ਹਿਮਾਚਲ ਪ੍ਰਦੇਸ਼ ਬਰਫ਼ ਲੱਦੀਆਂ ਪਹਾੜੀਆਂ ਲਈ ਜਾਣਿਆ ਜਾਂਦਾ ਹੈ। ਪਰ ਕਾਂਗੜਾ ਜ਼ਿਲ੍ਹੇ ਦਾ ਪਾਲਮਪੁਰ ਸ਼ਹਿਰ ਹੁਣ ਇੱਕ ਵੱਖਰੀ ਤੇ ਲਗਾਤਾਰ ਉੱਚੀ ਹੁੰਦੀ ਪਹਾੜੀ ਲਈ ਵੀ ਜਾਣਿਆ ਜਾਣ ਲੱਗਾ ਹੈ- ਉਹ ਹੈ ਕੂੜੇ ਦੀ ਪਹਾੜੀ।
ਇਹ ਸੂਬਾ ਸੈਲਾਨੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੀ ਇਸ ਰਿਪੋਰਟ ਮੁਤਾਬਕ ਸੂਬੇ ਅੰਦਰ 2019 ਵਿੱਚ 172 ਲੱਖ ਸੈਲਾਨੀ ਆਏ, ਜਦੋਂ ਕਿ 2011 ਵਿੱਚ ਇਹ ਗਿਣਤੀ 14 ਲੱਖ ਸੀ। ਸੈਰ-ਸਪਾਟਾ ਹੀ ਇਸ ਪੂਰੇ ਰਾਜ ਦੇ ਅਰਥਚਾਰੇ ਨੂੰ ਚਲਾਉਂਦਾ ਹੈ ਤੇ ਇਕੱਲੇ ਕਾਂਗੜਾ ਜ਼ਿਲ੍ਹੇ ਦੇ ਅੰਦਰ ਹੀ 1,000 ਹੋਟਲ ਤੇ ਹੋਮਸਟੇਅ ਹਨ। ਇਹ ਵੀ ਸੈਲਾਨੀਆਂ ਦੀ ਵੱਧਦੀ ਜਾਂਦੀ ਭੀੜ ਸਦਕਾ ਹੀ ਹੈ ਜੋ ਖਾਲੀ ਪਈ ਜ਼ਮੀਨ, ਨਦੀਆਂ ਦੇ ਕੰਢੇ ਕੂੜੇ ਦੇ ਢੇਰ ਦਿਨੋ-ਦਿਨ ਉੱਚੇ ਹੁੰਦੇ ਜਾ ਰਹੇ ਹਨ, ਬਦਬੂ ਛੱਡਦੇ ਕੂੜੇ ਦੇ ਢੇਰ ਇਸ ਕਸਬੇ ਦੀ ਨਾਜ਼ੁਕ ਵਾਤਾਵਰਣਕ ਪ੍ਰਣਾਲੀ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਨੁਕਸਾਨ ਵੀ ਪਹੁੰਚਾ ਰਹੇ ਹਨ।
''ਕਦੇ ਇਹ ਥਾਂ ਖੁੱਲ੍ਹਾ ਮੈਦਾਨ ਹੋਇਆ ਕਰਦੀ ਤੇ ਬੱਚੇ ਖੇਡਦੇ ਫਿਰਦੇ ਰਹਿੰਦੇ,'' 72 ਸਾਲਾ ਗਲੋਰਾ ਰਾਮ ਬੀਤੇ ਵਕਤ ਨੂੰ ਚੇਤੇ ਕਰਦਿਆਂ ਕਹਿੰਦੇ ਹਨ, ਉਹ ਇਸ ਥਾਂ ਤੋਂ ਕੁਝ ਕੁ ਮਿੰਟਾਂ ਦੀ ਦੂਰੀ 'ਤੇ ਰਹਿੰਦੇ ਹਨ।
