ਕ੍ਰਿਕੇਟ ਦੀ ਦੁਨੀਆ ਦਾ ਮਸ਼ਹੂਰ ਨਾਮ ਹੈ 'ਵਿਰਾਟ ਕੋਹਲੀ'। ਭਾਰਤੀ ਕ੍ਰਿਕਟ ਦੇ ਇਸ ਆਈਕਨ ਦੇ ਡੁੰਗਰਾ ਛੋਟਾ ਵਿੱਚ ਵੀ ਬਹੁਤ ਸਾਰੇ ਪ੍ਰਸ਼ੰਸਕ ਵੱਸਦੇ ਹਨ।

ਸਰਦੀਆਂ ਦੀ ਸਵੇਰ ਦੇ 10 ਵੱਜੇ ਸਨ। ਲਗਭਗ ਦਰਜਨ ਕੁ ਬੱਚੇ ਖੇਡ ਵਿੱਚ ਰੁੱਝੇ ਹੋਏ ਸਨ। ਚਾਰੇ ਪਾਸੇ ਹਰੇ-ਭਰੇ ਮੱਕੀ ਦੇ ਖੇਤਾਂ ਨਾਲ਼ ਘਿਰਿਆ ਮੈਦਾਨ ਤੁਹਾਨੂੰ ਕ੍ਰਿਕਟ ਦੇ ਮੈਦਾਨ ਵਰਗਾ ਨਹੀਂ ਵੀ ਲੱਗ ਸਕਦਾ। ਪਰ ਬਨਾਸਵਾੜਾ ਜ਼ਿਲ੍ਹੇ ਦੇ ਇਸ ਪਿੰਡ ਦੇ ਕ੍ਰਿਕਟ ਪ੍ਰੇਮੀ ਇਸ ਮੈਦਾਨ ਦੇ ਹਰ ਖੂੰਜੇ-ਪੌਪਿੰਗ ਕ੍ਰੀਜ਼ ਤੋਂ ਲੈ ਕੇ ਬਾਊਂਡਰੀ ਲਾਈਨ ਤੱਕ, ਤੋਂ ਵਾਕਫ਼ ਹਨ।

ਹਰ ਕੋਈ ਜਾਣਦਾ ਹੈ ਕਿ ਕਿਸੇ ਵੀ ਕ੍ਰਿਕਟ ਪ੍ਰਸ਼ੰਸਕ ਨਾਲ਼ ਗੱਲਬਾਤ ਸ਼ੁਰੂ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਉਨ੍ਹਾਂ ਨੂੰ ਉਨ੍ਹਾਂ ਦੇ ਮਨਪਸੰਦ ਖਿਡਾਰੀਆਂ ਬਾਰੇ ਪੁੱਛਣਾ ਹੈ। ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਸੂਰਯਕੁਮਾਰ ਯਾਦਵ, ਮੁਹੰਮਦ ਸਿਰਾਜ ਵਰਗੇ ਕਈ ਨਾਮ ਚਰਚਾ ਵਿੱਚ ਸਨ।

ਅੰਤ ਵਿੱਚ 18 ਸਾਲਾ ਸ਼ਿਵਮ ਲਬਾਨਾ ਨੇ ਕਿਹਾ, "ਮੈਨੂੰ ਸਮ੍ਰਿਤੀ ਮੰਧਾਨਾ ਪਸੰਦ ਹੈ।''  ਖੱਬੇ ਹੱਥ ਦੀ ਬੱਲੇਬਾਜ਼ ਅਤੇ ਭਾਰਤੀ ਮਹਿਲਾ ਟੀ-20 ਟੀਮ ਦੀ ਸਾਬਕਾ ਕਪਤਾਨ ਸਮ੍ਰਿਤੀ ਦੇਸ਼ ਦੀ ਸਭ ਤੋਂ ਮਸ਼ਹੂਰ ਕ੍ਰਿਕਟਰਾਂ ਵਿੱਚੋਂ ਇਕ ਹਨ।

