''ਇਸ ਕੰਮ ਵਿੱਚ ਨਾ ਤਾਂ ਕੋਈ ਛੁੱਟੀ ਮਿਲ਼ਦੀ ਹੈ, ਨਾ ਹੀ ਕੋਈ ਬ੍ਰੇਕ ਤੇ ਨਾ ਹੀ ਕੰਮ ਦੇ ਘੰਟੇ ਹੀ ਤੈਅ ਹੁੰਦੇ ਹਨ।''
37 ਸਾਲਾ ਸ਼ੇਖ ਸਲਾਊਦੀਨ, ਹੈਦਰਾਬਾਦ ਦੀ ਇੱਕ ਕੈਬ (ਟੈਕਸੀ) ਕੰਪਨੀ ਵਿੱਚ ਡਰਾਈਵਰ ਹਨ। ਉਨ੍ਹਾਂ ਗ੍ਰੈਜੁਏਸ਼ਨ ਕੀਤੀ ਹੋਈ ਪਰ ਕਹਿੰਦੇ ਹਨ ਕਿ ਉਨ੍ਹਾਂ ਨੇ ਕੰਪਨੀ ਦੇ ਇਕਰਾਰਨਾਮੇ ਨੂੰ ਕਦੇ ਪੜ੍ਹਿਆ ਹੀ ਨਹੀਂ ਜੋ ਉਨ੍ਹਾਂ ਕੰਪਨੀ ਨਾਲ਼ ਕੀਤਾ ਹੈ। ''ਇਸ ਅੰਦਰ ਬਹੁਤ ਸਾਰੀਆਂ ਕਨੂੰਨੀ ਸ਼ਰਤਾਂ ਭਰੀਆਂ ਪਈਆਂ ਹਨ।'' ਇਕਰਾਰਨਾਮਾ ਸਿਰਫ਼ ਐਪ 'ਤੇ ਮੌਜੂਦ ਹੈ ਜੋ ਉਨ੍ਹਾਂ ਡਾਊਨਲੋਡ ਕੀਤੀ ਹੈ ਪਰ ਹੱਥ ਵਿੱਚ ਕੋਈ ਲਿਖਤੀ ਸਬੂਤ ਨਹੀਂ।
ਡਿਲੀਵਰੀ ਏਜੰਟ ਰਮੇਸ਼ ਦਾਸ ਕਹਿੰਦੇ ਹਨ,''ਕਿਸੇ ਇਕਰਾਰਨਾਮੇ 'ਤੇ ਹਸਤਾਖ਼ਰ ਨਹੀਂ ਕੀਤਾ ਗਿਆ।'' ਉਹ ਕੰਮ ਦੀ ਤਲਾਸ਼ ਵਿੱਚ ਕੋਲ਼ਕਾਤਾ ਤੋਂ ਇੱਥੇ ਆਏ ਸਨ। ਉਹ ਕਿਸੇ ਕਨੂੰਨੀ ਗਰੰਟੀ ਦੀ ਭਾਲ਼ ਵਿੱਚ ਤਾਂ ਨਹੀਂ ਸਨ ਪਰ ਪੱਛਮੀ ਬੰਗਾਲ ਦੇ ਪੱਛਮ ਮੇਦਨੀਪੁਰ ਜ਼ਿਲ੍ਹੇ ਦੇ ਆਪਣੇ ਪਿੰਡ ਬਾਹਾ ਰੂਨਾ ਤੋਂ ਇੱਥੇ ਪਹੁੰਚਦਿਆਂ ਹੀ ਉਹ ਛੇਤੀ ਤੋਂ ਛੇਤੀ ਨੌਕਰੀ ਫੜ੍ਹਨਾ ਚਾਹੁੰਦੇ ਸਨ। ''ਕੋਈ ਕਾਗ਼ਜ਼ੀ ਕਾਰਵਾਈ ਨਹੀਂ ਹੋਈ। ਸਾਡਾ ਪਛਾਣ ਪੱਤਰ ਵੀ ਐਪ 'ਤੇ ਹੀ ਮੌਜੂਦ ਹੈ ਜੋ ਸਾਡੀ ਇੱਕੋ-ਇੱਕ ਪਛਾਣ ਹੈ। ਸਾਨੂੰ ਵੈਂਡਰਾਂ (ਤੀਜੀ ਪਾਰਟੀ ਦੇ ਮਾਧਿਆਮ ਰਾਹੀਂ) ਵੱਲੋਂ ਕੰਮ 'ਤੇ ਰੱਖਿਆ ਜਾਂਦਾ ਹੈ,'' ਉਹ ਖੁੱਲ੍ਹ ਦੇ ਸਮਝਾਉਂਦਿਆਂ ਕਹਿੰਦੇ ਹਨ।
ਹਰੇਕ ਪਾਰਸਲ ਮਗਰ ਰਮੇਸ਼ ਨੂੰ ਸਿਰਫ਼ 12 ਤੋਂ 14 ਰੁਪਏ ਹੀ ਕਮਿਸ਼ਨ ਮਿਲ਼ਦਾ ਹੈ ਤੇ ਜੇਕਰ ਉਹ ਦਿਹਾੜੀ ਦੇ 40-45 ਪਾਰਸਲ ਡਿਲੀਵਰ ਕਰਨ ਤਾਂ ਹੀ ਉਹ ਕਰੀਬ 600 ਰੁਪਏ ਦਿਹਾੜੀ ਕਮਾ ਸਕਦੇ ਹਨ। ਧਿਆਨ ਰਹੇ ''ਤੇਲ ਪੱਲਿਓਂ ਫੂਕਣਾ ਪੈਂਦਾ ਹੈ, ਕੋਈ ਬੀਮਾ ਨਹੀਂ ਹੁੰਦਾ, ਕੋਈ ਮੈਡੀਕਲ ਲਾਭ ਵੀ ਨਹੀਂ ਮਿਲ਼ਦੇ ਤੇ ਨਾ ਹੀ ਕੋਈ ਭੱਤਾ ਹੀ ਮਿਲ਼ਦਾ ਹੈ,'' ਉਹ ਕਹਿੰਦੇ ਹਨ।
ਤਿੰਨ ਸਾਲ ਪਹਿਲਾਂ ਜਦੋਂ ਸਾਗਰ ਕੁਮਾਰ ਬਿਲਾਸਪੁਰ ਤੋਂ ਕੰਮ ਕਰਨ ਲਈ ਰਾਏਪੁਰ ਆਏ ਸਨ ਤਾਂ ਉਨ੍ਹਾਂ ਰੋਜ਼ੀ-ਰੋਟੀ ਕਮਾਉਣ ਕਈ-ਕਈ ਘੰਟੇ ਕੰਮ ਕੀਤਾ। ਇਹ 24 ਸਾਲਾ ਨੌਜਵਾਨ ਛੱਤੀਸਗੜ ਦੀ ਰਾਜਧਾਨੀ ਵਿਖੇ ਇੱਕ ਦਫ਼ਤਰ ਦੀ ਇਮਾਰਤ ਦੀ ਰਾਖੀ ਦਾ ਕੰਮ ਕਰਦਾ ਹੈ। ਸਵੇਰੇ 10 ਵਜੇ ਸ਼ੁਰੂ ਹੋਣ ਵਾਲ਼ੀ ਉਨ੍ਹਾਂ ਦੀ ਦਿਹਾੜੀ ਸ਼ਾਮੀਂ 6 ਵਜੇ ਮੁੱਕਦੀ ਹੈ। ਫਿਰ ਉਹ ਆਪਣਾ ਮੋਟਰਸਾਈਕਲ ਚੁੱਕਦੇ ਹਨ ਤੇ ਅੱਧੀ ਰਾਤ ਤੱਕ ਸਵਿਗੀ ਦੇ ਆਰਡਰ ਡਿਲੀਵਰ ਕਰਦੇ ਰਹਿੰਦੇ ਹਨ।
