ਚੋਬੀ ਸ਼ਾਹਾ ਪਿਛਲੇ 25 ਸਾਲ ਤੋਂ ਕਾਗਜ਼ ਦੇ ਲਿਫ਼ਾਫ਼ੇ ਬਣਾ ਰਹੀ ਹੈ। “ਸਭ ਤੋਂ ਪਹਿਲਾਂ ਮੈਂ ਚਾਕੂ ਨਾਲ ਕਾਗਜ਼ ਦੇ ਤਿੰਨ ਹਿੱਸੇ ਕਰਦੀ ਹਾਂ। ਇਸ ਤੋਂ ਛੇ ਲਿਫ਼ਾਫ਼ੇ ਬਣ ਜਾਂਦੇ ਹਨ। ਫੇਰ ਮੈਂ ਗੋਲਾਈ ਵਿੱਚ ਗੂੰਦ ਲਗਾਉਂਦੀ ਹਾਂ। ਉਸ ਤੋਂ ਬਾਅਦ ਮੈਂ ਕਾਗਜ਼ ਨੂੰ ਵਰਗ ਦਾ ਆਕਾਰ ਦੇ ਕੇ ਦੂਜੇ ਪਾਸੇ ਗੂੰਦ ਲਗਾਉਂਦੀ ਹਾਂ। ਇਸ ਤਰ੍ਹਾਂ ਮੈਂ ਲਿਫ਼ਾਫ਼ੇ ਬਣਾਉਂਦੀ ਹਾਂ,” ਉਸਨੇ ਦੱਸਿਆ।
ਜਦ ਉਸਨੇ 1998 ਵਿੱਚ ਇਹ ਕੰਮ ਸ਼ੁਰੂ ਕੀਤਾ ਸੀ, ਉਸ ਵੇਲੇ ਉਸਦਾ ਪਤੀ ਅਨੰਦਗੋਪਾਲ ਸ਼ਾਹਾ ਜਿਉਂਦਾ ਸੀ। ਉਹ ਪਿੰਡ ਦੇ ਲੋਕਾਂ ਦੀਆਂ ਗਊਆਂ ਅਤੇ ਬੱਕਰੀਆਂ ਸੰਭਾਲਦਾ ਸੀ ਅਤੇ ਦਿਨ ਦੇ 40-50 ਰੁਪਏ ਕਮਾ ਲੈਂਦਾ ਸੀ। “ਅਸੀਂ ਗਰੀਬ ਸੀ,” ਸ਼ੁੰੜੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਚੋਬੀ ਸ਼ਾਹਾ ਨੇ ਕਿਹਾ। “ਮੈਂ ਇਹ ਕੰਮ ਕਰਨ ਦਾ ਫੈਸਲਾ ਲਿਆ ਤਾਂ ਕਿ ਮੈਂ ਕੁਝ ਕਮਾ ਸਕਾਂ ਅਤੇ ਆਪਣਾ ਪੇਟ ਪਾਲ ਸਕਾਂ।”
ਉਸਨੇ ਆਪਣੇ ਗੁਆਂਢੀਆਂ ਦੁਆਰਾ ਸੁੱਟੇ ਅਖ਼ਬਾਰ ਇਕੱਠੇ ਕਰਨ ਤੋਂ ਸ਼ੁਰੂਆਤ ਕੀਤੀ। ਸਥਾਨਕ ਕਰਿਆਨੇ ਦੀ ਦੁਕਾਨ ਤੋਂ ਮਿਲਦੇ ਕਾਗਜ਼ ਦੇ ਲਿਫ਼ਾਫ਼ਿਆਂ ਨੂੰ ਦੇਖ ਕੇ ਉਸਨੇ ਖ਼ੁਦ ਇਹ ਤਿਆਰ ਕਰਨੇ ਸਿੱਖ ਲਏ। “ਮੈਂ ਇਹ ਕੰਮ ਇਸ ਲਈ ਸ਼ੁਰੂ ਕੀਤਾ ਕਿਉਂਕਿ ਸਾਰੀ ਸਮੱਗਰੀ ਸੌਖਿਆਂ ਮਿਲ ਜਾਂਦੀ ਹੈ ਅਤੇ ਮੈਂ ਘਰੇ ਬੈਠੀ ਇਹ ਕੰਮ ਕਰ ਸਕਦੀ ਹਾਂ,” ਉਸਨੇ ਕਿਹਾ। “ਸ਼ੁਰੂ ਵਿੱਚ ਮੈਂ ਬਹੁਤ ਹੌਲੀ ਕੰਮ ਕਰਦੀ ਸੀ, ਇੱਕ ਲਿਫ਼ਾਫ਼ਾ ਬਣਾਉਣ ਵਿੱਚ 25 ਤੋਂ 30 ਮਿੰਟ ਲੱਗ ਜਾਂਦੇ ਸਨ,” ਚੋਬੀ ਨੇ ਕਿਹਾ।
“ਇੱਕ ਦਿਨ ਵਿੱਚ ਮੈਂ ਮਸਾਂ ਇੱਕ ਕਿਲੋ (ਲਿਫ਼ਾਫ਼ੇ) ਬਣਾ ਪਾਉਂਦੀ ਸੀ,” ਉਸਨੇ ਦੱਸਿਆ।
ਉਹ ਬੋਲਪੁਰ ਵਿੱਚ 8-9 ਕਰਿਆਨੇ ਦੀਆਂ ਦੁਕਾਨਾਂ ਅਤੇ ਛੋਟੀਆਂ ਖਾਣ-ਪੀਣ ਦੀਆਂ ਦੁਕਾਨਾਂ ਉੱਤੇ ਲਿਫ਼ਾਫ਼ੇ ਪਹੁੰਚਾਉਂਦੀ ਜਿੱਥੇ ਚੋਪ ਅਤੇ ਘੁਗਣੀ ਵਰਗੇ ਸਥਾਨਕ ਪਕਵਾਨ ਵਿਕਦੇ ਸਨ। ਇਸ ਦੇ ਲਈ ਉਸਨੂੰ ਹਰ ਪੰਦਰਾਂ ਦਿਨਾਂ ਬਾਅਦ ਆਪਣੇ ਪਿੰਡੋਂ ਬੱਸ ਚੜ੍ਹ ਕੇ ਬੀਰਭੂਮ ਜ਼ਿਲ੍ਹੇ ਦੇ ਬੋਲਪੁਰ-ਸ੍ਰੀਨਿਕੇਤਨ ਬਲਾਕ ਜਾਣਾ ਪੈਂਦਾ ਸੀ। “ਹੁਣ ਮੈਂ ਬੋਲਪੁਰ ਨਹੀਂ ਜਾ ਸਕਦੀ,” ਆਪਣੀ ਲੱਤਾਂ ਦੇ ਦਰਦ ਬਾਰੇ ਦੱਸਦਿਆਂ ਉਸਨੇ ਕਿਹਾ। ਸਗੋਂ ਉਹ ਹੁਣ ਪਿੰਡ ਵਿਚਲੀਆਂ ਹੀ ਕੁਝ ਦੁਕਾਨਾਂ ’ਤੇ ਲਿਫ਼ਾਫ਼ੇ ਪਹੁੰਚਾਉਂਦੀ ਹੈ।
ਸ਼ੁਰੂਆਤੀ ਦਿਨਾਂ ਵਿੱਚ – ਦੋ ਦਹਾਕੇ ਪਹਿਲਾਂ – ਉਸਨੂੰ ਕਾਗਜ਼ ਮੁਫ਼ਤ ਵਿੱਚ ਮਿਲ ਜਾਂਦੇ ਸਨ। ਪਰ ਕਿਉਂਕਿ ਅਖ਼ਬਾਰ ਬਹੁਤੇ ਮਹਿੰਗੇ ਨਹੀਂ ਸਨ, ਇਸ ਕਰਕੇ ਉਹਨਾਂ ਤੋਂ ਬਣੇ ਲਿਫ਼ਾਫ਼ਿਆਂ ਦੇ ਵੀ ਬਹੁਤੇ ਪੈਸੇ ਨਹੀਂ ਸਨ ਮਿਲਦੇ। “(ਹੁਣ) ਮੈਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਕਾਗਜ਼ ਖਰੀਦਦੀ ਹਾਂ,” ਚੋਬੀ ਨੇ ਕਿਹਾ।
2004 ਵਿੱਚ ਜਦ ਉਹ 56 ਸਾਲ ਦੀ ਸੀ, ਉਸਦੇ ਪਤੀ ਦੀ ਮੌਤ ਹੋ ਗਈ। ਉਸਦੇ ਤਿੰਨੇ ਬੇਟੇ ਵਿਆਹੇ ਹੋਏ ਹਨ ਅਤੇ ਆਪਣੇ ਹੀ ਛੋਟੇ-ਮੋਟੇ ਕਾਰੋਬਾਰ ਕਰਦੇ ਹਨ। ਉਹ ਘਰ ਦੇ ਇੱਕ ਹਿੱਸੇ ਵਿੱਚ ਰਹਿੰਦੀ ਹੈ ਅਤੇ ਉਸਦਾ ਛੋਟਾ ਬੇਟਾ ਸੁਕੁਮਾਰ ਸ਼ਾਹਾ ਦੂਜੇ ਹਿੱਸੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸਦੇ ਦੋ ਵੱਡੇ ਬੇਟੇ ਛੇ ਕਿਲੋਮੀਟਰ ਦੂਰ ਬੋਲਪੁਰ ਕਸਬੇ ਵਿੱਚ ਰਹਿੰਦੇ ਹਨ।
ਚੋਬੀ ਸ਼ਾਹਾ ਨੇ ਆਪਣੇ ਗੁਆਂਢੀਆਂ ਦੁਆਰਾ ਸੁੱਟੇ ਅਖ਼ਬਾਰ ਇਕੱਠੇ ਕਰਨ ਤੋਂ ਸ਼ੁਰੂਆਤ ਕੀਤੀ। ਸਥਾਨਕ ਕਰਿਆਨੇ ਦੀਆਂ ਦੁਕਾਨਾਂ ਤੋਂ ਮਿਲਦੇ ਕਾਗਜ਼ ਦੇ ਲਿਫ਼ਾਫ਼ਿਆਂ ਨੂੰ ਦੇਖ ਕੇ ਉਸਨੇ ਇਹ ਬਣਾਉਣੇ ਸਿੱਖ ਲਏ
ਉਸਦੇ ਦਿਨ ਦੀ ਸ਼ੁਰੂਆਤ ਸੁਵਖ਼ਤੇ – 6 ਵਜੇ – ਹੋ ਜਾਂਦੀ ਹੈ। “ਮੈਂ ਉੱਠਦੀ ਹਾਂ ਅਤੇ ਆਪਣਾ ਕੰਮ ਕਰਦੀ ਹਾਂ। ਫੇਰ ਮੈਂ ਨੌਂ ਵਜੇ ਦੇ ਕਰੀਬ ਕਾਗਜ਼ ਕੱਟਦੀ ਹਾਂ,” ਉਸਨੇ ਦੱਸਿਆ। ਆਪਣਾ ਦੁਪਹਿਰ ਦਾ ਖਾਣਾ ਬਣਾ ਕੇ ਅਤੇ ਖਾ ਕੇ, ਉਹ ਕੁਝ ਸਮਾਂ ਆਰਾਮ ਕਰਦੀ ਹੈ।
ਸ਼ਾਮ ਨੂੰ ਉਹ ਪਿੰਡ ਦੀਆਂ ਹੋਰਨਾਂ ਔਰਤਾਂ ਨਾਲ ਗੱਲਾਂ-ਬਾਤਾਂ ਕਰਨ ਲਈ ਜਾਂਦੀ ਹੈ। ਵਾਪਸ ਆ ਕੇ ਉਹ ਫਿਰ ਕਾਗਜ਼ਾਂ ਉੱਤੇ ਗੂੰਦ ਲਗਾ ਕੇ ਲਿਫ਼ਾਫ਼ੇ ਬਣਾਉਣ ਵਿੱਚ ਲੱਗ ਜਾਂਦੀ ਹੈ। ਲਿਫ਼ਾਫ਼ੇ ਬਣਾਉਣ ਦਾ ਉਸਨੇ ਕੋਈ ਪੱਕਾ ਸਮਾਂ ਨਹੀਂ ਰੱਖਿਆ ਹੋਇਆ। “ਮੈਨੂੰ ਜਦ ਵੀ ਸਮਾਂ ਲੱਗਦਾ ਹੈ, ਮੈਂ ਲਿਫ਼ਾਫ਼ੇ ਬਣਾਉਂਦੀ ਹਾਂ,” ਉਸਨੇ ਕਿਹਾ। ਅਕਸਰ ਉਹ ਆਪਣੇ ਘਰ ਦੇ ਕੰਮ ਕਰਦੇ ਵਿੱਚ-ਵਿੱਚ ਲਿਫ਼ਾਫ਼ੇ ਬਣਾਉਣ ਦਾ ਕੋਈ ਕੰਮ ਕਰ ਦਿੰਦੀ ਹੈ।