''ਇਹ ਪੂਰਾ ਇਲਾਕਾ ਹਰਿਆ-ਭਰਿਆ ਹੁੰਦਾ ਤੇ ਥਾਂ-ਥਾਂ ਰੁੱਖ ਝੂਮਦੇ ਨਜ਼ਰੀਂ ਪੈਂਦੇ,'' ਸ਼ਿਸ਼ੂ ਭਾਰਦਵਾਜ (ਬਦਲਿਆ ਨਾਮ) ਕਹਿੰਦੇ ਹਨ। ਉਹ ਆਪਣੀ ਚਾਹ ਦੀ ਦੁਕਾਨ ਦੇ ਸਾਹਮਣੇ ਹੋਰ-ਹੋਰ ਵਿਸ਼ਾਲ ਹੁੰਦੇ ਜਾਂਦੇ ਕੂੜੇ ਦੇ ਢੇਰਾਂ ਵੱਲ ਇਸ਼ਾਰਾ ਕਰ ਰਹੇ ਹਨ। ''ਉਨ੍ਹਾਂ (ਨਗਰਨਿਗਮ) ਨੇ ਰੁੱਖ ਕੱਟ ਸੁੱਟੇ ਤੇ ਹੋਰ ਕੂੜਾ ਇੱਥੇ ਆਉਣ ਲੱਗਿਆ। ਇਹ ਬਦਬੂ ਛੱਡਦਾ ਹੈ! ਇਹਦੇ 'ਤੇ ਮੱਖੀ ਭਿਣਭਿਣਾਉਂਦੀਆਂ ਫਿਰਦੀਆਂ ਨੇ,'' 32 ਸਾਲਾ ਵਿਅਕਤੀ ਆਪਣੀ ਗੱਲ ਪੂਰੀ ਕਰਦਾ ਹੈ।
ਉਨ੍ਹਾਂ ਦੀ ਦੁਕਾਨ ਪਾਲਮਪੁਰ ਦੇ ਕੂੜੇ ਦੇ ਢੇਰਾਂ ਦੇ ਐਨ ਨਾਲ਼ ਕਰਕੇ ਹੀ ਪੈਂਦੀ ਹੈ। ਉਨ੍ਹਾਂ ਦਾ ਅੰਦਾਜਾ ਹੈ ਕਿ ਕੂੜੇਦਾਨ ਵਜੋਂ ਵਰਤੀ ਜਾਂਦੀ ਇਹ ਜ਼ਮੀਨ ਕੋਈ ਪੰਜ ਹੈਕਟੇਅਰ ਵਿੱਚ ਫੈਲੀ ਹੋਈ ਹੈ। ਲੀਰਾਂ, ਲਿਫ਼ਾਫੇ, ਟੁੱਟੇ ਖਿਡੌਣੇ, ਫ਼ਾਲਤੂ ਕੱਪੜੇ, ਘਰ ਦਾ ਫ਼ਾਲਤੂ ਸਮਾਨ, ਰਸੋਈ ਦਾ ਕੂੜਾ, ਸਨਅਤੀ ਕੂੜਾ, ਮੈਡੀਕਲ ਰਹਿੰਦ-ਖੂੰਹਦ ਸਭ ਮਿਲ਼ ਢੇਰਾਂ ਨੂੰ ਉੱਚਾ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਜਦੋਂ ਮੀਂਹ ਪੈਂਦਾ ਹੈ ਤੇ ਮੱਖੀਆਂ ਦੀ ਗਿਣਤੀ ਵੀ ਵੱਧ ਜਾਂਦੀ ਹੈ।
2019 ਵਿੱਚ ਜਦੋਂ ਸ਼ਿਸ਼ੂ ਨੇ ਆਪਣੀ ਦੁਕਾਨ ਖੋਲ੍ਹੀ ਸੀ ਤਦ ਇੱਥੇ ਕੂੜੇ ਦੀ ਰੀਸਾਈਕਲਿੰਗ ਦਾ ਇੱਕ ਪਲਾਂਟ ਲੱਗਿਆ ਹੁੰਦਾ ਸੀ ਜਿੱਥੇ ਤਿੰਨੋਂ ਪੰਚਾਇਤਾਂ ਤੋਂ ਆਉਣ ਵਾਲ਼ੇ ਕੂੜੇ ਨੂੰ ਛਾਂਟਿਆ ਤੇ ਰੀਸਾਈਕਲ ਕੀਤਾ ਜਾਂਦਾ। ਫਿਰ ਜਦੋਂ ਮਹਾਂਮਾਰੀ ਫੈਲੀ ਤਾਂ ਸਾਰੇ ਵਾਰਡਾਂ ਤੋਂ ਇਕੱਠਾ ਕੀਤਾ ਜਾਣ ਵਾਲ਼ਾ ਕੂੜਾ ਇੱਥੇ ਸੁੱਟਿਆ ਜਾਣ ਲੱਗਿਆ ਪਰ ਇਹਨੂੰ ਸਿਰਫ਼ ਇਨਸਾਨੀ ਹੱਥ ਹੀ ਛਾਂਟਿਆ ਕਰਦੇ।
