ਰੇਹਾਨਾ ਬੀਬੀ ਨੇ 7 ਫਰਵਰੀ, 2021 ਨੂੰ ਸਵੇਰੇ 10.30 ਵਜੇ ਆਪਣੇ ਪਤੀ, ਅਨਸ ਸ਼ੇਖ ਨੂੰ ਫੋ਼ਨ ਮਿਲ਼ਾਇਆ ਸੀ, ਪਰ ਜਦੋਂ ਸੰਪਰਕ ਨਹੀਂ ਹੋ ਪਾਇਆ ਤਾਂ ਉਨ੍ਹਾਂ ਨੂੰ ਜ਼ਿਆਦਾ ਚਿੰਤਾ ਨਹੀਂ ਹੋਈ। ਉਨ੍ਹਾਂ ਨੇ ਅਜੇ ਦੋ ਘੰਟੇ ਪਹਿਲਾਂ ਗੱਲ ਕੀਤੀ ਸੀ। "ਉਸ ਸਵੇਰ ਨੂੰ ਉਨ੍ਹਾਂ ਦੀ ਦਾਦੀ ਦੀ ਮੌਤ ਹੋ ਗਈ ਸੀ," ਰੇਹਾਨਾ ਦੱਸਦੀ ਹਨ, ਜਿਨ੍ਹਾਂ ਨੇ ਇਹ ਖ਼ਬਰ ਦੇਣ ਲਈ ਉਨ੍ਹਾਂ ਨੂੰ ਸਵੇਰੇ 9 ਵਜੇ ਫ਼ੋਨ ਕੀਤਾ ਸੀ।
"ਉਹ ਅੰਤਮ ਸਸਕਾਰ ਵਿੱਚ ਨਹੀਂ ਆ ਸਕਦੇ ਸਨ। ਇਸਲਈ ਉਨ੍ਹਾਂ ਨੇ ਦਫ਼ਨਾਉਣ ਦੇ ਸਮੇਂ ਮੈਨੂੰ ਵੀਡਿਓ ਕਾਲ ਕਰਨ ਲਈ ਕਿਹਾ," ਪੱਛਮ ਬੰਗਾਲ ਦੇ ਮਾਲਦਾ ਜਿਲ੍ਹੇ ਦੇ ਭਗਬਾਨਪੁਰ ਪਿੰਡ ਵਿੱਚ ਆਪਣੇ ਇੱਕ ਕਮਰੇ ਦੀ ਝੌਂਪੜੀ ਦੇ ਬਾਹਰ ਬੈਠੀ 33 ਸਾਲਾ ਰੇਹਾਨਾ ਕਹਿੰਦੀ ਹਨ। ਅਨਸ 1,700 ਕਿਲੋਮੀਟਰ ਤੋਂ ਵੱਧ ਦੂਰ- ਉਤਰਾਖੰਡ ਦੇ ਗੜਵਾਲ ਦੇ ਪਹਾੜਾਂ ਵਿੱਚ ਸਨ। ਰੇਹਾਨਾ ਨੇ ਜਦੋਂ ਦੂਸਰੀ ਵਾਰ ਉਨ੍ਹਾਂ ਨੂੰ ਫ਼ੋਨ ਕੀਤਾ, ਤਾਂ ਸੰਪਰਕ ਨਹੀਂ ਹੋ ਸਕਿਆ।
ਉਸ ਸਵੇਰ ਰੇਹਾਨਾ ਦੀਆਂ ਦੋ ਫ਼ੋਨ ਕਾਲਾਂ ਵਿਚਾਲੇ, ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਆਫ਼ਤ ਆ ਗਈ ਸੀ। ਨੰਦਾ ਦੇਵੀ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟ ਗਿਆ ਸੀ, ਜਿਹਦੇ ਕਾਰਨ ਅਲਕਨੰਦਾ, ਧੌਲੀ ਗੰਗਾ ਅਤੇ ਰਿਸ਼ੀ ਗੰਗਾ ਨਦੀਆਂ ਵਿੱਚ ਹੜ੍ਹ ਆਉਣਾ ਸ਼ੁਰੂ ਹੋ ਗਿਆ। ਭਿਆਨਕ ਹੜ੍ਹ ਦੇ ਕਾਰਨ ਇਨ੍ਹਾਂ ਨਦੀਆਂ ਕੰਢੇ ਬਣੇ ਘਰ ਪਾਣੀ ਵਿੱਚ ਵਹਿ ਗਏ, ਕਈ ਲੋਕ ਉਸ ਵਿੱਚ ਫਸ ਗਏ, ਜਿਨ੍ਹਾਂ ਵਿੱਚ ਇਸ ਇਲਾਕੇ ਦੇ ਪਣਬਿਜਲੀ ਪਲਾਟਾਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰ ਵੀ ਸ਼ਾਮਲ ਸਨ।