ਬੰਗਲੌਰ ਵਿਖੇ ਇੱਕ ਮਸ਼ਹੂਰ ਭੋਜਨਾਲੇ ਦੇ ਬਾਹਰ, ਹੱਥਾਂ ਵਿੱਚ ਸਮਾਰਟਫ਼ੋਨ ਫੜ੍ਹੀ ਕਾਫ਼ੀ ਸਾਰੇ ਡਿਲੀਵਰੀ ਏਜੰਟ ਘੁੰਮ ਰਹੇ ਹਨ। ਸੁੰਦਰ ਬਹਾਦੁਰ ਬਿਸ਼ਟ ਆਪਣੇ ਅਗਲੇ ਆਰਡਰ ਵਾਸਤੇ ਫ਼ੋਨ ਦੇ ਬੀਪ ਕਰਨ ਦੀ ਉਡੀਕ ਵਿੱਚ ਹਨ। ਅੱਠਵੀਂ ਤੱਕ ਪੜ੍ਹੇ, ਸੁੰਦਰ ਨੂੰ ਹਿਦਾਇਤਾਂ ਵਾਲ਼ੀ ਭਾਸ਼ਾ (ਅੰਗਰੇਜ਼ੀ) ਨੂੰ ਸਮਝਣ ਲਈ ਖ਼ਾਸਾ ਸੰਘਰਸ਼ ਕਰਨਾ ਪੈਂਦਾ ਹੈ।
''ਮੈਂ ਅੰਗਰੇਜ਼ੀ ਪੜ੍ਹਦਾ ਹਾਂ ਤੇ ਜਿਵੇਂ-ਕਿਵੇਂ ਮੈਂ ਕੰਮ ਚਲਾ ਲੈਂਦਾ ਹਾਂ। ਵੈਸੇ ਪੜ੍ਹਨ ਨੂੰ ਬਹੁਤਾ ਕੁਝ ਹੁੰਦਾ ਵੀ ਨਹੀਂ...first floor, flat 1A...'' ਉਹ ਪੜ੍ਹ ਕੇ ਸੁਣਾਉਂਦੇ ਹਨ। ਉਨ੍ਹਾਂ ਦੇ ਹੱਥ ਵਿੱਚ ਨਾ ਹੀ ਕੋਈ ਇਕਰਾਰਨਾਮਾ ਹੁੰਦਾ ਹੈ ਤੇ ਨਾ ਹੀ 'ਦਫ਼ਤਰ' ਕਹਿਣ ਨੂੰ ਕੋਈ ਇਮਾਰਤ ਹੀ। ''ਇਤਫ਼ਾਕਿਆ ਛੁੱਟੀ, ਬੀਮਾਰੀ ਦੀ ਛੁੱਟੀ ਇਹ ਸਭ ਕੁਝ ਨਹੀਂ ਮਿਲ਼ਦਾ।''
ਦੇਸ਼ ਦੇ ਵੱਡੇ ਸ਼ਹਿਰ ਤੋਂ ਲੈ ਕੇ ਕਸਬਿਆਂ ਵਿੱਚ ਫ਼ੈਲੇ, ਸ਼ੇਖ, ਰਮੇਸ਼, ਸਾਗਰ ਤੇ ਸੁੰਦਰ ਜਿਹੇ ਮਜ਼ਦੂਰ ਹੀ ਗਿੱਗ ਵਰਕਰ (ਵਾਧੂ ਕਾਮੇ) ਕਹਾਉਂਦੇ ਹਨ। 2022 ਵਿੱਚ ਪ੍ਰਕਾਸ਼ਤ ਨੀਤੀ ਅਯੋਗ ਦੀ ਰਿਪੋਰਟ ਮੁਤਾਬਕ ਭਾਰਤ ਅੰਦਰ ਗਿੱਗ ਵਰਕਰਾਂ ਦੀ ਗਿਣਤੀ 77 ਲੱਖ (7.7 ਮਿਲੀਅਨ) ਹੈ।
ਗਿੱਗ ਵਰਕਰਾਂ ਅੰਦਰ ਉਹ ਕਾਮੇ ਸ਼ਾਮਲ ਹੁੰਦੇ ਹਨ ਜੋ ਕੈਬ ਚਲਾਉਂਦੇ ਹਨ, ਭੋਜਨ ਤੇ ਪਾਰਸਲਾਂ ਦੀ ਡਿਲੀਵਰੀ ਕਰਦੇ ਹਨ ਤੇ ਇੱਥੋਂ ਤੱਕ ਕਿ ਘਰੋ-ਘਰ ਬਿਊਟੀ ਮੇਕਓਵਰ ਦੀ ਪੇਸ਼ਕਸ਼ ਤੱਕ ਕਰਦੇ ਹਨ। ਇਸ ਕੰਮ ਅੰਦਰ ਜ਼ਿਆਦਾਤਰ ਨੌਜਵਾਨ ਲੋਕਾਂ ਨੂੰ ਸ਼ਾਮਲ ਕੀਤਾ ਜਾਂਦੇ ਹਨ ਜਿਨ੍ਹਾਂ ਦੇ ਫ਼ੋਨ ਹੀ ਉਨ੍ਹਾਂ ਦਾ ਕਾਰਜ-ਸਥਲ ਬਣਦੇ ਹਨ, ਨੌਕਰੀ ਦੇ ਵੇਰਵੇ ਸਵੈ-ਚਾਲਤ ਹੁੰਦੇ ਹਨ ਤੇ ਨੌਕਰੀ ਦੀ ਸੁਰੱਖਿਆ ਓਨੀ ਹੀ ਅਨਿਸ਼ਚਿਤ ਹੁੰਦੀ ਹੈ ਜਿੰਨੀ ਕਿ ਦਿਹਾੜੀ-ਮਜ਼ਦੂਰ ਦੀ। ਬੀਤੇ ਕੁਝ ਮਹੀਨਿਆਂ ਵਿੱਚ ਘੱਟੋ-ਘੱਟ ਦੋ ਮਾਲਕਾਂ ਨੇ ਲਾਗਤ ਵਿੱਚ ਕਟੌਤੀ ਦਾ ਹਵਾਲ਼ਾ ਦਿੱਤਾ ਤੇ ਹਜ਼ਾਰਾਂ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ।
ਮਿਆਦੀ ਕਿਰਤ ਬਲ ਸਰਵੇਖਣ (ਜੁਲਾਈ-ਸਤੰਬਰ 2022) ਦੇ ਅਨੁਸਾਰ, 15-29 ਸਾਲ ਦੀ ਉਮਰ ਦੇ ਕਾਮਿਆਂ ਅੰਦਰ ਬੇਰੁਜ਼ਗਾਰੀ ਦੀ ਦਰ 18.5 ਪ੍ਰਤੀਸ਼ਤ ਹੋਣ ਦੇ ਨਾਲ, ਉਨ੍ਹਾਂ ਨੂੰ ਕਿਸੇ ਵੀ ਨੌਕਰੀ ਅੰਦਰ ਕੁੱਦਣ ਦੀ ਨਿਰਾਸ਼ਾ ਹੰਢਾਉਣੀ ਪੈਂਦੀ ਹੈ ਫਿਰ ਭਾਵੇਂ ਉਸ ਨੌਕਰੀ ਅੰਦਰ ਕਿੰਨਾ ਝੋਲ਼ ਹੀ ਕਿਉਂ ਨਾ ਹੋਵੇ।
