰੱਸੀਆਂ ਵੇਚ ਹੀ ਲੈਂਦੀਆਂ ਹਨ।
"ਅਸੀਂ ਰੱਸੀ ਬਣਾਉਣ ਲਈ ਬਹੁਤ ਮਿਹਨਤ ਕਰਦੀਆਂ ਹਾਂ ਅਤੇ ਫਿਰ ਇਸ ਨੂੰ ਵੇਚਣ ਲਈ ਪੈਸੇ ਖਰਚ ਕਰਕੇ ਨਦੀਆਦ ਅਤੇ ਖੇੜਾ ਵਰਗੀਆਂ ਥਾਵਾਂ 'ਤੇ ਜਾਂਦੀਆਂ ਹਾਂ। ਉੱਥੇ, ਲੋਕ 100 ਰੁਪਏ ਦੇਣ ਦੀ ਬਜਾਏ ਸੌਦੇਬਾਜੀ ਕਰਕੇ 50-60 ਰੁਪਏ ਦੇਣ ਦੀ ਗੱਲ ਕਰਦੇ ਹਨ," ਸਾਰੰਗਾ ਕਹਿੰਦੀ ਹਨ। ਇਸ ਤੋਂ ਇਲਾਵਾ, ਆਉਣ-ਜਾਣ ਦਾ ਖਰਚਾ, ਜੁਰਮਾਨਾ ਤੇ ਖਾਣਾ-ਪੀਣਾ ਵੀ ਇਸੇ ਕਮਾਈ 'ਚੋਂ ਹੀ ਜਾਂਦਾ ਹੈ।
ਰੱਸੀ ਬਣਾਉਣਾ ਬਹੁਤ ਮੁਸ਼ਕਲ ਅਤੇ ਥਕਾਵਟ ਵਾਲ਼ਾ ਕੰਮ ਹੈ। ਉਹ ਇਹ ਕੰਮ ਆਪਣੇ ਖਾਲੀ ਸਮੇਂ ਵਿੱਚ ਕਰਦੇ ਹਨ। ਅਰੁਣਾ ਰਾਜਭੋਈ ਕਹਿੰਦੀ ਹਨ, "ਜਬ ਨਲ ਆਤਾ ਹੈ ਤਬ ਉੱਠ ਜਾਤੇ ਹੈ।
ਕਿਉਂਕਿ ਘਰ ਛੋਟਾ ਹੈ, ਔਰਤਾਂ ਧੁੱਪ ਵਿੱਚ ਘਰ ਤੋਂ ਬਾਹਰ ਕੰਮ ਕਰਦੀਆਂ ਹਨ। "ਅਸੀਂ ਸਵੇਰੇ ਸੱਤ ਵਜੇ ਤੋਂ ਦੁਪਹਿਰ ਤੱਕ ਕੰਮ ਕਰਦੇ ਹਾਂ। ਫਿਰ ਅਸੀਂ ਦੁਪਹਿਰ 2.30 ਵਜੇ ਤੋਂ ਸ਼ਾਮ 5.30 ਵਜੇ ਤੱਕ ਇਹੀ ਕੰਮ ਕਰਦੇ ਹਾਂ," ਉਹ ਕਹਿੰਦੀ ਹਨ। ਅਸੀਂ ਗਰਮੀਆਂ ਵਿੱਚ ਵਧੇਰੇ ਕੰਮ ਕਰਦੇ ਹਾਂ ਕਿਉਂਕਿ ਦਿਨ ਲੰਬਾ ਹੁੰਦਾ ਹੈ। ਫਿਰ ਅਸੀਂ ਇੱਕ ਦਿਨ ਵਿੱਚ 20-25 ਰੱਸੀਆਂ ਬਣਾਉਂਦੇ ਹਾਂ ਅਤੇ ਠੰਡੇ ਦਿਨਾਂ ਵਿੱਚ ਅਸੀਂ ਲਗਭਗ 10-15 ਰੱਸੀਆਂ ਬਣਾਉਂਦੇ ਹਾਂ।
ਇੱਕ ਛੋਟਾ ਹੱਥ ਪਹੀਆ ਅਤੇ ਇੱਕ ਵੱਡਾ ਸਪਿਨਿੰਗ ਵ੍ਹੀਲ ਉਨ੍ਹਾਂ ਦੇ ਕੰਮ ਲਈ ਲੋੜੀਂਦੇ ਸੰਦ ਹਨ।
