ਐੱਸ. ਮੁਥੂਪਚੀ ਸ਼ਾਂਤੀ ਨਾਲ਼ ਆਪਣੀਆਂ ਦਿੱਕਤਾਂ ਬਾਰੇ ਦੱਸਦੀ ਹਨ। ਕਰਾਗੱਟਮ, ਇੱਕ ਪਰੰਪਰਾਗਤ ਕਲਾ ਦਾ ਅਜਿਹਾ ਰੂਪ ਹੈ ਜਿਸ ਦੀ ਪੇਸ਼ਕਾਰੀ ਕਰਕੇ ਉਹ ਆਪਣੀ ਰੋਜ਼ੀਰੋਟੀ ਚਲਾਉਂਦੀ ਹਨ, ਜੋ ਪੂਰੀ ਰਾਤ ਨੱਚਣ ਵਾਸਤੇ ਮੁਹਾਰਤ ਅਤੇ ਤਾਕਤ ਦੀ ਮੰਗ ਕਰਦਾ ਹੈ। ਫਿਰ ਵੀ, ਪ੍ਰਦਰਸ਼ਨ ਕਰਨ ਵਾਲ਼ਿਆਂ ਨਾਲ਼ ਅਕਸਰ ਅਭੱਦਰ ਸਲੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਲੰਕਤ ਕੀਤਾ ਜਾਂਦਾ ਹੈ, ਇੰਨਾ ਹੀ ਨਹੀਂ ਉਨ੍ਹਾਂ ਲਈ ਸਮਾਜਿਕ ਸੁਰੱਖਿਆ ਦੀ ਵੀ ਘਾਟ ਹੈ। 44 ਸਾਲਾ ਇਸ ਕਲਾਕਾਰ ਨੇ ਸਾਰਿਆਂ ਨੂੰ ਪਛਾੜ ਦਿੱਤਾ ਹੈ।
10 ਸਾਲ ਪਹਿਲਾਂ ਪਤੀ ਦੀ ਮੌਤ ਹੋਣ ਕਰਕੇ ਇਕੱਲੀ ਮਾਂ ਹੋਣ ਦੇ ਬਾਵਜੂਦ ਮੁਥੂਪਚੀ ਨੇ ਆਪਣੇ ਸਾਰੇ ਖ਼ਰਚਿਆਂ ਦੀ ਪੂਰਤੀ ਆਪਣੀ ਕਮਾਈ ਤੋਂ ਹੀ ਕੀਤੀ, ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀਆਂ ਦੋ ਧੀਆਂ ਦਾ ਵਿਆਹ ਵੀ ਕੀਤਾ। ਪਰ ਉਦੋਂ ਹੀ, ਕੋਵਿਡ-19 ਨੇ ਦਸਤਕ ਦਿੱਤੀ।
ਜਦੋਂ ਉਹ ਕਰੋਨਾਵਾਇਰਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੀ ਅਵਾਜ਼ ਗੁੱਸੇ ਅਤੇ ਤਕਲੀਫ਼ ਨਾਲ਼ ਭਰ ਗਈ। " ਪਾਜ਼੍ਹਾ ਪੋਨਾ ਕਰੋਨਾ (ਇਹ ਮਨਹੂਸ ਕਰੋਨਾ)," ਉਹ ਇਸ ਬੀਮਾਰੀ ਨੂੰ ਕੋਸਦਿਆਂ ਕਹਿੰਦੀ ਹਨ। "ਕੋਈ ਕਮਾਈ ਨਹੀਂ ਰਹੀ ਕਿਉਂਕਿ ਕੋਈ ਪੇਸ਼ਕਾਰੀ ਹੀ ਨਹੀਂ ਹੁੰਦੀ। ਮੈਨੂੰ ਆਪਣੀਆਂ ਧੀਆਂ ਕੋਲ਼ੋਂ ਉਧਾਰ ਫੜ੍ਹਨ ਲਈ ਮਜ਼ਬੂਰ ਹੋਣਾ ਪਿਆ।" "ਸਰਕਾਰ ਨੇ ਪਿਛਲੇ ਸਾਲ 2,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਵਾਅਦਾ ਕੀਤਾ," ਮੁਥੂਪਚੀ ਕਹਿੰਦੀ ਹਨ। "ਪਰ ਸਿਰਫ਼ 1000 ਰੁਪਏ ਹੀ ਸਾਡੇ ਹੱਥ ਆਏ। ਅਸੀਂ ਇਸ ਸਾਲ ਮਧੁਰਾਈ ਦੇ ਕੁਲੈਕਟਰ ਅੱਗੇ ਅਪੀਲ ਕੀਤੀ ਪਰ ਇਸ ਅਪੀਲ ਵਿੱਚੋਂ ਹਾਲੇ ਤੀਕਰ ਕੁਝ ਬਾਹਰ ਨਹੀ ਨਿਕਲ਼ਿਆ।" ਅਪ੍ਰੈਲ-ਮਈ 2020 ਵਿੱਚ, ਤਮਿਲਨਾਡੂ ਸਰਕਾਰ ਨੇ ਦੋ ਵਾਰ ਲੋਕ ਕਲਾਕਾਰਾਂ ਦੇ ਭਲਾਈ ਫੰਡ ਬੋਰਡ ਵਿੱਚ ਪੰਜੀਕ੍ਰਿਤ ਕਲਾਕਾਰਾਂ ਲਈ 1,000 ਰੁਪਏ ਵਿਸ਼ੇਸ਼ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ।
ਮਹਾਂਮਾਰੀ ਦੇ ਆਉਣ ਨਾਲ਼ ਮਧੁਰਾਈ ਜਿਲ੍ਹੇ ਅੰਦਰ ਕਰੀਬ 1,200 ਕਲਾਕਾਰ ਬਗ਼ੈਰ ਕੰਮ ਤੋਂ ਸੰਘਰਸ਼ ਕਰਦੇ ਰਹੇ, ਮਧੂਰਾਈ ਗੋਵਿੰਦਰਾਜ ਕਹਿੰਦੀ ਹਨ, ਜੋ ਪ੍ਰਸਿੱਧ ਕਲਾਕਾਰ ਅਤੇ ਲੋਕ ਕਲਾ ਦੇ ਇਸ ਰੂਪ ਦੀ ਅਧਿਆਪਕਾ ਹਨ। ਕਰਾਗੱਟਮ ਦੇ ਕਰੀਬ 120 ਕਲਾਕਾਰ ਅਵਾਨਿਆਪੁਰਮ ਸ਼ਹਿਰ ਦੇ ਅੰਬੇਦਕਰ ਨਗਰ ਦੇ ਗੁਆਂਢ ਵਿੱਚ ਰਹਿੰਦੇ ਹਨ, ਜਿੱਥੇ ਮੈਂ ਮਈ ਮਹੀਨੇ ਵਿੱਚ ਮੁਥੂਪਚੀ ਅਤੇ ਹੋਰਨਾਂ ਨਾਲ਼ ਮਿਲ਼ਿਆ ਸਾੰ।
ਧਾਰਮਿਕ ਤਿਓਹਾਰਾਂ/ਸਮਾਗਮਾਂ ਦੌਰਾਨ, ਸੱਭਿਆਚਾਰਕ ਸਮਾਗਮਾਂ ਅਤੇ ਸਮਾਜਿਕ ਸਮਾਗਮਾਂ ਜਿਵੇਂ ਵਿਆਹ ਅਤੇ ਅੰਤਮ ਸਸਕਾਰਾਂ ਮੌਕੇ ਵੱਡੇ ਪੱਧਰ 'ਤੇ ਇਸ ਗ੍ਰਾਮੀਣ ਨਾਚ, ਕਰਾਗੱਟਮ ਦਾ ਮੰਚਨ ਮੰਦਰਾਂ ਵਿੱਚ ਹੀ ਕੀਤਾ ਜਾਂਦਾ ਹੈ। ਕਲਾਕਾਰ ਆਦਿ ਦ੍ਰਾਵਿੜਾ ਜਾਤੀ ਨਾਲ਼ ਸਬੰਧ ਰੱਖਣ ਵਾਲ਼ੇ ਦਲਿਤ ਹਨ। ਉਹ ਗੁ਼ਜ਼ਾਰੇ ਲਈ ਆਪਣੀ ਕਲਾ 'ਤੇ ਨਿਰਭਰ ਕਰਦੇ ਹਨ।
ਕਰਾਗੱਟਮ ਇੱਕ ਸਮੂਹ ਨਾਚ ਹੈ ਜੋ ਔਰਤਾਂ ਅਤੇ ਪੁਰਸ਼ਾਂ ਦੁਆਰਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿਰਾਂ 'ਤੇ ਸਜੇ ਹੋਏ ਭਾਰੇ ਮਟਕੇ ਟਿਕਾਏ ਹੁੰਦੇ ਹਨ ਜਿਨ੍ਹਾਂ ਨੂੰ ਕਰਾਗਮ ਕਹਿੰਦੇ ਹਨ। ਅਕਸਰ ਉਹ ਪੂਰੀ ਰਾਤ ਪੇਸ਼ਕਾਰੀ ਕਰਦੇ ਹਨ ਜੋ ਰਾਤੀਂ 10 ਵਜੇ ਤੋਂ ਸਵੇਰ ਦੇ 3 ਵਜੇ ਤੱਕ ਹੁੰਦੀ ਹੈ।
ਕਿਉਂਕਿ ਮੰਦਰ ਦੇ ਤਿਓਹਾਰ ਉਨ੍ਹਾਂ (ਕਲਾਕਾਰਾਂ) ਦੀ ਆਮਦਨੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ- ਖ਼ਾਸ ਕਰਕੇ ਜੋ ਤਿਓਹਾਰ ਫਰਵਰੀ ਅਤੇ ਸਤੰਬਰ ਦੇ ਵਿਚਕਾਰ ਆਉਂਦੇ ਹਨ- ਹੁਣ ਕਲਾਕਾਰਾਂ ਦੀ ਇਹੀ ਆਦਮਨੀ ਪਿਛਲੇ ਇੱਕ ਸਾਲ ਤੋਂ ਨਹੀਂ ਹੋਈ ਅਤੇ ਉਹ ਆਪਣਾ ਡੰਗ ਟਪਾਉਣ ਲਈ ਕਰਜ਼ਾ ਫੜ੍ਹਨ ਲਈ ਮਜ਼ਬੂਰ ਹਨ।
ਪਰ ਮਹਾਂਮਾਰੀ ਨੇ ਉਨ੍ਹਾਂ ਦੇ ਪਹਿਲਾਂ ਤੋਂ ਸੀਮਤ ਵਸੀਲਿਆਂ ਨੂੰ ਪ੍ਰਭਾਵਤ ਕੀਤਾ ਹੈ। ਇਹਨੇ ਉਨ੍ਹਾਂ ਦੇ ਗਹਿਣਿਆਂ ਦੇ ਨਾਲ਼-ਨਾਲ਼ ਘਰ ਦੀਆਂ ਹੋਰ ਕੀਮਤੀ ਚੀਜ਼ਾਂ ਨੂੰ ਨਿਗਲ਼ ਲਿਆ ਹੈ। ਹੁਣ ਕਲਾਕਾਰ ਚਿੰਤਤ ਅਤੇ ਪਰੇਸ਼ਾਨ ਹਨ।