ਪਰ ਬਾਅਦ ਵਿੱਚ ਸਾਨੂੰ ਅਹਿਸਾਸ ਹੋਇਆ ਕਿ ਉਹ ਇਕੱਲੀ ਨਹੀਂ ਸਨ ਜੋ ਖੱਬੂ ਬੱਲੇਬਾਜ਼ ਸਨ।

ਉੱਥੇ ਖੇਡਣ ਵਾਲ਼ੇ ਚਾਹਵਾਨ ਗੇਂਦਬਾਜਾਂ ਤੇ ਬੱਲੇਬਾਜਾਂ ਵਿੱਚ ਇੱਕ ਕੁੜੀ ਉੱਭਰ ਕੇ ਸਾਹਮਣੇ ਆਈ। ਉਸ ਦਾ ਨਾਮ ਹਿਤਾਕਸ਼ੀ ਰਾਹੁਲ ਹਰਕਿਸ਼ੀ ਹੈ, ਜੋ ਸਿਰਫ਼ 9 ਸਾਲ ਦੀ ਹੈ। ਚਿੱਟੇ ਬੂਟ ਅਤੇ ਬੱਲੇਬਾਜ਼ੀ ਪੈਡਾਂ ਨਾਲ਼ ਲੈਸ ਇਸ ਕੁੜੀ ਨੇ ਕੋਹਨੀ ਨਾਲ਼ ਵੀ ਗਾਰਡ ਬੰਨ੍ਹੇ ਹੋਏ ਸਨ।

PHOTO • Swadesha Sharma
PHOTO • Priti David

ਹਿਤਾਕਸ਼ੀ ਹਰਕਿਸ਼ੀ 9 ਸਾਲ ਦੀ ਕ੍ਰਿਕਟਰ ਹੈ। ਉਹ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੀ ਕੁਸ਼ਲਨਗਰ ਤਹਿਸੀਲ ਵਿੱਚ ਹਰੇ-ਭਰੇ ਜਵਾਰ ਦੇ ਖੇਤਾਂ ਦੇ ਵਿਚਕਾਰ ਖੇਡ ਦੇ ਮੈਦਾਨ ਵਿੱਚ ਹੋਰ ਬੱਚਿਆਂ ਨਾਲ਼ ਕ੍ਰਿਕਟ ਦਾ ਅਭਿਆਸ ਕਰ ਰਹੀ ਸੀ

PHOTO • Swadesha Sharma

ਹਿਤਾਕਸ਼ੀ, ਜੋ ਗੱਲ ਕਰਨ ਵਿੱਚ ਇੰਨੀ ਦਿਲਚਸਪੀ ਨਹੀਂ ਰੱਖਦੀ, ਕ੍ਰੀਜ਼ 'ਤੇ ਖੜ੍ਹੇ ਹੋਣ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ!

''ਮੈਂ ਬੱਲੇਬਾਜ਼ ਬਣਨਾ ਚਾਹੁੰਦੀ ਹਾਂ। ਮੇਰੇ ਕੋ ਸਭ ਸੇ ਅੱਛੀ ਲੱਗਤੀ ਹੈ ਬੈਟਿੰਗ ,'' ਐਲਾਨੀਆ ਸੁਰ ਵਿੱਚ ਉਹਨੇ ਕਿਹਾ, " ਮੈਂ ਇੰਡੀਆ ਕੇ ਲਿਏ ਖੇਲਨਾ ਚਾਹੂੰਗੀ ।'' ਹਿਤਾਕਸ਼ੀ, ਜਿਸ ਨੂੰ ਗੱਲ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਲੱਗ ਰਹੀ, ਕ੍ਰੀਜ਼ ਦੇ ਨੇੜੇ ਖੜ੍ਹੀ ਸੀ ਅਤੇ ਚੰਗਾ ਪ੍ਰਦਰਸ਼ਨ ਕਰਨ ਨੂੰ ਉਤਸੁਕ ਜਾਪ  ਰਹੀ ਸੀ। ਸਖ਼ਤ ਪਿੱਚ 'ਤੇ ਅੱਗੇ ਹੋ ਹੋ ਉਹ ਕੁਝ ਸੀਜ਼ਨ ਗੇਂਦਾਂ ਨੂੰ ਚੇਨ-ਲਿੰਕ ਫੈਂਸਿੰਗ ਵਿੱਚ ਮਾਰਦੀ ਜਾ ਰਹੀ ਸੀ ਜੋ ਨੈੱਟ ਦਾ ਕੰਮ ਦਿੰਦੀ ਸੀ।