ਅਨਸ ਉਨ੍ਹਾਂ ਵਿੱਚੋਂ ਇੱਕ ਸਨ। ਪਰ ਰੇਹਾਨਾ ਨੂੰ ਪਤਾ ਨਹੀਂ ਸੀ। ਉਨ੍ਹਾਂ ਨੇ ਆਪਣੇ ਪਤੀ ਨੂੰ ਹੋਰ ਵੀ ਕਈ ਵਾਰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਚਿੰਤਾ ਹੋਣ ਲੱਗੀ, ਜੋ ਜਲਦੀ ਹੀ ਘਬਰਾਹਟ ਵਿੱਚ ਬਦਲ ਗਈ। "ਮੈਂ ਬਾਰ ਬਾਰ ਫ਼ੋਨ ਕਰਦੀ ਰਹੀ," ਉਹ ਰੋਂਦਿਆਂ ਕਹਿੰਦੀ ਹਨ। "ਮੈਨੂੰ ਨਹੀਂ ਪਤਾ ਸੀ ਕਿ ਹੋਰ ਕੀ ਕਰਨਾ ਹੈ।"
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਚਮੋਲੀ ਤੋਂ ਕਰੀਬ 700 ਕਿਲੋਮੀਟਰ ਦੂਰ, ਅਨਸ ਦੇ ਛੋਟੇ ਭਰਾ ਅਕਰਮ ਨੇ ਟੀਵੀ 'ਤੇ ਇਹ ਖ਼ਬਰ ਦੇਖੀ। ''ਹੜ੍ਹ ਦੀ ਥਾਂ ਉੱਥੋਂ ਬਹੁਤੀ ਦੂਰ ਨਹੀਂ ਸੀ, ਜਿੱਥੇ ਮੇਰੇ ਭਰਾ ਕੰਮ ਕਰਦੇ ਸਨ। ਮੈਨੂੰ ਭਿਆਨਕ ਤਬਾਹੀ ਦਾ ਡਰ ਸੀ,'' ਉਹ ਕਹਿੰਦੇ ਹਨ।
ਅਗਲੇ ਦਿਨ, 26 ਸਾਲਾ ਅਕਰਮ ਨੇ ਕਿੰਨੌਰ ਜਿਲ੍ਹੇ ਦੇ ਤਾਪੜੀ ਪਿੰਡ ਤੋਂ ਇੱਕ ਬੱਸ ਫੜ੍ਹੀ ਅਤੇ ਰੈਨੀ (ਰੈਨੀ ਚਕ ਲਤਾ ਪਿੰਡ ਦੇ ਨੇੜੇ) ਲਈ ਰਵਾਨਾ ਹੋ ਗਿਆ। ਚਮੌਲੀ ਦੀ ਰਿਸ਼ੀ ਗੰਗਾ ਪਣਬਿਜਲੀ ਪਰਿਯੋਜਨਾ ਇਸੇ ਥਾਂ ਹੈ, ਜਿੱਥੇ ਅਨਸ ਕੰਮ ਕਰਦੇ ਸਨ। ਉੱਥੇ, ਨੈਸ਼ਨਲ ਡਿਜਾਸਟਰ ਰਿਸਪਾਂਸਨ ਫੋਰਸ ਬਚੇ ਲੋਕਾਂ ਨੂੰ ਲੱਭਣ ਵਿੱਚ ਲੱਗਿਆ ਹੋਇਆ ਸੀ। ''ਮੈਂ ਆਪਣੇ ਭਰਾ ਦੇ ਨਾਲ਼ ਕੰਮ ਕਰਨ ਵਾਲ਼ੇ ਕਿਸੇ ਵਿਅਕਤੀ ਨਾਲ਼ ਮਿਲ਼ਿਆ। ਉਹ 57 ਲੋਕਾਂ ਦੀ ਆਪਣੀ ਟੀਮ ਵਿੱਚੋਂ ਇਕੱਲੇ ਬਚੇ ਸਨ। ਬਾਕੀ ਲੋਕ ਰੁੜ੍ਹ ਗਏ ਸਨ।''
