ਉਹ ਮਹਿਜ 17 ਵਰ੍ਹਿਆਂ ਦੀ ਸਨ ਜਦੋਂ ਉਨ੍ਹਾਂ ਨੇ ਕੁਡਲੌਰ ਫਿਸ਼ਿੰਗ ਬੰਦਰਗਾਹ ਵਿਖੇ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਇਹ ਸਾਰਾ ਕੁਝ ਸਿਰਫ਼ 1,800 ਰੁਪਏ ਦੀ ਛੋਟੀ ਜਿਹੀ ਪੂੰਜੀ ਨਾਲ਼ ਸ਼ੁਰੂ ਕੀਤਾ ਸੀ, ਜੋ ਪੂੰਜੀ ਉਨ੍ਹਾਂ ਦੀ ਮਾਂ ਨੇ ਆਪਣੀ ਧੀ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਦਿੱਤੀ ਸੀ। ਅੱਜ, 62 ਸਾਲਾ ਵਾਨੀ ਬੰਦਰਗਾਹ ਦੀ ਸਭ ਤੋਂ ਕਾਮਯਾਬ ਨੀਲਾਮਕਰਤਾ ਅਤੇ ਵਿਕ੍ਰੇਤਾ ਹਨ। ਉਨ੍ਹਾਂ ਨੂੰ ਆਪਣੇ ਉਸ ਘਰ ਵਾਂਗਰ, ਜੋ ਉਨ੍ਹਾਂ ਨੇ ਅਥਾਹ ਬਿਪਤਾਵਾਂ ਨੂੰ ਝੱਲ ਝੱਲ ਕੇ ਪੂਰਿਆਂ ਕੀਤਾ, ''ਕਦਮ ਦਰ ਕਦਮ'' ਹੱਥੀਂ ਪਾਲ਼ੇ ਆਪਣੇ ਵਪਾਰ 'ਤੇ ਵੀ ਬੜਾ ਫ਼ਖਰ ਹੈ।
ਆਪਣੇ ਪਤੀ ਤੋਂ ਬਾਅਦ ਵੇਨੀ ਨੇ ਇਕੱਲਿਆਂ ਹੀ ਆਪਣੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ, ਉਨ੍ਹਾਂ ਦੇ ਪਤੀ ਇੱਕ ਸ਼ਰਾਬੀ ਸਨ ਅਤੇ ਉਨ੍ਹਾਂ ਨੇ ਵੇਨੀ ਨੂੰ ਛੱਡ ਦਿੱਤਾ ਸੀ। ਉਨ੍ਹਾਂ ਦੀ ਰੋਜ਼ਮੱਰਾ ਦੀ ਕਮਾਈ ਇੰਨੀ ਨਿਗੂਣੀ ਸੀ ਕਿ ਉਹ ਮਸਾਂ ਹੀ ਆਪਣਾ ਗੁਜ਼ਾਰਾ ਚਲਾਉਂਦੀ। ਰਿੰਗ ਸੀਨ ਫਿਸ਼ਿੰਗ ਤਕਨੀਕ ਦੇ ਆਉਣ ਨਾਲ਼ ਉਨ੍ਹਾਂ ਨੇ ਲੱਖਾਂ ਰੁਪਿਆਂ ਦਾ ਉਧਾਰ ਚੁੱਕ ਕੇ ਬੇੜੀਆਂ ਵਿੱਚ ਪੈਸੇ ਲਾਏ। ਨਿਵੇਸ਼ ਦੀ ਰਿਟਰਨ ਵਿੱਚੋਂ ਜੋ ਪੈਸਾ ਆਉਂਦਾ ਉਸ ਪੈਸੇ ਨਾਲ਼ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਘਰ ਬਣਾਇਆ।
1990ਵਿਆਂ ਵਿੱਚ ਰਿੰਗ ਸੀਨ ਫਿਸ਼ਿੰਗ ਨੇ ਕੁਡਲੌਰ ਤਟ ਵਿਖੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ, ਪਰ 2004 ਵਿੱਚ ਆਈ ਸੁਨਾਮੀ ਤੋਂ ਬਾਅਦ ਇਹਦੀ ਵਰਤੋਂ ਤੇਜ਼ੀ ਨਾਲ਼ ਘਟੀ। ਰਿੰਗ ਸੀਨ ਗੇਅਰ ਸਮੁੰਦਰੀ ਪੈਲਾਜਿਕ ਮੱਛੀਆਂ ਜਿਵੇਂ ਕਿ ਸਾਰਡਾਈਨ, ਮੈਕਰੇਲ ਅਤੇ ਐਂਚੋਵੀਜ਼ (ਮੱਛੀਆਂ) ਦੇ ਲੰਘਦੇ ਝੁੰਡਾਂ ਨੂੰ ਫੜ੍ਹਨ ਲਈ ਘੇਰਾਬੰਦੀ ਕਰਨ ਦੀਆਂ ਤਕਨੀਕਾਂ ਦੀ ਵਰਤੋਂ ਹੈ।