"ਕਰਾਗੰਟਮ ਉਹ ਸਭ ਹੈ ਜੋ ਮੈਂ ਜਾਣਦੀ ਹਾਂ," 30 ਸਾਲਾ ਨਾਲੂਥਾਈ ਕਹਿੰਦੀ ਹਨ। ਇਹ ਇਕੱਲੀ ਮਾਂ, ਪਿਛਲੇ 15 ਸਾਲਾਂ ਤੋਂ ਪੇਸ਼ਕਾਰੀ ਕਰਦੀ ਆਈ ਹਨ। "ਹੁਣ ਇਸ ਵੇਲੇ ਮੇਰੇ ਦੋ ਬੱਚੇ ਅਤੇ ਮੈਂ ਬਿਨਾ ਰਾਸ਼ਨ ਅਤੇ ਦਾਲਾਂ ਤੋਂ ਰਹਿ ਰਹੀ ਹਾਂ। ਪਰ ਮੈਂ ਨਹੀਂ ਜਾਣਦੀ ਕਿ ਅਸੀਂ ਇਸੇ ਹਾਲਤ ਵਿੱਚ ਹੋਰ ਕਿੰਨਾ ਚਿਰ ਰਹਿ ਸਕਦੇ ਹਾਂ। ਮੈਨੂੰ ਜਿਊਂਦੇ ਰਹਿਣ ਲਈ ਹਰ ਮਹੀਨੇ 10 ਦਿਨ ਕੰਮ ਚਾਹੀਦਾ ਹੈ। ਸਿਰਫ਼ ਉਦੋਂ ਹੀ ਮੈਂ ਆਪਣੇ ਪਰਿਵਾਰ ਨੂੰ ਪਾਲ ਸਕਦੀ ਹਾਂ ਅਤੇ ਬੱਚਿਆਂ ਦੀ ਸਕੂਲ ਫੀਸ ਦੇ ਸਕਦੀ ਹਾਂ।" ਨਾਲੂਥਾਈ ਦੇ ਬੱਚਿਆਂ ਦੀ ਸਲਾਨਾ ਫੀਸ 40,000 ਹੈ, ਜੋ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਹਨ। ਉਹ ਚਾਹੁੰਦੇ ਹਨ ਕਿ ਮੈਂ ਇਹ ਕੰਮ (ਨਾਚ) ਛੱਡ ਦਿਆਂ, ਉਹ ਕਹਿੰਦੀ ਹਨ। ਬੱਚਿਆਂ ਦੀ ਚੰਗੀ ਸਿੱਖਿਆ ਨੂੰ ਲੈ ਕੇ ਉਨ੍ਹਾਂ ਨੇ ਉਮੀਦ ਕੀਤੀ ਕਿ ਉਨ੍ਹਾਂ ਅੱਗੇ ਬਹੁਤੇਰੇ ਵਿਕਲਪ ਹੋਣਗੇ। ਪਰ ਇਸ ਤੋਂ ਪਹਿਲਾਂ ਹੀ ਮਹਾਂਮਾਰੀ ਫੁੱਟ ਪਈ। "ਮੈਨੂੰ ਹੁਣ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਔਖੀਆਂ ਜਾਪ ਰਹੀਆਂ ਹਨ।"