ਅਕਰਮ ਨੇ ਚਮੋਲੀ ਤੋਂ ਰੇਹਾਨਾ ਨੂੰ ਫ਼ੋਨ ਕੀਤਾ, ਪਰ ਉਨ੍ਹਾਂ ਨੂੰ ਇਹ ਖ਼ਬਰ ਦੇਣ ਦੀ ਹਿੰਮਤ ਨਾ ਕਰ ਸਕੇ। "ਮੈਨੂੰ ਅਨਸ ਦੇ ਅਧਾਰ ਕਾਰਡ ਦੀ ਇੱਕ ਕਾਪੀ ਦੀ ਲੋੜ ਸੀ, ਇਸਲਈ ਮੈਂ ਰੇਹਾਨਾ ਨੂੰ ਕਿਹਾ ਕਿ ਉਹ ਮੈਨੂੰ ਭੇਜ ਦੇਵੇ। ਉਹ ਫ਼ੌਰਨ ਸਮਝ ਗਈ ਕਿ ਮੈਨੂੰ ਇਹਦੀ ਲੋੜ ਕਿਉਂ ਹੈ," ਉਹ ਦੱਸਦੇ ਹਨ। "ਮੈਂ ਆਪਣੇ ਭਰਾ ਬਾਰੇ ਪੁਲਿਸ ਨੂੰ ਸੂਚਿਤ ਕਰਨਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਲਾਸ਼ ਮਿਲ਼ੀ ਹੋਵੇ।"
35 ਸਾਲਾ ਅਨਸ, ਰਿਸ਼ੀ ਗੰਗਾ ਬਿਜਲੀ ਪਰਿਯੋਜਨਾ ਦੀ ਇੱਕ ਹਾਈ-ਵੋਲਟੇਜ ਟ੍ਰਾਂਸਮਿਸ਼ਨ ਲਾਈਨ 'ਤੇ ਬਤੌਰ ਲਾਈਨਮੈਨ ਕੰਮ ਕਰਦੇ ਸਨ। ਉਹ ਪ੍ਰਤੀ ਮਹੀਨੇ 22,000 ਰੁਪਏ ਕਮਾਉਂਦੇ ਸਨ। ਮਾਲਦਾ ਦੇ ਕਲੀਯਾਚਕ-III ਬਲਾਕ ਦੇ ਆਪਣੇ ਪਿੰਡ ਦੇ ਬਹੁਤੇਰੇ ਪੁਰਸ਼ਾਂ ਵਾਂਗ, ਉਹ ਵੀ 20 ਸਾਲ ਦੀ ਉਮਰ ਤੋਂ ਕੰਮ ਲਈ ਪਲਾਇਨ ਕਰਦੇ ਅਤੇ ਹਰ ਸਾਲ ਕੁਝ ਹੀ ਦਿਨਾਂ ਲਈ ਘਰ ਪਰਤਦੇ ਸਨ। ਲਾਪਤਾ ਹੋਣ ਤੋਂ ਪਹਿਲਾਂ, ਉਹ 13 ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਭਗਬਾਨਪੁਰ ਆਏ ਸਨ।
ਅਕਰਮ ਦੱਸਦੇ ਹਨ ਕਿ ਬਿਜਲੀ ਪਲਾਂਟ ਵਿੱਚ ਲਾਇਨਮੈਨ ਦਾ ਕੰਮ ਹੁੰਦਾ ਹੈ ਬਿਜਲੀ ਦੇ ਟਾਵਰ ਲਾਉਣਾ, ਤਾਰਾਂ ਦੀ ਜਾਂਚ ਕਰਨਾ ਅਤੇ ਦੋਸ਼ਾਂ ਨੂੰ ਠੀਕ ਕਰਨਾ। ਅਕਰਮ ਵੀ ਇਹੀ ਕੰਮ ਕਰਦੇ ਹਨ ਅਤੇ 12ਵੀਂ ਤੱਕ ਪੜ੍ਹੇ ਹੋਏ ਹਨ। ਉਨ੍ਹਾਂ ਨੇ 20 ਸਾਲ ਦੀ ਉਮਰ ਤੋਂ ਹੀ ਕੰਮ ਲਈ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਸੀ। "ਅਸੀਂ ਕੰਮ ਕਰਦਿਆਂ ਇਹ ਸਿੱਖਿਆ," ਉਹ ਦੱਸਦੇ ਹਨ। ਅਜੇ ਉਹ ਕਿੰਨੌਰ ਦੇ ਹਾਈਡ੍ਰੋ-ਪਾਵਰ ਪਲਾਂਟ ਵਿੱਚ ਕੰਮ ਕਰਦੇ ਹਨ ਅਤੇ ਹਰ ਮਹੀਨੇ 18,000 ਰੁਪਏ ਕਮਾਉਂਦੇ ਹਨ।
