PHOTO • P. Sainath

ਇਹ ਕੁਝ ਕੁਝ ਤਣੀ ਰੱਸੀ 'ਤੇ ਤੁਰਨ ਜਿਹਾ ਕਰਤਬ ਅਤੇ ਹੱਥ ਦੀ ਸਫਾਈ ਜਾਪਦਾ ਸੀ ਜੋ ਕਾਫੀ ਖ਼ਤਰਨਾਕ ਕੰਮ ਸੀ। ਉੱਥੇ ਸੁਰੱਖਿਆ ਦੇ ਨਾਮ 'ਤੇ ਨਾ ਤਾਂ ਕੋਈ ਜਾਲ਼ੀ ਸੀ ਅਤੇ ਨਾ ਹੀ ਕੁਝ ਹੋਰ। ਜਿੱਥੇ ਉਹ ਖੜ੍ਹੀ ਸੀ, ਇਹ ਇੱਕ ਖੁੱਲ੍ਹਾ ਖੂਹ ਸੀ ਜਿਹਦੇ ਚੁਫੇਰੇ ਕੋਈ ਵਲਗਣ ਨਹੀਂ ਸੀ। ਉਹਨੂੰ ਸਿਰਫ਼ ਲੱਕੜ ਦੇ ਵੱਡੇ-ਵੱਡੇ ਮੋਛਿਆਂ ਨਾਲ਼ ਢੱਕਿਆ ਹੋਇਆ ਸੀ ਜੋ ਸ਼ਾਇਦ 44 ਡਿਗਰੀ ਸੈਲਸੀਅਸ ਦੀ ਤੱਪਦੀ ਦੁਪਹਿਰੇ ਲੂੰਹ ਸੁੱਟਣ ਵਾਲ਼ੀ ਹਵਾ ਨਾਲ਼ ਉੱਡਦੀ ਧੂੜ, ਕੂੜਾ-ਕਰਕਟ ਅਤੇ ਚਿੱਕੜ ਨੂੰ ਖੂਹ ਅੰਦਰ ਜਾਣ ਤੋਂ ਬਚਾਉਣ ਲਈ ਰੱਖੇ ਗਏ ਜਾਪਦੇ ਸਨ।

ਉਹਨੂੰ ਮੋਛਿਆਂ ਦੇ ਸਿਰੇ 'ਤੇ ਖੜ੍ਹੀ ਹੋ ਕੇ ਖੂਹ ਵਿੱਚੋਂ ਪਾਣੀ ਖਿੱਚਣਾ ਪੈਂਦਾ ਸੀ। ਇੰਝ ਕਰਦਿਆਂ ਉਹ ਦੋ ਖ਼ਤਰੇ ਮੁੱਲ ਲੈਂਦੀ: ਉਹ ਤਿਲਕ ਕੇ ਡਿੱਗ ਸਕਦੀ ਸੀ ਜਾਂ ਹੋ ਸਕਦਾ ਮੋਛਿਆਂ ਹੇਠਾਂ ਹੀ ਰਿੜ੍ਹ ਜਾਂਦੀ। ਖੈਰ ਜੋ ਵੀ ਵਾਪਰਦਾ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਇੱਕ ਬੂੰਦ ਪਾਉਣ ਦਾ ਮਤਲਬ ਸੀ 20 ਫੁੱਟ ਡੂੰਘਾਈ। ਸਭ ਤੋਂ ਮਾੜਾ ਇਹ ਹੁੰਦਾ ਕਿ ਉਹਦੇ ਖੂਹ ਵਿੱਚ ਡਿੱਗਣ ਦੇ ਨਾਲ਼ ਹੀ ਕੁਝ ਮੋਛੇ ਵੀ ਉਹਦੇ ਮਗਰ-ਮਗਰ ਖੂਹ ਅੰਦਰ ਜਾ ਡਿੱਗਦੇ। ਜਿੱਥੇ ਇੱਕ ਪਾਸੇ ਤਿਲਕਣ ਦਾ ਮਤਲਬ ਸੀ ਪੈਰ ਦਾ ਕੁਚਲਿਆ ਜਾਣਾ।