ਕਰਾਗੰਟਮ ਨਾਚੇ, ਜਦੋਂ ਤਿਓਹਾਰ ਵਿੱਚ ਪੇਸ਼ਕਾਰੀ ਕਰਦੇ ਹਨ ਤਾਂ ਪ੍ਰਤੀ ਵਿਅਕਤੀ 1,500-3,000 ਰੁਪਏ ਕਮਾ ਲੈਂਦੇ ਹਨ। ਅੰਤਮ-ਸਸਕਾਰ ਮੌਕੇ ਇਹ ਰਾਸ਼ੀ ਘੱਟ ਹੁੰਦੀ ਹੈ- ਜਿਸ ਵੇਲੇ ਉਹ ਓਪਾਰੀ (ਮਰਸਿਆ) ਗਾਉਂਦੇ ਹਨ ਅਤੇ ਉਨ੍ਹਾਂ ਨੂੰ 500-800 ਰੁਪਏ ਪ੍ਰਤੀ ਵਿਅਕਤੀ ਮਿਲ਼ਦੇ ਹਨ। ਮਹਾਂਮਾਰੀ ਦੇ ਪੂਰੇ ਕਾਲ਼ ਦੌਰਾਨ ਮਰਸਿਆ ਹੀ ਉਨ੍ਹਾਂ ਦੀ ਆਮਦਨੀ ਦਾ ਮੁੱਖ ਵਸੀਲਾ ਰਿਹਾ, 23 ਸਾਲਾ ਏ. ਮੁਥੂਲਕਸ਼ਮੀ ਕਹਿੰਦੀ ਹਨ। ਉਹ ਆਪਣੇ ਮਾਪਿਆਂ ਨਾਲ਼ 8 x 8 ਫੁੱਟ ਦੇ ਇੱਕ ਕਮਰੇ ਵਿੱਚ ਰਹਿੰਦੀ ਹਨ, ਉਹ ਦੋਵੇਂ ਹੀ ਨਿਰਮਾਣ ਸਥਲਾਂ 'ਤੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮਹਾਂਮਾਰੀ ਦੌਰਾਨ ਬਹੁਤੀ ਕਮਾਈ ਨਹੀਂ ਕੀਤੀ ਅਤੇ ਜਦੋਂ ਤਾਲਾਬੰਦੀ ਦੀਆਂ ਰੋਕਾਂ ਵਿੱਚ ਥੋੜ੍ਹੀ ਢਿੱਲ ਦਿੱਤੀ ਗਈ ਤਾਂ ਥੋੜ੍ਹੀ ਰਾਹਤ ਜ਼ਰੂਰ ਮਿਲ਼ੀ ਪਰ ਕਰਾਗੱਟਮ ਕਲਾਕਾਰਾਂ ਦੀ ਆਮਦਨੀ ਹੋਰ ਘੱਟ ਗਈ। ਮੰਦਰ ਦੇ ਤਿਓਹਾਰਾਂ ਵੇਲ਼ੇ ਜਦੋਂ ਉਹ ਪੇਸ਼ਕਾਰੀ ਕਰਦੇ ਤਾਂ ਉਨ੍ਹਾਂ ਨੂੰ ਆਮ ਨਾਲ਼ੋਂ ਇੱਕ ਤਿਹਾਈ ਭੁਗਤਾਨ ਹੀ ਕੀਤਾ ਜਾਂਦਾ।
ਆਰ. ਗਨਾਨਮਲ, ਉਮਰ 57 ਸਾਲ, ਸੀਨੀਅਰ ਡਾਂਸਰ, ਇਨ੍ਹਾਂ ਘਟਨਾਵਾਂ ਦੇ ਵਰਤਾਰਿਆਂ ਵਿੱਚ ਨਿਰਾਸ਼ ਹਨ। "ਮੈਨੂੰ ਬਹੁਤ ਘੁਟਣ ਮਹਿਸੂਸ ਹੁੰਦੀ ਹੈ," ਉਹ ਕਹਿੰਦੀ ਹਨ। ''ਮੈਂ ਕਈ ਵਾਰੀ ਹੈਰਾਨ ਹੁੰਦੀ ਹਾਂ ਕਿ ਕੀ ਮੈਨੂੰ ਮਰ ਜਾਣਾ ਚਾਹੀਦਾ ਹੈ...''