ਭਗਬਾਨਪੁਰ ਦੇ ਪੁਰਸ਼ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਬਿਜਲੀ ਪਰਿਯੋਜਨਾਵਾਂ ਵਿੱਚ ਕੰਮ ਕਰਨ ਲਈ ਸਾਲਾਂ ਤੋਂ ਪਲਾਇਨ ਕਰ ਰਹੇ ਹਨ। 53 ਸਾਲਾ ਅਖੀਮਉਦੀਨ ਨੇ ਕਰੀਬ 25 ਸਾਲ ਪਹਿਲਾਂ ਲਾਇਨਮੈਨ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। "ਮੈਂ ਹਿਮਾਚਲ ਪ੍ਰਦੇਸ ਵਿੱਚ ਸਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਤਦ ਮੈਨੂੰ ਇੱਕ ਦਿਨ ਵਿੱਚ 2.50 ਰੁਪਏ ਮਿਲ਼ਦੇ ਸਨ," ਉਹ ਦੱਸਦੇ ਹਨ। "ਜਿੰਨਾ ਹੋ ਸਕਦਾ ਹੈ ਅਸੀਂ ਓਨਾ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਪੈਸੇ ਆਪਣੇ ਕੋਲ਼ ਰੱਖਦੇ ਹਾਂ ਅਤੇ ਬਾਕੀ ਘਰ ਭੇਜ ਦਿੰਦੇ ਹਾਂ ਤਾਂਕਿ ਪਰਿਵਾਰ ਜਿਊਂਦੇ ਰਹਿ ਸਕਣ।" ਮਜ਼ਦੂਰਾਂ ਦੀ ਉਨ੍ਹਾਂ ਦੀ ਪੀੜ੍ਹੀ ਦੁਆਰਾ ਗਠਤ ਨੈਟਵਰਕ ਨੇ ਅਨਸ ਅਤੇ ਅਕਰਮ ਨੂੰ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚੱਲਣਾ ਸੁਖਾਲਾ ਬਣਾਇਆ।
ਪਰ ਉਨ੍ਹਾਂ ਦੀ ਨੌਕਰੀ ਖਤਰਿਆਂ ਨਾਲ਼ ਭਰੀ ਹੈ। ਅਕਰਮ ਨੇ ਆਪਣੇ ਕਈ ਸਾਥੀਆਂ ਨੂੰ ਬਿਜਲੀ ਦੇ ਝਟਕੇ ਨਾਲ਼ ਮਰਨ ਜਾਂ ਜ਼ਖਮੀ ਹੁੰਦੇ ਦੇਖਿਆ ਹੈ। "ਇਹ ਡਰਾਉਣਾ ਹੈ। ਸਾਨੂੰ ਮਾਮੂਲੀ ਸੁਰੱਖਿਆ ਮਿਲ਼ਦੀ ਹੈ। ਕਦੇ ਵੀ ਕੁਝ ਵੀ ਹੋ ਸਕਦਾ ਹੈ।" ਮਿਸਾਲ ਵਜੋਂ, ਵਾਤਾਵਰਣ ਸਬੰਧੀ ਆਫ਼ਤਾਵਾਂ ਜਿਵੇਂ ਕਿ ਇੱਕ ਜਿਹੜੀ ਉਨ੍ਹਾਂ ਦੇ ਭਰਾ ਨੂੰ ਵਹਾ ਲੈ ਗਈ (ਅਨਸ ਅਜੇ ਵੀ ਲਾਪਤਾ ਹੈ; ਉਨ੍ਹਾਂ ਦੀ ਲਾਸ਼ ਨਹੀਂ ਮਿਲ਼ੀ ਹੈ)। "ਪਰ ਸਾਡੇ ਕੋਲ਼ ਕੋਈ ਵਿਕਲਪ ਨਹੀਂ ਹੈ। ਜੀਵਤ ਰਹਿਣ ਲਈ ਸਾਨੂੰ ਕਮਾਉਣਾ ਹੀ ਪੈਂਦਾ ਹੈ। ਮਾਲਦਾ ਵਿੱਚ ਕੋਈ ਕੰਮ ਨਹੀਂ ਹੈ। ਸਾਨੂੰ ਇੱਥੋਂ ਪਲਾਇਨ ਕਰਨਾ ਹੀ ਪੈਂਦਾ ਹੈ।"
ਮਾਲਦਾ ਦੇਸ਼ ਦੇ ਸਭ ਤੋਂ ਗ਼ਰੀਬ ਜਿਲ੍ਹਿਆਂ ਵਿੱਚੋਂ ਇੱਕ ਹੈ। ਇਹਦੀ ਗ੍ਰਾਮੀਣ ਅਬਾਦੀ ਦਾ ਇੱਕ ਵੱਡਾ ਵਰਗ ਬੇਜ਼ਮੀਨਿਆਂ ਦਾ ਹੈ ਅਤੇ ਮਜ਼ਦੂਰੀ 'ਤੇ ਨਿਰਭਰ ਹੈ। "ਜਿਲ੍ਹੇ ਵਿੱਚ ਰੁਜ਼ਗਾਰ ਦਾ ਮੁੱਖ ਵਸੀਲਾ ਖੇਤੀ ਹੈ," ਮਾਲਦਾ ਦੇ ਸੀਨੀਅਰ ਪੱਤਰਕਾਰ, ਸੁਭਰੋ ਮੈਤਰਾ ਕਹਿੰਦੇ ਹਨ। "ਪਰ ਲੋਕਾਂ ਦੇ ਕੋਲ਼ ਛੋਟੇ-ਛੋਟੇ ਅਤੇ ਬਹੁਤ ਘੱਟ ਜੋਤਾਂ (ਭੂਖੰਡ) ਹਨ। ਉਨ੍ਹਾਂ ਵਿੱਚੋਂ ਬਹੁਤੇਰੀ ਜ਼ਮੀਨ ਅਕਸਰ ਆਉਣ ਵਾਲ਼ੇ ਹੜ੍ਹ ਨਾਲ਼ ਡੁੱਬ ਜਾਂਦੀ ਹੈ। ਇਹ ਕਿਸਾਨਾਂ ਦੇ ਨਾਲ਼-ਨਾਲ਼ ਖ਼ੇਤ ਮਜ਼ਦੂਰਾਂ ਲਈ ਵੀ ਅਸਹਿਣਯੋਗ ਹੈ।" ਉਹ ਅੱਗੇ ਦੱਸਦੇ ਹਨ ਕਿ ਜਿਲ੍ਹੇ ਵਿੱਚ ਕੋਈ ਉਦਯੋਗ ਨਹੀਂ ਹੈ, ਇਸਲਈ ਇੱਥੋਂ ਦੇ ਲੋਕ ਕੰਮ ਕਰਨ ਲਈ ਰਾਜ ਤੋਂ ਬਾਹਰ ਜਾਂਦੇ ਹਨ।
ਪੱਛਮ ਬੰਗਾਲ ਸਰਕਾਰ ਦੁਆਰਾ 2007 ਵਿੱਚ ਪ੍ਰਕਾਸਤ, ਜਿਲ੍ਹਾ ਮਾਨਵ ਵਿਕਾਸ ਰਿਪੋਰਟ : ਮਾਲਦਾ, ਮਜ਼ਦੂਰਾਂ ਦੇ ਪ੍ਰਵਾਸ ਦੇ ਕਾਰਨਾਂ ਨੂੰ ਉਜਾਗਰ ਕਰਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲ ਸ੍ਰੋਤਾਂ ਦਾ ਅਸਾਵੀਂ (ਅਸਾਮਾਨ) ਵੰਡ ਅਤੇ ਪ੍ਰਤੀਕੂਲ ਖੇਤੀ-ਜਲਵਾਯੂ ਹਾਲਤਾਂ ਜਿਲ੍ਹੇ ਦੇ ਖੇਤ ਮਜ਼ਦੂਰਾਂ 'ਤੇ ਉਲਟ ਅਸਰ ਪਾਉਂਦੀਆਂ ਹਨ ਅਤੇ ਹੌਲ਼ੀ ਗਤੀ ਨਾਲ਼ ਸ਼ਹਿਰੀਕਰਨ, ਉਦਯੋਗਿਤ ਗਤੀਵਿਧੀ ਦੀ ਘਾਟ ਅਤੇ ਗ੍ਰਾਮੀਣ ਖੇਤਰਾਂ ਵਿੱਚ ਕੰਮ ਦੀ ਮੌਸਮੀ ਘਾਟ ਨੇ ਮਜ਼ਦੂਰਾਂ ਦੇ ਪੱਧਰ ਨੂੰ ਘੱਟ ਕਰ ਦਿੱਤਾ ਹੈ, ਜਿਹਦੇ ਕਾਰਨ ਗ਼ਰੀਬ ਮਜ਼ਦੂਰਾਂ ਨੂੰ ਕੰਮ ਦੀ ਭਾਲ਼ ਵਿੱਚ ਦੂਰ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ, ਦੇਸ਼ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਬਾਵਜੂਦ, 37 ਸਾਲਾ ਨੀਰਜ ਮੋਂਡੋਲ ਦਿੱਲੀ ਵਿੱਚ ਬਿਹਤਰ ਸੰਭਾਵਨਾਵਾਂ ਭਾਲ਼ਣ ਲਈ ਮਾਲਦੇ ਤੋਂ ਰਵਾਨਾ ਹੋਏ। ਉਹ ਮਾਲਦਾ ਦੇ ਮਾਨੀਕਚਕ ਬਲਾਕ ਦੇ ਭੂਤਨੀ ਦਿਯਾਰਾ (ਨਦੀ ਦੇ ਕੰਢੇ ਸਥਿਤ ਦੀਪ) ਵਿੱਚ ਆਪਣੀ ਪਤਨੀ ਅਤੇ ਦੋ ਕਿਸ਼ੋਰ ਬੱਚਿਆਂ ਨੂੰ ਘਰੇ ਛੱਡ ਆਏ ਸਨ। "ਤੁਸੀਂ ਇੱਕ ਮਾਸਕ ਪਾਉਂਦੇ ਹੋ ਅਤੇ ਜੀਵਨ ਦੇ ਨਾਲ਼ ਚੱਲ ਪੈਂਦੇ ਹੋ," ਉਹ ਕਹਿੰਦੇ ਹਨ। "ਤਾਲਾਬੰਦੀ (2020) ਤੋਂ ਬਾਅਦ ਸ਼ਾਇਦ ਹੀ ਕੋਈ ਕੰਮ ਮਿਲ਼ਿਆ ਹੋਵੇ। ਸਰਕਾਰ ਨੇ ਜੋ ਦਿੱਤਾ, ਅਸੀਂ ਉਸੇ ਨਾਲ਼ ਕੰਮ ਚਲਾਇਆ, ਪਰ ਨਕਦੀ ਨਹੀਂ ਸੀ। ਉਂਝ ਵੀ ਮਾਲਦਾ ਵਿੱਚ ਕੰਮ ਘੱਟ ਹੀ ਮਿਲ਼ਦਾ ਹੈ।"
ਨੀਰਜ ਨੂੰ ਮਾਲਦਾ ਵਿੱਚ 200 ਰੁਪਏ ਦਿਹਾੜੀ ਮਿਲ਼ਦੀ ਸੀ, ਪਰ ਦਿੱਲੀ ਵਿੱਚ ਉਹ 500-550 ਰੁਪਏ ਕਮਾ ਸਕਦੇ ਹਨ, ਉਹ ਕਹਿੰਦੇ ਹਨ। "ਤੁਸੀਂ ਜ਼ਿਆਦਾ ਬਚਤ ਕਰ ਸਕਦੇ ਹੋ ਅਤੇ ਉਹਨੂੰ ਘਰ ਭੇਜ ਸਕਦੇ ਹੋ," ਉਹ ਕਹਿੰਦੇ ਹਨ। "ਬੇਸ਼ੱਕ, ਮੈਨੂੰ ਆਪਣੇ ਪਰਿਵਾਰ ਦੀ ਯਾਤ ਸਤਾਵੇਗੀ। ਕੋਈ ਵੀ ਖ਼ੁਸ਼ੀ ਨਾਲ਼ ਘਰੋਂ ਬੇਘਰ ਨਹੀਂ ਹੁੰਦਾ।"