ਹਾਲੀਆ ਸਮੇਂ, ਨਗਰਨਿਗਮ ਕਮਿਸ਼ਨਰ ਨੇ ਕੂੜਾ ਛਾਂਟਣ ਵਾਲ਼ੀ ਨਵੀਂ ਮਸ਼ੀਨ ਲਗਵਾਈ ਹੈ ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਕੂੜੇ ਦੀ ਰੀਸਾਈਕਲਿੰਗ ਦੋਬਾਰਾ ਸ਼ੁਰੂ ਹੋ ਜਾਵੇਗੀ।
ਮੁਕਾਮੀ ਲੋਕੀਂ ਦੱਸਦੇ ਹਨ ਕਿ ਸਥਾਨਕ ਸਰਕਾਰ ਵੱਲੋਂ ਖੇਤਰ ਵਿੱਚ ਕੂੜੇ ਦੇ ਵੱਧਦੇ ਜਾਂਦੇ ਢੇਰਾਂ ਨੂੰ ਬਿਲ਼ੇ ਲਾਉਣ ਦਾ ਕੋਈ ਤਰੀਕਾ ਨਹੀਂ ਹੈ ਤੇ ਨਾ ਹੀ ਚੁਗਿਰਦੇ ਨਾਲ਼ ਤਾਲਮੇਲ਼ ਬਿਠਾਉਂਦਿਆਂ ਇਸ ਕੂੜੇ ਦੀ ਵਿਗਿਆਨਕ ਢੰਗਾਂ ਨਾਲ਼ ਚੁਕਾਈ ਹੀ ਕੀਤੀ ਜਾਂਦੀ ਹੈ। ਮੌਜੂਦਾ ਡੰਪਸਾਈਟ ਦਾ ਨਿਉਗਲ ਨਦੀ ਦੇ ਇੰਨੇ ਨੇੜੇ ਹੋਣਾ ਵੀ ਖ਼ਤਰੇ ਦੀ ਘੰਟੀ ਹੈ। ਇਹੀ ਨਦੀ ਹੈ ਜੋ ਬਿਆਸ ਨਾਲ਼ ਮਿਲ਼ਦੀ ਹੈ ਤੇ ਫਿਰ ਪੂਰਾ ਪਾਣੀ ਹੇਠਲੇ ਖਿੱਤਿਆਂ ਨੂੰ ਜਾਣ ਵਾਲ਼ੇ ਪਾਣੀ ਦਾ ਮਹੱਤਵਪੂਰਨ ਸ੍ਰੋਤ ਹੈ।
ਇਹ ਛੋਟਾ ਜਿਹਾ ਪਹਾੜੀ ਸ਼ਹਿਰ ਔਸਤ ਸਮੁੰਦਰ ਤਲ ਤੋਂ ਕੋਈ 1,000 ਤੋਂ ਲੈ ਕੇ 1,500 ਮੀਟਰ ਵਿਚਕਾਰ ਵੱਸਿਆ ਹੋਇਆ ਹੈ। ਸਬੱਬੀਂ, ਹਿਮਾਚਲ ਪ੍ਰਦੇਸ਼ ਵਿੱਚ ਇਸੇ ਸਾਲ (2023 ਵਿੱਚ) ਅਗਸਤ ਮਹੀਨੇ ਪਏ 720 ਮਿਮੀ ਮੋਹਲੇਦਾਰ ਮੀਂਹ ਦਾ ਥੋੜ੍ਹਾ ਜਿਹਾ ਹਿੱਸਾ ਹੀ ਪਾਲਮਪੁਰ ਦੇ ਹਿੱਸੇ ਆਇਆ। ਪਰ ਲੋਕਾਂ ਦੀ ਚਿੰਤਾ ਇਹ ਹੈ ਕਿ ਇਹ ਸਿਰਫ਼ ਅਸਥਾਈ ਰਾਹਤ ਹੈ।