ਖੈਰ, ਉਸ ਦਿਨ ਅਜਿਹਾ ਕੁਝ ਵੀ ਨਹੀਂ ਵਾਪਰਿਆ। ਉਹ ਨੌਜਵਾਨ ਔਰਤ ਭੀਲਾਲਾ ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੀ ਸੀ ਜੋ ਪਿੰਡ ਦੀ ਫਾਲਿਆ ਜਾਂ ਬਸਤੀ (ਜੋ ਕਬੀਲਾ-ਅਧਾਰਤ ਹੋ ਸਕਦੀ ਸੀ) ਤੋਂ ਆਈ ਸੀ। ਉਹ ਉਨ੍ਹਾਂ ਮੋਛਿਆਂ 'ਤੇ ਬੜੇ ਮਲ੍ਹਕੜੇ-ਮਲ੍ਹਕੜੇ ਅੱਗੇ ਵੱਧਦੀ ਰਹੀ। ਉਹਨੇ ਬੜੀ ਅਰਾਮ ਨਾਲ਼ ਰੱਸੀ ਬੱਝੀ ਬਾਲਟੀ ਨੂੰ ਖੂਹ ਵਿੱਚ ਸੁੱਟਿਆ ਅਤੇ ਫਿਰ ਰੱਸੀ ਤੋਂ ਖਿੱਚ ਕੇ ਪਾਣੀ ਭਰੀ ਬਾਲਟੀ ਬਾਹਰ ਖਿੱਚੀ। ਉਹਨੇ ਬਾਲਟੀ ਦੇ ਪਾਣੀ ਨੂੰ ਦੂਸਰੇ ਭਾਂਡੇ ਵਿੱਚ ਉਲਟਾਇਆ। ਫਿਰ ਉਹਨੇ ਦੋਬਾਰਾ ਖੂਹ ਵਿੱਚੋਂ ਬਾਲਟੀ ਭਰੀ। ਮਲ੍ਹਕੜੇ ਜਿਹੇ ਪੂਰੇ ਹੋਏ ਕਾਰਜ ਦੌਰਾਨ ਨਾ ਤਾਂ ਉਹ ਡੋਲੀ ਅਤੇ ਨਾ ਹੀ ਮੋਛੇ। ਫਿਰ ਉਹ ਮੋਛਿਆਂ ਤੋਂ ਹੇਠਾਂ ਉੱਤਰੀ ਅਤੇ ਮੱਧ ਪ੍ਰਦੇਸ਼ ਦੇ ਝਬੂਆ ਜਿਲ੍ਹੇ ਦੇ ਵੇਕਨੇਰ ਪਿੰਡ ਵਿੱਚ ਸਥਿਤ ਆਪਣੇ ਘਰ ਦੀ ਰਾਹ ਪੈ ਗਈ। ਪਾਣੀ ਨਾਲ਼ ਭਰੇ ਦੋ ਭਾਂਡੇ ਲਿਜਾਂਦੀ ਹੋਈ ਉਸ ਔਰਤ ਦਾ ਸੱਜਾ ਹੱਥ ਉਹਦੇ ਸਿਰ 'ਤੇ ਟਿਕੇ ਵੱਧ ਭਾਰੇ ਭਾਂਡੇ ਨੂੰ ਆਸਰਾ ਦੇ ਰਿਹਾ ਸੀ ਅਤੇ ਖੱਬੇ ਹੱਥ ਵਿੱਚ ਪਾਣੀ ਦੀ ਇੱਕ ਬਾਲਟੀ ਝੂਲ ਰਹੀ ਸੀ।

