“ਬਜਟ ਵਿੱਚ ਵੱਡੀਆਂ ਵੱਡੀਆਂ ਰਕਮਾਂ ਦੀ ਗੱਲਾਂ ਹੁੰਦੀਆਂ ਨੇ ਮੇਰੇ ਵਰਗਿਆਂ ਨੂੰ ਤਾਂ ਸਰਕਾਰ ਜ਼ੀਰੋ ਹੀ ਸਮਝਦੀ ਏ!”
ਜਦੋਂ ਚੰਦ ਰਤਨ ਹਲਦਾਰ 'ਸਰਕਾਰੀ ਬਜਟ' ਦਾ ਸਵਾਲ ਸੁਣਦੇ ਹਨ, ਤਾਂ ਉਹ ਆਪਣੇ ਅੰਦਰਲੀ ਕੁੜੱਤਣ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ। "ਕਿਹੜਾ ਬਜਟ? ਕਿਸ ਦਾ ਬਜਟ? ਇਹ ਸਭ ਲੋਕਾਂ ਨੂੰ ਸਿਰਫ਼ ਮੂਰਖ ਬਣਾਉਣ ਲਈ ਹੈ!" ਕੋਲਕਾਤਾ ਦੇ ਜਾਦਵਪੁਰ ਵਿਖੇ ਰਿਕਸ਼ਾ ਖਿੱਚਣ ਵਾਲ਼ੇ 53 ਸਾਲਾ ਚੰਦੂ ਦਾ ਕਹਿੰਦੇ ਹਨ।
''ਇੰਨੇ ਸਾਰੇ ਬਜਟ ਆਏ, ਇੰਨੀਆਂ ਯੋਜਨਾਵਾਂ ਉਤਾਰੀਆਂ ਗਈਆਂ, ਪਰ ਸਾਨੂੰ ਦੀਦੀ (ਮੁੱਖ ਮੰਤਰੀ ਮਮਤਾ ਬੈਨਰਜੀ) ਜਾਂ (ਪ੍ਰਧਾਨ ਮੰਤਰੀ) ਮੋਦੀ ਤੋਂ ਅੱਜ ਤੱਕ ਘਰ ਨਹੀਂ ਮਿਲ਼ਿਆ। ਮੈਂ ਅਜੇ ਵੀ ਤਰਪਾਲ ਅਤੇ ਬਾਂਸ ਦੀ ਬਣੀ ਝੌਂਪੜੀ ਵਿੱਚ ਰਹਿੰਦਾ ਹਾਂ, ਜੋ ਲਗਭਗ ਇੱਕ ਫੁੱਟ ਧੱਸ ਚੁੱਕੀ ਏ," ਚੰਦੂ ਦਾ ਕਹਿੰਦੇ ਹਨ। ਇਓਂ ਜਾਪਦਾ ਹੈ ਜਿਵੇਂ ਸਿਰਫ਼ ਝੌਂਪੜੀ ਹੀ ਨਹੀਂ ਧਸੀ ਸਰਕਾਰੀ ਬਜਟ ਨੂੰ ਲੈ ਕੇ ਉਨ੍ਹਾਂ ਦੀਆਂ ਉਮੀਦਾਂ ਵੀ ਡੂੰਘੀਆਂ ਧਸ ਗਈਆਂ ਹਨ।
ਚੰਦੂ ਦਾ ਪੱਛਮੀ ਬੰਗਾਲ ਦੇ ਸੁਭਾਸ਼ਗ੍ਰਾਮ ਇਲਾਕੇ ਦੇ ਵਸਨੀਕ ਹਨ ਅਤੇ ਬੇਜ਼ਮੀਨੇ ਹਨ। ਉਹ ਤੜਕਸਾਰ ਸਿਆਲਦਾਹ ਦੀ ਲੋਕਲ ਟ੍ਰੇਨ ਫੜ੍ਹ ਜਾਦਵਪੁਰ ਜਾਂਦੇ ਹਨ ਅਤੇ ਦੇਰ ਸ਼ਾਮ ਤੱਕ ਕੰਮ ਕਰਦੇ ਹਨ। ਇਸ ਤੋਂ ਬਾਅਦ ਹੀ ਉਹ ਘਰ ਮੁੜ ਪਾਉਂਦੇ ਹਨ। "ਬਜਟ ਸਾਡੀਆਂ ਲੋਕਲ ਟ੍ਰੇਨਾਂ ਵਾਂਗਰ ਹਨ, ਆਉਂਦੇ ਤੇ ਗਾਇਬ ਹੋ ਜਾਂਦੇ ਨੇ। ਸ਼ਹਿਰ ਆਉਣਾ-ਜਾਣਾ ਹੁਣ ਇੰਨਾ ਮੁਸ਼ਕਲ ਹੋ ਗਿਆ ਏ। ਅਜਿਹੇ ਬਜਟ ਦਾ ਕੀ ਫਾਇਦਾ ਜੋ ਸਾਡੇ ਭੁੱਖੇ ਢਿੱਡ 'ਤੇ ਲੱਤ ਮਾਰੇ?" ਉਹ ਸਵਾਲ ਕਰਦੇ ਹਨ।
ਆਪਣੇ ਲੋਕਾਂ ਦੇ ਪਿਆਰੇ 'ਚੰਦੂ ਦਾ ' ਜਾਦਵਪੁਰ ਯੂਨੀਵਰਸਿਟੀ ਦੇ ਗੇਟ ਨੰਬਰ 4 ਦੇ ਸਾਹਮਣੇ ਯਾਤਰੀਆਂ ਦੀ ਉਡੀਕ ਕਰਦੇ ਹਨ। ਕਿਸੇ ਜ਼ਮਾਨੇ ਇੱਥੇ ਬੜੀ ਚਹਿਲ-ਪਹਿਲ ਹੋਇਆ ਕਕਦੀ ਸੀ ਅਤੇ 20 ਤੋਂ ਵੱਧ ਰਿਕਸ਼ੇ ਇੱਕ ਕਤਾਰ ਵਿੱਚ ਖੜ੍ਹੇ ਹੁੰਦੇ ਸਨ ਤੇ ਯਾਤਰੀਆਂ ਦੀ ਉਡੀਕ ਕਰਦੇ ਰਹਿੰਦੇ। ਪਰ ਹੁਣ ਇਹ ਜਗ੍ਹਾ ਉਜਾੜ ਨਜ਼ਰ ਆਉਂਦੀ ਹੈ ਅਤੇ ਸਿਰਫ਼ ਤਿੰਨ ਰਿਕਸ਼ੇ ਹੀ ਨਜ਼ਰ ਆਉਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਚੰਦੂ ਦਾ ਦਾ ਰਿਕਸ਼ਾ ਵੀ ਹੈ। ਇਸੇ ਸਹਾਰੇ ਉਹ ਹਰ ਰੋਜ਼ 300 ਤੋਂ 500 ਰੁਪਏ ਕਮਾਉਂਦੇ ਹਨ।
"ਮੈਂ 40 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਿਹਾ ਹਾਂ। ਮੇਰੀ ਪਤਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਏ। ਅਸੀਂ ਬਹੁਤ ਮੁਸ਼ਕਲ ਨਾਲ਼ ਆਪਣੀਆਂ ਦੋਵਾਂ ਧੀਆਂ ਦਾ ਵਿਆਹ ਕਰ ਸਕੇ। ਕਦੇ ਵੀ ਕੋਈ ਗ਼ਲਤ ਕੰਮ ਨਹੀਂ ਕੀਤਾ। ਕਦੇ ਇੱਕ ਨਵਾਂ ਪੈਸਾ ਤੱਕ ਚੋਰੀ ਨਹੀਂ ਕੀਤਾ ਅਤੇ ਨਾ ਹੀ ਕਿਸੇ ਨਾਲ਼ ਧੋਖਾਧੜੀ ਹੀ ਕੀਤੀ। ਅਸੀਂ ਆਪਣੇ ਲਈ ਦੋ ਡੰਗ ਰੋਟੀ ਦਾ ਬੰਦੋਬਸਤ ਕਰਨ ਜੋਗੇ ਨਹੀਂ, ਤੁਹਾਨੂੰ ਕੀ ਲੱਗਦਾ ਏ 7, 10 ਜਾਂ 12 ਲੱਖ ਦੀ ਇਸ ਬਹਿਸ ਦਾ ਸਾਡੇ ਲਈ ਕੋਈ ਮਤਲਬ ਵੀ ਆ?" ਉਹ 12 ਲੱਖ ਤੱਕ ਦੀ ਆਮਦਨ 'ਤੇ ਟੈਕਸ ਛੋਟ ਦਾ ਹਵਾਲ਼ਾ ਦਿੰਦੇ ਹੋਏ ਕਹਿੰਦੇ ਹਨ।