ਪੱਛਮ ਬੰਗਾਲ ਵਿੱਚ ਵਿਧਾਨਸਭਾ ਚੋਣਾਂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ, ਪਰ ਨੀਰਜ ਨੂੰ ਵੋਟ ਪਾਉਣ ਦਾ ਮੌਕਾ ਗੁਆਉਣ ਦਾ ਮਾਸਾ ਅਫ਼ਸੋਸ ਨਹੀਂ ਹੈ। "ਜਮ਼ੀਨ 'ਤੇ ਕੁਝ ਵੀ ਨਹੀਂ ਬਦਲਦਾ ਹੈ," ਉਹ ਕਹਿੰਦੇ ਹਨ। "ਜਿੱਥੋਂ ਤੱਕ ਮੈਨੂੰ ਚੇਤੇ ਹੈ, ਲੋਕ ਹਮੇਸ਼ਾ ਸਾਡੇ ਪਿੰਡਾਂ ਤੋਂ ਪਲਾਇਨ ਕਰਦੇ ਰਹੇ ਹਨ। ਉਹਨੂੰ ਰੋਕਣ ਅਤੇ ਰੁਜ਼ਗਾਰ ਪੈਦਾ ਕਰਨ ਲਈ ਕੀ ਕੀਤਾ ਗਿਆ ਹੈ? ਮਾਲਦਾ ਵਿੱਚ ਕੰਮ ਕਰਨ ਵਾਲ਼ਿਆਂ ਦਾ ਗੁਜ਼ਾਰਾ ਮੁਸ਼ਕਲ ਨਾਲ਼ ਹੁੰਦਾ ਹੈ।"
ਗੁਲਨੂਰ ਬੀਬੀ ਦੇ ਪਤੀ, 35 ਸਾਲਾ ਨਿਜਮਿਲ ਸ਼ੇਖ ਇਹਨੂੰ ਚੰਗੀ ਤਰ੍ਹਾਂ ਜਾਣਦੇ ਹਨ। ਲਗਭਗ 17,400 ਲੋਕਾਂ ਦੀ ਅਬਾਦੀ (ਮਰਦਮਸ਼ੁਮਾਰੀ 2011) ਵਾਲ਼ੇ ਪਿੰਡ, ਭਗਬਾਨਪੁਰ ਵਿੱਚ ਉਹ ਦੁਰਲਭ ਲੋਕਾਂ ਵਿੱਚੋਂ ਇੱਕ ਹਨ, ਜੋ ਇੱਥੋਂ ਕਦੇ ਬਾਹਰ ਨਹੀਂ ਗਏ। ਪਰਿਵਾਰ ਦੇ ਕੋਲ਼ ਪਿੰਡ ਵਿੱਚ ਪੰਜ ਏਕੜ ਜ਼ਮੀਨ ਹੈ, ਪਰ ਨਿਜਮਿਲ ਤਕਰੀਬਨ 30 ਕਿਲੋਮੀਟਰ ਦੂਰ, ਮਾਲਦਾ ਸ਼ਹਿਰ ਵਿੱਚ ਨਿਰਮਾਣ ਸਥਲਾਂ 'ਤੇ ਕੰਮ ਕਰਦੇ ਹਨ। "ਉਹ ਇੱਕ ਦਿਨ ਵਿੱਚ 200-250 ਰੁਪਏ ਦੇ ਆਸਪਾਸ ਕਮਾਉਂਦੇ ਹਨ," 30 ਸਾਲਾ ਗੁਲਨੂਰ ਦੱਸਦੀ ਹਨ। "ਪਰ ਕੰਮ ਸਦਾ ਨਹੀਂ ਮਿਲ਼ਦਾ। ਉਹ ਅਕਸਰ ਬਿਨਾ ਕਿਸੇ ਪੈਸੇ ਦੇ ਘਰ ਆਉਂਦੇ ਹਨ।"
ਹਾਲ ਹੀ ਵਿੱਚ ਗੁਲਨੂਰ ਦੇ ਓਪਰੇਸ਼ਨ 'ਤੇ ਉਨ੍ਹਾਂ ਨੂੰ 35,000 ਰੁਪਏ ਖ਼ਰਚ ਕਰਨੇ ਪਏ ਸਨ। "ਉਹਦੇ ਲਈ ਅਸੀਂ ਆਪਣੀ ਜ਼ਮੀਨ ਦਾ ਇੱਕ ਹਿੱਸਾ ਵੇਚ ਦਿੱਤਾ," ਉਹ ਦੱਸਦੀ ਹਨ। "ਸਾਡੇ ਕੋਲ਼ ਬਿਪਤਾ ਦੀ ਕਿਸੇ ਵੀ ਘੜੀ ਲੀ ਪੈਸੇ ਨਹੀਂ ਹਨ। ਅਸੀਂ ਬੱਚਿਆਂ ਨੂੰ ਕਿਵੇਂ ਪੜ੍ਹਾਵਾਂਗੇ?" ਗੁਲਨੂਰ ਅਤੇ ਨਿਜਮਿਲ ਦੀਆਂ ਤਿੰਨ ਧੀਆਂ ਅਤੇ ਦੋ ਬੇਟੇ ਹਨ, ਜਿਨ੍ਹਾਂ ਦੀ ਉਮਰ 6 ਤੋਂ 16 ਸਾਲ ਤੱਕ ਹੈ।