ਬਹੁਤ ਸਾਰੇ ਕਾਰਨ ਹਨ ਕਿ ਸ਼ਹਿਰ ਵਿੱਚ ਰੋਜ਼ਾਨਾ ਦਿਹਾੜੀ ਮਜ਼ਦੂਰੀ ਨਾਲ਼ੋਂ ਗਿੱਗ ਵਰਕ ਵਧੇਰੇ ਕਿਉਂ ਪ੍ਰਚਲਿਤ ਹੈ। "ਮੈਂ ਕੱਪੜਿਆਂ ਅਤੇ ਬੈਗਾਂ ਦੀਆਂ ਦੁਕਾਨਾਂ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕੀਤਾ ਹੈ। ਜਿੱਥੋਂ ਤੱਕ ਸਵਿਗੀ ਦਾ ਸਬੰਧ ਹੈ, ਮੈਨੂੰ ਸਿਰਫ਼ ਇੱਕ ਬਾਈਕ ਅਤੇ ਇੱਕ ਸੈੱਲ ਫ਼ੋਨ ਦੀ ਲੋੜ ਹੈ। ਮੈਨੂੰ ਭਾਰੀ ਚੀਜ਼ਾਂ ਨੂੰ ਚੁੱਕਣ ਦੀ ਲੋੜ ਨਹੀਂ ਹੈ। ਤੁਹਾਨੂੰ ਕੋਈ ਸਖ਼ਤ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੈ," ਸਾਗਰ ਕਹਿੰਦੇ ਹਨ। ਸ਼ਾਮ 6 ਵਜੇ ਤੋਂ ਬਾਅਦ ਉਹ ਰਾਏਪੁਰ ਵਿੱਚ ਖਾਣ-ਪੀਣ ਅਤੇ ਹੋਰ ਸਾਮਾਨ ਪਹੁੰਚਾ ਕੇ 300 ਤੋਂ 400 ਰੁਪਏ ਦਿਹਾੜੀ ਕਮਾ ਲੈਂਦੇ ਹਨ। ਤਿਉਹਾਰਾਂ ਦੇ ਸੀਜ਼ਨ ਵਿੱਚ, ਤੁਹਾਨੂੰ 500 ਰੁਪਏ ਤੱਕ ਬਣ ਜਾਂਦੇ ਹਨ। ਉਨ੍ਹਾਂ ਦੇ ਪਛਾਣ ਪੱਤਰ, ਜੋ ਕਿ 2039 ਤੱਕ ਵੈਧ ਹੈ, ਵਿੱਚ ਖ਼ੂਨ ਦੀ ਕਿਸਮ ਬਾਰੇ ਜਾਣਕਾਰੀ ਨਹੀਂ ਹੈ। ਕੋਈ ਵੀ ਸੰਪਰਕ ਨੰਬਰ ਨਹੀਂ ਹੈ। ਉਹ ਕਹਿੰਦੇ ਹਨ, ਉਨ੍ਹਾਂ ਕੋਲ਼ ਇਨ੍ਹਾਂ ਵੇਰਵਿਆਂ ਨੂੰ ਅਪਡੇਟ (ਭਰਨ) ਕਰਨ ਤੱਕ ਦਾ ਸਮਾਂ ਨਹੀਂ।
ਪਰ ਹੋਰਨਾਂ ਦੇ ਉਲਟ, ਸਾਗਰ ਦੇ ਚੌਕੀਦਾਰੀ ਦੇ ਕੰਮ (ਦਿਨ ਵੇਲ਼ੇ) ਵਿੱਚ ਸਿਹਤ ਬੀਮਾ ਅਤੇ ਪ੍ਰੋਵੀਡੈਂਟ ਫੰਡ ਹੁੰਦਾ ਹੈ। ਉਨ੍ਹਾਂ ਦੀ ਮਹੀਨਾਵਾਰ ਆਮਦਨ 11,000 ਰੁਪਏ ਹੈ। ਇਸ ਸਥਿਰ ਆਮਦਨੀ ਨੇ, ਡਿਲੀਵਰੀ ਦੇ ਕੰਮ ਤੋਂ ਬਣਨ ਵਾਲ਼ੀ ਵਾਧੂ ਆਮਦਨੀ ਨਾਲ਼ ਮਿਲ਼ ਕੇ, ਉਨ੍ਹਾਂ ਨੂੰ ਬੱਚਤ ਕਰਨ ਦਾ ਮੌਕਾ ਦਿੱਤਾ। "ਇਕੱਲੀ ਨੌਕਰੀ ਦੇ ਨਾਲ਼, ਮੈਂ ਬਚਤ ਨਹੀਂ ਕਰ ਸਕਦਾ ਸਾਂ, ਪੈਸੇ ਘਰ ਨਹੀਂ ਭੇਜ ਸਕਦਾ ਸਾਂ ਜਾਂ ਕੋਵਿਡ-ਕਾਲ਼ ਵਿੱਚ ਲਏ ਕਰਜ਼ਿਆਂ ਦਾ ਭੁਗਤਾਨ ਨਹੀਂ ਕਰ ਸਕਦਾ ਸਾਂ। ਹੁਣ ਅਸੀਂ ਕੁਝ ਹੱਦ ਤੱਕ ਬੱਚਤ ਕਰਨ ਦੇ ਯੋਗ ਹੋ ਗਏ ਹਾਂ।"
ਬਿਲਾਸਪੁਰ ਵਿੱਚ, ਸਾਗਰ ਦੇ ਪਿਤਾ ਸਾਈਰਾਮ ਕਸਬੇ ਵਿੱਚ ਸਬਜ਼ੀ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੀ ਮਾਂ, ਸੁਨੀਤਾ ਉਨ੍ਹਾਂ ਦੇ ਛੋਟੇ ਭਰਾਵਾਂ- ਛੇ ਸਾਲਾ ਭਾਵੇਸ਼ ਅਤੇ ਇੱਕ ਸਾਲ ਦੇ ਚਰਨ ਦੀ ਦੇਖਭਾਲ ਕਰਦੀ ਹੈ। ਉਹ ਛੱਤੀਸਗੜ੍ਹ ਦੇ ਦਲਿਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ। "10ਵੀਂ ਜਮਾਤ ਵਿੱਚ ਮੈਨੂੰ ਆਰਥਿਕ ਤੰਗੀ ਕਾਰਨ ਆਪਣੀ ਪੜ੍ਹਾਈ ਬੰਦ ਕਰਨੀ ਪਈ। ਮੈਂ ਸ਼ਹਿਰ ਚਲਾ ਗਿਆ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ," ਉਹ ਕਹਿੰਦੇ ਹਨ।