ਹਿਤਾਕਸ਼ੀ ਅੰਦਰਲੀ ਇੰਡੀਆ ਲਈ ਖੇਡਣ ਦੀ ਇੱਛਾ ਦਾ ਉਸ ਦੇ ਪਿਤਾ ਨੇ ਸਮਰਥਨ ਕੀਤਾ, ਜੋ ਉਸ ਦੇ ਕੋਚ ਵੀ ਹਨ। ਆਪਣੀ ਰੁਟੀਨ ਬਾਰੇ ਦੱਸਦੇ ਹੋਏ, ਉਸਨੇ ਕਿਹਾ,"ਮੈਂ ਸਕੂਲ ਤੋਂ ਬਾਅਦ ਘਰ ਆਉਂਦੀ ਹਾਂ ਅਤੇ ਇੱਕ ਘੰਟਾ ਸੌਂਦੀ ਹਾਂ। ਫਿਰ ਮੈਂ ਚਾਰ ਤੋਂ ਅੱਠ ਵਜੇ (ਸ਼ਾਮ) ਤੱਕ ਟ੍ਰੇਨਿੰਗ ਕਰਦੀ ਹਾਂ।" ਅੱਜ ਦੀ ਤਰ੍ਹਾਂ, ਉਹ ਹਫ਼ਤੇ ਦੇ ਅੰਤਲੇ ਦਿਨੀਂ ਅਤੇ ਛੁੱਟੀਆਂ ਦੌਰਾਨ ਸਵੇਰੇ 7:30 ਵਜੇ ਤੋਂ ਦੁਪਹਿਰ ਤੱਕ ਟ੍ਰੇਨਿੰਗ ਕਰਦੀ ਹੈ।

ਬੱਚੀ ਦੇ ਪਿਤਾ ਨੇ ਜਨਵਰੀ 2024 ਵਿੱਚ ਪਾਰੀ ਨਾਲ ਗੱਲ ਕਰਦਿਆਂ ਕਿਹਾ ਸੀ,''ਅਸੀਂ ਪਿਛਲੇ 14 ਮਹੀਨਿਆਂ ਤੋਂ ਲਗਾਤਾਰ ਟ੍ਰੇਨਿੰਗ ਕਰ ਰਹੇ ਹਾਂ। ਮੈਨੂੰ ਵੀ ਉਸ ਦੇ ਨਾਲ਼ ਸਿਖਲਾਈ ਲੈਣੀ ਪੈਂਦੀ ਹੈ।" ਉਹ ਰਾਜਸਥਾਨ ਦੇ ਬਨਾਸਵਾੜਾ ਜ਼ਿਲ੍ਹੇ ਦੇ ਡੁੰਗਰਾ ਬਾੜਾ ਵਿਖੇ ਇੱਕ ਗੈਰਾਜ ਚਲਾਉਂਦੇ ਹਨ। ਉਨ੍ਹਾਂ ਨੂੰ ਆਪਣੀ ਧੀ ਦੀਆਂ ਯੋਗਤਾਵਾਂ 'ਤੇ ਮਾਣ ਅਤੇ ਵਿਸ਼ਵਾਸ ਹੈ। " ਸ਼ਾਨਦਾਰ ਪਲੇਇੰਗ ਹੈ ਪਿਤਾ ਹੋਣ ਦੇ ਨਾਤੇ ਮੈਨੂੰ ਆਪਣੀ ਧੀ ਨਾਲ਼ ਸਖ਼ਤੀ ਤਾਂ ਨਹੀਂ ਕਰਨੀ ਚਾਹੀਦੀ ਪਰ ਮੈਂ ਕੀ ਕਰਾਂ ਮੈਨੂੰ ਕਰਨੀ ਪੈਂਦੀ ਹੈ।''

