ਕੁਦਰੇਮੁਖ ਨੈਸ਼ਨਲ ਪਾਰਕ ਦੀਆਂ ਪਹਾੜੀਆਂ ਦੇ ਸੰਘਣੇ ਰੁੱਖਾਂ ਵਿੱਚ ਰਹਿ ਰਹੇ ਸਮਾਜ, ਜੋ ਸ਼ੁਰੂ ਤੋਂ ਹੀ ਇੱਥੇ ਰਹਿ ਰਹੇ ਹਨ, ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਇਹਨਾਂ ਵਿੱਚੋਂ ਇੱਕ ਮਾਲੇਕੁਡੀਆ ਭਾਈਚਾਰਾ ਹੈ ਜੋ ਕੁਥਲੁਰੂ ਪਿੰਡ ਵਿੱਚ ਰਹਿੰਦਾ ਹੈ, ਜਿੱਥੇ ਉਹਨਾਂ ਦੇ 30 ਘਰਾਂ ਨੂੰ ਅੱਜ ਵੀ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਨਹੀਂ ਮਿਲੇ ਹਨ। “ਇੱਥੇ ਲੋਕਾਂ ਦੀ ਮੁੱਖ ਮੰਗ ਬਿਜਲੀ ਹੈ,” ਸ਼੍ਰੀਧਰ ਮਾਲੇਕੁਡੀਆ ਕਹਿੰਦੇ ਹਨ ਜੋ ਕੁਥਲੁਰੂ ਦੇ ਇੱਕ ਕਿਸਾਨ ਹਨ ਜੋ ਕਰਨਾਟਕਾ ਦੇ ਦੱਖਣੀ ਕੱਨੜ ਜ਼ਿਲ੍ਹੇ ਦੇ ਬੇਲਤੰਗਡੀ ਤਾਲੁਕਾ ਵਿੱਚ ਪੈਂਦਾ ਹੈ।
ਲਗਭਗ ਅੱਠ ਸਾਲ ਪਹਿਲਾਂ ਸ਼੍ਰੀਧਰ ਨੇ ਆਪਣੇ ਘਰ ਦੀ ਬਿਜਲੀ ਲਈ ਇੱਕ ਪਿਕੋ ਹਾਈਡ੍ਰੋ ਜਨਰੇਟਰ ਖਰੀਦਿਆ ਸੀ। ਉਹ ਉਹਨਾਂ 11 ਘਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਘਰ ਦੀ ਬਿਜਲੀ ਆਪ ਪੈਦਾ ਕਰਨ ਲਈ ਖ਼ੁਦ ਨਿਵੇਸ਼ ਕੀਤਾ ਸੀ। “ਬਾਕੀ ਘਰਾਂ ਵਿੱਚ ਕੁਝ ਨਹੀਂ ਹੈ— ਨਾ ਬਿਜਲੀ, ਨਾ ਪਣ-ਬਿਜਲੀ, ਨਾ ਪਾਣੀ ਦੀ ਸਪਲਾਈ।” ਹੁਣ ਇਸ ਪਿੰਡ ਵਿੱਚ 15 ਘਰ ਪਿਕੋ ਹਾਈਡ੍ਰੋ ਮਸ਼ੀਨ ਤੋਂ ਪਣ-ਬਿਜਲੀ ਪੈਦਾ ਕਰਦੇ ਹਨ। ਪਾਣੀ ਦੀ ਛੋਟੀ ਟਰਬਾਈਨ ਲਗਭਗ ਇੱਕ ਕਿਲੋਵਾਟ ਬਿਜਲੀ ਪੈਦਾ ਕਰਦੀ ਹੈ ਜੋ ਇੱਕ ਘਰ ਵਿੱਚ ਦੋ ਕੁ ਬਲਬਾਂ ਨੂੰ ਚਲਾਉਣ ਲਈ ਕਾਫ਼ੀ ਹੈ।
ਭਾਵੇਂ ਕਿ ਜੰਗਲ ਅਧਿਕਾਰ ਕਾਨੂੰਨ (Forest Rights Act) ਨੂੰ ਪਾਸ ਹੋਏ 18 ਸਾਲ ਹੋ ਗਏ ਹਨ ਪਰ ਕੁਦਰੇਮੁਖ ਨੈਸ਼ਨਲ ਪਾਰਕ ਵਿੱਚ ਰਹਿ ਰਹੇ ਲੋਕ ਅਜੇ ਵੀ ਇਸ ਕਾਨੂੰਨ ਦੇ ਅੰਤਰਗਤ ਮਿਲਣ ਵਾਲੀਆਂ ਪਾਣੀ, ਸੜਕਾਂ, ਸਕੂਲ ਅਤੇ ਹਸਪਤਾਲ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਬਿਜਲੀ ਵੀ ਇਹਨਾਂ ਸਹੂਲਤਾਂ ਵਿੱਚੋਂ ਇੱਕ ਹੈ ਜਿਸਦੇ ਲਈ ਮਾਲੇਕੁਡੀਆ ਸਮਾਜ, ਜੋ ਕਿ ਇੱਕ ਅਨੁਸੂਚਿਤ ਕਬੀਲਾ ਹੈ, ਸੰਘਰਸ਼ ਕਰ ਰਿਹਾ ਹੈ।
ਪੋਸਟਸਕ੍ਰਿਪਟ : ਇਹ ਵੀਡੀਓ 2017 ਵਿੱਚ ਬਣਾਈ ਗਈ ਸੀ। ਕੁਥਲੁਰੂ ਵਿੱਚ ਅੱਜ ਤੱਕ ਬਿਜਲੀ ਦੀ ਸਪਲਾਈ ਨਹੀਂ ਪਹੁੰਚੀ ਹੈ।
ਤਰਜਮਾ: ਇੰਦਰਜੀਤ ਸਿੰਘ