ਐਪ ਆਧਾਰਿਤ ਕੈਬ ਡਰਾਈਵਰ ਸ਼ੇਖ ਕਹਿੰਦੇ ਹਨ, ਕਾਰ ਚਲਾਉਣਾ ਸਿੱਖਣਾ ਆਸਾਨ ਹੈ। ਤਿੰਨ ਧੀਆਂ ਦਾ ਪਿਤਾ ਹੋਣ ਦੇ ਨਾਤੇ, ਉਹ ਯੂਨੀਅਨ ਦੇ ਕੰਮ ਅਤੇ ਡਰਾਈਵਿੰਗ ਦੇ ਵਿਚਕਾਰ ਸਮਾਂ ਵੰਡ ਲੈਂਦੇ ਹਨ। ਉਹ ਅਕਸਰ ਰਾਤ ਨੂੰ ਗੱਡੀ ਚਲਾਉਂਦੇ ਹਨ। "ਭੀੜ-ਭੜੱਕਾ ਘੱਟ ਹੁੰਦਾ ਤੇ ਸਾਨੂੰ ਥੋੜ੍ਹੇ ਜਿਹੇ ਵੱਧ ਪੈਸੇ ਬਣ ਜਾਂਦੇ ਹਨ।" ਉਹ ਖਰਚੇ ਕੱਢ ਕੇ ਹਰ ਮਹੀਨੇ ਲਗਭਗ 15,000 ਤੋਂ 18,000 ਰੁਪਏ ਕਮਾ ਲੈਂਦੇ ਹਨ।
ਰਮੇਸ਼, ਜੋ ਕੰਮ ਲਈ ਕੋਲ਼ਕਾਤਾ ਤੋਂ ਆਏ ਸਨ, ਨੇ ਇੱਕ ਐਪ-ਆਧਾਰਿਤ ਡਿਲੀਵਰੀ ਨੌਕਰੀ ਜੁਆਇਨ ਕੀਤੀ ਕਿਉਂਕਿ ਇਹ ਆਮਦਨੀ ਕਮਾਉਣ ਦਾ ਸਭ ਤੋਂ ਆਸਾਨ ਤਰੀਕਾ ਸੀ। ਉਹ 10ਵੀਂ ਜਮਾਤ ਵਿੱਚ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਪਰਿਵਾਰ ਦੀ ਦੇਖਭਾਲ਼ ਕਰਨ ਲਈ ਉਨ੍ਹਾਂ ਸਕੂਲ ਛੱਡ ਦਿੱਤਾ। "ਮੈਨੂੰ ਆਪਣੀ ਮਾਂ ਦੀ ਮਦਦ ਕਰਨ ਲਈ ਕਮਾਉਣਾ ਪਿਆ। ਮੈਂ ਦੁਕਾਨਾਂ ਵਿੱਚ ਕੰਮ ਕਰਦਾ ਸੀ,'' ਉਹ ਪਿਛਲੇ 10 ਸਾਲਾਂ ਬਾਰੇ ਦੱਸਦੇ ਹਨ, "ਮੈਨੂੰ ਜੋ ਕੰਮ ਮੈਨੂੰ ਮਿਲਿਆ ਸੀ, ਉਹੀ ਕੀਤਾ।''
ਪਾਰਸਲ ਦੀ ਡਿਲੀਵਰੀ ਲਈ ਕੋਲ਼ਕਾਤਾ ਦੇ ਜਾਦਵਪੁਰ ਜਾਂਦੇ ਸਮੇਂ, ਉਹ ਕਹਿੰਦੇ ਹਨ ਕਿ ਟ੍ਰੈਫਿਕ ਸਿਗਨਲ 'ਤੇ ਖੜ੍ਹੇ ਹੋਣ ਦੌਰਾਨ ਉਨ੍ਹਾਂ ਦੇ ਮਨ ਵਿੱਚ ਤਣਾਅ ਹੁੰਦਾ ਹੈ। "ਮੈਂ ਹਮੇਸ਼ਾ ਕਾਹਲੀ ਵਿੱਚ ਹੀ ਰਹਿੰਦਾ ਹਾਂ। ਤੇਜ਼ੀ ਨਾਲ਼ ਪੈਡਲ ਮਾਰਦਿਆਂ ਵੀ ਮਨ ਅੰਦਰ ਇੱਕ ਤਣਾਅ ਰਹਿੰਦਾ ਹੈ ਕਿ ਹਰ ਕੰਮ ਸਮੇਂ ਸਿਰ ਨਿਬੜ ਜਾਵੇ। ਵਰਖਾ ਦਾ ਮੌਸਮ ਸਾਡੇ ਲਈ ਇੱਕ ਸਮੱਸਿਆ ਹੈ। ਅਸੀਂ ਆਰਾਮ, ਭੋਜਨ ਅਤੇ ਸਿਹਤ ਦੀ ਕੁਰਬਾਨੀ ਦੇ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਦੇ ਹਾਂ," ਉਹ ਕਹਿੰਦੇ ਹਨ। ਭਾਰੇ ਪਿੱਠੂ ਬੈਗ ਚੁੱਕਣਾ ਵੀ ਪਿੱਠ ਦੀਆਂ ਸੱਟਾਂ ਦਾ ਕਾਰਨ ਬਣ ਸਕਦਾ ਹੈ। "ਅਸੀਂ ਸਾਰੇ ਹੀ ਵੱਡੀਆਂ-ਵੱਡੀਆਂ ਚੀਜ਼ਾਂ ਲੈ ਕੇ ਘੁੰਮਦੇ ਹਾਂ। ਹਰ ਡਿਲੀਵਰੀ ਕਰਨ ਵਾਲ਼ਾ ਵਿਅਕਤੀ ਪਿੱਠ ਦੇ ਦਰਦ ਤੋਂ ਪੀੜਤ ਹੁੰਦਾ ਹੀ ਹੈ। ਪਰ ਸਾਡੇ ਕੋਲ਼ ਸਿਹਤ ਸਹੂਲਤਾਂ (ਬੀਮਾ) ਦਾ ਕੋਈ ਲਾਭ ਨਹੀਂ," ਉਹ ਅੱਗੇ ਕਹਿੰਦੇ ਹਨ।
ਸੁੰਦਰ ਨੇ ਚਾਰ ਮਹੀਨੇ ਪਹਿਲਾਂ ਬੰਗਲੁਰੂ ਵਿਖੇ ਨੌਕਰੀ ਵਿੱਚ ਸ਼ਾਮਲ ਹੋਣ ਲਈ ਇੱਕ ਸਕੂਟਰ ਖਰੀਦਿਆ ਸੀ। ਉਹ ਕਹਿੰਦੇ ਹਨ ਕਿ ਉਹ 20,000 ਤੋਂ 25,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ। ਇਸ ਵਿਚੋਂ 16,000 ਰੁਪਏ ਸਕੂਟਰ ਦੀਆਂ ਮਾਸਿਕ ਕਿਸ਼ਤਾਂ, ਪੈਟਰੋਲ, ਕਿਰਾਏ ਅਤੇ ਘਰ ਦੇ ਖ਼ਰਚਿਆਂ 'ਤੇ ਖ਼ਰਚ ਕੀਤੇ ਜਾਂਦੇ ਹਨ।