ਹਿਤਾਕਸ਼ੀ ਦਾ ਬੈਟ ਦੇਖੋ

ਉਸ ਦੇ ਪਿਤਾ, ਰਾਹੁਲ ਹਰਕਿਸ਼ੀ ਕਹਿੰਦੇ ਹਨ, 'ਸ਼ਾਨਦਾਰ ਪਲੇਇੰਗ ਹੈ''। ਖੁਦ ਕ੍ਰਿਕੇਟਰ ਰਹੇ ਰਾਹੁਲ, ਅੱਜਕੱਲ੍ਹ ਹਿਤਾਕਸ਼ੀ ਦੇ ਕੋਚ ਹਨ

ਹਿਤਾਕਸ਼ੀ ਦੇ ਮਾਪੇ ਵੀ ਇਸੇ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ਕਿ ਉਸ ਨੂੰ ਚੰਗੀ ਖੁਰਾਕ ਮਿਲ਼ੇ। "ਅਸੀਂ ਹਫ਼ਤੇ ਵਿੱਚ ਚਾਰ ਵਾਰ ਆਂਡੇ ਖੁਆਉਂਦੇ ਤੇ ਕਦੇ-ਕਦੇ ਮੀਟ ਵੀ," ਰਾਹੁਲ ਕਹਿੰਦੇ ਹਨ। "ਉਹ ਹਰ ਰੋਜ਼ ਦੋ ਗਲਾਸ ਦੁੱਧ ਪੀਂਦੀ ਹੈ ਅਤੇ ਖੀਰੇ ਅਤੇ ਗਾਜਰ ਵੀ ਖਾਂਦੀ ਹੈ।''

ਹਿਤਾਕਸ਼ੀ ਦੀ ਖੇਡ ਅੰਦਰ ਉਹਦੀਆਂ ਕੋਸ਼ਿਸ਼ਾਂ ਦਾ ਝਲ਼ਕਾਰਾ ਮਿਲ਼ਦਾ ਹੈ। ਉਹ ਜ਼ਿਲ੍ਹਾ ਪੱਧਰ 'ਤੇ ਖੇਡ ਚੁੱਕੇ ਡੁੰਗਰਾ ਛੋਟਾ ਦੇ ਦੋ ਲੜਕਿਆਂ ਸ਼ਿਵਮ ਲਬਾਨਾ (18) ਅਤੇ ਆਸ਼ੀਸ਼ ਲਬਾਨਾ (15) ਵਰਗੇ ਸੀਨੀਅਰ ਖਿਡਾਰੀਆਂ ਨਾਲ਼ ਆਸਾਨੀ ਨਾਲ਼ ਅਭਿਆਸ ਕਰਦੀ ਹੈ। ਇਹ ਦੋਵੇਂ ਗੇਂਦਬਾਜ਼ 4-5 ਸਾਲਾਂ ਤੋਂ ਲਬਾਨਾ ਪ੍ਰੀਮੀਅਰ ਲੀਗ (ਐਲਪੀਐਲ) ਸਮੇਤ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਰਹੇ ਹਨ। ਐੱਲਪੀਐੱਲ ਵਿੱਚ ਲਬਾਨਾ ਭਾਈਚਾਰੇ ਦੀਆਂ 60 ਤੋਂ ਵੱਧ ਟੀਮਾਂ ਹਿੱਸਾ ਲੈਂਦੀਆਂ ਹਨ।

"ਜਦੋਂ ਅਸੀਂ ਪਹਿਲੀ ਵਾਰ ਐੱਲਪੀਐੱਲ ਵਿੱਚ ਹਿੱਸਾ ਲਿਆ ਸੀ, ਤਾਂ ਅਸੀਂ ਸਿਰਫ ਮੁੰਡੇ ਸੀ। ਰਾਹੁਲ ਭਈਆ (ਹਿਤਾਕਸ਼ੀ ਦੇ ਪਿਤਾ) ਉਸ ਸਮੇਂ ਸਾਡੇ ਕੋਚ ਨਹੀਂ ਸਨ," ਸ਼ਿਵਮ ਕਹਿੰਦੇ ਹਨ। ਮੈਂ ਇੱਕ ਮੈਚ ਵਿੱਚ ਪੰਜ ਵਿਕਟਾਂ ਲਈਆਂ।''

