ਇਮਲੀ ਦੇ ਵੱਡੇ ਵੱਡੇ ਪੇੜਾਂ ਦਰਮਿਆਨ ਖੁੱਲੇ ਆਕਾਸ਼ ਹੇਠ ਲੱਗੀ ਇਕ ਵਰਕਸ਼ਾਪ ਵਿਚ ਬੈਠਾ ਮਨੀਰਾਮ ਮਾਂਡਵੀ ਇਕ ਬੰਸਰੀ ਦੀ ਨੋਕ ਘੜ ਰਿਹਾ ਹੈ ਜੋ ਹਵਾ ਭਰਨ ਲਈ ਹੁੰਦੀ ਹੈ ਪਰ ਨਾਲ ਹੀ ਇਹ ਜਾਨਵਰਾਂ ਨੂੰ ਡਰਾ ਕੇ ਦੂਰ ਖਦੇੜਨ ਲਈ ਵੀ ਵਰਤੀ ਜਾਂਦੀ ਹੈ। 42 ਸਾਲਾ ਮਨੀਰਾਮ ਆਪਣੀ ਜਵਾਨੀ ਦੇ ਦਿਨਾਂ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ‘‘ ਜੰਗਲ ਵਿਚ ਸ਼ੇਰ, ਚੀਤੇ ਤੇ ਰਿੱਛ ਹੁੰਦੇ ਸਨ ਪਰ ਜੇ ਤੁਸੀਂ ਇਸ (ਬੰਸਰੀ) ਨੂੰ ਘੁਮਾ ਦੇਵੋ ਤਾਂ ਉਹ ਤੁਹਾਡੇ ਨੇੜੇ ਨਹੀਂ ਆਉਂਦੇ ਸਨ।’’
ਉਹ ਬਾਂਸ ਦੇ ਇਸ ਯੰਤਰ ਨੂੰ ਝੂਲਦੀ ਬੰਸਰੀ ਜਾਂ ਛੱਤੀਸਗੜ੍ਹੀ ਜ਼ੁਬਾਨ ਵਿਚ ਸੁੱਕੜ ਬੰਸਰੀ ਕਹਿੰਦਾ ਹੈ। ਆਮ ਬੰਸਰੀ ਵਾਂਗ ਇਸ ਦਾ ਮੂੰਹ ਨਹੀਂ ਹੁੰਦਾ, ਸਿਰਫ਼ ਦੋ ਛੇਕ ਹੁੰਦੇ ਹਨ ਜਿਨਾਂ ਨੂੰ ਹਵਾ ’ਚ ਲਹਿਰਾਉਣ ਨਾਲ ਇਸ ’ਚੋਂ ਧੁਨ ਪੈਦਾ ਹੁੰਦੀ ਹੈ।
ਮਨੀਰਾਮ ਨੂੰ ਇਕ ਬੰਸਰੀ ਬਣਾਉਣ ’ਚ ਇਕ ਦਿਨ ਲੱਗ ਜਾਂਦਾ ਹੈ ਤੇ ਇਸ ਦੇ ਉਸ ਨੂੰ ਨੇੜਲੀ ਕਿਸੇ ਵਰਕਸ਼ਾਪ ਵਿਚ ਜਾਂ ਦਸਤਕਾਰ ਅਦਾਰੇ ਵਲੋਂ 50 ਰੁਪਏ ਮਿਲਦੇ ਹਨ। ਗਾਹਕ ਨੂੰ ਇਹੀ ਬੰਸਰੀ ਘੱਟੋਘੱਟ 300 ਰੁਪਏ ’ਚ ਮਿਲਦੀ ਹੈ।
ਮਨੀਰਾਮ ਸਬੱਬੀਂ ਆਪਣੇ ਉਸਤਾਦ ਬੰਸਰੀ ਘਾੜੇ ਮੰਦਰ ਸਿੰਘ ਮਾਂਡਵੀ ਦੇ ਸੰਪਰਕ ਵਿਚ ਆਇਆ ਸੀ ਜਿਸ ਨੇ ਤਿੰਨ ਦਹਾਕੇ ਪਹਿਲਾਂ ਉਸ ਨੂੰ ਬੰਸਰੀ ਘੜਨ ਦੀ ਕਲਾ ਸਿਖਾਈ ਸੀ। ਉਸ ਨੇ ਦੱਸਿਆ,‘‘ਮੈਂ 15 ਸਾਲਾਂ ਦਾ ਸੀ ਜਦੋਂ ਬਾਲਣ ਲਈ ਜੰਗਲ ’ਚੋਂ ਲੱਕੜਾਂ ਇਕੱਠੀਆਂ ਕਰਨ ਗਿਆ ਹੋਇਆ ਸੀ ਤੇ ਉਨਾਂ ਮੈਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ‘ਕੀ ਮੈਂ ਸਕੂਲ ਨਹੀਂ ਜਾਂਦਾ। ਆ ਮੈਂ ਤੈਨੂੰ ਕੁਝ ਬਣਾਉਣਾ ਸਿਖਾਉਂਦਾ ਹਾਂ’।’’ ਇਸ ਲਈ ਮਨੀਰਾਮ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਤੇ ਉਸ ਨੇ ਉਸਤਾਦ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਮਨੀਰਾਮ ਹੁਣ ਜਿਸ ਵਰਕਸ਼ਾਪ ਵਿਚ ਕੰਮ ਕਰਦਾ ਹੈ, ਉਹ ਘਾੜਬੰਗਲ ਦੇ ਲਾਗੇ ਹੈ। ਘਾੜਬੰਗਲ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ ਵਿਚ ਪੈਂਦੇ ਅਬੁਝਮਾੜ (ਓਰਛਾ) ਬਲਾਕ ਦੇ ਜੰਗਲ ਦੇ ਕਿਨਾਰੇ ’ਤੇ ਗੋਂਡ ਕਬੀਲੇ ਦੀ ਬਸਤੀ ਹੈ। ਹਰ ਪ੍ਰਕਾਰ ਦੀਆਂ ਬਾਂਸ ਦੀਆਂ ਛਟੀਆਂ ਇਕੱਠੀਆਂ ਕਰ ਕੇ ਰੱਖੀਆਂ ਹੋਈਆਂ ਹਨ ਅਤੇ ਸਰਦੀਆਂ ਵਿਚ ਔਜ਼ਾਰਾਂ ਨੂੰ ਗਰਮ ਕਰਨ ਲਈ ਬਾਲੀਆਂ ਲੱਕੜਾਂ ਦਾ ਧੂੰਆ ਉੱਠਦਾ ਰਹਿੰਦਾ ਹੈ। ਇਕ ਪਾਸੇ ਛੱਪਰ ਹੇਠ ਬੰਸਰੀਆਂ, ਛੋਟੀਆਂ ਵੱਡੀਆਂ ਛੈਣੀਆਂ, ਰੰਦੇ ਅਤੇ ਕਰਦਾਂ-ਚਾਕੂ ਰੱਖੇ ਹੋਏ ਹਨ। ਮਨੀਰਾਮ ਹਰ ਰੋਜ਼ ਇੱਥੇ ਅੱਠ ਘੰਟੇ ਕੰਮ ਕਰਦਾ ਹੈ -ਸਹੀ ਆਕਾਰ ਦੇ ਬਾਂਸ ਦੀ ਕਟਾਈ, ਸੁਧਾਈ ਤੇ ਘੜਾਈ ਕਰਨ ਅਤੇ ਅੱਗ ਨਾਲ ਤਪਾਏ ਯੰਤਰ ਨਾਲ ਇਸ ’ਤੇ ਫੁੱਲ ਬੂਟੇ ਉਕੇਰਨ ਤੇ ਰੇਖਾਂਕਨ ਕਰਨ ਅਤੇ ਅੱਗ ਨਾਲ ਬੰਸਰੀ ’ਤੇ ਹਲਕੇ ਤੇ ਗਹਿਰੇ ਪੈਟਰਨ ਵਾਹੁਣ ਜਿਹੇ ਕਈ ਵੰਨ-ਸੁਵੰਨੇ ਕੰਮ ਸ਼ਾਮਲ ਰਹਿੰਦੇ ਹਨ।
ਮਨੀਰਾਮ ਜਦੋਂ ਬੰਸਰੀਆਂ ਨਹੀਂ ਬਣਾ ਰਿਹਾ ਹੁੰਦਾ ਤਾਂ ਉਹ ਆਪਣੇ ਦੋ ਏਕੜਾਂ ਦੇ ਖੇਤ ਵਿਚ ਲੱਗਿਆ ਝੋਨਾ ਪਾਲ ਰਿਹਾ ਹੁੰਦਾ ਹੈ ਜਿਸ ਤੋਂ ਉਸ ਦੀ ਪਤਨੀ ਤੇ ਤਿੰਨ ਬੱਚਿਆਂ ਜੋ ਹੁਣ ਬਾਲਗ ਹੋ ਚੁੱਕੇ ਹਨ, ਦਾ ਪੇਟ ਭਰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਬੱਚੇ ਨਿੱਕੇ ਮੋਟੇ ਕੰਮ ਕਰਦੇ ਹਨ ਪਰ ਉਹ ਬੰਸਰੀ ਬਣਾਉਣ ਦੀ ਕਲਾ ਵਿਚ ਦਿਲਚਸਪੀ ਨਹੀਂ ਲੈਂਦੇ। ਇਸ ਵੇਲੇ ਮਨੀਰਾਮ ਆਪਣੇ ਕਬੀਲੇ ਵਿਚ ਬੰਸਰੀਆਂ ਬਣਾਉਣ ਦਾ ਕਿੱਤਾ ਕਰਨ ਵਾਲਾ ਇਕਲੌਤਾ ਸ਼ਖ਼ਸ ਹੈ।
ਬੰਸਰੀਆਂ ਲਈ ਬਾਂਸ ਨਰਾਇਣਪੁਰ ਸ਼ਹਿਰ ਤੋਂ ਆਉਂਦੇ ਹਨ ਜਿੱਥੇ ਪੈਦਲ ਜਾਣ ਲਈ ਇਕ ਘੰਟਾ ਲਗਦਾ ਹੈ। ਉਸ ਨੇ ਕਿਹਾ,‘‘ ਕਰੀਬ 20 ਸਾਲ ਪਹਿਲਾਂ ਆਸ ਪਾਸ ਤੋਂ ਹੀ ਆਸਾਨੀ ਨਾਲ ਬਾਂਸ ਮਿਲ ਜਾਂਦੇ ਸਨ ਪਰ ਹੁਣ ਵਧੀਆ ਬਾਂਸ ਲਈ ਘੱਟੋਘੱਟ 10 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਉਦੋਂ ਜੰਗਲ ਬਹੁਤ ਸੰਘਣਾ ਹੁੰਦਾ ਸੀ ਅਤੇ ਸਾਗੌਨ (ਸਾਗਵਾਨ), ਜਾਮਣ ਅਤੇ ਮੋਦੀਆ (ਆਲੂ ਬੁਖਾਰੇ ਦੀ ਨਸਲ) ਦੇ ਵੱਡੇ ਵੱਡੇ ਪੇੜਾਂ ਨਾਲ ਭਰਿਆ ਪੂਰਾ ਹੁੰਦਾ ਸੀ। ਹੁਣ ਕੋਈ ਵੱਡਾ ਪੇੜ ਨਹੀਂ ਬਚਿਆ। ਝੂਲਦੀ ਬੰਸਰੀ ਬਣਾਉਣ ਵਿਚ ਮੁਸ਼ਕਲ ਆ ਰਹੀ ਹੈ।’’
ਇਮਲੀ ਦੇ ਪੇੜਾਂ ਹੇਠ ਲੱਗੀ ਵਰਕਸ਼ਾਪ ਵਿਚ ਬੈਠੇ ਬੈਠੇ ਗੱਲਾਂ ਦੇ ਸਿਲਸਿਲੇ ਦੌਰਾਨ ਬੀਤੇ ਸਮਿਆਂ ਦੀਆਂ ਕੁਦਰਤੀ ਦਾਤਾਂ ਦਾ ਚੇਤਾ ਕਰ ਕੇ ਮਨੀਰਾਮ ਦਾ ਗੱਚ ਭਰ ਆਉਂਦਾ ਹੈ: ‘‘ਇੱਥੇ ਖਰਗੋਸ਼ ਤੇ ਹਿਰਨ ਹੋਇਆ ਕਰਦੇ ਸਨ ਅਤੇ ਕਦੇ ਕਦੇ ਨੀਲ ਗਊਆਂ ਵੀ ਆ ਜਾਂਦੀਆਂ ਸਨ। ਜੰਗਲੀ ਸੂਰ ਤਾਂ ਹੁਣ ਲੋਪ ਹੀ ਹੋ ਗਏ ਹਨ... ਕੱਲ ਕਲੋਤਰ ਨੂੰ ਜਦੋਂ ਸਾਡੇ ਬੱਚੇ ਮੈਥੋਂ ਪੁੱਛਣਗੇ ਕਿ ਜੰਗਲ ’ਚ ਕੁਝ ਵੀ ਬਚਿਆ ਕਿਉਂ ਨਹੀਂ? ਉਹ ਸਾਰੇ ਪੇੜ ਤੇ ਜਾਨਵਰ ਕਿੱਥੇ ਗਏ? ਤਾਂ ਅਸੀਂ ਉਨਾਂ ਨੂੰ ਕੀ ਜਵਾਬ ਦੇਵਾਂਗੇ?’’
ਤਰਜਮਾ: ਬਿਕਰਮਜੀਤ ਸਿੰਘ