''ਅਜਿਹੇ ਭਾਰੀ ਮੀਂਹਾਂ ਕਾਰਨ ਕੂੜੇ ਦੀ ਗੰਦਗੀ ਨਦੀਆਂ ਦੇ ਪਾਣੀ ਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਸਕਦੀ ਹੈ,'' ਫ਼ਾਤਿਮਾ ਚੱਪਲਵਾਲ ਧਿਆਨ ਦਵਾਉਂਦੀ ਹਨ। ਕਾਂਗੜਾ ਸਿਟੀਜ਼ਨ ਰਾਈਟਸ ਫੋਰਮ ਦੀ ਮੈਂਬਰ, ਫ਼ਾਤਿਮਾ ਮੁੰਬਈ ਤੋਂ ਆ ਕੇ ਇੱਥੇ ਰਹਿਣ ਲੱਗ ਪਈ ਹਨ ਤੇ ਇਸ ਸਮੇਂ ਉਹ ਕੰਡਬਾਰੀ ਤੋਂ 12 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਹਨ। ਫ਼ਾਤਿਮਾ ਤੇ ਉਨ੍ਹਾਂ ਦੇ ਪਤੀ ਮੁਹੰਮਦ ਨੇ ਸਾਲਾਂ ਤੋਂ ਮੁਕਾਮੀ ਲੋਕਾਂ ਨਾਲ਼ ਰਲ਼ ਕੇ ਡੰਪਸਾਈਟ ਦੇ ਮਸਲਿਆਂ ਨੂੰ ਲੈ ਕੇ ਕੰਮ ਕੀਤਾ ਹੈ।
ਉਵਰਨਾ ਵਾਸੀ ਗਲੋਰਾ ਰਾਮ ਕਹਿੰਦੇ ਹਨ, ''ਸਾਰੀ ਗੰਦਗੀ ਤੇ ਕੂੜਾ ਇੱਥੇ ਦੱਬਿਆ ਪਿਆ ਹੈ। 2-3 ਸਾਲ ਪਹਿਲਾਂ ਉਨ੍ਹਾਂ ਨੇ ਹੋਰ-ਹੋਰ ਕੂੜਾ ਦੱਬਣਾ ਸ਼ੁਰੂ ਕੀਤਾ।'' ਇਹ ਥਾਂ ਡੰਪਸਾਈਟ ਤੋਂ ਮਹਿਜ਼ 350 ਮੀਟਰ ਹੀ ਦੂਰ ਹੈ। ''ਅਸੀਂ ਬੀਮਾਰ ਪੈ ਰਹੇ ਹਾਂ। ਬਦਬੂ ਨਾਲ਼ ਬੱਚਿਆਂ ਨੂੰ ਉਲਟੀਆਂ ਆਉਂਦੀਆਂ ਨੇ,'' ਉਹ ਕਹਿੰਦੇ ਹਨ। ਇਸ 72 ਸਾਲਾ ਬਜ਼ੁਰਗ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਡੰਪਸਾਈਟ ਹੋਰ-ਹੋਰ ਵੱਡੇ ਹੋਏ ਹਨ ਲੋਕੀਂ ਅਕਸਰ ਬੀਮਾਰ ਪੈਣ ਲੱਗੇ ਹਨ। ''ਬੱਚਿਆਂ ਨੇ ਆਪਣੇ ਸਕੂਲ ਬਦਲ ਲਏ ਹਨ ਤਾਂ ਕਿ ਉਨ੍ਹਾਂ ਨੂੰ ਡੰਪਸਾਈਟ ਦੇ ਰਸਤਿਓਂ ਲੰਘ ਕੇ ਸਕੂਲ ਨਾ ਜਾਣਾ ਪਵੇ।''