ਕਿਸਾਨਾਂ ਅਤੇ ਦਿਹਾੜੀਦਾਰਾਂ ਦੇ ਇੱਕ ਪਰਿਵਾਰ ਦੇ ਅੱਠ ਭੈਣ-ਭਰਾਵਾਂ ਵਿੱਚੋਂ ਉਹ ਅਜਿਹਾ ਇੱਕੋ-ਇੱਕ ਹੈ ਜੋ ਨੇਪਾਲ ਤੋਂ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੰਮ ਦੀ ਭਾਲ਼ ਵਿੱਚ ਚਲਾ ਗਿਆ। "ਮੈਂ ਜ਼ਮੀਨ ਖਰੀਦਣ ਲਈ ਕਰਜ਼ਾ ਲਿਆ ਸੀ। ਹੁਣ ਕਰਜ਼ੇ ਦੀ ਅਦਾਇਗੀ ਹੋਣ ਤੀਕਰ ਮੈਂ ਇਹੀ ਕੰਮ ਕਰਨ ਦੀ ਯੋਜਨਾ ਬਣਾਈ ਹੈ," ਉਹ ਕਹਿੰਦੇ ਹਨ।
*****
"ਮੈਡਮ, ਕੀ ਤੁਹਾਨੂੰ ਪਤਾ ਹੈ ਕਿ ਗੱਡੀ ਕਿਵੇਂ ਚਲਾਉਣੀ ਹੈ?"
ਸ਼ਬਨਮਬਾਨੂ ਸ਼ੇਹਾਦਲੀ ਸ਼ੇਖ ਨੂੰ ਅਕਸਰ ਇਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਹਿਮਦਾਬਾਦ ਦੀ ਇੱਕ 26 ਸਾਲਾ ਮਹਿਲਾ ਕੈਬ ਡਰਾਈਵਰ, ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਗੱਡੀ ਚਲਾ ਰਹੀ ਹੈ। ਅੱਜ ਕੱਲ੍ਹ ਉਹ ਅਜਿਹੇ ਸਵਾਲ ਦੀ ਪਰਵਾਹ ਨਹੀਂ ਕਰਦੀ।
ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਹ ਨੌਕਰੀ ਜੁਆਇਨ ਕੀਤੀ। ਉਹ ਪਿਛਲੇ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੀ ਹਨ, "ਮੈਂ ਇਕੱਲਿਆਂ ਕਦੇ ਸੜਕ ਵੀ ਪਾਰ ਨਹੀਂ ਕੀਤੀ ਹੋਣੀ।'' ਸ਼ਬਨਮਬਾਨੂ ਨੇ ਪਹਿਲਾਂ ਇੱਕ ਕੰਪਿਊਟਰ ਰਾਹੀਂ ਅਤੇ ਫਿਰ ਸੜਕ 'ਤੇ ਕਾਰ ਚਲਾਉਣੀ ਸਿੱਖੀ। ਇੱਕ ਬੱਚੇ ਦੀ ਇਸ ਮਾਂ ਨੇ 2018 ਵਿੱਚ ਇੱਕ ਕਾਰ ਕਿਰਾਏ 'ਤੇ ਲਈ ਸੀ ਅਤੇ ਐਪ-ਆਧਾਰਿਤ ਕੈਬ ਸੇਵਾ ਵਿੱਚ ਸ਼ਾਮਲ ਹੋ ਗਈ ਸੀ।
ਉਹ ਮੁਸਕਰਾਉਂਦੀ ਹੋਈ ਕਹਿੰਦੀ ਹਨ, "ਹੁਣ ਤਾਂ ਮੈਂ ਹਾਈਵੇ 'ਤੇ ਗੱਡੀ ਚਲਾ ਲੈਂਦੀ ਹਾਂ।"
ਬੇਰੁਜ਼ਗਾਰੀ ਦੇ ਅੰਕੜਿਆਂ ਅਨੁਸਾਰ 24.7 ਪ੍ਰਤੀਸ਼ਤ ਔਰਤਾਂ ਬੇਰੁਜ਼ਗਾਰ ਹਨ। ਮਰਦਾਂ ਨਾਲ਼ੋਂ ਵੀ ਜ਼ਿਆਦਾ। ਸ਼ਬਨਮਬਾਨੂ ਇੱਕ ਅਪਵਾਦ ਹਨ। ਉਹ ਆਪਣੀ ਕਮਾਈ ਨਾਲ਼ ਆਪਣੀ ਧੀ ਨੂੰ ਸਿੱਖਿਅਤ ਕਰਨ ਵਿੱਚ ਮਾਣ ਮਹਿਸੂਸ ਕਰਦੀ ਹਨ।
ਭਾਵੇਂਕਿ ਲਿੰਗਕ ਭੇਦ (ਉਨ੍ਹਾਂ ਦੇ ਯਾਤਰੀਆਂ ਵਾਸਤੇ) ਖ਼ਤਮ ਹੋ ਗਏ ਹੋਣ, ਪਰ ਉੱਥੇ ਹੀ ਇਸ 26 ਸਾਲਾ ਮਹਿਲਾ ਕੈਬ ਡਰਾਈਵਰ ਨੂੰ ਦਰਪੇਸ਼ ਵੀ ਬਹੁਤ ਸਾਰੇ ਮੁੱਦੇ ਹਨ:"ਸੜਕ 'ਤੇ, ਪਖਾਨੇ ਕਾਫ਼ੀ ਦੂਰ-ਦੂਰ ਹੁੰਦੇ ਹਨ। ਪੈਟਰੋਲ ਪੰਪਾਂ ਵਾਲ਼ੇ ਆਪਣੇ ਪਖ਼ਾਨਿਆਂ ਨੂੰ ਤਾਲਾ ਲਾ ਕੇ ਰੱਖਦੇ ਹਨ। ਉਨ੍ਹਾਂ ਤੋਂ ਚਾਬੀਆਂ ਮੰਗਣਾ ਵੀ ਸ਼ਰਮਨਾਕ ਹੈ ਕਿਉਂਕਿ ਇੱਥੇ ਸਿਰਫ਼ ਮਰਦ ਹੀ ਹੁੰਦੇ ਹਨ।" ਭਾਰਤੀ ਗਿਗ ਅਰਥਚਾਰੇ ਵਿੱਚ ਮਹਿਲਾ ਵਰਕਰ ਸਿਰਲੇਖ ਹੇਠ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਖਾਨਿਆਂ ਦੀ ਕਮੀ ਦੀ ਸਮੱਸਿਆ ਦੇ ਨਾਲ਼-ਨਾਲ਼, ਮਹਿਲਾ ਕਰਮਚਾਰੀਆਂ ਦੀ ਤਨਖਾਹ ਵਿੱਚ ਅੰਤਰ ਹੁੰਦਾ ਹੈ ਅਤੇ ਕੰਮ ਵਾਲ਼ੀ ਥਾਂ ਦੀ ਸੁਰੱਖਿਆ ਘੱਟ ਹੁੰਦੀ ਹੈ।