ਇਸ ਸਮੇਂ ਉਹ ਰਾਹੁਲ ਦੁਆਰਾ ਸਥਾਪਤ ਹਿਤਾਕਸ਼ੀ ਕਲੱਬ ਲਈ ਵੀ ਖੇਡਦਾ ਹੈ। "ਅਸੀਂ ਉਸਨੂੰ (ਹਿਤਾਕਸ਼ੀ) ਸਿਖਲਾਈ ਦੇ ਰਹੇ ਹਾਂ," ਸ਼ਿਵਮ ਕਹਿੰਦੇ ਹਨ। ''ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਟੀਮ 'ਚ ਡੈਬਿਊ ਕਰੇ। ਸਾਡੇ ਭਾਈਚਾਰੇ ਦੀਆਂ ਕੁੜੀਆਂ ਕ੍ਰਿਕਟ ਨਹੀਂ ਖੇਡਦੀਆਂ, ਇਸ ਲਈ ਸਾਨੂੰ ਲੱਗਦਾ ਹੈ ਕਿ ਜੇਕਰ ਉਹ ਆਉਂਦੀ ਹੈ ਤਾਂ ਚੰਗਾ ਹੋਵੇਗਾ।''

PHOTO • Swadesha Sharma
PHOTO • Swadesha Sharma

ਹਿਤਾਕਸ਼ੀ 18 ਸਾਲਾ ਗੇਂਦਬਾਜ਼ ਸ਼ਿਵਮ ਲਬਾਨਾ (ਖੱਬੇ) ਨਾਲ਼ ਵੀ ਖੇਡਦੀ ਹੈ। ਆਸ਼ੀਸ਼ ਲਬਾਨਾ (ਸੱਜੇ) ਜ਼ਿਲ੍ਹਾ ਪੱਧਰ 'ਤੇ ਖੇਡ ਚੁੱਕੇ ਹਨ ਅਤੇ ਰਾਹੁਲ ਅਤੇ ਹਿਤਾਕਸ਼ੀ ਨਾਲ਼ ਸਿਖਲਾਈ ਲੈ ਚੁੱਕੇ ਹਨ

PHOTO • Swadesha Sharma

ਹਿਤਾਕਸ਼ੀ ਹਰ ਰੋਜ਼ ਸਕੂਲ ਤੋਂ ਬਾਅਦ ਅਤੇ ਹਫ਼ਤੇ ਦੇ ਅੰਤਲੇ ਦਿਨੀਂ ਸਵੇਰੇ ਸਿਖਲਾਈ ਲੈਂਦੀ ਹੈ

ਖੁਸ਼ਕਿਸਮਤੀ ਨਾਲ, ਹਿਤਾਕਸ਼ੀ ਦੇ ਮਾਪੇ ਵੀ ਉਸ ਲਈ ਸੁਪਨੇ ਦੇਖ ਰਹੇ ਹਨ। ਜਿਵੇਂ ਕਿ ਉਸਦੀ ਟੀਮ ਦਾ ਇੱਕ ਨੌਜਵਾਨ ਮੈਂਬਰ ਕਹਿੰਦਾ ਹੈ, " ਉਨਕਾ ਸੁਪਨਾ ਹੈ ਉਸਕੋ ਆਗੇ ਭੇਜੇਂਗੇ ।''