*****
ਮਾਨਸ਼ੀ ਅਸ਼ਰ ਮੁਤਾਬਕ ਵੱਡੀਆਂ ਆਫ਼ਤਾਂ ਛੇਤੀ ਧਿਆਨ ਖਿੱਚਦੀਆਂ ਹਨ ਪਰ ਇਨ੍ਹਾਂ ਰੋਜ਼ਮੱਰਾ ਦੀਆਂ ਆਫ਼ਤਾਂ ਨੂੰ ਅਸੀਂ ਇੰਨਾ ਸਧਾਰਣ ਕਰੀ ਜਾਂਦੇ ਹਾਂ। ਉਹ ਨਦੀ ਕੰਢੇ ਲੱਗੇ ਕੂੜੇ ਦੇ ਢੇਰਾਂ ਦਾ ਜ਼ਿਕਰ ਕਰਦੀ ਹਨ। ਸਥਾਨਕ ਵਾਤਾਵਰਣਕ ਸੰਸਥਾ ਹਿਮਧਾਰਾ ਦੀ ਇਸ ਖੋਜਾਰਥੀ ਦਾ ਕਹਿਣਾ ਹੈ,''ਜੇ ਤੁਹਾਡੀਆਂ ਕੂੜਾ ਨਿਪਟਾਰਾ ਸੁਵਿਧਾਵਾਂ ਨਦੀਆਂ ਦੇ ਨੇੜੇ ਹਨ ਤਾਂ ਸਮਝ ਲਓ ਕਿ ਇਹ ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਤ ਕਰਨ ਵਿੱਚ ਵੱਡਾ ਯੋਗਦਾਨ ਪਾਉਣਗੀਆਂ ਹੀ।''
''ਮੁੱਖ ਤੌਰ 'ਤੇ ਪਹਾੜੀ ਪੇਂਡੂ ਖਿੱਤਿਆਂ ਅੰਦਰ, ਸ਼ਹਿਰੀ ਰਹਿੰਦ-ਖੂੰਹਦ ਨਦੀਆਂ ਕੰਢੇ, ਜੰਗਲਾਂ ਵਿੱਚ ਤੇ ਚਰਾਂਦਾਂ ਵਿੱਚ ਕਬਜ਼ਾ ਕਰਦੀ ਜਾਂਦੀ ਹੈ,'' ਉਹ ਗੱਲ ਪੂਰੀ ਕਰਦੀ ਹਨ। ਇਹ ਗੰਦਗੀ ਤੇ ਕੂੜਾ ਰਿਸ ਰਿਸ ਕੇ ਧਰਤੀ ਅੰਦਰ ਚਲਾ ਜਾਂਦਾ ਹੈ ਤੇ ਜ਼ਮੀਨਦੋਜ਼ ਪਾਣੀ ਨੂੰ ਪ੍ਰਦੂਸ਼ਤ ਕਰਦਾ ਹੈ। ਇਹੀ ਪਾਣੀ ਫਿਰ ਜ਼ਿਆਦਾਤਰ ਲੋਕ ਪੀਂਦੇ ਵੀ ਹਨ। ਇਹੀ ਪਾਣੀ ਫਿਰ ਹੇਠਾਂ ਜਾਂਦਾ ਹੋਇਆ ਪੰਜਾਬ ਤੱਕ ਪਹੁੰਚਦਾ ਹੈ ਜਿੱਥੇ ਇਸ ਪਾਣੀ ਨਾਲ਼ ਸਿੰਚਾਈ ਕੀਤੀ ਜਾਂਦੀ ਹੈ।
ਕੇਂਦਰੀ ਪ੍ਰਦੂਸ਼ਣ ਨਿਯੰਤਰਣ ਕਮਿਸ਼ਨ ਆਪਣੀ 2021 ਦੀ ਰਿਪੋਰਟ ਵਿੱਚ ਇਸ ਨਤੀਜੇ 'ਤੇ ਅਪੜਦੀ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ 57 ਡੰਪਿੰਗ ਥਾਵਾਂ ਹਨ ਪਰ ਇੱਕ ਵੀ ਸੈਨੇਟਰੀ ਲੈਂਡਫਿਲ ਨਹੀਂ ਹੈ ਜਿੱਥੇ ਕੂੜੇ ਨੂੰ ਮਾਰੂ ਰਸਾਇਣਾਂ ਤੇ ਹੋਰ ਜੈਵਿਕ ਤੱਤਾਂ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ। ਡੰਪਸਾਈਟ ਦੇ ਉਲਟ ਸੈਨੇਟਰੀ ਲੈਂਡਫਿਲ ਇੱਕ ਉਪਰਲੇ ਢੱਕਣ ਤੇ 'ਲਾਈਨਰ ਤੇ ਲੀਚੇਟ ਕਲੈਕਸ਼ਨ ਸਿਸਟਮ' ਦੀ ਤਕਨੀਕ ਨਾਲ਼ ਬਣਾਇਆ ਗਿਆ ਹੁੰਦਾ ਹੈ ਤਾਂਕਿ ਹੋਰ ਸੁਰੱਖਿਆਤਮਕ ਉਪਾਵਾਂ ਦੇ ਨਾਲ਼-ਨਾਲ਼ ਜ਼ਮੀਨਦੋਜ਼ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਨਾਲ਼ ਹੀ ਇਹ ਕਲੋਜਰ ਅਤੇ ਪੋਸਟ-ਕਲੋਜਰ ਪਲਾਨ ਦੇ ਨਾਲ਼ ਲਾਗੂ ਹੋਣਾ ਚਾਹੀਦਾ ਹੈ। ਇਸੇ ਰਿਪੋਰਟ ਅੰਦਰ ਕੂੜਾ ਪ੍ਰਬੰਧਨ ਮੁਲਾਂਕਣ ਵਿੱਚ ਰਾਜ 35 ਵਿੱਚੋਂ 18ਵੇਂ ਨੰਬਰ (ਥਾਂ) 'ਤੇ ਹੈ। ਅਕਤੂਬਰ 2020 ਵਿੱਚ 15 ਵਾਰਡਾਂ ਵਾਲ਼ੇ ਨਵੇਂ ਪਾਲਮਪੁਰ ਨਗਰਨਿਗਮ ਦੇ 14 ਪੰਚਾਇਤਾਂ ਨੂੰ ਇਕੱਠਿਆਂ ਜੋੜਿਆ ਗਿਆ। ਮੁਹੰਮਦ ਚੱਪਲਵਾਲਾ ਕਾਂਗੜਾ ਸਿਟੀਜਨਸ ਰਾਈਟ ਫੋਰਮ ਦੇ ਇੱਕ ਮੈਂਬਰ ਹਨ। ਉਹ ਕਹਿੰਦੇ ਹਨ,''ਪਾਲਮਪੁਰ ਦੇ ਨਗਰਨਿਗਮ ਬਣਨ ਤੋਂ ਪਹਿਲਾਂ ਜ਼ਿਆਦਾਤਰ ਪੰਚਾਇਤ ਆਪਣੇ ਕੂੜੇ ਨੂੰ ਨਿਪਟਾਉਣ ਦੀ ਜ਼ਿੰਮੇਦਾਰੀ ਖ਼ੁਦ ਹੀ ਪੂਰਾ ਕਰਦੇ ਸਨ, ਪਰ ਜਦੋਂ ਤੋਂ ਇੱਥੇ ਨਗਰਨਿਗਮ ਬਣਿਆ ਹੈ, ਓਦੋਂ ਤੋਂ ਇੱਥੇ ਕੂੜੇ ਦੀ ਆਮਦ ਨੇ ਰਫ਼ਤਾਰ ਫੜ੍ਹ ਲਈ ਹੈ। ਬਹੁਤੇਰਾ ਕੂੜਾ ਜਿਸ ਵਿੱਚ ਹਸਪਤਾਲ ਦਾ ਕੂੜਾ ਵੀ ਸ਼ਾਮਲ ਹੁੰਦਾ ਹੈ, ਇੱਕ ਹੀ ਥਾਵੇਂ ਇਕੱਠਾ ਕੀਤਾ ਜਾ ਰਿਹਾ ਹੈ।''