ਜਦੋਂ ਸਭ ਬਰਦਾਸ਼ਤ ਹੋਂ ਬਾਹਰ ਹੋਣ ਲੱਗੇ ਤਾਂ ਸ਼ਬਨਮਬਾਨੂ ਗੂਗਲ 'ਤੇ ਨੇੜਲੇ ਅਰਾਮਘਰਾਂ ਦੀ ਖੋਜ ਕਰਦੀ ਹਨ ਅਤੇ ਫਿਰ ਉਸ ਥਾਵੇਂ ਪਹੁੰਚਣ ਲਈ ਵਾਧੂ ਦੋ ਤੋਂ ਤਿੰਨ ਕਿਲੋਮੀਟਰ ਤੱਕ ਗੱਡੀ ਚਲਾਉਂਦੀ ਹਨ। "ਘੱਟ ਪਾਣੀ ਪੀਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਪਰ ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਇਸ ਧੁੱਪ ਵਿੱਚ ਤੁਹਾਡਾ ਸਿਰ ਚੱਕਰਾ ਜਾਂਦਾ ਹੈ। ਬੇਹੋਸ਼ੀ ਛਾ ਜਾਂਦੀ ਹੈ। ਅਜਿਹੇ ਮੌਕੇ ਮੈਂ ਕਾਰ ਨੂੰ ਸਾਈਡ 'ਤੇ ਪਾਰਕ ਕਰਕੇ ਠੀਕ ਹੋਣ ਦੀ ਉਡੀਕ ਕਰਦੀ ਹਾਂ," ਉਹ ਕਹਿੰਦੀ ਹਨ।
ਇਹ ਰਮੇਸ਼ ਲਈ ਵੀ ਇੱਕ ਸਮੱਸਿਆ ਹੈ ਜਦੋਂ ਉਹ ਕੋਲਕਾਤਾ ਵਿੱਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹਨ। ਉਹ ਚਿੰਤਾ ਨਾਲ਼ ਕਹਿੰਦੇ ਹਨ, "ਰੋਜ਼ਾਨਾ ਦੇ ਟੀਚੇ ਨੂੰ ਪੂਰਾ ਕਰਨ ਦੀ ਚਿੰਤਾ ਵਿੱਚ, ਇਹ ਮੁੱਖ ਸਮੱਸਿਆ ਨਹੀਂ ਰਹਿ ਜਾਂਦੀ।''
ਤੇਲੰਗਾਨਾ ਗਿਗ ਐਂਡ ਫੁੱਟਪਾਥ ਇੰਪਲਾਈਜ਼ ਯੂਨੀਅਨ (ਟੀਜੀਪੀਡਬਲਿਊਯੂ) ਦੇ ਸੰਸਥਾਪਕ ਪ੍ਰਧਾਨ ਸ਼ੇਖ ਕਹਿੰਦੇ ਹਨ, "ਜਦੋਂ ਕਿਸੇ ਡਰਾਈਵਰ ਨੂੰ ਪਖਾਨੇ ਜਾਣਾ ਪਵੇ ਤੇ ਉੱਤੋਂ ਸਵਾਰੀ ਲਈ ਫੋਨ ਆ ਜਾਵੇ, ਤਾਂ ਉਸ ਨੂੰ ਉਸ ਸੱਦੇ ਨੂੰ ਰੱਦ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਪੈਂਦਾ ਹੈ।'' ਜੇ ਤੁਸੀਂ ਕਿਸੇ ਸੱਦੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋ, ਤਾਂ ਤੁਹਾਨੂੰ ਐਪ 'ਤੇ ਡਾਊਨਗ੍ਰੇਡ (ਦਰਜਾ ਘਟਾਉਣਾ) ਕਰ ਲਿਆ ਜਾਵੇਗਾ। ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਜਾਂ ਤੁਹਾਨੂੰ ਲਾਂਭੇ ਕਰ ਦਿੱਤਾ ਜਾਵੇਗਾ। ਤੁਸੀਂ ਇਸ ਅਦਿੱਖ ਸੰਸਥਾ ਅੱਗੇ ਆਪਣੀ ਗੱਲ ਚੁੱਕ ਸਕਦੇ ਹੋ ਅਤੇ ਵਿਸ਼ਵਾਸ ਕਰ ਸਕਦੇ ਹੋ ਕਿ ਚੰਗੀਆਂ ਚੀਜ਼ਾਂ ਵਾਪਰਨਗੀਆਂ।
ਨੀਤੀ ਆਯੋਗ ਦੀ ਰਿਪੋਰਟ, ਭਾਰਤ ਦੀ ਰੋਡਮੈਪ ਫਾਰ ਐਸਡੀਜੀ 8 , ਵਿੱਚ ਕਿਹਾ ਗਿਆ ਹੈ, "ਭਾਰਤ ਦੇ ਲਗਭਗ 92 ਪ੍ਰਤੀਸ਼ਤ ਕਾਮੇ ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕੋਲ ਕੋਈ ਸਮਾਜਿਕ ਸੁਰੱਖਿਆ ਨਹੀਂ ਹੈ..." ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ-8, ਹੋਰ ਚੀਜ਼ਾਂ ਤੋਂ ਇਲਾਵਾ, ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ "ਕਾਮਿਆਂ ਦੇ ਅਧਿਕਾਰਾਂ ਅਤੇ ਇੱਕ ਸੁਰੱਖਿਅਤ ਕੰਮਕਾਜ਼ੀ ਵਾਤਾਵਰਣ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।"