ਉਦਾਹਰਨ ਦੇ ਤੌਰ ’ਤੇ, ਕਈ ਵਾਰ ਖਾਣਾ ਬਣਾਉਂਦੇ ਹੋਏ ਉਹ ਜਾ ਕੇ ਗੂੰਦ ਲੱਗੇ ਕਾਗਜ਼ਾਂਨੂੰ ਵਰਾਂਡੇ ਅਤੇ ਵਿਹੜੇ ਵਿੱਚ ਸੁੱਕਣ ਲਈ ਰੱਖ ਆਉਂਦੀ ਹੈ। “ਜਦ ਮੈਂ ਗੂੰਦ ਲਗਾ ਹਟਦੀ ਹਾਂ ਤਾਂ ਮੈਂ ਇਹਨਾਂ ਨੂੰ ਧੁੱਪ ਵਿੱਚ ਸੁੱਕਣ ਲਈ ਰੱਖ ਦਿੰਦੀ ਹਾਂ। ਜਦ ਇਹ ਸੁੱਕ ਜਾਂਦੇ ਹਨ, ਮੈਂ ਇਹਨਾਂ ਨੂੰ ਅੱਧ ਵਿਚਕਾਰੋਂ ਮੋੜ ਕੇ, ਇਹਨਾਂ ਦਾ ਵਜ਼ਨ ਕਰਦੀ ਹਾਂ ਅਤੇ ਬੰਨ੍ਹ ਕੇ ਦੁਕਾਨਾਂ ’ਤੇ ਲੈ ਜਾਂਦੀ ਹਾਂ।”
ਰਾਸ਼ਨ ਦੀਆਂ ਦੁਕਾਨਾਂ ਤੋਂ ਲਏ ਆਟੇ ਨੂੰ ਉਬਾਲ਼ ਕੇ ਚੋਬੀ ਖ਼ੁਦ ਲੇਵੀ ਤਿਆਰ ਕਰਦੀ ਹੈ।
“ਹਫ਼ਤੇ ਵਿੱਚ ਦੋ ਵਾਰ ਮੈਂ ਇੱਕ ਕਿਲੋ ਲਿਫ਼ਾਫ਼ੇ ਦੁਕਾਨਾਂ ’ਤੇ ਪਹੁੰਚਾਉਣੇ ਹੁੰਦੇ ਹਨ,” ਉਸਨੇ ਸਾਨੂੰ ਦੱਸਿਆ। ਇਹ ਦੁਕਾਨਾਂ ਉਸਦੇ ਘਰ ਦੇ 600 ਮੀਟਰ ਦੇ ਘੇਰੇ ਵਿੱਚ ਹਨ ਜਿਸ ਕਰਕੇ ਉਹ ਆਸਾਨੀ ਨਾਲ ਪੈਦਲ ਇਹ ਦੂਰੀ ਤੈਅ ਕਰ ਪਾਉਂਦੀ ਹੈ। “ਮੈਂ 220 ਲਿਫ਼ਾਫ਼ੇ ਬਣਾਉਂਦੀ ਹਾਂ, ਜਿਹਨਾਂ ਦਾ ਵਜ਼ਨ ਇੱਕ ਕਿਲੋ ਹੁੰਦਾ ਹੈ,” ਅਤੇ ਉਸਨੂੰ ਇੱਕ ਕਿਲੋ ਦੇ 60 ਰੁਪਏ ਮਿਲਦੇ ਹਨ, ਮਹੀਨੇ ਦੇ 900-1000 ਰੁਪਏ ਬਣ ਜਾਂਦੇ ਹਨ।
ਪਰ ਚੋਬੀ ਦਾ ਲਿਫ਼ਾਫ਼ੇ ਬਣਾਉਣ ਦਾ ਕੰਮ ਹੁਣ ਘਟਦਾ ਜਾ ਰਿਹਾ ਹੈ: “ਲੋਕ ਹੁਣ ਅਖ਼ਬਾਰ ਨਹੀਂ ਪੜ੍ਹਦੇ। ਉਹ ਆਪਣੇ ਟੀਵੀ ਅਤੇ ਮੋਬਾਇਲ ਉੱਤੇ ਖ਼ਬਰਾਂ ਦੇਖਦੇ ਹਨ। ਇਸ ਕਰਕੇ (ਲਿਫ਼ਾਫ਼ੇ ਬਣਾਉਣ ਲਈ) ਅਖ਼ਬਾਰਾਂ ਵਿੱਚ ਕਮੀ ਆ ਗਈ ਹੈ।”
ਲੇਖਕ ਵੱਲੋਂ ਵੀਡੀਓ ਵਿੱਚ ਮਦਦ ਕਰਨ ਲਈ ਤਿਸ਼ਿਆ ਘੋਸ਼ ਦਾ ਧੰਨਵਾਦ
ਤਰਜਮਾ- ਅਰਸ਼ਦੀਪ ਅਰਸ਼ੀ