ਮੈਂ ਖੂਹ ਤੋਂ ਉਹਦੀ ਫਲਿਆ ਤੱਕ ਦਾ ਕੁਝ ਪੈਂਡਾ ਉਹਦੇ ਨਾਲ਼ ਤੁਰਿਆ ਅਤੇ ਮੈਂ ਜਾਣਿਆ ਕਿ ਜੇਕਰ ਉਹ ਘਰੋਂ ਖੂਹ ਤੱਕ ਦਿਨ ਦੇ ਦੋ ਚੱਕਰ (ਕਦੇ-ਕਦੇ ਵੱਧ) ਵੀ ਲਾਉਂਦੀ ਹੈ ਤਾਂ ਉਹ ਇਸ ਇਕੱਲੇ ਕੰਮ ਬਦਲੇ ਰੋਜ਼ ਘੱਟ ਤੋਂ ਘੱਟ 6 ਕਿਲੋਮੀਟਰ ਤੁਰਦੀ ਹੈ। ਉਹਦੇ ਜਾਣ ਤੋਂ ਬਾਅਦ ਥੋੜ੍ਹੀ ਦੇਰ ਮੈਂ ਉੱਥੇ ਰੁਕਿਆ। ਕੁਝ ਨੌਜਵਾਨ ਔਰਤਾਂ ਅਤੇ ਕੁੜੀਆਂ ਨੇ ਵਾਰੋ-ਵਾਰੀ ਉਹੀ ਕਲਾ ਦਹੁਰਾਈ ਪਰ ਸਹਿਸੁਭਾ ਹੀ। ਦੇਖਣ ਨੂੰ ਇਹ ਇੰਨਾ ਸੁਖਾਲਾ ਕੰਮ ਜਾਪਿਆ ਕਿ ਮੈਂ ਵੀ ਇੱਕ ਵਾਰ ਕਰਨ ਦਾ ਫੈਸਲਾ ਕੀਤਾ ਅਤੇ ਇੱਕ ਕੁੜੀ ਕੋਲੋਂ ਰੱਸੀ ਬੱਝੀ ਇੱਕ ਬਾਲਟੀ ਉਧਾਰ ਲਈ। ਜਿੰਨੀ ਵਾਰ ਵੀ ਮੈਂ ਮੋਛੇ 'ਤੇ ਪੈਰ ਟਿਕਾਉਂਦਾ, ਉਹ ਹਿੱਲਣ ਲੱਗੇ ਅਤੇ ਗੋਲ਼-ਗੋਲ਼ ਰਿੜ੍ਹਨ ਲੱਗੇ। ਬਾਰ ਬਾਰ ਕੋਸ਼ਿਸ਼ ਕਰਕੇ ਮੈਂ ਖੂਹ ਦੇ ਮੂੰਹ ਕੋਲ਼ ਅੱਪੜ ਗਿਆ ਪਰ ਜਿਨ੍ਹਾਂ ਮੋਛਿਆਂ ਦੇ ਸਿਰਿਆਂ 'ਤੇ ਮੈਂ ਖੜ੍ਹਾ ਸਾਂ ਉਹ ਮੈਨੂੰ ਮੇਰਾ ਪੈਰ ਹੇਠ ਕੰਬਦੇ ਜਾਪੇ, ਇੰਝ ਲੱਗਿਆ ਮੈਂ ਹੁਣੇ ਡੁੱਬਿਆ ਹੁਣੇ ਡੁੱਬਿਆ। ਹਰ ਵਾਰ ਮੈਂ ਟੇਰਾ ਫਿਰਮਾ (ਖੁਸ਼ਕ ਜ਼ਮੀਨ) ਵੱਲ ਪਿਛਾਂਹ ਹਟ ਜਾਂਦਾ।