ਸੰਸਦ ਨੇ 2020 ਵਿੱਚ ਸਮਾਜਿਕ ਸੁਰੱਖਿਆ ਨਿਯਮ ਐਕਟ ਪਾਸ ਕੀਤਾ ਹੈ ਅਤੇ ਉਨ੍ਹਾਂ ਨੂੰ ਗਿਗ ਅਤੇ ਫੁੱਟਪਾਥ ਵਰਕਰਾਂ ਲਈ ਸਮਾਜਿਕ ਸੁਰੱਖਿਆ ਯੋਜਨਾਵਾਂ ਤਿਆਰ ਕਰਨ ਲਈ ਕਿਹਾ ਹੈ ਜੋ 2029-30 ਵਿੱਚ ਤਿੰਨ ਗੁਣਾ ਹੋ ਜਾਣਗੇ ਅਤੇ 2029-30 ਵਿੱਚ 23.5 ਮਿਲੀਅਨ ਤੱਕ ਪਹੁੰਚ ਜਾਣਗੇ।
*****
ਇਸ ਸਟੋਰੀ ਲਈ ਬੋਲਣ ਵਾਲਿਆਂ ਵਿਚੋਂ ਬਹੁਤਿਆਂ ਨੇ "ਮਾਲਿਕ" ਤੋਂ ਆਜ਼ਾਦੀ ਦੀ ਭਾਵਨਾ ਜ਼ਾਹਰ ਕੀਤੀ। ਪਾਰੀ ਨਾਲ ਗੱਲ ਕਰਨ ਦੇ ਪਹਿਲੇ ਹੀ ਮਿੰਟ ਵਿਚ ਸੁੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਕੰਮ ਉਸ ਕੱਪੜੇ ਦੇ ਸੇਲਜ਼ਮੈਨ ਦੀ ਨੌਕਰੀ ਨਾਲ਼ੋਂ ਜ਼ਿਆਦਾ ਕਿਉਂ ਪਸੰਦ ਆਇਆ, ਜੋ ਉਨ੍ਹਾਂ ਨੇ ਬੰਗਲੁਰੂ ਵਿੱਚ ਸ਼ੁਰੂ-ਸ਼ੁਰੂ ਵਿੱਚ ਕੀਤਾ ਸੀ। "ਮੈਂ ਆਪਣਾ ਬੌਸ ਖ਼ੁਦ ਹਾਂ। ਮੈਂ ਆਪਣੇ ਸਮੇਂ 'ਤੇ ਕੰਮ ਕਰ ਸਕਦਾ ਹਾਂ। ਜੇ ਮੈਂ ਹੁਣੇ ਵੀ ਜਾਣਾ ਚਾਹਾਂ, ਤਾਂ ਵੀ ਮੈਂ ਕਰ ਸਕਦਾ ਹਾਂ।" ਪਰ ਉਹ ਇਹ ਵੀ ਸਪੱਸ਼ਟ ਕਰਦੇ ਹਨ ਕਿ ਇੱਕ ਵਾਰ ਜਦੋਂ ਕਰਜ਼ਾ ਲੱਥ ਗਿਆ, ਤਾਂ ਉਹ ਇੱਕ ਸਥਿਰ, ਬੋਝ-ਮੁਕਤ ਨੌਕਰੀ ਲੱਭਣਾ ਚਾਹੇਗਾ।
ਸ਼ੰਭੂਨਾਥ ਤ੍ਰਿਪੁਰਾ ਦੇ ਰਹਿਣ ਵਾਲ਼ੇ ਹਨ। ਉਨ੍ਹਾਂ ਕੋਲ਼ ਗੱਲ ਕਰਨ ਲਈ ਜ਼ਿਆਦਾ ਸਮਾਂ ਨਹੀਂ ਸੀ। ਉਹ ਪੁਣੇ ਦੇ ਸਭ ਤੋਂ ਰੁਝੇਵੇਂ-ਭਰੇ ਰੈਸਟੋਰੈਂਟ ਖੇਤਰਾਂ ਵਿੱਚੋਂ ਇੱਕ ਦੇ ਬਾਹਰ ਖੜ੍ਹੇ ਹਨ। ਜ਼ੋਮੈਟੋ ਅਤੇ ਸਵਿਗੀ ਏਜੰਟ ਬਾਈਕ 'ਤੇ ਖਾਣੇ ਦੇ ਪਾਰਸਲ ਖਰੀਦਣ ਲਈ ਕਤਾਰਾਂ ਵਿੱਚ ਲੱਗੇ ਹੋਏ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਪੁਣੇ ਵਿੱਚ ਹੀ ਰਹਿੰਦੇ ਹਨ ਤੇ ਮਰਾਠੀ ਚੰਗੀ ਤਰ੍ਹਾਂ ਬੋਲ ਲੈਂਦੇ ਹਨ।
ਸੁੰਦਰ ਵਾਂਗ ਉਨ੍ਹਾਂ ਨੂੰ ਵੀ ਇਹ ਕੰਮ ਪਸੰਦ ਹੈ। ਇਸ ਤੋਂ ਪਹਿਲਾਂ ਉਹ 17,000 ਰੁਪਏ ਤਨਖਾਹ ਤੇ ਸ਼ਾਪਿੰਗ ਮਾਲ ਵਿੱਚ ਕੰਮ ਕਰਦੇ ਸਨ। "ਇਹ ਕੰਮ ਚੰਗਾ ਹੈ। ਅਸੀਂ ਇੱਕ ਫਲੈਟ ਕਿਰਾਏ 'ਤੇ ਲਿਆ ਹੈ। ਕਈ ਦੋਸਤ ਇਕੱਠੇ ਰਹਿ ਰਹੇ ਹਾਂ। ਸ਼ੰਭੂਨਾਥ ਕਹਿੰਦੇ ਹਨ, "ਮੈਂ ਇੱਕ ਦਿਨ ਵਿੱਚ 1,000 ਰੁਪਏ ਕਮਾਉਂਦਾ ਹਾਂ।''