ਸ਼ਹਿਰੀ ਵਿਕਾਸ ਮੰਤਰਾਲੇ ਦੇ ਅਧੀਨ 2016 ਵਿੱਚ ਜਾਰੀ ਕੀਤੀ ਗਈ 'ਠੋਸ ਰਹਿੰਦ-ਖੂੰਹਦ ਪ੍ਰਬੰਧਨ ਹੈਂਡਬੁੱਕ' ਦੇ ਅਨੁਸਾਰ, ਲੈਂਡਫਿਲ ਸਾਈਟ ਦੇ ਨਿਰਮਾਣ ਲਈ, ਇੱਕ ਸ਼ਹਿਰੀ ਸਥਾਨਕ ਸੰਸਥਾ (ਯੂਐਲਬੀ) ਨੂੰ ਹੇਠ ਲਿਖੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ: "ਲੈਂਡਫਿਲ ਸਾਈਟ ਨੂੰ ਸ਼ਹਿਰੀ ਵਿਕਾਸ ਮੰਤਰਾਲੇ, ਭਾਰਤ ਸਰਕਾਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਬਣਾਇਆ ਜਾਣਾ ਚਾਹੀਦਾ ਹੈ। ਲੈਂਡਫਿਲ ਸਾਈਟ ਨਦੀ ਤੋਂ 100 ਮੀਟਰ, ਛੱਪੜ ਤੋਂ 200 ਮੀਟਰ ਅਤੇ ਹਾਈਵੇਅ, ਰਿਹਾਇਸ਼ੀ ਕੰਪਲੈਕਸ, ਜਨਤਕ ਪਾਰਕ ਅਤੇ ਪਾਣੀ ਦੀ ਸਪਲਾਈ ਤੋਂ 200 ਮੀਟਰ ਦੀ ਦੂਰੀ 'ਤੇ ਹੋਣੀ ਚਾਹੀਦੀ ਹੈ।
ਪਿਛਲੇ ਸਾਲ, ਸਥਾਨਕ ਨਾਗਰਿਕਾਂ ਨੇ ਸਾਨੂੰ ਸਰਗਰਮ ਸਹਾਇਤਾ ਦੇ ਉਦੇਸ਼ ਨਾਲ਼ ਉਨ੍ਹਾਂ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਸੀ, ਇਸ ਲਈ ਅਸੀਂ ਆਰਟੀਆਈ (ਸੂਚਨਾ ਦਾ ਅਧਿਕਾਰ) ਲਈ ਅਰਜ਼ੀ ਦੇਣ ਦਾ ਫ਼ੈਸਲਾ ਕੀਤਾ। ਮੁਹੰਮਦ ਦੇ ਅਨੁਸਾਰ, ਕਮਿਸ਼ਨਰ ਦੇ ਦਫਤਰ ਨੂੰ 14 ਮਾਰਚ, 2023 ਨੂੰ ਇੱਕ ਆਰਟੀਆਈ ਨੋਟਿਸ ਮਿਲ਼ਿਆ ਸੀ, ਜਿਸ ਦਾ ਦਫਤਰ ਨੇ 19 ਅਪ੍ਰੈਲ ਨੂੰ ਜਵਾਬ ਦਿੱਤਾ ਸੀ। ਪਰ ਉਸ ਦਾ ਜਵਾਬ ਅਸਪਸ਼ਟ ਸੀ। "ਉਨ੍ਹਾਂ ਨੇ ਸਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਖਾਲੀ ਛੱਡ ਦਿੱਤੇ," ਉਹ ਅੱਗੇ ਕਹਿੰਦੇ ਹਨ।