ਗਨਾਨਾਮਲ ਦੇ ਦੋਵੇਂ ਪੁੱਤਰ ਮਰ ਚੁੱਕੇ ਹਨ। ਉਹ ਅਤੇ ਉਨ੍ਹਾਂ ਦੀਆਂ ਦੋਨੇਂ ਨੂੰਹਾਂ ਮਿਲ਼ ਕੇ ਘਰ ਚਲਾਉਂਦੀਆਂ ਹਨ, ਘਰ ਵਿੱਚ ਪੰਜ ਬੱਚੇ ਹਨ। ਉਹ ਅਜੇ ਵੀ ਅਦਾਕਾਰੀ ਕਰਦੀ ਹਨ ਅਤੇ ਉਨ੍ਹਾਂ ਦੀ ਛੋਟੀ ਨੂੰਹ ਉਨ੍ਹਾਂ ਦਾ ਸਾਥ ਦਿੰਦੀ ਹਨ, ਜਦੋਂਕਿ ਵੱਡੀ ਨੂੰਹ ਜੋ ਇੱਕ ਦਰਜ਼ੀ ਹੈ, ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਘਰ ਸਾਂਭਦੀ ਹੈ।
ਬੀਤੇ ਵੇਲ਼ੇ ਵਿੱਚ ਤਿਓਹਾਰ ਅਤੇ ਸਮਾਗਮ ਉਨ੍ਹਾਂ ਨੂੰ ਇੰਨਾ ਰੁਝਾਈ ਰੱਖਦੇ ਕਿ ਖਾਣਾ ਖਾਣ ਲਈ ਵੀ ਸੀਮਤ ਸਮਾਂ ਮਿਲ਼ਦਾ ਸੀ, 35 ਸਾਲਾ ਐੱਮ. ਅਲਾਗੁਪਾਂਡੀ ਕਹਿੰਦੀ ਹਨ। ''ਉਦੋਂ ਇੱਕ ਸਾਲ ਵਿੱਚ 120-150 ਦਿਨਾਂ ਦਾ ਕੰਮ ਮਿਲ਼ਦਾ ਸੀ।''
ਭਾਵੇਂ ਕਿ ਅਲਾਗੁਪਾਂਡੀ ਖ਼ੁਦ ਪੜ੍ਹ-ਲਿਖ ਨਹੀਂ ਸਕੀ ਪਰ ਉਨ੍ਹਾਂ ਦੇ ਬੱਚੇ ਪੜ੍ਹ ਰਹੇ ਹਨ, ਉਹ ਕਹਿੰਦੀ ਹਨ। ''ਮੇਰੀ ਧੀ ਕਾਲਜ ਵਿੱਚ ਹੈ। ਉਹ ਕੰਪਿਊਟਰ ਸਾਇੰਸ ਵਿੱਚ ਆਪਣੀ ਬੀਐੱਸਸੀ ਦੀ ਡਿਗਰੀ ਕਰ ਰਹੀ ਹੈ।'' ਹਾਲਾਂਕਿ, ਆਨਲਾਈਨ ਕਲਾਸਾਂ ਇੱਕ ਵੱਡਾ ਘਾਟਾ ਹੈ, ਉਹ ਅੱਗੇ ਦੱਸਦੀ ਹਨ। ''ਸਾਨੂੰ ਪੂਰੀ ਫੀਸ ਅਦਾ ਕਰਨ ਨੂੰ ਕਿਹਾ ਜਾਂਦਾ ਹੈ, ਜਦੋਂ ਕਿ ਅਸੀਂ ਪੈਸੇ-ਪੈਸੇ ਲਈ ਸੰਘਰਸ਼ ਕਰ ਰਹੇ ਹਾਂ।''