ਕੋਵਿਡ-19 ਤਾਲਾਬੰਦੀ ਦੌਰਾਨ ਹੀ ਰੁਪਾਲੀ ਕੋਲੀ ਨੇ ਮੇਕਅੱਪ ਆਰਟਿਸਟ ਦੀਆਂ ਨੌਕਰੀਆਂ ਅਜ਼ਮਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। "ਜਿਸ ਬਿਊਟੀ ਪਾਰਲਰ ਵਿੱਚ ਮੈਂ ਕੰਮ ਕਰਦੀ ਸਾਂ, ਉੱਥੇ ਸਾਡੀਆਂ ਤਨਖਾਹਾਂ ਅੱਧੀਆਂ ਕਰ ਦਿੱਤੀਆਂ ਗਈਆਂ। ਇਸ ਲਈ ਮੈਂ ਖੁਦ ਮੇਕਅਪ ਦਾ ਕੰਮ ਕਰਨ ਦਾ ਫੈਸਲਾ ਕੀਤਾ।" ਉਨ੍ਹਾਂ ਨੇ ਇੱਕ ਐਪ-ਆਧਾਰਿਤ ਨੌਕਰੀ ਵਿੱਚ ਸ਼ਾਮਲ ਹੋਣ ਬਾਰੇ ਵੀ ਸੋਚਿਆ। ਪਰ ਉਨ੍ਹਾਂ ਨੇ ਇਸ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕਰ ਲਿਆ। "ਜੇ ਜ਼ਿਆਦਾ ਮਿਹਨਤ ਵੀ ਮੈਂ ਕਰਾਂ, ਮੇਕਅਪ ਉਤਪਾਦ ਵੀ ਮੇਰੇ ਹੀ ਹੋਣ ਅਤੇ ਆਉਣ-ਜਾਣ ਦਾ ਖਰਚਾ ਵੀ ਮੈਂ ਹੀ ਕਰਨਾ ਹੋਇਆ ਤਾਂ ਕਿਸੇ ਨੂੰ ਆਪਣੀ 40 ਪ੍ਰਤੀਸ਼ਤ ਆਮਦਨੀ ਕਿਉਂ ਦਿੱਤੀ ਜਾਵੇ? ਮੈਂ ਕਿਸੇ ਨੂੰ ਆਪਣਾ 100 ਪ੍ਰਤੀਸ਼ਤ ਦੇ ਕੇ ਸਿਰਫ 60 ਪ੍ਰਤੀਸ਼ਤ ਹੀ ਵਾਪਸ ਲੈਣਾ ਨਹੀਂ ਚਾਹੁੰਦੀ।''
32 ਸਾਲਾ ਇਹ ਮਹਿਲਾ ਮੁੰਬਈ ਦੇ ਮਧ ਆਈਲੈਂਡਜ਼ ਦੇ ਅੰਧੇਰੀ ਤਾਲੁਕਾ ਦੇ ਇੱਕ ਮੱਛੀ ਫੜਨ ਵਾਲ਼ੇ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਉਹ ਇੱਕ ਸੁਤੰਤਰ ਮੇਕਅੱਪ ਕਲਾਕਾਰ ਵਜੋਂ ਕੰਮ ਕਰਕੇ ਆਪਣੇ ਮਾਪਿਆਂ, ਪਤੀ ਅਤੇ ਸਹੁਰੇ ਪਰਿਵਾਰ ਦੀ ਦੇਖਭਾਲ ਕਰਦੀ ਹਨ। "ਬੱਸ ਇਸੇ ਤਰ੍ਹਾਂ ਕੰਮ ਕਰਦਿਆਂ ਹੀ ਮੈਂ ਆਪਣਾ ਘਰ ਬਣਾਇਆ,'' ਉਹ ਕਹਿੰਦੀ ਹਨ, "ਮੇਰਾ ਵਿਆਹ ਹੋ ਗਿਆ।'' ਉਨ੍ਹਾਂ ਦਾ ਪਰਿਵਾਰ ਕੋਲੀ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ। ਇਹ ਮਹਾਰਾਸ਼ਟਰ ਵਿੱਚ ਇੱਕ ਵਿਸ਼ੇਸ਼ ਪਿਛੜੀ ਜਾਤੀ ਹੈ।
ਰੁਪਾਲੀ ਆਪਣੀ ਪਿੱਠ 'ਤੇ ਤਿੰਨ ਕਿੱਲੋ ਦਾ ਥੈਲਾ ਲਮਕਾਈ ਸ਼ਹਿਰ ਦੀ ਯਾਤਰਾ ਕਰਦੀ ਹਨ, ਹੱਥ ਵਿੱਚ ਲਗਭਗ ਅੱਠ ਕਿੱਲੋ ਦਾ ਟਰਾਲੀ ਬੈਗ ਖਿੱਚਣਾ ਪੈਂਦਾ ਹੈ। ਉਹ ਬਾਹਰ ਦੇ ਕੰਮਾਂ ਦੇ ਨਾਲ਼-ਨਾਲ਼ ਘਰੇਲੂ ਕੰਮਾਂ ਲਈ ਵੀ ਸਮਾਂ ਕੱਢਦੀ ਹਨ। ਪਰਿਵਾਰ ਵਾਸਤੇ ਦਿਨ ਵਿੱਚ ਤਿੰਨ ਵਾਰ ਖਾਣਾ ਪਕਾਉਂਦੀ ਹੋਈ ਵੀ ਅੰਤ ਵਿੱਚ, ਉਹ ਕਹਿੰਦੀ ਹਨ, "ਵਿਅਕਤੀ ਨੂੰ ਆਪਣੇ ਆਪ ਦਾ ਬੌਸ ਬਣਨਾ ਚਾਹੀਦਾ ਹੈ।''
ਹੈਦਰਾਬਾਦ ਤੋਂ ਅੰਮ੍ਰਿਤਾ ਕੋਸਰੂ , ਰਾਏਪੁਰ ਤੋਂ ਪੁਰਸ਼ੋਤਮ ਠਾਕੁਰ , ਅਹਿਮਦਾਬਾਦ ਤੋਂ ਉਮੇਸ਼ ਸੋਲੰਕੀ , ਕੋਲਕਾਤਾ ਤੋਂ ਸਮਿਤਾ ਖਟੂਰ , ਬੰਗਲੁਰੂ ਤੋਂ ਪ੍ਰੀਤੀ ਡੇਵਿਡ , ਪੁਣੇ ਤੋਂ ਮੇਧਾ ਕਾਲੇ ਅਤੇ ਮੁੰਬਈ ਤੋਂ ਰੀਆ ਬਹਿਲ ਨੇ ਇਸ ਲੇਖ ਨੂੰ ਲਿਖਣ ਵਿੱਚ ਯੋਗਦਾਨ ਪਾਇਆ ਹੈ। ਸੰਪਾਦਕੀ ਬੋਰਡ ਨੂੰ ਮੇਧਾ ਕਾਲੇ , ਪ੍ਰਤਿਸ਼ਠਾ ਪਾਂਡਿਆ , ਜੋਸ਼ੂਆ ਬੋਧਨੇਤਰਾ , ਸੰਵਿਤੀ ਅਈਅਰ , ਰਿਆ ਬਹਿਲ ਅਤੇ ਪ੍ਰੀਤੀ ਡੇਵਿਡ ਨੇ ਸਮਰਥਨ ਦਿੱਤਾ ਹੈ।
ਕਵਰ ਫ਼ੋਟੋ: ਪ੍ਰੀਤੀ ਡੇਵਿਡ
ਤਰਜਮਾ : ਕਮਲਜੀਤ ਕੌਰ