ਖੇਡ ਦੀ ਪ੍ਰਸਿੱਧੀ ਦੇ ਬਾਵਜੂਦ, ਪਰਿਵਾਰ ਆਪਣੇ ਬੱਚਿਆਂ ਨੂੰ ਕ੍ਰਿਕਟ ਵਿੱਚ ਜਾਰੀ ਰੱਖਣ ਤੋਂ ਝਿਜਕਦੇ ਹਨ। ਸ਼ਿਵਮ ਨੇ ਆਪਣੇ 15 ਸਾਲਾ ਸਾਥੀ ਦੀ ਅਜਿਹੀ ਹੀ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ, "ਉਹ ਰਾਜ ਪੱਧਰ 'ਤੇ ਕਈ ਵਾਰ ਖੇਡ ਚੁੱਕਾ ਹੈ ਅਤੇ ਇਸ ਵਿੱਚ ਜਾਰੀ ਰੱਖਣਾ ਚਾਹੁੰਦਾ ਹੈ। ਪਰ ਹੁਣ ਉਹ ਕ੍ਰਿਕਟ ਛੱਡਣ ਬਾਰੇ ਸੋਚ ਰਿਹਾ ਹੈ। ਸ਼ਾਇਦ ਉਸ ਦਾ ਪਰਿਵਾਰ ਉਸ ਨੂੰ ਕੋਟਾ ਭੇਜਣ ਜਾ ਰਿਹਾ ਹੈ।" ਕੋਟਾ ਜਾਣ ਦਾ ਮਤਲਬ ਹੈ ਕ੍ਰਿਕਟ ਛੱਡਣਾ ਅਤੇ ਉੱਚ ਸਿੱਖਿਆ 'ਤੇ ਧਿਆਨ ਕੇਂਦਰਿਤ ਕਰਨਾ।

ਹਿਤਾਕਸ਼ੀ ਦੀ ਮਾਂ ਸ਼ੀਲਾ ਹਰਕਿਸ਼ੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਵਿੱਚ ਹਿੰਦੀ ਅਧਿਆਪਕਾ ਹਨ। ਉਹ ਵੀ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਵਾਂਗ ਕ੍ਰਿਕਟ ਦੀ ਵੱਡੀ ਪ੍ਰਸ਼ੰਸਕ ਹਨ। ''ਮੈਂ ਇੰਡੀਅਨ ਟੀਮ ਦੇ ਹਰ ਖਿਡਾਰੀ ਦਾ ਨਾਮ ਜਾਣਦੀ ਹਾਂ ਅਤੇ ਸਭ ਨੂੰ ਪਛਾਣਦੀ ਵੀ ਹਾਂ। ਮੈਨੂੰ ਰੋਹਿਤ ਸ਼ਰਮਾ ਸਭ ਤੋਂ ਵੱਧ ਪਸੰਦ ਹੈ," ਉਹ ਮੁਸਕਰਾਉਂਦੇ ਹੋਏ ਕਹਿੰਦੀ ਹਨ।

PHOTO • Swadesha Sharma
PHOTO • Priti David

ਹਿਤਾਕਸ਼ੀ ਦੇ ਮਾਪੇ ਆਪਣੀ ਧੀ ਦਾ ਬਹੁਤ ਸਮਰਥਨ ਕਰਦੇ ਹਨ। ਰਾਹੁਲ ਹਰਕਿਸ਼ੀ (ਖੱਬੇ) ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਨ ਜਦੋਂ ਉਹ ਇੱਕ ਸ਼ੌਕੀਨ ਕ੍ਰਿਕਟਰ ਸਨ। ਜਦੋਂ ਸ਼ੀਲਾ ਪ੍ਰਾਇਮਰੀ ਅਤੇ ਸੈਕੰਡਰੀ ਵਿਦਿਆਰਥੀਆਂ ਨੂੰ ਨਹੀਂ ਪੜ੍ਹਾ ਰਹੀ ਹੁੰਦੀ ਤਾਂ ਉਹ (ਸੱਜੇ) ਪਰਿਵਾਰ ਦੇ ਗੈਰਾਜ ਦੀ ਦੇਖਭਾਲ਼ ਕਰਦੀ ਹਨ

ਜਦੋਂ ਉਨ੍ਹਾਂ ਨੂੰ ਅਧਿਆਪਨ ਪੇਸ਼ੇ ਤੋਂ ਛੁੱਟੀ ਮਿਲ਼ਦੀ ਹੈ ਤਾਂ ਉਹ ਆਪਣੇ ਗੈਰਾਜ ਦੀ ਦੇਖਭਾਲ਼ ਵੀ ਕਰਦੀ ਹਨ। ''ਹਾਲ਼ ਦੀ ਘੜੀ, ਸਾਡੇ ਕੋਲ਼ ਰਾਜਸਥਾਨ ਵੱਲੋਂ ਕ੍ਰਿਕੇਟ ਖੇਡ ਵਾਲ਼ੇ ਕੁੜੀਆਂ ਮੁੰਡਿਆਂ ਦੀ ਬਹੁਤੀ ਵੱਡੀ ਟੀਮ ਤਾਂ ਨਹੀਂ ਹੈ। ਅਸੀਂ ਆਪਣੀ ਧੀ ਨੂੰ ਭੇਜਣ ਲਈ ਕੁਝ ਕੋਸ਼ਿਸ਼ਾਂ ਕਰ ਰਹੇ ਹਾਂ। ਅਸੀਂ ਇਹ ਉਮੀਦ ਪਾਲ਼ੀ ਵੀ ਰੱਖਾਂਗੇ।''

9 ਸਾਲਾ ਹਿਤਾਕਸ਼ੀ ਨੂੰ ਅਜੇ ਲੰਬਾ ਰਸਤਾ ਤੈਅ ਕਰਨਾ ਹੈ ਪਰ ਉਸ ਦੇ ਮਾਪੇ ਉਸ ਨੂੰ ਹੁਨਰਮੰਦ ਕ੍ਰਿਕਟਰ ਬਣਾਉਣ ਲਈ ਹਰ ਜ਼ਰੂਰੀ ਕਦਮ ਚੁੱਕਣ ਲਈ ਦ੍ਰਿੜ ਹਨ।

"ਮੈਂ ਭਵਿੱਖ ਬਾਰੇ ਨਹੀਂ ਜਾਣਦਾ,'' ਰਾਹੁਲ ਕਹਿੰਦੇ ਹਨ,''ਪਰ ਇੱਕ ਪਿਤਾ ਅਤੇ ਇੱਕ ਚੰਗੇ ਅਥਲੀਟ ਦੇ ਤੌਰ 'ਤੇ ਮੈਂ ਪੱਕਾ ਕਹਿ ਸਕਦਾ ਹਾਂ ਕਿ ਅਸੀਂ ਉਸ ਨੂੰ ਇੰਡੀਆ ਲਈ ਖੇਡਣ ਲਈ ਤਿਆਰ ਕਰਾਂਗੇ।''

ਤਰਜ਼ਮਾ: ਕਮਲਜੀਤ ਕੌਰ

Swadesha Sharma

Swadesha Sharma is a researcher and Content Editor at the People's Archive of Rural India. She also works with volunteers to curate resources for the PARI Library.

Other stories by Swadesha Sharma
Editor : Priti David

ప్రీతి డేవిడ్ పీపుల్స్ ఆర్కైవ్ ఆఫ్ రూరల్ ఇండియాలో జర్నలిస్ట్, PARI ఎడ్యుకేషన్ సంపాదకురాలు. ఆమె గ్రామీణ సమస్యలను తరగతి గదిలోకీ, పాఠ్యాంశాల్లోకీ తీసుకురావడానికి అధ్యాపకులతోనూ; మన కాలపు సమస్యలను డాక్యుమెంట్ చేయడానికి యువతతోనూ కలిసి పనిచేస్తున్నారు.

Other stories by Priti David
Translator : Kamaljit Kaur

పంజాబ్‌కు చెందిన కమల్‌జిత్ కౌర్ స్వతంత్ర అనువాదకురాలు. కమల్‌జిత్ పంజాబీ సాహిత్యంలో ఎం.ఎ. చేశారు. ఆమె న్యాయమైన, నిష్పక్షపాతమైన ప్రపంచాన్ని విశ్వసిస్తారు; దానిని సాధ్యం చేయడానికి కృషి చేస్తారు.

Other stories by Kamaljit Kaur