ਇਸੇ ਦੌਰਾਨ ਮੈਂ ਜੋਸ਼ ਨਾਲ਼ ਭਰੇ ਹਾਜ਼ਰੀਨ ਦਾ ਧਿਆਨ ਆਪਣੇ ਵੱਲ ਖਿੱਚਿਆ ਜਿਨ੍ਹਾਂ ਵਿੱਚ ਔਰਤਾਂ ਅਤੇ ਕਈ ਬੱਚੇ ਵੀ ਸਨ ਜੋ ਪਾਣੀ ਭਰਨ ਆਏ ਸਨ ਅਤੇ ਬੇਸਬਰੀ ਨਾਲ਼ ਆਪੋ-ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਉਸ ਦੁਪਹਿਰ ਦੇ ਮਨੋਰੰਜਨ ਦਾ ਸ੍ਰੋਤ ਮੈਂ ਸਾਂ। ਹਾਲਾਂਕਿ ਮੈਨੂੰ ਇਹ ਕੰਮ ਵਿਚਾਲੇ ਹੀ ਰੋਕਣਾ ਪਿਆ, ਕਿਉਂਕਿ ਜਿਨ੍ਹਾਂ ਔਰਤਾਂ ਨੂੰ ਮੈਂ ਥੋੜ੍ਹੇ ਸਮੇਂ ਲਈ ਮਖੌਲੀਆ ਜਾਪਿਆ ਸਾਂ ਉਹ ਆਪਣੇ ਸਭ ਤੋਂ ਅਹਿਮ: ਆਪਣੇ ਘਰਾਂ ਨੂੰ ਪਾਣੀ ਲਿਜਾਣ ਦੇ ਕੰਮ ਨੂੰ ਮੁਕਾਉਣ ਲਈ ਬੇਸਬਰੀਆਂ ਹੋ ਰਹੀਆਂ ਸਨ। 1994 ਦੀ ਇਹ ਗੱਲ ਮੇਰੇ ਜ਼ਿਹਨ ਵਿੱਚ ਅੱਜ ਵੀ ਤਾਜ਼ਾ ਹੈ ਕਿ ਕਿਵੇਂ ਮੈਂ ਹਰ ਸੰਭਵ ਕੋਸ਼ਿਸ਼ ਕਰਕੇ ਅੱਧੀ ਬਾਲਟੀ ਹੀ ਭਰ ਸਕਿਆ ਸਾਂ ਪਰ ਮੇਰੇ ਗਭਰੇਟ ਹਾਜ਼ਰੀਨ ਦੀਆਂ ਤਾੜੀਆਂ ਦੀ ਗੜਗੜਾਹਟ ਵਿੱਚ ਕੋਈ ਕਮੀ ਨਹੀਂ ਸੀ।

ਦਿ ਹਿੰਦੂ ਬਿਜੀਨੈੱਸਲਾਈਨ ਦੇ 12 ਜੁਲਾਈ 1996 ਨੂੰ ਪ੍ਰਕਾਸ਼ਤ ਹੋਏ ਉਨ੍ਹਾਂ ਦੇ ਲੇਖ ਦਾ ਇਹ ਕੁਝ ਛੋਟਾ ਐਡੀਸ਼ਨ ਹੈ।

ਤਰਜਮਾ: ਕਮਲਜੀਤ ਕੌਰ

పి సాయినాథ్ పీపుల్స్ ఆర్కైవ్స్ ఆఫ్ రూరల్ ఇండియా వ్యవస్థాపక సంపాదకులు. ఆయన ఎన్నో దశాబ్దాలుగా గ్రామీణ విలేకరిగా పని చేస్తున్నారు; 'Everybody Loves a Good Drought', 'The Last Heroes: Foot Soldiers of Indian Freedom' అనే పుస్తకాలను రాశారు.

Other stories by P. Sainath
Translator : Kamaljit Kaur

పంజాబ్‌కు చెందిన కమల్‌జిత్ కౌర్ స్వతంత్ర అనువాదకురాలు. కమల్‌జిత్ పంజాబీ సాహిత్యంలో ఎం.ఎ. చేశారు. ఆమె న్యాయమైన, నిష్పక్షపాతమైన ప్రపంచాన్ని విశ్వసిస్తారు; దానిని సాధ్యం చేయడానికి కృషి చేస్తారు.

Other stories by Kamaljit Kaur