ਵੱਡੇ ਪੂੰਜੀ ਨਿਵੇਸ਼ ਦੀ ਲੋੜ ਅਤੇ ਮਜ਼ਦੂਰੀ ਦੀ ਮੰਗ ਕਾਰਨ ਛੋਟੇ-ਪੱਧਰ ਦੇ ਮਛੇਰਿਆਂ ਨੇ ਸ਼ੇਅਰਧਾਰਕਾਂ ਦੇ ਸਮੂਹ ਬਣਾਏ ਜਿਸ ਵਿੱਚ ਉਨ੍ਹਾਂ ਨੇ ਲਾਗਤ ਅਤੇ ਨਿਵੇਸ਼ ਦੀ ਰਿਟਰਨ ਨੂੰ ਸਾਂਝਿਆਂ ਕੀਤਾ। ਬੱਸ ਇਹੀ ਉਹ ਸਫ਼ਰ ਸੀ ਜਿਹਨੇ ਵਾਨੀ ਨੂੰ ਨਿਵੇਸ਼ਕ ਬਣਾਇਆ ਅਤੇ ਉਨ੍ਹਾਂ ਦਾ ਵਪਾਰ ਵਧਿਆ-ਫੁਲਿਆ। ਰਿੰਗ ਸੀਨ ਬੇੜੀਆਂ ਨੇ ਔਰਤਾਂ ਦੇ ਨੀਲਾਮਕਰਤਾ, ਵਿਕ੍ਰੇਤਾ ਅਤੇ ਮੱਛੀਆਂ ਸੁਕਾਉਣ ਵਾਲ਼ਿਆਂ ਵਜੋਂ ਉੱਭਰਨ ਦੇ ਨਵੇਂ ਮੌਕੇ ਖੋਲ੍ਹੇ। ''ਰਿੰਗ ਸੀਨ (ਤਕਨੀਕ) ਦਾ ਸ਼ੁਕਰੀਆ, ਜਿਹਨੇ ਸਮਾਜ ਵਿੱਚ ਮੇਰਾ ਰੁਤਬਾ ਵਧਾਇਆ। ਮੈਂ ਬਹਾਦੁਰ ਔਰਤ ਬਣ ਗਈ ਅਤੇ ਮੇਰੀ ਸਖਸ਼ੀਅਤ ਨਿਖਰ ਗਈ,'' ਵੇਨੀ ਕਹਿੰਦੀ ਹਨ।
ਬੇੜੀਆਂ ਵਿੱਚ ਪੁਰਸ਼ਾਂ ਲਈ ਵਿਸ਼ੇਸ਼ ਥਾਂ ਕਿਉਂ ਨਾ ਹੋਵੇ, ਪਰ ਜਿਓਂ ਹੀ ਉਹ ਬੰਦਰਗਾਹ ਵਿਖੇ ਅੱਪੜਦੀਆਂ ਹਨ, ਔਰਤਾਂ ਉਨ੍ਹਾਂ ਨੂੰ ਆਪਣੇ ਕਬਜ਼ੇ ਹੇਠ ਲੈ ਲੈਂਦੀਆਂ ਹਨ। ਫਿਰ ਸ਼ੁਰੂਆਤ ਹੁੰਦੀ ਹੈ ਉਨ੍ਹਾਂ ਕੰਮਾਂ ਦੀ ਜਿਨ੍ਹਾਂ ਵਿੱਚ ਫੜ੍ਹੀਆਂ ਗਈਆਂ ਮੱਛੀਆਂ ਦੀ ਬੋਲੀ ਲਾਏ ਜਾਣ, ਮੱਛੀਆਂ ਨੂੰ ਕੱਟਣ ਅਤੇ ਸੁਕਾਏ ਜਾਣ ਦੇ ਨਾਲ਼ ਨਾਲ਼ ਅਵਸ਼ੇਸ਼ਾਂ ਦਾ ਨਿਪਟਾਰਾ ਕਰਨਾ, ਬਰਫ਼ ਵੇਚਣਾ, ਚਾਹ ਬਣਾਉਣਾ ਅਤੇ ਭੋਜਨ ਪਕਾਉਣਾ ਆਦਿ ਸ਼ਾਮਲ ਹੁੰਦਾ ਹੈ। ਭਾਵੇਂ ਕਿ ਮੱਛੀਆਂ ਫੜ੍ਹਨ ਵਾਲ਼ੀਆਂ ਔਰਤਾਂ ਨੂੰ ਮੱਛੀ ਵਿਕ੍ਰੇਤਾ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਫਿਰ ਵੀ ਮੱਛੀ ਨਾਲ਼ ਜੁੜੇ ਹੋਰਨਾਂ ਕੰਮਾਂ ਨਾਲ਼ ਜੁੜੀਆਂ ਔਰਤਾਂ ਵੀ ਬਰਾਬਰ ਗਿਣਤੀ ਵਿੱਚ ਹੀ ਹੁੰਦੀਆਂ ਹਨ ਜੋ ਵਿਕ੍ਰੇਤਾਵਾਂ ਨਾਲ਼ ਅਕਸਰ ਹਿੱਸੇਦਾਰੀ ਵਿੱਚ ਕੰਮ ਕਰਦੀਆਂ ਹਨ। ਪਰ ਮੱਛੀ ਪਾਲਣ ਦੇ ਖੇਤਰ ਵਿੱਚ ਔਰਤਾਂ ਦੇ ਯੋਗਦਾਨ ਦੇ ਮੁੱਲ ਅਤੇ ਕੰਮ ਦੀ ਵੰਨ-ਸੁਵੰਨਤਾ ਨੂੰ ਬਹੁਤ ਘੱਟ ਹੀ ਮਾਨਤਾ ਦਿੱਤੀ ਜਾਂਦੀ ਹੈ।