ਅਨਸ ਦੇ ਲਾਪਤਾ ਹੋਣ ਤੋਂ ਪਹਿਲਾਂ ਤੱਕ, ਰੇਹਾਨਾ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਚਿੰਤਾ ਨਹੀਂ ਕਰਨੀ ਪੈਂਦੀ ਸੀ। ਉਨ੍ਹਾਂ ਦੀ ਧੀ 16 ਸਾਲਾ ਨਸਰੀਬਾ ਅਤੇ ਬੇਟਾ, 15 ਸਾਲਾ ਨਸੀਬ ਆਪਣੇ ਪਿਤਾ ਵੱਲੋਂ ਘਰ ਭੇਜੇ ਗਏ ਪੈਸਿਆਂ ਕਰਕੇ ਪੜ੍ਹਾਈ ਕਰ ਸਕਦੇ ਸਨ। "ਉਹ ਆਪਣੇ ਲਈ ਕੁਝ ਵੀ ਨਹੀਂ ਰੱਖਦੇ ਸਨ," ਰੇਹਾਨਾ ਦੱਸਦੀ ਹਨ। "ਉਨ੍ਹਾਂ ਨੇ ਦਿਹਾੜੀ 'ਤੇ ਕੰਮ ਸ਼ੁਰੂ ਕੀਤਾ ਪਰ ਹਾਲ ਹੀ ਵਿੱਚ ਉਨ੍ਹਾਂ ਨੂੰ ਇੱਕ ਸਥਾਈ ਪਦ ਮਿਲ਼ ਗਿਆ ਸੀ। ਸਾਨੂੰ ਉਨ੍ਹਾਂ 'ਤੇ ਬੜਾ ਮਾਣ ਸੀ।"
ਚਮੋਲੀ ਆਫ਼ਤ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਪਰ ਅਨਸ ਦੀ ਗ਼ੈਰ-ਹਾਜ਼ਰੀ ਦਾ ਦੁਖ ਅਜੇ ਘੱਟ ਨਹੀਂ ਹੋਇਆ ਹੈ, ਰੇਹਾਨਾ ਕਹਿੰਦੀ ਹਨ। ਪਰਿਵਾਰ ਨੂੰ ਆਪਣੇ ਭਵਿੱਖ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਮਿਲ਼ਿਆ। ਗ੍ਰਹਿਣੀ ਰਹਿ ਚੁੱਕੀ ਰੇਹਾਨਾ ਕਹਿੰਦੀ ਹਨ ਕਿ ਉਹ ਆਂਗਨਵਾੜੀ ਜਾਂ ਪਿੰਡ ਦੀ ਸਿਹਤ ਕਰਮੀ ਬਣ ਸਕਦੀ ਹਨ। ਉਹ ਜਾਣਦੀ ਹਨ ਕਿ ਉਨ੍ਹਾਂ ਨੂੰ ਨੌਕਰੀ ਕਰਨ ਅਤੇ ਸਿੱਖਿਅਤ ਹੋਣ ਦੀ ਲੋੜ ਹੈ। "ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਅੜਿਕਾ ਪਵੇ," ਉਹ ਕਹਿੰਦੀ ਹਨ। "ਮੈਂ ਇਹਨੂੰ ਜਾਰੀ ਰੱਖਣ ਲਈ ਕੁਝ ਵੀ ਕਰਾਂਗੀ।"
ਤਰਜਮਾ : ਕਮਲਜੀਤ ਕੌਰ