ਟੀ. ਨਾਗਾਜਯੋਤੀ ਉਮਰ 33 ਸਾਲ, ਜਿਨ੍ਹਾਂ ਨੇ ਕਰਾਗੱਟਮ ਚੁਣਿਆ ਕਿਉਂਕਿ ਉਨ੍ਹਾਂ ਦੀ ਅਠਾਈ (ਆਂਟੀ) ਇੱਕ ਮਕਬੂਲ ਕਲਾਕਾਰ ਸਨ, ਉਨ੍ਹਾਂ ਦੀਆਂ ਚਿੰਤਾਵਾਂ ਦਬਾਅਪਾਊ ਅਤੇ ਤਤਕਾਲਕ ਹਨ। ਉਹ ਕਰੀਬ ਛੇ ਸਾਲਾਂ ਤੋਂ, ਜਦੋਂ ਉਨ੍ਹਾਂ ਦੇ ਪਤੀ ਦੀ ਮੌਤ ਹੋਈ ਸੀ, ਇਕੱਲਿਆਂ ਹੀ ਘਰ ਚਲਾ ਰਹੀ ਹਨ। "ਮੇਰੇ ਬੱਚੇ 9ਵੀਂ ਅਤੇ 10ਵੀਂ ਜਮਾਤ ਵਿੱਚ ਹਨ। ਮੈਨੂੰ ਉਨ੍ਹਾਂ ਨੂੰ ਪਾਲਣਾ ਬਹੁਤ ਔਖਾ ਲੱਗ ਰਿਹਾ ਹੈ," ਉਹ ਕਹਿੰਦੀ ਹਨ।
ਨਾਗਾਜਯੋਤੀ ਤਿਓਹਾਰ ਦੌਰਾਨ 20 ਦਿਨ ਵੀ ਪੇਸ਼ਕਾਰੀ ਕਰ ਸਕਦੀ ਹਨ। ਭਾਵੇਂ ਉਹ ਬੀਮਾਰ ਹੀ ਹੋਣ, ਉਹ ਦਵਾਈ ਲੈਂਦੀ ਹਨ ਅਤੇ ਕੰਮ 'ਤੇ ਰੁੱਝ ਜਾਂਦੀ ਹਨ। ''ਜੋ ਵੀ ਹੋਵੇ, ਮੈਂ ਪੇਸ਼ਕਾਰੀ ਬੰਦ ਨਹੀਂ ਕਰਾਂਗੀ। ਮੈਨੂੰ ਕਰਾਗੱਟਮ ਚੰਗਾ ਲੱਗਦਾ ਹੈ,'' ਉਹ ਕਹਿੰਦੀ ਹਨ।
ਇਸ ਮਹਾਂਮਾਰੀ ਦੌਰਾਨ ਇਨ੍ਹਾਂ ਕਰਾਗੱਟਮ ਕਲਾਕਾਰਾਂ ਦੀਆਂ ਜ਼ਿੰਦਗੀਆਂ ਉਲਟ-ਪੁਲਟ ਹੋ ਗਈਆਂ ਹਨ। ਉਹ ਸੰਗੀਤ, ਪੇਸ਼ਕਾਰੀ ਮੰਚਨਾਂ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਦੇਣ ਵਾਲ਼ੇ ਪੈਸੇ ਦੀ ਉਡੀਕ ਕਰ ਰਹੇ ਹਨ। ''ਸਾਡੇ ਬੱਚੇ ਚਾਹੁੰਦੇ ਹਨ ਕਿ ਅਸੀਂ ਇਹ ਕੰਮ ਛੱਡ ਦੇਈਏ,'' ਅਲਾਗੁਪਾਂਡੀ ਕਹਿੰਦੀ ਹਨ। ''ਅਸੀਂ ਇਹ ਕੰਮ ਸਿਰਫ਼ ਉਦੋਂ ਹੀ ਛੱਡ ਸਕਦੇ ਹਾਂ ਜਦੋਂ ਉਨ੍ਹਾਂ ਦੀ ਪੜ੍ਹਾਈ ਪੂਰੀ ਹੋ ਜਾਵੇ ਅਤੇ ਉਹ ਚੰਗੀ ਨੌਕਰੀ 'ਤੇ ਲੱਗ ਜਾਣ।''
ਇਸ ਸਟੋਰੀ ਦਾ ਲੇਖਣ ਅਰਪਨਾ ਕਾਰਤੀਕੇਯਨ ਨੇ ਰਿਪੋਰਟ ਦੇ ਸਹਿਯੋਗ ਨਾਲ਼ ਕੀਤਾ ਹੈ।
ਤਰਜਮਾ : ਕਮਲਜੀਤ ਕੌਰ