''ਬਜਟ 'ਚ ਉਨ੍ਹਾਂ ਲੋਕਾਂ ਨੂੰ ਛੋਟ ਮਿਲ਼ਦੀ ਆ ਜੋ ਬਹੁਤ ਪੈਸਾ ਕਮਾਉਂਦੇ ਨੇ। ਸਰਕਾਰ ਉਨ੍ਹਾਂ ਲੋਕਾਂ ਨੂੰ ਕੁਝ ਨਹੀਂ ਕਹੇਗੀ ਜੋ ਕਾਰੋਬਾਰ ਦੇ ਨਾਂ 'ਤੇ ਬੈਂਕਾਂ ਤੋਂ ਕਰੋੜਾਂ ਰੁਪਏ ਉਧਾਰ ਲੈ ਕੇ ਵਿਦੇਸ਼ ਭੱਜ ਜਾਂਦੇ ਨੇ। ਪਰ ਜੇ ਮੇਰੇ ਵਰਗਾ ਕੋਈ ਗ਼ਰੀਬ ਵਿਅਕਤੀ, ਜੋ ਰਿਕਸ਼ਾ ਖਿੱਚਦਾ ਹੈ, ਗ਼ਲਤ ਰਸਤੇ 'ਤੇ ਹੀ ਫੜ੍ਹਿਆ ਜਾਵੇ ਤਾਂ ਰਿਕਸ਼ਾ ਜ਼ਬਤ ਕਰ ਲਿਆ ਜਾਂਦਾ ਏ ਅਤੇ ਪੁਲਿਸ ਸਾਨੂੰ ਉਦੋਂ ਤੱਕ ਪਰੇਸ਼ਾਨ ਕਰਦੀ ਆ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਰਿਸ਼ਵਤ ਨਹੀਂ ਦੇ ਦਿੰਦੇ।''
ਸਿਹਤ ਖੇਤਰ ਲਈ ਬਜਟ ਵਿੱਚ ਪ੍ਰਸਤਾਵਿਤ ਉਪਾਵਾਂ ਬਾਰੇ ਸੁਣ ਕੇ, ਚੰਦੂ ਦਾ ਦੱਸਦੇ ਹਨ ਕਿ ਉਨ੍ਹਾਂ ਵਰਗੇ ਲੋਕਾਂ ਨੂੰ ਮਾਮੂਲੀ ਇਲਾਜਾਂ ਲਈ ਵੀ ਪੂਰਾ-ਪੂਰਾ ਦਿਨ ਲੰਬੀ ਕਤਾਰਾਂ ਵਿੱਚ ਖੜ੍ਹੇ ਰਹਿਣਾ ਪੈਂਦਾ ਹੈ। "ਮੈਨੂੰ ਦੱਸੋ, ਜੇ ਮੈਨੂੰ ਹਸਪਤਾਲ ਜਾਣ ਕਾਰਨ ਆਪਣੀ ਦਿਹਾੜੀ ਤੋੜਨੀ ਪਈ ਤਾਂ ਸਸਤੀ ਦਵਾਈਆਂ ਦਾ ਕੀ ਫਾਇਦਾ ਹੈ?" ਉਹ ਆਪਣੀ ਇੱਕ ਲੱਤ ਵੱਲ ਇਸ਼ਾਰਾ ਕਰਦੇ ਹਨ, ਜਿਸ ਵਿੱਚ ਟਿਊਮਰ ਹੋ ਗਿਆ ਹੈ,"ਪਤਾ ਨਹੀਂ ਹੁਣ ਇਹਦੇ ਕਾਰਨ ਕਿੰਨਾ ਦਰਦ ਸਹਿਣਾ ਪਊਗਾ।''
ਤਰਜਮਾ: ਕਮਲਜੀਤ ਕੌਰ