ਇੱਕ ਔਰਤ ਪਹੀਏ ਨੂੰ ਘੁਮਾਉਂਦੀ ਹੈ ਜਦੋਂ ਕਿ ਦੂਜੀ ਧਾਗਾ ਫੜ੍ਹਦੀ ਹੈ ਤਾਂ ਜੋ ਇਹ ਗੱਠ ਬਣ ਨਾ ਜਾਵੇ। ਇੱਕ ਹੋਰ ਔਰਤ ਰੱਸੀ ਦੇ ਸਿਰਿਆਂ ਸੰਭਾਲ਼ਦੀ ਹੈ। ਕਿਉਂਕਿ ਇਸ ਕੰਮ ਲਈ ਇੱਕੋ ਸਮੇਂ ਤਿੰਨ ਜਾਂ ਚਾਰ ਲੋਕਾਂ ਦੀ ਲੋੜ ਹੁੰਦੀ ਹੈ, ਇਸ ਲਈ ਪੂਰਾ ਪਰਿਵਾਰ ਮਿਲ਼ ਕੇ ਇਸ ਨੂੰ ਕਰਦਾ ਹੈ। "ਜਦੋਂ ਅਸੀਂ ਪਹੀਏ ਨੂੰ ਘੁਮਾਉਂਦੇ ਹਾਂ ਤਾਂ ਫਾਈਬਰ ਧਾਗਾ ਬਣਨ ਲੱਗਦੇ ਹਨ। ਕੁੱਲ ਤਿੰਨ ਤੰਦ ਮਿਲ਼ ਕੇ ਮਰੋੜੇ ਖਾਂਦੇ ਹੋਏ ਰਸੀ ਬਣ ਜਾਂਦੇ ਹਨ," ਸਰਵਿਲਾ ਰਾਜਭੋਈ ਕਹਿੰਦੀ ਹਨ। 15-20 ਫੁੱਟ ਲੰਬੀ ਰੱਸੀ ਬਣਾਉਣ ਵਿੱਚ 30-45 ਮਿੰਟ ਲੱਗਦੇ ਹਨ। ਇੱਕ ਸਮੂਹ ਰੋਜ਼ ਦੀਆਂ 8-10 ਰੱਸੀਆਂ ਬਣਾਉਂਦਾ ਹੈ। ਕਈ ਵਾਰ ਵੀਹ ਰੱਸੀਆਂ ਵੀ ਬਣਾਈਆਂ ਜਾਂਦੀਆਂ ਹਨ। ਜਿਵੇਂ-ਜਿਵੇਂ ਮੰਗ ਹੁੰਦੀ ਹੈ, ਉਹ 50-100 ਫੁੱਟ ਲੰਬੀ ਰੱਸੀ ਵੀ ਬਣਾਉਂਦੇ ਹਨ।
ਭੋਈ ਭਾਈਚਾਰਾ ਜ਼ਿਆਦਾਤਰ ਗੁਜਰਾਤ ਰਾਜ ਦੇ ਸੌਰਾਸ਼ਟਰ ਖੇਤਰ ਵਿੱਚ ਵਸਿਆ ਹੋਇਆ ਹੈ। 1940 ਦੇ ਦਹਾਕੇ ਵਿੱਚ ਪ੍ਰਕਾਸ਼ਿਤ ਗੁਜਰਾਤੀ ਸ਼ਬਦਕੋਸ਼, ਭਗਵਦ ਗੋਮੰਡਲ ਦੇ ਅਨੁਸਾਰ, ਭੋਈ ਲੋਕ ਕਦੇ ਚਮੜੇ ਦੀ ਟੈਨਿੰਗ ਦਾ ਕੰਮ ਕਰਨ ਵਾਲ਼ੇ "ਪੱਛੜੇ ਸ਼ੂਦਰ ਭਾਈਚਾਰੇ" ਸਨ। ਪਰ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਖੇਤੀਬਾੜੀ ਅਤੇ ਹੋਰ ਦਿਹਾੜੀ ਦੇ ਕੰਮ ਵੱਲ ਜਾਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਪ੍ਰਮੁੱਖ ਜੈਨ ਭਾਈਚਾਰੇ ਨੇ ਜਾਨਵਰਾਂ ਦੀ ਹੱਤਿਆ ਦਾ ਵਿਰੋਧ ਕੀਤਾ ਸੀ। ਇਸ ਤਰ੍ਹਾਂ ਵੱਖ-ਵੱਖ ਪੇਸ਼ਿਆਂ ਵਿੱਚ ਜਾਣ ਵਾਲ਼ੇ ਭੋਈ ਲੋਕਾਂ ਨੂੰ ਵੱਖ-ਵੱਖ ਨਾਮਾਂ ਨਾਲ਼ ਪਛਾਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਰਾਜਭੋਈ ਭਾਈਚਾਰਾ ਸ਼ਾਇਦ ਪਾਲਕੀ ਚੁੱਕਣ ਦੇ ਕੰਮ ਵਿੱਚ ਲੱਗਾ ਹੋਇਆ ਸੀ।
ਭਾਈਚਾਰੇ ਦੇ ਮਰਦ, ਔਰਤਾਂ ਦੀ ਮਿਹਨਤ ਅਤੇ ਕਮਾਈ ਨੂੰ ਨਜ਼ਰਅੰਦਾਜ਼ ਕਰਦੇ ਹਨ। ਕੰਨ ਸਾਫ਼ ਕਰਨ ਦਾ ਕੰਮ ਕਰਦੇ ਭਾਨੂ ਰਾਜਭੋਈ ਦਾ ਔਰਤਾਂ ਦੀ ਕਮਾਈ ਨੂੰ ਲੈ ਕੇ ਕਹਿਣਾ ਹੈ: "ਇਸਦਾ ਕੋਈ ਫਾਇਦਾ ਨਹੀਂ ਹੈ। ਇਸ ਕਮਾਈ ਨਾਲ਼ ਘਰ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ।'' ਆਖ਼ਰਕਾਰ, ਇਹ ਜਾਤ-ਅਧਾਰਤ ਕੰਮ " ਥੋੜ੍ਹਾ ਬਹੁਤ ਘਰ ਕਾ ਖਰਚ " ਚਲਾਉਣ ਲਈ ਹੁੰਦਾ ਹੈ।
ਪਰ ਗੀਤਾਬਾਈ ਦੇ ਅਨੁਸਾਰ, ਇਹ ਨੌਕਰੀ ਤਨਖਾਹ ਵਾਲ਼ੀ ਨੌਕਰੀ ਲੱਭਣ ਨਾਲ਼ੋਂ ਬਿਹਤਰ ਹੈ। ਇਸ ਦੇ ਲਈ ਉਨ੍ਹਾਂ ਦਾ ਆਪਣਾ ਤਰਕ ਵੀ ਹੈ, " ਦਸਵੀਂ ਕੇ ਬਾਦ ਬਾਰਵੀਂ , ਉਸਕੇ ਬਾਦ ਕਾਲਜ , ਤਬ ਜਾ ਕੇ ਨੌਕਰੀ ਮਿਲ਼ਤੀ ਹੈ। ਇਸ ਸੇ ਅੱਛਾ ਅਪਨਾ ਧੰਦਾ ਸੰਭਾਲੋ ! ''
ਇਹ ਰਿਪੋਰਟਰ ਆਤਿਸ਼ ਇੰਦਰੇਕਰ ਚਾਰਾ ਦਾ ਧੰਨਵਾਦ ਕਰਨਾ ਚਾਹੁੰਦਾ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