ਕਿਸੇ ਕੋਲ਼ ਵੀ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਕੁੱਲ ਕਿੰਨਾ ਕੂੜਾ ਪੈਦਾ ਹੁੰਦਾ ਹੈ। "ਜਦੋਂ ਵੀ ਮੈਂ ਇਸ ਨੂੰ ਦੇਖਣ ਆਉਂਦਾ ਹਾਂ, ਮੈਨੂੰ ਕੂੜੇ ਦਾ ਪਹਾੜ ਪਹਿਲਾਂ ਨਾਲ਼ੋਂ ਵੀ ਵੱਡਾ ਦਿਖਾਈ ਦਿੰਦਾ ਹੈ। ਇਹ ਨਿਊਗਲ ਨਦੀ ਦੇ ਬਿਲਕੁਲ ਸਾਹਮਣੇ ਹੈ ਅਤੇ ਕੂੜਾ ਹੁਣ ਨਦੀ ਦੇ ਪਾਣੀ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ," ਮੁਹੰਮਦ ਕਹਿੰਦੇ ਹਨ।
ਇਸ ਸਮੇਂ ਡੰਪਸਾਈਟ ਵਿੱਚ ਸੱਤ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਕੂੜੇ ਦਾ ਨਿਪਟਾਰਾ ਕਰਨਗੀਆਂ, ਅਤੇ ਸਥਾਨਕ ਪੱਤਰਕਾਰ ਰਵਿੰਦਰ ਸੂਦ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਪੰਜ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇੱਕ ਸ਼ਰੈਡਰ ਮਸ਼ੀਨ ਵੀ ਹੈ, ਜੋ ਸੁੱਕੇ ਕੂੜੇ ਨੂੰ ਕੁਤਰਦੀ ਹੈ।
ਹਾਲਾਂਕਿ, ਭਾਰਦਵਾਜ, ਜਿਨ੍ਹਾਂ ਨੇ ਆਪਣੀ ਚਾਹ ਦੀ ਦੁਕਾਨ ਤੋਂ ਸਾਰੀ ਤਬਦੀਲੀ 'ਤੇ ਨੇੜਿਓਂ ਨਜ਼ਰ ਬਣਾਈ ਰੱਖੀ ਹੈ, ਕਹਿੰਦੇ ਹਨ, "ਮਸ਼ੀਨਾਂ ਆ ਗਈਆਂ ਹਨ, ਪਰ ਮੀਂਹ ਕਾਰਨ ਉਨ੍ਹਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰ ਰਹੀ ਹੈ, ਅਤੇ ਹਾਲਾਤ ਜਿਓਂ ਦੇ ਤਿਓਂ ਬਣੇ ਹੋਏ ਹਨ। ਉਨ੍ਹਾਂ ਦੇ ਗੁਆਂਢੀ ਰਾਮ ਕਹਿੰਦੇ ਹਨ, "ਅਸੀਂ ਚਾਹੁੰਦੇ ਹਾਂ ਕਿ ਕੂੜਾ ਕਿਤੇ ਹੋਰ ਸੁੱਟਿਆ ਜਾਵੇ ਤਾਂ ਜੋ ਸਾਡੀ ਜਾਨ, ਸਾਡੇ ਬੱਚਿਆਂ ਦੀ ਜਾਨ ਬਚਾਈ ਜਾ ਸਕੇ।''
ਤਰਜਮਾ: ਕਮਲਜੀਤ ਕੌਰ